History

ਭਗਤ ਰਵਿਦਾਸ ਜੀ ਦੀ ਵਿਚਾਰਧਾਰਾ (ਓਹਨਾ ਦੇ ਪ੍ਰਕਾਸ਼ ਦਿਹਾੜੇ ਤੇ)

ਭਗਤ ਰਵਿਦਾਸ ਜੀ ਦਾ ਜਨਮ ਅਜਿਹੇ ਸਮੇਂ ਹੋਇਆ ਜਦੋਂ ਸਮਾਜ ਜਾਤਾਂ-ਪਾਤਾਂ ਦੇ ਤਾਣੇ ਵਿੱਚ ਉਲਝਿਆ ਹੋਇਆ ਸੀ। ਇੱਕ ਪਾਸੇ ਬਦੇਸ਼ੀ ਹਕੂਮਤਾਂ, ਦੂਜੇ ਪਾਸੇ ਸਵਦੇਸ਼ੀ ਹਕੂਮਤ ਜਿਸ ਵਿੱਚ ਬ੍ਰਾਹਮਣਵਾਦੀ ਵਿਚਾਰਧਾਰਾ ਅਨੁਸਾਰ ਲੋਕ ਵਰਣ ਵੰਡ ਰਾਹੀਂ ਵੰਡੇ ਹੋਏ ਸਨ। ‘ਕੁਦਰਤ ਦੇ ਬੰਦਿਆਂ’ ਵਿੱਚ ਊਚ-ਨੀਚ ਦਾ ਪਾੜਾ ਪਾ ਕੇ ਮਨੁੱਖਤਾ ਦਾ ਬਟਵਾਰਾ ਕੀਤਾ ਹੋਇਆ ਸੀ। ਪੁਜਾਰੀ ਅਤੇ ਪੁਰੋਹਿਤ ਸ਼੍ਰੇਣੀ ਨੇ ਯੋਜਨਾਬੱਧ ਤਰੀਕੇ ਨਾਲ ਧਾਰਮਿਕ ਗ੍ਰੰਥਾਂ ਰਾਹੀਂ ਮਨੁੱਖਾਂ ਵਿੱਚ ਵੰਡ ਪਾਈ ਹੋਈ ਸੀ। ਮਨੂ ਸਿਮਰਤੀ ਵਿੱਚ ਲਿਖਿਆ ਮਿਲਦਾ ਹੈ ਕਿ ਜੇਕਰ ਕੋਈ ਦਲਿਤ ਵੇਦਾਂ ਦਾ ਪਾਠ ਸੁਣਦਾ ਹੈ ਤਾਂ ਉਸ ਦੇ ਕੰਨ ਵਿੱਚ ਸਿੱਕਾ ਪਿਘਲਾਕੇ ਪਾ ਦਿੱਤਾ ਜਾਵੇ ਅਤੇ ਜੇਕਰ ਕੋਈ ਦਲਿਤ ਵੇਦਾਂ ਦਾ ਪਾਠ ਕਰਦਾ ਹੈ ਤਾਂ ਉਸ ਦੀ ਜੀਭ ਕੱਟ ਦਿੱਤੀ ਜਾਵੇ। ਅਜਿਹੇ ਸਮੇਂ ਵਿੱਚ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਵਿਰੋਧ ਵਿੱਚ ਇੱਕ ਲਹਿਰ ਚੱਲੀ ਜਿਸ ਨੂੰ ਭਗਤੀ ਲਹਿਰ ਦਾ ਨਾਂਅ ਦਿੱਤਾ ਗਿਆ। ਇਤਫ਼ਾਕ ਵਸ ਇਸ ਲਹਿਰ ਦਾ ਮੁੱਢ ਉਤਰੀ ਭਾਰਤ ਵਿੱਚ ਬਨਾਰਸ ਤੋਂ ਹੀ ਬੱਝਾ ਉਹ ‘ਬਨਾਰਸ’ ਜੋ ਬ੍ਰਾਹਮਣਵਾਦੀ ਅੰਦੋਲਨ ਅਤੇ ਸੱਭਿਆਚਾਰ ਦਾ ਕੇਂਦਰ ਸੀ। ਇਸ ਲਹਿਰ ਦੇ ਦੋ ਪ੍ਰਮੁੱਖ ਨੇਤਾ ਭਗਤ ਕਬੀਰ ਅਤੇ ਭਗਤ ਰਵਿਦਾਸ ਜੀ ਜੋ ਕਥਿਤ ਨੀਵੀਆਂ ਜਾਤਾਂ ਨਾਲ ਸੰਬੰਧਤ ਸਨ, ਨੇ ਉਸ ਸਮੇਂ ਦੀ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਅਜਿਹੀ ਚੁਣੌਤੀ ਦਿੱਤੀ ਜਿਸ ਨੇ ਨੀਚ ਸਮਝੀਆਂ ਜਾਂਦੀਆਂ ਜਾਤੀਆਂ ਦੇ ਲੋਕਾਂ ਨੂੰ ਅਣਖ ਅਤੇ ਸਵੈਮਾਣ ਨਾਲ ਜਿਊਣ ਦਾ ਪਾਠ ਪੜ੍ਹਾਇਆ ਅਤੇ ਲੋਕਾਈ ਵਿੱਚ ਇਹ ਦ੍ਰਿੜ ਕਰਵਾਇਆ ਕਿ ਕੋਈ ਵੀ ਮਨੁੱਖ ਆਪਣੇ ਕੰਮਾਂ-ਕਾਰਾਂ ਕਰਕੇ ਛੋਟਾ-ਵੱਡਾ ਨਹੀਂ ਹੁੰਦਾ ਸਗੋਂ ਉਸ ਦੀ ਸੋਚ ਹੀ ਉਸ ਨੂੰ ਵੱਡਾ ਜਾਂ ਛੋਟਾ ਬਣਾਉਂਦੀ ਹੈ ਅਤੇ ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਕਦੇ ਵੀ ਆਪਣੇ ਆਪ ਨੂੰ ਜਾਂ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਕਿਤੇ ਲੁਕਾਉਣ ਦਾ ਯਤਨ ਨਹੀਂ ਕੀਤਾ ਸਗੋਂ ਡੰਕੇ ਦੀ ਚੋਟ ‘ਤੇ ਕਿਹਾ ਕਿ,
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸਾ ਪਾਸਾ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
ਭਗਤ ਰਵਿਦਾਸ ਜੀ ਦੇ ਜਨਮ ਬਾਰੇ ਇਤਿਹਾਸਕਾਰ ਇਕ ਮੱਤ ਨਹੀਂ ਹਨ ਪਰ ਫਿਰ ਵੀ ਬਹੁਤ ਇਤਿਹਾਸਕਾਰ ਆਪ ਜੀ ਦਾ ਜਨਮ ਮਾਘ ਸੁਦੀ 15 ਸੰਮਤ 1633 ਨੂੰ ਮੰਨਦੇ ਹਨ। ਆਪ ਜੀ ਦੇ ਨਾਮ ਬਾਰੇ ਵੀ ਪ੍ਰਚਲਿਤ ਹੈ ਕਿ ਰਵੀਵਾਰ ਮਤਲਬ ਐਤਵਾਰ ਦੇ ਦਿਨ ਦਾ ਜਨਮ ਹੋਣ ਕਰਕੇ ਆਪ ਜੀ ਦਾ ਨਾਮ ਰਵਿਦਾਸ ਰੱਖਿਆ ਗਿਆ ਜਾਂ ਕਈ ਲੋਕ ਇਸ ਨਾਮ ਦਾ ਮਤਲਬ ਕੱਢਦੇ ਹਨ ਕਿ ਰੱਬ ਦਾ ਦਾਸ ਰਵਿਦਾਸ। ਕਈ ਲੇਖਕਾਂ ਦਾ ਮੱਤ ਹੈ ਕਿ ਸ਼ੁਰੂਆਤੀ ਰਵਿਦਾਸ ਭਗਤ ਨੂੰ ਰੈਦਾਸ ਵੀ ਆਖਿਆ ਜਾਂਦਾ ਸੀ। ਬੰਗਾਲ ਵਿੱਚ ਉਨ੍ਹਾਂ ਨੂੰ ਰੁਹਿਦਾਸ ਜਾਂ ਰਾਯਦਾਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਭਗਤ ਰਵਿਦਾਸ ਦਾ ਗੁਰੂ ਕੌਣ : ਭਗਤ ਰਵਿਦਾਸ ਬਾਰੇ ਆਮ ਇਹੀ ਆਖਿਆ ਜਾਂਦਾ ਹੈ ਕਿ ਭਗਤ ਰਵਿਦਾਸ ਸੰਤ ਰਾਮਾਨੰਦ ਦੇ ਚੇਲੇ ਸਨ ਅਤੇ ਕਬੀਰ ਬਾਰੇ ਵੀ ਇਹੀ ਆਖਿਆ ਜਾਂਦਾ ਹੈ ਕਿ ਉਹ ਵੀ ਸੰਤ ਰਾਮਾਨੰਦ ਦੇ ਚੇਲੇ ਸਨ। ਪਰ ਭਗਤ ਰਵਿਦਾਸ ਜੀ ਦੀ ਰਚਨਾ ਅਤੇ ਜੀਵਨ ਉਪਰ ਕੰਮ ਕਰਨ ਵਾਲੇ ਵਿਦਵਾਨਾਂ ਨੇ ਅਸਹਿਮਤੀ ਪ੍ਰਗਟਾਈ ਹੈ। ਡਾ. ਜਸਬੀਰ ਸਿੰਘ ਸਾਬਰ ਨੇ ਤਾਂ ਇਸ ਸਬੰਧੀ ਲਿਖਿਆ, ”ਉਹਨਾਂ ਦਾ ਗੁਰੂ ਪਾਰਬ੍ਰਹਮ ਪ੍ਰਮੇਸ਼ਵਰ ਸੀ।”
