conversation

ਬਾਬਾ ਬੰਦਾ ਸਿੰਘ ਬਹਾਦਰ


ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ ਸੰਨ੍ਹ 1670 ਨੂੰ ਕਸ਼ਮੀਰ ਦੇ ਜੰਮੂ ਅਤੇ ਪੁਣਛ ਦੇ ਵਿਚਕਾਰ ਪੈਂਦੇ ਪਹਾੜੀ ਕਸਬੇ ਰਾਜੌਰੀ ਵਿੱਚ ਪਿਤਾ ਰਾਮ ਦੇਵ ਦੇ ਘਰ ਹੋਇਆ। ਬਾਬਾ ਬੰਦਾ ਸਿੰਘ ਦਾ ਪਹਿਲਾਂ ਨਾਮ ਲਛਮਣ ਦਾਸ ਸੀ। ਲਛਮਣ ਦਾਸ ਨੇ ਛੋਟੀ ਉਮਰ ਵਿੱਚ ਹੀ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਤਲਵਾਰ ਚਲਾਉਣ ਸਮੇਤ ਹਰ ਤਰ੍ਹਾਂ ਦੀ ਮੁਹਾਰਤ ਛੋਟੇ ਹੁੰਦਿਆਂ ਹੀ ਹਾਸਿਲ ਕਰ ਲਈ। ਇੱਕ ਦਿਨ ਸ਼ਿਕਾਰ ਖੇਡਦਿਆਂ ਇੱਕ ਹਿਰਨੀ ਦਾ ਐਸਾ ਸ਼ਿਕਾਰ ਕੀਤਾ ਕਿ ਉਸਦੇ ਮਰਨ ਸਾਰ ਹੀ ਦੋ ਮਾਸੂਮ ਬੱਚੇ ਪੇਟ ਵਿੱਚੋਂ ਨਿੱਕਲ ਕੇ ਲਛਮਣ ਦਾਸ ਦੇ ਸਾਹਮਣੇ ਹੀ ਦਮ ਤੋੜ ਗਏ।
ਇਸ ਘਟਨਾਂ ਨੇ ਲਛਮਣ ਦਾਸ ਨੂੰ ਸ਼ਾਇਦ ਪੂਰੀ ਦੁਨੀਆਂ ਤੋਂ ਉਪਰਾਮ ਕਰ ਦਿੱਤਾਸ਼ਾਂਤੀ ਦੀ ਭਾਲ ਵਿਚ ਉਸਨੂੰ ਇਕ ਸਾਧੂ ਜਾਨਕੀ ਦਾਸ ਮਿਲਿਆ, ਜਿਸਨੇ ਉਸਦਾ ਨਾਂ ਮਾਧੋ ਦਾਸ ਰਖ ਦਿਤਾ।  ਫਿਰ ਉਸਦੀ ਮੁਲਾਕਾਤ ਸਾਧੂ ਰਾਮਦਾਸ ਨਾਲ ਹੋਈ, ਪਰ ਮਨ ਦੀ ਸ਼ਾਂਤੀ ਇਥੋਂ ਵੀ ਨਹੀ ਮਿਲੀ।  ਦੇਸ਼ ਭ੍ਰਮਣ ਲਈ ਜਾ ਤੁਰਿਆ।  ਨਾਸਕ ਪੰਚਵਟੀ ਦੇ ਸਥਾਨ ਤੇ ਉਸਦਾ ਮੇਲ  ਇਕ ਜੋਗੀ ਅਓਕੜ ਨਾਥ ਨਾਲ ਹੋਇਆ, ਜਿਸਦੀ ਸੇਵਾ ਵਿਚ ਰਹਿੰਦੀਆਂ  ਓਹ ਯੋਗ ਸਾਧਨਾ ਤੇ ਤਾਂਤਰਿਕ  ਵਿਦਿਆ ਵਿਚ ਮਾਹਿਰ ਹੋ ਗਿਆ।  ਤਿੰਨ ਸਾਲ ਅਓਕੜ ਨਾਥ ਦੀ ਸੇਵਾ ਵਿਚ ਰਹਿਣ ਤੋਂ ਬਾਦ ਉਸਦੀ ਮੋਤ ਹੋ ਗਈ।  ਸਾਰੀਆਂ ਰਿਧੀਆਂ ਸਿਧੀਆਂ,  ਜਾਦੂ ਟੂਣਿਆ, ਜੰਤਰ ਮੰਤਰ ਦੀ ਵਿਦਿਆ ਦੀਆਂ ਪੋਥੀਆਂ ਉਸਦੇ ਹਥ ਵਿਚ ਆ ਗਈਆਂ, ਤੇ ਉਸਨੇ ਬਹੁਤ ਜਲਦੀ ਇਸ ਤੇ  ਮਹਾਰਥ ਹਾਸਲ ਕਰ ਲਈ।  ਬਹੁਤ ਸਾਰੇ ਉਸਦੇ ਚੇਲੇ ਬਣ ਗਏ। ਜਿਸ ਕਰਕੇ ਓਹ ਬਹੁਤ ਹੰਕਾਰੀ ਵੀ ਹੋ ਗਿਆ।
ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ
ਜਦੋਂ ਗੁਰੂ ਗੋਬਿੰਦ ਸਿੰਘ ਜੀ ਨਦੇੜ ਪੁਜੇ  ਤਾਂ ਉਨ੍ਹਾ  ਨੇ ਆਪਣਾ ਡੇਰਾ ਨਗੀਨਾ ਘਾਟ ਜਾ ਲਗਾਇਆ।  ਆਓਖੜ ਦੀ ਮੋਤ ਤੋ ਬਾਦ ਬੰਦਾ ਵੀ ਭ੍ਰਮਣ ਕਰਦਾ ਕਰਦਾ ਨਦੇੜ ਆ ਪਹੁੰਚਿਆ ਤੇ ਰਾਵੀ ਦੇ ਕੰਢੇ ਆਪਣੇ ਕਰਿਸ਼ਮੇ ਦਿਖਾਣ ਲਗਾ।  ਨਦੇੜ ਦੀਆਂ ਸੰਗਤਾ ਵਿਚੋ ਕਿਸੇ ਸਿਖ ਨੇ ਬੰਦਾ ਬਹਾਦਰ ਬਾਰੇ ਦਸਿਆ ਕੀ ਓਹ ਰਿਧੀਆਂ ਸਿਧੀਆਂ ਨਾਲ ਤਖਤ ਤੇ ਸੰਤਾ ਮਹਾਤਮਾ ਨੂੰ ਬਿਠਾਕੇ ਫਿਰ ਤਖਤ ਉਲਟਾਕੇ ਬੜਾ ਖੁਸ਼ ਹੁੰਦਾ ਹੈ।    ਗੁਰੂ ਸਾਹਿਬ ਨੇ ਹਸ ਕੇ ਕਿਹਾ ਕੀ ਸਾਨੂੰ ਇਸ ਵੇਲੇ ਤਖਤ ਉਲਟਾਓਣ  ਵਾਲਾ  ਬੰਦਾ ਹੀ  ਚਾਹੀਦਾ ਹੈ।
ਕੁਝ ਦਿਨ ਆਰਾਮ ਕਰਨ ਓਪਰੰਤ  ਓਹ ਸਿੰਘਾ ਸਮੇਤ ਵੈਰਾਗੀ ਦੇ ਡੇਰੇ ਤੇ ਜਾ ਪੁਜੇ।  ਗੁਰੂ ਸਾਹਿਬ  ਉਸਦੇ ਪਲੰਗ ਤੇ ਜਾ ਬੈਠੇ ਜਿਸਤੇ ਕਿਸੇ ਨੂੰ ਬੈਠਣ ਦੀ ਇਜਾਜ਼ਤ ਨਹੀ ਸੀ।  ਜਦ ਵੈਰਾਗੀ ਨੇ ਆਕੇ ਦੇਖਿਆ ਤਾਂ  ਮਨ ਹੀ ਮਨ ਵਿਚ  ਬੜਾ  ਗੁਸਾ ਆਇਆ ਤੇ ਆਪਣੀਆਂ ਸ਼ਕਤੀਆਂ ਨਾਲ ਪਲੰਗ ਨੂੰ  ਉਲਟਾਓਣ ਵਿਚ ਲਗ ਗਿਆ।   ਜਦ ਉਸਦੀ ਕੋਈ ਸ਼ਕਤੀ ਕੰਮ ਨਾ ਆਈ  ਤਾਂ ਓਹ ਸਮਝ  ਗਿਆ ਕੀ ਇਹ ਕੋਈ ਸਧਾਰਨ ਹਸਤੀ ਨਹੀਂ ਹੈ।  ਪੈਰੀ ਢਹਿ ਪਿਆ,  ਮਾਫ਼ੀ ਮੰਗੀ।
ਇਕ ਮਹੀਨਾ ਕੋਲ ਰਹਿੰਦਿਆ ਰਹਿੰਦਿਆ ਉਹ ਸਿਖ ਸਿਧਾਂਤਾ ਤੋਂ ਪੂਰੀ ਤਰ੍ਹਾਂ ਜਾਣੂ ਹੋ ਗਿਆ। ਉਸ ਦੀ ਤੀਰ ਅੰਦਾਜੀ ਦੀ ਨਿਪੁਨਤਾ ਵੇਖ ਕੇ ਗੁਰੂ ਸਾਹਿਬ ਨੇ ਉਸ ਨੂੰ ਬਹਾਦਰ ਦੀ ਉਪਾਧੀ ਬਖਸ਼ੀ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਖੰਡੇ – ਬਾਟੇ ਦੀ ਪਹੁਲ ਦੇਕੇ ਬੰਦਾ ਸਿੰਘ ਬਹਾਦਰ ਦਾ ਖਿਤਾਬ ਦਿਤਾ। ਇਸ ਦੋਰਾਨ ਜਦ ਉਸਨੇ ਗੁਰੂ  ਸਾਹਿਬ ਨਾਲ ਹੋਈਆਂ ਘਟਨਾਵਾਂ ਦਾ ਸਿਖਾਂ ਕੋਲੋਂ  ਹਾਲ ਸੁਣਿਆ ਤਾਂ ਉਸਦਾ ਖੂਨ ਖੋਲ ਓਠਿਆ ਤੇ ਗੁਰੂ ਸਾਹਿਬ ਕੋਲੋਂ ਜਾਲਮਾਂ ਨੂੰ ਸੋਧਣ ਦੀ  ਸੇਵਾ  ਮੰਗੀ।   
  26 ਨਵੰਬਰ 1708  ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਸ਼ੀਰਵਾਦ ਦੇਕੇ   , ਪੰਜ ਪਿਆਰਿਆਂ ਦੀ  ਅਗਵਾਈ ਹੇਠ ਭਾਈ ਦਇਆ ਸਿੰਘ, ਭਾਈ ਵਿਨੋਦ ਸਿੰਘ,  ਭਾਈ ਕਾਨ ਸਿੰਘ, ਭਾਈ ਰਣ  ਸਿੰਘ,  ਭਾਈ ਬਾਜ ਸਿੰਘ, ਆਪਣੇ ਭਠੇ ਵਿਚੋਂ  ਪੰਜ ਤੀਰ,  ਨਗਾਰਾ, ਨਿਸ਼ਾਨ ਸਾਹਿਬ,  ਸਿਖਾਂ ਲਈ ਹੁਕਨਾਮੇ,  ਤੇ 20   ਕੁ ਹੋਰ  ਸਿੰਘ  ਨਾਲ ਦੇਕੇ ਪੰਜਾਬ ਵਲ ਨੂੰ ਤੋਰ ਦਿਤਾ।  ਰਾਹ ਵਿਚ ਬੰਦਾ ਸਿੰਘ ਜਿਥੇ ਕਿਤੇ ਜਬਰ ਜੁਲਮ,  ਬੇਇਨਸਾਫੀ ਜਾਂ ਧ੍ਕੇਸ਼ਾਹੀ ਹੁੰਦੀ ਦੇਖਦਾ ਓਹ ਉਸਦਾ ਡਟ ਕੇ ਵਿਰੋਧ ਕਰਦਾ ਸਭ ਤੋ ਪਹਿਲਾਂ ਓਹ ਬਾਂਗਰ ਦੇ ਇਲਾਕੇ ਵਿਚ ਪਹੁੰਚਿਆ ਜਿਥੇ ਉਨ੍ਹਾ  ਦਾ ਡੇਰਾ ਸੀ।  ਉਥੇ ਧਾੜਵੀਆਂ ਚੋਰਾਂ, ਡਾਕੂਆਂ  ਦਾ ਇਕ ਗਰੋਹ ਚੜੀ ਆ ਰਿਹਾ ਸੀ  ਲੋਕ ਡਰਦੇ ਮਾਰੇ ਪਿੰਡ ਖਾਲੀ ਕਰਕੇ ਜੰਗਲਾ ਵਲ ਭਜੇ ਜਾ ਰਹੇ ਸੀ।  ਬੰਦਾ ਬਹਾਦਰ ਨੇ ਆਪਣੇ ਸਿੰਘਾਂ ਨੂੰ ਲੇਕੇ ਅਗੇ ਹੋਕੇ ਟਾਕਰੇ ਲਈ ਤੁਰ ਪਿਆ।  ਇਤਨਾ ਦਲੇਰ ਤੇ ਸਖਤ ਹਮਲਾ ਕੀਤਾ ਕੀ ਆਪਣਾ ਵੀ ਲੁਟਿਆ ਹੋਇਆ ਮਾਲ ਛਡ ਕੇ ਦੋੜ ਗਏ।  ਗਰੀਬ ਲੋਕਾਂ ਦਾ ਲੁਟਿਆ ਮਾਲ ਵਾਪਸ ਕਰਵਾਇਆ ਤੇ ਅਗੋਂ ਵਾਸਤੇ ਰਾਖੀ ਦੀ ਜਿਮੇਦਾਰੀ ਆਪਣੇ ਸਿਰ ਲੈ ਲਈ।  ਬੰਦੇ ਦਾ ਹਿੰਮਤ ਤੇ ਹੋਂਸਲਾ ਦੇਖ ਕੇ ਪਿੰਡ ਦੇ ਗਿਦੜ ਵੀ ਸ਼ੇਰ ਬਣ ਗਏ।
 ਇਸ ਨਾਲ ਸਾਰੇ ਆਲੇ ਦੁਆਲੇ ਵਿਚ ਬੰਦਾ ਸਿੰਘ ਦੀ ਵਾਹ ਵਾਹ ਹੋਣ ਲਗ ਪਈ।  ਉਸਨੇ ਦੁਖੀ ਤੇ ਨਿਤਾਣੀ ਜਨਤਾ,  ਜੋ ਜੁਲਮਾਂ ਤੇ ਲੁਟ, ਖਸੁਟ ਦਾ ਸ਼ਿਕਾਰ ਹੋ ਰਹੀ ਸੀ ਰਖਿਆ  ਦਾ ਜਿੰਮਾ ਆਪਣੇ ਸਿਰ  ਲਿਆ ਤੇ ਐਲਾਨ ਕਰਵਾ ਦਿਤਾ ਕੀ ਕੋਈ ਵੀ ਸਰਕਾਰੀ ਮਾਮਲਾ  ਨਾ ਦੇਵੇ।  ਅਜ ਤੋ ਬਾਦ ਉਨ੍ਹਾ  ਦੇ ਧੰਨ- ਸੰਪਤੀ,  ਜਾਨ -ਮਾਲ ਦੀ ਰਖਿਆ  ਦਾ ਜਿਮਾ ਅਸੀਂ ਲਵਾਂਗੇ  ਜਿਸਦੇ ਬਦਲੇ  ਉਨ੍ਹਾ  ਨੂੰ ਕੁਝ ਨਹੀਂ ਚਾਹਿਦਾ ਸਿਰਫ  ਫੋਜੀਆਂ ਲਈ ਖਾਣ  ਪੀਣ ਦੀਆਂ ਵਸਤੂਆਂ ਜਿਵੇ ਦੁਧ,  ਦਹੀ, ਘਿਓ ਬਸ।  ਲੋਕਾਂ  ਨੂੰ ਵੀ ਸਿੰਘ ਸਜਣ ਦਾ ਨਿਓਤਾ ਦਿਤਾ।
ਸਿਹਿਰੀ ਅਤੇ ਖੰਡਾ ਪਿੰਡਾਂ ਲਾਗੇ ਜਾ  ਟਿਕਾਣਾ ਕੀਤਾ।  ਇਥੋਂ ਹੀ ਗੁਰੂ ਸਾਹਿਬ ਦੇ ਹੁਕਮਨਾਮੇ  ਮਾਲਵੇ -ਮਾਝੇ -ਦੋਆਬੇ ਦੀਆਂ ਸਿਖ ਸੰਗਤਾਂ ਨੂੰ ਭੇਜੇ।ਇੱਥੇ ਹੀ ਕੁਝ ਵਿਉਪਾਰੀ ਲੁਬਾਣੇ ਸਿੱਖਾਂ ਨੇ ਬਾਬਾ ਜੀ ਅੱਗੇ ਅਪਣਾ ਦਸਵੰਧ ਪੇਸ਼ ਕੀਤਾ। ਜਿਸ ਨਾਲ ਬੰਦਾ ਸਿੰਘ ਦਾ ਗੁਰੂ ਸਾਹਿਬ ਉੱਪਰ ਹੋਰ ਵੀ ਭਰੋਸਾ ਵੱਧ ਗਿਆ।
