History

5 ਫਰਵਰੀ ਦਾ ਇਤਿਹਾਸ

ਵੱਡਾ ਘੱਲੂਘਾਰਾ 5 ਫਰਵਰੀ, 1762 ਈ: ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ। ਅਬਦਾਲੀ ਨੇ ਭਾਰਤ ‘ਤੇ 11 ਹਮਲੇ ਕੀਤੇ ਸਨ। ਅਖੀਰ ਸਿੱਖਾਂ ਹੱਥੋਂ ਹੋਈਆਂ ਬੇਇੱਜ਼ਤੀ ਭਰੀਆਂ ਹਾਰਾਂ ਤੋਂ ਬਾਅਦ ਹੀ ਉਹ ਹਮਲੇ ਕਰਨ ਤੋਂ ਬਾਜ਼ ਨਾ ਆਇਆ। 1761 ਵਿੱਚ ਆਪਣੇ ਪੰਜਵੇਂ ਹਮਲੇ ਸਮੇਂ ਮਰਾਠਿਆਂ ਨੂੰ ਹਰਾਉਣ ਤੋਂ ਬਾਅਦ 25-26 ਹਜ਼ਾਰ ਮਰਾਠਾ ਤੇ ਹਿੰਦੂ ਔਰਤਾਂ, ਬੱਚਿਆਂ ਨੂੰ ਬੰਦੀ ਬਣਾ ਕੇ ਅਬਦਾਲੀ ਕਾਬਲ ਨੂੰ ਚੱਲ ਪਿਆ। ਪੰਜਾਬ ਵਿਚ ਵੜਦੇ ਹੀ ਹਮੇਸ਼ਾ ਵਾਂਗ ਸਿੱਖ ਉਸ ਦੇ ਪਿੱਛੇ ਲੱਗ ਗਏ। ਉਨ੍ਹਾਂ ਨੇ ਲੱਖਾਂ ਰੁਪਏ ਦਾ ਮਾਲ ਅਸਬਾਬ ਲੁੱਟ ਲਿਆ ਤੇ ਹਜ਼ਾਰਾਂ ਹਿੰਦੂ ਕੁੜੀਆਂ ਤੇ ਮੁੰਡਿਆਂ ਨੂੰ ਅਬਦਾਲੀ ਦੇ ਪੰਜੇ ਵਿਚੋਂ ਛੁਡਵਾ ਕੇ ਘਰੋ-ਘਰੀ ਪਹੁੰਚਾਇਆ।
ਅਬਦਾਲੀ ਨੇ ਭਾਰਤ ਵਿਚ ਮੁਗ਼ਲਾਂ ਤੇ ਮਰਾਠਿਆਂ ਦਾ ਲੱਕ ਤੋੜ ਦਿੱਤਾ ਸੀ। ਹੁਣ ਸਿਰਫ ਸਿੱਖ ਹੀ ਉਸ ਦਾ ਮੁਕਾਬਲਾ ਕਰਨ ਵਾਲੇ ਬਚੇ ਸਨ। ਅਬਦਾਲੀ ਦੇ ਕਾਬਲ ਜਾਂਦੇ ਹੀ ਸਿੱਖਾਂ ਨੇ ਥਾਂ ਥਾਂ ਆਪਣੇ ਕਬਜ਼ੇ ਕਰ ਲਏ। ਅਕਤੂਬਰ 1761 ਨੂੰ ਸਿੱਖਾਂ ਨੇ ਗੁਰਮਤਾ ਕਰਕੇ ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਲਾਹੌਰ ਦੇ ਹਾਕਮ ਉਬੈਦ ਖਾਨ ਨੂੰ ਹਰਾ ਕੇ ਲਾਹੌਰ ‘ਤੇ ਕਬਜ਼ਾ ਕਰ ਲਿਆ। ਨਵਾਬ ਕਪੂਰ ਸਿੰਘ ਨੇ ਸ: ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ ‘ਤੇ ਬਿਠਾ ਕੇ ‘ਸੁਲਤਾਨ-ਉਲ-ਕੌਮ’ ਦੀ ਉਪਾਧੀ ਪ੍ਰਦਾਨ ਕੀਤੀ।
ਸਿੱਖਾਂ ਨੂੰ ਪਤਾ ਸੀ ਕਿ ਅਜੇ ਉਨ੍ਹਾਂ ਕੋਲ ਲਾਹੌਰ ‘ਤੇ ਕਬਜ਼ਾ ਬਰਕਰਾਰ ਰੱਖਣ ਦੀ ਤਾਕਤ ਨਹੀਂ ਹੈ। ਇਸ ਲਈ ਉਨ੍ਹਾਂ ਨੇ ਲਾਹੌਰ ਛੱਡ ਕੇ ਜੰਡਿਆਲੇ ਸਰਕਾਰੀ ਚੁਗਲ ਮਹੰਤ ਆਕਿਲ ਦਾਸ ਨਿਰੰਜਨੀਏ ਨੂੰ ਘੇਰਾ ਪਾ ਲਿਆ। ਉਸ ਨੇ ਭਾਈ ਤਾਰੂ ਸਿੰਘ ਅਤੇ ਮਹਿਤਾਬ ਸਿੰਘ ਮੀਰਾਂਕੋਟੀਏ ਵਰਗੇ ਕਈ ਯੋਧਿਆਂ ਨੂੰ ਚੁਗਲੀ ਕਰਕੇ ਕਤਲ ਕਰਵਾਇਆ ਸੀ।
