ਭਾਈ ਬਚਿੱਤਰ ਸਿੰਘ ਜੀ
8 ਦਸੰਬਰ 1705 ਵਾਲੇ ਦਿਨ ਭਾਈ ਬਚਿੱਤਰ ਸਿੰਘ ਜੀ, ਰੰਘੜਾ ਨਾਲ ਹੋਈ ਭਿੜੰਤ ਵੇਲੇ ਜੂਝਦੇ ਹੋਏ, ਰਣ ਤਤੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਹੋ ਗਏ, ਅਤੇ ਸ਼ਹੀਦੀ ਪ੍ਰਾਪਤ ਕੀਤੀ:
ਗੁਰਦੀਪ ਸਿੰਘ ਜਗਬੀਰ ( ਡਾ.)
6 ਮਈ 1664 ਵਾਲੇ ਦਿਨ ਸ਼ਹੀਦ ਭਾਈ ਬਚਿੱਤਰ ਸਿੰਘ ਦਾ ਜਨਮ, ਪਿੰਡ ਪਧਿਆਣਾ (ਪਧਿਆਣਾ ਹੁਣਵੇਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਆਦਮਪੁਰ ਦਾ ਇੱਕ ਪਿੰਡ ਹੈ।) ਵਿਖੇ ਹੋਇਆ ਸੀ। ਸ਼ਹੀਦ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਦੇ ਦਸ ਪੁੱਤਰਾਂ, ਭਾਈ ਚਿੱਤਰ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ, ਭਾਈ ਅਨੈਕ ਸਿੰਘ, ਭਾਈ ਅਜੈਬ ਸਿੰਘ, ਭਾਈ ਅਜਾਬ ਸਿੰਘ,ਭਾਈ ਗੁਰਬਖਸ਼ ਸਿੰਘ, ਭਾਈ ਭਗਵਾਨ ਸਿੰਘ, ਭਾਈ ਬਲਰਾਮ ਸਿੰਘ, ਭਾਈ ਦੇਸਾ ਸਿੰਘ, ਵਿੱਚੋ ਦੂਜੇ ਨੰਬਰ’ ਤੇ ਸਨ।
30 ਮਾਰਚ 1699 ਈਸਵੀ ਵਾਲੇ ਦਿਨ ਜਦੋਂ ਸਤਿਗੁਰੂ ਸਾਹਿਬੇ ਕਮਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦ ਪੁਰ ਸਾਹਿਬ ਵਿਖੇ, ਇਤਿਹਾਸਕ ਵਿਸਾਖੀ ਵਾਲੇ ਦਿਹਾੜੇ’ ਤੇ, ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਉਸੇ ਦਿਨ ਹੀ ਸ਼ਹੀਦ ਭਾਈ ਬਚਿੱਤਰ ਸਿੰਘ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਅਤੇ ਖ਼ਾਲਸਾ ਪੰਥ ਵਿਚ ਸ਼ਾਮਲ ਹੋ ਗਏ ਸਨ।
ਪਹਾੜੀ ਰਾਜਿਆਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਪਹਿਲੀ ਜੰਗ ਦੇ ਮੁਕਾਮ’ ਤੇ ਭਾਈ ਬਚਿੱਤਰ ਸਿੰਘ ਜੀ ਨੇ ਇਕ ਵਡੇ ਯੋਦੇ ਦੇ ਰੂਪ ਵਿੱਚ ਐਸੇ ਜੰਗੀ ਕਰਤੱਬ ਦਿਖਾਏ ਸਨ ਕੇ ਦੁਸ਼ਮਣ ਨੇ ਵੀ ਮੂੰਹ ਵਿੱਚ ਉਂਗਲਾਂ ਪਾ ਲਈਆਂ ਸਨ।
