History

ਤੀਜਾ ਘੱਲੂਘਾਰਾ

3 ਜੂਨ, 1984 ਦਾ ਦਿਨ ਸੀ। ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ 378 ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਜਦੋਂ ਭਾਰਤੀ ਫ਼ੌਜੀ ਨੇ ‘ਆਪ੍ਰੇਸ਼ਨ ਬਲੂਸਟਾਰ’ ਦੇ ਅਜੀਬ ਨਾਂ ਹੇਠ ਸਿੱਖਾਂ ਦੇ ਸਭ ਤੋਂ ਪਵਿੱਤਰ ਧਰਮ ਅਸਥਾਨ ਉਤੇ ਫ਼ੌਜੀ ਹੱਲਾ ਬੋਲ ਦਿੱਤਾ ਸੀ। ਇਸ ਦਿਨ ਨੂੰ ਹੀ ਹਮਲਾ ਕਰਨ ਲਈ ਕਿਉਂ ਚੁਣਿਆ ਗਿਆ? ਇਹ ਕੋਈ ਅਚਾਨਕ ਵਰਤਿਆ ਭਾਣਾ ਨਹੀਂ ਸੀ ਕਿ ਹਮਲੇ ਲਈ ਚੁਣਿਆ ਗਿਆ ਦਿਨ ਇਕ ਇਤਿਹਾਸਕ ਦਿਨ ਸੀ। ਦੋ ਸਦੀਆਂ ਪਹਿਲਾਂ, 1736 ਦੀ ਦੀਵਾਲੀ ਵਾਲੇ ਦਿਨ ਮੁਗਲ ਫ਼ੌਜਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ। ਇਹ ਏਨੇ ਵੱਡੇ ਪੱਧਰ ਦਾ ਕਤਲੇਆਮ ਸੀ ਕਿ ਲੋਕ ਦੇਰ ਤੱਕ ਇਸ ਨੂੰ ‘ਖੂਨੀ ਦੀਵਾਲੀ’ ਕਰਕੇ ਯਾਦ ਕਰਦੇ ਰਹੇ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਤਾਂ ਉਸ ਨੇ ਵੀ ਵਿਸਾਖੀ ਦਾ ਦਿਨ ਚੁਣਿਆ ਤਾਂ ਕਿ ਵੱਧ ਤੋਂ ਵੱਧ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਸਕੇ, ਕਿਉਂਕਿ ਖਾਲਸੇ ਦਾ ਸਾਜਨਾਂ ਦਿਵਸ ਮਨਾਉਣ ਲਈ ਸਿੱਖ ਉਸ ਦਿਨ ਵੱਡੀ ਗਿਣਤੀ ਵਿਚ ਦਰਬਾਰ ਸਾਹਿਬ ਵਿਚ ਇਕੱਠੇ ਹੁੰਦੇ ਸਨ।ਹਰ ਕੋਈ ਜਾਣਦਾ ਹੈ ਕਿ ਜਲਿਆਂਵਾਲਾ ਬਾਗ ਅੰਮ੍ਰਿਤਸਰ ਦਾ ਸ਼ਹੀਦੀ ਸਾਕਾ ਵੀ ਵਿਸਾਖੀ ਵਾਲੇ ਦਿਨ ਹੀ ਹੋਇਆ ਅਰਥਾਤ 13 ਅਪ੍ਰੈਲ, 1919 ਨੂੰ। ਗੁਰਪੁਰਬ ਵਾਲੇ ਦਿਨ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਨੇ ਲੋਕਾਂ ਦੇ ਮਨਾਂ ਵਿਚ ਸਿੱਖ ਇਤਿਹਾਸ ਦੇ ਉਨ੍ਹਾਂ ਭਿਆਨਕ ਦਿਨਾਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਜਿਨ੍ਹਾਂ ਦਾ ਜ਼ਿਕਰ ਇਤਿਹਾਸ ਦੀਆਂ ਪੁਸਤਕਾਂ ਵਿਚ ਆਉਂਦਾ ਹੈ। ਮੁਹੰਮਦ ਗੌਰੀ, ਚੰਗੇਜ਼ ਖਾਂ, ਅਹਿਮਦ ਸ਼ਾਹ ਅਬਦਾਲੀ ਤੇ ਹੋਰ ਹਮਲਾਵਰਾਂ ਵਲੋਂ ਧਰਮ-ਅਸਥਾਨਾਂ ਦੀ ਕੀਤੀ ਬੇਹੁਰਮਤੀ ਅਤੇ ਲੁੱਟ ਮਾਰ ਦਾ ਸਭ ਨੂੰ ਪਤਾ ਹੈ ਪਰ ਇਤਿਹਾਸ ਵਿਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਕਿ ਅਮਨ ਦੇ ਸਮੇਂ ਵਿਚ ਕਿਸੇ ਘੱਟ-ਗਿਣਤੀ ਦੇ ਧਰਮ ਅਸਥਾਨ ਦੀ ਤਬਾਹੀ ਆਪਣੀ ਹੀ ਸਰਕਾਰ ਨੇ ਏਨੇ ਭਿਆਨਕ ਸਾਕੇ ਦੁਆਰਾ ਕੀਤੀ ਹੋਵੇ।
ਕਾਰਣ ਅਤੇ ਪਿਛੋਕੜ-
ਸਿੱਖਾਂ ਦਾ ਕਿਸੇ ਨਾਲ ਕਦੀ ਕਿਸੇ ਧਰਮ ਦੇਸ਼ ਜਾਂ ਜਾਤੀ ਨਾਲ ਕੋਈ ਵੈਰ ਵਿਰੋਧ ਨਹੀਂ ਰਿਹਾ, ਨਾ ਅੱਜ ਹੈ ਤੇ ਨਾ ਹੀ ਅੱਗੋਂ ਹੋ ਸਕਦਾ ਹੈ। ਹਾਂ ਇਸ ਦੀ ਜ਼ੁਲਮ ਅਤੇ ਕਰਮ ਕਾਂਢ ਨਾਮ ਹਮੇਸ਼ਾ ਟੱਕਰ ਰਹੀ ਹੈ, ਅੱਜ ਵੀ ਚੱਲ ਰਹੀ ਹੈ ਤੇ ਅੱਗੋਂ ਵੀ ਚੱਲਦੀ ਰਹੇਗੀ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਅਪਣੀ ਬਾਣੀ ਰਾਹੀਂ ਸਿਖਾਇਆ ਹੀ ਇਹੋ ਹੈ। ਸੋ ਗੁਰੂ ਸਾਹਿਬ ਦੇ ਸਮੇਂ ਅਤੇ ਇਸ ਤੋ ਬਾਅਦ ਅੱਜ ਤੱਕ ਤੇ ਅੱਗੋਂ ਵੀ ਸਿੱਖ ਇਸ ਸਿਧਾਂਤ ਨੂੰ ਕਦੀ ਵੀ ਤਿਆਗ ਨਹੀਂ ਸਕਦੇ। ਬੱਸ ਇਹੀ ਕਾਰਣ ਬਣਦੇ ਆਏ ਹਨ ਬਣ ਰਹੇ ਹਨ ਤੇ ਬਣਦੇ ਰਹਿਣਗੇ ਕਿਉਂਕਿ ਨਾ ਸਿੱਖ ਗੁਰੂ ਸਾਹਿਬ ਦੇ ਸਿਧਾਂਤ ਨੂੰ ਛੱਡ ਸਕਦੇ ਹਨ ਤੇ ਨਾ ਹੀ ਸਰਕਾਰਾਂ ਜ਼ੁਲਮ ਕਰਨ ਤੋ ਟੱਲਦੀਆ ਹਨ। ਜਿਸ ਤਰ੍ਹਾਂ ਉਪਰ ਦੱਸਿਆ ਹੈ ਦਰਬਾਰ ਸਾਹਿਬ ਤੇ ਹਮਲੇ ਪਹਿਲਾਂ ਵੀ ਹੋਏ ਸਨ ਜੋ ਗੈਰਾਂ ਵਲੋ ਕੀਤੇ ਗਏ ਸਨ ਪਰ ੧੯੮੪ ਦਾ ਹਮਲਾ ਅਪਣੀ ਚੁਣੀ ਹੋਈ ਸਰਕਾਰ ਵੱਲੋਂ ਆਪਣਿਆਂ ਤੋ ਆਪਣਿਆਂ ਉੱਪਰ ਕਰਾਇਆਂ ਗਿਆ ਹਮਲਾ ਹੈ।
