Guru Nanak Dev Ji Quiz Part 3: (Quiz)
Q1: ਜਦ ਭਾਈ ਮਰਦਾਨੇ ਨੇ ਭਾਈ ਮੂਲੇ ਤੋਂ ਇਕ ਪੈਸਾ ਦਾ ਸੱਚ ਤੇ ਇਕ ਪੈਸਾ ਦਾ ਝੂਠ ਮੰਗਿਆ ਤਾਂ ਮੂਲੇ ਨੇ ਕੀ ਜੁਆਬ ਦਿੱਤਾ?
A1: ਭਾਈ ਮੂਲੇ ਨੇ ਲਿਖ ਕੇ ਭੇਜਿਆ ਕਿ ਮਰਨਾ ਸੱਚ ਜਿਉਣਾ ਝੂਠ ਹੈ।
Q2: ਗੁਰੂ ਜੀ ਨੇ ਪੀਰ ਹਮਜ਼ਾ ਗੌਸ ਨੂੰ ਕੀ ਸਮਝਾਇਆ?
A2: ਗੁਰੂ ਜੀ ਨੇ ਸਮਝਾਇਆ ਕਿ ਕਿਸੇ ਇਕ ਦੀ ਗਲਤੀ ਦੀ ਸਜਾ ਸਾਰੀਆਂ ਨੂੰ ਨਹੀਂ ਦਿੱਤੀ ਜਾ ਸਕਦੀ।
Q3: ਪੀਰ ਹਮਜ਼ਾ ਗੌਸ ਨੇ ਸਿਆਲਕੋਟ ਨੂੰ ਗਰਕ ਕਰਨ ਲਈ ਕੀ ਤਿਆਰੀ ਕੀਤੀ?
A3: ਉਹ 40 ਦਿਨ ਵਰਤ ਰੱਖ ਕੇ ਇਕ ਗੁੰਬਦ ਵਿਚ ਬੈਠ ਗਿਆ।
Q4: ਸਿੱਧ ਕਿਸੇ ਨੂੰ ਵੱਸ ਵਿਚ ਕਰਨ ਲਈ ਕੀ ਹਥਿਆਰ ਵਰਤਦੇ ਸਨ?
A4: ਉਹ ਕਿਸੇ ਨੂੰ ਵੱਸ ਕਰਨ ਲਈ ਰਿਧੀਆਂ-ਸਿਧੀਆਂ ਵਰਤਦੇ ਸਨ।
Q5: ਸਿੱਧ ਗੁਰੂ ਜੀ ਨੂੰ ਆਪਣੇ ਭੇਖ ਅੰਦਰ ਕਿਓਂ ਲਿਆਉਣਾ ਚਾਹੁੰਦੇ ਸਨ?
A5: ਉਨ੍ਹਾਂ ਦਾ ਵਿਚਾਰ ਸੀ ਅਗਰ ਗੁਰੂ ਜੀ ਉਨ੍ਹਾਂ ਦੇ ਨਾਲ ਆ ਜਾਂਦੇ ਹਨ ਤਾਂ ਉਨ੍ਹਾਂ ਦਾ ਪੰਥ ਬਹੁਤ ਵਧੇ-ਫੁਲੇਗਾ।
Q6: ਗੁਰੂ ਜੀ ਨੇ ਸਿੱਧ ਮੰਡਲੀ ਨੂੰ ਕਿਵੇਂ ਜਿਤਿਆ ਸੀ?
A6: ਗੁਰੂ ਜੀ ਨੇ ਸ਼ਬਦ ਰਾਹੀਂ ਸਿੱਧ-ਮੰਡਲੀ ਨੂੰ ਜਿੱਤਿਆ ਸੀ।
Q7: ਸਿਧਾਂ ਦੇ ਹੀਰੇ, ਲਾਲ ਰਤਨ ਵਾਲੀ ਸਾਖੀ ਤੋਂ ਸਾਨੂੰ ਕੀ ਸਿਖਿਆ ਮਿਲਦੀ ਹੈ?
