ਏਹੁ ਜਨੇਊ ਜੀਅ ਕਾ
ਜਦ ਗੁਰੂ ਨਾਨਕ ਦੇਵ ਜੀ ੧੨ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਹਿੰਦੂ ਰਸਮਾਂ ਅਨੁਸਾਰ ਪੰਡਤ ਨੂੰ ਪੁੱਛ ਕਿ ਜਨੇਊ ਪਾਉਣ ਦੀ ਰਸਮ ਪੂਰੀ ਕਰਨ ਲਈ ਦਿਨ ਮੁਕੱਰਰ ਕਰ ਲਿਆ। ਸਾਰੇ ਰਿਸ਼ਤੇਦਾਰ, ਸੱਜਣ-ਮਿੱਤਰ ਬੁਲਾਏ। ਘਰ ਵਿੱਚ ਰੌਣਕਾਂ ਲੱਗ ਗਈਆਂ। ਸਭ ਖਾਣ ਪਕਾਉਣ ਦਾ ਸਮਾਨ ਤਿਆਰ ਕੀਤਾ ਗਿਆ। ਪੰਡਤ ਹਰਦਿਆਲ ਜੀ ਨੂੰ ਰਸਮ ਪੂਰੀ ਕਰਨ ਲਈ ਬੁਲਾਇਆ ਗਿਆ। ਪੰਡਤ ਜੀ ਨੇ ਸਾਰੀ ਸਮੱਗਰੀ ਮੰਗਵਾ ਲਈ ਅਤੇ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਉਣ ਲਈ ਚੌਕੀ ਉੱਪਰ ਬਿਠਾਇਆ।
ਪੰਡਤ ਜੀ ਜਦ ਸੂਤ ਦਾ ਜਨੇਊ ਗੁਰੂ ਜੀ ਦੇ ਗੱਲ ਪਾਉਣ ਲੱਗੇ ਤਾਂ ਗੁਰੂ ਸਾਹਿਬ ਨੇ ਸਾਰੀ ਇਕੱਤਰਤਾ ਦੇ ਸਾਹਮਣੇ ਹੀ ਪੰਡਤ ਨੂੰ ਰੋਕ ਦਿੱਤਾ। ਹੁਣ ਗੁਰੂ ਜੀ ਅਤੇ ਪੰਡਤ ਹਰਦਿਆਲ ਜੀ ਵਿੱਚ ਸੁਆਲ ਜੁਆਬ ਸ਼ੁਰੂ ਹੋ ਗਏਃ-
ਗੁਰੂ ਜੀਃ- ਪਹਿਲਾ ਮੈਨੂੰ ਦੱਸੋ ਇਹ ਕੀ ਹੋ ਰਿਹਾ ਹੈ?
ਪੰਡਤਃ- ਇਹ ਤੈਨੂੰ ਜਨੇਊ ਪਹਿਨਾਇਆ ਜਾ ਰਿਹਾ ਹੈ।
ਗੁਰੂ ਜੀਃ- ਪਰ ਕਿਉਂ?
ਪੰਡਤਃ- ਜਦ ਤੂੰ ਜਨੇਊ ਪਹਿਨ ਲਏਗਾ ਤਾਂ ਤੂੰ ਧਰਮ ਦੀ ਦੁਨੀਆ ਵਿੱਚ ਦਾਖਲ ਹੋ ਜਾਏਗਾ।
ਗੁਰੂ ਜੀਃ- ਇਸਦਾ ਫ਼ਾਇਦਾ ਕੀ ਹੋਵੇਗਾ?
ਪੰਡਤਃ- ਜਦ ਇਨਸਾਨ ਇਹ ਸੰਸਾਰ ਛੱਡ ਕੇ ਪ੍ਰਲੋਕ ਸੁਧਾਰ ਜਾਂਦਾ ਹੈ ਤਾਂ ਇਹ ਉਸ ਦੀ ਆਤਮਾ ਲਈ ਸਹਾਈ ਹੁੰਦਾ ਹੈ।
ਗੁਰੂ ਜੀਃ- ਫਿਰ ਤਾਂ ਪਹਿਲਾਂ ਮੇਰੀ ਭੈਣ ਬੇਬੇ ਨਾਨਕੀ ਜੀ ਦੇ ਜਨੇਊ ਪਾਉ?