 ਹੈਰਾਨੀ ਦੀ ਗਲ ਹੈ ਬੰਦਾ ਜਦੋਂ ਨਦੇੜ ਤੋ ਚਲਿਆ ਸੀ ਉਸ ਕੋਲ ਸਿਰਫ 25 ਸਿਖ ਤੇ 5 ਤੀਰ ਸਨ।  ਕੋਈ ਹਥਿਆਰ  ਗੋਲੀ ਸਿਕਾ ਜਾਂ ਬਰੂਦ ਨਹੀ ਸੀ,।   ਬੰਦਾ ਬਹਾਦਰ ਦੀ ਇਕ  ਅਵਾਜ਼ ਦੇਣ ਤੇ,  ਜਿਸਦੇ ਪਿਛੇ ਗੁਰੂ ਸਾਹਿਬ ਦਾ ਹੁਕਮ ਸੀ, ਸਿੰਘਾਂ ਦੇ ਅਨੇਕ ਜਥੇ ਧਰਮ ਯੁਧ  ਵਿਚ ਆ ਸ਼ਾਮਲ ਹੋਏ।   ਪੰਜਾਬ ਵਲ ਵਧਦਿਆਂ ਵਧਦਿਆਂ ਉਸਦੀ ਫੌਜ਼ ਦੀ ਗਿਣਤੀ 25 ਸਿਖਾਂ ਤੋਂ 40000 ਤਕ ਪੁਜ ਗਈ।  ਖੁਲੇ ਦਿਲ ਨਾਲ ਸੰਗਤਾਂ ਨੇ ਆਪਣਾ ਧੰਨ ਦੌਲਤ ਤੇ ਸ਼ਸ਼ਤਰ ਭੇਟ ਕੀਤੇ।
ਸਭ ਤੋ ਪਹਿਲੋਂ  ਬੰਦਾ ਬਹਾਦਰ ਨੇ ਸਿਹਰੀ, ਸੋਨੀਪਤ,  ਕੈਥਲ ਤੇ ਕਬਜਾ ਕੀਤਾ।  ਕੈਥਲ ਦੇ ਆਮਿਲ ਨੂੰ ਈਨ ਮਨਵਾਕੇ ਉਸ ਪਾਸੋਂ ਅਸਲਾ ਘੋੜੇ ਤੇ ਬਹੁਤ ਮਾਲ ਹਥਿਆ ਲਿਆ।  ਕੈਥਲ ਵਿਖੇ  ਸ਼ਾਹੀ ਖਜਾਨਾ  ਜੋ  ਦਿੱਲੀ ਲਿਜਾਇਆ ਜਾ ਰਿਹਾ ਸੀ  ਲੁਟਕੇ ਗਰੀਬਾਂ ਤੇ  ਲੋੜਵੰਦਾ ਵਿਚ ਵੰਡ ਦਿਤਾ।   ਇਥੋ ਦੇ ਆਮਿਲ ਨੂੰ ਈਨ ਮਨਾ ਕੇ  ਬਹੁਤ ਸਾਰਾ ਅਸਲਾ ਘੋੜੇ ਤੇ ਮਾਲ ਉਸਤੋ ਲੈ  ਲਏ। ਇਥੇ ਹੀ ਖਬਰ ਮਿਲੀ ਕਿ ਮੁਗਲਾਂ ਵਲੋਂ ਭੇਜੇ ਦੋ ਪਠਾਣਾ ਨੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਹੈ। ਬੰਦਾ ਸਿੰਘ ਦਾ ਮੁਖ ਮਕਸਦ  ਸਰਹੰਦ ਦੇ ਵਜੀਰ ਖਾਨ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣਾ ਸੀ। ਪਰ ਕਿਓਕੀ ਸਰਹੰਦ ਇਕ ਤਾਕਤਵਰ ਸੂਬਾ ਸੀ ਔਰ ਉਸਦੀ ਆਪਣੀ ਫੌਜ਼ ਵੀ ਕਾਫੀ ਸੀ ਤੇ ਲੋੜ ਪੈਣ ਤੇ ਓਹ ਆਸ ਪਾਸ ਤੋ ਮਦਤ ਵੀ ਲੈ ਸਕਦਾ ਸੀ।  ਸੋ ਬੰਦਾ ਬਹਾਦਰ ਨੇ ਸੋਚਿਆ ਕੀ ਸਭ ਤੋ ਪਹਿਲਾ ਆਸ ਪਾਸ ਦੀਆਂ ਬਾਹਾਂ ਕਟ ਦਿਤੀਆਂ ਜਾਣ।   ਇਸ ਲਈ ਸਭ ਤੋ ਪਹਿਲਾਂ  ਓਹ ਸਮਾਣੇ ਪਹੁੰਚਿਆ ਜਿਥੇ ਗੁਰੂ ਤੇਗ ਬਹਾਦਰ ਨੂੰ ਕਤਲ ਕਰਨ ਵਾਲਾ ਸਯਦ ਜਲਾਲ-ਉ-ਦਿਨ ਤੇ ਛੋਟੇ ਸਾਹਿਬਜਾਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ  ਰਹਿੰਦੇ ਸੀ।  ਇਹ  ਮੁਗਲ ਰਾਜ ਦੇ ਧਾਰਮਿਕ ਤੇ ਰਾਜਨੀਤਕ ਸ਼ਕਤੀ ਦਾ ਕੇਂਦਰ ਜੋ ਕੀ ਸਯੀਦਾਂ ਤਾ ਤਕੜਾ ਗੜ ਤੇ ਮਹਤਵ ਪੂਰਨ ਅਸਥਾਨ ਸੀ।   ਇਥੇ 22 ਸਈਦ ਪਰਿਵਾਰ ਰਹਿੰਦੇ ਸੀ  ਹਰ ਇਕ ਕੋਲ ਆਪਣੀ ਆਪਣੀ ਫੋਜ਼ ਸੀ ਜਿਸ ਨੂੰ ਜਿਤਣਾ ਇਤਨਾ ਅਸਾਨ ਨਹੀ ਸੀ।  ਇਥੇ ਘਮਸਾਨ ਦਾ ਯੁਧ ਹੋਇਆ, ਹਜਾਰਾਂ ਮੁਗਲ ਫੌਜੀ ਸਿੰਘਾ ਦੀਆਂ ਤਲਵਾਰਾਂ ਦੇ ਭੇਟ ਚੜੇ  24 ਘੰਟੇ ਦੇ ਅੰਦਰ ਅੰਦਰ ਸਮਾਣੇ ਤੇ ਕਬਜਾ ਕਰ ਲਿਆ।  ਤਿਨਾਂ  ਜਲਾਦਾਂ  ਨੂੰ ਆਪਣੀ ਕਰਨੀ ਦੀ ਸਜਾ ਦੇਕੇ ਕਤਲ ਕਰ ਦਿਤਾ।  ਭਾਈ ਫਤਿਹ ਸਿੰਘ ਨੂੰ ਸਮਾਣੇ ਦਾ ਗਵਰਨਰ ਥਾਪ  ਦਿਤਾ।
 ਇਨਾ ਸਾਰੀਆਂ ਜਿਤਾਂ  ਦੇ ਕਾਰਨ ਬਾਬਾ ਬੰਦਾ ਬਹਾਦਰ ਦੀ ਪ੍ਰਸਿਧੀ ਦੂਰ ਦੂਰ ਤਕ ਫੈਲ ਗਈ।  ਬਹੁਤ ਲੋਕ ਜੋ ਮੁਗਲ ਹਕੂਮਤ ਤੋਂ ਦੁਖੀ ਸਨ ਬੰਦਾ ਬਹਾਦਰ ਨਾਲ ਆ ਮਿਲੇ।  ਪੰਜਾਬ ਦੇ ਸਿਖਾਂ ਨੂੰ ਜਦੋਂ ਗੁਰੂ ਸਾਹਿਬ ਦੇ ਹੁਕਮਨਾਮੇ ਤੇ ਬੰਦਾ ਬਹਾਦਰ ਦੇ ਸੰਦੇਸ਼ ਮਿਲੇ  ਤਾਂ ਸਿਖ ਆਪਣਾ ਘਰ-ਬਾਹਰ ਛੋੜ ਕੇ,  ਮਾਲ ਅਸਬਾਬ ਵੇਚ ਕੇ  ਇਸ ਧਰਮ ਯੁਧ ਆ  ਸ਼ਾਮਲ ਹੋਏ   ਮਾਲਵੇ ਦੇ ਲੋਕ ਸਿਧਾ ਰਸਤਾ ਹੋਣ ਕਰਕੇ ਜਲਦੀ ਪਹੁੰਚ ਗਏ ਪਰ ਮਾਝੇ ਦਾ ਰਸਤਾ ਲੰਮਾ ਸੀ।  ਉਨ੍ਹਾ  ਨੂੰ ਅਜੇ ਸਮਾਂ ਲਗਣਾ ਸੀ।  ਇਸਤੋਂ ਅਗੇ ਘੜਾਮ, ਠਸਕਾ, ਸ਼ਾਹਬਾਦ    (ਮਾਰਕੰਡਾ)  –ਮੁਸਤਫਾਬਾਦ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਦਿਤਾ।  ਖੜਾਮ ਜੋ ਸਈਦ ਪਠਾਣਾ ਦਾ ਗੜ ਸੀ ਮਲਬੇ ਦੇ ਢੇਰ ਵਿਚ ਬਦਲਕੇ ਰਖ ਦਿਤਾ। ਮੁਸਤਫਾਬਾਦ ਦੀ ਲੜਾਈ ਵਿਚ ਦੋ ਤੋਪਾਂ ਸਿਖਾਂ ਦੇ ਹਥ ਆਈਆਂ।
ਇਸਤੋ ਬਾਦ  ਕਪੂਰੀ ਕਸਬੇ ਵਲ ਵਧੇ।  ਜਦੋਂ ਬੰਦਾ ਬਹਾਦੁਰ ਇਥੇ ਪਹੁੰਚਿਆ ਤਾਂ  ਕਪੂਰੀ ਕਸਬੇ ਦੇ ਰਹਿਣ ਵਾਲੇ  ਹਿੰਦੂ  ਬ੍ਰਾਹਮਣ  ਬਾਬਾ ਬੰਦਾ ਸਿੰਘ ਬਹਾਦੁਰ ਕੋਲ  ਆਏ ਤੇ ਆਪਣੀ ਧੀਆਂ ਭੇਣਾ ਦੀ ਇਜ਼ਤ ਬਚਾਣ ਲਈ ਹਥ ਜੋੜਕੇ  ਫ਼ਰਿਆਦ  ਕਰਨ ਲਗੇ। ਇਥੋਂ ਦਾ ਹਾਕਮ ਕਦੁਮੂਦੀਨ ਬੜਾ ਜਾਲਮ ਸੀ ਉਸਦਾ ਐਲਾਨੀ ਹੁਕਮ ਸੀ  ਕਿ ਹਿੰਦੂ ਦੀ ਬਚੀ  ਜਦੋਂ ਜਵਾਨ ਹੋਏ ਤਾ ਸਭ ਤੇ  ਪਹਿਲਾਂ ਉਸਦੇ  ਮਹਿਲ ਵਿਚ ਭੇਜੀ ਜਾਏ।  ਨਵੀਂ ਵਿਹਾਈ ਬਚੀ ਡੋਲੇ ਵਿਚੋਂ ਕਢਕੇ ਸਭ ਤੋਂ  ਪਹਿਲਾਂ ਉਸਦੀ ਭੇਟ ਚੜਦੀ।  ਜਦ ਬੰਦਾ ਬਹਾਦਰ ਨੇ ਇਹ ਸਭ  ਸੁਣਿਆ ਤਾਂ ਉਸਦਾ ਖੂਨ ਖੋਲ ਉਠਿਆ।    ਉਸ ਵਕਤ ਲੰਗਰ ਤਿਆਰ ਹੋ ਰਿਹਾ ਸੀ।   ਬੰਦਾ ਸਿੰਘ ਨੇ ਸਿਖਾਂ ਨੂੰ ਹੁਕਮ ਕੀਤਾ ਕੀ ਪ੍ਰਸ਼ਾਦਾ ਅਸੀਂ ਸਵੇਰੇ  ਛਕਾਂਗੇ ਪਹਿਲੇ ਅਸੀਂ ਕਪੂਰੀ ਦੇ ਹਾਕਮ ਦਾ ਫੈਸਲਾ ਮੁਕਾ ਲਈਏ।  ਕਪੂਰੀ  ਕਸਬੇ ਤੇ ਕਬਜਾ ਕਰ ਲਿਆ ਤੇ ਕਦੁਮੂਦੀਨ  ਨੂੰ  ਭਿਆਨਕ  ਸਜਾ ਦਿਤੀ।
 ਉਥੋਂ ਸਢੋਰੇ ਵਲ ਨੂੰ ਤੁਰ ਪਏ।  ਇਥੋਂ ਦਾ ਹਾਕਮ  ਓਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਮਿਤਰ ਪੀਰ ਬੁਧੂ ਸ਼ਾਹ ਨੂੰ ਬੜੇ ਤਸੀਹੇ ਦੇਕੇ ਕਤਲ ਕੀਤਾ ਸੀ ਕਹਿੰਦੇ ਹਨ ਕੀ ਜਦੋਂ ਉਸਨੇ ਮੁਗਲ ਦਰਬਾਰ ਵਿਚੇ ਇਹ ਸੁਣਿਆ ਕੀ ਪੀਰ ਬੁਧੂ ਸ਼ਾਹ ਨੇ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੀ ਭੰਗਾਣੀ ਦੇ ਯੁਧ ਵਿਚ ਸਹਾਇਤਾ  ਕੀਤੀ ਹੈ ਤਾਂ ਉਹ ਗੁਸੇ ਨਾਲ ਪਾਗਲ ਹੋ ਗਿਆ।  ਉਸਨੇ ਪੀਰ ਬੁਧੂ ਸ਼ਾਹ ਨੂੰ ਤਬਾਹ ਕਰਨ ਦਾ ਸੋਚ ਲਿਆ।  ਪੀਰ ਬੁਧੂ ਸ਼ਾਹ ਦੇ ਹਵੇਲੀ ਨੂੰ ਅਗ ਲਗਾ ਦਿਤੀ ਤੇ ਪੀਰ ਬੁਧੂ ਸ਼ਾਹ ਨੂੰ ਜੰਗਲਾ ਵਿਚ ਲਿਜਾ ਕੇ   ਜਮੀਨ ਵਿਚ ਗਡਕੇ,  ਜੰਗਲੀ ਕੁਤੇ ਛਡ ਦਿਤੇ ਜੋ ਪੀਰ ਜੀ ਨੂੰ ਨੋਚ ਨੋਚ ਕੇ ਖਾ ਗਏ।  ਓਸਮਾਨ ਖਾਨ ਨੂੰ ਉਸਦੀ ਕਰਨੀ ਦੀ ਬੜੀ ਭਿਆਨਕ ਸਜਾ ਦਿਤੀ, ਮੁਖਲਿਸ ਗੜ ਦਾ ਕਿਲਾ ਫ਼ਤਿਹ ਕਰ ਲਿਆ,  ਜਿਸਦਾ ਨਾਂ ਲੋਹਗੜ ਰਖਿਆ।  
ਉਸਤੋਂ ਉਪਰੰਤ ਅੰਬਾਲਾ -ਛਤ-ਬਨੂੜ ਜੋ ਜੁਲਮ ਤੇ ਜਬਰ ਦੇ ਗੜ ਸੀ,  ਤੇ ਕਬਜਾ ਕੀਤਾ।  ਇਸਤੋ ਬਾਦ ਓਹ ਖਰੜ ਵਲ ਨੂੰ ਹੋ ਤੁਰੇ।   ਬੰਦਾ ਸਿੰਘ ਦੇ ਅਓਣ  ਦਾ ਸੁਣ ਕੇ ਸਿਖਾਂ ਦੇ ਹੋਂਸਲੇ ਬੁਲੰਦ ਹੋ ਚੁਕੇ ਸਨ, ਮਾਝੇ ਤੇ ਦੁਆਬੇ ਦੇ ਸਿਖਾਂ ਨੇ ਮੁਗਲ ਹਕੂਮਤ ਵਿਰੁਧ ਬਗਾਵਤ ਕਰ ਦਿਤੀ  ਤੇ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ, ਸਰਹੰਦ ਵਲ ਕੂਚ ਕਰ ਦਿਤਾ।  ਰੋਪੜ ਦੇ ਸਥਾਨ ਤੇ ਇਨਾ ਸਿੰਘਾ ਨਾਲ ਸ਼ਾਹੀ ਫੋਜ਼ ਦੀ ਪਹਿਲੀ ਲੜਾਈ ਹੋਈ।  ਵਜ਼ੀਰ ਖਾਨ ਦੇ ਹੁਕਮ ਉਤੇ ਮਲੇਰਕੋਟਲਾ ਦੇ ਨਵਾਬ ਸ਼ੇਰ ਖਾਨ ਨੇ ਆਪਣੇ ਭਰਾ (ਖਿਜਰ  ਖਾਨ )ਤੇ ਭਤੀਜਿਆਂ (ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ )ਸਮੇਤ ਸਿਖਾਂ ਉਤੇ ਜੋਰਦਾਰ ਹਮਲਾ ਕਰ ਦਿਤਾ।  ਸਿਖਾਂ ਦੀ ਮਲੇਰਕੋਟਲਾ ਦੇ ਪਠਾਣਾ ਨਾਲ ਤਕੜੀ ਝੜਪ ਹੋਈ।   ਦੋ ਦਿਨ ਖੂਨ ਡੋਲਵੀ ਲੜਾਈ ਵਿਚ  ਖਿਜਰ ਖਾਨ,  ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ ਮਾਰੇ ਗਏ ਤੇ ਸ਼ੇਰ ਮੁਹੰਮਦ ਸਖਤ ਜਖਮੀ ਹੋ ਗਿਆ।  ਸਿੰਘ ਇਹ ਲੜਾਈ ਜਿਤ ਕੇ ਬੰਦਾ ਬਹਾਦਰ ਨਾਲ ਆਣ  ਮਿਲੇ।
ਇਹ ਸਾਰੀਆਂ ਜਿਤਾਂ  ਅਓਣ ਵਾਲੀ ਸਰਹੰਦ ਦੀ ਵਡੀ ਮੁਹਿਮ ਦਾ ਅਧਾਰ ਬਣੀਆਂ।  ਜਿਤਾਂ  ਦੇ ਇਸ ਲੰਬੇ  ਸਿਲਸਿਲੇ ਨੂੰ  ਸੁਣ ਕੇ   ਸਰਹੰਦ ਦਾ ਸੂਬੇਦਾਰ ਵਜੀਰ ਖਾਨ  ਨੂੰ ਵੀ ਇਕ ਵਾਰ ਕਾਂਬਾ ਛਿੜ ਗਿਆ ਹਾਲਾਂਕਿ  ਓਹ ਖੁਦ ਇਕ ਜੰਗਜੂ, ਜੰਗੀ ਚਾਲਾਂ ਨੂੰ ਸਮਝਣ ਵਾਲਾ,  ਕੁਸ਼ਲ ਪ੍ਰਬੰਧਕ ਸੀ।  ਉਸ ਕੋਲ 48 ਤੋਪਾਂ 200 ਹਾਥੀ ਤੇ 10000 ਘੋੜ ਸਵਾਰ,  5000 ਪਿਆਦਾ ਫੌਜ਼, ਅਨਗਿਣਤ ਬੰਦੂਕਾਂ,  ਦਾਰੂ ਸਿਕਾ ਤੇ ਰਸਦ ਦੇ ਭੰਡਾਰ ਇਕਠੇ ਕੀਤੇ ਹੋਏ ਸੀ।  ਰਾਜੇ ਰਜਵਾੜਿਆਂ ਨੂੰ ਵੀ ਬੁਲਾ ਲਿਆ,  ਜੇਹਾਦ  ਦਾ ਨਾਹਰਾ ਲਗਾਕੇ  ਨਵਾਬਾਂ ਤੇ ਜਗੀਰਦਾਰਾਂ ਦੀਆਂ ਫੌਜਾ ਵੀ ਇਕਠੀਆਂ ਕਰ ਲਈਆਂ।   ਸਰਹੰਦ ਨੂੰ ਬਚਾਣ  ਲਈ ਹਿਸਾਰ ਤੋਂ ਲੇਕੇ ਗੁਜਰਾਤ ਤਕ ਦੇ 5000 ਗਾਜ਼ੀ  ਵੀ ਪਹੁੰਚੇ  ਹੋਏ ਸਨ।   20000 ਉਸਦੀ ਆਪਣੀ ਫੌਜ਼ ਸੀ।  ਵਡੀ ਗਿਣਤੀ ਵਿਚ ਹਾਥੀ,  ਘੋੜ-ਚੜੇ ਬੰਦੂਕਚੀ .ਨੇਜਾ ਬਰਦਾਰ ਤੇ ਤਲਵਾਰ -ਬਾਜ਼ ਸ਼ਾਮਿਲ ਸਨ ।  ਵਜ਼ੀਰ ਖਾਨ ਨੇ ਖਾਲ੍ਸਿਆਈ ਨਿਸ਼ਾਨ ਨੂੰ ਮੇਟਣ ਲਈ ਪੂਰੀ ਵਾਹ ਲਗਾ ਦਿਤੀ।  ਜੰਗ ਦੀ ਤਿਆਰੀ ਲਈ ਸਾਰੇ ਸਾਧਨ ਜੁਟਾ ਲਏ  ਗੋਲੀ ਸਿਕਾ ਬਾਰੂਦ ਨਾਲ ਕੋਠੇ ਭਰ ਲਏ। ਸਰਹੰਦ ਕੂਚ ਕਰਨ ਤੋ ਪਹਿਲਾਂ ਬੰਦਾ ਬਹਾਦਰ ਦੀ ਖਾਲਸਾਈ ਫੌਜਾਂ  ਨਾਲ ਇਕ ਹੋਰ ਸ਼ਕਤੀਸ਼ਾਲੀ ਸਿੰਘਾਂ ਦਾ ਜਥਾ ਬਨੂੜ ਦੇ ਨੇੜੇ ਆ ਰਲਿਆ ਜਿਸ ਨਾਲ ਖਾਲਸਾਈ ਫੌਜ਼ ਦੀ ਤਾਕਤ ਵਿਚ ਵਾਧਾ ਹੋਇਆ।  ਬੰਦਾ ਬਹਾਦਰ ਕੋਲ ਸਿਰਫ 6 ਤੋਪਾਂ, 5000 ਧਾੜਵੀ 1000 ਘੋੜ ਸਵਾਰ ਤੇ ਕੁਝ ਮਰਜੀਵੜੇ ਸਿਖ ਜੋ ਜਾਨ ਤਲੀ ਤੇ ਰਖ ਕੇ ਲੜਨਾ  ਮਰਨਾ ਜਾਣਦੇ ਸਨ।  ਪਰ ਚੜਦੀ ਕਲਾ ਤੇ ਗੁਰੂ ਸਾਹਿਬ ਥਾਪੜਾ ਤੇ ਆਸ਼ੀਰਵਾਦ ਉਸ ਨਾਲ ਸੀ।  ਚਪੜ- ਚਿੜੀ ਦੇ ਮੈਦਾਨ ਵਿਚ ਦੋਨਾ ਦੀਆਂ ਫੌਜਾਂ ਆ ਡਟੀਆਂ।    ਬੰਦਾ ਬਹਾਦਰ ਨੇ ਆਪਣੀ ਫੌਜ਼ ਨੂੰ ਦੋ ਹਿਸਿਆਂ ਵਿਚ ਵੰਡ ਦਿਤਾ,  ਇਕ ਜਥਾ,  ਫਤਹਿ ਸਿੰਘ, ਕਰਮ ਸਿੰਘ, ਧਰਮ ਸਿੰਘ,  ਆਲੀ ਸਿੰਘ ਤੇ ਦੂਸਰੇ ਜਥੇ ਦਾ ਆਗੂ ਬਾਬਾ ਵਿਨੋਦ ਸਿੰਘ, ਬਾਜ ਸਿੰਘ, ਰਾਮ ਸਿੰਘ ਤੇ ਸ਼ਾਮ ਸਿੰਘ।
12  ਮਈ  1710  ਵਿਚ ਚਪੜ ਚਿੜੀ ਦੇ ਮੈਦਾਨ ਵਿਚ ਜੋ ਪਹਿਲਾਂ ਛਪੜ ਚਿੜੀ ਦੇ ਨਾਂ ਨਾਲ ਮਸ਼ਹੂਰ ਸੀ, ਸਰਹੰਦ ਤੋ ਕੋਈ 10 ਕੋਹ ਦੀ  ਦੂਰੀ ਤੇ ਭਾਰੀ ਯੁਧ ਹੋਇਆ। ।   ਲੜਾਈ ਸ਼ੁਰੂ ਹੋਣ ਤੋ ਪਹਿਲੋ ਵਜ਼ੀਰ ਖਾਨ ਇਕ ਚਾਲ ਚਲੀ  ਬੰਦਾ ਸਿੰਘ ਬਹਾਦਰ ਦੀ ਫੋਜ਼ ਵਿਚ ਭਗਦੜ ਮਚਾਨ ਵਾਸਤੇ।  ਸੁਚਾ ਨੰਦ ਦੇ ਭਤੀਜੇ ਗੰਡਾ ਮਲ  ਨੂੰ 1000  ਫੌਜ਼ ਦੇਕੇ ਬੰਦਾ ਸਿੰਘ ਬਹਾਦੁਰ ਕੋਲ ਭੇਜਿਆ ਜਿਸਨੇ ਆਕੇ ਕਿਹਾ ਕਿ ਮੈਂ ਆਪਣੇ ਚਾਚਾ ਦੀ ਕਰਨੀ ਤੇ  ਬੇਹਦ ਸ਼ਰਮਿੰਦਾ ਹਾਂ, ਮੈ ਤੁਹਾਡੀ ਫੌਜ਼ ਵਿਚ ਭਰਤੀ ਹੋਕੇ  ਉਨਾ ਦੀ ਇਸ  ਭੁਲ ਦਾ ਪ੍ਰਾਸ਼ਚਿਤ ਕਰਨਾ ਚਾਹੁੰਦਾ ਹਾਂ।  ਬੰਦਾ ਬਹਾਦੁਰ ਨੇ ਉਸ ਨੂੰ ਫੌਜ਼ ਵਿਚ ਭਰਤੀ ਤਾਂ  ਕਰ ਲਿਆ ਪਰ ਬਾਜ ਸਿੰਘ ਨੂੰ ਕਹਿ  ਦਿਤਾ ਇਸਤੇ ਨਜਰ ਰਖੀ ਜਾਏ। ਲੜਾਈ ਸ਼ੁਰੂ ਹੋਣ ਤੇ ਉਸਨੇ ਬੰਦਾ ਸਿੰਘ ਦੇ ਫੌਜੀ ਮਰਵਾਣੇ  ਸ਼ੁਰੂ ਕਰ ਦਿਤੇ।   ਬਾਜ ਸਿੰਘ ਨੇ ਇਕੋ ਝਟਕੇ ਨਾਲ ਉਸਦੀ ਗਰਦਨ ਉਤਾਰ ਦਿਤੀ  ਤੇ ਬਾਕੀ ਧਾੜਵੀ ਉਸਦੇ ਸਾਥੀ  ਸਭ ਖਿਸਕ ਗਏ।
ਲੜਾਈ ਸ਼ੁਰੂ ਹੋਈ।  ਸਿਖਾਂ ਕੋਲ ਤੋਪਾਂ ਸੀ ਨਹੀ।   ਤੋਪਾਂ ਨਾਲ ਮੁਕਾਬਲਾ ਕਰਨਾ ਅਓਖਾ ਸੀ ਸੋ  ਸਭ ਤੋ ਪਹਿਲਾਂ  ਬਾਬਾ ਬੰਦਾ ਸਿੰਘ  ਦੀ ਹਿਦਾਇਤ ਅਨੁਸਾਰ ਸਿਖ ਦੁਸ਼ਮਨ ਦੀਆਂ ਤੋਪਾਂ ਤੇ ਟੁਟ ਪਏ ਤੇ  ਸਾਰੀਆਂ ਤੋਪਾਂ ਖੋਹ ਲਈਆਂ।  ਹਥੋ -ਹਥ ਲੜਾਈ ਹੋਈ  ਬੜਾ ਭਿਆਨਕ ਨਜ਼ਾਰਾ ਸੀ।  ਖੰਡੇ ਨਾਲ ਖੰਡਾ  ਖੜਕਿਆ।  ਲੋਥਾਂ  ਦੇ ਢੇਰ ਲਗ ਗਏ ਖੂਨ  ਦੀਆਂ ਨਦੀਆਂ ਬਹਿ ਨਿਕਲੀਆਂ।  ਵਜੀਰ ਖਾਨ ਨੇ ਸਿਖਾਂ ਤੇ ਕਾਬੂ ਪਾਣ ਲਈ ਆਪਣਾ ਹਾਥੀ ਅਗਲੀ ਪਾਲ ਵਿਚ ਲਿਆ ਕੇ  ਗਾਜ਼ੀਆਂ ਨੂੰ ਹਲਾ ਸ਼ੇਰੀ ਦੇਣ ਲਗਾ।  ਬਾਬਾ ਬੰਦਾ  ਇਕ ਉਚੀ ਟਿਬੀ ਤੇ ਬੈਠ ਕੇ ਦੋਨੋ ਫੌਜਾਂ ਦਾ ਜਾਇਜਾ ਲੈ ਰਿਹਾ ਸੀ।  ਇਕ ਦਮ  ਉਠਿਆ ਤੇ ਮੁਹਰ੍ਲੀ ਕਟਾਰ ਵਿਚ ਆਕੇ    ਵੇਰੀਆਂ ਤੇ ਬਿਜਲੀ ਵਾਂਗ ਟੁਟ ਪਿਆ।  ਸਿਖਾਂ ਦੇ ਹੋਸਲੇ ਵਧ ਗਏ ਤੇ ਜੋਸ਼ ਚਰਮ ਸੀਮਾਂ ਤਕ ਪਹੁੰਚ ਗਏ।  ਵਜ਼ੀਰ ਖਾਨ ਬਾਜ ਸਿੰਘ ਤੇ ਫਤਿਹ ਸਿੰਘ ਵਿਚ ਘਿਰ ਗਿਆ।  ਫਤਿਹ ਸਿੰਘ ਨੇ ਫੁਰਤੀ ਨਾਲ ਤਲਵਾਰ ਚਲਾਈ ਤੇ ਉਸਦੀ ਬਾਹ ਕਟ ਦਿਤੀ ਓਹ ਧਰਤੀ ਤੇ ਡਿਗ ਪਿਆ।  ਵਜ਼ੀਰ ਖਾਨ ਨੂੰ ਜਿੰਦਾ ਹੀ ਦਬੋਚ ਲਿਆ  ਸ਼ਾਹੀ ਫੌਜ਼ ਵਿਚ ਹਫੜਾ ਦਫੜੀ ਮਚ ਗਈ, ਜਿਧਰ ਮੂੰਹ ਆਇਆ ਸਭ  ਨਸ ਗਏ  ਸਭ ਕੁਝ ਧਨ, ਮਾਲ,ਤੋਪਾਂ  ਘੋੜੇ,  ਰਸਦ ਸਿਘਾਂ ਦੇ ਹਥ ਆ ਗਏ। ਸਰਹੰਦ ਫਤਹਿ ਹੋਣ ਦੇ ਜੈਕਾਰੇ ਛਡੇ ਗਏ।  ਨਗਾਰਾ ਵਜਿਆ। । ਅਗਲੇ ਦਿਨ ਸਿੰਘਾ ਦੀ ਮਰਹਮ ਪਟੀ ਕੀਤੀ ਗਈ,  ਸ਼ਹੀਦਾਂ ਦੇ ਸਸਕਾਰ ਕਰਕੇ  ਸਰਹੰਦ ਸ਼ਹਿਰ ਨੂੰ ਘੇਰ ਲਿਆ।  
 14 ਮਈ 1710 ਸਿਖਾਂ ਨੇ ਸਰਹੰਦ ਵਿਚ ਪ੍ਰਵੇਸ਼ ਕੀਤਾ।  ਵਜ਼ੀਰ ਖਾਨ ਦੀਆਂ ਲਤਾਂ ਨੂੰ ਰਸੇ ਨਾਲ ਬੰਨ ਦਿਤਾ ਮੂੰਹ ਕਲਾ ਕਰਕੇ ,ਘੋੜੇ ਪਿਛੇ ਬੰਨ ਕੇ ਸਾਰੇ ਸ਼ਹਿਰ ਵਿਚ ਘਸੀਟਿਆ ਗਿਆ।  ਉਸਦੀ ਲਾਸ਼ ਚੀਲਾਂ ਤੇ ਕਾਵਾਂ ਵਾਸਤੇ ਦਰਖਤਾਂ ਤੇ ਲਟਕਾ ਦਿਤੀ। ਸੁਚਾ ਨੰਦ ਦੀ ਹਵੇਲੀ ਮਲਬੇ ਦਾ ਢੇਰ ਕਰ ਦਿਤੀ।   ਸੁਚਾ ਨੰਦ ਦੇ ਨਕ ਵਿਚ ਨਕੇਲ ਪਾਕੇ ਦਰ ਦਰ ਤੋਂ ਭੀਖ ਮੰਗਵਾਈ।  ਓਹ  ਲੋਕਾਂ ਤੋਂ ਸਿਰ ਵਿਚ ਜੁਤੀਆਂ ਖਾਂਦਾ ਖਾਂਦਾ ਮਰ ਗਿਆ।  ਵਜ਼ੀਰ ਖਾਨ ਦਾ ਵਡਾ ਪੁਤਰ ਡਰ ਕੇ ਦਿਲੀ ਭਜ ਗਿਆ।  ਇਸ ਤਰ੍ਹਾਂ ਖਾਲਸੇ ਦੀ ਸ਼ਾਨਦਾਰ ਜਿੱਤ ਹੋਈ।