ਇੱਥੇ ਇਹ ਲਿਖਣਾ ਵਾਜਬ ਹੋਵੇਗਾ ਕਿ ਭਗਤ ਰਵਿਦਾਸ ਜੀ ਨੇ ਜਿਨ੍ਹਾਂ ਮਹਾਪੁਰਸ਼ਾਂ ਤੋਂ ਪ੍ਰੇਰਣਾ ਲਈ ਸੀ ਉਨ੍ਹਾਂ ਦੇ ਨਾਵਾਂ ਦਾ ਵਰਨਣ ਉਨ੍ਹਾਂ ਨੇ ਆਪਣੀ ਬਾਣੀ ਵਿਚ ਕੀਤਾ ਹੈ :-
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ £
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ£
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
ਗੁਰੂ ਅਰਜਨ ਦੇਵ ਜੀ ਨੇ ਵੀ ਭਗਤ ਰਵਿਦਾਸ ਦਾ ਕੋਈ ਦੇਹਧਾਰੀ ਗੁਰੂ ਨਹੀਂ ਮੰਨਿਆ। ਉਹ ਲਿਖਦੇ ਹਨ ਰਵਿਦਾਸ ਜੀ ਨੇ ਪ੍ਰਮਾਤਮਾ ਦੀ ਪ੍ਰਾਪਤੀ ਸਤਿਸੰਗ ਵਿਚੋਂ ਕੀਤੀ ਹੈ :-
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ£
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ£
ਕਬੀਰ ਜੀ ਦਾ ਵਿਚਾਰ ਹੈ ਕਿ ਰਵਿਦਾਸ ਜੀ ਹਰੀ ਦੇ ਬਿਨਾਂ ਕਿਸੇ ਹੋਰ ਵਿਚ ਸ਼ਰਧਾ ਨਹੀਂ ਰੱਖਦੇ:-
ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ£
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ£
ਭਗਤ ਰਵਿਦਾਸ ਬਾਣੀ : ਸੀ੍ਰ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਰਵਿਦਾਸ ਜੀ ਦੇ 40 ਸ਼ਬਦ ਅੰਕਿਤ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੋਣ ਵਾਲੀ ਬਾਣੀ ਦੀ ਪ੍ਰਮਾਣਿਕਤਾ ਤੇ ਵਿਦਵਾਨਾਂ ਵੱਲੋਂ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ। ਰਵਿਦਾਸ ਬਾਣੀ ਵਿੱਚ ਹਰੀ ਦੇ ਨਾਮ ਦੀ ਉਸਤਤਿ ਤਾਂ ਕੀਤੀ ਹੀ ਹੈ ਨਾਲ ਮਨੁੱਖ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਣ, ਹਉਮੈ ਨੂੰ ਤਿਆਗ ਕੇ ਪ੍ਰਮਾਤਮਾ ਨਾਲ ਇਕ ਮਿਕ ਹੋ ਜਾਣ ਲਈ ਪ੍ਰੇਰਿਤ ਕੀਤਾ ਹੈ। ਬਹੁਤ ਹੀ ਵਧੀਆ ਉਦਾਹਰਣਾਂ ਦੇ ਕੇ ਮਨੁੱਖ ਨੂੰ ਮਾੜੇ ਕੰਮਾਂ ਤੋਂ ਬਚਣ ਲਈ ਅਤੇ ਲੋਕਾਈ ਦੀ ਸੇਵਾ ਲਈ ਤੱਤਪਰ ਰਹਿਣ ਦਾ ਉਪਦੇਸ਼ ਦਿੱਤਾ ਹੈ।