ਪੰਡਤਃ- ਨਹੀਂ। ਔਰਤ ਜਨੇਊ ਨਹੀਂ ਪਹਿਨ ਸਕਦੀ।
ਗੁਰੂ ਜੀਃ- ਮਰਦਾਨਾ ਜੀ ਵੀ ਮੇਰੇ ਤੋਂ ਵੱਡੇ ਹਨ ਅਤੇ ਮਰਦ ਵੀ ਹਨ ਸੋ ਪਹਿਲਾਂ ਇਸ ਨੂੰ ਪਹਿਨਾਂ ਦਿਉ?
ਪੰਡਤਃ- ਨਹੀਂ, ਇਹ ਸ਼ੂਦਰ ਹੈ ਇਸ ਲਈ ਇਸ ਨੂੰ ਇਹ ਜਨੇਊ ਨਹੀਂ ਪਹਿਨਾਇਆ ਜਾ ਸਕਦਾ।
(ਅਸਲ ਵਿੱਚ ਗੁਰੂ ਜੀ ਨੇ ਆਮ ਜਨਤਾ ਨੂੰ ਜਾਗਰੂਕ ਕਰਨ ਖ਼ਾਤਰ ਹੀ ਬੇਬੇ ਨਾਨਕੀ ਅਤੇ ਭਾਈ ਮਰਦਾਨਾ ਜੀ ਦਾ ਨਾਮ ਲਿਆ ਸੀ। ਉਹ ਦੱਸਣਾ ਚਾਹੁੰਦੇ ਸਨ ਕਿ ਇਹ ਧਰਮ ਦੇ ਠੇਕੇਦਾਰ ਕਿਸ ਤਰ੍ਹਾਂ ਔਰਤ ਅਤੇ ਬ੍ਰਾਹਮਣ ਵੱਲੋਂ ਬਣਾਏ ਸ਼ੂਦਰਾਂ ਨੂੰ ਨਫਰਤ ਕਰਦੇ ਹਨ)
ਗੁਰੂ ਜੀਃ- ਤੁਸੀਂ ਕਿਹਾ ਹੈ ਇਹ ਪ੍ਰਲੋਕ ਵਿੱਚ ਮੇਰੀ ਮਦਦ ਕਰੇ ਗਾ?
ਪੰਡਤਃ- ਜੀ ਹਾਂ।
ਗੁਰੂ ਜੀਃ- ਕੀ ਇਹ ਟੁੱਟੇਗਾ ਨਹੀਂ? ਕੀ ਇਹ ਮੈਲਾ ਨਹੀਂ ਹੋਏਗਾ?
ਪੰਡਤਃ- ਜਦ ਇਹ ਟੁੱਟੇਗਾ ਜਾਂ ਮੈਲਾ ਹੋ ਜਾਏ ਗਾ ਤਾਂ ਆਪਾ ਨਵਾਂ ਪਾ ਲਈਦਾ ਹੈ।
ਗੁਰੂ ਜੀਃ- ਜਦ ਮਰਨ ਤੋਂ ਬਾਅਦ ਸੜ ਜਾਵਾਂਗੇ ਤਾਂ ਕੀ ਇਹ ਸੜੇਗਾ ਨਹੀਂ? ਕੀ ਇਹ ਸਾਡੇ ਨਾਲ ਜਾ ਸਕਦਾ ਹੈ?
ਪੰਡਤ ਜੀਃ- ਨਹੀਂ , ਇਹ ਜਲ ਕਿ ਇੱਥੇ ਹੀ ਰਹਿ ਜਾਏਗਾ।
ਗੁਰੂ ਜੀਃ- ਮੈਂ ਐਸਾ ਜਨੇਊ ਨਹੀਂ ਪਹਿਨਣਾ।
ਪੰਡਤ ਜੀਃ- ਤੁਸੀਂ ਫਿਰ ਕਿਹੜਾ ਜਨੇਊ ਪਹਿਨਣਾ ਹੈ।
ਗੁਰੂ ਜੀਃ- ਜਿਸ ਜਨੇਊ ਦੀ ਕਪਾਹ ਦਇਆ, ਸੂਤ ਸੰਤੋਖ, ਗੰਢਾਂ ਜਤ ਦੀਆਂ ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ। ਅਜਿਹਾ ਜਨੇਊ ਨਾ ਟੁੱਟਦਾ ਹੈ, ਨਾ ਮੈਲਾ ਹੁੰਦਾ ਹੈ, ਨਾ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ। ਅਗਰ ਐਸਾ ਜਨੇਊ ਤੇਰੇ ਪਾਸ ਹੈ ਤਾਂ ਮੇਰੇ ਗਲ ਪਾ ਦਿਉ। ਗੁਰੂ ਜੀ ਨੇ ਕਿਹਾ ਕਿ ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿਚ ਪਾ ਲਿਆ ਹੈ।
ਇਸ ਸੁਣ ਕੇ ਪੰਡਤ ਹਰਦਿਆਲ ਜੀ ਲਾ-ਜੁਆਬ ਹੋ ਕੇ ਚਲੇ ਗਏ। ਗੁਰੂ ਜੀ ਨੇ ਸੰਗਤ ਨੂੰ ਸਮਝਾਇਆ ਕਿ ਭਾਈ ਕਰਮ ਕਾਂਡਾਂ ਤੋਂ ਬਚੋ ਅਤੇ ਪ੍ਰਭੂ ਨਾਲ ਜੁੜੋ।
ਸਲੋਕੁ ਮਃ ੧ ॥ ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥ {ਪੰਨਾ 471}
ਪ੍ਰਸ਼ਨ ੧. ਗੁਰੂ ਜੀ ਦੇ ਜਨੇਊ ਪਾਉਣ ਲਈ ਮਹਿਤਾ ਕਾਲੂ ਜੀ ਨੇ ਕਿਸ ਨੂੰ ਬੁਲਾਇਆ ਸੀ?