 17 ਮਈ 1710 ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਵਾਲੇ ਦਿਨ ਖਾਲਸਾ ਫੌਜ਼ ਤੇ ਇਲਾਕੇ ਦੀਆਂ ਸੰਗਤਾ ਨੇ ਇਕ ਵਡੇ ਇਕਠ ਵਿਚ ਸਰਹੰਦ ਫਤਹਿ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ ਤੇ ਸਰਬ ਸਾਂਝੇ ਸਿਖ ਰਾਜ  ਦਾ ਐਲਾਨ ਕੀਤਾ ਤੇ ਸਿਖ ਰਾਜ ਦਾ ਝੰਡਾ ਉਥੇ ਲਹਿਰਾਇਆ ਜਿਥੇ ਗੁਰੂ ਸਾਹਿਬ ਦੇ ਦੋਨੋ ਬਚੇ ਸ਼ਹੀਦ ਕੀਤੇ ਗਏ ਸੀ।  ਬੰਦਾ ਬਹਾਦਰ ਨੇ ਕੋਮੀ ਨੇਤਾ ਦੀ ਜਿਮੇਵਾਰੀ ਸੰਭਾਲੀ।  ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਤੇ ਆਲੀ ਸਿੰਘ ਨੂੰ ਉਸਦਾ ਵਜ਼ੀਰ ਥਾਪਿਆ। 28 ਪਰਗਨੇ  ਦੇ ਮੁਖੀ, ਕਾਬਿਲ ਸਿਖ ਤੇ ਹਿੰਦੂ ਲਗਾਏ  ਗਏ।  
ਜਿਤਾ ਦਾ ਸਿਲਸਲਾ ਚਲਦਾ ਰਿਹਾ ਜੁਲਾਈ  1710 ਵਿਚ ਬੰਦਾ ਬਹਾਦੁਰ ਨੇ ਗੰਗਾ ਤੇ ਜਮੁਨਾ ਦੇ ਮੈਦਾਨੀ ਇਲਾਕੇ ਫ਼ਤੇਹ ਕਰ ਲਏ। ਅਕਤੂਬਰ 1710 ਵਿਚ ਕਿਲਾ ਭਗਵੰਤ ਰਾਇ ਤੇ ਭਿਲੋਵਾਲ ਤੇ ਸਿਖਾਂ ਦਾ ਕਬਜਾ ਹੋ ਗਿਆ।  ਬਾਬਾ ਬੰਦਾ ਸਿੰਘ ਬਹਾਦਰ ਨਾਲ ਨਾਲ ਆਪਣੇ ਜਿਤੇ ਇਲਾਕਿਆਂ ਦੀ ਵਿਵਸਥਾ ਕਰਦੇ ਚਲੇ ਆ ਰਹੇ ਸਨ।    ਭਾਈ ਅਲੀ ਸਿੰਘ ਨੂੰ ਸਮਾਣਾ ਦਾ, ਭਾਈ ਰਾਮ ਸਿੰਘ ਨੂੰ  ਥਨੇਸਰ ਦਾ ਤੇ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਥਾਪ ਦਿਤਾ।  ਸਰਹੰਦ ਤੋ ਬਾਅਦ ਰਾਮ ਰਈਆ, ਘੁੜਾਮ  ਮਲੇਰਕੋਟਲਾ ਤੇ ਰਾਇਕੋਟ ਵਲ ਨੂੰ ਹੋ ਤੁਰੇ। ਉੱਥੋਂ ਦੇ ਨਵਾਬ ਨੇ 5000 ਰੁਪਏ ਤੇ ਕੁਝ ਘੋੜੇ ਨਜ਼ਰਾਨੇ ਵਜੋਂ ਦੇਕੇ ਅਧੀਨਗੀ ਕਬੂਲ ਕਰ ਲਈ।  ਥੋੜੇ  ਹੀ ਦਿਨਾ ਵਿਚ ਸਢੋਰੇ ਤੋ ਰਾਇਕੋਟ,  ਮਾਛੀਵਾੜਾ  ਲੁਧਿਆਣਾ ਤੋ ਕਰਨਾਲ,  ਸੋਨੀਪਤ ਤਕ ਦੇ ਸਾਰੇ ਇਲਾਕੇ ਬੰਦਾ ਬਹਾਦਰ ਦੇ ਅਧੀਨ ਹੋ ਗਏ।  ਫਿਰ ਪਛਮ ਵਲ ਵਧੇ,  ਜਲਾਲਾਬਾਦ- ਜਲੰਧਰ,  ਰਿਆੜਕੀ ਆਦਿ ਸ਼ਹਿਰਾਂ ਨੂੰ ਫਤਹਿ ਕਰਦੇ ਹੋਏ ਲਾਹੋਰੇ ਤਕ ਜਾ ਪਹੁੰਚੇ।  ਸਰਹੰਦ ਫਤਹਿ ਹੋਣ ਤੋਂ ਬਾਦ ਬੰਦਾ ਬਹਾਦਰ ਦੀ ਅਗਵਾਈ ਹੇਠ ਜਿਤਾਂ  ਦਾ ਐਸਾ ਸਿਲਸਿਲਾ ਸ਼ੁਰੂ ਹੋਇਆ  ਜੋ ਓਸ ਸਮੇ ਰੁਕਿਆ ਜਦੋਂ ਮੁਗਲ ਫੌਜ਼ ਨੇ ਭਾਰੀ ਗਿਣਤੀ ਵਿਚ ਬੰਦਾ ਬਹਾਦਰ ਤੇ ਸਿਖ ਫੋਜੀਆਂ ਨੂੰ ਗੁਰਦਾਸ ਨੰਗਲ ਦੀ ਗੜੀ ਵਿਚ ਘੇਰ ਲਿਆ।   ਹੁਣ ਤਕ ਲਗਪਗ  ਪੂਰੇ ਪੂਰਵੀ ਪੰਜਾਬ ਤੇ ਸਿਖ ਰਾਜ ਕਾਇਮ ਹੋ ਚੁਕਾ ਸੀ।  ਇਕ ਛੋਟੀ ਜਹੀ ਕੋਮ ਪਹਿਲੀ ਵਾਰ ਭਾਰਤ ਦੇ ਨਕਸ਼ੇ ਤੇ ਇਕ ਰਾਜਸੀ ਤਾਕਤ ਵਜੋਂ ਓਭਰ ਕੇ ਆਈ।  
ਸਰਹੰਦ  ਸ਼ਾਹੀ-ਰਾਹ (GT Road) ਦੇ ਉਪਰ ਹੋਣ ਕਰਕੇ  ਰਾਜਧਾਨੀ ਵਜੋਂ ਸੁਰਖਿਅਤ ਨਹੀਂ ਸੀ ਤੇ ਬਾਦਸ਼ਾਹੀ ਫੌਜਾਂ ਦੀ ਮਾਰ ਹੇਠ ਸੀ,  ਇਸ ਲਈ ਇਥੋਂ  150 ਮੀਲ ਦੀ ਦੂਰੀ ਤੇ  ਲੋਹਗੜ  ਕਿਲੇ ਵਿਚ ਜਿਸਦਾ ਪਹਿਲੇ ਨਾਂ ਮੁਖਲਿਸ ਗੜ ਸੀ,  ਆਪਣੀ ਰਾਜਧਾਨੀ ਬਣਾਈ।   ਸਾਰਾ ਜੰਗੀ ਸਮਾਨ ਤੇ ਖਜਾਨਾ ਆਪਣਾ ਮਾਲ-ਅਸਬਾਬ ਤੇ ਜਿਤੇ ਹੋਏ ਇਲਾਕਿਆਂ ਤੋ ਉਗਰਾਹੇ ਮਾਮਲੇ ਇਸ ਜਗਹ ਤੇ ਇਕਠੇ ਕੀਤੇ।  ਖਾਲਸਾ ਰਾਜ ਦੀ ਸਥਾਪਨਾ ਦੀ ਘੋਸ਼ਣਾ ਕੀਤੀ।  ਇਥੇ ਰੋਜ਼ ਦਰਬਾਰ ਲਗਾਂਦੇ ਤੇ ਜਨਤਾ ਦੀਆਂ  ਦੁਖਾਂ ਤਕਲੀਫਾਂ ਦਾ ਨਿਪਟਾਰਾ ਕਰਦੇ।  ਇਨਸਾਫ਼ ਕਰਨ ਵੇਲੇ ਹਰ ਇਕ ਨੂੰ ਇਕੋ ਜਿਹਾ ਵਰਤਾਰਾ ਮਿਲਦਾ,  ਚਾਹੇ ਓਹ  ਕਿਸੇ ਜਾਤੀ ਮਜਹਬ ਜਾ ਪ੍ਰਾਂਤ ਦਾ ਹੋਵੇ।  ਜਿਤੇ ਹੋਏ ਇਲਾਕਿਆਂ ਵਿਚ ਜਮੀਨ ਵਾਹੁਣ ਵਾਲਿਆਂ  ਨੂੰ  ਮਾਲਿਕ ਘੋਸ਼ਤ ਕਰ ਦਿਤਾ ਗਿਆ  ਜਿਸ ਨਾਲ ਪੰਜਾਬ ਦੀ ਆਰਥਿਕ ਅਵਸਥਾ ਵਿਚ ਜਬਰਦਸਤ  ਸੁਧਾਰ ਆਇਆ।   ਬੰਦਾ ਸਿੰਘ  ਬਹਾਦਰ ਨੇ ਆਪਣੀ ਕੋਈ ਨਿਸ਼ਾਨੀ,  ਨਾ ਕੋਈ ਯਾਦਗਾਰ ਬਣਵਾਈ,  ਸਿਰਫ ਕੋਮ ਧਰਮ  ਪੰਥ ਤੇ ਦੇਸ਼  ਲਈ ਆਪਣੀ, ਆਪਣੇ ਪਰਿਵਾਰ ਤੇ ਆਪਣੇ ਪਿਆਰੇ ਸਿਖਾਂ ਦਾ ਖੂਨ ਡੋਲਿਆ।  ਓਹ ਦੁਨਿਆ ਦਾ ਪਹਿਲਾ ਹੁਕਮਰਾਨ ਸੀ ਜੋ ਤਖਤ ਤੇ ਨਹੀ ਬੈਠਾ, ਕਲਗੀ ਨਹੀ ਲਗਾਈ, ਆਪਣੇ ਰਾਜ ਦਾ ਸਿਕਾ ਨਹੀਂ ਚਲਾਇਆ,। ਮੋਹਰਾਂ ਤੇ ਆਪਣਾ ਨਾਮ ਨਹੀ ਲਿਖਵਾਇਆ,  ਦੇਗ ਤੇਗ ਫਤਹਿ  ਮਤਲਬ ਜੋ ਵੀ ਹੈ ਗੁਰੂ ਦੀ ਕਿਰਪਾ ਸਦਕਾ। , ਜਿਤਾ ਤੇ ਆਪਣੀਆ ਕਾਮਯਾਬੀਆਂ ਦਾ ਮਾਣ ਆਪਣੇ ਆਪ ਨੂੰ ਨਾ ਦੇਕੇ ਉਸ ਅਕਾਲ ਪੁਰਖ,ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦਿਤਾ।  ਖਾਲਸਾ ਰਾਜ ਵਿਚ ਇਕ ਵਖਰਾ ਸਿੱਕਾ ਚਲਾਇਆ,  ਜਿਸਦੀ ਕੀਮਤ  ਮੁਗਲਾਂ ਦੇ ਸਿਕੇ ਤੋਂ ਵਧ ਰਖੀ।  ਸਿਕੇ ਉਤੇ ਫ਼ਾਰਸੀ ਵਿਚ ਖੁਦਵਾਇਆ,
ਸਿਕਾ ਜਦ ਬਰ ਹਰ ਦੋ ਆਲਮ ,ਤੇਗੇ ਨਾਨਕ ਵਹਿਬ ਅਸਤ
ਫਤਹਿ ਗੋਬਿੰਦ ਸਿੰਘ ਸ਼ਾਹਿ ਸ਼ਹਾਨ, ਵਜ਼ਲਿ ਸਚਾ ਸਾਹਿਬ ਅਸਤ
ਜਿਸਦਾ ਮਤਲਬ ਸੀ ਕੀ ਮੈਂ ਦੁਨਿਆ ਭਰ ਵਾਸਤੇ ਸਿਕਾ ਜਾਰੀ ਕੀਤਾ ਹੈ।  ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ।  ਮੈਨੂੰ ਸ਼ਾਹਾਂ ਦੇ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਿਤ ਬਖਸ਼ੀ ਹੈ।  ਇਹ ਸਚੇ ਸਾਹਿਬ ਦੀ ਮੇਹਰ ਹੈ।  ਸਿਕੇ ਦੇ ਦੂਜੇ  ਪਾਸੇ ਲਿਖਵਾਇਆ।
ਜਰਬ -ਬ-ਅਮਾਨ-ਦਾਹਿਰ -ਮੁਸਵਰਤ  –ਸਹਿਰ, ਜ਼ੀਨਤ-ਤਖਤ-ਮੁਬਾਰਕ-ਬਖਤ
ਜਾਰੀ ਹੋਇਆ ਸੰਸਾਰ ਦੇ ਸ਼ਾਂਤੀ ਅਸਥਾਨ ਸ਼ਹਿਰਾਂ ਦੀ ਮੂਰਤ ਧੰਨਭਾਗੀ ਰਾਜਧਾਨੀ ਤੋਂ।  ਮੋਹਰਾਂ ਤੇ ਲਿਖਵਾਇਆ
ਦੇਗ ਤੇਗ ਫਤਹਿ  ਨੁਸਰਤ ਬੇਦਰੰਗ, ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ
ਸਰਹੰਦ ਫਤਹਿ ਹੋਣ ਤੋ ਬਾਦ ਬੰਦਾ ਸਿੰਘ ਨੇ ਇਕ ਨਵਾਂ ਸੰਮਤ ਆਰੰਭ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਥਾਪਤ ਇਹ ਪਹਿਲਾ ਸਿਖ ਰਾਜ ਪੂਰਨ ਧਰਮ ਨਿਰਪਖ ਰਾਜ ਸੀ।  ਫ਼ਾਰਸੀ ਸਰਕਾਰੀ ਜ਼ੁਬਾਨ ਸੀ ਪਰ ਹੋਰ ਭਾਸ਼ਾਵਾਂ ਨੂੰ ਵੀ ਮਾਨਤਾ ਦਿਤੀ ਗਈ ਸੀ।  ਰਾਜ ਦਾ ਉਦੇਸ਼ ਸ਼ਾਂਤੀ ਕਾਇਮ ਕਰਨਾ ਸੀ।  ਰਾਜ ਵਲੋਂ ਜਾਰੀ ਹੋਣ ਵਾਲੀ ਹਰ ਸਨਦ ਅਤੇ ਦਸਤਾਵੇਜ਼ ਉਪਰ ਜਬਰ -ਬ -ਅਮਨ ਦਹਿਰ ਲਿਖਿਆ ਜਾਂਦਾ  ਜਿਸਦਾ ਮਤਲਬ ਸੀ ਵਿਸ਼ਵ ਸ਼ਾਂਤੀ ਦਾ ਸਥਾਨ।  ਹਰ ਤਰਹ ਦੇ ਨਸ਼ਿਆਂ,  ਅਫੀਮ ਤਮਾਕੂ,ਚਰਸ ਗਾਂਜਾਂ ਤੇ ਪਾਬੰਦੀ ਲਗਾਈ।  ਔਰਤਾਂ,  ਬਜੁਰਗਾਂ ਦੀ ਇਜ਼ਤ ਹਿਫ਼ਾਜ਼ਤ ਲਈ ਸੁਰਖਿਆ ਮੁਹਇਆ ਕਰਵਾਈ।  ਜਾਤ, ਪਾਤ ਉਚ ਨੀਚ ਦੇ ਭੇਦ ਭਾਵ ਮਿਟਾਕੇ  ਕਾਬਲੀਅਤ ਰਖਣ ਵਾਲੇ ਲੋਕਾਂ ਨੂੰ ਉਚੇ ਅਹੁਦੇ ਦਿਤੇ ਤੇ ਸਮਾਜਿਕ ਬਰਾਬਰੀ ਲਈ ਅਨੇਕ ਪ੍ਰਬੰਧ ਕੀਤੇ  ਸਭ ਦਾ ਇਕੇ ਜਿਹਾ ਸਤਕਾਰ ਹੁੰਦਾ।  
10 ਦਸੰਬਰ 1710  ਵਿਚ  ਬਹਾਦਰ ਸ਼ਾਹ ਨੇ ਇਕ ਹੁਕਮ ਜਾਰੀ ਕੀਤਾ ਸੀ ਕੀ ਜਿਥੇ ਵੀ ਕੋਈ ਸਿਖ ਮਿਲੇ ਉਸ ਨੂੰ ਕਤਲ ਕਰ ਦਿਤਾ ਜਾਏ।  ਫਿਰ ਵੀ ਬੰਦਾ ਬਹਾਦਰ ਨੇ ਕਿਸੇ ਮੁਸਲਮਾਨ ਨੂੰ ਨਹੀਂ ਸਤਾਇਆ  ਕੋਈ ਧਾਰਮਿਕ ਬੰਦਸ਼ਾ ਨਹੀਂ ਲਗਾਈਆਂ।  ਬੰਦਾ ਬਹਾਦਰ  ਦੀਆਂ ਜਿਤਾਂ ਤੇ  ਉਸਦੀ ਆਪਣੀ ਸ਼ਖਸੀਅਤ ਦਾ ਪ੍ਰਭਵ ਇਤਨਾ ਪਿਆ ਕਿ ਬਹੁਤ ਸਾਰੇ ਮੁਸਲਮਾਨ ਸਿਖ ਬਣ ਗਏ ਤੇ ਉਸਦੀ ਫੋਜ਼ ਵਿਚ ਭਰਤੀ ਹੋ ਗਏ  ਉਨ੍ਹਾ  ਦੀ ਫੌਜ਼ ਵਿਚ 5000 ਤੋਂ ਵਧ ਮੁਸਲਮਾਨ ਸਨ ਜੋ ਮੁਗਲ ਹਕੂਮਤ ਦੇ ਵਿਰੁਧ  ਜੰਗ ਵਿਚ ਉਸਦੇ ਹਿਸੇਦਾਰ ਬਣ ਗਏ।
28 ਅਪ੍ਰੈਲ 1711 ਦੀ ਅਖਬਾਰ ਵਿਚ ਲਿਖਿਆ ਹੈ ਕੀ ਬੰਦੇ ਨੇ ਕਲਾਨੋਰ ਤੇ ਬਟਾਲੇ ਦੇ 5000 ਮੁਲ੍ਮਾਨਾ ਦੇ ਇਕਠ  ਨੂੰ ਸੰਬੋਧਨ ਕਰਦਿਆਂ ਕਿਹਾ ” ਓਹ ਮੁਸਲਮਾਨਾ ਨੂੰ ਦਬਾਣਾ  ਨਹੀ ਚਾਹੁੰਦਾ।  ਓਨ੍ਹਾ  ਨੂੰ ਕੁਤਬਾ ਤੇ ਨਮਾਜ਼ ਪੜਨ ਦੀ ਪੂਰੀ ਆਜ਼ਾਦੀ ਹੈ “।  ਬੰਦਾ  ਬਹਾਦਰ ਦੀ ਫੋਜ਼ ਵਿਚ ਮੁਸਲਮਾਨਾ ਨੂੰ ਨਮਾਜ਼ੀ ਸਿਖ ਕਿਹਾ ਜਾਂਦਾ ਸੀ ਕਿਓਂਕਿ ਉਨ੍ਹਾ  ਨੂੰ  5 ਵਕਤ ਨਮਾਜ ਪੜਨ ਲਈ ਵਕਤ ਦਿਤਾ ਜਾਂਦਾ ਸੀ  ਕਈ ਮੁਸਲਮਾਨਾ ਲਈ ਰੋਜਾਨਾ ਭਤਾ ਤੇ ਹੋਰ ਇਮਦਾਦਾਂ ਵੀ ਮੁਕਰਰ ਕੀਤੀਆਂ ਜਾਂਦੀਆਂ ।  ਅਖਬਾਰ ਤੇ ਕਈ ਹੋਰ ਹਵਾਲੇ ਦਸਦੇ ਹਨ ਕੀ ਬੰਦਾ ਸਿੰਘ ਬਹਾਦਰ  ਦੀ ਲੜਾਈ ਸਿਰਫ ਉਨਾਂ  ਅਧਿਕਾਰੀਆਂ ਨਾਲ ਸੀ ਜੋ ਪਰਜਾ ਤੇ ਆਮ ਜਨਤਾ ਤੇ  ਜ਼ੁਲਮ  ਕਰਨ ਦੀ ਹਦ ਟਪ ਚੁਕੇ ਸਨ,  ਚਾਹੇ ਓਹ ਕਿਸੇ ਮਜਹਬ ਦੇ ਹੋਣ।  ਉਸਦਾ ਵਿਸ਼ਵਾਸ ਸੀ ਕੀ ਅਗਰ ਨਿਆਂ ਵਕਤ ਸਿਰ ਨਾ ਦਿਤਾ ਜਾਏ ਤਾਂ ਓਹ ਅਨਿਆ ਦੇ ਬਰਾਬਰ ਹੁੰਦਾ ਹੈ।  ਮਾਮਲੇ ਨੂੰ ਤੁਰੰਤ ਨਜਿਠਣ  ਵਿਚ ਵਿਸ਼ਵਾਸ ਕਰਦਾ ਸੀ।  ਉਸਦੀਆਂ ਨਜਰਾਂ ਵਿਚ ਦੋਸ਼ੀ ਦਾ ਉਚਾ ਰੁਤਬਾ ਕੋਈ  ਮਾਇਨੇ  ਨਹੀਂ ਸੀ ਰਖਦਾ।  ਜੁਰਮ ਸਾਬਤ ਹੋਣ ਤੇ ਵਡੇ ਤੋ ਵਡੇ ਸਰਦਾਰ ਨੂੰ ਗੋਲੀ ਨਾਲ ਉੜਾ ਦਿਤਾ ਜਾਂਦਾ ਸੀ।
ਬੰਦਾ ਬਹਾਦਰ ਦੀ ਇਸ ਕਦਰ ਵਧਦੀ ਤਾਕਤ ਨੂੰ ਦੇਖ ਕੇ ਸਮਸ ਖਾਨ ਨੇ  ਘਬਰਾ ਕੇ ਬਹਾਦੁਰ ਸ਼ਾਹ ਨੂੰ ਚਿਠੀ ਲਿਖੀ ਕੀ ਅਗਰ ਸਿਖਾਂ ਨੂੰ ਵਕਤ ਸਿਰ ਨਾ ਕੁਚਲਿਆ ਗਿਆ ਤਾਂ ਉਨ੍ਹਾ  ਨੂੰ ਦਬਾਣਾ ਅਉਖਾ ਹੋ ਜਾਏਗਾ।  ਇਸ ਵਕਤ ਸਿਖ ਅਮਲੀ ਤੋਰ ਤੇ ਦੋਆਬਾ,  ਮਾਝਾ ਤੇ ਸਰਹੰਦ ਤੇ ਕਾਬਜ਼ ਸਨ।  ਗੰਗਾ-ਜਮੁਨਾ  ਦੇ ਮੈਦਾਨੀ ਇਲਾਕੇ ਵਿਚ ਉਨ੍ਹਾ  ਦਾ ਦਬਦਬਾ ਸੀ।  ਬਹਾਦੁਰ ਸ਼ਾਹ ਨੇ ਵਕਤ ਦੀ ਨਜ਼ਾਕਤ ਨੂੰ  ਸਮਝ ਕੇ ਆਪਣਾ ਰੁਖ ਰਾਜਪੂਤਾ ਤੋ ਹਟਾ ਕੇ  ਪੰਜਾਬ ਨੂੰ ਕਰ ਲਿਆ।  ਸਰ ਜੋਹਨ ਮੇਲ੍ਕੋਮ  ਲਿਖਦੇ ਹਨ ਕੀ ਜੇਕਰ ਇਸ ਵਕਤ ਬਹਾਦਰ ਸ਼ਾਹ ਦਖਣ ਛਡ ਕੇ ਪੰਜਾਬ ਵਲ ਮੂੰਹ ਨਾ ਕਰਦਾ ਤਾਂ  ਸਾਰਾ ਹਿੰਦੁਸਤਾਨ ਸਿਖਾਂ ਦੇ ਕਬਜ਼ੇ ਹੇਠ ਹੁੰਦਾ “।  
ਬਹਾਦਰ ਸ਼ਾਹ ਜਦ ਦਖਣ ਤੋ ਵਾਪਿਸ ਆਇਆ ਤਾਂ ਦਿੱਲੀ ਦੇ ਗਵਰਨਰ  ਨਾਲ ਫੌਜਾ ਚੜਾ ਕੇ ਤ੍ਰਾਵੜੀ,  ਥਨੇਸਰ ਸ਼ਾਹਬਾਦ ਤੇ ਸਰਹੰਦ ਵਾਪਿਸ ਲੈ ਲਏ।  ਬੰਦਾ ਸਿੰਘ  ਬਹਾਦੁਰ ਨੇ ਉਸ ਨੂੰ ਅਗੋਂ ਜਾ ਲਿਆ।   ਸ਼ਾਹਬਾਦ ਵਿਚ ਸ਼ਾਹੀ ਫੌਜਾ ਨਾਲ ਖੂਨ ਡੋਲਵੀ ਲੜਾਈ ਹੋਈ।  ਸ਼ਾਹੀ ਫੌਜ਼ ਮੂੰਹ ਦੀ ਖਾਕੇ ਨਸ ਗਈ।   ਇਹ ਸਾਰੇ ਇਲਾਕੇ ਮੁੜ ਬੰਦਾ ਬਹਾਦਰ ਕੋਲ ਆ ਗਏ।  ਸ਼ਾਹਬਾਦ ਦੇ ਕਿਲੇ ਦਾ ਨਾ ਮਸਤਗੜ  ਰਖਿਆ  ਗਿਆ ਜਿਥੇ ਗੁਰੂ ਗਰੰਥ ਸਾਹਿਬ ਦਾ ਪਾਠ ਰਖਵਾਇਆ।  ਓਹ ਅਜ ਵੀ ਗੁਰੂਦਵਾਰਾ ਮਸਤਗੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ।  
ਬਹਾਦਰ ਸ਼ਾਹ ਨੇ ਦਿਲੀ ਤੇ ਅਵਧ  ਦੇ ਗਵਰਨਰਾਂ,  ਮੁਰਾਦਾਬਾਦ ਤੇ ਅਲਾਹਾਬਾਦ ਦੇ ਫੌਜਦਾਰਾਂ  ਨੂੰ ਹੁਕਮ ਦਿਤਾ ਕੀ ਓਹ ਆਪਣੀਆਂ ਫੌਜਾਂ ਨਾਲ ਲੇਕੇ ਅਓਣ।   ਮੁਲਤਾਨ ਕੁਲੀ ਖਾਨ ਤੇ ਸਾਦਰ ਖਾਨ ਤੇ ਹੋਰ ਕਈ ਸਰਦਾਰ ਆਪਣੇ ਨਾਲ ਰਲਾ ਲਏ।  ਮਗਰੋਂ ਮੁਹੰਮਦ ਅਮੀਨ ਖਾਨ ਤੇ  ਕਮਰੂਦੀਨ ਵੀ ਆ ਰਲੇ।   22 ਅਗਸਤ 1710 ਸਯੀਦ ਵ੍ਜ਼ੀਰੂਦੀਨ ਹੋਰ ਸੈਨਾ ਦੇ ਨਾਲ ਨਾਲ ਸ਼ਾਹੀ ਫੌਜ਼ ਵੀ ਆ ਗਈ।   ਹਜ਼ਾਰਾਂ ਦੀ ਗਿਣਤੀ ਵਿਚ ਫੌਜ਼ ਇਕਠੀ ਕਰ ਲਈ।   ਹਿੰਦੂ ਅਫਸਰਾਂ  ਨੂੰ ਆਦੇਸ਼ ਦਿਤਾ ਕੀ ਓਹ ਆਪਣੀਆ ਦਾੜੀਆਂ ਮੁਨਾ ਦੇਣ ਤਾਕਿ ਉਨਾ ਦੇ ਸਿਖ ਹੋਣ ਦਾ ਭੁਲੇਖਾ ਨਾ ਪਵੇ।  ਤਰਾਵੜੀ  ਦੇ ਨੇੜੇ ਅਮੀਨ ਗੜ  ਦੇ ਜੰਗ-ਏ- ਮੈਦਾਨ ਵਿਚ ਖੂਨ ਡੋਲਵੀ  ਲੜਾਈ ਹੋਈ।  ਸਿਖ ਸੈਨਾ ਖਿੰਡੀ -ਪੁੰਡੀ ਹੋਈ ਸੀ ਤੇ ਵਕਤ ਸਿਰ ਇਕਠੀ ਨਾ ਹੋ ਸਕੀ ਤੇ ਹਾਰ ਗਈ।   ਤਿੰਨ  ਸੋ ਸਿਖਾਂ ਦੇ ਸਿਰ ਵਢ ਕੇ ਬਹਾਦਰ ਸ਼ਾਹ ਅਗੇ ਪੇਸ਼ ਕੀਤੇ ਗਏ।  
ਇਸਤੋਂ ਬਾਦ ਬੰਦਾ ਸਿੰਘ ਲੋਹਗੜ ਗਿਆ ਜਿਥੇ ਉਸ ਨੂੰ ਬਾਦਸ਼ਾਹ ਦੀ ਸਿਧੀ ਕਮਾਨ ਹੇਠਾਂ ਤਿੰਨ ਪਾਸਿਆਂ ਤੋਂ ਘੇਰ ਲਿਆ ਗਿਆ।  ਵਿਓਂਤ ਬਣੀ ਕੀ ਸਵੇਰੇ ਬੰਦਾ ਬਹਾਦੁਰ ਨੂੰ ਉਸਦੇ ਸਾਥਿਆ ਸਮੇਤ ਪਕੜ ਲਿਆ ਜਾਵੇ।  ਦਸੰਬਰ 11 ਨੂੰ  ਹਮਲਾ ਕੀਤਾ ਜਾਣਾ ਸੀ।  ਰਾਤ ਨੂੰ ਗੁਲਾਬ ਸਿੰਘ ਜੋ ਉਸਦੀ ਮਿਲਦੀ ਜੁਲਦੀ ਸ਼ਕਲ ਦਾ ਸੀ ਬਲਿਦਾਨ  ਦੇਣ ਲਈ ਆਪਣੇ ਆਪ ਨੂੰ ਪੇਸ਼ ਕੀਤਾ।   ਸਾਧਨਾ ਦੇ ਅਭਾਵ ਕਾਰਨ ਬੰਦਾ  ਬਹਾਦਰ ਆਪਣੇ ਸਾਥੀਆਂ ਸਮੇਤ ਕਿਲੇ ਵਿਚੋਂ ਨਿਕਲ ਕੇ ਪਹਾੜਾ ਵਾਲੇ ਪਾਸੇ ਜਾ ਤੁਰਿਆ।   ਪਰ ਗੁਲਾਬ ਸਿੰਘ ਜੋ ਬੰਦਾ ਬਹਾਦਰ ਵਾਂਗ ਹੀ ਕਪੜਿਆਂ ਵਿਚ ਸੀ ਸ਼ਾਹੀ  ਫੌਜ਼  ਦੇ ਕਾਬੂ ਆ ਗਿਆ।  ਬਹਾਦੁਰ ਸ਼ਾਹ  ਨੇ ਸੋਚਿਆ ਕੀ ਉਨ੍ਹਾ  ਨੇ ਬੰਦਾ ਬਹਾਦਰ ਨੂੰ ਫੜ ਲਿਆ ਹੈ,  ਪਰ ਜਦ ਬਹਾਦੁਰ ਸ਼ਾਹ ਲਾਹੋਰ ਪਹੁੰਚਿਆ ਤਾ ਕਾਜ਼ੀ ਨੇ ਬਹਾਦੁਰ ਸ਼ਾਹ ਨੂੰ ਕਿਹਾ ਕੀ ਤੁਸੀਂ ਬਾਜ ਨੂੰ ਛਡ ਆਏ ਹੋ ਤੇ ਉਲੂ ਨੂੰ ਪਕੜ ਕੇ ਲੈ ਆਏ ਹੋ।  