ਅਸਲ ਗੱਲ ਤਾਂ ਇਹ ਹੈ ਕਿ ਸਿੱਖ ਅਪਣੇ ਹੱਕਾਂ ਤੇ ਜ਼ੁਲਮ ਵਿਰੁੱਧ ਘੋਲ ਕਰਦੇ ਆਏ ਹਨ ਕਰ ਰਹੇ ਹਨ ਤੇ ਕਰਦੇ ਰਹਿਣਗੇ। ੧੯੪੭ ਤੋਂ ਪਹਿਲਾਂ ਜੋ ਸਿੱਖਾਂ ਨਾਲ ਵਾਹਦੇ ਕੀਤੇ ਸੀ ਜਦ ਆਜਾਦੀ ਤੋਂ ਬਾਅਦ ਨੇਤਾ ਭੁੱਲ ਗਏ। ੧੯੫੫ ਈਃ ਨੂੰ ਮਾਸਟਰ ਤਾਰਾ ਸਿੰਘ ਨੇ ਮੋਰਚਾ ਲਾ ਦਿੱਤਾ ਅਤੇ ਸਿੱਖ ਮਾਸਟਰ ਜੀ ਦੇ ਸੱਦੇ ਤੇ ਅੰਮ੍ਰਿਤਸਰ ਪਹੁੰਚ ਗਈ। ਉਸ ਸਮੇਂ ਵੀ ਨਹਿਰੂ ਸਰਕਾਰ ਨੇ ਦਰਬਾਰ ਸਾਹਿਬ ਅੰਦਰ ਪੁਲਿਸ ਦਾਖਲ ਕਰਵਾਈ ਸੀ।ਜਦ ਸਰਕਾਰ ਲਗਾਤਾਰ ਸਿੱਖ ਨਾਲ ਧੱਕਾ ਕਰ ਰਹੀ ਸੀ ਤਾਂ ੧੯੭੭ ਈਃ ਨੂੰ ਸਿੱਖਾ ਨੇ ਅਨੰਦਪੁਰ ਸਾਹਿਬ ਵਿਖੇ ੧੭ ਮਤੇ ਪਾਸ ਕੀਤੇ ਜਿਨ੍ਹਾਂ ਵਿੱਚ ਸੂਬਿਆਂ ਨੂੰ ਯੂਰਪ, ਅਮਰੀਕਾ, ਕਨੇਡਾ ਆਦਿ ਦੇਸ਼ਾ ਵਾਗ ਦਿੱਤੇ ਜਾਣ, ਪਾਣੀਆ ਦਾ ਮਸਲਾ, ਅੰਮ੍ਰਿਤਸਰ ਸ਼ਾਹਿਰ ਨੂੰ ਹਿੰਦੂਆ ਦੇ ਪਵਿਤਰ ਸ਼ਹਿਰਾਂ ਦੀ ਤਰ੍ਹਾਂ ਪਵਿਤਰ ਸ਼ਹਿਰ ਕਰਾਰ ਕਰਨਾ, ਦਰਬਾਰ ਸਾਹਿਬ ਤੋਂ ਕੀਰਤਨ ਪ੍ਰਸਾਰ ਕਰਨ ਦੀ ਆਗਿਆ ( ਖਰਚਾ ਸਾਰਾ ਸਿੱਖ ਕੌਮ ਕਰੇਗੀ), ਆਦਿ ਸ਼ਾਮਲ ਸਨ। ਸਿੱਖਾਂ ਨਾਲ ੧੯੪੭ ਤੋਂ ਬਾਅਦ ਲਗਾਤਰ ਜਿਆਦਤੀਆਂ ਹੋਣ ਲੱਗੀਆਂ ਤਾਂ ਉਸ ਦੀ ਆਵਾਜ਼ ਜਦ ਸਿੱਖਾ ਨੇ ਉਠਾਉਣੀ ਸ਼ੁਰੂ ਕੀਤੀ ਤਾਂ ਸਰਕਾਰ ਨੇ ਇਨ੍ਹਾਂ ਤਾਈ ਕਮਜ਼ੋਰ ਕਰਨ ਲਈ ਅੰਗਰੇਜ ਦੀ ਨੀਤੀ ਅਪਣਾਉਂਦੇ ਹੋਏ ਸਿੱਖੀ ਭੇਸ ਵਿੱਚ ਸਿੱਖ ਵਿਰੋਧੀ ਡੇਰੇਦਾਰਾ ਨੂੰ ਸ਼ਹਿ ਦੇਣੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਨਰਕਧਾਰੀ ਪਹਿਲੀ ਕਤਾਰ ਵਿੱਚ ਖੜੇ ਹੋ ਗਏ ਜੋ ਸ਼ਰੇਆਮ ਗੁਰੂ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਲੱਗ ਪਏ ਜੋ ਸਿੱਖ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦੇ ਸਨ। ਜਿਸਦਾ ਨਤੀਜਾ ੧੯੭੮ ਦੀ ਵਿਸਾਖੀ ਤੇ ਅੰਮ੍ਰਿਤਸਰ ਸਾਹਿਬ ਵਿਖੇ ਸਾਹਮਣੇ ਆਇਆ। ਇੱਥੇ ੧੩ ਸਿੰਘ ਸ਼ਹੀਦ ਹੋਣ ਦੇ ਬਾਵਜੂਦ ਸਰਕਾਰ ਨੇ ਨਕਲੀ ਨਿਰੰਕਾਰੀ ਗੁਰਬਚਨੇ ਦੀ ਪਿੱਠ ਪੂਰੀ।ਜਿਸ ਦੇ ਫਲ ਸਰੂਪ ਧਾਰਮਿਕ ਖੇਤਰ ਦੀਆ ਜਥੇਬੰਦੀਆਂ ਆਖੰਡ ਕੀਰਤਨੀ ਜਥਾ ਅਤੇ ਭਿੰਡਰਾਵਾਲਿਆ ਨੇ ਹਥਿਆਰ ਚੁੱਕ ਲਏ ਤੇ ਦੂਜੇ ਪਾਸੇ ਸਿਆਸੀ ਧਿਰਾਂ ਨੂੰ ਅਨੰਦਪੁਰ ਦਾ ਮਤਾ ਪਾਸ ਕਰਨ ਲਈ ਮਜਬੂਰ ਹੋਣਾ ਪੈ ਗਿਆ।ਸੋ ੨੮-੨੯ ਅਕਤੂਬਰ ੧੯੭੮ ਨੂੰ ਅਕਾਲੀ ਦਲ ਨੇ ਅਪਣੇ ਜਨਰਲ ਅਜਲਾਸ ਲੁਧਿਆਣਾ ਵਿਖੇ ਅਨੰਦਪੁਰ ਦੇ ਮਤੇ ਨੂ ਸਹਿਮਤੀ ਦੇ ਦਿੱਤੀ। ਇਹ ਸਭ ਦੇਖਦੇ ਹੋਇਆਂ ਉਸ ਸਮੇਂ ਦੀ ਕਾਂਗਰਸ ਸਰਕਾਰ ਜਿਸ ਨੂੰ ਇੰਦਰਾ ਗਾਂਧੀ ਚਲਾ ਰਹੀ ਸੀ ਨੇ ਹਿੰਦੂ ਸਿੱਖ ਦੀ ਰੰਗਤ ਦਿੱਤੀ ਜਿਸਦੀ ਕਿ ਭਾਰਤੀ ਜਨਤਾ ਪਾਰਟੀ ਨੇ ਵੀ ਪੂਰੀ ਹਿਮਾਇਤ ਕੀਤੀ। ਇਸ ਤਰ੍ਹਾਂ ਉਹ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਜਿਸ ਲਈ ਉਸ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਗ੍ਰਿਫਤਾਰ ਕਰਨ ਦਾ ਬਹਾਨਾ ਬਣਾ ਕੇ ਦਰਬਾਰ ਸਾਹਿਬ ਅਤੇ ਭਾਰਤ ਦੇ ਹੋਰ ਕਈ ਤਕਰੀਬਨ ੩੭ ਗੁਰਦੁਆਰਿਆਂ ਉੱਪਰ ਫੌਜ ਰਾਹੀਂ ਹਮਲਾ ਕਰ ਦਿੱਤਾ। ਇਹ ਹਮਲਾ ਕੋਈ ਅਚਾਨਕ ਹਮਲਾ ਨਹੀਂ ਸੀ।
ਇੰਦਰਾ ਗਾਂਧੀ ਨੇ ਬਹੁਤ ਚਿਰ ਪਹਿਲਾਂ ਹੀ ਆਪਣੇ ਨਜ਼ਦੀਕੀ ਸਲਾਹਕਾਰਾਂ ਨਾਲ ਰਾਇ-ਮਸ਼ਵਰਾ ਕਰਕੇ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰਨ ਦਾ ਨਿਰਣਾ ਕਰ ਲਿਆ ਹੋਇਆਂ ਸੀ। ਉਸ ਨੇ ਭਾਰਤੀ ਫੌਜ ਦੇ ਤਤਕਾਲੀਨ ਮੁੱਖੀ ਜਨਰਲ ਏ.ਐਸ. ਵੈਦਿਆ ਨੂੰ, ਕੋਈ ਸਾਢੇ ਪੰਜ ਮਹੀਨੇ ਪਹਿਲਾਂ, 15 ਜਨਵਰੀ ਨੂੰ ਸੈਨਾ ਦਿਵਸ ਦੇ ਮੌਕੇ ਆਪਣੇ ਇਸ ਫੈਸਲੇ ਦੀ ਸੂਹ ਦੇ ਦਿੱਤੀ ਸੀ
ਉਸ ਤੋਂ ਝੱਟ ਹੀ ਬਾਅਦ ਪੱਛਮੀ ਕਮਾਨ ਦੀ ਪੈਰਾ ਬਰਗੇਡ ਡਿਵੀਜ਼ਨ ਦੀ ਫਸਟ ਬਟਾਲੀਅਨ ਦੇ ਕਮਾਂਡੋਆਂ ਨੂੰ ਚਕਰਾਤਾ (ਦੇਹਰਾਦੂਨ ਨੇੜੇ) ਤੇ ਸਰਸਾਵਾ (ਸਹਾਰਨਪੁਰ) ਵਿਖੇ ਵਿਸ਼ੇਸ਼ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਨੂੰ ਦਰਬਾਰ ਸਾਹਿਬ ਸਮੂਹ ਨਾਲ ਮਿਲਦੀ-ਜੁਲਦੀ ਨਕਲੀ ਇਮਾਰਤ ਤਿਆਰ ਕਰਕੇ ਇਸ ਉਤੇ ਧਾਵਾ ਬੋਲਣ ਦਾ ਉਚੇਚਾ ਅਭਿਆਸ ਕਰਵਾਇਆ ਗਿਆ ਸੀ। ਭਾਵੇ ਸੰਤ ਜਰਨੈਲ ਸਿੰਘ ਉਪਰ ਕੋਈ ਵੀ ਐਫ ਆਰ ਦਰਜ ਨਹੀ ਮਿਲਦੀ ਪਰ ਫਿਰ ਇਹ ਹਮਲਾ ਕਰਨ ਦਾ ਕਾਰਨ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਫੜਨਾ ਪ੍ਰਚਾਰਿਆ ਗਿਆ ਸੀ।
ਹਮਲੇ ਦੀ ਮਿਥੀ ਹੋਈ ਤਰੀਕ ਨੇੜੇ ਢੁਕਦਿਆਂ ਹੀ ਜਨਰਲ ਏ.ਐਸ. ਵੈਦਿਆ ਨੂੰ, ਜੋ ਉਸ ਵੇਲੇ ਕਸ਼ਮੀਰ ਅੰਦਰ ਛੁਟੀਆਂ ਮਨਾ ਰਿਹਾ ਸੀ, ਫੌਰਨ ਦਿਲੀ ਸੱਦ ਲਿਆ ਗਿਆ। ਮਈ ਦੇ ਆਖਰੀ ਦਿਨਾਂ ’ਚ ਭਾਰਤੀ ਫੌਜ ਦੀਆਂ ਚੁਣਵੀਆਂ ਟੁਕੜੀਆਂ ਇਕ-ਇਕ ਕਰਕੇ ਅੰਮ੍ਰਿਤਸਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਪੰਜਾਬ ਅੰਦਰ ਫੌਜ ਭੇਜਣ ਦੇ ਅਸਲੀ ਮੰਤਵ ਨੂੰ ਛੁਪਾਉਣ ਲਈ ਬਾਹਰੀ ਪ੍ਰਭਾਵ ਇਹ ਦਿੱਤਾ ਗਿਆ ਕਿ ਸਰਹੱਦੋਂ ਪਾਰ ਘੁਸਪੈਠ ਬੰਦ ਕਰਨ ਲਈ ਫੌਜ ਸਰਹੱਦ ਉਤੇ ਤੈਨਾਤ ਕਰਨ ਲਈ ਭੇਜੀ ਜਾ ਰਹੀ ਸੀ।
ਦਰਬਾਰ ਸਾਹਿਬ ਉਤੇ ਫੌਜੀ ਹੱਲਾ ਬੋਲ ਕੇ ਕਬਜ਼ਾ ਜਮਾਉਣ ਦੀ ਮੁਹਿੰਮ ਦੀ ਅਗਵਾਈ ਵੀ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨਾਂ ਦੇ ਇਕ ਮੋਨੇ ਸਿੱਖ ਨੂੰ ਸੌਂਪੀ ਗਈ ਸੀ। ਇਹ ਪਾਪ ਵੱਧ ਤੋਂ ਵੱਧ ਗਿਣਤੀ ਵਿਚ ਸਿੱਖ ਜਰਨੈਲਾਂ ਦੇ ਹੱਥੋਂ ਕਰਾਉਣ ਦਾ ਨਿਰਣਾ ਹਿੰਦੂ ਹਾਕਮਾਂ ਦੀ ਚਾਣਕੀਆ ਨੀਤੀ ’ਚੋਂ ਨਿਕਲਿਆ ਸੀ, ਜਿਸ ਦਾ ਮਕਸਦ ਆਪਣੀ ਫਿਰਕੂ ਖਸਲਤ ਨੂੰ ਲੁਕੌਣਾ ਸੀ। ਦੂਜਾ, ਇਸ ਨਾਲ ਸਿੱਖਾਂ ਨੂੰ ਦੁਨੀਆਂ ਦੀਆਂ ਨਜ਼ਰਾਂ ਵਿਚ ਜਿੱਚ ਕਰਨਾ ਸੀ।
ਦੋ ਜੂਨ ਦੀ ਸ਼ਾਮ ਨੂੰ ਇੰਦਰਾ ਗਾਂਧੀ ਨੇ ਬਿਨਾਂ ਅਗਾਊਂ ਐਲਾਨ ਕੀਤਿਆਂ ਆਲ ਇੰਡੀਆ ਰੇਡੀਓ ਤੋਂ ਦੇਸ ਦੀ ਜਨਤਾ ਨੂੰ ਸੰਬੋਧਨ ਕੀਤਾ। ਉਸ ਨੇ ਜਜ਼ਬਾਤੀ ਲਹਿਜ਼ੇ ’ਚ ਸਿੱਖ ਕੌਮ ਦੇ ਸੰਘਰਸ਼ ਸਦਕਾ ਦੇਸ ਦੇ ਸਾਹਮਣੇ ਪੈਦਾ ਹੋਈ ‘ਨਾਜ਼ਕ’ ਤੇ ‘ਭਿਆਨਕ’ ਸਥਿਤੀ ਦੀ ਕਰੁਣਾਮਈ ਤਸਵੀਰ ਪੇਸ਼ ਕੀਤੀ ਅਤੇ ਇਸ ਦਾ ਸਾਰਾ ਦੋਸ਼ ਅਕਾਲੀ ਆਗੂਆਂ ਦੇ ਸਿਰ ਮੜ੍ਹਿਆ।
ਇੰਦਰਾ ਗਾਂਧੀ ਦੇ ਭਾਸ਼ਨ ਦਾ ਪ੍ਰਸਾਰਨ ਖਤਮ ਹੁੰਦਿਆਂ ਹੀ ਰੇਡੀਓ ਤੋਂ ਪੰਜਾਬ ਸੰਬੰਧੀ ਕੁਝ ਵਿਸ਼ੇਸ਼ ਐਲਾਨ ਤੇ ਫਰਮਾਨ ਪ੍ਰਸਾਰਤ ਹੋਣੇ ਸ਼ੁਰੂ ਹੋ ਗਏ। ਪੰਜਾਬ ਨੂੰ ‘ਗੜਬੜ ਵਾਲਾ ਇਲਾਕਾ’ ਤਾਂ ਪਹਿਲਾਂ ਹੀ ਕਰਾਰ ਦਿੱਤਾ ਜਾ ਚੁੱਕਾ ਸੀ। ਵਿਸ਼ੇਸ਼ ਫਰਮਾਨਾਂ ਰਾਹੀਂ ਇਸ ਦੇ ਪੇਚ ਹੋਰ ਕੱਸ ਦਿੱਤੇ ਗਏ। ਪੰਜਾਬ ਅੰਦਰ ਫ਼ੌਜੀ ਗੱਡੀਆਂ ਤੋਂ ਇਲਾਵਾ ਤੁਰੰਤ ਹਰ ਤਰ੍ਹਾਂ ਦੀ ਸਾਰੀ ਰੇਲ ਤੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਗਈ।
ਪੰਜਾਬ ਨੂੰ ਬਾਕੀ ਦੇਸ਼ ਨਾਲੋਂ, ਅੰਮ੍ਰਿਤਸਰ ਨੂੰ ਬਾਕੀ ਪੰਜਾਬ ਨਾਲੋਂ ਤੇ ਦਰਬਾਰ ਸਾਹਿਬ ਨੂੰ ਬਾਕੀ ਸ਼ਹਿਰ ਨਾਲੋਂ, ਪੂਰੀ ਤਰ੍ਹਾਂ ਨਿਖੇੜ ਕੇ ਸੀਲ ਕਰ ਦਿੱਤਾ ਗਿਆ। ਸਭਨਾਂ ਬਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਤੋਂ ਬਾਹਰ ਕੱਢ ਦਿੱਤਾ ਗਿਆ। ਪੰਜਾਬ ਉਤੇ ਦੋ ਮਹੀਨਿਆਂ ਲਈ ਕਰੜਾ ਸੈਂਸਰ ਲਾਗੂ ਕਰ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਸਾਰੇ ਪ੍ਰਮੁੱਖ ਅਖ਼ਬਾਰਾਂ ਨੇ ਕੁਝ ਦਿਨਾਂ ਲਈ ਆਪਣੀ ਪ੍ਰਕਾਸ਼ਨਾ ਠੱਪ ਕਰ ਦਿੱਤੀ। ਇਸ ਦਾ ਸਾਰਾ ਦੋਸ਼ ਅਕਾਲੀ ਆਗੂਆਂ ਦੇ ਸਿਰ ਮੜ੍ਹਿਆ।