ਸ੍ਰੀ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਦੇ ਮੌਕੇ, 1 ਸਤੰਬਰ 1700 ਵਾਲਾ ਦਿਨ ਸੀ ਅਤੇ ਸਤਿਗੁਰੂ ਜੀ ਨੂੰ ਦੁਸ਼ਮਣਾਂ ਦੀ ਵਿਉਂਤ ਦੀ ਖਬਰ ਮਿਲੀ ਕੇ ਸ੍ਰੀ ਅਨੰਦਗੜ੍ਹ ਕਿਲ੍ਹੇ ਦੇ ਪ੍ਰਮੁੱਖ ਦੁਆਰ ਨੂੰ ਤੋੜਨ ਦੇ ਲਈ ਪਹਾੜੀ ਰਾਜਿਆਂ ਨੇ ਇਕ ਹਾਥੀ ਨੂੰ ਸ਼ਰਾਬ ਦੇ ਨਸ਼ੇ ਵਿਚ ਮਸਤ ਕਰਕੇ ਕਿਲ੍ਹੇ ਵੱਲ ਭੇਜਣ ਦੀ ਵਿਉਂਤ ਬਣਾਈ ਹੈ। ਸਤਿਗੁਰੂ ਜੀ ਨੇ ਇਸ ਮਸਤ ਹਾਥੀ ਦੇ ਨਾਲ ਮੁਕਾਬਲੇ ਦੀ ਜ਼ਿੰਮੇਵਾਰੀ ਭਾਈ ਦੁਨੀ ਚੰਦ ਨੂੰ ਸੌਂਪੀ। ਪਰ ਦੁਨੀ ਚੰਦ ਦੇ ਮੁੱਕਦਰ ਵਿੱਚ ਸ਼ਹਾਦਤ ਨਹੀਂ ਸੀ,ਇਸ ਕਰਕੇ ਉਹ ਕੰਧ ਟੱਪ ਕੇ ਭੱਜ ਗਿਆ ਸੀ।
ਭਾਈ ਦੁਨੀ ਚੰਦ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਅਨਿਨ ਸਿੱਖ ਸੀ।ਇਹ ਭਾਈ ਸਾਲੋ ਜੀ ਦਾ ਪੋਤਾ ਸੀ। ਭਾਈ ਸਾਲ੍ਹੋ ਜੀ ਵੀ ਗੁਰੂ ਦਰਘਰ ਦੇ ਪੱਕੇ ਸ਼ਰਧਾਲੂਆਂ ਵਿਚੋਂ ਸਨ। ਸ੍ਰੀ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿਚ ਸਤਿਗੁਰੂ ਜੀ ਦੀ ਫ਼ੌਜ ਦੇ ਲਈ ਮਾਝੇ ਤੋਂ ਪੰਜ ਸੌ ਦੇ ਕਰੀਬ ਮਝੈਲਾਂ ਦਾ ਜੱਥਾ ਪੁੱਜਾ ਸੀ, ਇਨ੍ਹਾਂ ਦੇ ਵਿੱਚ ਹੀ ਭਾਈ ਦੁਨੀ ਚੰਦ ਵੀ ਸੀ।
ਅਸਲ ਵਿੱਚ,ਇਸ ਜੰਗ ਵਿਚ ਪਹਾੜੀ ਰਾਜੇ ਜਦੋਂ ਆਪਣਾ ਚੋਖਾ ਨੁਕਸਾਨ ਕਰਵਾ ਚੁੱਕੇ ਸਨ ਅਤੇ ਫੇਰ ਵੀ ਕਿਸੇ ਤਰ੍ਹਾਂ ਦੇ ਨਾਲ ਵੀ ਉਨ੍ਹਾਂ ਤੋਂ, ਸ੍ਰੀ ਅਨੰਦਗੜ੍ਹ ਕਿਲ੍ਹੇ ਦਾ ਦਰਵਾਜ਼ਾ ਨਾ ਤੋੜਿਆ ਜਾ ਸਕਿਆ ਤਾਂ ਅਖ਼ੀਰ, ਜਸਵਾਲੀਏ ਰਾਜਾ ਕੇਸਰੀ ਚੰਦ ਨੇ ਇਕ ਤਰਕੀਬ ਘੜੀ ਕਿ ਇਕ ਹਾਥੀ ਨੂੰ ਸ਼ਰਾਬ ਦੇ ਨਸ਼ੇ ਵਿਚ ਮਸਤ ਕਰਕੇ ਸ੍ਰੀ ਅਨੰਦਗੜ੍ਹ ਕਿਲ੍ਹੇ ਦੇ ਪ੍ਰਮੁੱਖ ਦੁਆਰ ਨੂੰ ਹੀ ਤੋੜ ਦਿੱਤਾ ਜਾਵੇ।
