ਮਨਿ ਜੀਤੈ ਜਗੁ ਜੀਤੁ
ਅੱਜ ਦੇ ਯੁੱਗ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਹਰ ਜਗ੍ਹਾ ਮੇਰਾ ਹੀ ਹੁਕਮ ਚਲੇ। ਇਹੋ ਹੀ ਕਾਟੋ ਕਲੇਸ਼ ਤਾਂ ਸਭ ਪਾਸੇ ਚੱਲ ਰਿਹਾ ਹੈ। ੳਹ ਚਾਹੇ ਘਰ, ਪਿੰਡ/ ਸ਼ਹਿਰ, ਪ੍ਰਾਂਤ ਜਾਂ ਦੇਸ਼ ਪੱਧਰ ਤੇ ਹੋਵੇ। ਇਥੇ ਹਰ ਮਨੁੱਖ ਹੁਕਮ ਚਲਾਉਣ ਦੀ ਦੌੜ ਵਿੱਚ ਹੀ ਗ਼ਲਤਾਨ ਹੈ। ਕੋਈ ਦੁਨਿਆਵੀ ਪੜਾਈ, ਕੋਈ ਸਿਆਸੀ ਖੇਤਰ, ਕੋਈ ਬਦਮਾਸ਼ੀ ਤੇ ਕੋਈ ਧਰਮ ਦਾ ਬੁਰਕਾ ਪਹਿਨੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਘਰਾਂ ਵਿੱਚ ਸੱਸ ਨੂੰਹ, ਨਨਾਣ ਭਰਜਾਈ, ਭਰਾ-ਭਰਾ ਇੱਥੋਂ ਤੱਕ ਕਿ ਪਤੀ ਪਤਨੀ ਦੇ ਝਗੜੇ ਦੀ ਮੂਲ ਜੜ੍ਹ ਵੀ ਇਹੀ ਸਾਹਮਣੇ ਆਉਂਦੀ ਹੈ। ਅਗਰ ਜ਼ਰ੍ਹਾ ਗਹੁ ਨਾਲ ਤੱਕੀਏ ਇਹੀ ਜ਼ੋਰ ਅਪਣੇ ਮਨ ਅੰਦਰ ਵੀ ਚੱਲਦਾ ਨਜ਼ਰੀਂ ਪਏ ਗਾ। ਜਦ ਗੁਰੂ ਨਾਨਕ ਸਾਹਿਬ ਦੀ ਗੋਸ਼ਟੀ ਸਿੱਧਾ ਨਾਲ ਹੁੰਦੀ ਹੈ ਤਾਂ ਉਨ੍ਹਾਂ ਦਾ ਵੀ ਇਹੀ ਹਾਲ ਦੇਖਦੇ ਹੋਏ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਸੀ “ਮਨਿ ਜੀਤੈ ਜਗੁ ਜੀਤੁ”। ਜੋ ਗੁਰੂ ਸਾਹਿਬ ਨੇ ਸਿੱਧਾਂ ਨੂੰ ਉਸ ਸਮੇਂ ਸੰਬੋਧਨ ਕਰ ਕਿ ਕਿਹਾ ਸੀ ਉਹੀ ਅੱਜ ਸਾਡੇ ਉੱਪਰ ਵੀ ਲਾਗੂ ਹੁੰਦਾ ਹੈ। ਜੇ ਆਪਾ ਗੁਰੂ ਨਾਨਕ ਸਾਹਿਬ ਦੇ ਸਿੱਖ ਅਖਵਾਉਂਦੇ ਹਾਂ ਫਿਰ ਇਹੀ ਸੁਆਲ ਤਾਂ ਸਾਡੇ ਲਈ ਵੀ ਬਣਦਾ ਹੈ ਕਿ ਕੀ ਅਸੀਂ ਅਪਣਾ ਮਨ ਜਿੱਤ ਚੁੱਕੇ ਹਾਂ? ਜੇ ਅਜੇ ਆਪਾ ਤੋਂ ਅਪਣਾ ਮਨ ਹੀ ਨਹੀਂ ਜਿੱਤਿਆ ਗਿਆ ਤਾਂ ਜੱਗ ਕਿਵੇਂ ਜਿੱਤਾਂ ਗੇ? ਗੁਰੂ ਸਾਹਿਬ ਕਹਿੰਦੇ ਹਨ ਕਿ ਭਾਈ ਅਪਣੇ ਮਨ ਨੂੰ ਗੁਰ ਸ਼ਬਦ ਨਾਲ ਹੀ ਜਿੱਤਿਆ ਜਾ ਸਕਦਾ ਹੈ। ਜੋ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ ਉਹ ਜਮਾਂ ਤੋਂ ਬਚ ਜਾਂਦਾ ਹੈ। ਜੋ ਮਨੁੱਖ ਮੁੜ ਮੁੜ ਮਨ ਨੂੰ ਮਾਰ ਕੇ ਫਿਰ ਉਸ ਦੀ ਜਾਂਚ-ਪੜਤਾਲ ਕਰਦਾ ਰਹਿੰਦਾ ਹੈ, ਉਹ ਆਪਣੇ ਮਨ ਨੂੰ ਕੁੱਟਣ ਵਾਲਾ ਮੁਕਤੀ ਹਾਸਲ ਕਰ ਲੈਂਦਾ ਹੈ। “ਕੂਟਨੁ ਸੋਇ ਜੁ ਮਨ ਕਉ ਕੂਟੈ ॥ ਮਨ ਕੂਟੈ ਤਉ ਜਮ ਤੇ ਛੂਟੈ ॥ ਕੁਟਿ ਕੁਟਿ ਮਨੁ ਕਸਵਟੀ ਲਾਵੈ ॥ ਸੋ ਕੂਟਨੁ ਮੁਕਤਿ ਬਹੁ ਪਾਵੈ॥” (ਪੰਨਾ-੮੭੨) ਜਿਸ ਨੇ ਜਿੰਦੇ ਜੀਅ ਮੁਕਤੀ ਹਾਸਲ ਕਰ ਲਈ ਉਹ ਦੁਨੀਆ ਦਾ ਗੁਲਾਮ ਕਿਸ ਤਰ੍ਹਾਂ ਹੋ ਸਕਦਾ ਹੈ। ਭਗਤ ਬੇਣੀ ਜੀ ਅਪਣੀ ਬਾਣੀ ਅੰਦਰ ਫ਼ੁਰਮਾਉਂਦੇ ਹਨ ਕਿ ਪਿਆਰਿਓ ਜੇ ਜਿਉਂਦੇ ਜੀਅ ਵਿਕਾਰਾਂ ਤੋ ਮੁਕਤ ਨਾ ਹੋ ਸਕੇ ਤਾਂ ਮਰਨ ਤੋਂ ਬਾਅਦ ਮੁਕਤੀ ਕਿਸ ਤਰ੍ਹਾਂ ਮਿਲ ਸਕਦੀ ਹੈ। “ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥” {ਪੰਨਾ 93}। ਜਿਸ ਨੇ ਜਿੰਦੇ ਜੀ ਮੁਕਤੀ ਪਾ ਲਈ ਉਹ ਗੁਲਾਮ ਹੋ ਹੀ ਨਹੀਂ ਸਕਦਾ।
ਮਨ ਹੈ ਕੀ? – ਗੁਰਬਾਣੀ ਅੰਦਰ ਮਨ ਕਈ ਅਰਥ ਭਾਵਾਂ ਨਾਲ ਆਇਆ ਹੈ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਨ ਦੇ ਅਰਥ ਦਾਨਾ, ਵਿਚਾਰਵਾਨ ਵਿਵੇਕੀ ਵੀ ਕੀਤੇ ਹਨ। “ਮਨੁ ਰਾਜਾ ਮਨੁ ਮਨਤੇ ਤੇ ਮਾਨਿਆ”। ਮਨੁੱਖ/ ਆਦਮੀ ਵੀ ਕੀਤੇ ਹਨ। “ਜਿਤੇ ਸਾਸ ਗ੍ਰਾਸ ਮਨੁ ਲੇਤਾ”। ਮਾਨ ਪ੍ਰਤਿਸ਼ਟਾ, ਦਿਲ, ਅੰਤਹਕਰਣ, ਖਿਆਲ, ਜੀਵਾਤਮਾ ਵੀ ਕੀਤੇ ਹਨ। ਮੰਨਣ ਦੀ ਥਾਂ ਵੀ ਮਨ ਸ਼ਬਦ ਦੇ ਅਰਥ ਵਿੱਚ ਆਇਆ ਹੈ (ਮਨ ਮਹਿ ਮਨੂਆ, ਚਿਤ ਮਹਿ ਚੀਤਾ), ਮੈ ਲਈ ਮਨ ਸ਼ਬਦ ਵੀ ਆਇਆ ਹੈ “ ਮਨ ਕਮੀਨ ਕਮਤਰੀਨ” “ਮਨ ਸਰਨਿ ਤੁਮਾਰੇ ਪਰੀ”। ਇਸ ਤੋ ਇਲਾਵਾ ਭਾਈ ਸਾਹਿਬ ਨੇ ਮਨ ਦੇ ਅਰਥ ਆਦਰ ਕਰਨਾ, ਅਭਿਮਾਨ ਕਰਨਾ, ਇੱਛਾ ਕਰਨਾ, ਕਬੂਲ ਕਰਨਾ ਆਦਿ ਵੀ ਲਏ ਹਨ। ਗੁਰੂ ਸਾਹਿਬ ਨੇ ਕਿਤੇ ਮਨ ਨੂੰ ਇਸ ਸਰੀਰ ਦਾ ਰਾਜਾ ਕਿਹਾ ਹੈ “ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ” (ਪੰਨਾ- ੬੦-੬੧)। ਕਿਤੇ ਪਿਆਰਾ ਕਿਹਾ ਹੈ “ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ॥ “ਪੰਨਾ-੯੧੮)। ਮਨ ਨੂੰ ਮੂਰਖ ਅਤੇ ਅਜਾਣ ਵੀ ਕਿਹਾ ਹੈ “ਸੁਣਿ ਮੂਰਖ ਮਨ ਅਜਾਣਾ” ( ਪੰਨਾ -੧੫੪-੫੫)। ਜੋ ਮਨ ਸ਼ਬਦ ਨਾਲ ਨਹੀਂ ਜੁੜਿਆ ਉਸ ਨੂੰ ਮੂਰਖ ਦੇ ਨਾਲ ਨਾਲ ਲੋਭੀ ਵੀ ਕਿਹਾ ਹੈ “ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੁਭਾਨੁ ॥ ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ॥” ( ਪੰਨਾ-੨੧)। ਜੇ ਸਭ ਦਾ ਸਾਂਝਾ ਜਿਹਾ ਭਾਵ ਕਰਨਾ ਹੋਏ ਤਾਂ ਮੇਰਾ ਖਿਆਲ ਹੈ ਮਨ ਇਸ ਸਰੀਰ ਨੂੰ ਚਲਾਉਣ ਵਾਲਾ ਚਾਲਕ ਹੈ।ਪ੍ਰਭੂ ਦੇ ਸਰਗੁਣ ਅਤੇ ਨਿਰਗੁਣ ਦੋ ਸਰੂਪ ਹਨ। ਜਦ ਪ੍ਰਭੂ ਨੂੰ ਸਰਗੁਣ ਸਰੂਪ ਵਿੱਚ ਦੇਖਣਾ ਹੈ ਤਾਂ ਸਰੀਰ ਵਿੱਚ ਦੇਖਣਾ ਪਏਗਾ ਜੋ ਸਾਰੀ ਸ੍ਰਿਸ਼ਟੀ ਵਿੱਚ ਵਿਚਰ ਰਿਹਾ ਹੈ। ਦਿਮਾਗ (Brain) ਸਰੀਰ ਦਾ ਹਿੱਸਾ ਹੈ ਜੋ ਸਰਗੁਣ ਰੂਪ ਵਿੱਚ ਹੈ। ਜਦ ਪ੍ਰਭੂ ਨਿਰਗੁਣ ਸਰੂਪ ਵਿੱਚ ਹੈ ਤਾਂ ਉਸ ਸਮੇਂ ਉਹ ਇੱਕ ਸ਼ਕਤੀ ਹੈ ਜੋ ਸਾਰੇ ਸੰਸਾਰ ਨੂੰ ਚਲਾ ਰਹੀ ਹੈ । ਸੁਰਤਿ, ਮਤਿ, ਮਨੁ, ਬੁਧਿ ਸਰਗੁਣ ਰੂਪ ਵਿੱਚ ਨਹੀਂ ਦਿਸਦੇ ਪਰ ਇਹ ਨਿਰਗੁਣ ਰੂਪ ਵਿੱਚ ਕੰਮ ਕਰਦੇ ਹਨ। ਗੁਰਬਾਣੀ ਅਨੁਸਾਰ ਮਤਿ ਮਨ ਦੇ ਉੱਪਰ ਹੈ ਅਤੇ ਬੁਧਿ ਮਨ ਦੇ ਨੀਚੇ ਹੈ। ਮਨ ਕਦੀ ਉਚਾਈ ਅਤੇ ਕਦੀ ਨਿਵਾਣ ਵੱਲ ਭੱਜਦਾ ਹੈ। “ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥ ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ ॥” (ਪੰਨਾ-੮੭੬) ਇਸੇ ਲਈ ਸਿੱਖ ਅਰਦਾਸ ਕਰਦਾ ਹੈ, ਸਿੱਖਾਂ ਦਾ ਮਨ ਨੀਵਾਂ ਮਤਿ ਉੱਚੀ। ਮਨ ਮਨੁੱਖ ਦਾ ਚਾਲਕ ਹੋਣ ਕਰਕੇ ਜਦ ਗੁਰੂ ਦੀ ਸੁਣਦਾ ਹੈ ਤਾਂ ਉਸ ਪਾਸੇ ਨੂੰ ਸੋਚਦਾ ਅਤੇ ਜਦ ਦੁਨੀਆਦਾਰੀ ਵੱਲ ਧਿਆਨ ਕਰਦਾ ਹੈ ਤਾਂ ਉਸ ਤਰ੍ਹਾਂ ਸੋਚਦਾ ਹੈ। ਪਰ ਇਸ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹ ਹੀ ਕਰੇ ਜੋ ਇਸ ਦੇ ਸੰਸਕਾਰ ਬਣ ਚੁੱਕੇ ਹਨ। ਜਦ ਗੁਰ ਸ਼ਬਦ ਦਾ ਪੂਰਾ ਪ੍ਰਭਾਵ ਪੈ ਜਾਂਦਾ ਹੈ ਤਾਂ ਸੰਸਕਾਰਾਂ ਦੀ ਫਿਰ ਪੇਸ਼ ਨਹੀ ਜਾਂਦੀ। ਇਸੇ ਤਰ੍ਹਾਂ ਓਹੀ ਜਦ ਮਾੜੀ ਸੰਗਤ ਦਾ ਪ੍ਰਭਾਵ ਪੈ ਜਾਂਦਾ ਹੈ ਤਾਂ ਮਨ ਉਸ ਅਨੁਸਾਰੀ ਚੱਲ ਪੈਂਦਾ ਹੈ। ਅੱਜ ਆਪਾ ਸਿੱਖ ਰਹਿਤ ਮਰਿਆਦਾ ਵਾਲੇ ਸੰਸਕਾਰ ਕਿਉਂ ਨਹੀਂ ਅਪਣਾ ਰਹੇ? ਕਿਉਂਕਿ ਮਨ ਨੂੰ ਜੋ ਸੰਸਕਾਰ ਮਿਲੇ ਹੋਏ ਹਨ ਉਹੀ ਸਾਡੇ ਮਨ ਉੱਪਰ ਕਬਜ਼ਾ ਕਰੀ ਬੈਠੇ ਹਨ। ਇਸ ਇਸੇ ਲਈ ਗੁਰੂ ਸਾਹਿਬ ਕਹਿੰਦੇ ਹਨ “ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ ॥ ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ ॥੧੩੦॥” {ਪੰਨਾ 1371} ਅਤੇ “ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥ ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥੧੩੧॥” {ਪੰਨਾ 1371}। ਸੰਸਕਾਰ ਕੋਈ ਇੱਕ ਵਾਰ ਸਮਝਣ ਨਾਲ ਨਹੀਂ ਬਣਦੇ। ਇਸ ਦੇ ਬਣਦਿਆਂ ਤਾਂ ਕਈ ਸਾਲ ਲੱਗ ਜਾਂਦੇ ਹਨ। ਇਸੇ ਲਈ ਸਿਆਣੇ ਕਹਿੰਦੇ ਹਨ ਕਿ ਅਗਰ ਬੱਚੇ ਨੂੰ ਸਹੀ ਮਾਹਨਿਆ ਵਿੱਚ ਗੁਰਸਿੱਖ ਬਣਾਉਣਾ ਹੈ ਤਾਂ ਉਸ ਦੇ ਜੰਮਣ ਤੋਂ ਵੀਹ ਸਾਲ ਪਹਿਲਾਂ ਉਸ ਨੂੰ ਗੁਰਮਤਿ ਸਿਖਾਉਣੀ ਪਏਗੀ। ਭਾਵ ਬੱਚੇ ਦੀ ਮਾਂ ਜੇ ਗੁਰਮਤਿ ਨਾਲ ਜੁੜੀ ਹੋਏ ਗੀ ਤਾਂ ਉਹ ਅਪਣੇ ਬੱਚੇ ਨੂੰ ਗੁਰਮਤਿ ਵਾਲੇ ਸੰਸਕਾਰ ਦੇ ਪਾਏਗੀ। ਹਾਂ ਅਗਰ ਪ੍ਰਭੂ ਕਿਸੇ ਤੇ ਤਰੁਠ ਪਾਏ ਤਾਂ ਉਹ ਖ਼ਾਸ ਜੀਵ ਹੁੰਦੇ ਹਨ।
ਮੰਨ ਜਿੱਤਿਆ ਕਿਵੇ ਜਾਏ?
ਮਨ ਜਿੱਤਣਾ ਕੋਈ ਸੌਖੀ ਜਿਹੀ ਗੱਲ ਤਾਂ ਹੈ ਨਹੀਂ। ਸ਼ੁਕਰ ਰੋਗੀ ਨੂੰ ਡਾਕਟਰ ਕਹਿੰਦਾ ਹੈ ਮਿਠਿਆਈ, ਜਲੇਬੀਆਂ ਖਾਣੀਆਂ ਬੰਦ ਕਰ ਦਿਉ। ਜਿਸ ਦਾ ਦਾ ਮਨ ਅਪਣੇ ਵੱਸ ਵਿੱਚ ਹੀ ਨਹੀਂ ਉਹ ਕਿੱਥੇ ਛੱਡਦਾ ਹੈ। ਜਦ ਕਿ ਉਸ ਨੂੰ ਪਤਾ ਹੈ ਕਿ ਇਹ ਖਾਣ ਨਾਲ ਮੇਰਾ ਨੁਕਸਾਨ ਹੋਏਗਾ। ਇਹ ਤਾਂ ਗੁਰੂ ਕ੍ਰਿਪਾ ਨਾਲ ਹੀ ਜਿੱਤਿਆ ਜਾ ਸਕਦਾ ਹੈ। “ਨਦਰੀ ਇਹੁ ਮਨੁ ਵਸਿ ਆਵੈ ਨਦਰੀ ਮਨੁ ਨਿਰਮਲੁ ਹੋਇ ॥” (ਪੰਨਾ-੫੫੮) ਹੁਣ ਇੱਥੇ ਫਿਰ ਸੁਆਲ ਪੈਦਾ ਹੋ ਗਿਆ ਜੇ ਮਨ ਪ੍ਰਭੂ ਮਿਹਰ ਨਾਲ ਹੀ ਵੱਸ ਵਿੱਚ ਆਉਂਦਾ ਹੈ ਤਾਂ ਫਿਰ ਮਿਹਰ ਦੇ ਪਾਤਰ ਕਿਵੇ ਬਣਿਆ ਜਾਏ। ਗੁਰੂ ਸਾਹਿਬ ਜਪੁ ਬਾਣੀ ਦੀ ਪਹਿਲੀ ਪਉੜੀ ਵਿੱਚ ਹੀ ਸਮਝਾ ਰਹੇ ਹਨ ਕਿ ਸਭ ਕੁਝ ਰੱਬੀ ਹੁਕਮ ਵਿੱਚ ਹੀ ਹੋ ਰਿਹਾ ਹੈ। “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥”(ਪੰਨਾ -੧) ਸੋ ਸਪੱਸ਼ਟ ਹੈ ਜੋ ਵੀ ਰੱਬੀ ਹੁਕਮ ਨੂੰ ਬੁੱਝ ਲੈੰਦਾ ਹੈ ਉਹੀ ਹੁਕਮ ਰਜਾਈ ਹੋ ਸਕਦਾ ਹੈ, ਉਹੀ ਹਉਮੈ ਰਹਿਤ ਅਤੇ ਸਚਿਆਰ ਹੋ ਸਕਦਾ ਹੈ। ਜੋ ਮਨ ਨੂੰ ਗੁਰੂ ਦੇ ਸ਼ਬਦ ਰਾਹੀਂ ਜਿੱਤ ਲੈੰਦਾ ਹੈ ਉਹੀ ਸਚਿਆਰ ਬਣ ਜਾਂਦਾ ਹੈ। ਹਊਮੈ ਅਤੇ ਨਾਮ ਇੱਕ ਦੂਜੇ ਦੇ ਵਿਰੋਧੀ ਹਨ। ਗੁਰੂ ਸਾਹਿਬ ਤਾਂ ਇਹ ਵੀ ਕਹਿੰਦੇ ਹਨ ਕਿ ਹਊਮੈ ਵਿੱਚ ਕੀਤੀ ਸੇਵਾ ਥਾਇਂ ਨਹੀਂ ਪੈਂਦੀ। ਇਹ ਗੁਰਬਾਣੀ ਦਾ ਫੈਸਲਾ ਹੈ। “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥ ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥” (ਪੰਨਾ-੫੬੦)। ਹੁਣ ਵਿਚਾਰਨ ਵਾਲੀ ਗੱਲ ਹੈ ਕਿ ਜੇ ਗੁਰੂ ਸਾਹਿਬ ਹਊਮੈ ਵਿੱਚ ਕੀਤੀ ਸੇਵਾ ਨੂੰ ਕਬੂਲਦੇ ਹੀ ਨਹੀਂ ਹਨ ਫਿਰ ਅੱਜ ਗੁਰਦੁਆਰਿਆਂ ਦੇ ਪ੍ਰਬੰਧ ਦੀ ਸੇਵਾ ਲਈ ਲੜਾਈਆਂ ਕਿਉਂ ਹੋ ਰਹੀਆਂ ਹਨ? ਖ਼ੈਰ ਹੁਣ ਇਹ ਸਾਡਾ ਵਿਸ਼ਾ ਨਹੀਂ ਹੈ ਇਸ ਤੇ ਫਿਰ ਕਦੀ ਵਿਚਾਰ ਕਰਾਂਗੇ। ਆਪਾ ਵਿਸ਼ੇ ਵੱਲ ਆਉਂਦੇ ਹਾਂ। ਗੁਰੂ ਸਾਹਿਬ ਕਹਿੰਦੇ ਹਨ ਕਿ ਮਨ ਨੂੰ ਜਿੱਤਣ ਤੋਂ ਬਿਨਾ ਕੋਈ ਕਾਰਜ ਸਿੱਧ ਹੀ ਨਹੀਂ ਹੋ ਸਕਦਾ। “ਨਾ ਮਨੁ ਮਰੈ ਨ ਕਾਰਜੁ ਹੋਇ ॥ ਮਨੁ ਵਸਿ ਦੂਤਾ ਦੁਰਮਤਿ ਦੋਇ ॥ ਮਨੁ ਮਾਨੈ ਗੁਰ ਤੇ ਇਕੁ ਹੋਇ ॥” ( ਪੰਨਾ- ੨੨੨) ਜਦ ਤੱਕ ਗੁਰੂ ਨਾਲ ਇੱਕ ਮਿਕ ਨਹੀਂ ਹੁੰਦੇ ਉਦੋਂ ਤੱਕ ਮਨ ਜਿੱਤਿਆ ਨਹੀਂ ਜਾ ਸਕਦਾ। ਗੁਰਮੁਖ ਮਨ ਨਾਲ ਝਗੜਾ ਕਰਦਾ ਹੈ ਤੇ ਮਨ ਅੰਦਰ ਹੀ ਸੱਥ ਬੁਲਾਉਂਦਾ ਹੈ ਅਤੇ ਮਨ ਨੂੰ ਗੁਰ ਸ਼ਬਦ ਦੀ ਕਸਵੱਟੀ ਉੱਪਰ ਲਾਉਂਦਾ ਹੋਇਆ ਮਨ ਉੱਪਰ ਜਿੱਤ ਪ੍ਰਾਪਤ ਕਰ ਲੈੰਦਾ ਹੈ। ਗੁਰ ਫੁਰਮਾਨ ਹੈ “ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥ ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥ ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥” (ਪੰਨਾ-੮੭)। ਸੋ ਹੱਥ ਰੱਸਾ ਸਿਰੇ ਤੇ ਗੰਢ ਵਾਲੀ ਗੱਲ ਹੈ ਕਿ ਮਨ ਜਿੱਤਣ ਲਈ ਗੁਰੂ ਦੀ ਮੱਤ ਅਨੁਸਾਰੀ ਹੋ ਕੇ ਪ੍ਰਭੂ ਦਾ ਨਾਮ ਜੱਪਣਾ ਜ਼ਰੂਰੀ ਹੈ।
ਜਗਿ ਜੀਤੁਃ-
ਅਪਣੀ ਅਕਲ ਤੇ ਅਪਣੇ ਜ਼ੋਰ ਨਾਲ ਇਸ ਸੰਸਾਰ ਨੂੰ ਜਿੱਤਣ ਵਾਲੇ ਕਈ ਆਏ ਤੇ ਕਈ ਚਲੇ ਗਏ। ਸਭ ਦੁਖੀ ਅਤੇ ਨਿਰਾਸ਼ ਹੋ ਕੇ ਚਲੇ ਗਏ। ਅੱਜ ਬੜੀ ਦੁਨੀਆ ਇਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਵਿੱਚ ਹੈ। ਕਹਿੰਦੇ ਹਨ ਸਿਕੰਦਰ ਨੇ ਸਾਰੇ ਸੰਸਾਰ ਨੂੰ ਜਿੱਤਣ ਦਾ ਅਸਫਲ ਸਕੰਲਪ ਲਿਆ ਸੀ। ਆਖ਼ਰੀ ਸਮੇਂ ਉਸ ਨੇ ਵੀ ਕਿਹਾ ਮੇਰੇ ਦੋਨੋ ਹੱਥ ਬਾਹਰ ਕੱਢ ਦਿਓ ਤਾਂ ਕਿ ਦੁਨੀਆ ਨੂੰ ਪਤਾ ਲੱਗ ਜਾਏ ਕਿ ਸਿਕੰਦਰ ਸੰਸਾਰ ਨੂੰ ਜਿੱਤ ਨਹੀਂ ਸੱਕਿਆ ਅਤੇ ਇਸ ਸੰਸਾਰ ਤੋਂ ਲੈ ਕਿ ਵੀ ਕੁਝ ਨਹੀਂ ਜਾ ਰਿਹਾ। ਜਹਾਂਗੀਰ ਦੇ ਅੱਗੋਂ ਜਦ ਘਾਹੀ ਨੇ ਅਪਣੀ ਘਾਹ ਦੀ ਪੰਡ ਚੁੱਕ ਲਈ ਤਾਂ ਉਸਨੇ ਬਾਹਰ ਨਿਕਲ ਕਿ ਦੇਖਣਾ ਚਾਹਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਵਿੱਚ ਕੀ ਖ਼ਾਸੀਅਤ ਹੈ। ਜਦ ਘਾਹੀ ਗੁਰੂ ਸਾਹਿਬ ਦੇ ਤੰਬੂ ਨੇੜੇ ਪਹੁੰਚਿਆ ਤਾਂ ਜਹਾਂਗੀਰ ਦੇਖਦਾ ਹੈ ਕਿ ਗੁਰੂ ਸਾਹਿਬ ਗੰਦੇ ਕੱਪੜਿਆਂ ਵਾਲੇ ਘਾਹੀ ਨੂੰ ਜੱਫੀ ਪਾ ਕੇ ਮਿਲ ਰਹੇ ਹਨ। ਉਸ ਤੋਂ ਰਿਹਾ ਨਾ ਗਿਆ ਤਾਂ ਉਹ ਗੁਰੂ ਸਾਹਿਬ ਕੋਲ ਜਾ ਕਿ ਉਨ੍ਹਾਂ ਨੂੰ ਕਹਿਣ ਲਈ ਮਜਬੂਰ ਹੋ ਗਿਆ। ਹਰਿਗੋਬਿੰਦ ਤੇਰੇ ਤੇ ਮੇਰੇ ਵਿੱਚ ਇਹੀ ਫਰਕ ਹੈ। ਰਾਜ ਮੈ ਵੀ ਕਰ ਰਿਹਾ ਹਾਂ ਤੇ ਰਾਜ ਤੂੰ ਕੀ ਕਰ ਰਿਹਾ ਹੈ। ਮੈ ਲੋਕਾਂ ਦੇ ਸਰੀਰ ਤੇ ਤਲਵਾਰ ਨਾਲ ਰਾਜ ਕਰ ਰਿਹਾ ਹਾਂ ਤੂੰ ਲੋਕਾਂ ਕਦੇ ਮਨਾ ਤੇ ਪਿਆਰ ਨਾਲ ਰਾਜ ਕਰ ਰਿਹਾ ਹੈ। ਜੋ ਅੱਜ ਵੀ ਸਪੱਸ਼ਟ ਹੈ ਜਹਾਂਗੀਰ ਦਾ ਰਾਜ ਕਿਤੇ ਲੱਭਿਆ ਨਹੀਂ ਲੱਭਦਾ ਪਰ ਗੁਰੂ ਸਾਹਿਬ ਅੱਜ ਵੀ ਸਭ ਦੇ ਦਿਲਾਂ ਤੇ ਰਾਜ ਕਰ ਰਹੇ ਹਨ। ਜਿਸ ਨੇ ਵੀ ਖ਼ੁਦ ਦਾ ਮਨ ਜਿੱਤ ਲਿਆ ਉਹ ਜੱਗ ਨੂੰ ਵੀ ਜਿੱਤੇਗਾ ਹੀ ਜਿੱਤੇਗਾ।
ਕਬੀਰ ਸਾਹਿਬ ਅਪਣੀ ਜ਼ਿੰਦਗੀ ਵਿੱਚ ਹਮੇਸ਼ਾ ਸੱਚ ਨਾਲ ਜੁੜੇ ਰਹੇ। ਉਨ੍ਹਾਂ ਹਰ ਅਖੌਤੀ ਕਰਮ-ਕਾਂਡ ਦਾ ਡੱਟ ਕੇ ਵਿਰੋਧ ਕੀਤਾ। ਇਸ ਲਈ ਭਾਵੇ ਉਨ੍ਹਾਂ ਤੇ ਬਹੁਤ ਭਾਰੀ ਤਸ਼ੱਦਦ ਕੀਤੇ ਗਏ। ਉਸ ਸਮੇਂ ਦੇ ਧਰਮ ਦੇ ਠੇਕੇਦਾਰਾਂ ਨੇ ਕਬੀਰ ਸਾਹਿਬ ਦੇ ਵਿਰੁੱਧ ਸਮੇਂ ਦੇ ਹਾਕਮ ਨੂੰ ਖ਼ੂਬ ਭੜਕਾਇਆ ਅਤੇ ਕਬੀਰ ਸਾਹਿਬ ਨੂੰ ਮਰਵਾਉਣ ਦੀ ਵੀ ਨਾ-ਕਾਮ ਕੋਸ਼ਿਸ਼ ਕੀਤੀ। ਇਸੇ ਲਈ ਕਬੀਰ ਸਾਹਿਬ ਨੂੰ ਜ਼ੰਜੀਰ ਨਾਲ ਬੰਨ ਕਿ ਗੰਗਾ ਵਿੱਚ ਸੁਟਵਾਇਆ ਗਿਆ। ਕਬੀਰ ਨੇ ਕਿਹਾ ਮੇਰਾ ਮਨ ਗੁਰੂ ਚਰਨਾ ਨਾਲ ਜੁੜਿਆ ਹੋਣ ਕਰ ਕੇ ਤੁਸੀ ਮੇਰਾ ਕੁਝ ਵੀ ਨਹੀਂ ਵਿਗਾੜ ਸਕਦੇ। ਮੇਰਾ ਮਨ ਤਾਂ ਬਿਲਕੁਲ ਨਹੀਂ ਡੋਲ ਰਿਹਾ ਸੋ ਤੁਸੀ ਤਨ ਨੂੰ ਡਰਾਉਣ ਦੇ ਵਿ-ਅਰਥ ਯਤਨ ਕਿਉਂ ਕਰ ਰਹੇ ਹੋ। “ ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥ ਚਰਨ ਕਮਲ ਚਿਤੁ ਰਹਿਓ ਸਮਾਇ॥” (ਪੰਨਾ-੧੧੬੨)। ਭਗਤ ਨਾਮ ਦੇਵ ਜੀ ਨੂੰ ਵੀ ਉਸ ਸਮੇਂ ਦੇ ਰਾਜੇ ਨੇ ਕਿਹਾ ਸੀ ਜਾਂ ਮਰੀ ਹੋਈ ਗਾਂ ਜ਼ਿੰਦਾ ਕਰ ਦਿਓ ਨਹੀਂ ਤਾਂ ਮਰਨ ਲਈ ਤਿਆਰ ਹੋ ਜਾਉ। ਭਗਤ ਜੀ ਨੇ ਡੰਕੇ ਦੀ ਚੋਟ ਤੇ ਕਿਹਾ ਸੀ ਕਿ ਇਹ ਕੰਮ ਪ੍ਰਮਾਤਮਾ ਦਾ ਹੈ। ਭਗਤ ਜੀ ਦੀ ਮਾਤਾ ਨੇ ਪੁੱਤ ਨੂੰ ਸਮਝਾਉਣ ਦੀ ਵਿਅਰਥ ਕੋਸ਼ਿਸ਼ ਕੀਤੀ ਸੀ। ਜਿਸ ਦਾ ਮਨ ਰੱਬੀ ਨਾਮ ਨਾਲ ਭਿੱਜਿਆ ਹੋਵੇ ਉਸ ਨੂੰ ਕੌਣ ਜਿੱਤ ਸਕਦਾ ਹੈ। ਅੱਜ ਦੇਖ ਲਉ ਉਸ ਰਾਜੇ ਦਾ ਸਤਿਕਾਰ ਹੈ ਜਾਂ ਭਗਤ ਨਾਮ ਦੇਵ ਜੀ ਦਾ ? ਰਾਜੇ ਨੂੰ ਤਾਂ ਉਸ ਸਮੇਂ ਹੀ ਮੂੰਹ ਦੀ ਖਾਣੀ ਪਈ ਅਤੇ ਭਗਤ ਜੀ ਦੀ ਜੈ ਜੈ ਕਾਰ ਹੋਣ ਲੱਗ ਪਈ ਸੀ।