ਇੰਦਰਾ ਗਾਂਧੀ ਦੇ ਭਾਸ਼ਨ ਦਾ ਪ੍ਰਸਾਰਨ ਖਤਮ ਹੁੰਦਿਆਂ ਹੀ ਰੇਡੀਓ ਤੋਂ ਪੰਜਾਬ ਸੰਬੰਧੀ ਕੁਝ ਵਿਸ਼ੇਸ਼ ਐਲਾਨ ਤੇ ਫਰਮਾਨ ਪ੍ਰਸਾਰਤ ਹੋਣੇ ਸ਼ੁਰੂ ਹੋ ਗਏ। ਪੰਜਾਬ ਨੂੰ ‘ਗੜਬੜ ਵਾਲਾ ਇਲਾਕਾ’ ਤਾਂ ਪਹਿਲਾਂ ਹੀ ਕਰਾਰ ਦਿੱਤਾ ਜਾ ਚੁੱਕਾ ਸੀ। ਵਿਸ਼ੇਸ਼ ਫਰਮਾਨਾਂ ਰਾਹੀਂ ਇਸ ਦੇ ਪੇਚ ਹੋਰ ਕੱਸ ਦਿੱਤੇ ਗਏ। ਪੰਜਾਬ ਅੰਦਰ ਫ਼ੌਜੀ ਗੱਡੀਆਂ ਤੋਂ ਇਲਾਵਾ ਤੁਰੰਤ ਹਰ ਤਰ੍ਹਾਂ ਦੀ ਸਾਰੀ ਰੇਲ ਤੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਗਈ।
ਪੰਜਾਬ ਨੂੰ ਬਾਕੀ ਦੇਸ਼ ਨਾਲੋਂ, ਅੰਮ੍ਰਿਤਸਰ ਨੂੰ ਬਾਕੀ ਪੰਜਾਬ ਨਾਲੋਂ ਤੇ ਦਰਬਾਰ ਸਾਹਿਬ ਨੂੰ ਬਾਕੀ ਸ਼ਹਿਰ ਨਾਲੋਂ, ਪੂਰੀ ਤਰ੍ਹਾਂ ਨਿਖੇੜ ਕੇ ਸੀਲ ਕਰ ਦਿੱਤਾ ਗਿਆ। ਸਭਨਾਂ ਬਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਤੋਂ ਬਾਹਰ ਕੱਢ ਦਿੱਤਾ ਗਿਆ। ਪੰਜਾਬ ਉਤੇ ਦੋ ਮਹੀਨਿਆਂ ਲਈ ਕਰੜਾ ਸੈਂਸਰ ਲਾਗੂ ਕਰ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਸਾਰੇ ਪ੍ਰਮੁੱਖ ਅਖ਼ਬਾਰਾਂ ਨੇ ਕੁਝ ਦਿਨਾਂ ਲਈ ਆਪਣੀ ਪ੍ਰਕਾਸ਼ਨਾ ਠੱਪ ਕਰ ਦਿੱਤੀ।
1 ਜੂਨ ਨੂੰ ਸ਼ੁਰੂ ਹੋਈ ਗੋਲੀਬਾਰੀ ਅਗਲੇ ਦੋ ਦਿਨ ਰੁਕ ਰੁਕ ਕੇ ਚਲਦੀ ਰਹੀ ਤਾਂ ਕਿ ਜਵਾਬੀ ਗੋਲੀਬਾਰੀ ਰਾਹੀਂ ਪਤਾ ਲਾਇਆ ਜਾ ਸਕੇ ਕਿ ਕਿਹੜੀ ਕਿਹੜੀ ਥਾਂ ਤੋਂ ਮੁਕਾਬਲਾ ਕੀਤਾ ਜਾ ਰਿਹਾ ਹੈ। ਪਰ ਕੋਈ ਜਵਾਬੀ ਗੋਲੀਬਾਰੀ ਨਹੀਂ ਹੋਈ। ਇਸ ਵਿੱਚ 2 ਜੂਨ ਨੂੰ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਿਆ ਜਿਸਦਾ ਸਸਕਾਰ ਸਾਰੀਆਂ ਜਥੇਬੰਦੀਆਂ ਵੱਲੋਂ ਰਲ ਕੇ ਕੰਪਲੈਕਸ ਦੇ ਵਿੱਚ ਹੀ ਕੀਤਾ ਗਿਆ।
ਦਰਬਾਰ ਸਾਹਿਬ ਸਮੂਹ ਨੂੰ ਜਦੋਂ ਫ਼ੌਜ ਨੇ ਘੇਰੇ ਵਿਚ ਲੈ ਲਿਆ ਤਾਂ ਇਕ ਪੱਤਰਕਾਰ ਸੁਭਾਸ਼ ਕਿਰਪੇਕਰ ਜੋ 3 ਜੂਨ ਨੂੰ ਸੰਤ ਭਿੰਡਰਾਂਵਾਲਿਆਂ ਨੂੰ ਮਿਲਿਆ, ਉਸ ਨੇ ਪੁਛਿਆ ਕਿ ਕੀ ਉਹ ਮੌਤ ਤੋਂ ਡਰਦੇ ਹਨ। ਸੰਤ ਭਿੰਡਰਾਂਵਾਲਿਆਂ ਨੇ ਉੱਤਰ ਦਿੱਤਾ, ”ਮੌਤ ਤੋਂ ਡਰਨ ਵਾਲਾ ਸਿੱਖ ਨਹੀਂ ਹੋ ਸਕਦਾ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਉਨ੍ਹਾਂ ਕਤਲਾਂ ਲਈ ਜ਼ਿੰਮੇਵਾਰ ਨਹੀਂ ਸਨ ਜਿਨ੍ਹਾਂ ਕਾਰਨ ਫ਼ੌਜ ਦਰਬਾਰ ਸਾਹਿਬ ਦੇ ਬੂਹੇ ਆ ਖੜੀ ਹੋਈ ਸੀ। ਜਦੋਂ ਕਿਰਪੇਕਰ ਨੇ ਪੁਛਿਆ ਕਿ ਹਿੰਸਾ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ”ਉਨ੍ਹਾਂ ਨੂੰ ਪੁੱਛੋ ਜਿਨ੍ਹਾਂ ਉਤੇ ਇਸ ਦੀ ਜ਼ਿੰਮੇਵਾਰੀ ਆਉਂਦੀ ਹੈ।” ਉਸ ਨੇ ਫਿਰ ਪੁਛਿਆ, ”ਤੁਸੀਂ ਕੀ ਸਮਝਦੇ ਹੋ ਕਿ ਸਿੱਖ ਇਸ ਦੇਸ਼ ਵਿਚ ਨਹੀਂ ਰਹਿ ਸਕਦੇ?” ਸੰਤ ਜੀ ਨੇ ਉੱਤਰ ਦਿੱਤਾ, ”ਹਾਂ ਉਹ ਨਾ ਭਾਰਤ ਅੰਦਰ ਰਹਿ ਸਕਦੇ ਹਨ, ਨਾ ਭਾਰਤ ਦੇ ਨਾਲ। ਜੇ ਬਰਾਬਰ ਦੇ ਸਮਝ ਕੇ ਚਲਣ ਤਾਂ ਸੰਭਵ ਹੋ ਸਕਦਾ ਹੈ। ਪਰ ਸੱਚੀ ਗੱਲ ਆਖਾਂ ਤਾਂ ਅਜਿਹਾ ਹੋਣਾ ਸੰਭਵ ਲੱਗਦਾ ਨਹੀਂ।” ਸੰਤ ਭਿੰਡਰਾਂਵਾਲਿਆਂ ਵਲੋਂ ਕਿਸੇ ਪੱਤਰਕਾਰ ਨੂੰ ਦਿੱਤੀ ਇਹ ਅੰਤਮ ਭੇਂਟ ਵਾਰਤਾ ਸੀ।