ਪ੍ਰਸ਼ਨ ੨. ਜਦ ਗੁਰੂ ਜੀ ਜਨੇਊ ਨਹੀਂ ਪਾਉਣਾ ਚਾਹੁੰਦੇ ਸਨ ਤਾਂ ਉਨ੍ਹਾਂ ਪਹਿਲਾ ਹੀ ਮਾਪਿਆ ਨੂੰ ਕਿਉਂ ਨਹੀਂ ਰੋਕ ਦਿੱਤਾ?
ਪ੍ਰਸ਼ਨ ੩. ਗੁਰੂ ਜੀ ਨੇ ਜਨੇਊ ਪਹਿਨਣ ਲਈ ਬੇਬੇ ਨਾਨਕੀ ਅਤੇ ਮਰਦਾਨਾ ਜੀ ਦੇ ਨਾਮ ਕਿਉਂ ਲਏ ਸਨ?
ਪ੍ਰਸ਼ਨ ੪. ਗੁਰੂ ਨਾਨਕ ਦੇਵ ਜੀ ਨੇ ਕਿਸ ਤਰ੍ਹਾਂ ਦਾ ਜਨੇਊ ਪਾਉਣ ਦੀ ਪੇਸ਼ਕਸ਼ ਕੀਤੀ ਸੀ?
ਪ੍ਰਸ਼ਨ ੫. ਗੁਰੂ ਜੀ ਨੇ ਦਇਆ, ਸੰਤੋਖ, ਜਤ ਅਤੇ ਸਤ ਵਾਲੇ ਜਨੇਊ ਦੀ ਇੱਛਾ ਕਿਉਂ ਪ੍ਰਗਟਾਈ ਸੀ?
ਪ੍ਰਸ਼ਨ ੬. ਜੋ ਲੋਕ ਗੁਰੂ ਅਨੁਸਾਰੀ ਜਨੇਊ ਪਹਿਨਦੇ ਹਨ ਉਨ੍ਹਾਂ ਬਾਰੇ ਗੁਰੂ ਜੀ ਕੀ ਕਹਿੰਦੇ ਹਨ?
ਖਾਲੀ ਥਾਂ ਭਰੋਃ-
੧. ਪੰਡਤ ———ਨੂੰ ਰਸਮ ਪੂਰੀ ਕਰਨ ਲਈ ਬੁਲਾਇਆ।
੨. ਗੁਰੂ ਸਾਹਿਬ ਨੇ ਸਾਰੀ ਇਕੱਤਰਤਾ ਦੇ ——- ਹੀ ਪੰਡਤ ਨੂੰ ਰੋਕ ਦਿੱਤਾ।
੩. —————ਮੇਰੇ ਤੋਂ ਵੱਡੇ ਹਨ ਅਤੇ ਮਰਦ ਵੀ ਹਨ ਸੋ ਪਹਿਲਾਂ ਇਸ ਦੇ ਜਨੇਊ ਪਹਿਨ ਦਿਉ।
੪. ਜਿਸ ਜਨੇਊ ਦੀ ਕਪਾਹ ——ਹੋਵੇ, ਸੂਤ —— ਹੋਵੇ, ਗੰਢਾਂ ——- ਦੀਆਂ ਹੋਣ, ਅਤੇ ਜਿਸ ਦਾ ਵੱਟ ———- ਹੋਵੇ। ਇਹ —— ਨਾ ਟੁੱਟਦਾ ਹੈ, ਨਾ ਹੀ ਇਸ ਨੂੰ —- ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ , ਕਨੇਡਾ।