ਸਾਹਿਬੇ ਕਮਾਲ ਜੀ ਨੂੰ ਜਦੋਂ ਦੁਸ਼ਮਣ ਦੀ ਇਸ ਵਿਉਂਤ ਬਾਬਤ ਪਤਾ ਲਗਾ ਤਾਂ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਦੁਨੀ ਚੰਦ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸਾਡੇ ਪਾਸ ਵੀ ਇਕ ਹਾਥੀ ਹੈ। ਜਿਹੜਾ ਪਹਾੜੀਆਂ ਦੇ ਇਸ ਸ਼ਰਾਬੀ ਹਾਥੀ ਨਾਲ ਲੜੇਗਾ। ਇਹ ਸੁਣਦੇ ਸਾਰ ਹੀ ਦੁਨੀ ਚੰਦ ਦਾ ਮੂੰਹ ਪੀਲਾ ਪੈ ਗਿਆ। ਇਸ ਨੇ ਮੈਦਾਨ ਵਿਚੋਂ ਕਾਇਰਾਂ ਵਾਗੂੰ ਭੱਜ ਜਾਣ ਦਾ ਫੈਸਲਾ ਕਰ ਲਿਆ। ਭਾਈ ਦਇਆ ਸਿੰਘ ( ਪੰਜ ਪਿਆਰਿਆਂ ਵਿਚੋਂ ) ਅਤੇ ਹੋਰ ਸਿੰਘਾਂ ਨੇ ਵੀ ਇਸ ਨੂੰ ਬਥੇਰਾ ਸਮਝਾਇਆ ਕਿ ਐਸਾ ਮੌਕਾ ਹਰ ਕਿਸੇ ਨੂੰ ਨਹੀਂ ਮਿਲਦਾ। ਸਤਿਗੁਰੂ ਜੀ ਨੇ ਤੈਨੂੰ ਇਸ ਮਸਤ ਹਾਥੀ ਨਾਲੋਂ ਕਈ ਗੁਣਾ ਵਧ ਬਲ ਬਖ਼ਸ਼ ਕੇ ਇਸ ਹਾਥੀ ਰਾਹੀਂ ਦੁਸ਼ਮਣਾਂ ਨੂੰ ਭਾਂਜ ਪਾਉਣੀ ਹੈ। ਸਿੰਘਾਂ ਨੇ ਇਹ ਵੀ ਸਮਝਾਇਆ ਕੇ ਜੰਗ ਵੇਲੇ ਗੁਰੂ ਤੋਂ ਬੇਮੁੱਖ ਹੋਣ ਦਾ ਮੱਤਲਬ ਹੈ, ਸਿੱਧਾ ਨਰਕ ਵਿਚ ਪੈਣਾ। ਪਰ ਉਹ ਮੰਨਿਆ ਨਾ ਅਤੇ ਅੱਧੀ ਰਾਤ ਵੇਲੇ ਕਿਲ੍ਹੇ ਦੀ ਕੰਧ ਨੂੰ ਰੱਸਾ ਬੰਨ੍ਹ ਕੇ ਕੰਧ ਟੱਪਣ ਦੀ ਕੋਸ਼ਿਸ਼ ਕੀਤੀ। ਜਦੋਂ ਦੂਸਰੇ ਪਾਸੇ ਕੰਧ ਤੋਂ ਹੇਠਾਂ ਉਤਰਣ ਲਗਾ ਤਾਂ ਰੱਸੀ ਟੁੱਟ ਗਈ ਅਤੇ ਹੇਠਾਂ ਜਾ ਡਿਗਾ ਜਿਸ ਨਾਲ ਇਸ ਦੀ ਲੱਤ ਟੁੱਟ ਗਈ।
ਹੁਣ ਸਤਿਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਸਦਿਆ ਅਤੇ ਥਾਪੜਾ ਦੇ ਕੇ, ਨਾਗਣੀ ਬਰਛੀ ਭਾਈ ਸਾਹਿਬ ਦੇ ਹੱਥ ਫ਼ੜਾ ਦਿੱਤੀ।ਇਹ ਇਕ ਬਹੁਤ ਵੱਡੀ ਜ਼ਿੰਮੇਵਾਰੀ ਸੀ ਜਿਸ ਨੂੰ ਨਿਭਾਉਣ ਦੇ ਲਈ, ਸਤਿਗੁਰ ਗੁਰੂ ਗੋਬਿੰਦ ਸਿੰਘ ਨੇ ਜੀ ਨੇ ਸ਼ਰਾਬੀ ਹਾਥੀ ਦਾ ਸਾਹਮਣਾ ਕਰਣ ਦੇ ਲਈ ਭਾਈ ਬਚਿੱਤਰ ਸਿੰਘ ਨੂੰ ਚੁਣਿਆ ਸੀ।
ਭੱਖੇ ਹੋਏ ਜੰਗ ਦੇ ਮੈਦਾਨ ਵਿੱਚ ਸ਼ਰਾਬ ਦੇ ਨਸ਼ੇ ਵਿੱਚ, ਮਸਤ ਹਾਥੀ ਆਪਣੀ ਗਰਦਨ ਹਿਲਾਂਉਂਦਿਆਂ ਹੋਇਆ ਕਿਲ੍ਹੇ ਦੇ ਮੁੱਖ ਦੁਆਰ ਵੱਲ ਵੱਧ ਰਿਹਾ ਸੀ।ਉਸਦੇ ਪਿੱਛੇ ਪਹਾੜੀਏ ਅਤੇ ਮੁਗਲਾਂ ਦੀਆਂ ਸਾਂਝੀਆਂ ਫੌਜਾਂ ਪੂਰੀ ਜਿੱਤ ਦੀ ਉਮੀਦ ਦੇ ਨਾਲ, ਪਿੱਛੇ ਪਿੱਛੇ ਤੁਰ ਰਹੀਆਂ ਸਨ। ਇੱਧਰ ਇਕਹਿਰੇ ਜਿਹੇ ਜਿਸਮ ਵਾਲੇ ਭਾਈ ਸਾਹਿਬ ਬਚਿੱਤਰ ਸਿੰਘ ਜੀ ਆਪਣੀ ਨਾਗਣੀ ਬਰਛੀ ਦੇ ਨਾਲ ਘੋੜੇ ਉਪਰ ਸਵਾਰ ਹੋ ਕੇ ਮਸਤ ਹਾਥੀ ਵੱਲ ਵਧੇ।