ਮੌਕੇ ਦੇ ਗਵਾਹਾਂ ਨੇ ਭੇਤ ਖੋਲ੍ਹਿਆ ਹੈ ਕਿ ਸੰਤ ਭਿੰਡਰਾਂਵਾਲਿਆਂ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਜਦ ਤਕ ਫ਼ੌਜਾਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਨਹੀਂ ਹੁੰਦੀਆਂ, ਇਕ ਵੀ ਗੋਲੀ ਨਾ ਚਲਾਈ ਜਾਏ। ਉਨ੍ਹਾਂ ਦੇ ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਮੋਰਚੇ ਕਾਇਮ ਕਰ ਲਏ ਹੋਏ ਸਨ-ਕੇਵਲ ਬਚਾਅ ਵਜੋਂ ਹਮਲੇ ਲਈ ਨਹੀਂ। ਜਿਵੇਂ ਕਿ ਮੌਕੇ ਦੇ ਗਵਾਹਾਂ ਨੇ ਦਸਿਆ ਹੈ, ਸਿੰਘਾਂ ਨੇ ਗੋਲੀ ਕੇਵਲ ਉਦੋਂ ਚਲਾਈ ਜਦੋਂ ਫ਼ੌਜ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਗਈ।
ਫ਼ੌਜ ਜਦੋਂ ਦਰਬਾਰ ਸਾਹਿਬ ਅੰਦਰ ਦਾਖਲ ਹੋਈ ਤਾਂ ਮੇਜਰ ਜਨਰਲ ਸ਼ਬੇਗ ਸਿੰਘ ਦੀ ਕਮਾਨ ਨੇ ਮੁਕਾਬਲਾ ਕੀਤਾ ਅਤੇ ਬੜੀ ਸਖਤ ਲੜਾਈ ਸ਼ੁਰੂ ਹੋ ਗਈ। ਫ਼ੌਜਾਂ, ਜੋ ਕਿ ਪਹਿਲੀ ਜੂਨ ਤੋਂ ਰੁਕ ਰੁਕ ਕੇ ਗੋਲੀਬਾਰੀ ਕਰ ਰਹੀਆਂ ਸਨ ਨੇ 4 ਜੂਨ ਤੋਂ ਗੋਲੀਬਾਰੀ ਬੜੀ ਤੇਜ਼ ਕਰ ਦਿੱਤੀ ਤੇ ਇਹ ਬਿਨਾਂ ਰੁਕੇ ਚਲਦੀ ਰਹੀ। ਲਾਈਟ ਮਸ਼ੀਨ ਗੰਨਾਂ ਤੇ ਮੀਡੀਅਮ ਮਸ਼ੀਨ ਗੰਨਾਂ ਦੀ ਵਰਤੋਂ ਦੇ ਨਾਲ ਨਾਲ ਫ਼ੌਜੀ ਜਵਾਨਾਂ ਨੇ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਅੰਦਰ ਕਈ ਥਾਵਾਂ ਤੇ ਹੱਥਗੋਲੇ ਅਤੇ ਜ਼ਹਿਰੀਲੀ ਗੈਸ ਦੇ ਗੋਲੇ ਵੀ ਦਾਗੇ। ਫ਼ੌਜੀ ਜਰਨੈਲਾਂ ਦਾ ਅਨੁਮਾਨ ਸੀ ਕਿ ਸਾਰੀ ਕਾਰਵਾਈ ਕੁੱਝ ਘੰਟਿਆਂ ਤੋਂ ਵੱਧ ਨਹੀਂ ਚਲੇਗੀ ਪਰ ਸਿੱਖ ਨੌਜਵਾਨਾਂ ਵਲੋਂ ਦ੍ਰਿੜਤਾ ਨਾਲ ਕੀਤੇ ਗਏ ਮੁਕਾਬਲੇ ਸਦਕਾ, ਲੜਾਈ ਲਗਭਗ ਚਾਰ ਦਿਨ ਤਕ ਚਲਦੀ ਰਹੀ। ‘ਸੰਡੇ ਟਾਈਮਜ਼’ ਲੰਡਨ ਦੀ ਪੱਤਰਕਾਰ ਮੇਰੀ ਐਨੇ ਵੀਵਰ ਨੇ ਲਿਖਿਆ ਹੈ, ”ਫ਼ੌਜ ਨੂੰ ਯਕੀਨ ਸੀ ਕਿ ਉਹ ਦਰਬਾਰ ਸਾਹਿਬ ‘ਚੋਂ ਸਿੱਖ ਖਾੜਕੂਆਂ ਨੂੰ ਕੁਝ ਘੰਟਿਆਂ ਅੰਦਰ ਬਾਹਰ ਕੱਢ ਮਾਰੇਗੀ। ਪਰ ਇਸ ਨੂੰ ਚਾਰ ਦਿਨ ਲੱਗ ਗਏ। ਮੁਕਾਬਲਾ ਏਨਾ ਸਖਤ ਹੋਇਆ ਜਿੰਨਾ ਕਿ ਤੇਜ਼ ਮਿਜ਼ਾਜ ਸੰਤ ਭਿੰਡਰਾਂਵਾਲਿਆਂ ਨੇ ਪਹਿਲਾਂ ਕਹਿ ਦਿੱਤਾ ਸੀ-”ਜੇ ਫ਼ੌਜ ਅੰਦਰ ਆਈ ਤਾਂ ਅਸੀਂ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਇੰਦਰਾ ਦੀ ਗੱਦੀ ਹਿਲ ਜਾਵੇਗੀ…।” ਉਹ ਆਖਰੀ ਬੰਦੇ ਅਤੇ ਆਖਰੀ ਗੋਲੀ ਤਕ ਲੜਨ ਲਈ ਦ੍ਰਿੜ-ਸੰਕਲਪ ਸਨ। ਪਹਿਲੇ ਦੋ ਦਿਨਾਂ ਵਿਚ ਫ਼ੌਜ ਨੇ ਹਮਲੇ ਦੌਰਾਨ ਮਸ਼ੀਨ ਗੰਨਾਂ, ਮਾਰਟਰ ਅਤੇ ਰਾਕਟ ਵਰਤੋਂ ਵਿਚ ਲਿਆਂਦੇ ਪਰ ਸਖ਼ਤ ਨੁਕਸਾਨ ਉਠਾਉਣ ਮਗਰੋਂ ਵੀ ਕੋਈ ਸਫਲਤਾ ਪ੍ਰਾਪਤ ਨਾ ਕਰ ਸਕੀ। ਸੁਭਾਸ਼ ਕਿਰਪੇਕਰ ਜੋ ਆਪਣੇ ਹੋਟਲ ਦੇ ਕਮਰੇ ‘ਚ ਸਭ ਕੁੱਝ ਵੇਖ ਰਿਹਾ ਸੀ, ਉਸ ਨੇ ਲਿਖਿਆ, ”ਪਹਿਲੀ ਵਾਰੀ ਮੈਂ ਦੇਖ ਰਿਹਾ ਹਾਂ ਕਿ ਮੇਰੇ ਦੋਸਤ ਹੈਰਾਨ ਹੋ ਰਹੇ ਹਨ ਕਿ ਫ਼ੌਜ ਨੇ ਕੰਮ ਖਤਮ ਕਰਨ ਲਈ ਏਨਾ ਸਮਾਂ ਕਿਉਂ ਲਿਆ ਹੈ ਇਕ ਇਕੱਲੇ ਸੰਤ ਨੇ ਤਿੰਨ ਦਿਨਾਂ ਤੋਂ ਉਨ੍ਹਾਂ ਨੂੰ ਨੇੜੇ ਆਉਣੋਂ ਰੋਕਿਆ ਹੋਇਆ ਹੈ। ਦਰਬਾਰ ਸਾਹਿਬ ਦੇ ਚੌਗਿਰਦੇ ਦੀਆਂ ਕਈ ਮਾਰਕੀਟਾਂ ਅੱਗ ਦੀ ਲਪੇਟ ਵਿਚ ਆ ਚੁਕੀਆਂ ਹਨ। ਮੈਨੂੰ ਉਚੀਆਂ ਲਾਟਾਂ ਅਸਮਾਨ ਵਲ ਸ਼ੈਤਾਨੀ ਨਾਚ ਨਚਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਜੇ ਅੱਗ ਫੈਲਦੀ ਗਈ ਤਾਂ ਮੈਨੂੰ ਡਰ ਹੈ ਕਿ ਸਾਰੇ ਸ਼ਹਿਰ ਨੂੰ ਕਲਾਵੇ ਵਿਚ ਲੈ ਲਵੇਗੀ।”
