Gurmat vichaar

ਜਹਾ ਦਾਣੇ ਤਹਾਂ ਖਾਣੇ

“ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥” {ਪੰਨਾ 653} ਗੁਰੂ ਅੰਗਦ ਸਾਹਿਬ ਜੀ ਨੇ ਇਹ ਇੱਕ ਅਟੱਲ ਸਚਾਈ ਸਾਨੂੰ ਸਮਝਾਉਣ ਲਈ ਸਾਡੇ ਸਾਹਮਣੇ ਪੇਸ਼ ਕੀਤੀ ਹੈ ਜਿਸ ਦੀ ਜਾਂ ਤਾਂ ਸਾਨੂੰ ਜਾਣਕਾਰੀ ਨਹੀ, ਜਾਂ ਸਮਝ ਨਹੀ ਆਈ ਜਾਂ ਫਿਰ ਆਪਾਂ ਸਮਝਣਾ ਹੀ ਨਹੀ ਚਾਹੁੰਦੇ। ਕੁਝ ਅਪਣੀ ਅਕਲ ਨੂੰ ਵੱਡੀ ਸਮਝਦੇ ਹੋਏ ਜਾਂ ਲੋਕਾਂ ਨੂੰ ਭਟਕਾਉਣ ਲਈ ਜਾਂ ਫਿਰ ਸਰਕਾਰ ਦੀਆਂ ਕਠਪੁਤਲੀਆਂ ਬਣ ਕੇ ਸੋਸ਼ਲ ਮੀਡੀਆ ਤੇ ਅੱਜ ਕੱਲ ਬੇ-ਵਜਾ ਪ੍ਰਵਾਸ ਵਾਪਸੀ ਦਾ ਬਵਾਲ ਖੜਾ ਕਰ ਰਹੇ ਹਨ। ਪ੍ਰਵਾਸ ਤਾਂ ਇੱਕ ਕੁਦਰਤੀ ਨਿਯਮ ਹੈ ਜੋ ਚੱਲਦਾ ਆਇਆ ਹੈ ਚੱਲ ਰਿਹਾ ਹੈ ਅਤੇ ਚੱਲਦਾ ਰਹਿਣਾ ਹੈ।ਕਿਉਂਕਿ ਦਾਤੇ ਨੇ ਜਿੱਥੇ ਕਿਸੇ ਦਾ ਦਾਣਾ ਪਾਣੀ ਲਿਖਿਆ ਹੈ ਉਸ ਨੂੰ ਚੁਗਣ ਲਈ ਉੱਥੇ ਹੀ ਜਾਣਾ ਪੈਂਦਾ ਹੈ। ਜਦ ਕੋਈ ਜਗ੍ਹਾ ਖਾਲੀ ਹੁੰਦੀ ਹੈ ਤਾਂ ਉਸ ਨੂੰ ਭਰਨ ਲਈ ਵੀ ਕੋਈ ਨਾ ਕੋਈ ਪਹੁੰਚ ਜਾਂਦਾ ਹੈ। ਜੋ ਇੱਕ ਰੱਬੀ ਖੇਡ। ਸੋ ਜੋ ਖਾਲੀ ਜਗ੍ਹਾ ਭਰਨ ਲਈ ਪਹੁੰਚਿਆ ਉਸ ਨਾਲ ਨਫ਼ਰਤ ਕਰਨੀ ਇਨਸਾਨੀਅਤ ਨਹੀਂ ਹੋ ਸਕਦੀ। ਕਿਉਂਕਿ ਉਹ ਵੀ ਰੱਬੀ ਆਸ ਲੈ ਕੇ ਤਰੱਕੀ ਦੇ ਨਾਮ ਤੇ ਹੀ ਦਾਣਾ ਪਾਣੀ ਚੁਗਣ ਆਇਆ ਹੈ। ਗੁਰੂ ਸਾਹਿਬ ਦਾ ਫੁਰਮਾਨ ਹੈ “ਸਭੁ ਕੋ ਆਸੈ ਤੇਰੀ ਬੈਠਾ ॥ ਘਟ ਘਟ ਅੰਤਰਿ ਤੂੰਹੈ ਵੁਠਾ ॥ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥” (ਪੰਨਾ-੯੭)। ਪ੍ਰਵਾਸ ਸਿਰਫ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਵੱਸਣ ਨੂੰ ਹੀ ਨਹੀ ਕਹਿੰਦੇ। ਜਦ ਕੋਈ ਇੱਕ ਪਿੰਡ ਤੋਂ ਦੂਜੇ ਪਿੰਡ ਜਾਂ ਸ਼ਹਿਰ ਵਿੱਚ ਜਾ ਵੱਸਦਾ ਹੈ ਤਾਂ ਉਹ ਵੀ ਪ੍ਰਵਾਸ ਹੈ। ਜੇ ਕੋਈ ਇੱਕ ਸੂਬੇ ਤੋਂ ਦੂਸਰੇ ਸੂਬੇ ਵਿੱਚ ਜਾ ਵੱਸਦਾ ਹੈ ਉਹ ਵੀ ਪ੍ਰਵਾਸ ਹੈ। ਜਿੱਥੇ ਕਿਸੇ ਲਈ ਪ੍ਰਭੂ ਨੇ ਦਾਣੇ ਲਿਖ ਦਿੱਤੇ ਉਸ ਨੂੰ ਉੱਥੇ ਜਾ ਕੇ ਖਾਣੇ ਹੀ ਪੈਂਦੇ ਹਨ। ਉਹ ਚਾਹੇ ਪ੍ਰਵਾਸ ਕਰਕੇ ਖਾਏ ਭਾਵੇਂ ਨੌਕਰੀ ਕਰਨ ਗਿਆ ਖਾਏ ਤੇ ਭਾਵੇਂ ਸਰਕਾਰ ਰਾਹੀਂ ਕਿਸੇ ਦੂਸਰੇ ਸੂਬੇ ਦੀ ਜੇਲ ਪਹੁੰਚ ਕੇ ਖਾਏ।
