ਬੰਦੇ ਖੋਜੁ ਦਿਲ ਹਰ ਰੋਜੁ
ਅਜੋਕੇ ਸਮੇਂ ਅੰਦਰ ਕੋਈ ਵਿਰਲਾ ਹੋਵੇਗਾ ਜੋ ਰੱਬੀ ਰਜ਼ਾ ਵਿੱਚ ਰਹਿ ਕੇ ਅਨੰਦ ਮਾਣਦਾ ਹੋਵੇਗਾ ਵਰਨਾ ਸਭ ਸੰਸਾਰ ਦੀ ਦੌੜ ਹੀ ਲੱਗੀ ਹੈ ਕਿ ਮੇਰੀ ਹੀ ਚੌਧਰ ਹੋਵੇ। ਇਸ ਲਈ ਇਨਸਾਨ ਹਰ ਤਰ੍ਹਾਂ ਦੇ ਯਤਨ ਵੀ ਕਰ ਰਿਹਾ ਹੈ। ਹਰ ਕੋਈ ਕੁਰਸੀ, ਅਮੀਰੀ, ਸੁਹੱਪਣ, ਸਿਆਣਪ ਜਾਂ ਤਾਕਤ ਆਦਿ ਵੱਖ ਵੱਖ ਖੇਤਰ ਵਿੱਚ ਅਪਣੀ ਝੰਡੀ ਝੁਲਾਉਣ ਵਿੱਚ ਲੱਗਾ ਹੋਇਆ ਹੈ। ਧਾਰਮਿਕ ਦੁਨੀਆ ਦੇ ਸਾਰੇ ਬੰਦੇ ਕਹਿ ਰਹੇ ਹਨ ਕਿ ਰੱਬ ਇੱਕ ਹੈ। ਜੇ ਰੱਬ ਇੱਕ ਹੈ ਤਾਂ ਫਿਰ ਧਰਮ ਦੇ ਨਾਂ ਤੇ ਆਪਸੀ ਝਗੜੇ ਕਿਉ ? ਸ਼ਾਂਤੀ ਕਿਉਂ ਨਹੀਂ? ਹਰ ਕੋਈ ਕਹਿ ਰਿਹਾ ਹੈ ਕਿ ਸਾਡਾ ਮਤ ਹੀ ਸਭ ਤੋ ਸ੍ਰੇਸ਼ਟ ਹੈ। ਆਪਾਂ ਕੀ ਕਦੀ ਇਹ ਸੋਚਿਆ ਹੈ ਕਿ ਅਸੀਂ ਹਾਂ ਕੀ? ਕਿੱਥੋਂ ਆਏ ਹਾਂ? ਕਿੱਥੇ ਰਹਿ ਰਹੇ ਹਾਂ? ਕਿੱਥੇ ਜਾਣਾ ਹੈ? “ ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥” (ਪੰਨਾ-੧੧੯੩) ਜਦ ਇਸ ਦੁਨੀਆ ਤੇ ਆਏ ਸੀ ਤਾਂ ਕੀ ਲੈ ਕੇ ਆਏ ਸੀ? ਜਦ ਇਸ ਦੁਨੀਆ ਨੂੰ ਅਲਵਿਦਾ ਕਹਿਣਾ ਹੈ ਤਾਂ ਕੀ ਲੈ ਕੇ ਜਾਣਾ ਹੈ? ਜਿਸ ਦਿਨ ਅਸੀਂ ਇੰਨਾਂ ਸੁਆਲਾਂ ਦੇ ਉੱਤਰ ਲੱਭਣ ਵੱਲ ਧਿਆਨ ਦਿਆ ਗੇ ਤਾਂ ਸ਼ਾਇਦ ਸਾਨੂੰ ਕੁਝ ਸਮਝ ਪੈ ਜਾਏ। ਜਿਸ ਨੂੰ ਸਮਝ ਪੈ ਗਈ ਉਸ ਦੀ ਜ਼ਿੰਦਗੀ ਅਨੰਦ ਦੇ ਰਸਤੇ ਦੀ ਪਾਂਧੀ ਬਣ ਜਾਂਦੀ ਹੈ। ਉਹ ਫਿਰ ਰੋਜ ਅਪਣੇ ਮਨ ਅੰਦਰ ਸੋਚੇ ਗਾ ਮੈਂ ਅੱਜ ਕੀ ਖੱਟਿਆ ਹੈ ਤੇ ਕੀ ਗਵਾਇਆ ਹੈ। ਇਸ ਤਰ੍ਹਾਂ ਉਸ ਦੀ ਸਾਰੀ ਪਰੇਸ਼ਾਨੀ ਖਤਮ ਹੋ ਜਾਏ ਗੀ। ਕਿਉਂਕਿ ਉਸ ਨੂੰ ਸਮਝ ਪੈ ਜਾਏ ਗੀ ਕਿ ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ। ਗੁਰ ਫੁਰਮਾਣ ਹੈ “ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥”(ਪੰਨਾ-੭੨੭)
ਅੱਜ ਦਾ ਇਨਸਾਨ ਅਪਣੇ ਵੱਲ ਘੱਟ ਜਾਂ ਬਿਲਕੁਲ ਧਿਆਨ ਨਹੀਂ ਦੇ ਰਿਹਾ। ਹਮੇਸ਼ਾ ਦੂਸਰਿਆਂ ਵੱਲ ਦੇਖ ਦੇਖ ਕਿ ਅੰਦਰੋ ਅੰਦਰ ਜਲ ਰਿਹਾ ਹੈ ਜਾਂ ਇੱਕ ਦੂਜੇ ਤੋ ਅੱਗੇ ਲੰਘਣ ਦੀ ਦੌੜ ਵਿੱਚ ਲੱਗਾ ਹੋਇਆ ਹੈ। ਜੋ ਲੋਕ ਅਪਣੇ ਨਿਸ਼ਾਨੇ ਤੇ ਪਹੁੰਚਣ ਲਈ ਹਰ ਗਲਤ/ਸਹੀ ਤਰੀਕਾ ਵਰਤਦੇ ਹਨ ਇਹ ਉਨ੍ਹਾਂ ਲਈ ਬਹੁਤੀ ਚੰਗੀ ਗੱਲ ਨਹੀਂ ਹੈ। ਇਹੀ ਸੋਚ ਮਨੁੱਖ ਨੂੰ ਦੁੱਖੀ ਕਰਦੀ ਹੈ। ਦੁਨਿਆ ਦੇ ਰਸਾਂ, ਚਸਕਿਆਂ ਦੇ ਕਾਰਨ ਜੀਵ ਨੂੰ ਮਨ ਦੇ ਰੋਗ ਸਰੀਰ ਦੇ ਰੋਗ ਤੇ ਹੋਰ ਝਗੜੇ-ਝੰਬੇਲੇ ਚੰਬੜੇ ਹੀ ਰਹਿੰਦੇ ਹਨ, ਕਦੇ ਇਸ ਦੇ ਮਨ ਦਾ ਦੁੱਖ-ਕਲੇਸ਼ ਮਿਟਦਾ ਹੀ ਨਹੀਂ ਹੈ। ਰਸਾਂ ਵਿਚ ਫਸਿਆ ਮਨੁੱਖ ਪੂਰਨ ਪਾਰ੍ਰਬਹਮ ਮਾਲਕ-ਪ੍ਰਭੂ ਦੇ ਪਰਤਾਪ ਨੂੰ ਨਹੀਂ ਸਮਝਦਾ।”ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ ॥ ਪਾਰਬ੍ਰਹਮ ਪੂਰਨ ਧਨੀ ਨਹ ਬੂਝੈ ਪਰਤਾਪ ॥”(ਪੰਨਾ-੨੯੭) । ਜਿੱਥੇ ਇਹ ਤਿੰਨੇ ਰੋਗ ਆ ਗਏ ਉੱਥੇ ਅਨੰਦ ਦਾ ਕੀ ਕੰਮ ਰਹਿ ਜਾਂਦਾ ਹੈ। ਪਰ ਇਹ ਲਾ-ਇਲਾਜ ਨਹੀਂ ਹਨ। ਇਨ੍ਹਾਂ ਤਿੰਨਾਂ ਹੀ ਰੋਗਾਂ ਨੂੰ ਦੂਰ ਕਰਨ ਵਾਲਾ ਹੈ ਨਾਮ। ਜੋ ਵੀ ਨਾਮ ਬਾਣੀ ਨਾਲ ਜੁੜ ਗਿਆ ਉਸ ਨੂੰ ਅਸਲੀਅਤ ਸਮਝ ਆ ਜਾਂਦੀ ਹੈ ਫਿਰ ਉਹ ਰੱਬੀ ਹੁਕਮ ਵਿੱਚ ਚੱਲਦਾ ਹੋਇਆ ਸਦਾ ਪ੍ਰਭੂ ਅੱਗੇ ਅਰਦਾਸ ਕਰਦਾ ਰਹਿੰਦਾ ਹੈ ਜਿਸ ਦੇ ਫਲ ਸਰੂਪ ਉਸ ਦੇ ਤਿੰਨੇ ਤਾਪ ਹੀ ਦੂਰ ਹੋ ਜਾਂਦੇ ਹਨ। “ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥ ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥” (ਪੰਨਾ – ੭੧੪) ਇਸ ਦਾ ਇਹ ਮਤਲਬ ਹਰਗਿਜ ਨਹੀਂ ਲਿਆ ਸਕਦਾ ਕਿ ਮਨੁੱਖ ਨੇ ਅੱਗੇ ਨਹੀਂ ਵੱਧਣਾ ਜਾਂ ਮਿਹਨਤ ਨਹੀਂ ਕਰਨੀ। ਬਲਕਿ ਰੱਬ ਪ੍ਰਸਤ ਮਨੁੱਖ ਨੇ ਤਾਂ ਜ਼ਿਆਦਾ ਮਿਹਨਤ ਕਰਨੀ ਹੈ ਕਿਉਂਕਿ ਉਹ ਸਰਬੱਤ ਦੇ ਭਲੇ ਲਈ ਅਰਦਾਸ ਕਰਦਾ ਹੈ। ਇਸ ਲਈ ਇਹਨੇ “ਘਾਲਿ ਖਾਇ ਕਿਛੁ ਹਥਹੁ ਦੇਇ” (ਪੰਨਾ-੧੨੪੫) ਦਾ ਸਿਧਾਂਤ ਵੀ ਤਾਂ ਅਪਨਾਉਣਾ ਹੈ। ਸੋ ਇਨਸਾਨ ਨੂੰ ਭਗਤ ਨਾਮ ਦੇਵ ਜੀ ਵਾਂਗ ਜੀਉਣਾ ਚਾਹੀਦਾ ਹੈ। “ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥ {ਪੰਨਾ 1375-1376}। ਇਸ ਦਾ ਇਹ ਵੀ ਮਤਲਬ ਨਹੀਂ ਕਿ ਜੇ ਵੰਡ ਕੇ ਛੱਕਣਾ ਹੈ ਤਾਂ ਦਿਨ ਰਾਤ ਕੰਮ ਹੀ ਕਰੀ ਜਾਣਾ ਹੈ ਅਤੇ ਸਿਹਤ ਵੱਲ ਵੀ ਧਿਆਨ ਨਹੀਂ ਕਰਨਾ। ਕਈ ਸੱਜਣ ਇਸ ਤਰ੍ਹਾਂ ਦੇ ਵੀ ਮਿਲਦੇ ਹਨ ਜੋ ਪਹਿਲਾਂ ਵਿੱਤੋਂ ਬਾਹਰਾ ਕੰਮ ਕਰ ਕੇ ਪੈਸੇ ਕਮਾਉਂਦੇ ਹਨ। ਜਦ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਫਿਰ ਸਾਰੇ ਪੈਸੇ ਇਲਾਜ ਤੇ ਲਾ ਦਿੰਦੇ ਹਨ। ਇਸ ਤਰ੍ਹਾਂ ਪੈਸੇ ਅਤੇ ਸਿਹਤ ਦਿਨਾਂ ਤੋਂ ਹੱਥ ਧੋਹ ਬੈਠਦੇ ਹਨ। ਇਸੇ ਲਈ ਗੁਰੂ ਸਾਹਿਬ ਨੇ ਫ਼ੁਰਮਾਇਆ ਹੈ “ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥” (ਪੰਨਾ-੬੭੯)। ਭਾਵ ਹਿੰਮਤ ਹਾਰਨੀ ਨਹੀਂ ਅਤੇ ਰਹਿਣਾ ਵਿੱਤ ਵਿੱਚ ਹੀ ਹੈ। ਇਹ ਸਰੀਰ ਅਸਲ ਵਿੱਚ ਆਪਾ ਨੂੰ ਨਾਮ ਜਪਣ ਲਈ ਮਿਲਿਆ ਹੈ। ਨਾਮ ਜਪਣ ਲਈ ਸਰੀਰ ਦਾ ਹੋਣਾ ਜ਼ਰੂਰੀ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਪੋਸ਼ਟਿਕ ਖ਼ੁਰਾਕ ਅਤੇ ਕਸਰਤ ਵੀ ਜ਼ਰੂਰੀ ਹੈ। ਸੋ ਖ਼ੁਰਾਕ ਲਈ ਪੈਸਾ ਚਾਹੀਦਾ ਹੈ ਅਤੇ ਪੈਸੇ ਕਮਾਉਣ ਲਈ ਕੰਮ ਤਾਂ ਕਰਨਾ ਹੀ ਪਏਗਾ ਕਿਉਂਕਿ ਰੱਬ ਪ੍ਰਸਤ ਹਰਾਮ ਦਾ ਤਾਂ ਖਾਹ ਨਹੀਂ ਸਕਦਾ।
ਜਦ ਅਮੀਰੀ, ਗਰੀਬੀ, ਵਡਿਆਈ ਆਦਿ ਸਭ ਰੱਬ ਜੀ ਦੇ ਹੱਥ ਹਨ ਤਾਂ ਫਿਰ ਮਨੁੱਖ ਕਿਉਂ ਹਉਮੈ ਦੀ Tension ਵਿੱਚ ਜਿਉਂਦਾ ਹੈ। ਜੋ ਮਨੁੱਖ ਅਪਣੇ ਹੰਕਾਰ/ਹਉਮੈ ਲਈ ਦੂਜਿਆਂ ਦਾ ਨੁਕਸਾਨ ਕਰਦਾ ਹੈ ਉਸ ਨੂੰ ਗੁਰੂ ਸਾਹਿਬ ਮਨੁੱਖ ਮੰਨਦੇ ਹੀ ਨਹੀਂ ਬਲਕਿ ਉਸ ਬਾਰੇ ਕਹਿੰਦੇ ਹਨ ਇਹ ਕਹਿਣ ਨੂੰ ਮਨੁੱਖ ਹੈ ਕਰਤੂਤਾਂ ਤਾਂ ਇਸ ਦੀਆਂ ਪਸ਼ੂ ਵਾਲੀਆਂ ਹਨ। “ਕਰਤੂਤਿ ਪਸੂ ਕੀ ਮਾਨਸ ਜਾਤਿ” (ਪੰਨਾ-੨੬੭)।ਜੇ ਅਪਣੀ ਚਤੁਰਾਈ ਜਾਂ ਵੋਟਾਂ ਨਾਲ ਮਨਮੋਹਨ ਸਿੰਘ ਭਾਰਤ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਤਾਂ ਨਹੀਂ ਸੀ ਬਣ ਸਕਦਾ। ਬਲਕਿ ਇੱਕ ਵਾਰ ਉਸ ਨੇ ਚੋਣ ਲੜੀ ਵੀ ਸੀ ਅਤੇ ਹਾਰ ਗਿਆ ਸੀ। ਗੁਰੂ ਨੇ ਉਸ ਨੂੰ ਵਡਿਆਈ ਦੇਣੀ ਸੀ ਇਸ ਲਈ ਉਹ ਦਸ ਸਾਲ ਭਾਰਤ ਦਾ ਪ੍ਰਧਾਨ ਮੰਤਰੀ ਰਹਿ ਗਿਆ। ਸੰਸਾਰ ਵਿੱਚ ਉਸ ਦੀ ਮਿਹਨਤ ਅਤੇ ਇਮਾਨਦਾਰੀ ਇੱਕ ਉਦਾਹਰਣ ਹੈ।