ਜਦ ਬਹਾਦਰ ਸ਼ਾਹ ਨੂੰ ਪਤਾ ਲਗਾ ਕੀ ਬੰਦਾ ਬਹਾਦਰ ਜਿੰਦਾ ਹੈ ਤਾਂ ਓਹ ਇਤਨਾ ਡਰ ਗਿਆ ਕੀ ਉਸਦਾ ਦਿਮਾਗ ਹਿਲ ਗਿਆ। ਇਹ ਉਸਦੇ ਲਾਹੋਰ ਵਿਚ ਜਾਰੀ ਕੀਤੇ ਹੁਕਮਨਾਮਿਆਂ ਤੋ ਪਤਾ ਚਲਦਾ ਹੈ। ਲਾਹੋਰ ਓਹ ਨਾਨਕ ਪ੍ਰਸਤਾਂ ਨੂੰ ਖਤਮ ਕਰਨੇ ਦੇ ਇਰਾਦੇ ਤੋਂ ਗਿਆ ਸੀ।   ਉਸਦਾ ਇਕ ਹੁਕਮਨਾਮਾ ਸੀ ਕੀ ਸ਼ਹਿਰ ਦੇ ਸਾਰੇ ਫਕੀਰ, ਖੋਤੇ ਤੇ ਕੁਤੇ ਮਰਵਾ ਦਿਤੇ ਜਾਣ। ਗੁੜ ਨੂੰ ਗੁੜ ਕਹਿਣਾ ਤੇ ਗਰੰਥ ਨੂੰ ਗਰੰਥ ਕਹਿਣਾ ਮਨਾ ਹੋ ਗਿਆ।  ਸ਼ਾਇਦ ਗੁੜ ਤੇ ਗਰੰਥ ਸਾਹਿਬ ਉਸ ਨੂੰ ਗੁਰੂਆਂ ਤੇ ਗੁਰੂ ਗਰੰਥ ਸਾਹਿਬ ਦੀ ਯਾਦ ਦਿਲਾਂਦੇ ਹੋਣ।  ਗੁਰੂਆਂ ਨਾਲ ਹਕੂਮਤ ਦਾ ਸਲੂਕ ਤੇ ਧੋਖਾ ਉਸਦੇ ਸਾਮਣੇ ਆਓਂਦਾ ਹੋਵੇ, ਉਸਨੇ ਕਿਹਾ ਕੀ ਜਦ ਖੋਤੇ ਸੜਕਾਂ ਤੇ ਦੋੜਦੇ ਹਨ ਤਾ ਮੈਨੂੰ ਸਿਖ ਦੀ ਫੌਜ਼ ਦੇ ਆਣ ਦਾ ਭੁਲੇਖਾ ਪੈਂਦਾ ਹੈ ਤੇ ਜਦੋਂ  ਕੁਤੇ ਰਾਤ ਨੂੰ ਭੋਕਦੇ ਹਨ ਤਾ ਮੈਂਨੂੰ ਲਗਦਾ ਹੈ ਸਿਖ ਫੋਜ਼ ਲਹੋਰ ਤੇ ਹਮਲਾ ਕਰਨ ਆ ਗਈ ਹੈ, ਸਿਖਾਂ ਦੇ  ਨਾਹਰਿਆਂ ਤੇ ਜੈਕਾਰਿਆਂ ਦੀ ਗੂੰਜ  ਸੁਣਾਈ ਦਿੰਦੀ ਹੈ।  ਓਹ ਇਤਨਾ ਡਰ ਤੇ ਸਹਿਮ ਚੁਕਿਆ ਸੀ ਕਿ  ਆਪਣੇ ਆਖਿਰੀ ਦਿਨਾ ਵਿਚ ਪਾਗਲ ਹੋ ਗਿਆ ਤੇ 16 ਫਰਵਰੀ 1712 ਵਿਚ ਉਸਦੀ ਮੋਤ ਹੋ ਗਈ।  
10 ਦਸੰਬਰ 1710 ਬੰਦਾ ਬਹਾਦਰ  ਨਾਹਨ ਦੀਆਂ ਪਹਾੜੀਆਂ ਵਲ ਚਲੇ ਗਏ ਜਿਥੇ ਫੌਜਾ ਇਕਠੀਆਂ ਕਰਕੇ ਪਹਾੜੀ ਰਾਜਿਆਂ ਨੂੰ ਸੋਧਿਆ,  ਜੋ ਗੁਰੂ ਗੋਬਿੰਦ ਸਿੰਘ ਤੇ ਹਮਲੇ ਕਰਦੇ ਰਹੇ।   ਜਦੋਂ ਬੰਦਾ ਬਹਾਦਰ ਦੇ ਸਾਥੀਆਂ ਨੇ  ਕਹਿਲੂਰ ਨੂੰ ਘੇਰਾ ਪਾ ਲਿਆ,  ਭੀਮ ਚੰਦ ਵਰਗਿਆਂ ਦੀ ਹੋਸ਼ ਠਿਕਾਣੇ ਆ ਗਏ।   ਪਹਾੜੀ ਰਾਜਿਆਂ ਨੇ ਮਾਫੀਆਂ ਮੰਗੀਆਂ,  ਸਮਝੋਤੇ ਕੀਤੇ ਤੇ ਬਹੁਤ ਸਾਰੇ ਨਜ਼ਰਾਨੇ ਵੀ ਭੇਟ ਕੀਤੇ।  
ਵਿਵਾਹ
ਇਥੇ ਚੰਬੇ  ਦੇ ਰਾਜੇ ਉਦੈ ਸਿੰਘ  ਨੇ ਬੰਦਾ ਸਿੰਘ ਦੀ ਸ਼ਾਦੀ ਆਪਣੀ ਭਤੀਜੀ  ਸੁਸ਼ੀਲ ਕੌਰ  ਨਾਲ ਕਰਵਾਣ ਦੀ ਪੇਸ਼ਕਸ਼ ਕੀਤੀ।  ਗੁਰ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਦੇ ਅਗੇ ਇਹ ਪੇਸ਼ਕਸ਼ ਰਖੀ ਗਈ।  ਉਨਾਂ  ਨੇ ਪੁਛ ਪੜਤਾਲ ਕੀਤੀ ਕੀ ਕਿਸੀ ਡਰ ਜਾ ਕਿਸੇ ਧੋਖੇ  ਤਹਿਤ ਤੇ ਓਹ ਆਪਣੇ ਬੇਟੀ ਦਾ ਰਿਸ਼ਤਾ ਤਾਂ  ਨਹੀ ਦੇ ਰਹੇ  ਤਾਂ ਸੁਸ਼ੀਲ ਕੌਰ ਬਾਹਰ ਨਿਕਲ ਆਈ,  ਉਸਨੇ ਕਿਹਾ ਕੀ ਇਹ ਮੇਰੀ ਮਰਜੀ ਹੈ।  ਗੁਰੂ ਸਾਹਿਬ ਨੇ ਜੁਲਮ ਤੇ ਜਬਰ ਦੀ ਟਕਰ ਲੈਣ ਲਈ ਅਨੇਕਾਂ  ਕੁਰਬਾਨੀਆ ਦਿਤੀਆਂ ਹਨ।  ਇਨਾਂ  ਰਾਜਿਆਂ ਨੇ ਉਨਾਂ  ਨਾਲ ਗਦਾਰੀ ਕੀਤੀ ਹੈ,  ਮੈਂ ਉਸ ਭੁਲ ਨੂੰ ਬ੍ਖ੍ਸ਼ਾਓਣ  ਲਈ ਆਪਣਾ ਜੀਵਨ ਸਿਖੀ ਨੂੰ ਦੇ ਰਹੀ ਹਾਂ    ਅਗਰ ਲੋੜ ਪਈ ਤੇ ਆਪਣਾ ਸਭ ਕੁਛ ਕੁਰਬਾਨ ਕਰ ਦਿਆਂਗੀ।  
 ਵਿਵਾਹ ਹੋ ਗਿਆ,  ਬੰਦਾ ਬਹਾਦੁਰ,  ਬੀਬੀ ਸੁਸ਼ੀਲ ਕੌਰ ਤੇ ਕੁਝ ਸਿਖ ਜੰਮੂ ਦੇ ਇਲਾਕੇ,  ਰਿਆਸੀ ਦੇ  ਨੇੜੇ ਚਨਾਬ ਕਿਨਾਰੇ ਚਲੇ ਗਏ।  ਜੰਮੂ ਦੇ ਫੌਜ਼ਦਾਰ ਨੂੰ ਹਰਾਕੇ ਮਾਰ ਮੁਕਾਇਆ।  ਫਿਰ ਉਨ੍ਹਾ  ਨੇ ਇਥੇ ਹੀ ਰਹਿਣਾ ਸ਼ੁਰੂ ਕਰ ਦਿਤਾ।  ਇਥੇ  ਸਵੇਰੇ ਸ਼ਾਮ ਕੀਰਤਨ ਹੁੰਦਾ, ਲੰਗਰ ਵਰਤਿਆ ਜਾਂਦਾ,  ਫੌਜੀ ਸਿਖਲਾਈ ਵੀ ਹੁੰਦੀ   ਤਕਰੀਬਨ ਢਾਈ ਸਾਲ ਇਥੇ ਹੀ  ਰਹੇ।  ਕਹਿੰਦੇ ਹਨ ਇਥੇ ਬੰਦਾ ਬਹਾਦੁਰ ਨੇ ਵ੍ਜ਼ੀਰ੍ਬਾਦ ਤੇ ਵਸਨੀਕ ਖਤ੍ਰੀ ਸ਼ਿਵ ਰਾਮ ਦੀ ਲੜਕੀ ਸਾਹਿਬ ਕੌਰ ਨਾਲ ਦੂਸਰੀ ਸ਼ਾਦੀ ਕੀਤੀ ਜਿਸਦੀ ਕੁਖੋਂ ਰਣਜੀਤ ਸਿੰਘ ਪੈਦਾ ਹੋਇਆ।  ਇਹ ਪਰਿਵਾਰ ਜੰਮੂ ਹੀ ਰਿਹਾ ਜਦ ਕੀ ਸ਼ੁਸ਼ੀਲ ਕੌਰ ਹਮੇਸ਼ਾ ਬੰਦਾ ਬਹਾਦਰ ਦੇ ਨਾਲ ਨਾਲ ਰਹੀ।  
16 ਫਰਵਰੀ 1712 ਵਿਚ ਬਹਾਦਰ ਸ਼ਾਹ ਦੀ ਮੋਤ ਹੋ ਗਈ।  ਤਖਤ ਲਈ ਖਾਨਾ  ਜੰਗੀ ਹੋਈ ਬਹਾਦਰ ਸ਼ਾਹ ਤੋਂ ਬਾਦ ਜਾਨਦਾਰ ਤਖਤ ਤੇ ਬੈਠਾ ਜੋ ਕੀ ਆਯਾਸ਼ ਇਨਸਾਨ ਸੀ ਰਾਜ ਨੂੰ ਸੰਭਾਲ ਨਾ ਸਕਿਆ ਜਿਸ ਨੂੰ  ਫ਼ਰਖ ਸ਼ੀਅਰ ਨੇ ਕਤਲ ਕਰ ਦਿਤਾ ਤੇ , ਆਪ ਤਖਤ ਤੇ ਬੈਠ ਗਿਆ।  ਇਸ  ਦੋਰਾਨ ਬੰਦਾ ਸਿੰਘ ਨੇ ਗੁਰਦਾਸਪੁਰ ਦੇ ਕਿਲੇ ਤੇ ਕਬਜਾ ਕਰ ਲਿਆ।  ਉਸਦੀ ਮੁੰਰ੍ਮਤ ਕਰਵਾਈ ਤੇ ਦਾਰੂ ਸਿੱਕਾ ਇਕਠਾ ਕੀਤਾ।  ਇਸਤੋਂ ਬਾਦ ਕਲਾਨੋਰ, ਬਟਾਲਾ,  ਕਾਹਨੂਵਾਲ ਦਾ ਇਲਾਕਾ ਆਪਣੇ ਕਬਜ਼ੇ ਵਿਚ ਲੈ ਲਿਆ।
ਫਰਖਸੀਅਰ ਨੇ  ਬੰਦਾ  ਬਹਾਦਰ ਨਾਲ ਫੈਸਲਾਕੁਨ ਲੜਾਈ ਲੜਨ ਦਾ ਫੈਸਲਾ ਕਰ ਲਿਆ। ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਖ਼ਾਤਰ ਪੰਜਾਬ ਦੀ ਕਮਾਨ ਦਲੇਰ ਜੰਗ ਦੇ ਹਥ ਵਿਚ ਦੇ ਦਿਤੀ ਤੇ ਹੁਕਮ ਕੀਤਾ ਕੀ ਬੰਦਾ ਸਿੰਘ ਦੇ ਖਿਲਾਫ਼ ਭਾਰੀ ਜੰਗ ਛੇੜੀ ਜਾਏ।  ਕਲਾਨੋਰ  ਸ਼ਾਹੀ ਸੇਨਾ ਨਾਲ ਬੜੀ ਬਹਾਦਰੀ ਨਾਲ ਮੁਕਾਬਲਾ ਹੋਇਆ ਪਰ ਬੰਦਾ ਗੁਰਦਾਸ ਪੁਰ ਦੇ ਕਿਲੇ ਤਕ ਨਾ ਪਹੁੰਚ ਸਕਿਆ।  ਗੁਰਦਾਸ ਨੰਗਲ ਵਿਚ ਦੁਨੀ ਚੰਦ ਦੀ ਹਵੇਲੀ ਵਿਚ ਸ਼ਰਨ ਲੈਣੀ ਪਈ।  
1715 ਵਿਚ ਬੜੀ ਭਾਰੀ ਤਿਆਰੀ  ਕਰਕੇ ਬੰਦਾ  ਬਾਹਦਰ ਤੇ ਚੜਾਈ ਕਰ ਦਿਤੀ।  ਗੁਰਦਾਸਪੁਰ ਤੋਂ 4 ਮੀਲ ਦੀ ਦੂਰੀ ਤੇ ਬੜੀ ਭਾਰੀ ਲੜਾਈ ਹੋਏ।  ਸਿਖਾਂ ਦਾ ਰਾਸ਼ਨ ਪਾਣੀ ਬੰਦ ਹੋ ਗਿਆ ਅਠ ਮਹੀਨੇ ਭੁਖੇ ਰਹਿ ਕੇ ਓਹ ਦੁਨੀ ਚੰਦ ਦੀ ਗੜੀ ਵਿਚ ਲਗਾਤਾਰ  ਟਾਕਰਾ ਕਰਦੇ ਰਹੇ, ਜਦ ਰਾਸ਼ਨ ਪਾਣੀ ਖਤਮ ਹੋ ਗਿਆ ਤਾਂ ਘਾਹ ਪਤੇ ਖਾਕੇ,ਜਦ ਘਾਹ- ਪਤੇ ਖਤਮ ਹੋ ਗਏ ਤਾਂ  ਦਰਖਤ ਦੀਆ ਛਿਲ੍ੜਾ ਨੂੰ ਕੁਟਕੇ ਉਸਦੀ  ਰੋਟੀ ਪਕਾ  ਕੇ ਖਾਂਦੇ ਰਹੇ। ਜਦ ਇਹ ਵੀ ਖਤਮ ਹੋ ਗਏ ਤਾਂ ਭੁਖੇ ਹੀ ਲੜਦੇ ਰਹੇ ਪਰ ਹੋਂਸਲਾ ਨਹੀ ਹਾਰਿਆ।  ਪਰ ਆਪਸ ਵਿਚ ਇਤਨਾ ਪਿਆਰ ਸੀ ਜੋ ਇਸ ਘਟਨਾ ਤੋਂ ਪਤਾ ਚਲਦਾ ਹੈ ਕਿ ਇਕ ਬੀਮਾਰ ਸਿਖ ਆਪਣੇ ਜਰਨੈਲ ਬਾਜ ਸਿੰਘ ਨੂੰ ਬੁਲਾਕੇ ਕਹਿੰਦਾ ਹੈ ਕਿ ਮੈਂ ਤਾ ਇਤਨਾ ਬੀਮਾਰ ਹਾਂ ਲੜ ਨਹੀ ਸਕਦਾ,  ਮੇਰੇ ਪੱਟਾਂ ਦਾ ਮਾਸ ਖਾ ਲਓ ਕਿਓਂਕਿ ਤੁਸੀਂ ਤਾਂ ਅਜੇ ਜੰਗ ਵਿਚ ਝੂਝਣਾ ਹੈ।
ਇਬਰਤ ਨਾਮੇ ਵਿਚ  ਮੁਹੰਮਦ ਹਰੀਸ਼ੀ ਲਿਖਦਾ ਹੈ ਕਿ ਸਿਖਾਂ ਦੇ ਬਹਾਦਰੀ ਤੇ ਦਲੇਰੀ ਭਰੇ ਕਾਰਨਾਮੇ ਹੈਰਾਨਕੁਨ ਸਨ।  ਸ਼ਾਹੀ ਫੌਜ਼ ਨੂੰ  ਇਨਾਂ  ਲੋਕਾਂ ਦਾ ਇਤਨਾ ਡਰ  ਸੀ  ਕੀ ਸ਼ਾਹੀ ਫੌਜ਼ ਦੇ ਕਮਾਂਡਰ  ਦੁਆ ਕਰਦੇ ਸਨ ਕੀ ਖੁਦਾ ਕੁਝ ਐਸਾ ਕਰੇ ਕੀ ਬੰਦਾ ਗੜੀ ਵਿਚੋਂ ਬਚ ਕੇ ਨਿਕਲ ਜਾਏ।   ਅਖੀਰ 8 ਮਹੀਨੇ ਦੇ ਲੰਬੇ  ਘੇਰੇ ਦੋਰਾਨ ਰਾਸ਼ਨ- ਪਾਣੀ,  ਦਰਖਤ, ਘਾਹ ਪਤੇ ਸਭ ਕੁਛ ਖਤਮ ਹੋ ਗਿਆ ਤਾਂ ਭੁਖੇ ਵੀ ਲੜਦੇ ਰਹੇ ਪਰ ਜਦ ਦਾਰੂ ਸਿੱਕਾ ਖਤਮ ਹੋ ਗਿਆ ਤਾਂ ਉਨਾ ਕੋਲ ਕੋਈ ਚਾਰਾ ਨਾ ਰਿਹਾ।  ਗੜੀ ਵਿਚ 117 ਕਮਾਨ ਸੀ ਤੀਰ ਇਕ ਵੀ ਨਹੀ,  208 ਬੰਦੂਕਾਂ ਸੀ ਗੋਲੀ ਇਕ ਵੀ ਨਹੀ। ਫਿਰ ਸਿੰਘਾ ਨੇ ਗੜੀ ਦਾ ਦਰਵਾਜਾ ਖੋਲ ਦਿਤਾ।  ਭੁਖੇ ਸ਼ੇਰਾਂ ਦੀ ਤਰਹ ਗੜੀ ਚੋਂ ਬਾਹਰ ਨਿਕਲ ਕੇ ਵੈਰੀਆਂ ਤੇ ਟੁਟ  ਪਏ।  ਲੜਾਈ ਵਿਚ ਵਡੀ ਗਿਣਤੀ ਵਿਚ ਸਿਖ ਮਾਰੇ ਗਏ।  ਸਿਖ ਜੋ ਭੁਖ ਨਾਲ ਅਧਮਰੇ ਹੋ ਚੁਕੇ ਸੀ,  ਲੜਦੇ ਲੜਦੇ ਡਿਗ ਪੈਂਦੇ ਤੇ ਮੁਗਲਾਂ ਦੇ ਹਥ ਆ ਜਾਂਦੇ।  ਇਸ ਤਰਹ ਹੋਲੀ ਹੋਲੀ ਸਿਖ ਵੀ ਖਤਮ ਹੁੰਦੇ ਚਲੇ ਗਏ  300 ਅਧਮਰੇ  ਸਿਘ  ਜੋ ਮੁਗਲਾਂ ਦੇ ਹਥ ਆ ਗਏ  ਉਨ੍ਹਾ  ਦੇ ਸਿਰ ਕਲਮ ਕਰਕੇ ਟੁਕੜੇ ਟੁਕੜੇ ਕਰ ਦਿਤੇ ਗਏ।  ਉਨਾਂ  ਦਾ ਪੇਟ ਪਾੜ ਕੇ ਦੇਖਿਆ ਕਿਤੇ ਸੋਨੇ ਦੀਆਂ ਮੋਹਰਾਂ ਤਾਂ ਨਹੀਂ ਨਿਗਲ ਗਏ। ,  ਜੋ ਰਹਿ ਗਏ ਕੈਦੀ ਬਣਾ ਲਏ ਗਏ।  ਬਾਬਾ ਬੰਦਾ ਸਿੰਘ ਇਕਲੇ ਰਹਿ ਗਏ। ਓਹ ਇਕਲੇ ਵੀ ਇੰਜ ਲਗ ਰਹੇ  ਸੀ ਜਿਵੈਂ ਭੇਡਾਂ ਦੇ ਝੁੰਡ ਵਿਚ ਸ਼ੇਰ ਘੁਮ ਰਿਹਾ ਹੋਵੇ।  ਸ਼ਾਹੀ ਫੌਜ਼ ਦੇ  59 ਫੌਜੀ ਮਾਰਕੇ   ਗ੍ਰਿਫਤਾਰ ਹੋਏ।
ਬੰਦਾ ਬਹਾਦਰ ਦੀ ਸ਼ਹਾਦਤ
ਬੰਦਾ ਬਹਾਦਰ ਨੂੰ ਸੰਗਲਾਂ ਵਿਚ ਜਕੜ  ਕੇ ਲੋਹੇ ਦੇ ਪਿੰਜਰੇ ਵਿਚ ਰਖਕੇ, ਉਤੇ  ਨੰਗੀਆਂ ਤਲਵਾਰਾ ਵਾਲਾ ਪਹਿਰੇਦਾਰ,  ਤਕਰੀਬਨ 200  ਸਿਖਾਂ ਦੇ ਸਿਰ ਨੇਜਿਆਂ ਤੇ ਟੰਗ ਕੇ ਲਾਹੋਰ ਲਿਜਾਏ ਗਏ। , ਜਕਰੀਆ ਖਾਨ ਦਾ ਹੁਕਮ ਹੋਇਆ ਕੀ ਇਨਾ ਸਿਖਾਂ ਦੀ ਦਿੱਲੀ  ਸ਼ਹਿਰਾਂ ਤੇ ਬਾਜ਼ਾਰਾਂ ਵਿਚ ਨੁਮਾਈਸ਼ ਲਗਾਈ  ਜਾਏ। ਜਕਰੀਆ ਖਾਨ ਦਿਲੀ ਦੀ ਨੁਮਾਇਸ਼ ਵਾਸਤੇ ਇਹ 200 ਸਿਰ ਬਹੁਤ ਥੋੜੇ ਲਗੇ।  ਕਤਲੇਆਮ ਦਾ ਦੋਰ ਫਿਰ ਸ਼ੁਰੂ ਹੋਇਆ।   ਇਸ ਲਈ ਹੋਰ ਹਜਾਰਾਂ ਬੇਗੁਨਾਹ ਸਿਖਾਂ  ਨੂੰ ਫੜ ਕੇ ਕਤਲ ਕੀਤਾ ਗਿਆ।  ਵਢੇ  ਹੋਏ  ਸਿਰਾਂ ਨੂੰ ਗਡਿਆ ਵਿਚ ਭਰ ਕੇ ਜਕਰੀਆ ਖਾਨ ਤੇ ਕਮਰੂਦੀਨ ਦੀ ਅਗਵਾਈ ਹੇਠ ਦਿਲੀ ਨੂੰ ਤੁਰ ਪਏ।
ਸਭ  ਤੋ ਅਗੇ 3000 ਸਿਖਾਂ ਦੇ ਸਿਰ ਜਿਨਾ ਦੇ ਕੇਸ ਹਵਾ ਵਿਚ ਲਹਿਰਾ ਰਹੇ ਸੀ, ਨੇਜਿਆਂ ਤੇ ਟੰਗੇ ਹੋਏ ਸੀ ਤੇ  ਇਕ ਮਰੀ ਹੋਈ ਬਿਲੀ ਬਾਂਸ ਤੇ।  ਇਸਦੇ ਪਿਛੇ ਬੰਦਾ ਬਹਾਦਰ ਇਕ ਲੋਹੇ ਦੇ ਪਿੰਜਰੇ ਵਿਚ ਡਕ ਕੇ ਹਾਥੀ ਤੇ ਬਿਠਾਇਆ ਹੋਇਆ ਸੀ।  ਮਹੋਲ ਨੂੰ ਹਾਸੋ ਹੀਣਾ ਕਰਨ ਲਈ ਉਸਦੇ ਦੇ ਸਿਰ ਤੇ ਸੁਨਹਿਰੀ ਤਾਜ ਵਾਲੀ ਤਿਲੇ ਜਰੀ ਨਾਲ ਮੜੀ ਹੋਈ ਪਗ ਪਵਾਈ ਹੋਈ ਸੀ। ,  ਪਿਛੇ ਮੁਹੰਮਦ ਖਾਨ ਦਾ ਇਕ ਤੁਰਕੀ ਅਫਸਰ ਸੰਜੋਆ ਪਾਕੇ ਨੰਗੀ ਤਲਵਾਰ ਪਕੜ ਕੇ ਖੜਾ ਸੀ।  ਪਿਛੇ ਸਾਰੇ ਸਿਖ ਦੋ ਦੋ ਇਕਠੇ ਜਕੜ ਇਕ ਦੂਜੇ ਵਲ ਪਿਠ ਕਰਕੇ ਊਠਾਂ  ਤੇ ਲਦੇ ਹੋਏ ਸੀ।  ਉਨਾਂ  ਉਤੇ ਵੀ ਬੜੀਆਂ ਅਨੋਖੀਆਂ ਟੋਪੀਆਂ ਪੁਆਈਆਂ ਹੋਈਆਂ ਸੀ।  ਸੜਕਾਂ ਦੇ ਦੋਹੀਂ ਤਰਫ਼ ਮੁਗਲ ਸਿਪਾਹੀ ਤੇ ਦਿਲੀ ਨਿਵਾਸੀ ਖੜੇ ਹੋਏ ਸਨ।  ਕੋਈ ਹਸਦਾ,  ਕੋਈ ਮਖੋਲ ਕਰਦਾ ਤੇ ਕੋਈ ਪਥਰ ਵੀ ਮਾਰਦਾ ਪਰ ਸਿਖ ਅਡੋਲ ਤੇ ਸ਼ਾਂਤ ਸਨ।  ਇਕ ਮੁਗਲ ਸਰਦਾਰ ਬੰਦਾ ਸਿੰਘ ਦੇ ਮੂੰਹ ਦਾ ਜਲਾਲ ਦੇਖਕੇ  ਇਹ ਕਹਿਣੋ ਰਹਿ ਨਾ ਸਕਿਆ, ‘ ਸੁਭਾਨ ਅੱਲਾ।  ਕੈਸਾ ਦੀਦਾਰ ਔਰ ਇਤਨੇ ਅਤਿਆਚਾਰ : ਬੰਦੇ ਨੇ ਸੁਣਿਆ ਤੇ ਬੜੇ ਠਰੰਮੇ ਨਾਲ ਉੱਤਰ ਦਿਤਾ, ” ਜਦੋਂ ਜੁਲਮਾਂ ਤੇ ਸਿਤੰਮਾਂ ਦੀ ਅਤ ਹੋ ਜਾਏ,  ਹਾਕਮ ਬਘਿਆੜ ਬਣ ਜਾਣ ਤਾਂ ਰਬ ਮੇਰੇ ਜਿਹਾਂ ਨੂ ਜਾਲਮਾਂ ਦੀਆ ਜੜਾ ਪੁਟਣ ਨੂੰ ਭੇਜਦਾ ਹੈ।  ਤੇ ਜੱਦੋਂ ਕੰਮ ਪੂਰਾ ਹੋ ਜਾਏ ਤਾ ਓਹ ਤੁਹਾਡੇ ਜਿਹਾਂ ਨੂੰ ਭੇਜਦਾ ਹੈ ਜਾਮ-ਏ- ਸ਼ਹਾਦਤ ਪਿਲਾਣ ਲਈ।  ਤਾਕਿ ਸ਼ਹੀਦ ਦਾ ਨਾਮ ਰਹਿੰਦੀ ਦੁਨਿਆ ਤਕ ਕਾਇਮ ਰਹੇ।
ਬੰਦਾ ਬਹਾਦਰ ਤੇ ਉਸਦੇ 27 ਨਿਕਟਵਰਤੀਆਂ  ਨੂੰ ਮੀਰ-ਅਓਸ਼ -ਇਬਰਾਹਿਮ -ਓ -ਦੀਨ ਖਾਨ ਦੇ ਹਵਾਲੇ ਕਰ ਦਿਤਾ।  ਬਾਕੀ ਦੇ ਸਿਖ ਕਤਲ ਕਰਨ ਲਈ ਦਿਲੀ ਦੇ ਕੋਤਵਾਲ ਸਰਬਰਾ ਖਾਨ ਦੇ ਹਵਾਲੇ ਕਰ ਦਿਤੇ ਗਏ।    ਬੰਦੀ ਬਣਾਏ ਸਿਖਾਂ ਤੇ ਅਕਿਹ ਤੇ ਅਸਿਹ ਜ਼ੁਲਮ ਕੀਤੇ ਗਏ,   ਉਨਾਂ  ਨੂੰ ਲਗਾ ਸ਼ਾਇਦ ਇਤਨੇ ਤਸੀਹੇ ਦੇਖ ਕੇ ਓਹ ਕੰਬ ਜਾਣ, ਈਨ ਮਨ ਲੈਣ,  ਆਪਣਾ ਧਰਮ ਬਦਲ ਲੈਣ, ਪਰ ਓਹ ਸਫਲ ਨਾ ਹੋ ਸਕੇ।  ਬੰਦਾ ਬਹਾਦੁਰ ਤੇ ਹੋਰ ਮੁਖੀ ਸਰਦਾਰਾਂ ਨੂੰ ਉਸਨੇ ਤਿੰਨ  ਮਹੀਨੇ ਕੈਦ ਵਿਚ ਰਖਿਆ।  ਕੇਹੜਾ ਜੁਲਮ ਉਨ੍ਹਾ  ਤੇ ਨਹੀਂ ਕੀਤਾ ਹੋਵੇਗਾ।   ਸੁਸ਼ੀਲ ਕੌਰ ਜੋ ਕੀ  ਬਹੁਤ ਖੂਬਸੂਰਤ ਸੀ,  ਬਾਦਸ਼ਾਹ ਦੀ ਉਸਤੇ ਨਜਰ ਸੀ ਜਿਸ ਲਈ ਉਸ ਨੂੰ  ਹੈਰਮ ਦੀ ਸ਼ਾਨੋ ਸ਼ੋਕਤ ਮਾਹੋਲ ਵਿਚ ਰਖਿਆ  ਗਿਆ।  ਸੁਸ਼ੀਲ ਕੌਰ ਨੂੰ ਹਰ ਤਰਹ ਦੇ ਲਾਲਚ ਦਿਤੇ ਗਏ ਕਈ ਪੈਂਤਰੇ ਬਦਲੇ ਪਰ ਕੋਈ ਕੰਮ ਨਹੀਂ ਆਇਆ।
ਇਸਦੇ ਨਾਲ ਨਾਲ ਸਿਖਾਂ ਦਾ ਕਤਲੇਆਮ ਵੀ ਸ਼ੁਰੂ ਹੋ ਗਿਆ।   5 ਮਾਰਚ 1716 ਤੋਂ 7 ਦਿਨ ਰੋਜ਼ 100 -100 ਸਿੰਘਾ ਨੂੰ ਲਾਲਚ ਦੇਣ  ਤੋ ਬਾਅਦ ਸ਼ਹੀਦ ਕੀਤਾ ਜਾਂਦਾ ਅੰਗਰੇਜ਼  ਸਰਕਾਰ ਦੇ ਰਿਕਾਰਡ ਵਿਚ ਮਿਸਟਰ ਸਰਮਨ ਲਿਖਦੇ ਹਨ ਕੀ ਹਰ ਸਿਖ ਨੂੰ ਕਤਲ ਕਰਨ ਲਈ ਕੋਤਵਾਲੀ ਦੇ ਚਬੂਤਰੇ ਵਿਚ ਲਿਆਣ ਤੋਂ ਪਹਿਲੇ ਪੇਸ਼ਕਸ ਕੀਤੀ ਜਾਂਦੀ,  ਜਾਨ ਬਖਸ਼ੀ,  ਦੋਲਤ ਤੇ ਅਹੁਦਿਆਂ ਦੀ,  ਪਰ ਇਕ ਸਿਖ ਵੀ ਲਾਲਚ ਵਿਚ ਨਹੀ ਆਇਆ।  ਹਰ ਸਿਖ ਇਕ ਦੂਜੇ ਤੋਂ ਪਹਿਲੇ ਸ਼ਹੀਦ ਹੋਣ  ਲਈ ਆਪਸ ਵਿਚ ਲੜਦੇ।
ਇਕ ਬਜੁਰਗ  ਮਾਂ ਆਪਣੇ ਬਚੇ ਲਈ ਫਰਿਆਦ ਕਰਣ ਆਈ  ਕਿ ਇਹ ਸਿਖ ਨਹੀਂ ਹੈ ਗਲਤੀ ਨਾਲ ਪਕੜਿਆ ਗਿਆ ਹੈ  ਇਸਦੀ ਜਾਨ ਬਖਸ਼ ਦਿਓ।  ਬਾਦਸ਼ਾਹ ਨੇ ਬਚੇ  ਨੂੰ ਛਡਣ ਦਾ ਪਰਵਾਨਾ ਲਿਖ ਦਿਤਾ।  ਮਾਂ ਖੁਸ਼ੀ ਖੁਸ਼ੀ ਪਰਵਾਨਾ ਲੇਕੇ ਕੋਤਵਾਲੀ ਪਹੁੰਚੀ ਤੇ ਸਰਬਰਾ ਖਾਨ ਨੂੰ ਬਾਦਸ਼ਾਹ ਦਾ ਲਿਖਿਆ ਪਰਵਾਨਾ ਵਿਖਾਇਆ ਉਸ ਵਕਤ ਬਚੇ ਦੀ ਵਾਰੀ ਸੀ ਕਤਲ ਹੋਣ ਦੀ,  ਓਹ ਕੋਤਵਾਲੀ ਦੇ ਚਬੂਤਰੇ ਤੇ ਖੜਾ ਸੀ,  ਜਲਾਦ ਉਸਦਾ ਸਿਰ ਕਲਮ ਕਰਨ ਲਈ ਤਿਆਰ ਸੀ,  ਸਰਬਰਾ ਖਾਨ ਨੇ ਇਕਦਮ ਜਲਾਦ ਨੂੰ ਰੋਕਿਆ ਤੇ  ਕਹਿਣ ਲਗਾ ਕਿ ਇਸ ਬਚੇ ਨੂੰ ਕਤਲ ਨਾ ਕਰੋ ਇਹ ਸਿਖ ਨਹੀ ਹੈ।  ਬਚਾ ਥਲੇ ਉਤਰਿਆ ਮਾਂ ਨੂੰ ਦੇਖਿਆ  ਤੇ ਦੋੜ ਕੇ ਵਾਪਸ ਕੋਤਵਾਲੀ ਦੀ ਛਤ ਤੇ ਚੜ ਗਿਆ ਕੀ ਮੇਰੀ ਮਾਂ ਝੂਠ ਬੋਲਦੀ ਹੈ।  ਮੈਂ ਗੁਰੂ ਗੋਬਿੰਦ  ਸਿੰਘ ਦਾ ਸਿਖ ਹਾਂ  ਪਰ ਇਹ ਮੇਰੀ ਮਾਂ ਨਹੀਂ ਹੋ ਸਕਦੀ।  ਇਕ ਸਿਖ ਵੀ ਆਪਣੇ ਧਰਮ ਤੋਂ ਡੋਲਿਆ ਨਹੀਂ।