ਭਾਈ ਸਾਹਿਬ ਨੇ ਨਾਗਣੀ ਦਾ ਐਸਾ ਵਾਰ ਉਸ ਮਸਤ ਹਾਥੀ ਉੱਤੇ ਕੀਤਾ ਕਿ ਨਾਗਣੀ ਬਰਛੀ ਹਾਥੀ ਦੇ ਸਿਰ’ ਤੇ ਬੱਧੇ ਕਵਚ ਨੂੰ ਚੀਰਦੀ ਹੋਈ ਹਾਥੀ ਦੇ ਮੱਥੇ ਵਿੱਚ ਜਾ ਵੱਜੀ। ਜ਼ਖ਼ਮੀ ਹੋਇਆ ਹਾਥੀ ਚੰਘਿਆੜੇ ਮਾਰਦਾ ਹੋਇਆ ਪਿੱਛੇ ਮੁੜ ਕੇ ਆਪਣੀਆਂ ਹੀ ਫੌਜਾਂ ਉਪਰ ਚੜ੍ਹ ਕੇ ਉਨ੍ਹਾਂ ਨੂੰ ਰੋਂਦਦਾ ਹੋਇਆ, ਸਾਂਝੀਆਂ ਫ਼ੌਜਾਂ ਦਾ ਹੀ ਨੁਕਸਾਨ ਕਰਦਾ ਹੋਇਆ, ਤੁਰਿਆ ਗਿਆ। ਇੰਜ ਇਹ ਮੁਕਾਬਲਾ ਸਿੱਖਾਂ ਦੇ ਪੱਖ ਵਿੱਚ ਹੋ ਨਿੱਬੜਿਆ।
ਸ਼ਹੀਦ ਭਾਈ ਬਚਿੱਤਰ ਸਿੰਘ ਜੀ ਨੇ ਨਿਰਮੋਹਗੜ ਅਤੇ ਬਸਾਲੀ ਦੀਆਂ ਅਤੇ ਫੇਰ ਸ੍ਰੀ ਅਨੰਦਪੁਰ ਸਾਹਿਬ ਦੀ ਆਖ਼ਰੀ ਲੜਾਈ ਵਿਚ ਵੀ ਆਪਣੀ ਬਹਾਦਰੀ ਦੇ ਖੁੱਲ ਕੇ ਜੌਹਰ ਵਿਖਾਏ। 5 ਅਤੇ 6 ਦਸੰਬਰ 1705 ਦੀ ਠੰਡੀ ਰਾਤ ਨੂੰ, ਜਦੋਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡ ਦਿੱਤਾ, ਅਤੇ ਵਗਦੇ ਤੂਫਾਨ ਵਿੱਚ ਸਿਰਸਾ ਨਦੀ ਨੂੰ ਪਾਰ ਕੀਤਾ ਤਾਂ ਇਸ ਮੁਕਾਮ’ ਤੇ ਵੀ ਭਾਰੀ ਜੰਗ ਹੋਈ।
ਇੰਜ ਦਸੰਬਰ, 1705 ਈ. ਵਿਚ ਸਰਸਾ ਨਦੀ ਪਾਰ ਕਰਨ ਉਪਰੰਤ ਭਾਈ ਬਚਿੱਤਰ ਸਿੰਘ ਜੀ ਦੀ ਰੰਘੜਾ ਨਾਲ ਹੋਈ ਭਿੜੰਤ ਵਿਚ ਭਾਈ ਸਾਹਿਬ ਨੂੰ ਡੂੰਘੇ ਜ਼ਖ਼ਮ ਆਏ।
ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਨਿਹੰਗ ਖਾਨ ਨੂੰ ਭਾਈ ਬਚਿੱਤਰ ਸਿੰਘ ਦੀ ਦੇਖ ਭਾਲ ਕਰਨ ਲਈ ਕਿਹਾ।
ਭਾਈ ਬਚਿੱਤਰ ਸਿੰਘ ਜੀ ਦੇ ਜ਼ਖ਼ਮ ਆਖਿਰ ਘਾਤਕ ਸਾਬਤ ਹੋਏ ਅਤੇ 8 ਦਸੰਬਰ 1705 ਨੂੰ ਭਾਈ ਸਾਹਿਬ ਸ਼ਹਾਦਤ ਦਾ ਜਾਮ ਪੀ ਗਏ।ਇੰਜ 8 ਦਸੰਬਰ 1705 ਵਾਲੇ ਦਿਨ ਭਾਈ ਬਚਿੱਤਰ ਸਿੰਘ ਜੀ ਨੇ ਆਖਰੀ ਸੁਆਸ ਲਿਆ ਅਤੇ ਸ਼ਹੀਦੀ ਪ੍ਰਾਪਤ ਕੀਤੀ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ ( ਡਾ.)
Note – ਭਾਈ ਦੁਨੀ ਚੰਦ ਦੀ ਡਿਗ ਕੇ ਲੱਤ ਟੁੱਟ ਗਈ ਸੀ ਅਤੇ ਉੱਥੇ ਹੀ ਸੱਪ ਲੜ ਕੇ ਮਰ ਗਿਆ ਸੀ।
ਗੁਰੂ ਸਾਹਿਬ ਭਾਈ ਬਚਿੱਤਰ ਸਿੰਘ ਨੂੰ ਨਿਹੰਗ ਖਾਨ ਕੋਲ ਛੱਡ ਕੇ ਚਲੇ ਗਏ। ਉੱਧਰੋਂ ਮੁਗਲ ਫੌਜ ਗੁਰੂ ਸਾਹਿਬ ਦਾ ਪਿੱਛਾ ਕਰਦੀ ਹੋਈ ਨਿਹੰਗ ਖਾਨ ਦੇ ਘਰ ਪਹੁੰਚ ਗਈ। ਸਿਪਾਹੀਆਂ ਨੇ ਸਾਰੇ ਘਰ ਦੀ ਤਲਾਸ਼ੀ ਲਈ। ਨਿਹੰਗ ਖਾਨ ਨੇ ਭਾਈ ਬਚਿੱਤਰ ਸਿੰਘ ਦੀ ਸੇਵਾ ਲਈ ਅਪਣੀ ਕੁੜੀ ਮੁਮਤਾਜ ਨੂੰ ਛੱਡ ਕੇ ਉਸ ਕਮਰੇ ਨੂੰ ਬੰਦ ਕਰ ਦਿੱਤਾ ਸੀ। ਜਦ ਸਿਪਾਹੀਆਂ ਨੇ ਉਸ ਕਮਰੇ ਦੀ ਤਲਾਸ਼ੀ ਲੈਣੀ ਚਾਹੀ ਤਾਂ ਨਿਹੰਗ ਖਾਨ ਨੇ ਕਿਹਾ ਇਸ ਕਮਰੇ ਵਿੱਚ ਉਸ ਦੀ ਧੀ ਅਤੇ ਜਵਾਈ ਹਨ। ਸਿਪਾਹੀ ਦਰਵਾਜ਼ਾ ਖੋਲ ਕੇ ਵੇਖਣ ਉਪਰੰਤ ਚਲੇ ਗਏ ਸਨ। ਜ਼ਖ਼ਮ ਗਹਿਰੇ ਹੋਣ ਕਰਕੇ ਭਾਈ ਬਚਿੱਤਰ ਸਿੰਘ ਤਾਂ ਸ਼ਹੀਦੀ ਪਾ ਗਏ ਸਨ ਪਰ ਬੀਬਾ ਮੁਮਤਾਜ ਨੇ ਸਾਰੀ ਉਮਰ ਭਾਈ ਸਾਹਿਬ ਨੂੰ ਅਪਣਾ ਪਤੀ ਮੰਨਦੇ ਹੋਏ ਵਿਆਹ ਨਹੀਂ ਕਰਵਾਇਆ ਸੀ ਭਾਵੇ ਉਸ ਦੀ ਮੰਗਣੀ ਕਿਸੇ ਹੋਰ ਨਾਲ ਹੋ ਚੁੱਕੀ ਸੀ।