ਇਹ ਰੋਜ਼ ਖੋਜਣ ਦੀ ਲੋੜ ਹੈ ਕਿ ਮੈਂ ਅੱਜ ਸਾਰਾ ਦਿਨ ਕੀ ਕੀਤਾ ਹੈ? ਕੀ ਕਰਨਾ ਚਾਹੀਦਾ ਸੀ? ਕੀ ਗਲਤ ਕੀਤਾ ਤੇ ਕੀ ਠੀਕ ਕੀਤਾ ਹੈ? ਅਪਣੇ ਆਪ ਵਿੱਚ ਤਾਂ ਹਰ ਇਨਸਾਨ ਸਹੀ ਹੀ ਹੁੰਦਾ ਹੈ ਤਾਂ ਹੀ ਤਾਂ ਇਹ ਦੂਸਰਿਆਂ ਦੀਆਂ ਗਲਤੀ ਕੱਢਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਅਸਲ ਵਿੱਚ ਪੂਰਾ ਅਤੇ ਸਹੀ ਉਸੇ ਨੂੰ ਕਿਹਾ ਜਾ ਸਕਦਾ ਹੈ ਜੋ ਰੱਬੀ ਦਰਗਾਹ ਵਿੱਚ ਇੱਜ਼ਤ ਪਾਉਂਦਾ ਹੈ।ਇਸ ਦਾ ਪਤਾ ਤਾਂ ਉਸ ਸਮੇਂ ਚੱਲਦਾ ਹੈ ਜਦ ਇਨਸਾਨ ਦੇ ਕਰਮ ਨੂੰ ਰੱਬੀ ਦਰਗਾਹ ਵਿੱਚ ਪਰਖਿਆ/ਤੋਲਿਆ ਜਾਂਦਾ ਹੈ। “ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥ {ਪੰਨਾ 469}। ਅਸਲ ਵਿੱਚ ਇਨਸਾਨ ਹੈ ਕੀ? ਸਰੀਰ, ਹੱਥ-ਪੈਰ, ਦਿੱਲ-ਦਿਮਾਗ, ਲੱਤਾਂ- ਬਾਂਹਾਂ, ਮੂੰਹ-ਸਿਰ ਆਦਿ ਜਾਂ ਕੁਝ ਹੋਰ? ਜੇ ਇਸੇ ਨੂੰ ਹੀ ਇਨਸਾਨ ਕਹਿੰਦੇ ਹਨ ਤਾਂ ਫਿਰ ਆਪਾ ਇਸ ਨੂੰ ਮਰਿਆ ਕਹਿ ਕੇ ਸਾੜਦੇ, ਦੱਬਦੇ ਜਾਂ ਪਾਣੀ ਵਿੱਚ ਰੋੜ ਕਿਉਂ ਦਿੰਦੇ ਹਾਂ? ਅਸਲ ਵਿੱਚ ਇਹ ਸਾਰੇ ਅੰਗ ਸਰੀਰ ਦੇ ਨਾਲ ਹੀ ਹੁੰਦੇ ਹਨ ਪਰ ਜਦੋਂ ਹਰਕਤ/ ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਆਪਾ ਇਸ ਨੂੰ ਮਰਿਆ ਆਖਦੇ ਹਾਂ। ਹੁਣ ਜ਼ਰ੍ਹਾ ਧਿਆਨ ਕਰਨਾ। ਅਸਲ ਵਿੱਚ ਇਨਸਾਨ ਇਹ ਹੈ ਹੀ ਨਹੀਂ ਜਿਸ ਨੂੰ ਆਪਾ ਸਾਜ-ਸੰਵਾਰਨ, ਖੁਵਾਉਣ ਆਦਿ ਵਿੱਚ ਲੱਗੇ ਹੋਏ ਹਾਂ। ਹਾਂ ਇਹ ਸਰੀਰ ਰੱਬੀ ਦੇਣ ਹੈ ਅਤੇ ਇਸ ਦੀ ਸੰਭਾਲ਼ ਅਤੇ ਸਫਾਈ ਦਾ ਧਿਆਨ ਰੱਖਣਾ ਸਾਡਾ ਫਰਜ਼ ਬਣਦਾ ਹੈ। ਇਸ ਲਈ ਸਰੀਰਕ ਕਸਰਤ ਕਰਨਾ, ਇਸ਼ਨਾਨ ਕਰਨਾ ਇਸ ਨੂੰ ਢੱਕ ਕੇ ਰੱਖਣਾ ਗਰਮੀ ਸਰਦੀ ਤੋ ਬਚਾਉਣ ਲਈ ਸਮੇਂ ਅਨੁਸਾਰ ਪਹਿਨਣਾ ਅਤੇ ਖਾਣਾ ਇਸ ਦੇ ਲਈ ਜ਼ਰੂਰੀ ਹੈ। ਹੁਣ ਸੁਆਲ ਬਣ ਗਿਆ ਜੇ ਇਹ ਇਨਸਾਨ ਨਹੀਂ ਤਾਂ ਫਿਰ ਇਨਸਾਨ ਕੀ ਹੈ? ਅਸਲ ਵਿੱਚ ਜੋ ਇਸ ਨੂੰ ਚਲਾ ਰਿਹਾ ਹੈ ਉਹੀ ਇਨਸਾਨ ਹੈ। ਜਿਸ ਨੂੰ ਸ਼ਬਦ (ਸੱਚ, ਰੱਬ, ਅੱਲਾ,ਬੀਠਲ,ਰਹੀਮ, ਰਾਮ,ਖੁਦਾ,ਗੌਡ,ਵਾਹਿਗੁਰੂ, ਕੋਈ ਵੀ ਨਾਮ ਦੇ ਲਉ) ਚਲਾ ਰਿਹਾ ਹੈ। ਇਸ ਸੰਸਾਰ ਵਿੱਚ ਆਏ ਤਾਂ ਇਸ ਸੱਚ, ਸਬਦ, ਰੱਬ ਜਾ ਵਾਹਿਗੁਰੂ ਨੂੰ ਮਿਲਣ ਲਈ ਸੀ ਜਿਸ ਤੋਂ ਪੈਦਾ ਹੋਏ ਪਰ ਹੋਰ ਕੰਮਾਂ ਵਿੱਚ ਉਲਝ ਕੇ ਰਹਿ ਗਏ ਜੋ ਕਿਸੇ ਕੰਮ ਹੀ ਨਹੀਂ ਆਉਣੇ। ਜਿਸ ਤੋ ਪੈਦਾ ਹੋਏ ਸੀ ਸਮਾਉਣਾ ਤਾਂ ਉਸ ਵਿੱਚ ਸੀ ਪਰ ਉਲਝ ਗਏ ਵਿਕਾਰਾਂ ਵਿੱਚ। “ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥”(ਪੰਨਾ-੧੨)।ਸੱਚ, ਸਬਦ, ਵਾਹਿਗੁਰੂ ਰੱਬ ਨੂੰ ਭੁੱਲ ਜਾਣ ਕਰਕੇ ਹੀ ਕੋਈ ਮੂਰਤੀ, ਮੜੀ, ਪਸ਼ੂ, ਸੂਰਜ, ਚੰਦ, ਪਾਣੀ ਜਾਂ ਦਰਖਤ ਆਦਿ ਪੂਜਕ ਬਣ ਗਏ। ਇਸੇ ਲਈ ਰੱਬ ਦੇ ਨਾਮ ਤੇ ਆਪਸ ਵਿੱਚ ਲੜ ਰਹੇ ਹਨ। ਰਹਿਣਾ ਤਾਂ ਰੱਬੀ ਰਜ਼ਾ ਵਿੱਚ ਹੀ ਪੈਣਾ ਹੈ।ਜੋ ਵੀ ਜੀਵ ਰੱਬੀ ਰਜ਼ਾ ਵਿੱਚ ਰਹਿ ਰਿਹਾ ਹੈ ਉਹ ਖੁਸ਼ ਹੈ ਭਾਵੇਂ ਉਹ ਜਾਨਵਰ, ਕੀਟ, ਪੰਛੀ ਹੀ ਕਿਉਂ ਨਾ ਹੋਵੇ।ਜੋ ਵੀ ਅਪਣੀ ਮਰਜ਼ੀ ਨਾਲ ਰਹਿਣਾ ਚਾਹੁੰਦਾ ਹੈ ਉਹ ਦੁੱਖੀ ਹੈ। ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਪਾਉਣ, ਪਾਣੀ, ਬੈਸੰਤਰ ਵੀ ਉਸ ਦੀ ਰਜ਼ਾ ਵਿੱਚ ਰਹਿ ਕੇ ਉਸ ਨੂੰ ਹੀ ਗਾ ਰਹੇ ਹਨ।”ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ।” (ਪੰਨਾ-੮)।ਇੱਕ ਮਨੁੱਖ ਹੀ ਹੈ ਜਿਸ ਨੇ ਆਪਣੇ ਆਪ ਨੂੰ ਇਨ੍ਹਾਂ ਸਿਆਣਾ ਸਮਝ ਲਿਆ ਹੈ ਕਿ ਇਸ ਨੇ ਰੱਬ ਵੀ ਅਪਣੇ ਅਪਣੇ ਬਣਾ ਲਏ ਅਤੇ ਰੱਬ ਨੂੰ ਵੀ ਅਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦਾ ਹੈ। ਇਹ ਤਾਂ ਰੱਬ ਨੂੰ ਵੀ ਰਿਸ਼ਵਤ ਖੋਰ ਸਮਝਦਾ ਹੈ ਇਸੇ ਲਈ ਹੀ ਇਸ ਨੂੰ ਸੁਖਨਾ ਜਾਂ ਮੰਨਤ ਦਾ ਨਾਮ ਦੇ ਕੇ ਅਪਣਾ ਕੰਮ ਕਰਾਉਣਾ ਚਾਹੁੰਦਾ ਹੈ। ਅਤੇ ਇਸੇ ਭਰਮ ਵਿੱਚ ਹੀ ਰਹਿੰਦਾ ਹੋਇਆ ਭੁੱਲ ਜਾਂਦਾ ਹੈ ਕਿ ਰੱਬ ਕਿਸੇ ਤੋਂ ਕੋਈ ਸਲਾਹ ਨਹੀਂ ਪੁੱਛਦਾ ਬਲਕਿ ਅਪਣੀ ਮਰਜ਼ੀ ਕਰਦਾ ਹੈ। “ਬੀਓ ਪੂਛਿ ਨ ਮਸਲਤਿ ਧਰੈ ॥ ਜੋ ਕਿਛੁ ਕਰੈ ਸੁ ਆਪਹਿ ਕਰੈ ॥” (ਪੰਨਾ-੮੬੩) ਸਿੱਖ ਧਰਮ ਵਿੱਚ ਸਰੀਰ ਨੂੰ ਗੁਰੂ ਨਹੀਂ ਮੰਨਿਆ ਬਲਕਿ ਸ਼ਬਦ ਨੂੰ ਗੁਰੂ ਮੰਨਿਆ ਹੈ। ਜੋ ਕੇ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਹੀ ਸਪੱਸ਼ਟ ਸ਼ਬਦਾ ਵਿੱਚ ਕਿਹਾ ਹੈ। “ਸਬਦੁ ਗੁਰੂ ਸੁਰਤਿ ਧੁਨਿ ਚੇਲਾ॥” (ਪੰਨਾ-੯੪੩)। ਜਿੱਥੇ ਗੁਰੂ ਸ਼ਬਦ ਹੈ ਸਰੀਰ ਨਹੀਂ ਸਪੱਸ਼ਟ ਹੁੰਦਾ ਹੈ ਉੱਥੇ ਸਿੱਖ ਵੀ ਸਰੀਰ ਨਹੀਂ ਬਲਕਿ ਸੁਰਤਿ ਸਿੱਧ ਹੁੰਦਾ ਹੈ। ਸੁਰਤਿ ਜੇ ਸ਼ਬਦ ਦਾ ਚੇਲਾ ਬਣ ਗਈ ਤਾਂ ਫਿਰ ਇਸ ਨੇ ਮਤਿ, ਮਨ ਅਤੇ ਬੁਧਿ ਨੂੰ ਘੜ ਲੈਣਾ ਹੈ। “ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥” (ਪੰਨਾ-੮)।