ਅੰਮ੍ਰਿਤ ਸੰਚਾਰ ਦੀਆਂ ਬਾਣੀਆਂ
ਅੰਮ੍ਰਿਤ ਸੰਚਾਰ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ ਬਾਰੇ ਵਿਚਾਰ।
ਅੱਜ ਕੱਲ ਦੇ ਕਈ ਵਿਦਵਾਨ ਅਖਵਾਉਣ ਵਾਲੇ ਸੱਜਣ ਅੰਮ੍ਰਿਤ ਸੰਚਾਰ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ ਤੇ ਵੀ ਕਿੰਤੂ ਪ੍ਰੰਤੂ ਕਰ ਰਹੇ ਹਨ। ਅਤੇ ਸੁਆਲ ਉਠਾਉਂਦੇ ਹਨ ਕਿ ਰਹਿਤਨਾਮਿਆਂ ਵਿੱਚ ਕਿਤੇ ਵੀ ਪੰਜਾ ਬਾਣੀਆਂ ਜਪੁ, ਜਾਪ, ਸਵੱਯੇ,ਚੌਪਈ ਅਤੇ ਆਨੰਦ ਸਾਹਿਬ ਦਾ ਇੱਕਠੇ ਜ਼ਿਕਰ ਨਹੀਂ ਆਉਂਦਾ ਜੋ ਹੈ ਵੀ ਸਹੀ ਪਰ ਵੱਖ ਵੱਖ ਰਹਿਤਨਾਮਿਆਂ ਵਿੱਚ ਤਾਂ ਇਨ੍ਹਾਂ ਬਾਣੀਆਂ ਦਾ ਜ਼ਿਕਰ ਆਇਆ ਹੈ। ਕਿਤੇ ਜਪੁਜੀ, ਜਾਪ, ਕਿਤੇ ਜਪੁਜੀ, ਸ੍ਵਯੈ ਕਿਤੇ ਜਪੁਜੀ ਅਨੰਦ ਸਾਹਿਬ। ਮੇਰਾ ਕਹਿਣ ਦਾ ਮਤਲਬ ਹੈ ਸਾਰੇ ਰਹਿਤਨਾਮਿਆਂ ਵਿੱਚੋਂ ਰਲਾ ਮਿਲਾ ਕੇ ਤਾਂ ਪੰਜਾ ਬਾਣੀਆਂ ( ਜਪੁ, ਜਾਪ, ਸ੍ਵਯੈ, ਚੌਪਈ, ਅਨੰਦ ਸਾਹਿਬ ) ਦਾ ਜ਼ਿਕਰ ਤਾਂ ਹੈ। ਵੈਸੇ ਸਾਰੇ ਰਹਿਤਨਾਮੇ ਕਾਵਿ ਵਿੱਚ ਹਨ ਅਤੇ ਕਵੀ ਜੋ ਗੱਲ ਕਹਿਣੀ ਚਾਹੁੰਦਾ ਹੈ ਉਹ ਉਸੇ ਗੱਲ ਵੱਲ ਧਿਆਨ ਕਰਦਾ ਹੈ। ਸੋ ਉਸ ਲਈ ਜ਼ਰੂਰੀ ਨਹੀਂ ਕਿ ਪੂਰਾ ਇਤਿਹਾਸ ਕ੍ਰਮਵਾਰ ਲਿਖੇ।
ਮੈਂ ਤਾਂ ਕਈ ਸੱਜਣਾਂ ਨੂੰ ਇਹ ਸਵਾਲ ਵੀ ਕਰ ਚੁੱਕਾ ਹਾਂ ਕਿ ਜੇ ਇਹ ਬਾਣੀਆਂ ਨਿੱਤ-ਨੇਮ ਦੀਆ ਨਹੀਂ ਤਾਂ ਫਿਰ ਇਹ ਚੱਲਦੀ ਰਵਾਇਤ ਨੂੰ ਗਲਤ ਸਿੱਧ ਕਰਨ ਲਈ ਠੋਸ ਸਬੂਤ ਪੇਸ਼ ਕਰੋ ਕਿ ਇਹ ਪੰਜਾ ਬਾਣੀਆਂ ਵਾਲਾ ਅੰਮ੍ਰਿਤ ਸੰਚਾਰ ਕਦੋਂ ਅਤੇ ਕਿਸ ਸਥਾਨ ਤੇ ਪਹਿਲੀ ਵਾਰ ਤਿਆਰ ਕਰ ਕੇ ਛਕਾਇਆ ਗਿਆ ਸੀ। ਪਰ ਮੈਨੂੰ ਅੱਜ ਤੱਕ ਇਸ ਦਾ ਕੋਈ ਠੋਸ ਜੁਆਬ ਨਾ ਮਿਲਣ ਕਾਰਣ ਮੈਂ ਅਪਣੀ ਬੁੱਧੀ ਅਨੁਸਾਰ ਕੁਝ ਕੁ ਤਰੀਕਾਂ ਦੇ ਤੱਥ ਕੰਪਉਟਰ ਤੋਂ ਲੈ ਕੇ ਪੇਸ਼ ਕਰ ਰਿਹਾ ਹਾਂ।
੧. ਭਾਈ ਮਨੀ ਸਿੰਘ ਜੀ ( ਅਪ੍ਰੈਲ ੧੬੬੪- ਜੂਨ ੧੭੩੪)
੨. ਮਾਤਾ ਸਾਹਿਬ ਕੌਰ ਜੀ (੧੬੮੧-੧੭੪੭)
੩. ਬਾਬਾ ਦੀਪ ਸਿੰਘ ਜੀ ( ੧੬੮੨-੧੭੫੭)
ਇਹ ਸਭ ਗੁਰੂ ਗੋਬਿੰਦ ਸਿੰਘ ਜੀ ਸਮੇਂ ਹੋਏ ਹਨ।
੪. ਨਵਾਬ ਕਪੂਰ ਸਿੰਘ ਜੀ ( ੧੬੯੭-੧੭੫੩)
ਗੁਰੂ ਸਾਹਿਬ ਦੇ ਮਹਿਲਾਂ ਨੇ ਇਨ੍ਹਾਂ ਨੂੰ ਪਾਲਿਆ ਸੀ।
੫. ਸਰਦਾਰ ਜੱਸਾ ਸਿੰਘ ਆਹਲੂਵਾਲੀਆ ( ੧੭੧੮- ੧੭੮੩) ਇੰਨਾਂ ਨੂੰ ਨਵਾਬ ਕਪੂਰ ਸਿੰਘ ਜੀ ਨੇ ਗੋਦ ਲਿਆ ਸੀ। ਮਾਤਾ ਸਾਹਿਬ ਕੌਰ ਜੀ ਨਾਲ ਵੀ ਦਿੱਲੀ ਵਿੱਚ ਸਮਾਂ ਗੁਜ਼ਾਰਿਆ ਸੀ।
੬. ਬਾਬਾ ਬਘੇਲ ਸਿੰਘ ਜੀ (੧੭੩੦- ੧੮੦੨) ਦਿੱਲੀ ਫ਼ਤਿਹ ਸਮੇਂ ਇਕੱਠੇ ਸਨ।
੭. ਆਕਾਲੀ ਫੂਲਾ ਸਿੰਘ ਜੀ (੧੭੬੧- ੧੮੨੩)
੮. ਆਕਾਲੀ ਹਨੂਮਾਨ ਸਿੰਘ ਜੀ ( ੧੭੫੫- ੧੮੪੫)
੯. ਮਹਾਰਾਜਾ ਰਣਜੀਤ ਸਿੰਘ ਜੀ ( ੧੭੮੦- ੧੮੩੯)
੧੦. ਖਾਲਸਾ ਰਾਜ – ੧੮੪੯ ਤੱਕ ਰਿਹਾ।
੧੧. ਭਾਈ ਕਾਹਨ ਸਿੰਘ ਜੀ ਨਾਭਾ (੧੮੬੧-੧੯੩੮) – ਭਾਈ ਕਾਹਨ ਸਿੰਘ ਜੀ ਨਾਭਾ ਦੇ ਪਿਤਾ ਭਾਈ ਨਰੈਣ ਸਿੰਘ ਜੀ ਪੂਰਨ ਗੁਰਸਿੱਖ ਸਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਯਾਦ ਸੀ ਅਤੇ ਇੱਕੋ ਚੌਂਕੜੇ ਵਿੱਚ ਹੀ ਭੋਗ ਪਾ ਦਿੰਦੇ ਸਨ।
ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਪੰਜ ਬਾਣੀਆਂ ਬਾਰੇ ਲਿਖਦੇ ਹਨ – ਜਿਨ੍ਹਾਂ ਪੰਜ ਬਾਣੀਆਂ ਦਾ ਅੰਮ੍ਰਿਤ ਤਿਆਰ ਕਰਨ ਸਮੇਂ ਪਾਠ ਕੀਤਾ ਜਾਂਦਾ ਹੈ – ਜਪੁ, ਜਾਪ, ਚੌਪਈ, ਸਵੈਯੇ, ਅਨੰਦੁ ਹਨ।
ਭਾਈ ਵੀਰ ਸਿੰਘ ਜੀ (੧੮੭੨-੧੯੫੭) ਵੀ ਜਪੁ, ਜਾਪ, ਸ੍ਵਯੈ, ਚੌਪਈ ਅਤੇ ਅਨੰਦ ਸਾਹਿਬ ਦਾ ਜ਼ਿਕਰ ਕਰਦੇ ਹਨ।
ਬਾਕੀ ੧੯੨੦ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਂਦੀ ਹੈ ਅਤੇ ਸਿੱਖ ਰਹਿਤ ਮਰਿਆਦਾ ਵਿੱਚ ਇਹੀ ਪੰਜ ਬਾਣੀਆਂ ਦਾ ਜ਼ਿਕਰ ਕਰਦੀ ਹੈ।
ਸੋ ਉਪਰੋਕਤਾ ਗੁਰਸਿੱਖਾਂ ਦਾ ਵੇਰਵਾ ਤਰੀਕਾਂ ਸਹਿਤ ਦੇਣ ਤੋਂ ਭਾਵ ਸਿਰਫ ਕੜੀ ਜੋੜਨਾ ਹੈ।
ਜੇ ਕਰ ਇਹ ਬਾਣੀਆਂ ਗੁਰੂ ਸਾਹਿਬ ਨੇ ਨਹੀਂ ਪੜ੍ਹੀਆਂ ਤਾਂ ਇਸ ਚੱਲਦੀ ਕੜ੍ਹੀ ਅੰਦਰ ਕਿਸੇ ਨੇ ਵੀ ਇਤਰਾਜ਼ ਕਿਉਂ ਨਹੀਂ ਜਤਾਇਆ। ਇਹ ਵਿਵਾਦ ਅੱਜ ਹੀ ਕਿਉਂ ਖੜਾ ਹੋ ਗਿਆ ਹੈ, ਇਹ ਇੱਕ ਵੱਡਾ ਸੁਆਲ ਹੈ? ਵੈਸੇ ਵੀ ਅਗਰ ਚੱਲਦੀ ਰਵਾਇਤ ਜਾਂ ਮਰਿਆਦਾ ਨੂੰ ਬਦਲਣਾ ਹੋਵੇ ਤਾਂ ਬਹੁਤ ਹੀ ਠੋਸ ਸਬੂਤ ਚਾਹੀਦੇ ਹਨ ਨਾ ਕਿ ਅੱਟਕਲ ਪੱਚੂ??
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ
One Comment
Prabhjot kaur
Bhai Nand Lal a contemporary of Guru Gobind Singh says:
ਗੁਰਸਿੱਖ ਰਹਿਤ ਸੁਣਹੁ ਮੇਰੇ ਮੀਤ।ਉੱਠ ਪਰਭਾਤ ਕਰੇ ਹਿਤ ਚੀਤ।
ਵਹਿਗੁਰੂ ਪੁਨ ਮੰਤ੍ਰਹ ਜਾਪ। ਕਰ ਇਸਨਾਨ ਪੜ੍ਹੇ ਜਪ ਜਾਪ।