ਅਨੰਦ ਸਾਹਿਬ ਅਤੇ ਰਾਮਕਲੀ ਸਦ (Quiz)
ਪ੍ਰਃ ਆਨੰਦ ਆਨੰਦ ਤਾਂ ਸਭ ਕਹਿੰਦੇ ਹਨ ਪਰ ਅਸਲ ਆਨੰਦ ਕਿਸ ਤੋਂ ਮਿਲਦਾ ਹੈ?
ਉਃ ਗੁਰੂ ਸਾਹਿਬ ਜੀ ਤੋਂ।
ਪ੍ਰਃ ਇਕਿ, ਇਕ ਅਤੇ ਇਕੁ ਵਿੱਚ ਕੀ ਫਰਕ ਹੈ?
ਉਃ ਗੁਰਬਾਣੀ ਵਿੱਚ ਇਕਿ ਬਹੁਤਿਆਂ ਲਈ, ਇਕੁ ਪੁਰਸ਼ ਵਾਚਕ ਅਤੇ ਇਕ ਇਸਤਰੀ ਵਾਚਕ ਲਈ ਵਰਤਿਆ ਗਿਆ ਹੈ।
ਪ੍ਰਃ ਗੁਰਬਾਣੀ ਅਨੁਸਾਰ ਪ੍ਰਮਾਤਮਾ ਦੀ ਪ੍ਰਾਪਤੀ ਕਿਵੇ ਹੁੰਦੀ ਹੈ?
ਉਃ ਤਨ, ਮਨ ਅਤੇ ਧੰਨ ਸਭ ਗੁਰੂ ਨੂੰ ਸੌਂਪਣ ਉਪਰੰਤ ਗੁਰੂ ਦਾ ਹੁਕਮ ਮੰਨਣ ਨਾਲ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ।
ਪ੍ਰਃ ਕੀ ਰੱਬ ਜੀ ਸਿਆਣਪ/ ਚਤੁਰਾਈ ਨਾਲ ਪਾਇਆ ਜਾ ਸਕਦਾ ਹੈ?
ਉਃ ਨਹੀਂ ਜੀ।
ਪ੍ਰਃ ਕੀ ਜਿਸ ਪਰਵਾਰ ਨਾਲ ਆਪਾ ਮੋਹ ਲਾਈ ਬੈਠੇ ਹਾਂ ਇਹ ਸਾਡੇ ਨਾਲ ਧੁਰ ਤੱਕ ਜਾ ਸਕਦਾ ਹੈ?
ਉਃ ਨਹੀਂ ਜੀ।
ਪ੍ਰਃ ਜਿਸ ਕੰਮ ਕਰਕੇ ਪਛਤਾਉਣਾ ਪਏ ਕੀ ਉਹ ਕੰਮ ਕਰਨਾ ਚਾਹੀਦਾ ਹੈ?
ਉਃ ਨਹੀਂ ਜੀ, ਐਸਾ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ।
ਪ੍ਰਃ ਕੀ ਗੁਰਬਾਣੀ ਅਨੁਸਾਰ ਅੱਜ ਤੱਕ ਕੋਈ ਰੱਬ ਜੀ ਦਾ ਅੰਤ ਪਾ ਸਕਿਆ ਹੈ?
ਉਃ ਨਹੀਂ ਜੀ।
ਪ੍ਰਃ ਜਿਸ ਅੰਮ੍ਰਿਤ ਨੂੰ ਦੇਵਤੇ, ਇਨਸਾਨ, ਮੁਨੀ ਅਤੇ ਸੇਵਕ ਲੱਭਦੇ ਰਹੇ ਪਰ ਮਿਲਿਆ ਨਹੀਂ , ਉਹੀ ਅੰਮ੍ਰਿਤ ਗੁਰੂ ਅਮਰਦਾਸ ਜੀ ਨੇ ਕਿਸ ਤੋਂ ਪ੍ਰਾਪਤ ਕਰ ਲਿਆ ਸੀ?