ਤੀਸਰੇ ਦਿਨ ਫਰਖਸੀਅਰ ਨੇ ਪੁਛਿਆ ਕੀ ਕਿਤਨੇ ਸਿਖ ਕਤਲ ਕੀਤੇ ਜਾ ਚੁਕੇ ਹਨ ਤਾਂ  ਸਰਬਰਾ ਖਾਨ ਨੇ ਕਿਹਾ ਕੀ 300।  ਫਰਖਸੀਅਰ ਨੇ ਕਿਹਾ ਕੀ ਕਿਤਨਿਆਂ ਨੇ ਇਸਲਾਮ ਕਬੂਲ ਕੀਤਾ ਹੈ ਤਾਂ ਉਸਨੇ ਜਵਾਬ ਦਿਤਾ ਕਿਸੇ ਇਕ ਨੇ ਵੀ ਨਹੀਂ।  ਬੜਾ ਹੈਰਾਨ ਹੋਇਆ ਕਹਿਣ ਲਗਾ ਕਿ ਮੇਰਾ ਮਕਸਦ ਉਨ੍ਹਾ  ਨੂੰ ਕਤਲ ਕਰਨਾ ਨਹੀਂ ਝੁਕਾਣਾ ਹੈ। ਇਨਾ ਦੀ ਰੋਟੀ ਬੰਦ ਕਰ ਦਿਓ।  ਤਿਨ ਦਿਨ ਭੁਖਿਆਂ ਰਖ ਕੇ ਚੋਥੇ ਦਿਨ ਜਕਰੀਆਂ ਖਾਨ ਆਪ  ਤ੍ਰਿਪੋਲੀਆ ਦੀ ਜੈਲ ਵਿਚ ਗਿਆ ਰੋਟੀਆਂ ਲੇਕੇ।  ਪਹਿਲਾ ਇਕ ਬਜੂਰਗ ਦੇ ਹਥ ਵਿਚ ਰੋਟੀ ਦਿਤੀ।  ਬਜੁਰਗ ਨੇ ਰੋਟੀ ਵਲ ਦੇਖ਼ਿਆ ਨਾਲ ਨੋਜਵਾਨ ਬੈਠਾ ਸੀ ਉਸਨੂੰ ਕਹਿਣ ਲਗਾ  ਇਹ ਰੋਟੀ ਤੂੰ ਖਾ ਲੈ,  ਮੇਰੀ ਤਾਂ ਉਮਰ ਹੋ ਚੁਕੀ ਹੈ।  ਜਵਾਨ ਦੇ ਨਾਲ ਇਕ ਛੋਟੀ ਉਮਰ ਦਾ ਬਚਾ ਬੈਠਾ ਸੀ ਉਸਨੂੰ ਕਹਿਣ  ਲਗਾ ਕੀ ਮੈਂ ਤਾਂ ਜਵਾਨ ਹਾਂ ਇਕ ਦੋ ਦਿਨ ਹੋਰ ਭੁਖਾ ਰਹਿ ਸਕਦਾ ਹਾਂ ਇਹ ਰੋਟੀ ਤੂੰ ਖਾ ਲੈ।  ਇਸਤਰਾਂ ਇਹ ਰੋਟੀ ਘੁਮਦੀ  ਘੁਮਾਦੀ ਓਸੇ ਬਜੂਰਗ ਕੋਲ ਵਾਪਸ ਆ ਗਈ।  ਉਸਨੇ ਜਕਰੀਆਂ ਖਾਨ ਦੇ ਸਾਮਣੇ ਰੋਟੀ ਵਗਾਹ ਮਾਰੀ, ’ਫੜ ਆਪਣੀ ਰੋਟੀ ਜਿਸ ਗੁਰੂ ਨੇ ਆਪਣੇ ਬਚੇ ਕਟਵਾਕੇ ਸਿਖ ਪੰਥ ਦੀ ਝੋਲੀ ਵਿਚ ਪਾਏ ਹਨ ਓਹ ਕੋਮ ਤੇਰੀ ਰੋਟੀ ਅਗੇ ਝੁਕ ਜਾਏਗੀ ? ਫਰਖਸਿਅਰ ਨੇ ਜਮੀਨ ਤੇ ਹਥ ਲਗਾ ਕੇ  ਕੰਨਾ ਨੂੰ ਹਥ ਲਗਾਇਆ।  ਬਾਕੀ ਦੇ ਚਾਰ ਸੋ ਸਿਖ ਚਾਰ ਦਿਨਾਂ  ਵਿਚ ਕਤਲ ਕਰ ਦਿਤੇ ਗਏ।  ਇਕ  ਅੰਗਰੇਜ਼ ਲ੍ਹਿਖਾਰੀ ਲਾਵਰੇਨ੍ਸ ਹੇਨਰੀ ਲਿਖਦਾ ਹੈ  ਜੋ ਉਸ ਵਕਤ ਮੋਕੇ ਵਾਰਦਾਤ ਤੇ ਸੀ ਕੀ ਇੰਜ ਲਗ ਰਿਹਾ ਹੈ ਜਿਵੈਂ ਹਰ ਕਰਾਈਸਟ ਆਪਣੇ ਧਰਮ ਦੀ ਖਤਿਰ ਸੂਲੀ ਤੇ ਚੜ  ਰਿਹਾ ਹੋਵੇ”।
9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਉਸਦੇ ਮੁਖੀਆਂ ਦੀ ਵਾਰੀ ਆਈ। ਕਾਕੀ ਬ੍ਖਤੀਅਰ ਦੀ ਦਰਗਾਹ ਵਿਚ ਸਾਰੇ ਕੈਦੀਆਂ ਨੂੰ  ਬਿਠਾਇਆ ਗਿਆ, ਬੰਦਾ ਬਹਾਦੁਰ ਵਿਚਕਾਰ ਬੈਠਾ ਸੀ ਸਾਮਣੇ ਬਾਦਸ਼ਾਹ ਫਰਖਸੀਅਰ  ਤਖਤ ਤੇ ਬੈਠਾ ਸੀ।  ਬਾਦਸ਼ਾਹ ਪੁਛਣ ਲਗਾ ਕੀ ਤੁਹਾਡੇ ਵਿਚੋਂ ਬਾਜ ਸਿੰਘ ਕੋਣ ਹੈ।  ਮੈਨੂੰ ਬਾਜ ਸਿੰਘ ਕਹਿੰਦੇ ਹਨ।  ਸੁਣਿਆ ਤੂੰ ਬਹੁਤ ਦਲੇਰ ਜਰਨੈਲ ਹੈਂ,  ਹੁਣ ਤੇਰੀ ਦਲੇਰੀ ਕਿਥੇ ਗਈ  ?  ਬਾਜ ਸਿੰਘ ਨੇ ਕਿਹਾ ਕਿ ਮੇਰੀਆਂ ਪੈਰਾਂ ਵਿਚ ਬੇੜੀਆਂ ਤੇ ਹਥ ਵਿਚ ਹਥ ਕੜੀਆਂ ਹਨ ਜੇ ਤੂੰ ਮੇਰੀ ਦਲੇਰੀ ਦੇਖਣਾ ਚਾਹੰਦਾ ਹੈਂ ਤਾਂ ਮੇਰੇ ਪੈਰਾਂ ਦੀ ਇਕ ਬੇੜੀ ਜਾਂ ਇਕ ਹਥਕੜੀ ਖੋਲ ਦਿਉ। ਫਰਖਸਿਅਰ ਨੇ ਸਿਪਾਹੀ ਨੂੰ ਹੁਕਮ ਕੀਤਾ ਇਸਦੀ  ਇਕ ਹਥਕੜੀ ਖੋਲ ਦਿਓ।  ਜੀਓੰ ਹੀ ਸਿਪਾਹੀ ਨੇ ਹਥਕੜੀ ਖੋਲੀ ਬਾਜ ਸਿੰਘ ਨੇ ਜੋਰ ਦੇ ਝਟਕੇ ਨਾਲ ਸਿਪਾਹੀ ਦੀ ਤਲਵਾਰ ਖੋਹ ਕੇ ਬੇਮਿਆਨ ਕੀਤਾ ਤੇ ਸਿਪਾਹੀ ਦਾ ਸਿਰ ਕਲਮ ਕਰ ਦਿਤਾ 13 ਸਿਪਾਹੀ ਹੋਰ ਕਤਲ ਕਰ ਦਿਤੇ।  ਫ੍ਕ੍ਸੀਅਰ ਇਤਨਾ ਡਰ ਗਿਆ ਕੀ ਤਖਤ ਛਡ ਕੇ ਨਸ ਉਠਿਆ।  ਸਿਪਾਹੀਆਂ ਨੇ ਬਾਜ ਸਿੰਘ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ।

ਕਤਲ ਕਰਨ ਤੋ ਪਹਿਲਾਂ ਇਕ ਵਾਰੀ ਫਿਰ ਦੀਨ-ਏ -ਇਸਲਾਮ ਕਬੂਲ ਕਰਨ ਦੀ ਸ਼ਰਤ ਰਖੀ ਪਰ ਇਹ ਖਾਹਿਸ਼ ਉਨਾਂ ਦੀ ਦਿਲ ਵਿਚ ਹੀ ਰਹਿ ਗਈ।  ਪਹਿਲਾਂ ਬਾਬਾ ਬਿਨੋਦ ਸਿੰਘ,  ਬਾਬਾ ਬਾਜ ਸਿੰਘ, ਬਾਬਾ ਫਤਹਿ ਤੇ  ਬਾਬਾ ਆਲੀ ਸਿੰਘ ਸ਼ਹੀਦ ਕੀਤਾ।   ਬਾਬਾ ਬੰਦਾ ਸਿੰਘ ਨੇ ਆਖਾਂ ਬੰਦ ਕਰ ਲਈਆਂ ਤਾ ਫਰਖਸਿਅਰ ਨੇ ਕਿਹਾ, ਕੀ ਗਲ ਸਾਥੀਆਂ ਦੀ ਮੋਤ ਨਹੀਂ ਦੇਖੀ ਜਾ ਰਹੀ ਤਾਂ ਬੰਦੇ ਨੇ ਕਿਹਾ ਕੀ ਮੈਂ ਤਾਂ ਅਕਾਲ ਪੁਰਖ ਅਗੇ ਅਰਦਾਸ ਕਰ ਰਿਹਾ ਸੀ ਕੇ ਜੇਹੜੇ ਮੇਰੇ ਤੋਂ ਪਿਛੋ  ਆਏ ਹਨ ਓਹ ਤੇਰੀ ਗੋਦ ਵਿਚ ਪਹਿਲੇ ਚਲੇ ਗਏ,  ਮੇਰੇ ਤੋ ਐਸੀ ਕੀ ਭੁਲ ਹੋ ਗਈ ਹੈ ਕੀ ਮੈਂ ਅਜੇ ਇਥੇ ਬੈਠਾਂ ਹਾਂ।
ਬਾਬਾ ਬੰਦਾ ਸਿੰਘ ਦਾ ਪੁਤਰ ਉਸਦੀ ਝੋਲੀ ਵਿਚ ਪਾਕੇ ਸ਼ਹੀਦ ਕਰਨ ਨੂੰ  ਕਿਹਾ।  ਬੰਦਾ ਸਿੰਘ ਨੇ ਕਿਹਾ,  ” ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਕੀ ਮਾਸੂਮਾ ਤੇ ਮਜਲੂਮਾ ਤੇ ਵਾਰ ਨਹੀ ਕਰਨਾ  ਅਗਰ ਮੇਰੇ ਪੁਤਰ ਦੀ ਜਗਹ ਤੇਰਾ ਪੁਤਰ ਵੀ ਮੇਰੀ ਝੋਲੀ ਵਿਚ ਹੁੰਦਾ ਤਾ  ਉਸਦਾ ਵੀ  ਮੈਂ  ਕਤਲ ਨਾਂ  ਕਰਦਾ।   ਬਾਬਾ ਅਜੈ  ਸਿੰਘ ਨੂੰ ਨੇਜੇ ਉਪਰੋਂ  ਉਛਾਲ ਕੇ ਦੋ ਟੋਟੇ ਕਰਵਾ ਦਿਤੇ,  ਉਸ ਮਾਸੂਮ ਦਾ ਧੜਕਦਾ  ਕਲੇਜਾ ਕਢ ਕੇ ਬੰਦਾ ਸਿੰਘ ਦੇ ਮੂੰਹ ਵਿਚ ਤੁਨਿ ਆ. ਉਸਦੇ ਜਿਸਮ ਦਾ ਖੂਨ ਬੰਦੇ ਸਿੰਘ ਦੇ ਮੂੰਹ ਤੇ ਮਲਿਆ।  ਬੰਦਾ ਸਿੰਘ ਦੀਆਂ ਅਖਾਂ ਫਿਰ ਬੰਦ ਸਨ।  ਫਿਰ ਫਰਖਸੀਅਰ ਨੇ ਪੁਛਿਆ ਕੀ ਪੁਤਰ ਦੀ ਮੋਤ ਨਹੀ ਦੇਖੀ ਜਾ ਰਹੀ ਤਾਂ ਬੰਦੇ ਬਹਾਦਰ ਨੇ ਕਿਹਾ ਕੀ ਹੁਣ ਮੈਂ ਕਲਗੀਧਰ ਪਾਤਸ਼ਾਹ ਅਗੇ ਤੇਰਾ ਸ਼ੁਕਰਾਨਾ ਕਰ ਰਿਹਾਂ ਹਾਂ ਕੀ ਜਿਸ ਗੁਰੂ ਨੇ ਚਾਰ ਪੁਤਰ ਖਾਲਸੇ ਦੀ ਝੋਲੀ ਵਿਚ ਪਾਏ  ਹਨ ਅਜ ਤੇਰੀ ਖਾਤਿਰ ਮੈਂ ਆਪਣੇ ਪੁਤਰ ਨੂੰ ਝੋਲੀ ਵਿਚ ਪਾਕੇ ਉਸਦੀ ਗੋਦ ਵਿਚ ਜਾ ਰਿਹਾਂ ਹਾਂ।   ਧੰਨ ਜਿਗਰਾ ਓਹ ਫਿਰ ਵੀ ਸ਼ਾਂਤ  ਤੇ ਅਡੋਲ ਰਹੇ।  ਜਕਰੀਆਂ ਖਾਨ ਨੇ ਪੁਛਿਆ ਕੀ ਹੁਣ ਤੇਨੂੰ ਕਿਸ ਤਰਹ ਦੀ ਮੋਤ ਚਾਹੀਦੀ ਹੈ ਤਾਂ ਬੰਦਾ ਸਿੰਘ ਨੇ ਕਿਹਾ ਕੀ ਜੇ ਤੂ ਮੇਰਾ ਸਬਰ ਪਰਖਣਾ ਹੈ ਤਾਂ ਤੂੰ ਆਪਣੇ ਜੁਲਮ ਦੀ ਹਦ  ਪਰਖ ਲੈ।   ਅਖੀਰ ਇਕ ਇਕ ਕਰਕੇ ਬੰਦੇ  ਦੀਆਂ ਅਖਾਂ ਕਢੀਆਂ,  ਫਿਰ  ਲਤਾਂ ਤੇ ਬਾਹਾਂ ਵਡੀਆਂ,  ਸਰੀਰ ਦਾ ਮਾਸ ਤਪਦੇ ਨਾਸੂਰਾਂ ਨਾਲ ਨੋਚਿਆ। ਪਰ ਓਹ  ਅਕਾਲ ਪੁਰਖ ਦਾ ਸਿਮਰਨ ਕਰਦੇ ਰਹੇ। ਬੰਦਾ ਸਿੰਘ ਬਹਾਦਰ ਦੁਨੀਆਂ ਦਾ ਪਹਿਲਾ ਬਾਦਸ਼ਾਹ ਤੇ ਫੌਜੀ ਜਰਨੈਲ ਸੀ ਜਿਸਨੇ ਆਪਣੇ ਪੁਤਰ ਦੇ ਕਲੇਜੇ ਦਾ ਸਵਾਦ ਚਖਿਆ ਸੀ।  ਇਸ ਤਰਾਂ ਬੰਦਾ ਸਿੰਘ ਬਹਾਦਰ ਜ਼ੁਲਮ ਸਹਾਰਦੇ ਹੋਏ ਜੂਨ 9, 1716 ਨੂੰ ਗੁਰੂ ਚਰਨਾ ਵਿੱਚ ਜਾ ਬਿਰਾਜੇ।
ਪ੍ਰੋ ਹਰੀ ਰਾਮ ਗੁਪਤਾ ਲਿਖਦੇ ਹਨ ਕੀ ਦੁਨੀਆਂ ਦੇ ਇਤਿਹਾਸ ਵਿਚ ਬੰਦਾ ਸਿੰਘ ਬਹਾਦਰ ਦਾ ਸਥਾਨ ਸਿਕੰਦਰ ਤੇ ਨੇਪੋਲੀਅਨ ਹਿਟਲਰ,  ਚਰਚਿਲ ਨਾਲੋਂ ਕਿਤੇ ਘਟ ਨਹੀ ਬਲਕਿ ਬਹੁਤ ਅਗੇ ਸੀ ਕਿਓਕੀ ਇਨ੍ਹਾਂ  ਕੋਲ ਮੁਲਕ ਦੀ ਮੁਕੰਬਲ ਜਨ ਸ਼ਕਤੀ ਧੰਨ ਸ਼ਕਤੀ ਤੇ ਰਾਜ ਸ਼ਕਤੀ ਸੀ, ਵਡੀਆਂ ਵਡੀਆਂ ਜੰਗਜੂ ਤੇ ਯੁਧ  ਵਿਦਿਆ ਵਿਚ ਪੂਰੀ ਤਰਹਿ ਨਿਪੁੰਨ ਸੀ।  ਓਹ ਮੁਲਕ ਦੇ ਬਾਦਸ਼ਾਹ ਜਾ ਰਾਜਨੀਤਕ ਨੇਤਾ ਸਨ, ਉਨਾ ਕੋਲ  ਆਧੁਨਿਕ ਹਥਿਆਰ ਸੀ ਤੇ ਪੂਰਾ ਦੇਸ਼ ਉਨਾ ਦੇ ਨਾਲ ਸੀ।  ਬੰਦਾ ਸਿੰਘ ਬਹਾਦਰ ਕੋਲ  ਸਿਰਫ ਹਿੰਮਤ,  ਦਲੇਰੀ, ਮਕਸਦ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਸੀ ਜਿਸ ਨਾਲ  18 ਸਦੀ ਦੇ ਮੁਢਲੇ ਦੋਰ ਦੇ ਇਸ ਮਹਾਨ ਯੋਧੇ ਨੇ 700 ਸਾਲ ਦੀ ਗੁਲਾਮੀ ਮਗਰੋਂ  ਪਹਿਲੀ ਵਾਰੀ ਆਜ਼ਾਦੀ ਦਾ ਦੀਵਾ ਬਾਲਕੇ ਇਤਿਹਾਸ ਨੂੰ ਰੋਸ਼ਨ ਕੀਤਾ।

Leave a Reply

Your email address will not be published. Required fields are marked *