ਕਿਵ ਸਚਿਆਰਾ ਹੋਈਐ
(ਬਲਵਿੰਦਰ ਸਿੰਘ ਮੁਲਤਾਨੀ)
ਇਕ ਵਾਰ ਦੀ ਗੱਲ ਹੈ ਕੁਝ ਰੱਬ ਦੇ ਬੰਦੇ ਕਿਤੇ ਬੈਠ ਕੇ ਰੱਬ ਬਾਰੇ ਵਿਚਾਰ ਚਰਚਾ ਕਰ ਰਹੇ ਸਨ। ਗੁਰੂ ਨਾਨਕ ਸਾਹਿਬ ਵੀ ਹਾਜ਼ਰ ਹੋ ਜਾਂਦੇ ਹਨ। ਸਭ ਨੇ ਸਰਬ ਸੰਮਤੀ ਨਾਲ ਮੰਨ ਲਿਆ ਕਿ ਰੱਬ ਇੱਕ ਹੈ। ਉਹ ਇੱਕ ਸ਼ਕਤੀ ਹੈ ਜੋ ਸੱਚ ਰਾਹੀ ਮਿਲਦੀ ਹੈ, ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਅਤੇ ਜਿਸ ਨੂੰ ਵੀ ਪੈਦਾ ਕਰਦਾ ਹੈ ਉਸ ਦੇ ਅੰਦਰ ਆਪ ਵੀ ਵੱਸ ਜਾਂਦਾ ਹੈ, ਨਿਡੱਰ ਹੈ, ਕਿਸੇ ਨਾਲ ਕੋਈ ਦੁਸ਼ਮਣੀ ਨਹੀ ਰੱਖਦਾ, ਉਸਦੀ ਮੂਰਤ ਕਿਸੇ ਸਮੇਂ ਦੀ ਪਾਬੰਧ ਨਹੀਂ ਅਤੇ ਨਾ ਹੀ ਉਹ ਜੰਮਣ ਮਰਨ ਵਿੱਚ ਆਉਂਦਾ ਹੈ, ਉਹ ਸਭ ਤਰ੍ਹਾਂ ਦੀਆਂ ਜੂਨਾਂ ਤੋਂ ਮੁਕਤ ਹੈ। ਉਹ ਗੁਰੂ ਦੀ ਕ੍ਰਿਪਾ ਨਾਲ ਮਿਲਦਾ ਹੈ।
ਉਹ ਸੱਚ ਹੈ ਅਤੇ ਮੁੱਢ ਕਦੀਮ ਤੋਂ ਹੀ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਅੱਜ ਵੀ ਹੈ ਅਤੇ ਉਹ ਸੱਚ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ।
ਇਸ ਤੋਂ ਅੱਗੇ ਸੁਆਲ ਆ ਗਿਆ ਕਿ ਅਗਰ ਰੱਬ ਸੱਚ ਹੈ ਅਤੇ ਗੁਰੂ ਕ੍ਰਿਪਾ ਦੁਆਰਾ ਮਿਲਦਾ ਹੈ ਤਾਂ ਫਿਰ ਇਹ ਕ੍ਰਿਪਾ ਕਿਵੇਂ ਪ੍ਰਾਪਤ ਹੋਵੇ ਜਾਂ ਕਹਿ ਲਉ ਕਿ ਸੱਚ ਨੂੰ ਮਿਲਣ ਲਈ ਸਚਿਆਰ ਕਿਵੇਂ ਬਣਿਆ ਜਾਏ। ਸਭ ਤੋਂ ਪਹਿਲਾਂ ਇਕ ਸੱਜਣ ਬੋਲਿਆ ਕਿ ਬਹੁਤ ਹੀ ਸੋਚ ਸਮਝ ਕਿ ਸਚਿਆਰ ਬਣਿਆ ਜਾ ਸਕਦਾ ਹੈ ਤਾਂ ਗੁਰੂ ਸਾਹਿਬ ਬੋਲੇ ਤੁਸੀਂ ਲੱਖਾਂ ਵਾਰ ਸੋਚ ਲਓ ਸਿਰਫ ਸੋਚਣ ਨਾਲ ਕੁਝ ਨਹੀਂ ਬਣਨਾ ਸੋਚਦੇ ਸੋਚਦਿਆਂ ਜ਼ਿੰਦਗੀ ਬੀਤ ਜਾਏਗੀ। (ਨ ਬਿਲੰਬ ਧਰਮੰ ਬਿਲੰਬ ਪਾਪੰ – ਪੰਨਾ ੧੩੫੪) ਦੂਸਰਾ ਸੱਜਣ ਕਹਿਣ ਲੱਗਾ ਮੋਨ ਧਾਰ ਲਓ ਤਾਂ ਗੁਰੂ ਸਾਹਿਬ ਨੇ ਫਿਰ ਕਿਹਾ ਤੁਸੀਂ ਚੁੱਪ ਕਰਕੇ ਜ਼ੁਬਾਨ ਬੰਦ ਕਰ ਸਕਦੇ ਹੋ। ਲਿਵ ਤਾਰ ਜੋੜਨ ਨਾਲ ਮਨ ਦੇ ਫੁਰਨੇ ਤਾਂ ਬੰਦ ਨਹੀਂ ਹੋ ਸਕਦੇ। ਨਾਲ ਬੈਠਾ ਸੱਜਣ ਬੋਲਿਆ ਪਹਿਲਾਂ ਕਮਾਈ ਕਰਕੇ ਬਹੁਤ ਪੈਸਾ ਇਕੱਠਾ ਕਰ ਲਓ ਫਿਰ ਬੇ-ਫ਼ਿਕਰ ਹੋ ਕੇ ਪ੍ਰਭੂ ਨਾਲ ਜੁੜ ਜਾਓ ਤਾਂ ਗੁਰੂ ਸਾਹਿਬ ਨੇ ਕਿਹਾ ਮਨ ਦੀ ਭੁੱਖ ਤਾਂ ਉਤਰਦੀ ਹੀ ਨਹੀਂ ਭਾਵੇਂ ਮਾਇਆ ਦੀਆਂ ਪੰਡਾਂ ਬੰਨ ਲਓ। (ਸਹਸ ਖਟੇ ਲਖ ਕਉ ਉਠਿ ਧਾਵੈ॥ ਪੰਨਾ-੨੭੮) ਇਕ ਹੋਰ ਸੱਜਣ ਬੋਲ ਪਿਆ ਭਾਈ ਸਿਆਣਪ ਵਰਤ ਕੇ ਹੀ ਸਚਿਆਰ ਹੋ ਸਕੀਦਾ ਹੈ ਤਾਂ ਗੁਰੂ ਸਾਹਿਬ ਕਹਿਣ ਲੱਗੇ ਹਜ਼ਾਰਾਂ ਸਿਆਣਪਾਂ ਵੀ ਇਕੱਠੀਆਂ ਕਰ ਲਈਏ ਤਾਂ ਇਸ ਲਈ ਇਕ ਵੀ ਕਾਰਗਰ ਨਹੀਂ ਹੋਣੀ। (ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ॥ ਪੰਨਾ -੩੯੬) ਫਿਰ ਸਭ ਨੇ ਇੱਕ ਅਵਾਜ਼ ਵਿੱਚ ਗੁਰੂ ਸਾਹਿਬ ਨੂੰ ਪੁੱਛਿਆ ਫਿਰ ਆਪ ਹੀ ਕ੍ਰਿਪਾ ਕਰ ਕੇ ਦੱਸਣਾ ਕਰੋ ਕਿ ਸਚਿਆਰ ਕਿਵੇਂ ਹੋਇਆ ਜਾਏ ਅਤੇ ਇਹ ਜੋ ਭਰਮ ਦੀ ਕੰਧ ਹੈ ਇਹ ਕਿਸ ਤਰ੍ਹਾਂ ਤੋੜੀ ਜਾ ਸਕਦੀ ਹੈ। ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਭਾਈ ਇਹ ਤਾਂ ਰੱਬੀ ਹੁਕਮ ਮੰਨ ਕੇ ਉਸ ਦੀ ਰਜਾ ਵਿੱਚ ਰਹਿ ਕੀ ਹੀ ਸੰਭਵ ਹੈ। ਜਿਸ ਨਾਲ ਸਭ ਦੀ ਤਸੱਲੀ ਹੋ ਗਈ ਸੋ ਸਭ ਨੇ ਸਹਿਮਤੀ ਜਿਤਾਈ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਪ੍ਰਸ਼ਨ ੧. ਕੀ ਸਭ ਨੇ ਅਪਣਾ ਵੱਖ ਵੱਖ ਰੱਬ ਦੱਸਿਆ?