A7: ੧) ਰਿਧੀਆਂ ਸਿਧੀਆਂ ਦੇ ਹੰਕਾਰ ਵਿਚ ਨਹੀਂ ਫਸਣਾ ਚਾਹੀਦਾ।
੨) ਸਾਨੂੰ ਆਪਣੇ ਮੁਖ ਮੰਤਵ ਵੱਲ ਧਿਆਨ ਦੇਣਾ ਚਾਹੀਦਾ ਹੈ।
੩) ਲਾਲਚ ਵਿਚ ਆ ਕੇ ਅਸਲ ਮੰਤਵ ਨੂੰ ਭੁਲਣਾ ਨਹੀਂ ਚਾਹੀਦਾ।
Q8: ਮੁਸਲਮਾਨ ਆਪਣੀ ਰੂਹਾਨੀਅਤ ਦਾ ਸੋਮਾ ਕਿਸ ਨੂੰ ਸਮਝਦੇ ਸਨ?
A8: ਮੁਸਲਮਾਨ ਮੱਕੇ ਨੂੰ ਆਪਣੀ ਰੂਹਾਨੀਅਤ ਦਾ ਸੋਮਾ ਸਮਝਦੇ ਸਨ।
Q9: ਮੱਕੇ ਵਿਚ ਕਾਜ਼ੀਆਂ ਨੇ ਗੁਰੂ ਜੀ ਨੂੰ ਟੰਗੋਂ ਪਕੜ ਕੇ ਘੜੀਸਿਆ ਤਾਂ ਗੁਰੂ ਜੀ ਦਾ ਕੀ ਪ੍ਰਤੀਕਰਮ ਸੀ?
A9: ਗੁਰੂ ਜੀ ਨੇ ਕਿਹਾ ਕਿ ਤੂੰ ਮੇਰੇ ਪੈਰ ਉਸ ਪਾਸੇ ਕਰ ਦੇ ਜਿਧਰ ਖੁਦਾ ਦਾ ਘਰ ਨਹੀਂ ਹੈ।
Q10: ਗੁਰੂ ਜੀ ਦਾ ਜੁਆਬ ਸੁਨਣ ਤੋਂ ਬਾਅਦ ਜਿਉਣ ਕਾਜੀ ਨੇ ਕੀ ਮਹਿਸੂਸ ਕੀਤਾ?
A10: ਉਸ ਨੇ ਮਹਿਸੂਸ ਕੀਤਾ ਕਿ ਖੁਦਾ ਦਾ ਘਰ ਤਾਂ ਸਾਰੇ ਪਾਸੇ ਹੀ ਹੈ।
Q11: ਪੜ੍ਹੇ-ਲਿਖੇ ਮੁਸਲਮਾਨਾਂ ਦਾ ਸੁਆਲ “ਮੁਸਲਮਾਨ ਵੱਡਾ ਹੈ ਕਿ ਹਿੰਦੂ?” ਦਾ ਗੁਰੂ ਜੀ ਨੇ ਕੀ ਜੁਆਬ ਦਿੱਤਾ ਸੀ?
A11: ਸ਼ੁਭ ਅਮਲਾਂ ਤੋਂ ਜੋ ਵੀ ਖਾਲੀ ਹੈ ਉਸਦੇ ਪੱਲੇ ਰੋਣਾ-ਧੋਣਾ ਹੀ ਹੈ ਭਾਵੇਂ ਉਹ ਮੁਸਲਮਾਨ ਹੋਵੇ ਜਾਂ ਹਿੰਦੂ।
Q12: ਜਦ ਗੁਰੂ ਜੀ ਬਾਬਾ ਫ਼ਰੀਦ ਜੀ ਦੇ ਡੇਰੇ ਪਹੁੰਚੇ ਤਾ ਉਸ ਸਮੇਂ ਉਨ੍ਹਾਂ ਦੀ ਗੱਦੀ ਉਪਰ ਕੌਣ ਸੀ?
A12: ਉਸ ਸਮੇ ਸ਼ੇਖ ਬ੍ਰਹਮ ਜੀ ਉਨ੍ਹਾਂ ਦੀ ਗੱਦੀ ਉਪਰ ਬਿਰਾਜਮਾਨ ਸਨ (ਜੋ ਉਨ੍ਹਾਂ ਦੇ ਖਾਨਦਾਨ ਵਿਚੋਂ ਹੀ ਗਿਆਰਵੇਂ ਥਾਂ ਸਨ) ।
Q13: ਜਦ ਸੱਜਣ ਨੇ ਗੁਰੂ ਜੀ ਦੇ ਸਰੀਰ ਕਰਕੇ ਦਰਸ਼ਨ ਕੀਤੇ ਤਾਂ ਉਸਦੇ ਮਨ ਵਿਚ ਕਿ ਖਿਆਲ ਆਇਆ ਸੀ?