ਮਹੰਤ ਨੇ ਆਪਣੇ ਦੂਤ ਅਬਦਾਲੀ ਵੱਲ ਭਜਾ ਦਿੱਤੇ। ਅਬਦਾਲੀ ਪਹਿਲਾਂ ਹੀ ਪੰਜਾਬ ਵੱਲ ਚੱਲ ਪਿਆ ਸੀ। ਸਿੱਖਾਂ ਨੂੰ ਵੀ ਅਬਦਾਲੀ ਦੇ ਆਉਣ ਦਾ ਪਤਾ ਚੱਲ ਗਿਆ। ਉਹ ਆਪਣੇ ਟੱਬਰ ਨੂੰ ਮਾਲਵੇ ਦੇ ਰੇਤਲੇ ਇਲਾਕਿਆਂ ਵੱਲ ਛੱਡਣ ਲਈ ਚੱਲ ਪਏ ਤਾਂ ਜੋ ਬੇਫਿਕਰ ਹੋ ਕੇ ਅਬਦਾਲੀ ਦਾ ਮੁਕਾਬਲਾ ਕਰ ਸਕਣ। ਜਦੋਂ ਅਬਦਾਲੀ ਲਾਹੌਰ ਪਹੁੰਚਿਆ ਤਾਂ ਸਿੱਖ ਸਤਲੁਜ ਟੱਪ ਕੇ ਮਾਲੇਰਕੋਟਲੇ ਦੇ ਨਜ਼ਦੀਕ ਪਿੰਡ ਕੁੱਪ ਨੇੜੇ ਡੇਰਾ ਲਾਈ ਬੈਠੇ ਸਨ। ਸਿੱਖਾਂ ਦੀ ਫੌਜ ਉਸ ਵੇਲੇ 50 ਕੁ ਹਜ਼ਾਰ ਦੇ ਕਰੀਬ ਸੀ। 50-60 ਹਜ਼ਾਰ ਹੀ ਔਰਤਾਂ, ਬੱਚੇ ਤੇ ਬ੍ਰਿਧ। ਸਿੱਖਾਂ ਨੂੰ ਉਸ ਵੇਲੇ ਅਬਦਾਲੀ ਦੇ ਹੁਕਮ ਨਾਲ ਮਾਲੇਰਕੋਟਲੇ ਦੇ ਨਵਾਬ ਭੀਖਣ ਸ਼ਾਹ ਤੇ ਸਰਹਿੰਦ ਦੇ ਸੂਬੇਦਾਰ ਜੈਨ ਖਾਨ ਨੇ ਘੇਰਾ ਪਾਇਆ ਹੋਇਆ ਸੀ।
ਅਬਦਾਲੀ ਨੂੰ ਜਦੋਂ ਸਿੱਖਾਂ ਦੇ ਮਾਲੇਰਕੋਟਲੇ ਲਾਗੇ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ 5 ਫਰਵਰੀ, 1762 ਨੂੰ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਹੀ ਅਬਦਾਲੀ ਨੇ ਦਲ ਖਾਲਸਾ ‘ਤੇ ਬੜਾ ਕਹਿਰੀ ਹਮਲਾ ਕਰ ਦਿੱਤਾ। ਉਸ ਨੇ ਅੱਧੀ ਫੌਜ ਆਪ ਰੱਖੀ ਤੇ ਅੱਧੀ ਆਪਣੇ ਵਜ਼ੀਰ ਸ਼ਾਹਵਲੀ ਖਾਨ ਨੂੰ ਦੇ ਕੇ ਸਮੇਤ ਜੈਨ ਖਾਨ, ਭੀਖਣ ਖਾਨ ਅਤੇ ਦੀਵਾਨ ਲੱਛਮੀ ਨਰਾਇਣ ਸਿੱਖਾਂ ਦੇ ਵਹੀਰ ‘ਤੇ ਹਮਲਾ ਕਰਨ ਲਈ ਭੇਜ ਦਿੱਤਾ।
ਸਿੱਖਾਂ ਨੇ ਆਪਣੇ ਵਹੀਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਤੇ ਮੁਕਾਬਲੇ ਲਈ ਡਟ ਗਏ। ਇਸ ਯੁੱਧ ਵਿਚ ਤਕਰੀਬਨ ਸਾਰੀਆਂ ਮਿਸਲਾਂ ਦੇ ਸਰਦਾਰ, ਸ: ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸ਼ਾਮਲ ਸਨ। ਸ਼ਾਹਵਲੀ ਖਾਨ ਵਜ਼ੀਰ ਨੇ ਵਹੀਰ ਦਾ ਬੜਾ ਨੁਕਸਾਨ ਕੀਤਾ। ਹਜ਼ਾਰਾਂ ਬਿਰਧ ਔਰਤਾਂ ਤੇ ਬੱਚੇ ਮਾਰ ਦਿੱਤੇ ਤੇ ਹਜ਼ਾਰਾਂ ਬੰਦੀ ਬਣਾ ਲਏ। ਪਤਾ ਲੱਗਣ ‘ਤੇ ਸ: ਜੱਸਾ ਸਿੰਘ ਨੇ ਸ: ਸ਼ਾਮ ਸਿੰਘ, ਸ: ਕਰੋੜਾ ਸਿੰਘ, ਸ: ਨਾਹਰ ਸਿੰਘ ਤੇ ਸ: ਕਰਮ ਸਿੰਘ ਨੂੰ ਮਦਦ ਵਾਸਤੇ ਭੇਜਿਆ। ਸਿੱਖਾਂ ਨੇ ਬੰਦੀ ਛੁਡਵਾ ਲਏ ਤੇ ਸ਼ਾਹ ਵਲੀ ਦੀ ਫੌਜ ਦਾ ਬੜਾ ਨੁਕਸਾਨ ਕੀਤਾ। ਸ: ਚੜ੍ਹਤ ਸਿੰਘ ਹੱਥੋਂ ਜਰਨੈਲ ਸਰ ਬੁਲੰਦ ਖਾਨ ਤੇ ਸ: ਜੱਸਾ ਸਿੰਘ ਹੱਥੋਂ ਪ੍ਰਧਾਨ ਸੈਨਾਪਤੀ ਜਹਾਨ ਖਾਨ ਜ਼ਖ਼ਮੀ ਹੋ ਗਿਆ। ਇਸ ਘਲੂਘਾਰੇ ਵਿਚ ਸਿੱਖਾਂ ਦੀ ਫੌਜ 50,000 ਤੇ ਅਬਦਾਲੀ ਦੀ 2 ਲੱਖ ਸੀ। ਸਿੱਖਾਂ ਦੇ 16-18 ਹਜ਼ਾਰ ਬਾਲ ਬੱਚੇ ਤੇ ਔਰਤਾਂ ਤੇ 10-12 ਹਜ਼ਾਰ ਸਿੱਖ ਫੌਜ ਕਰੀਬ 25-30 ਹਜ਼ਾਰ ਕਤਲ ਹੋਏ। 10-12 ਹਜ਼ਾਰ ਅਬਦਾਲੀ ਦੀ ਫੌਜ ਦੇ ਮਾਰੇ ਗਏ। ਸਿੱਖਾਂ ਦਾ ਸਾਰਾ ਸਮਾਨ ਵੀ ਲੁੱਟ ਲਿਆ ਗਿਆ।
ਅਬਦਾਲੀ ਦੀ ਫੌਜ ਦੇ ਨਾਲ ਪੰਜਾਬ ਦੇ ਸਾਰੇ ਫੌਜਦਾਰ ਤੇ ਚੌਧਰੀਆਂ ਦੀ ਫੌਜ ਸੀ। ਅਬਦਾਲੀ ਨੇ ਸਿੱਖ ਫੌਜਾਂ ਦਾ ਬਰਨਾਲੇ ਤਕ ਪਿੱਛਾ ਕੀਤਾ ਤੇ ਸਿੱਖਾਂ ਦੀਆਂ ਖਿਲਰੀਆਂ ਲਾਸ਼ਾਂ ਨੂੰ ਇਕੱਠਾ ਕਰਕੇ 60 ਗੱਡਿਆਂ ‘ਤੇ ਲੱਦ ਕੇ ਲਾਹੌਰ ਦੇ ਦਰਵਜ਼ੇ ਦੇ ਮਿਨਾਰਾਂ ਉਪਰ ਟੰਗਵਾਂ ਦਿੱਤੀਆਂ। ਇਸ ਲੜਾਈ ਨੂੰ ਸਿੱਖਾਂ ਦੀ ਬਹਾਦਰੀ ਕਰਕੇ ਜਾਣਿਆ ਜਾਂਦਾ ਹੈ। ਅੰਮ੍ਰਿਤਸਰ ਤੇ ਦਮਦਮਾ ਸਾਹਿਬ ਵਾਲੀਆਂ ਪੁਰਾਤਨ ਬੀੜਾਂ ਅਬਦਾਲੀ ਨੇ ਨਸ਼ਟ ਕਰ ਦਿੱਤੀਆਂ ਸਨ। ਇਸ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਕੁੱਪ-ਰਹੀੜੇ ਵਿੱਚ ਯਾਦਗਾਰ ਸਥਾਪਤ ਹੈ। ਇਹ ਸਿੱਖ ਇਤਿਹਾਸ ਦਾ ਗੌਰਵਮਈ ਪੰਨਾ ਹੈ। ਤੇ ਇਸ ਜੰਗ ਨੂੰ ਵੱਡੇ ਘਲੂਘਾਰੇ ਵਲੋ ਯਾਦ ਕੀਤਾ ਜਾਦਾ ਹੈ

ਜੋਰਾਵਰ ਸਿੰਘ ਤਰਸਿੱਕਾ

Leave a Reply

Your email address will not be published. Required fields are marked *