ਪ੍ਰਸ਼ਨ ੨. ਰੱਬ ਕੀ ਹੈ?
ਪ੍ਰਸ਼ਨ ੩. ਐਸੇ ਸੱਚ ਨੂੰ ਪਾਉਣ ਲਈ ਸਚਿਆਰ ਕਿਵੇਂ ਬਣਿਆ ਜਾ ਸਕਦਾ ਹੈ?
ਪ੍ਰਸ਼ਨ ੪. ॥ਜਪੁ ॥ ਦੇ ਅੱਗੇ ਪਿੱਛੇ ਦੋ ਦੋ ਡੰਡੀਆਂ ਕਿਉਂ ਲਾਈਆਂ ਗਈਆਂ ਹਨ ਅਤੇ ਇਸ ਸ਼ਬਦ ਨੂੰ ਇਕੱਲੇ ਨੂੰ ਹੀ ਇਕ ਪੂਰੀ ਲਾਈਨ ਵਿੱਚ ਕਿਉਂ ਲਿਖਿਆ ਗਿਆ ਹੈ?
ਪ੍ਰਸ਼ਨ ੫. ਇਸ ਤੋਂ ਸਾਨੂੰ ਕੀ ਸਿਖਿਆ ਮਿਲਦੀ ਹੈ?
ਖਾਲੀ ਥਾਂਵਾਂ ਭਰੋਃ-
੧. ਰੱਬ ਇੱਕ ——— ਹੈ ਜੋ ਸੱਚ ਰਾਹੀ ਮਿਲਦੀ ਹੈ।
੨. ਰੱਬ ਕਿਸੇ ਨਾਲ ਕੋਈ ——— ਨਹੀ ਰੱਖਦਾ।
੩. ਗੁਰੂ ਦੀ ਕ੍ਰਿਪਾ ਨਾਲ —— ਹੈ।
੪. ਰੱਬੀ ਹੁਕਮ ਮੰਨ ਕੇ ਉਸ ਦੀ ਰਜਾ ਵਿੱਚ ਰਹਿ ਕੀ ਹੀ ————- ਹੋ ਸਕੀਦਾ ਹੈ।
ਸਹੀ ਲਈ ☑️ ਅਤੇ ਗਲਤ ਲਈ X ਦੀ ਵਰਤੋ ਕਰੋਃ-
੧. ਮੋਨ ਧਾਰਨ ਨਾਲ ਸਚਿਆਰ ਬਣਿਆ ਜਾ ਸਕਦਾ ਹੈ।
੨. ਬਹੁਤ ਸਿਆਣਪ ਵਰਤਣ ਨਾਲ ਸਚਿਆਰ ਬਣਿਆ ਜਾ ਸਕਦਾ ਹੈ।
੩. ਰੱਬੀ ਹੁਕਮ ਮੰਨ ਕੇ ਉਸ ਦੀ ਰਜਾ ਵਿੱਚ ਰਹਿ ਕੇ ਸਚਿਆਰ ਬਣਿਆ ਜਾ ਸਕਦਾ ਹੈ।