ਮ੍ਰਿਗ ਮੀਨ ਭਿੰ੍ਰਗ ਪਤੰਗ ਕੁੰਚਰ ਏਕ ਦੋਖ ਬਿਨਾਸ£
ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ£
ਮਾਧੋ ਅਬਿਦਿਆ ਹਿਤ ਕੀਨ£
ਬਿਬੇਕ ਦੀਪ ਮਲੀਨ£ ਰਹਾਉ£
————
ਕੂਪ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ£
ਐਸੇ ਮੇਰਾ ਮਨ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨਾ ਸੂਝ£
ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ£ ਰਹਾਉ£
ਨਾਮ ਦੇ ਅਭਿਆਸ ਉਪਰ ਜੋਰ ਦਿੰਦਿਆਂ ਭਗਤ ਰਵਿਦਾਸ ਜੀ ਨੇ ਨਾਮ ਜਪਣ ਨੂੰ ਹੀ ਸਭ ਤੋਂ ਉਤਮ ਦੱਸਿਆ ਹੈ। ਬਾਕੀ ਸਭ ਫੋਕਟ ਕਰਮਕਾਂਡ ਹਨ। ਧਨਾਸਰੀ ਰਾਗ ਵਿੱਚ ਨਿਰੰਕਾਰ ਨੂੰ ਸੰਬੋਧਿਤ ਹੁੰਦੇ ਹੋਏ ਲਿਖਦੇ ਹਨ :
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ£
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ£ ਰਹਾਉ£
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ
ਨਾਮੁ ਤੇਰਾ ਕੇਸਰੋ ਲੇ ਛਿਟਕਾਰੇ£
ਨਾਮੁ ਤੇਰਾ ਅੰਭੁਲਾ ਨਾਮ ਤੇਰੋ ਚੰਦਨੋ
ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ£
ਭਗਤ ਜੀ ਨੇ ਪੱਥਰ ਦੇ ਠਾਕਰ ਅਤੇ ਦੇਵਤਿਆਂ ਨੂੰ ਖੁਸ਼ ਕਰਨ ਲਈ ਚੜ੍ਹਾਈ ਜਾਣ ਵਾਲੀ ਸਮੱਗਰੀ ਉਪਰ ਵਿਅੰਗ ਕਸਦਿਆਂ ਲਿਖਿਆ ਹੈ :-
ਦੂਧੁ ਤ ਬਛਰੈ ਥਨਹੁ ਬਿਟਾਰਿਓ£
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ£
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ£
ਅਵਰੁ ਨ ਫੂਲੁ ਅਨੂਪ ਨ ਪਾਵਉ£ ਰਹਾਉ£
ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਇੱਕ ਅਜਿਹੇ ਸ਼ਹਿਰ ਦਾ ਸੁਪਨਾ ਲਿਆ ਹੈ ਜਿਸ ਵਿੱਚ ਕਿਸੇ ਨੂੰ ਕੋਈ ਦੁੱਖ ਤਕਲੀਫ਼ ਨਹੀਂ ਹੋਵੇਗਾ। ਨਾਗਰਿਕਾਂ ਦੇ ਜਾਨ ਮਾਲ ਦੀ ਗਾਰੰਟੀ ਹੋਵੇ, ਰਾਜ ਸ਼ਕਤੀਸ਼ਾਲੀ ਹੋਵੇ ਅਤੇ ਉਸਨੂੰ ਕਿਸੇ ਅੰਦਰੂਨੀ ਜਾਂ ਬਾਹਰੀ ਖ਼ਤਰੇ ਦਾ ਡਰ ਨਾ ਹੋਵੇ। ਲੋਕਾਂ ਨੂੰ ਕਿਸੇ ਚੀਜ਼ ਦੀ ਕੋਈ ਘਾਟ ਨਾ ਹੋਵੇ। ਨਾਗਰਿਕਾਂ ਦੇ ਸੁੱਖ ਸਹੂਲਤ ਦਾ ਪੂਰਾ ਖ਼ਿਆਲ ਰੱਖਿਆ ਜਾਵੇ ਅਤੇ ਸਭ ਨੂੰ ਆਜ਼ਾਦੀ ਹੋਵੇ:-
ਬੇਗਮ ਪੁਰਾ ਸਹਰ ਕੋ ਨਾਉ£ ਦੂਖੁ ਅੰਦੋਹ ਨਹੀ ਤਿਹਿ ਠਾਉ£
ਨਾਂ ਤਸਵੀਸ ਖਿਰਾਜੁ ਨ ਮਾਲੁ£ ਖਉਫੁ ਨ ਖਤਾ ਨ ਤਰਸੁ ਜਵਾਲੁ£
ਅਬ ਮੋਹਿ ਖੂਬ ਵਤਨ ਗਹ ਪਾਈ£ ਊਹਾਂ ਖੈਰਿ ਸਦਾ ਮੇਰੇ ਭਾਈ£ ਰਹਾਉ£
ਕਾਇਮੁ ਦਾਇਮੁ ਸਦਾ ਪਾਤਿਸਾਹੀ£ ਦੋਮ ਨ ਸੇਮ ਏਕ ਸੋ ਆਹੀ£
ਆਬਾਦਾਨ ਸਦਾ ਮਸਹੂਰ£ ਊਹਾਂ ਗਨੀ ਬਸਹਿ ਮਾਮੂਰ£
ਤਿਉ ਤਿਉ ਸੈਲ ਕਰਹਿ ਜਿਉ ਭਾਵੈ£ ਮਹਰਮ ਮਹਲ ਨ ਕੋ ਅਟਕਾਵੈ£
ਕਹਿ ਰਵਿਦਾਸ ਖਲਾਸ ਚਮਾਰਾ£ ਜੋ ਹਮ ਸਹਰੀ ਸੁ ਮੀਤੁ ਹਮਾਰਾ£
ਇਸ ਪ੍ਰਕਾਰ ਰਵਿਦਾਸ ਬਾਣੀ ਵਿੱਚ ਧਾਰਮਿਕ, ਸਮਾਜਿਕ, ਰਾਜਨੀਤਕ ਵਿਸ਼ਿਆਂ ਉਪਰ ਚਾਨਣਾ ਪਾਇਆ ਗਿਆ ਹੈ। ਰਵਿਦਾਸ ਬਾਣੀ ਸਿੱਖ ਸਿਧਾਤਾਂ ਦੇ ਅਨੁਕੂਲ ਹੋਣ ਕਰਕੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵੇਲੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਉਚੇਚਾ ਥਾਂ ਦਿੱਤਾ ਹੈ।
ਭਗਤ ਰਵਿਦਾਸ, ਗੁਰੂ ਰਵਿਦਾਸ ਜਾਂ ਸਤਿਗੁਰੂ ਰਵਿਦਾਸ : ਦੁਨੀਆਂ ਵਿੱਚ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਹੀ ਅਜਿਹਾ ਗ੍ਰੰਥ ਹੈ ਜਿਸ ਵਿੱਚ ਗੁਰੂਆਂ ਦੀ ਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਵੀ ਦਰਜ਼ ਹੈ ਜਿਸ ਕਰਕੇ ਸੂਝ ਬੂਝ ਰੱਖਣ ਵਾਲੇ ਹਰ ਧਰਮ ਦੇ ਪੈਰੋਕਾਰ ਉਸ ਨੂੰ ਸਿੱਖਾਂ ਵਾਂਗ ਪੂਰਾ ਮਾਣ ਸਤਿਕਾਰ ਦਿੰਦੇ ਹਨ। ਕਬੀਰ, ਰਵਿਦਾਸ, ਨਾਮਦੇਵ ਅਤੇ ਸਿੱਖ ਸਿਧਾਂਤ ਇੱਕ ਅਜਿਹੇ ਸਮਾਜ ਦੀ ਸਿਰਜਣਾ ਦੇ ਹਾਮੀ ਹਨ ਜੋ ਹਰ ਧਰਮ ਦੇ ਸਰਮਾਏਦਾਰੀ ਸੋਚ ਵਾਲੇ ਲੋਕਾਂ ਨੂੰ ਰਾਸ ਨਹੀਂ ਆ ਰਹੇ ਅਤੇ ਉਹ ਹਰ ਵੇਲੇ ਐਸ ਮੌਕੇ ਦੀ ਤਾਕ ਵਿੱਚ ਰਹਿੰਦੇ ਹਨ ਜਿਸ ਨਾਲ ਇਨ੍ਹਾਂ ਮਹਾਂਪੁਰਖਾਂ ਦੇ ਪੈਰੋਕਾਰਾਂ ਨੂੰ ਆਪਸ ਵਿੱਚ ਲੜਾਇਆ ਜਾਵੇ ਜਿਹੜੇ ਆਦਮੀ ਭਗਤਾਂ ਅਤੇ ਗੁਰੂਆਂ ਦੀ ਬਾਣੀ ਦਾ ਸਤਿਕਾਰ ਕਰਦੇ ਹਨ ਉਨ੍ਹਾਂ ਨੂੰ ਅਜਿਹੇ ਸਮਾਜ ਵਿਰੋਧੀਆਂ ਦੀ ਚਾਲਾਂ ਵਿੱਚ ਨਹੀਂ ਫਸਣਾ ਚਾਹੀਦਾ।
ਭਗਤ ਰਵਿਦਾਸ ਜੀ ਨੇ ਜਿੱਥੇ ਦੱਬੇ ਕੁਚਲੇ ਅਤੇ ਲਿਤਾੜੇ ਜਾ ਰਹੇ ਵਰਗ ਜਿਸ ਨੂੰ ਉਸ ਸਮੇਂ ‘ਅਛੂਤ’ ਵੀ ਆਖਿਆ ਜਾਂਦਾ ਸੀ ਉਨ੍ਹਾਂ ਅੰਦਰ ਚਾਨਣ ਦੀ ਇੱਕ ਅਜਿਹੀ ਕਿਰਨ ਜਗਾਈ। ਉਹ ਕ੍ਰਾਂਤੀਕਾਰੀ ਰਹਿਬਰ ਜਿਸ ਨੇ ਬਰਾਬਰਤਾ ਦਾ ਸੰਦੇਸ਼ ਦਿੱਤਾ ਪਖੰਡਵਾਦ ਵਿਰੁੱਧ ਜੰਗ ਵਿੱਢੀ ਅਤੇ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਣ ਦਾ ਯਤਨ ਕੀਤਾ ਉਸਨੂੰ ਸਿਰਫ਼ ਇੱਕ ਭਾਈਚਾਰੇ ਦੀਆਂ ਜਾਂ ਫਿਰਕੇ ਦੀਆਂ ਤੰਗ ਵਲਗਣਾ ਵਿੱਚ ਕਿਉਂ ਬੰਨਿਆ ਜਾ ਰਿਹਾ ਹੈ। ਅੱਜ ਅਸੀਂ ਫਿਰ ਉਸੇ ਬ੍ਰਾਹਮਣਵਾਦੀ ਚਾਲਾਂ ਵਿੱਚ ਫਸਕੇ ਵਖਰੇਵੇ ਖੜੇ ਕਰ ਰਹੇ ਹਾਂ। ਚਾਹੀਦਾ ਤਾਂ ਇਹ ਸੀ ਕਿ ਭਗਤ ਰਵਿਦਾਸ ਦੀ ਸਮੁੱਚੀ ਵਿਚਾਰਧਾਰਾ ਨੂੰ ਪੂਰੇ ਸੰਸਾਰ ਵਿੱਚ ਫੈਲਾ ਦੇਣਾ ਸੀ ਪਰ ਕੁਝ ਸੌੜੀਆਂ ਸੋਚਾਂ ਵਾਲੇ ਲੋਕ ਸਿਆਸਤ ਦੇ ਧੱਕੇ ਚੜ੍ਹਕੇ ਗੁਰੂ ਨਾਨਕ ਅਤੇ ਭਗਤ ਰਵਿਦਾਸ ਨੂੰ ਅਲੱਗ ਕਰ ਰਹੇ ਹਨ। ਅੱਜ ਉਨ੍ਹਾਂ ਨੂੰ ਭਗਤ, ਗੁਰੂ ਜਾਂ ਸਤਿਗੁਰੂ ਕਹਿਣ ਦਾ ਬਿਖੇੜਾ ਸ਼ੁਰੂ ਕਰ ਲਆ ਹੈ। ਜਦੋਂਕਿ ਉਨ੍ਹਾਂ ਖੁਦ ਲਿਖਿਆ ਹੈ ‘ਭਗਤ ਬਰਾਬਰਿ ਅਉਰੁ ਨ ਕੋਇ’ ਅਤੇ ਜਿਸ ਭਗਤ, ਗੁਰੂ ਜਾਂ ਰਹਿਬਰ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹੋ ਕੇ ਗੁਰਬਾਣੀ ਬਣ ਗਈ ਫਿਰ ਉਨ੍ਹਾਂ ਬਾਰੇ ਗੁਰੂ ਹੋਣ ਜਾਂ ਨਾ ਹੋਣ ਦਾ ਬਿਖੇੜਾ ਸ਼ੁਰੂ ਕਰਨਾ ਕਿਸੇ ਸੋਚੀ ਸਮਝੀ ਸਾਜਿਸ਼ ਦਾ ਨਤੀਜਾ ਹੈ ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਸਮੂਹ ਰਵੀਦਾਸੀਆ ਭਾਈਚਾਰਾ ਸਿੱਖ ਕੌਮ ਦਾ ਇੱਕ ਅਟੁੱਟ ਅੰਗ ਹੈ (ਜਾਂ ਇਹ ਕਹਿ ਲਈਏ ਸਿੱਖ ਕੌਮ ਅਤੇ ਦਲਿਤਾਂ ਦਾ ਰਿਸ਼ਤਾ ਨਹੁੰ-ਮਾਸ ਦਾ ਹੈ) ਸਿੱਖ ਗੁਰੂ ਸਾਹਿਬਾਨ ਨੇ ਵੀ ਜਾਤਾਂ-ਪਾਤਾਂ ਵਿਰੁੱਧ ਲੜਾਈ ਲੜੀ ਅਤੇ ਹਮੇਸ਼ਾਂ ਨੀਵਿਆਂ ਨਾਲ ਨਿਭਾਇਆ ਹੈ। ਜਿਸ ਦਾ ਪ੍ਰਮਾਣ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਚੋਂ ਪ੍ਰਤੱਖ ਮਿਲਦਾ ਹੈ :-
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ£
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕੀਆ ਰੀਸ£
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ£
ਸੋ ਸਾਨੂੰ ਅਜਿਹਿਆਂ ਵਲਗਣਾਂ ‘ਚੋਂ ਨਿਕਲਕੇ ਰਵਿਦਾਸ ਭਗਤ ਦੇ ਬੇਗਮਪੁਰੇ ਦੇ ਸੰਕਲਪ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। ਬੇਸ਼ੱਕ ਹੁਣ ਦੁਨੀਆਂ ਵਿੱਚ ਕਾਰਲ ਮਾਰਕਸ ਦੇ ਸਮਾਜਵਾਦੀ ਸਿਧਾਂਤ ਦੀ ਚਰਚਾ ਹੋ ਰਹੀ ਹੈ ਪਰ ਇਸ ਗੱਲ ਦਾ ਮਾਣ ਭਗਤ ਰਵਿਦਾਸ ਜੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਬੇਗਮਪੁਰੇ ਦੇ ਸਿਧਾਂਤ ਨੂੰ ਚਿਤਵਿਆ, ਪਰ ਪਤਾ ਨਹੀਂ ਕਿਉਂ ਸਾਡੇ ਵਿੱਚ ਆਪਣੇ ਵਿਰਸੇ ਨਾਲੋਂ ਟੁੱਟਕੇ ਦੂਜਿਆਂ ਨੂੰ ਅਪਣਾਉਣ ਦੀ ਹੋੜ ਜਿਹੀ ਲੱਗੀ ਹੋਈ ਹੈ। ਇਹ ਵੀ ਇੱਕ ਸਾਜਿਸ਼ ਹੈ ਜਿਸ ਨੂੰ ਸਮਝਣਾ ਸਮੇਂ ਦੀ ਲੋੜ ਹੈ।
ਡਾ. ਅਮਨਦੀਪ ਸਿੰਘ ਟੱਲੇਵਾਲ

Leave a Reply

Your email address will not be published. Required fields are marked *