A13: ਖਿਆਲ ਆਇਆ ਕਿ ਕਾਫੀ ਧਨਾਢ ਪੁਰਸ਼ ਹੈ ਸੋ ਇਸ ਨੂੰ ਮਾਰ ਕੇ ਕਾਫੀ ਧੰਨ ਪ੍ਰਾਪਤ ਹੋਵੇਗਾ।
Q14: ਸਿਧਾਂ ਨਾਲ ਵਿਚਾਰ ਚਰਚਾ ਨੂੰ ਗੁਰੂ ਜੀ ਨੇ ਗੁਰੂ ਗਰੰਥ ਸਾਹਿਬ ਵਿਚ ਕਿਸ ਸਿਰਲੇਖ ਹੇਠ ਦਰਜ਼ ਕੀਤਾ?
A14: ਗੁਰੂ ਜੀ ਨੇ ਸਿਧਾਂ ਨਾਲ ਗੋਸ਼ਟੀ ਨੂੰ “ਸਿੱਧ ਗੋਸ਼ਟਿ” ਸਿਰਲੇਖ ਹੇਠ ਦਰਜ਼ ਕੀਤਾ।
Q15: ਜਦ ਗੁਰੂ ਜੀ ਨੇ ਰਾਗ ਵਿਚ ਕੀਰਤਨ ਕੀਤਾ ਤਾਂ ਰਾਗ ਨੂੰ ਹਰਾਮ ਕਹਿਣ ਵਾਲਿਆਂ ਨੇ ਕੀ ਮਹਿਸੂਸ ਕੀਤਾ?
A15: ਉਨ੍ਹਾਂ ਨੂੰ ਯਕੀਨ ਆ ਗਿਆ ਕਿ ਰਾਗ ਹਰਾਮ ਨਹੀਂ ਹੈ। ਰਾਗ ਤੋਂ ਨਹੀਂ ਬਲਕਿ ਗੰਦੇ ਗੀਤਾਂ ਤੋਂ ਸੰਕੋਚ ਕਰਨਾ ਹੈ।
Q16: ਬਗ਼ਦਾਦ ਤੋਂ ਅੱਗੇ ਰਸਤੇ ਵਿਚ ਆਓਂਦੇ ਪਿੰਡਾਂ ਦੇ ਮੁਸਲਮਾਨਾਂ ਨੂੰ ਗੁਰੂ ਜੀ ਨੇ ਕੀ ਸਮਝਾਇਆ ਸੀ?
A16: ੧) ਖੁਦਾ ਹਰ ਥਾਂ ਮੌਜੂਦ ਹੈ।
੨) ਰਾਗ ਹਰਾਮ ਨਹੀਂ।
੩) ਬੇਅੰਤ ਖੁਦਾ ਦੀ ਰਚੀ ਕੁਦਰਤ ਵੀ ਬੇਅੰਤ ਹੈ।
Q17: ਜਦ 1521 ਵਿਚ ਬਾਬਰ ਨੇ ਸਿਆਲਕੋਟ ਤੇ ਹਮਲਾ ਕੀਤਾ ਤਾਂ ਲੋਕਾਂ ਨੇ ਸ਼ਹਿਰ ਬਚਾਉਣ ਲਈ ਕੀ ਕੀਤਾ?
A17: ਉਥੇ ਦੇ ਹਾਕਮਾਂ ਤੇ ਲੋਕਾਂ ਨੇ ਈਨ ਮਨ ਲਈ ਜਿਸ ਕਰਕੇ ਸ਼ਹਿਰ ਉਜੜਨ ਤੋਂ ਬਚ ਗਿਆ।
Q18: ਐਮਨਾਬਾਦ ਦੇ ਲੋਕਾਂ ਨੇ ਬਾਬਰ ਦਾ ਮੁਕਾਬਲਾ ਕਿਵੇਂ ਕੀਤਾ?