ਆਪਣੀ ਕਿਸਮ ਦੀ ਇਹ ਪਹਿਲੀ ਕਾਰਵਾਈ ਸੀ ਜਿਸ ਵਿਚ ਫ਼ੌਜ ਦੀਆਂ ਸੱਤ ਡਵੀਜ਼ਨਾਂ ਤੈਨਾਤ ਕੀਤੀਆਂ ਗਈਆਂ ਸਨ ਅਤੇ ਫ਼ੌਜ ਦੇ ਤਿੰਨੇ ਭਾਗ-ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਨੂੰ ਇਕ ਘਰੇਲੂ ਸਮੱਸਿਆ ਦੇ ਹੱਲ ਲਈ ਝੋਕ ਦਿੱਤਾ ਗਿਆ ਸੀ। ਯੋਜਨਾ ਬਨਾਉਣ ਵਾਲੇ ਸ਼ਾਇਦ ਇਹ ਸੋਚਦੇ ਸਨ ਕਿ ਗੋਲੀ ਸਿੱਕੇ ਦਾ ਜ਼ਬਰਦਸਤ ਵਿਖਾਵਾ ਅਤੇ ਫ਼ੌਜ ਦੇ ਤਿੰਨਾਂ ਭਾਗਾਂ ਦੀ ਗਰਜ ਸਿੰਘਾਂ ਨੂੰ ਡਰਾ ਦੇਵੇਗੀ ਤੇ ਉਹ ਗੋਡੇ ਟੇਕ ਦੇਣਗੇ। ਪਰ ਉਹ ਭੁਲੇਖੇ ਵਿਚ ਸਨ, ਕਿਉਂਕਿ ਗੋਲੀਆਂ ਦੀ ਤੜ ਤੜ ਅਤੇ ਮਸ਼ੀਨਾਂ ਦੀ ਗੜ ਗੜ ਦਰਬਾਰ ਸਾਹਿਬ ਦੀ ਰਾਖੀ ਕਰਨ ਵਾਲਿਆਂ ਨੂੰ ਡੁਲਾ ਨਾ ਸਕੀ। ਇਕ ਬਰਤਾਨਵੀਂ ਪੱਤਰਕਾਰ ਮੇਰੀ ਐਨੇ ਵੀਵਰ ਨੇ ‘ਸੰਡੇ ਟਾਈਮਜ਼’ ਨੂੰ ਭੇਜੀ ਆਪਣੀ ਰੀਪੋਰਟ (7 ਜੂਨ, 1984) ਵਿਚ ਲਿਖਿਆ,” ਆਜ਼ਾਦੀ ਮਗਰੋਂ ਇਸ ਤੋਂ ਪਹਿਲਾਂ ਕਦੀ ਵੀ ਏਨੀ ਗਿਣਤੀ ਵਿਚ ਫ਼ੌਜ ਦੀ ਵਰਤੋਂ ਨਹੀਂ ਸੀ ਕੀਤੀ ਗਈ। ਲਗਭਗ 15000 ਜਵਾਨ ਸਿੱਧੇ ਹਮਲੇ ਵਿਚ ਸ਼ਾਮਲ ਹੋਏ ਤੇ 35000 ਅੰਦਰੂਨੀ ਬਗਾਵਤ ਨੂੰ ਕੁਚਲਣ ਲਈ ਤਿਆਰ ਖੜੇ ਸਨ। ਅੰਗਰੇਜ਼ੀ ਰਾਜ ਦੇ ਬੜੇ ਸਖਤੀ ਵਾਲੇ ਦਿਨਾਂ ਵਿਚ ਵੀ ਏਨੇ ਮਹੱਤਵਪੂਰਨ ਧਰਮ-ਅਸਥਾਨ ਤੇ ਹਮਲਾ ਕਰਨ ਲਈ ਫ਼ੌਜ ਦੀ ਵਰਤੋਂ ਨਹੀਂ ਸੀ ਕੀਤੀ ਗਈ।”
ਸਿੰਘਾਂ ਨੇ ਭਾਰਤੀ ਫ਼ੌਜ ਦਾ ਦੋ ਦਿਨ ਡੱਟ ਕੇ ਮੁਕਾਬਲਾ ਕੀਤਾ ਪਰ ਉਨ੍ਹਾਂ ਕੋਲ ਜੋ ਸੀਮਿਤ ਜਹੇ ਹਥਿਆਰ ਸਨ, ਉਨ੍ਹਾਂ ਨਾਲ ਟੈਂਕਾਂ ਦੇ ਹਮਲੇ ਦਾ ਮੁਕਾਬਲਾ ਕਰਨਾ ਸੰਭਵ ਨਹੀਂ ਸੀ। ਜਿਵੇਂ ਕਈ ਮੌਕੇ ਦੇ ਗਵਾਹਾਂ ਨੇ ਦਸਿਆ, ਦਰਬਾਰ ਸਾਹਿਬ ਦੀ ਫ਼ੌਜ ਤੋਂ ਰਾਖੀ ਕਰਨ ਵਾਲਿਆਂ ਦੀ ਗਿਣਤੀ 50 ਤੋਂ ਲੈ ਕੇ 100 ਤੱਕ ਸੀ। ਹਮਲੇ ਦੌਰਾਨ 13 ਟੈਂਕਾਂ ਦੀ ਵਰਤੋਂ ਕੀਤੀ ਇਨ੍ਹਾਂ ‘ਚੋਂ ਸੱਤ ਟੈਂਕ ਅਕਾਲ ਤਖ਼ਤ ਸਾਹਿਬ ਉਤੇ ਹਮਲਾ ਕਰਨ ਲਈ ਵਰਤੇ ਗਏ। ਉਨ੍ਹਾਂ ‘ਚੋਂ ਇਕ ਨੂੰ 16 ਸਾਲ ਦੇ ਇਕ ਭੁਝੰਗੀ ਨੇ, ਆਪਣੇ ਜਿਸਮ ਦੁਆਲੇ ਬਾਰੂਦ ਬੰਨ੍ਹ ਕੇ ਅਤੇ ਚਲਦੇ ਟੈਂਕ ਵਿਚ ਛਾਲ ਮਾਰ ਕੇ, ਤਬਾਹ ਕਰ ਦਿੱਤਾ। ਪੁੱਜੇ ਨੁਕਸਾਨ ਸਦਕਾ, ਟੈਂਕ ਬਾਬਾ ਦੀਪ ਸਿੰਘ ਦੀ ਸਮਾਧੀ ਸਾਹਮਣੇ ਪਰਕਰਮਾ ਵਿਚ ਜਾਮ ਹੋ ਕੇ ਰਹਿ ਗਿਆ। ਮਗਰੋਂ ਫ਼ੌਜ ਨੇ ਬੜੀ ਮੁਸ਼ਕਲ ਨਾਲ ਉਥੋਂ ਹਟਾਇਆ। ਬ੍ਰਹਮ ਚੇਲਾਨੀ ਨੇ ਲਿਖਿਆ , ”6 ਜੂਨ ਨੂੰ ਰਾਤ ਨੌਂ ਵਜੇ ਦੇ ਕਰੀਬ, 7 ਲੱਖ ਦੀ ਵਸੋਂ ਵਾਲਾ ਸਾਰਾ ਸ਼ਹਿਰ ਬਿਜਲੀ ਬੰਦ ਹੋਣ ਨਾਲ ਹਨੇਰੇ ਵਿਚ ਡੁੱਬ ਗਿਆ। ਅੱਧੇ ਘੰਟੇ ਮਗਰੋਂ, ਅੰਮ੍ਰਿਤਸਰ ਸ਼ਹਿਰ ਜ਼ੋਰਦਾਰ ਧਮਾਕਿਆਂ, ਮਾਰਟਰ ਫਟਣ ਅਤੇ ਮਸ਼ੀਨ-ਗੰਨ ਦੀ ਉਗਲਦੀ ਅੱਗ ਨਾਲ ਕੰਬ ਉਠਿਆ। ਵੱਡੀ ਜੰਗ ਸ਼ੁਰੂ ਹੋ ਗਈ ਸੀ। ਅੱਧਾ ਸ਼ਹਿਰ ਕੋਠਿਆਂ ਤੇ ਚੜ੍ਹ ਕੇ ਜੰਗ ਵੇਖਣ ਲੱਗਾ। ਜਦੋਂ ਭਿਆਨਕ ਲੜਾਈ ਜਾਰੀ ਸੀ ਤਾਂ ਸਰਕਾਰੀ ਕਬਜ਼ੇ ਹੇਠਲੇ ਰੇਡੀਓ ਤੋਂ ਐਲਾਨ ਕੀਤਾ ਜਾ ਰਿਹਾ ਸੀ ਕਿ ਸ਼ਹਿਰ ਵਿਚ ਮੁਕੰਮਲ ‘ਸ਼ਾਂਤੀ’ ਸੀ। ਰਾਤ ਸਾਢੇ ਦੱਸ ਵਜੇ ਤੋਂ ਅੱਧੀ ਰਾਤ ਤਕ, ਅਸੀਂ ਸ਼ਹਿਰ ਦੇ ਚੁਫੇਰਿਉਂ ਨਾਹਰਿਆਂ ਦੀਆਂ ਆਵਾਜ਼ਾਂ ਸੁਣੀਆਂ। ਕਈ ਪਾਸਿਆਂ ਤੋਂ ਪਿੰਡਾਂ ਦੇ ਵਸਨੀਕ ਦਰਬਾਰ ਸਾਹਿਬ ਵਲ ਵਧਣ ਦਾ ਯਤਨ ਕਰ ਰਹੇ ਸਨ। ਨਾਹਰੇ ਲੱਗ ਰਹੇ ਸਨ, ‘ਪੰਥ ਕੀ ਜੀਤ’ ਅਤੇ ‘ਸਾਡਾ ਨੇਤਾ-ਭਿੰਡਰਾਂਵਾਲਾ’। ਹਰ ਵਾਰ ਜਦੋਂ ਨਾਹਰੇ ਲਗਦੇ ਤਾਂ ਤੁਰੰਤ ਮਗਰੋਂ ਤੇਜ਼ੀ ਨਾਲ ਮਸ਼ੀਨਗੰਨ ਦੀ ਗੋਲੀਬਾਰੀ ਦੀ ਆਵਾਜ਼ ਆਉਂਦੀ ਤੇ ਫਿਰ ਚੀਕਾਂ ਸੁਣਾਈ ਦੇਂਦੀਆਂ।”
ਗੈਸ ਦੇ ਬੰਬ ਅਤੇ ਸਟੱਨ ਬੰਬ (ਵਿਰੋਧੀ ਨੂੰ ਹੈਰਾਨ ਪ੍ਰੇਸ਼ਾਨ ਕਰਨ ਲਈ) ਫਰਸਟ ਪੈਰਾ ਕਮਾਂਡੋਜ਼ ਅਤੇ ਟੈੱਨ ਗਾਰਡਜ਼ ਦੀ ਸਹਾਇਤਾ ਲਈ ਅਕਾਲ ਤਖ਼ਤ ਉਤੇ ਉਸ ਸਮੇਂ ਦਾਗੇ ਗਏ ਜਦੋਂ ਇਹ ਅਕਾਲ ਤਖ਼ਤ ਉਤੇ ਹਮਲਾ ਕਰਨ ਲਈ ਅੱਗੇ ਵਧੇ। ਪਰ ਤੇਜ਼ ਹਵਾ ਅਤੇ ਕਮਰਿਆਂ ਦੀ ਸਖਤ ਮੋਰਚਾਬੰਦੀ ਕਾਰਨ ਗੋਲੇ ਆਪਣਾ ਅਸਰ ਨਾ ਵਿਖਾ ਸਕੇ। ਕਮਾਂਡੋ ਹੋਰ ਜ਼ਿਆਦਾ, ਹੋਰ ਜ਼ਿਆਦਾ ਸਹਾਇਤਾ ਦੀ ਮੰਗ ਕਰਦੇ ਰਹੇ ਜੋ ਉਨ੍ਹਾਂ ਨੂੰ ਪਹੁੰਚਾਈ ਜਾਂਦੀ ਰਹੀ। ਇਸ ਸਭ ਕਾਸੇ ਦੇ ਬਾਵਜੂਦ, ਕਮਾਂਡੋਆਂ ਦਾ ਭਾਰੀ ਨੁਕਸਾਨ ਹੋਇਆ। ਦਰਬਾਰ ਸਾਹਿਬ ਉੱਪਰ ਫ਼ੌਜੀ ਹਮਲੇ ਦੀ ਖਬਰ ਪੰਜਾਬ ਵਿਚ ਪੁੱਜੀ ਤਾਂ ਬੜਾ ਖਿਚਾਅ ਪੈਦਾ ਹੋ ਗਿਆ ਅਤੇ ਪੇਂਡੂ ਖੇਤਰਾਂ ਵਿਚ ਲੋਕ ਉਠ ਖੜੇ ਹੋਏ। ਫ਼ੌਜੀ ਹੈਲੀਕਾਪਟਰਾਂ ਨੇ ਕਈ ਥਾਵਾਂ ਤੇ ਲੋਕਾਂ ਨੂੰ ਇਕੱਤਰ ਹੋ ਕੇ ਦਰਬਾਰ ਸਾਹਿਬ ਵਲ ਕੂਚ ਕਰਦਿਆਂ ਵੇਖ ਲਿਆ। ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੀ ਦੂਰੀ ਤੇ, ਇਕ ਪਿੰਡ ਗੋਹਲਵਾੜ ਵਿਚ ਲਗਭਗ 30,000 ਸਿੱਖ ਇਕੱਠੇ ਹੋ ਗਏ ਤਾਂ ਕਿ ਦਰਬਾਰ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਅੰਮ੍ਰਿਤਸਰ ਵਲ ਚਾਲੇ ਪਾਏ ਜਾਣ। ਅੰਮ੍ਰਿਤਸਰ ਜ਼ਿਲ੍ਹੇ ਵਿਚ ਹੀ ਰਾਜਾਸਾਂਸੀ ਤੇ ਹੇਅਰ-ਪਿੰਡਾਂ ਵਿਚ ਹਜ਼ਾਰਾਂ ਵਿਅਕਤੀ ਇਕੱਤਰ ਹੋ ਕੇ ਅੰਮ੍ਰਿਤਸਰ ਵਲ ਕੂਚ ਕਰਦੇ ਵੇਖੇ ਗਏ।
ਬਟਾਲਾ ਅਤੇ ਗੁਰਦਾਸਪੁਰ ਤੋਂ ਵੀ ਗੁੱਸੇ ਨਾਲ ਭਰੇ ਪੀਤੇ ਸਿੱਖਾਂ ਦੀਆਂ ਵਹੀਰਾਂ ਵਲੋਂ ਅੰਮ੍ਰਿਤਸਰ ਵਲ ਚਾਲੇ ਪਾਉਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ। ਦਰਬਾਰ ਸਾਹਿਬ ਵਲ ਕੂਚ ਕਰ ਰਹੇ ਸ਼ਾਂਤਮਈ ਸਿੱਖਾਂ ਦੀਆਂ ਵਹੀਰਾਂ ਉਤੇ ਅਸਮਾਨ ਤੋਂ ਬੰਬ ਸੁੱਟੇ ਗਏ ਅਤੇ ਮਸ਼ੀਨਗੰਨ ਨਾਲ ਅੰਨ੍ਹੀ ਫਾਇਰਿੰਗ ਕੀਤੀ ਗਈ ਜਿਸ ਨਾਲ ਹਜ਼ਾਰਾਂ ਨਿਹੱਥੇ ਲੋਕ ਮਾਰੇ ਗਏ।
ਕਰਫ਼ੀਊ ਜੋ ਕਿ ਸ਼ੁਰੂ ਵਿਚ 36 ਘੰਟਿਆਂ ਲਈ ਲਾਇਆ ਗਿਆ ਸੀ, ਹੋਰ 30 ਘੰਟਿਆਂ ਲਈ ਵਧਾ ਦਿੱਤਾ ਗਿਆ। 5-6 ਜੂਨ ਦੀ ਰਾਤ ਨੂੰ, ਲੜਾਈ ਹੋਰ ਵੀ ਭਿਆਨਕ ਰੂਪ ਧਾਰ ਗਈ। ਜਨਰਲ ਕੇ ਐਸ ਬਰਾੜ ਅਨੁਸਾਰ, 6 ਜੂਨ ਨੂੰ ਸਵੇਰੇ ਸਾਢੇ ਚਾਰ ਵਜੇ, ਤੀਹ ਫ਼ੌਜੀ ਅਕਾਲ ਤਖ਼ਤ ਅੰਦਰ ਦਾਖਲ ਹੋਣ ਵਿਚ ਸਫਲ ਹੋ ਗਏ। ”ਲੜਾਈ ਹੋਰ ਦੋ ਘੰਟੇ ਚਲੀ ਅਤੇ ਜੁਝਾਰੂ ਸਿੰਘ ਆਖਰੀ ਬੰਦਾ ਜੀਵਤ ਰਹਿਣ ਤਕ ਲੜਦੇ ਰਹੇ।” ਲਗਾਤਾਰ ਧਮਾਕਿਆਂ ਕਾਰਨ, ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੋ ਗਈ ਤੇ ਮਲਬੇ ਦਾ ਰੂਪ ਧਾਰ ਗਈ। ਸੰਤ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀ, ਦਰਬਾਰ ਸਾਹਿਬ ਦੀ ਰਾਖੀ ਕਰਦੇ ਹੋਏ ਪ੍ਰਾਣ ਨਿਛਾਵਰ ਕਰ ਗਏ ਅਤੇ ਜਿਵੇਂ ਕਿ ਮਗਰੋਂ ਕੌਮ ਨੇ ਵੀ ਪੁਸ਼ਟੀ ਕੀਤੀ, ਉਹ ਸਿੱਖ ਰਵਾਇਤਾਂ ਅਨੁਸਾਰ ਸ਼ਹੀਦੀ ਪ੍ਰਾਪਤ ਕਰ ਗਏ।
ਸਿੱਖਾਂ ਦੀਆਂ ਬਹਾਦਰੀ ਵਾਲੀਆਂ ਰਵਾਇਤਾਂ ਸ਼ਹੀਦੀ ਪ੍ਰਾਪਤ ਕਰਨ ਨੂੰ ਅਤੇ ਔਖੇ ਹਾਲਾਤ ਵਿਚ ਮੁਕਾਬਲਾ ਕਰਨ ਨੂੰ ਬੜਾ ਉੱਚਾ ਰੁਤਬਾ ਦੇਂਦੀਆਂ ਹਨ। ”ਉਨ੍ਹਾਂ ਬਾਰੇ ਕੋਈ ਕੁੱਝ ਵੀ ਆਖੇ, ਜਿਸ ਤਰ੍ਹਾਂ ਉਹ ਆਖਰੀ ਸਾਹਾਂ ਤੱਕ ਲੜੇ, ਉਸ ਨਾਲ ਸਿੱਖਾਂ ਦੀਆਂ ਨਜ਼ਰਾਂ ਵਿਚ ਨਾ ਕੇਵਲ ਉਹ ਆਪ ਹੀ ਸ਼ਹੀਦ ਦਾ ਰੁਤਬਾ ਪ੍ਰਾਪਤ ਕਰ ਗਏ ਸਗੋਂ ਅਜੋਕੇ ਯੁਗ ਵਿਚ ਸ਼ਹੀਦੀ ਦੇ ਸੰਕਲਪ ਦੀ ਸਾਰਥਕਤਾ ਵੀ ਸਿਧ ਕਰ ਗਏ।”
‘ਸੰਤ ਭਿੰਡਰਾਂਵਾਲਿਆਂ ਦਾ ਅੰਤਮ ਸਸਕਾਰ 7 ਜੂਨ ਦੀ ਸ਼ਾਮ ਨੂੰ ਕੀਤਾ ਗਿਆ। ਦਰਬਾਰ ਸਾਹਿਬ ਦੇ ਨੇੜੇ 10 ਹਜ਼ਾਰ ਲੋਕਾਂ ਦੀ ਭੀੜ ਇਕੱਤਰ ਹੋ ਗਈ ਸੀ ਪਰ ਫ਼ੌਜ ਨੇ ਉਸ ਨੂੰ ਅੱਗੇ ਵਧਣੋਂ ਰੋਕ ਦਿੱਤਾ। ਚਿਤਾ ਨੂੰ ਅੱਗ ਲਗਾਏ ਜਾਣ ਸਮੇਂ, ਮੌਕੇ ਤੇ ਤੈਨਾਤ ਕਈ ਪੁਲਸੀਆਂ ਨੂੰ ਅਥਰੂਆਂ ਨਾਲ ਸੰਤ ਜੀ ਨੂੰ ਅੰਤਮ ਵਿਦਾਇਗੀ ਦੇਂਦਿਆਂ ਵੇਖਿਆ ਗਿਆ। ਦੂਜੇ ਪਾਸੇ ਹਿੰਦੂ ਹਸਦੇ ਤੇ ਫ਼ੌਜੀ ਜਵਾਨਾਂ ਨੂੰ ਮਠਿਆਈ ਵੰਡਦੇ ਵੇਖੇ ਗਏ। ਉਨ੍ਹਾਂ ਲਈ ਕਰਫੀਊ ਦਾ ਹੁਕਮ ਢਿੱਲਾ ਕਰ ਦਿੱਤਾ ਗਿਆ ਲਗਦਾ ਸੀ।