ਸਭ ਤੋਂ ਪਹਿਲਾਂ ਮੈਂ ਆਪਣੀ ਹੀ ਗੱਲ ਕਰਦਾ ਹਾਂ। ਖਾੜਕੂ ਦੌਰ ਦੌਰਾਨ ਦਾਸ ਨੂੰ ਵੀ ਇੱਕ ਰਾਤ ਹਵਾਲਾਤ ਦੀ ਹਵਾ ਖਾਣੀ ਪਈ ਸੀ। ਜਦ ਮੈਨੂੰ ਛੁਡਾਉਣ ਵਾਲਾ ਸੱਜਣ ਪਹੁੰਚਿਆ ਤਾਂ ਸਾਨੂੰ ਫੜਨ ਵਾਲਾ ਅਫਸਰ ਬਾਹਰ ਗਿਆ ਹੋਇਆ ਸੀ ਅਤੇ ਉਸ ਤੋਂ ਬਿਨਾ ਦੂਸਰਾ ਕੋਈ ਛੱਡ ਨਹੀ ਸਕਦਾ ਸੀ। ਮੈਨੂ ਯਾਦ ਹੈ ਛੁਡਾਉਣ ਵਾਲੇ ਸੱਜਣ ( ਥਾਣੇਦਾਰ ਮੰਗਲ ਸਿੰਘ) ਜੋ ਮੇਰੇ ਦੋਸਤ ਦਾ ਸਹੁਰਾ ਸੀ ਨੇ ਥਾਣੇ ਦੇ ਲੰਗਰ ਵਿੱਚੋਂ ਦੋ ਰੋਟੀਆਂ ਅਤੇ ਗੋਭੀ ਦੀ ਸਬਜ਼ੀ ਭਿਜਵਾਈ। ਮੈਂ ਉਸ ਸਮੇਂ ਬਾਹਰੋਂ ਖਾਣ ਤੋਂ ਪਰਹੇਜ਼ ਕਰਦਾ ਸੀ ਸੋ ਇਸ ਲਈ ਮੈਂ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ। ਮੇਰੇ ਦੋਸਤ ਦਾ ਸਹੁਰਾ ਦੁਬਾਰਾ ਰੋਟੀ ਲੈ ਕੇ ਆਇਆ ਅਤੇ ਕਹਿਣ ਲੱਗਾ ਕਾਕਾ ਰੋਟੀ ਖਾ ਲਓ ਤੇਰਾ ਦਾਣਾ ਪਾਣੀ ਤੈਨੂੰ ਇੱਥੇ ਲੈ ਕੇ ਆਇਆ ਹੈ। ਮੈਂ ਰੋਟੀ ਖਾਣੀ ਸ਼ੁਰੂ ਕੀਤੀ। ਅਜੇ ਇੱਕ ਰੋਟੀ ਖਾਧੀ ਤਾਂ ਸੁਨੇਹਾ ਆਇਆ ਕਿ ਇੰਚਾਰਜ ਆ ਗਿਆ ਹੈ ਅਤੇ ਤੁਹਾਨੂੰ ( ਮੈਨੂੰ) ਬੁਲਾਇਆ ਹੈ। ਮੈਂ ਦੂਸਰੀ ਰੋਟੀ ਵਿੱਚੇ ਛੱਡ ਕੇ ਪਹੁੰਚ ਗਿਆ। ਉਸ ਨੇ ਪੁੱਛ ਪੜਤਾਲ ਕਰਕੇ ਸਾਨੂੰ ਛੱਡ ਦਿੱਤਾ। ਮੈਂ ਅੱਜ ਵੀ ਇਹੀ ਸਮਝਦਾ ਹਾਂ ਕਿ ਉੱਥੇ ਮੈਨੂੰ ਸਿਰਫ ਇੱਕ ਰੋਟੀ ਹੀ ਖਿੱਚ ਕੇ ਲੈ ਗਈ ਸੀ। ਮੈਂ ਕਨੇਡਾ ਵੀ ਬਿਲਕੁਲ ਨਹੀਂ ਆਉਣਾ ਚਾਹੁੰਦਾ ਸੀ। ਇੱਥੇ ਵੀ ਦਾਣਾ ਪਾਣੀ ਹੀ ਖਿੱਚ ਕੇ ਲੈ ਆਇਆ ਹੈ। ( ਪੂਰਾ ਵਾਕਿਆ ਕਿਤੇ ਸਮਾਂ ਬਣਿਆ ਤਾਂ ਫਿਰ ਲਿਖਾਂਗੇ ਹੁਣ ਲੇਖ ਲੰਮਾ ਹੋ ਸਕਦਾ ਹੈ)।
ਗੁਰੂ ਅਰਜਨ ਦੇਵ ਜੀ ਤਾਂ ਲਿਖਦੇ ਹਨ ਕਿ ਸਾਰੀ ਧਰਤੀ ਹੀ ਸਾਧਾਂ ਲਈ ਬਣੀ ਹੈ ਪਰ ਇਸ ਉੱਪਰ ਕਾਬਜ਼ ਚੋਰ ਹੋ ਗਏ ਹਨ। “ਸਲੋਕ ਮਹਲਾ ੫ ॥ ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ॥” (ਪੰਨਾ-੯੬੫) ਗੱਲ ਵੀ ਬੜੀ ਸਾਫ ਹੈ। ਪਹਿਲਾਂ ਧਾੜਵੀਆਂ ਨੇ ਕਬਜ਼ੇ ਕੀਤੇ ਅਤੇ ਅਪਣੇ ਅਪਣੇ ਇਲਾਕੇ ਵੰਡ ਲਏ। ਫਿਰ ਇਨ੍ਹਾਂ ਨੂੰ ਦੇਸ਼ਾਂ ਦਾ ਨਾਮ ਦੇ ਦਿੱਤਾ। ਇਨ੍ਹਾਂ ਦੀ ਸਮੇਂ ਨਾਲ ਵੰਡ ਬਦਲਦੀ ਵੀ ਰਹੀ। ਜੇ ਆਪਾਂ ਸਿਰਫ ਭਾਰਤ ਦੀ ਹੀ ਗੱਲ ਕਰੀਏ ਤਾਂ ਇਸ ਦੀ ਵੰਡ ਮੁਗਲਾਂ ਤੋਂ ਪਹਿਲਾਂ ਕੁਝ ਹੋਰ ਸੀ। ਬਾਅਦ ਵਿੱਚ ਕੁਝ ਹੋਰ ਹੋਈ। ਅੰਗ੍ਰੇਜਾਂ ਸਮੇਂ ਇਸ ਦੇਸ਼ ਦਾ ਆਕਾਰ ਕੁਝ ਹੋਰ ਬਣਿਆ। ਸਮਾਂ ਪਾ ਕੇ ਅੰਗ੍ਰੇਜ਼ ਚਲੇ ਗਏ ਜਾਂ ਉਨ੍ਹਾਂ ਨੂੰ ਜਾਣਾ ਪਿਆ ਤਾਂ ਨੇਤਾਵਾਂ ਨੇ ਆਪਣੀਆਂ ਚੌਧਰਾਂ ਖ਼ਾਤਰ ਦੇਸ਼ ਨੂੰ ਦੋ ਹਿੱਸਿਆਂ ਭਾਰਤ ਤੇ ਪਾਕਿਸਤਾਨ ਵਿੱਚ ਵੰਡਿਆ। ਜਿਸ ਨਾਲ ਪੰਜਾਬ ਨੂੰ ਚੀਰ ਕੇ ਰੱਖ ਦਿੱਤਾ। ਇਨ੍ਹਾਂ ਚੌਧਰੀਆਂ ਨੇ ਸਾਡੇ ਬਜ਼ੁਰਗਾਂ ਦਾ ਖੂਨ ਪੀਤਾ, ਘਰੋਂ ਬੇ-ਘਰ ਕੀਤੇ ਸਾਡੇ ਧਾਰਮਿਕ ਸਥਾਨ ਵੀ ਦੋ ਹਿੱਸਿਆਂ ਵਿੱਚ ਵੰਡ ਦਿੱਤੇ। ਸਾਡੇ ਬਜ਼ੁਰਗ ਪਨਾਹੀ ਬਣਾ ਦਿੱਤੇ ਗਏ ਜੋ ਪ੍ਰਵਾਸ ਤੋਂ ਵੀ ਮਾੜਾ ਸੀ। ਪਰਵਾਸੀ ਤਾਂ ਅਪਣਾ ਸਮਾਨ ਜਾਇਦਾਦ ਆਦਿ ਸਾਂਭ ਲੈਂਦੇ ਹਨ। ਇਹ ਤਾਂ ਆਪਣੇ ਸਾਰੇ ਜੀਆਂ ਦੀਆਂ ਜਾਨਾਂ ਵੀ ਨਹੀ ਸਨ ਬਚਾ ਸਕੇ। ਇਸ ਤਰ੍ਹਾਂ ਸਰਕਾਰਾਂ ਦੇ ਜ਼ੁਲਮ ਨੂੰ ਵੀ ਸਾਡੇ ਬਜ਼ੁਰਗਾਂ ਨੇ ਦਾਣਾ ਪਾਣੀ ਦੀ ਖੇਡ ਸਮਝ ਕੇ ਸਹਿ ਲਿਆ। ਫਿਰ ਬੇ ਨੀਯਤ ਨੇਤਾਵਾਂ ਨੇ ਚੜ੍ਹਦੇ ਪੰਜਾਬ ਦੇ ਤਿੰਨ ਟੁਕੜੇ ਕਰ ਦਿੱਤੇ। ਜਿਸ ਨਾਲ ਰਿਸ਼ਤੇਦਾਰ ਇੱਕ ਦੂਜੇ ਲਈ ਪ੍ਰਵਾਸੀ ਬਣ ਗਏ। ਇਹ ਸਭ ਕੰਮ ਤਸਕਰ ਹੀ ਤਾਂ ਕਰ ਸਕਦੇ ਹਨ। ਰੱਬ ਨੇ ਤਾਂ ਸਾਰੀ ਧਰਤੀ ਨੂੰ ਜੋੜ ਕੇ ਰੱਖਿਆ ਹੈ। ਸ਼ਾਇਦ ਇਸੇ ਕਰਕੇ ਸਿੱਖ ਗੁਰੂ ਸਾਹਿਬ ਰਹੇ ਹੀ ਪ੍ਰਵਾਸ ਵਿੱਚ ਸਨ। ਬੰਦਗੀ ਕਰਨ ਲਈ ਬਣਾਈ ਧਰਤੀ ਦੀਆਂ ਤਸਕਰਾਂ ਨੇ ਵੰਡੀਆਂ ਪਾਈਆਂ ਹੋਈਆਂ ਹਨ। ਜਿਸ ਜਗ੍ਹਾ ਰੱਬ ਪ੍ਰਸਤ ਬੈਠ ਗਏ ਉਹ ਥਾਂ ਸੁਹਾਵਣੀ ਹੋ ਜਾਂਦੀ ਹੈ। “ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ॥” (ਪੰਨਾ-੩੧੯)
ਜੇ ਦਾਣਾ ਪਾਣੀ ਖਿੱਚ ਕੇ ਕਿਸੇ ਨੂੰ ਵਿਦੇਸ਼ ਕਿਸੇ ਵੀ ਢੰਗ ਨਾਲ ਲੈ ਗਿਆ ਹੈ ਤਾਂ ਰੱਬੀ ਰਜ਼ਾ ਵਿੱਚ ਰਹਿ ਕੇ ਖਾਣਾ ਬਣਦਾ ਹੈ। ਜੋ ਰੱਬ ਵਿਸਾਰ ਬੈਠੇ ਹਨ ਉਹ ਚਾਹੇ ਦੇਸ਼ ਵਿੱਚ ਹਨ ਜਾਂ ਵਿਦੇਸ਼ ਖੁਸ਼ ਨਹੀ ਰਹਿ ਸਕਦੇ। ਗੁਰ ਫੁਰਮਾਨ ਹੈ “ ਸੁਖੁ ਨਾਹੀ ਰੇ ਹਰਿ ਭਗਤਿ ਬਿਨਾ॥” (ਪੰਨਾ- ੨੧੦) ਜੇ ਕੋਈ ਸੋਚੇ ਕਿ ਬਹੁਤ ਧੰਨ ਇਕੱਠਾ ਕਰ ਲਿਆ, ਦੁਨੀਆ ਦੇ ਰੰਗ ਤਮਾਸ਼ੇ ਦੇਖ ਲਏ ਜਾਂ ਬਹੁਤ ਦੁਨੀਆ ਘੁੰਮ ਲਈ ਤਾਂ ਸੁਖੀ ਹੋ ਜਾਏਗਾ ਤਾਂ ਗੁਰਬਾਣੀ ਇਸ ਗੱਲ ਨਾਲ ਸਹਿਮਤੀ ਨਹੀ ਪ੍ਰਗਟਾਉਂਦੀ। ਗੁਰੂ ਸਾਹਿਬ ਕਹਿੰਦੇ ਕਿ ਭਾਈ ਸਾਰੇ ਸੁੱਖ ਮਾਣਨੇ ਹਨ ਤਾਂ ਹਰੀ ਦੇ ਗੁਣ ਗਾਉਣੇ ਕਰ। “ਸੁਖੁ ਨਾਹੀ ਬਹੁਤੈ ਧਨਿ ਖਾਟੇ ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥ ਸੁਖੁ ਨਾਹੀ ਬਹੁ ਦੇਸ ਕਮਾਏ ॥ ਸਰਬ ਸੁਖਾ ਹਰਿ ਹਰਿ ਗੁਣ ਗਾਏ॥” (ਪੰਨਾ-੧੧੪੭)। ਇਸੇ ਤਰ੍ਹਾਂ ਹੋਰ ਫ਼ੁਰਮਾਉਂਦੇ ਹਨ “ ਜੇ ਲੋੜਹਿ ਸਦਾ ਸੁਖੁ ਭਾਈ ॥ ਸਾਧੂ ਸੰਗਤਿ ਗੁਰਹਿ ਬਤਾਈ॥” (ਪੰਨਾ-੧੧੮੨) ਸੋ ਜਿਥੇ ਵੀ ਦਾਤੇ ਨੇ ਪਹੁੰਚਾ ਦਿੱਤਾ ਭਲਾ ਕਰਕੇ ਮੰਨ ਲਈਏ ਅਤੇ ਉਸ ਪ੍ਰਭੂ ਦੇ ਗੁਣ ਗਾਉਂਦੇ ਰਹੀਏ। “ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ॥” (ਪੰਨਾ- ੭੬੫-੬੬)।
ਪ੍ਰਵਾਸ ਤਾਂ ਰੱਬੀ ਖੇਡ ਹੈ। ਮੈਂ ਖੁਦ ਭਾਰਤ ਤੋਂ ਬਾਹਰ ਜਾਣ ਦਾ ਬਿਲਕੁਲ ਨਾਮ ਨਹੀ ਸੀ ਲੈਂਦਾ। ਦੋ ਤਿੰਨ ਵਾਰ ਵਿਦੇਸ਼ ਜਾਣ ਦੇ ਬਣੇ ਮੌਕੇ ਠੁਕਰਾਏ ਵੀ ਸਨ। ਪਰ ਦਾਣਾ ਪਾਣੀ ਖਿੱਚ ਕੇ ਕਨੇਡਾ ਦੀ ਧਰਤੀ ਤੇ ਲੈ ਆਇਆ। ਹੁਣ ਇੱਥੇ ਹੀ ਖੁਸ਼ ਹਾਂ। ਹਾਂ ਕੰਮ ਜ਼ਰੂਰ ਕਰਨਾ ਪੈਂਦਾ ਹੈ। ਕੰਮ ਕਰਨਾ ਵੀ ਚਾਹੀਦਾ ਹੈ। ਗੁਰੂ ਸਾਹਿਬ ਨੇ ਜੋ ਸਿੱਖੀ ਦੇ ਤਿੰਨ ਥੰਮ ਦੱਸੇ ਹਨ ਉਸ ਵਿੱਚ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਕਿਰਤ ਕਰਨ ਦੀ ਹੀ ਗੱਲ ਕੀਤੀ ਹੈ। ਤਸਕਰਾਂ ਨੂੰ ਛੱਡ ਕੇ ਜੋ ਪੰਜਾਬ ਵਿੱਚ ਵੀ ਕੰਮ ਨਹੀ ਕਰਦੇ ਸਭ ਭੁੱਖ ਮਰੀ ਦੇ ਸ਼ਿਕਾਰ ਹੀ ਹਨ। ਬਲਕਿ ਪੰਜਾਬ ਵਿੱਚ ਮਿਹਨਤ ਕਰਨ ਵਾਲਿਆਂ ਨੂੰ ਮਿਹਨਤ ਦਾ ਪੂਰਾ ਫਲ ਨਾ ਮਿਲਣ ਕਰਕੇ ਹੀ ਤਾਂ ਲੋਕ ਖੁਦ-ਕਛੀਆਂ ਕਰ ਰਹੇ ਹਨ।
ਜੋ ਕਹਿੰਦੇ ਹਨ ਕਿ ਵਿਦੇਸ਼ ਜਾ ਕਿ ਬੱਚੇ ਵਿਗੜ ਜਾਂਦੇ ਹਨ ਸਭ ਵਾਧੂ ਦੀਆਂ ਗੱਲਾਂ ਹਨ। ਜਿਨ੍ਹਾਂ ਨੇ ਵਿਗੜਦਨਾ ਹੈ ਉਹ ਪੰਜਾਬ ਰਹਿੰਦਿਆਂ ਵੀ ਵਿਗੜ ਰਹੇ ਹਨ ਅਤੇ ਵਿਦੇਸ਼ਾ ਵਿੱਚ ਵੀ। ਜਿਨ੍ਹਾਂ ਨੇ ਬੱਚਿਆਂ ਵੱਲ ਧਿਆਨ ਹੀ ਨਹੀਂ ਦੇਣਾ ਜਾਂ ਕਹਿ ਲਓ ਜੋ ਆਪ ਹੀ ਵਿਗੜੇ ਪਏ ਹਨ ਉਨ੍ਹਾਂ ਦਾ ਤਾਂ ਫਿਰ ਰੱਬ ਹੀ ਰਾਖਾ ਹੈ। ਗੁਰੂ ਸਾਹਿਬ ਦਾਸ ਕੋਲੋ ਪੰਜਾਬ ਵੀ ਬੱਚਿਆਂ ਨੂੰ ਪਾਠ ਸਿਖਾਉਣ ਦੀ ਸੇਵਾ ਲੈਂਦੇ ਸਨ ਅਤੇ ਇਥੇ ਵੀ ਲੈ ਰਹੇ ਹਨ। ਇਥੇ ਬੱਚੇ ਜ਼ਿਆਦਾ ਸਿੱਖੀ ਵੱਲ ਆ ਰਹੇ ਹਨ। ਮੇਰੇ ਕੋਲੋ ਪੰਜਾਬੀ ਦੇ ੳ ਅ ਤੋਂ ਸ਼ੁਰੂ ਕਰਕੇ ਤਕਰੀਬਨ ੮-੯ ਬੱਚੇ ਅਜਿਹੇ ਤਿਆਰ ਹੋਏ ਜੋ ਪੂਰਾ ਸੁੰਦਰ ਗੁਟਕਾ ਯਾਦ ਕਰ ਗਏ ਹਨ। ਦੋ ਸਹਿਜ ਪਾਠ ਦਾ ਭੋਗ ਪਾ ਚੁੱਕੇ ਹਨ। ਹੁਣ ਤੀਸਰਾ ਪਾਠ ਲੜੀਵਾਰ ਬੀੜ ਤੋਂ ਚੱਲ ਰਿਹਾ ਹੈ। ਵੈਸੇ ਆਨ ਲਾਇਨ ਜਮਾਤ ਵਿੱਚ ਤਕਰੀਬਨ ੧੦੦ ਬੱਚਾ ਕਨੇਡਾ ਅਤੇ ਅਮਰੀਕਾ ਦੇ ਵੱਖ ਵੱਖ ਸਥਾਨਾਂ ਤੋਂ ਪਾਠ, ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਸਿੱਖ ਰਹੇ ਹਨ। ਪੰਜਾਬ ਵਿੱਚ ਇਤਨੇ ਬੱਚੇ ਕਦੀ ਵੀ ਨਹੀ ਸਨ ਹੋਏ। ਜੇ ਬੱਚਿਆਂ ਨੂੰ ਅਪਣੇ ਸੱਭਿਆਚਾਰ ਨਾਲ ਜੋੜਨਾ ਹੈ ਤਾਂ ਇਸ ਲਈ ਅਪਣੀ ਅਪਣੀ ਜ਼ੁੰਮੇਵਾਰੀ ਸਮਝਣੀ ਪੈਣੀ ਹੈ ਨਾ ਕਿ ਕਿਸੇ ਦੇਸ਼ ਜਾਂ ਕਿਸੇ ਦੂਸਰੇ ਪ੍ਰਾਂਤ ਚੋਂ ਆ ਕੇ ਵਸਿਆ ਨੂ ਦੋਸ਼ੀ ਬਣਾ ਕੇ ਅਪਣਾ ਸੱਭਿਆਚਾਰ ਬਚਣਾ ਹੈ। ਬਾਕੀ ਸਾਰੇ ਇਨਸਾਨ ਤਾਂ ਕਿਤੇ ਵੀ ਬਰਾਬਰ ਨਹੀ ਹੋ ਸਕਦੇ। ਬਹੁਤ ਹਨ ਜੋ ਪੰਜਾਬ ਵਿੱਚ ਵੀ ਮਜ਼ਦੂਰੀ ਕਰ ਰਹੇ ਹਨ ਫਿਰ ਵਿਦੇਸ਼ਾ ਦੇ ਮਜ਼ਦੂਰਾਂ ਨੂੰ ਹੀ ਕਿਉਂ ਭੰਡਿਆ ਜਾ ਰਿਹਾ ਹੈ। ਵਿਦੇਸ਼ਾਂ ਦੇ ਸਫਲ ਇਨਸਾਨ ਕਿਉਂ ਨਜ਼ਰ ਨਹੀਂ ਆ ਰਹੇ? ਸੰਸਾਰ ਬੈਂਕ (world bank) ਦਾ ਪ੍ਰਧਾਨ ਇੱਕ ਅਮਰੀਕਨ ਸਿੱਖ ਨਜ਼ਰ ਕਿਉਂ ਨਹੀਂ ਨਜ਼ਰ ਆਉਂਦਾ? ਕਨੇਡਾ ਦੀ ਪਾਰਲੀਮੈਂਟ ਵਿੱਚ ਕਿਨ੍ਹੇ ਪੰਜਾਬੀ ਮੰਤਰੀ ਹਨ ਉਹ ਨਜ਼ਰ ਕਿਉਂ ਨਹੀਂ ਆਉਂਦੇ? ਭਾਰਤ ਦੀ ਪਾਰਲੀਮੈਂਟ ਵਿੱਚ ਕਿਨ੍ਹੇ ਪੰਜਾਬੀ ਹਨ ਰਿਹ ਵੀ ਸਵਾਲ ਹੈ? ਸੋ ਸਭ ਵਿਚਾਰਨ ਦਾ ਵਿਸ਼ਾ ਹੈ।
ਅਸਲ ਵਿੱਚ ਸਰਕਾਰਾਂ ਆਮ ਭੋਲ਼ੀ ਭਾਲੀ ਜਨਤਾ ਨੂੰ ਗੁਮਰਾਹ ਕਰ ਰਹੀਆਂ ਹਨ। ਲੋਕਾਂ ਦੀਆਂ ਵੋਟਾਂ ਧਰਮ, ਜਾਤਾਂ ਅਤੇ ਖ਼ਿੱਤਿਆਂ ਦੇ ਨਾਮ ਅਤੇ ਮੁਫ਼ਤ ਖੋਰੀ ਦੇ ਨਾਂ ਤੇ ਬਟੋਰ ਰਹੀਆਂ ਹਨ। ਹੁਣ ਇਨ੍ਹਾਂ ਨੂੰ ਦੂਸਰੇ ਪ੍ਰਾਂਤਾਂ ਤੋ ਆਏ ਮਜ਼ਦੂਰਾਂ ਤੋਂ ਖਤਰਾ ਬਣਿਆ ਪਿਆ ਹੈ। ਕਿਉਂਕਿ ਉਨ੍ਹਾਂ ਤੋ ਧਰਮ ਅਤੇ ਜਾਤ ਦੇ ਨਾਮ ਤੇ ਵੋਟ ਮਿਲਣੀ ਨਹੀ। ਇਸੇ ਲਈ ਇਹ ਹੁਣ ਇਹ ਡੌਂਡੀ ਪਿਟ ਰਹੇ ਹਨ। ਸਾਰੇ ਡੇਰੇਦਾਰਾਂ ਅਤੇ ਸਿਆਸੀਆਂ ਦੇ ਅਪਣੇ ਬੱਚੇ ਵਿਦੇਸ਼ਾ ਵਿੱਚ ਰਹਿ ਰਹੇ ਹਨ। ਆਮ ਜਨਤਾ ਨੂੰ ਭੰਬਲ ਭੂਸੇ ਪਾ ਰਹੇ ਹਨ ਕਿ ਵਿਦੇਸ਼ਾ ਵਿੱਚੋ ਪੈਸੇ ਕਮਾ ਕੇ ਪੰਜਾਬ ਆ ਜਾਓ। ਆਪ ਭਾਰਤ ਵਿੱਚੋਂ ਪੈਸੇ ਬਾਹਰ ਦੇ ਬੈਂਕਾਂ ਵਿੱਚ ਜਮ੍ਹਾਂ ਕਰ ਰਹੇ ਹਨ। ਲੋਕ ਪੈਸੇ ਕਮਾ ਕੇ ਪੰਜਾਬ ਪਹੁੰਚਣ ਤਾਂ ਕਿ ਇਹ ਟੈਕਸ ਦੇ ਨਾਂ ਤੇ ਜਾਂ ਕਿਸੇ ਹੋਰ ਢੰਗ ਨਾਲ ਠੱਗੀ ਮਾਰ ਕੇ ਬਟੋਰਨਾ ਚਾਹੁੰਦੇ ਹਨ। ਮੁਫਤ ਸਹੂਲਤਾਂ ਦੇ ਨਾਮ ਤੇ ਭੋਲੇ ਭਾਲੇ ਲੋਕਾਂ ਤੋਂ ਵੋਟਾਂ ਬਟੋਰ ਰਹੇ ਹਨ । ਵਿਦੇਸ਼ੀਆਂ ਨੂੰ ਤਾਂ ਕਹਿ ਰਹੇ ਹਨ ਪੰਜਾਬ ਆ ਕੇ ਕੰਮ ਕਰੋ। ਪੰਜਾਬ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੋਟਾਂ ਲੈਣ ਲਈ ਵਿਹਲੜ ਬਣਾਈ ਜਾ ਰਹੇ ਹਨ। ਜਦ ਮਜ਼ਦੂਰ ਨੂੰ ਬਿਨ੍ਹਾਂ ਕੰਮ ਕੀਤੇ ਰੋਟੀ ਮਿਲ ਰਹੀ ਹੈ ਫਿਰ ਉਹ ਕੰਮ ਕਿਉਂ ਕਰੇਗਾ। ਜੇ ਮਜਦੂਰ ਹੀ ਨਾ ਰਿਹਾ ਤਾਂ ਮਜਦੂਰੀ ਕੌਣ ਕਰੇਗਾ। ਮੇਰਾ ਮਤਲਬ ਇਹ ਨਹੀਂ ਕਿ ਮਜ਼ਦੂਰ ਤਰੱਕੀ ਨਾ ਕਰੇ। ਇਹ ਵੀਰ ਵੀ ਜ਼ਰੂਰ ਤਰੱਕੀ ਕਰਨ ਇਸ ਲਈ ਪੜਾਈ ਅਤੇ ਸਿਹਤ ਸਿੱਖਿਆ ਮੁਫ਼ਤ ਕੀਤੀ ਜਾਏ ਤਾਂ ਕਿ ਪੜਨ ਵਾਲੇ ਬੱਚੇ ਉਹ ਚਾਹੇ ਅਮੀਰ ਦੇ ਹੋਣ ਜਾਂ ਗਰੀਬ ਦੇ ਸਭ ਅਪਣੀ ਲਿਆਕਤ ਦੇ ਅਧਾਰ ਤੇ ਕੰਮ ਕਰਨ। ਕੋਈ ਮੁਫਤ ਖੋਰ ਨਹੀ ਹੋਣਾ ਚਾਹੀਦਾ। ਗੁਰੂ ਸਾਹਿਬ ਫ਼ੁਰਮਾਉਂਦੇ ਹਨ “ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥” {ਪੰਨਾ 1245} ਇੱਥੇ ਕਿਰਤ ਕਰਕੇ ਵੰਡ ਛੱਕਣ ਦੀ ਗੱਲ ਹੈ। ਇਹ ਨੇਤਾ ਗੁਰੂ ਦੀ ਵਿਚਾਰਧਾਰ ਦੇ ਵੀ ਵਿਰੋਧੀ ਹੋ ਗਏ ਹਨ। ਸੋ ਇਸ ਤਰ੍ਹਾਂ ਨਹੀਂ ਪਹਿਲਾ ਕੁਝ ਕਰਕੇ ਤਾਂ ਵਿਖਾਓ । ਜਨਤਾ ਆਪੇ ਆ ਜਾਏਗੀ। ਇਨ੍ਹਾਂ ਦੇਸ਼ਾਂ ਨੇ ਕਿਹੜਾ ਕਿਸੇ ਨੂੰ ਸੱਦਾ ਭੇਜਿਆ ਹੈ। ਐਵੇਂ ਲੋਕਾਂ ਨੂੰ ਧਰਮ ਦੇ ਨਾਂ ਤੇ ਨਾ ਭੜਕਾਈਂ ਜਾਓ। ਗੁਰੂ ਸਾਹਿਬ ਤਾਂ ਗੁਰਬਾਣੀ ਅੰਦਰ ਫ਼ੁਰਮਾਉਂਦੇ ਹਨ ਕੋਈ ਵੀ ਜਗ੍ਹਾ ਚੰਗੀ ਜਾਂ ਮਾੜੀ ਨਹੀ ਹੈ। “ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ॥” (ਪੰਨਾ-੯੬੯)। ਕਾਸੀ ਦੇ ਬ੍ਰਾਹਮਣ ਕਹਿੰਦਾ ਸੀ ਜੋ ਮਨੁੱਖ ਮਗਹਰ ਮਰਦਾ ਹੈ ਉਹ ਗੱਧੇ ਦੀ ਜੂਨ ਪੈਦਾ ਅਤੇ ਜੋ ਕਾਸੀ ਮਰਦਾਂ ਹੈ ਉਹ ਸ੍ਵਰਗ ਨੂੰ ਜਾਦਾਂ ਹੈ। ਕਬੀਰ ਸਾਹਿਬ ਨੇ ਇਹ ਪ੍ਰਯੋਗਿਕ ਤੌਰ ਤੇ ਕਰ ਵਿਖਾਇਆ ਸੀ ਤਾਂ ਹੀ ਅੰਤ ਸਮੇਂ ਮਗਹਰ ਜਾ ਕੇ ਵੱਸ ਗਏ ਸਨ। “ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ॥” (ਪੰਨਾ-੯੬੯)। ਕੋਈ ਧਰਤੀ ਮਾੜੀ ਨਹੀ ਸਭ ਚੰਗੀ ਹੀ ਹੈ। ਇਨਸਾਨ ਦੇ ਕੰਮ ਅਤੇ ਸੋਚ ਹੀ ਮਾੜੀ ਚੰਗੀ ਹੋ ਸਕਦੀ ਹੈ। ਕੰਮ ਮਤਲਬ ਕ੍ਰਿਤ ਕੋਈ ਵੀ ਮਾੜੀ ਨਹੀ ਹੈ। ਕੰਮ ਉਹ ਮਾੜਾ ਹੈ ਜੋ ਕਿਸੇ ਦਾ ਖੂਨ ਚੂਸਦਾ ਹੋਵੇ। ਜਾਂ ਕਹਿ ਲਓ ਜਿਸ ਕੰਮ ਵਿੱਚ ਕਿਸੇ ਤੇ ਜ਼ੁਲਮ ਢਾਹਿਆ ਜਾਵੇ ਉਹ ਕੰਮ ਮਾੜਾ ਹੈ। ਕੋਈ ਵੀ ਕੰਮ ਰੱਬੀ ਯਾਦ ਵਿੱਚ ਰਹਿ ਕੇ ਕਿਸੇ ਵੀ ਸਥਾਨ/ ਦੇਸ਼ ਵਿੱਚ ਕਰ ਲਓ ਅਨੰਦ ਦੀ ਪ੍ਰਾਪਤੀ ਹੋਏ ਗੀ। ਸਿੱਖ ਨੇ ਗੁਰੂ ਨਾਨਕ ਦੇ ਸਿਧਾਂਤ ਨੂੰ ਅਪਨਾਉਣਾ ਹੈ। ਜੇ ਸਿੱਖ ਪ੍ਰਵਾਸ ਨਾ ਕਰਦਾ ਤਾਂ ਗੁਰੂ ਨਾਨਕ ਦੀ ਸੋਚ ਕਿਸ ਤਰ੍ਹਾਂ ਪ੍ਰਫੁਲਤ ਹੋਣੀ ਸੀ। ਸ਼ਾਇਦ ਇਸੇ ਕਰਕੇ ਸਿੱਖ ਗੁਰੂ ਸਾਹਿਬ ਰਹੇ ਹੀ ਪ੍ਰਵਾਸੀ ਹਨ । ਗੁਰੂ ਨਾਨਕ ਸਾਹਿਬ ਜੰਮੇ ਰਾਏ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਜਿੱਥੇ ਉਨ੍ਹਾਂ ਨੂੰ ਰਾਏ ਬੁਲਾਰ ਨੇ ੨੫੦੦ ਮੁਰੱਬਾ ਜ਼ਮੀਨ ਵੀ ਦਾਨ ਕੀਤੀ ਹੋਈ ਸੀ। ਫਿਰ ਵੀ ਗੁਰੂ ਸਾਹਿਬ ਰਾਏ ਭੋਇ ਦੀ ਤਲਵੰਡੀ ਦੀ ਬਜਾਏ ਕਰਤਾਰ ਪੁਰ ਪਟੇ ਤੇ ਜ਼ਮੀਨ ਲੈ ਕੇ ਰਹਿੰਦੇ ਸਨ ਅਤੇ ਉੱਥੇ ਹੀ ਖੇਤੀ ਕਰਦੇ ਸਨ। ਜਦ ਗੁਰਿਆਈ ਗੁਰੂ ਅੰਗਦ ਸਾਹਿਬ ਨੂੰ ਬਖਸ਼ਦੇ ਹਨ ਤਾਂ ਉਨ੍ਹਾਂ ਨੂੰ ਖਡੂਰ ਜਾਣ ਲਈ ਹੁਕਮ ਕਰਦੇ ਹਨ। ਗੁਰੂ ਅੰਗਦ ਸਾਹਿਬ ਅੱਗੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਅਤੇ ਗੁਰੂ ਅਮਰਦਾਸ ਜੀ ਰਾਮਦਾਸ ਜੀ ਨੂੰ ਅੰਮ੍ਰਿਤਸਰ ਸਰ ਦੀ ਧਰਤੀ ਤੇ ਸ਼ਹਿਰ ਵਸਾਉਣ ਲਈ ਹੁਕਮ ਕਰਦੇ ਹਨ। ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਅਕਾਲ ਤਖਤ ਦੀ ਸਿਰਜਨਾ ਕਰਕੇ ਵੀ ਅਪਣੇ ਪਿਓ ਦਾਦੇ ਵਲੋਂ ਵਸਾਏ ਸ਼ਹਿਰ ਅੰਮ੍ਰਿਤਸਰ ਰਹਿਣ ਦੀ ਬਜਾਏ ਕੀਰਤਪੁਰ ਪਹੁੰਚ ਜਾਂਦੇ ਹਨ ਅਤੇ ਉਸ ਤੋਂ ਬਾਅਦ ਕਦੀ ਅੰਮ੍ਰਿਤਸਰ ਨਹੀ ਆਏ। ਨੌਂਵੇਂ ਪਾਤਸ਼ਾਹ ਨੇ ਵੀ ਕੀਰਤਪੁਰ ਦੀ ਪਕੜ ਨਹੀ ਕੀਤੀ ਬਲਕਿ ਮਾਖੋਵਾਲ ਧਰਤੀ ਖ਼ਰੀਦ ਕੇ ਸ਼ਹਿਰ ਵਸਾਇਆ। ਦਸਮ ਪਾਤਸ਼ਾਹ ਅਨੰਦਪੁਰ ਵਿਖੇ ਕਿਲਿਆਂ ਦੀ ਉਸਾਰੀ ਕਰਵਾ ਕੇ ਛੱਡ ਗਏ ਸਨ। ਦਸਮ ਪਿਤਾ ਤਾਂ ਕਦੀ ਅੰਮ੍ਰਿਤਸਰ ਵੀ ਨਹੀਂ ਪਹੁੰਚੇ। ਦਸਮ ਪਿਤਾ ਨੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਵੀ ਪੰਜਾਬ ਤੋਂ ਬਾਹਰ ਮਹਾਂਰਰਾਸ਼ਟਰ ਦੀ ਧਰਤੀ ਨਾਂਦੇੜ ਵਿੱਖੇ ਦਿੱਤੀ ਸੀ। ਇਸ ਤੋਂ ਇੱਕ ਗੱਲ ਤਾਂ ਸਪੱਸ਼ਟ ਹੁੰਦੀ ਹੈ ਕਿ ਗੁਰੂ ਸਾਹਿਬ ਨੇ ਕਿਸੇ ਵੀ ਜਗ੍ਹਾ ਦੀ ਪਕੜ ਨਹੀਂ ਰੱਖੀ। ਮਹਾਨਤਾ ਸਿਰਫ ਸ਼ਬਦ ਗੁਰੂ ਨੂੰ ਹੀ ਦਿੱਤੀ ਹੈ ਅਤੇ ਉਸੇ ਸ਼ਬਦ ਗੁਰੂ ਨੂੰ ਹੀ ਪ੍ਰਚਾਰਿਆ ਹੈ। ਜਾਂ ਕਹਿ ਗੁਰੂ ਸਾਹਿਬ ਨੇ ਕਬੀਰ ਸਾਹਿਬ ਦੀ ਬਾਣੀ “ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ॥” (ਪੰਨਾ-੯੬੯) ਦੇ ਪ੍ਰਯੋਗਿਕ ਅਰਥ ਕਰਕੇ ਸਾਨੂੰ ਦੱਸੇ ਹਨ ਕਿ ਸਾਰੀ ਧਰਤੀ ਰੱਬ ਦੀ ਹੈ। ਰੱਬ ਕਿਸੇ ਖਾਸ ਜਗ੍ਹਾ ਨਹੀ ਰਹਿੰਦਾ “ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ॥” (ਪੰਨਾ-੧੩੪੯) ਬਲਕਿ ਉਹ ਹਰੇਕ ਥਾਂ ਅਤੇ ਹਰੇਕ ਹਿਰਦੇ ਵਿੱਚ ਵੱਸਦਾ ਹੈ। ਰੱਬ ਪ੍ਰਸਤ ਤਾਂ ਜਿਥੇ ਵੀ ਬੈਠ ਜਾਂਦੇ ਉਹੀ ਥਾਨ ਸੁਹਾਵਣੇ ਹੋ ਜਾਂਦੇ ਹਨ।”ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥”(ਪੰਨਾ ੩੧੯) ਰੱਬ ਪ੍ਰਸਤ ਤਾਂ ਹਰ ਜਗ੍ਹਾ ਨੂੰ ਹੀ ਬੈਕੁੰਠ ਸਮਝਦੇ ਹਨ। ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥” (ਪੰਨਾ-੧੦੬)। ਸੋ ਆਉ ਪਿਆਰਿਓ ਗੁਰੂ ਦੇ ਸਿਧਾਂਤ ਨੂੰ ਅਪਨਾਉਣ ਦੀ ਕੋਸ਼ਿਸ਼ ਕਰੀਏ। ਇਸ ਤਰ੍ਹਾਂ ਅਸੀਂ ਜਿੱਥੇ ਤਸਕਰਾਂ ਦੀਆਂ ਕੋਝੀਆਂ ਚਾਲਾਂ ਤੋਂ ਬਚਾਂਗੇ ਉੱਥੇ ਸਾਡੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਣਗੇ ।
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫੋਨ- ੬੪੭੭੭੧੪੯੩੨

Leave a Reply

Your email address will not be published. Required fields are marked *