ਜੇ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ ਤਾਂ ਲੂੰ-ਕੰਡੇ ਖੜੇ ਹੋ ਜਾਂਦੇ ਹਨ। ਸੱਤ ਅਤੇ ਨੌਂ ਸਾਲ ਦੇ ਬੱਚੇ ਨਵਾਬ ਵਜ਼ੀਰ ਖਾਂ ਅੱਗੇ ਕਿਸ ਤਰ੍ਹਾਂ ਅੜਦੇ ਹਨ। ਜਿਨ੍ਹਾਂ ਨੂੰ ਸਿੱਖੀ ਸਿਧਾਂਤ ਸੰਸਕਾਰਾਂ ਵਿੱਚ ਮਿਲੇ ਹੋਣ ਉਸ ਨੂੰ ਕੌਣ ਡਰਾ ਸਕਦਾ ਹੈ। ਸਾਹਿਬਜ਼ਾਦਿਆਂ ਦੇ ਮਨ ਵਿੱਚ ਹੀ ਨਹੀਂ ਬਲਕਿ ਉਨ੍ਹਾਂ ਦੀ ਤਾਂ ਰਗ-ਰਗ ਵਿੱਚ ਵਾਹਿਗੁਰੂ ਵਸਿਆ ਪਿਆ ਸੀ। ਉਨ੍ਹਾਂ ਦਾ ਮਨ ਭਲਾ ਕਿਵੇਂ ਡੋਲ ਸਕਦਾ ਹੈ। ਜਿਸ ਦਾ ਮਨ ਗਿਰਾਵਟ ਵੱਲ ਨਹੀਂ ਜਾਂਦਾ ਉਸ ਦਾ ਤਨ ਤਸੀਹਿਆਂ ਦੇ ਡਰਾਵੇ ਨਾਲ ਭਲਾ ਕਿਵੇਂ ਡਰ ਸਕਦਾ ਹੈ। ਸਾਹਿਬਜ਼ਾਦਿਆਂ ਨੇ ਸਭ ਲਾਲਚ ਜੁੱਤੀ ਦੀ ਨੋਕ ਨਾਲ ਠੁਕਰਾ ਦਿੱਤੇ। “ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ॥” (ਪੰਨਾ-੮੧੧) ਦੇ ਪ੍ਰਯੋਗਿਕ ਅਰਥ ਕਰ ਦਿੱਤੇ। ਤਨ ਤੇ ਹਰ ਤਰ੍ਹਾਂ ਦੇ ਤਸੀਹੇ ਰੱਬੀ ਰਜ਼ਾ ਵਿੱਚ ਰਹਿ ਕੇ ਸਹਾਰਦਿਆਂ ਹੋਇਆ “ਮਾਇਆਧਾਰੀ ਛਤ੍ਰਪਤਿ” ਨੂੰ ਮੂੰਹ ਨਹੀਂ ਲਾਇਆ। ਇਸ ਤਰ੍ਹਾਂ ਉਨ੍ਹਾਂ ਸੂਬੇ ਦੀ ਇੱਕ ਨਹੀਂ ਮਨੀ। ਜਿਸ ਨੇ ਮਨ ਕਾਬੂ ਕਰ ਲਿਆ ਉਹ ਕਿਸੇ ਦੀ ਅਧੀਨਗੀ ਕਿਵੇਂ ਕਬੂਲ ਸਕਦਾ ਹੈ। ਮੀਰ ਮੰਨੂ ਨੇ ਅਪਣੀ ਜੇਲ ਵਿੱਚ ਸਿੰਘਣੀਆਂ ਨੂੰ ਅਪਣਾ ਧਰਮ ਬਦਲਣ ਲਈ ਕਿਹੜੇ ਕਿਹੜੇ ਲਾਲਚ ਅਤੇ ਤਸੀਹੇ ਨਹੀਂ ਦਿੱਤੇ? ਉਹ ਫਿਰ ਵੀ ਕਿਸੇ ਇੱਕ ਨੂੰ ਵੀ ਸਮਝਾਉਣ ਜਾਂ ਡਰਾਉਣ ਵਿੱਚ ਸਫਲ ਨਹੀਂ ਹੋਇਆ। ਜਿਸ ਨੇ ਮਨ ਤੇ ਜਿੱਤ ਪ੍ਰਾਪਤ ਕਰ ਲਈ ਉਹ ਫਿਰ ਕਿਸੇ ਦਾ ਗੁਲਾਮ ਕਿਵੇਂ ਰਹਿ ਸਕਦਾ ਹੈ। ਗੁਲਾਮ ਤਾਂ ਉਹੀ ਹੈ ਨਾ ਜਿਸ ਨੇ ਗੁਲਾਮੀ ਕਬੂਲ ਲਈ। ਸਦਾ ਪਾਤਸ਼ਾਹੀ ਦਾਵਾ ਰੱਖਣ ਵਾਲਾ ਨਾ ਤਾਂ ਕਿਸੇ ਦਾ ਗੁਲਾਮ ਹੁੰਦਾ ਹੈ ਤੇ ਨਾ ਹੀ ਉਸ ਨੂੰ ਕਦੀ ਹਰਾਇਆ ਜਾ ਸਕਦਾ ਹੈ। ਹਾਰਿਆ ਤਾਂ ਉਹੀ ਹੁੰਦਾ ਜੋ ਹਾਰ ਮੰਨ ਲਏ। ਜਿਸ ਨੇ ਹਾਰ ਕਬੂਲੀ ਹੀ ਨਹੀਂ ਤੁਸੀ ਸੌ ਵਾਰ ਉਸ ਨੂੰ ਹਾਰਿਆ ਗਰਦਾਨੀ ਜਾਉ। ਇਹ ਤਾਂ ਤੁਹਾਡਾ ਕੋਈ ਭਰਮ ਜਾਂ ਭੁਲੇਖਾ ਹੋ ਸਕਦਾ ਹੈ ਉਸ ਦੀ ਹਾਰ ਨਹੀਂ। ਇਹੀ ਗੱਲ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜੇਬ ਨੂੰ ਜ਼ਫ਼ਰਨਾਮੇ ਰਾਹੀ ਕਹੀ ਸੀ। ਗੁਰੂ ਸਾਹਿਬ ਨੇ ਲਿਖਿਆ ਸੀ ਕਿ ਤੂੰ ਸਮਝਦਾ ਹੈ ਕਿ ਤੂੰ ਅਨੰਦਪੁਰ ਦਾ ਕਿਲਾ ਛੁਡਵਾ ਕੇ ਜਾਂ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਨੂੰ ਮਰਵਾ ਕਿ ਜਿੱਤ ਗਿਆ ਹੈ। ਇਹ ਤੇਰਾ ਭੁਲੇਖਾ ਹੈ। ਤੂੰ ਜਿੱਤੇਗਾ ਉਦੋਂ ਜਦ ਮੈ ਹਾਰ ਮੰਨਾਂਗਾ। ਮੈ ਹਾਰ ਬਿਲਕੁਲ ਨਹੀਂ ਮੰਨੀ ਅਤੇ ਨਾ ਹੀ ਸੱਚ ਕਦੀ ਹਾਰ ਮੰਨਦਾ ਹੈ। ਅਜੇ ਮੇਰਾ ਕੁੰਡਲ਼ੀਆ ਸੱਪ ( ਖਾਲਸਾ) ਜ਼ਿੰਦਾ ਹੈ। ਗੁਰੂ ਸਾਹਿਬ ਜਾਣਦੇ ਸਨ ਕਿ ਜਿਸ ਖਾਲਸੇ ਨੇ ਅਪਣਾ ਮਨ ਜਿੱਤ ਲਿਆ ਹੈ ਉਸ ਨੂੰ ਕੌਣ ਹਰਾ ਸਕਦਾ ਹੈ। ਜੇ ਗੁਰੂ ਸਾਹਿਬ ਨੇ ਹਾਰ ਨਹੀਂ ਮੰਨੀ ਤਾਂ ਉਸ ਦਾ ਸਾਜਿਆ ਖਾਲਸਾ ਝੂਠ ਅੱਗੇ ਕਿਵੇ ਝੁਕ ਸਕਦਾ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ੧੬ ਸਾਲ ਜੇਲ ਦੀਆਂ ਸਲਾਖਾਂ ਪਿੱਛੇ ਬੰਦ ਰਹੇ। ਸਮੇਂ ਦੀ ਸਰਕਾਰ ਨੇ ਉਨ੍ਹਾਂ ਨੂੰ ਝੁਕਾਉਣ ਦਾ ਹਰ ਸੰਭਵ ਯਤਨ ਕੀਤਾ। ਭਾਈ ਸਾਹਿਬ ਨੇ ਜੇਲ੍ਹ ਵਿੱਚ ਵੀ ਕਿਸੇ ਦੀ ਗੁਲਾਮੀ ਨਹੀਂ ਮੰਨੀ। ਹੋਰ ਤਾਂ ਹੋਰ ਉਨ੍ਹਾਂ ਨੇ ਜੇਲ ਅੰਦਰ ਖਾਣਾ ਵੀ ਅਪਣੀ ਮਰਜ਼ੀ ਅਨੁਸਾਰ ਸਰਬ ਲੋਹ ਬਿਬੇਕੀ ਹੀ ਤਿਆਰ ਕਰ ਕੇ ਛੱਕਿਆਂ। ਭਾਵੇ ਇਸ ਲਈ ਉਨ੍ਹਾਂ ਨੂੰ ਕਿਨ੍ਹੀ ਵੀ ਕੀਮਤ ਤਸ਼ੱਦਦ ਰੂਪ ਵਿੱਚ ਤਾਰਨੀ ਪਈ। ਜਿਸ ਦਾ ਮਨ ਰੱਬੀ ਰੰਗ ਵਿੱਚ ਰੰਗਿਆ ਹੋਵੇ ਉਹ ਕਿਸੇ ਦਾ ਗੁਲਾਮ ਕਿਵੇ ਰਹਿ ਸਕਦਾ ਹੈ। ਖਾਲਸਾ ਪਾਤਸ਼ਾਹੀ ਦਾਵਾ ਰੱਖਦਾ ਹੋਇਆ ਵੀ ਦੁਨਿਆਵੀ ਰਾਜ-ਭਾਗ, ਸਿਕਦਾਰੀਆ ਨੂੰ ਜੁੱਤੀ ਦੀ ਨੋਕ ਤੇ ਰੱਖਦਾ ਹੈ। ਇਸੇ ਲਈ ਜਦ ਜਕਰੀਆ ਖਾਂ ਨੇ ਸਿੰਘਾ ਨੂੰ ਨਵਾਬੀ ਬਖ਼ਸ਼ੀ ਸੀ। ਪਹਿਲਾਂ ਤਾਂ ਖਾਲਸੇ ਨੇ ਠੁਕਰਾ ਹੀ ਦਿੱਤੀ ਸੀ ਕਿ ਖਾਲਸਾ ਕਿਸੇ ਤੋਂ ਖ਼ੈਰਾਤ ਨਹੀਂ ਚਾਹੁੰਦਾ। ਜਦ ਸੁਬੇਗ ਸਿੰਘ ਨੇ ਕਿਹਾ ਆਪਾ ਕਿਹੜੀ ਮੰਗੀ ਹੈ। ਇਸ ਨੂੰ ਵੀ ਰੱਬੀ ਦਾਤ ਹੀ ਸਮਝੋ ਤਾਂ ਨਵਾਬ ਕਪੂਰ ਸਿੰਘ ਨੇ ਖਾਲਸੇ ਦੇ ਚਰਨਾਂ ਨਾਲ ਛੁਹਾ ਕੇ ਹੀ ਸਵੀਕਾਰਾਂ ਸੀ। ਸੋ ਇਸ ਤੋ ਇਹ ਸਾਬਤ ਹੁੰਦਾ ਹੈ ਕਿ ਖਾਲਸਾ ਰਾਜ ਮਿਲਖ ਸਿਕਦਾਰੀਆ ਨੂੰ ਤਾਂ ਅੱਗ ਵਿੱਚ ਜਾਲ ਦਿੰਦਾ ਹੈ ਕਿਉਂਕਿ ਰਾਜ ਕਰਨਾ ਇਸ ਦੀ ਚਾਹਤ ਹੈ ਹੀ ਨਹੀਂ, ਇਸਦੀ ਚਾਹਤ ਤਾਂ ਪ੍ਰਭੂ ਚਰਨਾਂ ਦੀ ਪ੍ਰੀਤੀ ਹੈ। “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥” ( ਪੰਨਾ-੫੩੪)। ਪਰ ਅਗਰ ਪ੍ਰਭੂ ਕਿਸੇ ਸਿੰਘ ਦੀ ਜ਼ੁੰਮੇਵਾਰੀ ਲਾਉਂਦਾ ਹੈ ਤਾਂ ਖਾਲਸਾ ਇਸ ਤੋਂ ਭੱਜਦਾ ਵੀ ਨਹੀਂ। ਖਾਲਸਾ ਤਾਂ ਹੈ ਹੀ ਹੁਕਮ ਰਜ਼ਾਈ ਫਿਰ ਰੱਬੀ ਹੁਕਮ ਤੋਂ ਮਨੁਕਰ ਕਿਵੇ ਹੋ ਸਕਦਾ ਹੈ? ਕਦੀ ਵੀ ਨਹੀਂ। ਸਗੋਂ ਕਹਿੰਦਾ ਹੈ “ਜੌ ਰਾਜੁ ਦੇਹਿ ਤ ਕਵਨ ਬਡਾਈ ॥ ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥” ( ਪੰਨਾ ੫੨੫)। ਇਸ ਤਰ੍ਹਾਂ ਖਾਲਸਾ ਰਾਜ ਸਮੇਂ ਰਾਜਾ ਹੋ ਨਿਬੜਦਾ ਹੈ। “ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥ ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥ ਧਿਆਇ ਧਿਆਇ ਭਗਤਹ ਸੁਖੁ ਪਾਇਆ ॥ ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥ {ਪੰਨਾ 284} ਅਜਿਹੇ ਪੁਰਖ ਦਾ ਅੰਤ ਕੌਣ ਪਾ ਸਕਦਾ ਹੈ? ਨਹੀਂ ਪਾ ਸਕਦਾ। ਖਾਲਸੇ ਦਾ ਰਾਜ ਆਮ ਰਾਜ ਨਹੀਂ ਖ਼ਾਸ ਰਾਜ ਹੋਵੇਗਾ ਅਤੇ ਜ਼ਰੂਰ ਹੋਵੇਗਾ। ਉਹ ਰਾਜ ਦਾ ਭਗਤ ਰਵਿਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਇਸ ਤਰ੍ਹਾਂ ਜਿਕਰ ਕੀਤਾ ਹੈ। “ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ {ਪੰਨਾ 345}। ਇੱਥੇ ਇਹ ਵੀ ਸਪੱਸ਼ਟ ਕਰਨ ਦੀ ਲੋੜ ਹੈ ਕਿ ਖਾਲਸਾ ਵਕਤੀ ਤੌਰ ਤੇ ਨਹੀਂ ਸਦੀਵ ਪਾਤਸ਼ਾਹੀ ਦਾਵਾ ਕਾਇਮ ਰੱਖਦਾ ਹੈ। ਸੋ ਲੋੜ ਹੈ ਮਨ ਨੂੰ ਨਾਮ ਵਿੱਚ ਰੰਗਣ ਦੀ। ਨਾਮ ਗੁਰੂ ਤੋਂ ਪ੍ਰਾਪਤ ਹੋਣਾ ਹੈ ਇਸ ਲਈ ਆਉ ਪਿਆਰਿਓ ਪਹਿਲਾਂ ਗੁਰੂ ਧਾਰਨ ਕਰਨ ਲਈ ਪੰਚਾ ਤੋਂ ਗੁਰਦੀਖਿਆ ਪ੍ਰਾਪਤ ਕਰੀਏ। ਸੱਚੇ ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀ ਹੋਣੀ ਤੇ ਕੱਚੇ ਗੁਰੂ ਕੋਲ ਸ਼ਕਤੀ ਨਹੀਂ ਜੋ ਮੁਕਤ ਕਰ ਸਕੇ। “ ਕਾਚੇ ਗੁਰ ਤੇ ਮੁਕਤਿ ਨ ਹੂਆ ॥“ (ਪੰਨਾ-੯੩੨)।ਜਦ ਤੱਕ ਵਿਕਾਰਾਂ ਤੋਂ ਮੁਕਤ ਨਹੀਂ ਹੁੰਦਾ ਤਦ ਤੱਕ ਖਾਲਸਾ ਨਹੀਂ। ਵਿਕਾਰਾਂ ਤੋ ਮੁਕਤ ਹੋਣ ਦਾ ਇੱਕੋ ਇੱਕ ਸਾਧਨ ਹੈ ਮਨ ਨੂੰ ਨਾਮ ਵਿੱਚ ਰੰਗਣਾ। ਗੁਰ ਹੁਕਮ ਹੈ “ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ ॥ ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ ॥ ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ ॥” (ਪੰਨਾ-੪੦) ਸਤਿਗੁਰੂ ਤੋ ਬਿਨਾ ਨਾਮ ਨਹੀਂ ਮਿਲਣਾ ਭਾਵੇ ਲੱਖਾਂ ਕਰੋੜਾਂ ਯਤਨ ਕਰ ਲਈਏ। ਜਦੋਂ ਆਪਾ ਬਾਣੀ, ਬਾਣੇ ਦੇ ਧਾਰਨੀ ਹੋ ਕੇ ਖਾਲਸਈ ਕਿਰਦਾਰ ਦੇ ਧਾਰਨੀ ਹੋ ਗਏ ਤਾਂ ਫਿਰ ਹਲੇਮੀ ਰਾਜ ਤਾਂ ਹੋ ਕਿ ਹੀ ਰਹਿਣਾ ਹੈ। ਇਹ ਗੁਰ ਫੁਰਮਾਨ ਹੈ। “ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥”(ਪੰਨਾ-੭੪)।ਸੋ ਆਉ ਮਨ ਨੂੰ ਗੁਰਸ਼ਬਦ ਅਨੁਸਾਰ ਚਲਾ ਕੇ ਇਸ ਤੇ ਜਿੱਤ ਪ੍ਰਾਪਤ ਕਰੀਏ। ਹੋਰਨਾ ਨੂੰ ਗੁਰ ਸ਼ਬਦ ਵੱਲ ਪ੍ਰੇਰਣ ਲਈ ਅੰਮ੍ਰਿਤ ਦੇ ਵਪਾਰੀ ਬਣੀਏ। ਜਦ ਤੱਕ ਵਪਾਰੀ ਨਹੀਂ ਬਣਦੇ ਤਦ ਤੱਕ ਅੰਮ੍ਰਿਤ ਦੀ ਸਾਰ ਹੀ ਨਹੀਂ ਆਉਣੀ। “ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥” (ਪੰਨਾ-੯੯੩) ਜਦ ਸਾਡਾ ਕਿਰਦਾਰ ਗੁਰੂ ਆਸ਼ੇ ਅਨੁਸਾਰ ਹੋ ਗਿਆ ਤਾਂ ਫਿਰ ਗੁਰੂ ਸਾਹਿਬ ਨੇ ਖੁਦ ਸਾਰੇ ਸੰਸਾਰ ਦਾ ਰਾਜ ਖਾਲਸੇ ਦੀ ਝੋਲੀ ਪਾ ਦੇਣਾ ਹੈ।
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ
ਫ਼ੌਨ ਨੰਬਰ ੬੪੭੭੭੧੪੯੩੨