ਫ਼ੌਜ ਨੇ ਦਾਅਵਾ ਕੀਤਾ ਕਿ ਉਸ ਨੇ ਬੜੇ ਜ਼ਬਤ ਤੋਂ ਕੰਮ ਲਿਆ ਸੀ। ਪਰ ਅਕਾਲ ਤਖ਼ਤ ਨੂੰ ਪੁੱਜਾ ਨੁਕਸਾਨ ਗਵਾਹੀ ਦੇਂਦਾ ਸੀ ਕਿ ਜ਼ਬਤ ਨੂੰ ਕਿੱਲੀ ਤੇ ਟੰਗ ਦਿੱਤਾ ਗਿਆ ਸੀ। ਟੈਂਕਾਂ ਦੇ ਹਮਲੇ ਦਾ ਇਮਾਰਤਾਂ ਉਤੇ ਭਿਆਨਕ ਅਸਰ ਹੋਇਆ ਸੀ। ਪਵਿੱਤਰ ਤਖ਼ਤ ਦਾ ਸਾਰਾ ਅਗਲਾ ਹਿੱਸਾ ਤਬਾਹ ਹੋ ਗਿਆ ਸੀ ਤੇ ਇਕ ਵੀ ਕੌਲਾ ਨਹੀਂ ਸੀ ਬਚਿਆ। ਸੁਨਹਿਰੀ ਗੁੰਬਦ ਵੀ ਬਾਰੂਦ ਦੀ ਮਾਰ ਹੇਠ ਆ ਕੇ ਤਬਾਹ ਹੋ ਗਿਆ ਸੀ। ਸਿੱਖਾਂ ਦਾ ਅਕਾਲ ਤਖਤ ਸਾਹਿਬ ਟੁਕੜੇ ਟੁਕੜੇ ਹੋਇਆ ਪਿਆ ਸੀ। ਟੈਲੀਗਰਾਫ, ਲੰਡਨ ਦਾ ਪੱਤਰਕਾਰ ਡੇਵਿਡ ਗਰੇਵਜ਼ ਪਹਿਲਾ ਪੱਤਰਕਾਰ ਸੀ ਜਿਸ ਨੂੰ ਹਮਲੇ ਮਗਰੋਂ ਦਰਬਾਰ ਸਾਹਿਬ ਜਾਣ ਦੀ ਆਗਿਆ ਦਿੱਤੀ ਗਈ ਸੀ। ਉਸ ਨੇ ਲਿਖਿਆ, ”ਅਕਾਲ ਤਖਤ ਸਾਹਿਬ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਸ ਤੇ ਬੰਬ ਸੁੱਟੇ ਗਏ ਹੋਣ। ਇਸ ਨੂੰ ਵੇਖ ਕੇ ਲੱਗਦਾ ਹੈ ਜਿਵੇਂ ਬਰਲਿਨ ਵਿਚ ਹੁਣੇ ਸੰਸਾਰ ਯੁੱਧ ਹੋਇਆ ਹੋਵੇ। ਸਮੂਹ ਦੀ ਹਰ ਇਮਾਰਤ ਗੋਲੀਆਂ ਨਾਲ ਵਿੰਨ੍ਹੀ ਹੋਈ ਸੀ ਤੇ ਹਵਾ ਵਿਚ ਅਜੇ ਵੀ ਮੌਤ ਦੀ ਮੁਸ਼ਕ ਆ ਰਹੀ ਸੀ।” ਹਰਿਮੰਦਰ ਉਤੇ ਵੀ 300 ਤੋਂ ਵੱਧ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਸਨ। ਕਈ ਗੋਲੀਆਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਨੂੰ ਜ਼ਖਮੀ ਕਰ ਗਈਆਂ ਸਨ। ”ਸੂਰੀਆ” ਮੈਗਜ਼ੀਨ ਨਾਲ ਇਕ ਮੁਲਾਕਾਤ ਦੌਰਾਨ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪੂਰਨ ਸਿੰਘ ਨੇ ਦਸਿਆ ਕਿ 23 ਜੂਨ ਨੂੰ ਜਦੋਂ ਇੰਦਰਾ ਗਾਂਧੀ ਦਰਬਾਰ ਸਾਹਿਬ ਗਈ ਤਾਂ ਉਸ ਨੂੰ ਹਰਿਮੰਦਰ ਸਾਹਿਬ ਉੱਪਰ ਗੋਲੀਆਂ ਦੇ ਨਿਸ਼ਾਨ ਵਿਖਾਏ ਗਏ ਸਨ। ਗਿਆਨੀ ਪੂਰਨ ਸਿੰਘ ਨੇ ਇੰਦਰਾ ਗਾਂਧੀ ਨੂੰ ਇਹ ਵੀ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਦੀਆਂ 700 ਬੀੜਾਂ ਸਾੜ ਦਿੱਤੀਆਂ ਗਈਆਂ ਸਨ। ਮਾਰੇ ਗਏ ਲੋਕਾਂ ਬਾਰੇ ਘੱਟ ਤੋਂ ਘੱਟ ਅੰਦਾਜ਼ਾ ਤਿੰਨ ਹਜ਼ਾਰ ਦਾ ਹੈ। ਪਰ ਹੋਰ ਅੰਦਾਜ਼ਿਆਂ ਅਨੁਸਾਰ, ਇਹ ਗਿਣਤੀ 8000 ਸੀ ਤੇ ਸ਼ਾਇਦ ਇਸ ਤੋਂ ਵੀ ਵੱਧ। ਮਰਨ ਵਾਲਿਆਂ ਵਿਚ ਨਾ ਕੇਵਲ ਉਹ ਨੌਜਵਾਨ ਹੀ ਸਨ ਜਿਨ੍ਹਾਂ ਨੇ ਫ਼ੌਜ ਦਾ ਡੱਟ ਕੇ ਟਾਕਰਾ ਕੀਤਾ ਸਗੋਂ ਇਨ੍ਹਾਂ ਵਿਚ ਬਜ਼ੁਰਗ, ਬੱਚੇ, ਤੀਵੀਆਂ, ਨਵੇਂ ਵਿਆਹੇ ਜੋੜੇ ਅਤੇ ਬਾਹਾਂ ਵਿਚ ਨਵੇਂ ਜੰਮੇ ਬਾਲ ਚੁੱਕੀ ਜਵਾਨ ਇਸਤਰੀਆਂ ਵੀ ਸ਼ਾਮਲ ਸਨ। ਇਹ ਹੋਲਨਾਕ ਕਤਲੇਆਮ ਕਿਸੇ ਦੋਸ਼ੀ ਤੇ ਨਿਰਦੋਸ਼, ਜਵਾਨ ਅਤੇ ਬਜ਼ੁਰਗ ਦਾ ਫ਼ਰਕ ਰੱਖੇ ਬਗੈਰ ਕੀਤਾ ਗਿਆ ਸੀ।
ਬਹੁਤ ਸਾਰੇ ਸਿੱਖਾਂ ਦੇ ਹੱਥ ਉਨ੍ਹਾਂ ਦੀਆਂ ਪੱਗਾਂ ਨਾਲ ਪਿਛਲੇ ਪਾਸੇ ਬੰਨ੍ਹਣ ਉਪਰੰਤ ਉਨ੍ਹਾਂ ਨੂੰ ਨੇੜਿਉਂ ਗੋਲੀ ਮਾਰ ਦਿੱਤੀ ਗਈ ਸੀ। ਸੰਡੇ ਟਾਈਮਜ਼ ਦੀ ਪੱਤਰਕਾਰ ਮੇਰੀ ਐਨੇ ਵੀਵਰ ਨੇ ਲਿਖਿਆ, ”ਫ਼ੌਜ ਅਜਿਹੇ ਹੁਕਮਾਂ ਅਧੀਨ ਕੰਮ ਕਰ ਰਹੀ ਲਗਦੀ ਸੀ ਕਿ ”ਕੈਦੀ ਕਿਸੇ ਨੂੰ ਨਾ ਬਣਾਓ” ਅਤੇ ਕਿਸੇ ਵੀ ਖਾੜਕੂ ਨੂੰ ਜ਼ਿੰਦਾ ਨਹੀਂ ਸੀ ਰਹਿਣ ਦੇਣਾ ਚਾਹੁੰਦੀ।” ਇਹ ਕਤਲੇਆਮ, ਆਜ਼ਾਦ ਭਾਰਤ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਸਾਕਾ ਮੰਨਿਆ ਜਾਵੇਗਾ।

ਭੁੱਲ ਚੁੱਕ ਲਈ ਮੁਆਫੀ

ਬਲਵਿੰਦਰ ਸਿੰਘ ਮੁਲਤਾਨੀ

Leave a Reply

Your email address will not be published. Required fields are marked *