A18: ਹਾਕਮਾਂ ਨੇ ਸ਼ਹਿਰ ਬਚਾਉਣ ਲਈ ਫੌਜੀ ਤਿਆਰੀ ਕਰਨ ਤੋਂ ਬਜਾਏ ਬਹੁਤ ਸਾਰੇ ਮੌਲਾਣਿਆਂ ਤੋਂ ਕਲਮਾਂ ਪੜ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਰਕੇ ਬਾਬਰ ਨੇ ਸਹਿਜੇ ਹੀ ਐਮਨਾਬਾਦ ਨੂੰ ਕਬਜੇ ਵਿਚ ਕਰ ਕੇ ਤਬਾਹ ਕਰ ਦਿੱਤਾ।
Q19: ਗੁਰੂ ਜੀ ਨੂੰ ਜਦ ਚੱਕੀ ਪੀਹਣ ਲਈ ਦਿੱਤਾ ਤਾਂ ਇਹ ਕਾਰ ਗੁਰੂ ਜੀ ਨੇ ਕਿਸ ਤਰ੍ਹਾਂ ਨਿਭਾਈ ਸੀ?
A19: ਗੁਰੂ ਜੀ ਪੂਰੇ ਜਿਗਰੇ ਤੇ ਗੰਭੀਰਤਾ ਨਾਲ ਕੈਦੀਆਂ ਵਾਲੀ ਕਾਰ ਰੱਬੀ ਰਜ਼ਾ ਜਾਣ ਕੇ ਕਰਦੇ ਰਹੇ ਸਨ।
Q20: ਜਦ ਐਮਨਾਬਾਦ ਦੀ ਧਰਤੀ ਤੇ ਬਾਬਰ ਨੇ ਹਮਲਾ ਕੀਤਾ, ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ‘ਏਤੀ ਮਾਰ ਪਈ ਕਰਲਾਣੇ ਤਾਂ ਕੀ ਦਰਦੁ ਨਾ ਆਇਆ ।।’ ਕੀ ਗੁਰੂ ਜੀ ਨੇ ਆਪਣੇ ਵੱਲੋਂ ਪ੍ਰਭੂ ਤੇ ਰੋਸ ਪ੍ਰਗਟ ਕੀਤਾ ਸੀ?
A20: ਨਹੀਂ ਜੀ। ਗੁਰੂ ਜੀ ਤਾਂ ਰੱਬੀ ਰਜ਼ਾ ਵਿਚ ਸਨ। ਇਹ ਬੋਲ ਲੋਕਾਂ ਦੇ ਸਨ ਜੋ ਗੁਰੂ ਜੀ ਨੇ ਕਲਮਬੰਦ ਕੀਤੇ ਸਨ।
Q21: ਗੁਰੂ ਜੀ ਨੇ ਤੀਜਾ ਪ੍ਰਚਾਰ ਦੌਰਾ ਕਿਤਨੇ ਸਮੇਂ ਵਿਚ ਪੂਰਾ ਕੀਤਾ ਸੀ?
A21: ਤਿੰਨ ਸਾਲਾਂ ਵਿਚ (ਦਸੰਬਰ 1518 ਤੋਂ ਨਵੰਬਰ 1521 ਤੱਕ)
Q22: ਕੀ ਗੁਰੂ ਜੀ ਤੀਜੇ ਪ੍ਰਚਾਰ ਦੌਰੇ ਤੋਂ ਬਾਅਦ ਸਾਰਾ ਸਮਾਂ ਕਰਤਾਰਪੁਰ ਹੀ ਟਿਕੇ ਰਹੇ ਸਨ?
A22: ਗੁਰੂ ਜੀ ਕਰਤਾਰਪੁਰ ਰਹੇ ਪਰ ਉਹ ਲਾਗੇ ਬੰਨੇ ਦੋ-ਢਾਈ ਸੋ ਮੀਲ ਤੱਕ ਪਿੰਡਾਂ ਸ਼ਹਿਰਾਂ ਵਿਚ ਪ੍ਰਚਾਰ ਲਈ ਆਓਂਦੇ ਜਾਂਦੇ ਰਹਿੰਦੇ ਸਨ।
Q23: ਜਦ ਗੁਰੂ ਜੀ ਨੇ ਕਰਤਾਰਪੁਰ ਵਿਚ ਗ੍ਰਹਿਸਤੀ ਜੀਵਨ ਧਾਰਿਆ ਤਾਂ ਜੋਗੀਆਂ ਨੇ ਕਿਹਾ ਕਿ ਇਹ ‘ਦੁੱਧ ਵਿਚ ਕਾਂਜੀ ਮਿਲਾਉਣ’ ਦੀ ਗੱਲ ਹੈ। ਇਸ ਦਾ ਗੁਰੂ ਜੀ ਨੇ ਕੀ ਜੁਆਬ ਦਿੱਤਾ ਸੀ?
A23: ਗੁਰੂ ਜੀ ਨੇ ਕਿਹਾ ਕਿ ਗ੍ਰਹਿਸਤ ਛੱਡ ਕੇ ਫਿਰ ਗ੍ਰਹਿਸਤੀਆਂ ਦੇ ਘਰੀਂ ਹੀ ਰੋਟੀ ਵਾਸਤੇ ਰੁਲਦੇ ਫਿਰਨਾ ਹਾਸੋ-ਹੀਣੀ ਫ਼ਕੀਰੀ ਹੈ।
Q24: ਸਿੱਖ ਧਰਮ ਅਨੁਸਾਰ ਮੁਰਦੇ ਦੀ ਸੰਭਾਲ ਕਿਸ ਤਰ੍ਹਾਂ ਕਰਦੇ ਹਨ?
A24: ਜੋ ਢੰਗ ਸੌਖਾ ਅਤੇ ਸਸਤਾ ਹੋਵੇ ਅਪਣਾ ਲੈਣਾ ਚਾਹੀਦਾ ਹੈ।
Q25: ਮੂਲਾ ਸਤ-ਸੰਗ ਵਿਚ ਗੁਰੂ ਜੀ ਨੂੰ ਮਿਲਣ ਕਿਓਂ ਨਹੀਂ ਆਇਆ ਸੀ?
A25: ਕਿਉਂਕਿ ਉਹ ਮਾਇਆ ਵਿਚ ਗ੍ਰਹਿਸਥਿਆ ਹੋਣ ਕਰਕੇ ਸਮਝਦਾ ਸੀ ਕਿ ਸਤ-ਸੰਗ ਤਾਂ ਵਹਿਲੜ੍ਹਾਂ ਦਾ ਕੰਮ ਹੈ।
Q26: ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਦੇ ਮਨ ਵਿਚ ਗਰੀਬਾਂ ਪ੍ਰਤੀ ਪਿਆਰ ਭਰਨ ਲਈ ਕੀ ਕੀਤਾ?
A26: ਗੁਰੂ ਜੀ ਨੇ ਉਹਨਾਂ ਤੋਂ ਕੇਈ ਵਾਰੀ ਉਹੀ ਕੰਮ ਕਰਾਏ ਜੋ ਹਿੰਦੂ ਨਿਯਮਾਂਵਲੀ ਅਨੁਸਾਰ ਸ਼ੂਦਰਾਂ ਨੂੰ ਹੀ ਕਰਨੇ ਪੈਂਦੇ ਸਨ।
Q27: ਗੁਰੂ ਜੀ ਨੇ ਬ੍ਰਹਮਚਾਰੀ ਅਤੇ ਉਸਦੇ ਵਿਦਿਆਰਥੀਆਂ ਨੂੰ ਕੀ ਸਮਝਾਇਆ?
A27: ਗੁਰੂ ਜੀ ਨੇ ਸਮਝਾਇਆ ਕਿ ਇਨਸਾਨੀ ਜੀਵਨ ਦੇ ਰਾਹ ਵਿਚ ਆਤਮਕ ਜੀਵਨ ਦੀ ਪਵਿੱਤਰਤਾ ਦੀ ਲੋੜ ਹੈ।
Q28: ਜਦ ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਨੂੰ ਪਹਿਲੀ ਵਾਰ ਮਿਲੇ ਤਾਂ ਉਹਨਾਂ ਦੀ ਉਮਰ ਕਿੰਨੀ ਸੀ?
A28: ਉਸ ਸਮੇਂ ਬਾਬਾ ਜੀ 12 ਸਾਲਾਂ ਦੇ ਸਨ।
Q29: ਭਾਈ ਮਰਦਾਨਾ ਜੀ ਕਿੰਨੇ ਦਿਨ ਗੁਰੂ ਜੀ ਨਾਲ ਰਹੇ ਸਨ?
A29: ਭਾਈ ਮਰਦਾਨਾ ਜੀ ਨੇ 75 ਸਾਲਾਂ ਦੀ ਉਮਰ ਵਿਚੋਂ 47 ਸਾਲ ਗੁਰੂ ਜੀ ਨਾਲ ਗੁਜਾਰੇ ਸਨ।
Q30: ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤ ਸਮਾਏ ਸਨ?
A30: ਗੁਰੂ ਨਾਨਕ ਦੇਵ ਜੀ ਸਤੰਬਰ 22, 1539 ਈ: ਨੂੰ ਜੋਤੀ ਜੋਤ ਸਮਾਅ ਗਏ।