ਉਃ ਗੁਰੂ ਤੋਂ ( ਗੁਰੂ ਅੰਗਦ ਦੇਵ ਜੀ ਤੋਂ)।
ਪ੍ਰਃ ਗੁਰੂ ਅਮਰਦਾਸ ਜੀ ਨੂੰ ਅੰਮ੍ਰਿਤ ਛੱਕਣ ਦਾ ਕੀ ਫ਼ਾਇਦਾ ਹੋਇਆ ਸੀ?
ਉਃ ਉਨ੍ਹਾਂ ਦੇ ਮੰਨ ਵਿੱਚ ਸੱਚਾ ਪ੍ਰਭੂ ਵੱਸ ਗਿਆ ਅਤੇ ਲੱਬ, ਲੋਭ ਅਤੇ ਹੰਕਾਰ ਆਦਿ ਦੂਰ ਹੋ ਗਏ।
ਪ੍ਰਃ ਭਗਤਾ ਦੀ ਚਾਲ ਆਮ ਇਨਸਾਨ ਤੋਂ ਵੱਖਰੀ ਕਿਵੇਂ ਹੈ?
ਉਃ ਭਗਤ ਜਨ ਲੱਬ, ਲੋਭ, ਹੰਕਾਰ ਅਤੇ ਤ੍ਰਿਸ਼ਨਾ ਨੂੰ ਤਿਆਗ ਦਿੰਦੇ ਹਨ ਅਤੇ ਬੜੇ ਸੰਜਮ ਨਾਲ ਬੋਲਦੇ ਹਨ।
ਪ੍ਰਃ ਇਨਸਾਨ ਕੀ ਪਵਿੱਤਰ ਹੋ ਸਕਦਾ ਹੈ? ਜੇ ਹਾਂ ਤਾਂ ਕਿਵੇ?
ਉਃ ਜੀ ਹਾਂ। ਪ੍ਰਭੂ ਦਾ ਨਾਮ ਜਪ ਕੇ ਹਿਰਦੇ ਅੰਦਰ ਵਸਾ ਕੇ ਕੋਈ ਵੀ ਪਵਿੱਤਰ ਹੋ ਸਕਦਾ ਹੈ।
ਪ੍ਰਃ ਜ਼ਿੰਦਗੀ ਵਿੱਚ ਸਹਿਜ ਕਿਵੇ ਪੈਦਾ ਹੋ ਸਕਦਾ ਹੈ?
ਉਃ ਗੁਰੂ ਦੇ ਸ਼ਬਦ ਰਾਹੀ ਮੰਨ ਨੂੰ ਪਵਿੱਤਰ ਕਰਕੇ ਹਮੇਸ਼ਾ ਪ੍ਰਭੂ ਨਾਲ ਜੁੜੇ ਰਹਿਆਂ ਜ਼ਿੰਦਗੀ ਅੰਦਰ ਸਹਿਜ ਪੈਦਾ ਹੋ ਜਾਂਦਾ ਹੈ।
ਪ੍ਰਃ ਅਨੰਦ ਸਾਹਿਬ ਅਨੁਸਾਰ ਕੌਣ ਅਪਣਾ ਜਨਮ ਗੁਆ/ ਹਾਰ ਕੇ ਚਲੇ ਜਾਂਦੇ ਹਨ?
ਉਃ ਜੋ ਇਨਸਾਨ ਜੀਅਹੁ ਤਾਂ ਮੈਲੇ ਹੁੰਦੇ ਹਨ ਪਰ ਬਾਹਰ ਅਪਣੇ ਆਪ ਨੂੰ ਨਿਰਮਲ/ ਪਵਿੱਤਰ ਸ਼ੋਅ ਕਰਦੇ ਹਨ ਉਹ ਅਪਣਾ ਜਨਮ ਇਸ ਤਰ੍ਹਾਂ ਗੁਆ ਲੈੰਦੇ ਹਨ ਜਿਵੇਂ ਜੁਆਰੀ ਜੂਐ ਵਿੱਚ ਹਾਰ ਜਾਂਦਾ ਹੈ।
ਪ੍ਰਃ ਅਪਣਾ ਮਨੁੱਖਾ-ਜਨਮ ਅਸਲ ਵਿੱਚ ਕੌਣ ਸਫਲਾ ਕਰ ਜਾਂਦੇ ਹਨ?
ਉਃ ਜੋ ਗੁਰੂ ਦੇ ਹੁਕਮ ਅਨੁਸਾਰੀ ਹੋ ਕੇ ਅੰਦਰੋਂ ਬਾਹਰੋਂ ਨਿਰਮਲ ਹੋ ਜਾਂਦੇ ਹਨ ਉਹੀ ਅਪਣਾ ਜਨਮ ਸਫਲਾ ਕਰ ਜਾਂਦੇ ਹਨ।
ਪ੍ਰਃ ਆਨੰਦ ਸਾਹਿਬ ਅਨੁਸਾਰ ਕਿਸ ਸਿੱਖ ਨੂੰ ਸਨਮੁਖ ਕਿਹਾ ਜਾ ਸਕਦਾ ਹੈ?
ਉਃ ਜੋ ਗੁਰੂ ਦੇ ਹੁਕਮ ਨੂੰ ਅੰਤਰ-ਅਤਮੇ ਵਸਾ ਕੇ, ਅਪਣੀ ਮੱਤ ਤਿਆਗ ਕੇ ਸਦਾ ਗੁਰੂ ਦੇ ਆਸਰੇ ਜਿਉਂਦਾ ਹੈ ਉਹੀ ਸਨਮੁਖ ਹੈ।
ਪ੍ਰਃ ਜੇ ਕੋਈ ਗੁਰੂ ਤੋਂ ਬੇ-ਮੁਖ ਹੋ ਜਾਏ ਤਾਂ ਉਸ ਬਾਰੇ ਗੁਰੂ ਸਾਹਿਬ ਕੀ ਫ਼ੁਰਮਾਉਂਦੇ ਹਨ?
ਉਃ ਉਹ ਅਨੇਕਾਂ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ।
ਪ੍ਰਃ ਬੇ-ਮੁਖ ਕਿਵੇ ਬਖ਼ਸ਼ਿਆ ਜਾਂ ਸਕਦਾ ਹੈ?
ਉਃ ਜੇ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਏ ਅਤੇ ਅਗਰ ਗੁਰੂ ਸਾਹਿਬ ਉਸ ਨੂੰ ਅਪਣਾ ਸ਼ਬਦ ਬਖ਼ਸ਼ ਦੇਣ ਤਾਂ ਉਹ ਬਖ਼ਸ਼ਿਆ ਜਾ ਸਕਦਾ।
ਪ੍ਰਃ ਗੁਰੂ ਅਮਰਦਾਸ ਜੀ ਅਨੁਸਾਰ ਸੱਚੀ ਅਤੇ ਕੱਚੀ ਬਾਣੀ ਕਿਹੜੀ ਹੈ?
ਉਃ ਜੋ ਬਾਣੀ ਗੁਰੂ ਦੇ ਮੁਖ ਤੋਂ ਨਿਕਲੀ ਹੈ ਉਹ ਸੱਚੀ ਬਾਣੀ ਅਤੇ ਬਾਕੀ ਸਾਰੀ ਕੱਚੀ ਬਾਣੀ ਹੈ।
ਪ੍ਰਃ ਕੱਚੀ ਬਾਣੀ ਪੜਨ ਅਤੇ ਸੁਨਣ ਵਾਲਿਆਂ ਬਾਰੇ ਗੁਰੂ ਅਮਰਦਾਸ ਕੀ ਕਹਿੰਦੇ ਹਨ?
ਉਃ ਗੁਰੂ ਸਾਹਿਬ ਕਹਿੰਦੇ ਹਨ ਇਹ ਸਭ ਕੱਚੇ ਹਨ।
ਪ੍ਰਃ ਜੋ ਪ੍ਰਭੂ ਮਾਤਾ ਦੇ ਪੇਟ ਵਿੱਚ ਸਾਡੀ ਪਾਲਣਾ ਕਰਦਾ ਹੈ ਬਾਰੇ ਗੁਰੂ ਸਾਹਿਬ ਕੀ ਹੁਕਮ ਕਰਦੇ ਹਨ?
ਉਃ ਗੁਰੂ ਸਾਹਿਬ ਫ਼ੁਰਮਾਉਂਦੇ ਹਨ ਐਸੇ ਪ੍ਰਭੂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ।
ਪ੍ਰਃ ਜੀਵ ਦੀ ਪ੍ਰਭੂ ਨਾਲ਼ੋਂ ਲਿਵ ਕਦੋਂ ਅਤੇ ਕਿਵੇ ਟੁੱਟਦੀ ਹੈ?
ਉਃ ਜਨਮ ਲੈਣ ਤੋਂ ਬਾਅਦ ਜਦ ਮਾਇਆ ਦੀ ਤ੍ਰਿਸ਼ਨਾ ਲੱਗ ਜਾਏ।
ਪ੍ਰਃ ਗੁਰੂ ਸਾਹਿਬ ਨੇ ਮਾਇਆ ਦੀ ਕੀ ਪ੍ਰੀਭਾਸ਼ਾ ਦੱਸੀ ਹੈ?
ਉਃ ਜੋ ਵੀ ਪ੍ਰਭੂ ਨਾਲ਼ੋਂ ਤੋੜ ਕੇ ਕਿਸੇ ਹੋਰ ਨਾਲ ਜੋੜਦਾ ਹੈ ਉਹੀ ਮਾਇਆ ਹੈ।
ਪ੍ਰਃ ਜਿਸ ਗੁਰੂ ਨੂੰ ਮਿਲਦਿਆਂ ਹੀ ਆਪਾ ਭਾਵ ਮਿਟ ਜਾਏ ਅਗਰ ਉਸ ਨੂੰ ਸਿਰ ਵੀ ਦੇਣਾ ਪਏ ਤਾਂ ਕੀ ਸੌਦਾ ਸਸਤਾ ਹੈ ਜਾਂ ਮਹਿੰਗਾ?
ਉਃ ਬਹੁਤ ਸਸਤਾ ਹੈ।
ਪ੍ਰਃ ਕੀ ਰਸਨਾ ਦੀ ਪਿਆਸ ਤਰ੍ਹਾਂ ਤਰ੍ਹਾਂ ਦੇ ਸੁਆਦੀ ਭੋਜਨਾਂ ਨਾਲ ਬੁਝ ਸਕਦੀ ਹੈ?
ਉਃ ਨਹੀਂ ਜੀ। ਹਰੀ ਪਰਮੇਸ਼ਵਰ ਦਾ ਰਸ ਪੀਣ ਨਾਲ ਪਿਆਸ ਬੁਝ ਜਾਂਦੀ ਹੈ।
ਪ੍ਰਃ ਇਹ ਸਰੀਰ ਸੰਸਾਰ ਅੰਦਰ ਕਿਵੇ ਆਇਆ ਹੈ?
ਉਃ ਜਦ ਪ੍ਰਭੂ ਨੇ ਇਸ ਅੰਦਰ ਅਪਣੀ ਜੋਤ ਰੱਖ ਦਿੱਤੀ ਤਾਂ ਇਹ ਸੰਸਾਰ ਵਿੱਚ ਆਇਆ।
ਪ੍ਰਃ ਪ੍ਰਮਾਤਮਾ ਨੇ ਇਹ ਸਰੀਰ ਸਾਨੂੰ ਕਿਸ ਲਈ ਦਿੱਤਾ ਹੈ?
ਉਃ ਜਿਸ ਪ੍ਰਭੂ ਨੇ ਸਰੀਰ ਦਿੱਤਾ ਹੈ ਉਸਦਾ ਨਾਮ ਜਪਣ ਲਈ।
ਪ੍ਰਃ ਗੁਰੂ ਅਮਰਦਾਸ ਜੀ ਅਨੁਸਾਰ ਸਾਨੂੰ ਅੱਖਾਂ ਕਿਸ ਲਈ ਮਿਲੀਆਂ ਹਨ?
ਉਃ ਹਰੇਕ ਵਿੱਚ ਪ੍ਰਭੂ ਨੂੰ ਵੇਖਣ ਲਈ।
ਪ੍ਰਃ ਜਿਸ ਸੰਸਾਰ ਨੂੰ ਆਪਾ ਜ਼ਹਿਰ( ਮਾੜਾ) ਕਹਿੰਦੇ ਹਾਂ ਉਸ ਬਾਰੇ ਗੁਰੂ ਅਮਰਦਾਸ ਜੀ ਦੀ ਕੀ ਵਿਚਾਰਧਾਰਾ ਹੈ?
ਉਃ ਗੁਰੂ ਸਾਹਿਬ ਕਹਿੰਦੇ ਹਨ ਇਹ ਵਿਸ ਨਹੀਂ ਹਰੀ ਦਾ ਰੂਪ ਹੈ।
ਪ੍ਰਃ ਗੁਰੂ ਅਮਰਦਾਸ ਜੀ ਅਨੁਸਾਰ ਸਾਨੂੰ ਕੰਨ ਕਿਸ ਕੰਮ ਲਈ ਮਿਲੇ ਹਨ?
ਉਃ ਸੱਚੇ ਪ੍ਰਭੂ ਦੀ ਸੱਚੀ ਬਾਣੀ ਸੁਣਨ ਲਈ।
ਪ੍ਰਃ ਸੱਚੀ ਬਾਣੀ ਸੁਣਨ ਦਾ ਕੀ ਫ਼ਾਇਦਾ ਹੈ?
ਉਃ ਇਸ ਨਾਲ ਮਨ ਅਤੇ ਤਨ ਹਰਿਆ ਭਾਵ ਪਵਿੱਤਰ ਹੋ ਜਾਂਦਾ ਹੈ।
ਪ੍ਰਃ ਦਸਵਾਂ ਦੁਆਰ ਜੋ ਪ੍ਰਭੂ ਨੇ ਗੁਪਤ ਰੱਖਿਆ ਹੈ ਉਹ ਕਿਵੇ ਦਿੱਸਦਾ ਹੈ?
ਉਃ ਜੋ ਗੁਰੂ ਦੇ ਦਰ ਤੇ ਭਾਵਨਾ ਨਾਲ ਆਉਂਦਾ ਹੈ ਗੁਰੂ ਉਸਦਾ ਦਸਵਾ ਦੁਆਰ ਖੋਲ ਦਿੰਦਾ ਹੈ।
ਪ੍ਰਃ ਰਾਮਕਲੀ ਸਦ ਦਾ ਲਿਖਾਰੀ ਕੌਣ ਹੈ?
ਉਃ ਬਾਬਾ ਸੁੰਦਰ ਜੀ( ਗੁਰੂ ਅਮਰਦਾਸ ਜੀ ਦੇ ਪੋਤਰੇ)
ਪ੍ਰਃ ਗੁਰੂ ਅਮਰਦਾਸ ਜੀ ਨੇ ਅਪਣੇ ਅੰਤਮ ਸਮੇਂ ਕੀ ਅਰਦਾਸ ਕੀਤੀ ਸੀ?
ਉਃ ਹੇ ਹਰੀ! ਮੇਰੀ ਪੈਜ ਰੱਖੋ ਜੀ ਅਤੇ ਅਪਣਾ ਨਾਮ ਬਖ਼ਸ਼ੋ ਜੀ।
ਪ੍ਰਃ ਗੁਰੂ ਅਮਰਦਾਸ ਜੀ ਨੇ ਅਪਣੇ ਅੰਤਮ ਸਮੇਂ ਸਿੱਖਾਂ ਨੂੰ ਕੀ ਉਪਦੇਸ਼ ਦਿੱਤਾ ਸੀ?