ਜੋ ਸੁਰਤਿ ਸ਼ਬਦ ਤੋਂ ਵਾਂਝੀ ਰਹਿ ਗਈ ਉਹ ਹੰਕਾਰ ਦੇ ਵਾਦ-ਵਿਵਾਦ ਵਿੱਚ ਘਿਰ ਜਾਂਦੀ ਹੈ। ਜੋ ਸੁਰਤਿ ਨੂੰ ਮਿਲਿਆ ਉਹੀ ਮਤਿ, ਮਨਿ ਬੁੱਧ ਨੂੰ ਮਿਲਦਾ ਹੈ। ਫਿਰ ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਤਾਂ ਇਨਸਾਨ ਨੂੰ ਦੁਖੀ ਹੀ ਕਰਨ ਗੇ। ਅਸਲ ਵਿੱਚ ਦੁਖੀ ਤਾਂ ਸੁਰਤਿ ਹੀ ਹੁੰਦੀ ਹੈ ਕਿਉਂਕਿ ਇਸ ਦੀ ਖ਼ੁਰਾਕ ਹੈ ਸ਼ਬਦ। ਜਿਸ ਸ਼ਬਦ ਤੋਂ ਸਭ ਕੁਝ ਪੈਦਾ ਹੋਇਆ ਹੈ, ਉਹ ਹੀ ਤਾਂ ੧ ਹੈ।“ ਕੀਤਾ ਪਸਾਉ ਏਕੋ ਕਵਾਉ ॥ਤਿਸ ਤੇ ਹੋਇ ਲਖ ਦਰੀਆਉ॥(ਪੰਨਾ-੩)। ਇਸ ਸੁਰਤਿ ਨੂੰ ਸ਼ਬਦ(ਖ਼ੁਰਾਕ) ਦੀ ਬਜਾਏ ਚੁਗਲੀ, ਨਿੰਦਾ, ਬੇ-ਇਮਾਨੀ, ਠੱਗੀ, ਚਤੁਰਾਈ ਮਿਲ ਰਹੀ ਹੈ ਜੋ ਇਸ ਲਈ ਜ਼ਹਿਰ ਹੈ। ਇਹ ਜ਼ਹਿਰ ਹੀ ਫਿਰ ਸੁਰਤਿ ਦੀ ਮੌਤ ਦਾ ਕਾਰਣ ਬਣਦਾ ਹੈ। ਸ਼ਬਦ ਜੋ ਇਨਸਾਨ ਨੂੰ ਜ਼ਿੰਦਗੀ ਦਿੰਦਾ ਹੈ ਉਹ ਕਦੀ ਨਹੀਂ ਮਰਦਾ। “ਦੇਹੀ ਮਾਟੀ ਬੋਲੈ ਪਉਣੁ ॥ ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥ ਮੂਈ ਸੁਰਤਿ ਬਾਦੁ ਅਹੰਕਾਰੁ ॥ ਓਹੁ ਨ ਮੂਆ ਜੋ ਦੇਖਣਹਾਰੁ”॥(ਪੰਨਾ-੧੫੨)। ਜਿਸ ਨੇ ਵੀ ਸ਼ਬਦ ਰਾਹੀ ਸੁਰਤਿ, ਮਤਿ, ਮਨਿ ਅਤੇ ਬੁਧਿ ਨੂੰ ਘੜ ਲਿਆ ਉਸ ਨੂੰ ਅਪਣੇ ਆਪ ਹੀ ਸਮਝ ਪੈ ਜਾਏਗੀ ਕਿ ਰੱਬ ਜੀ ਤਾਂ ਮੇਰੇ ਨਾਲ ਹੀ ਹੈ। “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥ {ਪੰਨਾ 441}।
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫ਼ੋਨ – ੬੪੭੭੭੧੪੯੩੨