ਉਃ ਗੁਰੂ ਸਾਹਿਬ ਨੇ ਕਿਹਾ ਮੇਰੇ ਪਿੱਛੋਂ ਕੋਈ ਵੀ ਨਾ ਰੋਵੇ, ਜੋ ਰੋਵੇਗਾ ਉਹ ਮੈਨੂੰ ਬਿਲਕੁਲ ਚੰਗਾ ਨਹੀਂ ਲੱਗੇਗਾ।
ਪ੍ਰਃ ਗੁਰੂ ਅਮਰਦਾਸ ਜੀ ਨੇ ਉਪਦੇਸ਼ ਦੇਣ ਉਪਰੰਤ ਗੁਰਿਆਈ ਦੀ ਬਖ਼ਸ਼ਸ਼ ਕਿਸ ਨੂੰ ਕੀਤੀ?
ਉਃ ਗੁਰੂ ਜੀ ਨੇ ਭਾਈ ਜੇਠਾ ਜੀ ਤੇ ਬਖ਼ਸ਼ਸ਼ ਕਰਕੇ ਗੁਰੂ ਰਾਮਦਾਸ ਜੀ ਬਣਾ ਦਿੱਤਾ।
ਪ੍ਰਃ ਗੁਰੂ ਜੀ ਨੇ ਸਿੱਖਾਂ ਦੇ ਰੋਣ ਤੇ ਪਾਬੰਧੀ ਲਾ ਕੇ ਫਿਰ ਕੀ ਕਰਨ ਲਈ ਕਿਹਾ ਸੀ?
ਉਃ ਗੁਰੂ ਜੀ ਨੇ ਨਿਰਬਾਣ ਕੀਰਤਨ ਕਰਨ ਲਈ ਕਿਹਾ ਸੀ।
ਪ੍ਰਃ ਕੀ ਇਹ ਸੱਚ ਹੈ ਕਿ ਗੁਰੂ ਜੀ ਨੇ ਕੇਸੋ ਗੁਪਾਲ ਪੰਡਤ ਨੂੰ ਸੱਦ ਕੇ ਪੁਰਾਣ ਦੀ ਕਥਾ ਕਰਨ ਲਈ ਕਿਹਾ ਸੀ?
ਉਃ ਬਿਲਕੁਲ ਗਲਤ ਹੈ। ਗੁਰੂ ਜੀ ਨੇ ਕਿਹਾ ਪ੍ਰਭੂ ਦੇ ਪਿਆਰਿਆਂ ਨੂੰ ਸੱਦੋ ਉਹ ਕਥਾ ਕੀਰਤਨ ਕਰਨ ਸਾਡੇ ਲਈ ਇਹੀ ਪੁਰਾਣ ਹੈ।
ਪ੍ਰਃ ਕੀ ਗੁਰੂ ਜੀ ਨੇ ਸਿੱਖਾਂ ਨੂੰ ਹਰਿਦੁਆਰ ਫੁੱਲ ਪਾਉਣ ਲਈ ਕਿਹਾ ਸੀ?
ਉਃ ਬਿਲਕੁਲ ਮਨ੍ਹਾ ਕੀਤਾ ਸੀ। ਗੁਰੂ ਜੀ ਨੇ ਕਿਹਾ ਅਸੀ ਪਿੰਡ,ਪੱਤਲ਼,ਕਿਰਿਆ, ਦੀਵਾ ਅਤੇ ਫੁੱਲ ਆਦਿ ਸਭ ਨੂੰ ਸੰਗਤ ਤੋਂ ਕੁਰਬਾਨ ਕਰਦੇ ਹਾਂ।
ਪ੍ਰਃ ਕੀ ਗੁਰੂ ਦਾ ਹੁਕਮ ਸਭ ਸਿੱਖਾਂ ਨੇ ਮਨ ਲਿਆ ਸੀ?
ਉਃ ਜੀ ਹਾਂ।
ਪ੍ਰਃ ਸਭ ਤੋ ਪਹਿਲਾ ਗੁਰੂ ਰਾਮਦਾਸ ਜੀ ਦੇ ਪੈਰੀਂ ਕੌਣ ਪਿਆ ਸੀ?
ਉਃ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਰੀ ਜੀ।