History

ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ

ਜੇ ਕਰ ਆਪਾ ਥੋੜਾ ਗਹੁ ਨਾਲ ਵਾਚਦੇ ਹਾਂ ਤਾਂ ਸਮਝ ਲੱਗਦੀ ਹੈ ਕਿ ਗੁਰੂ ਸਾਹਿਬ ਨੇ ਜਿਸ ਖਾਲਸੇ ਨੂੰ ਪ੍ਰਮਾਤਮਾ ਦੀ ਮੌਜ ਅਨੁਸਾਰ ੩੦ ਮਾਰਚ ੧੬੯੯ ਦੀ ਵਿਸਾਖੀ ਨੂੰ ਪ੍ਰਗਟ ਕੀਤਾ ਹੈ ਉਹ ਅਸਲ ਵਿੱਚ ਮੌਜੂਦ ਤਾਂ ਪਹਿਲਾ ਹੀ ਸੀ। ਗੁਰੂ ਦਸਮ ਪਾਤਸ਼ਾਹ ਨੇ ਤਾਂ ਸਿਰਫ ਇਸ ਨੂੰ ਤੇਗ ਦੀ ਧਾਰ ਤੇ ਪਰਖ ਕੇ ਪ੍ਰਗਟ ਹੀ ਕੀਤਾ ਹੈ। ਇਸਦੀ ਹੋਂਦ ਬਾਰੇ ਕਬੀਰ ਸਾਹਿਬ ਨੇ ਅਪਣੀ ਬਾਣੀ ਅੰਦਰ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਸ ਤਰ੍ਹਾਂ ਪ੍ਰਭਾਸ਼ਿਤ ਕੀਤਾ ਹੈ “ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ।। ( ਪੰਨਾ- ੬੫੪) ਖਾਲਸਾ ਲਫ਼ਜ਼ ਦੇ ਅਰਥ ਭਾਈ ਕਾਹਨ ਸਿੰਘ ਜੀ ਨਾਭਾ ਨੇ ਜਿੱਥੇ ਬਿਨਾ ਮਿਲਾਵਟ/ ਨਿਰੋਲ ਕੀਤੇ ਹਨ ਉੱਥੇ ਉਨ੍ਹਾਂ ਇਸ ਦੇ ਅਰਥ “ਉਹ ਜ਼ਮੀਨ ਜਾਂ ਮੁਲਕ, ਜੋ ਬਾਦਸ਼ਾਹ ਦਾ ਹੈ, ਭਾਵ ਖੁਦਮੁਖਤਿਆਰ।” ਜਾਂ ਕਹਿ ਲਉ ਜੋ ਬਾਦਸ਼ਾਹ ਦੀ ਨਿੱਜੀ ਜਾਇਦਾਦ ਹੈ ਜਿਸ ਤੇ ਕੋਈ ਲਗਾਨ ਜਾਂ ਕਰ ਆਦਿ ਨਹੀਂ ਲੱਗਦਾ। ਭਾਵ ਖਾਲਸੇ ਅਤੇ ਪ੍ਰਮਾਤਮਾ ਦੇ ਵਿੱਚ ਗੁਰੂ ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ ਰਹਿਣ ਦਿੰਦੇ। ਤੀਜਾ ਅਰਥ ਉਨ੍ਹਾਂ ਨੇ ਖਾਲਸਾ ਪੰਥ ਵੀ ਕੀਤਾ ਹੈ ਭਾਵ ਉਹ ਪੰਥ (ਰਸਤਾ) ਜਿਸ ਉੱਪਰ ਖਾਲਸੇ ਨੇ ਚੱਲਣਾ ਹੈ। ਗੁਰੂ ਨਾਨਕ ਪੰਥੀ “ਜਾਗਤ ਜੋਤਿ ਜਪੈ ਨਿਸ ਬਾਸਰ। ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ। ਬ੍ਰਤ ਗੋਰ ਮੜੀ ਮੱਟ ਭੂਲ ਨ ਮਾਨੈ। ਤੀਰਥ ਦਾਨ ਦਯਾ ਤਪ ਸੰਜਮ। ਏਕ ਬਿਨਾ ਨਹਿ ਨੈਕ ਪਛਾਨੈ। ਪੂਰਨ ਜੋਤਿ ਜਗੈ ਘਟ ਮੈ। ਤਬ ਖਾਲਸਾ ਤਾਹਿ ਨਖਾਲਸ ਜਾਨੈ।
ਸੋ ਜਿਸ ਖਾਲਸੇ ਦੀ ਪਰਿਭਾਸ਼ਾ ਕਬੀਰ ਸਾਹਿਬ ਨੇ ਦੱਸੀ ਹੈ ਐਸਾ ਖਾਲਸਾ ਹੀ ਤੇਗ ਦੀ ਧਾਰ ਤੇ ਨੱਚ ਸਕਦਾ ਹੈ ਜਿਸ ਨੂੰ ਗੁਰੂ ਦਸਮ ਪਾਤਸ਼ਾਹ ਨੇ ਪ੍ਰਗਟ ਕੀਤਾ ਹੈ।
ਜਦ ਗਰੀਬ ਜਨਤਾ ਨੂੰ ਪੈਰਾ ਥੱਲੇ ਲਿਤਾੜਿਆ ਜਾ ਰਿਹਾ ਸੀ ਉਸ ਸਮੇਂ ਗੁਰੂ ਨਾਨਕ ਸਾਹਿਬ ਨੇ ਗਰੀਬ ਜਨਤਾ ਪ੍ਰਤੀ ਆਵਾਜ਼ ਹੀ ਬੁਲੰਦ ਨਹੀ ਕੀਤੀ ਬਲਕਿ ਉਨ੍ਹਾਂ ਨੂੰ ਉੱਪਰ ਵੀ ਚੱਕਿਆਂ। ਜਿਸ ਲਈ ਉਨ੍ਹਾਂ ਨੂੰ ਤਿੰਨ ਪੱਖਾਂ ਤੇ ਕੰਮ ਕਰਨਾ ਪਿਆ। ਸਮੇਂ ਦੀ ਸਰਕਾਰ ਅਤੇ ਧਰਮ ਦੇ ਠੇਕੇਦਾਰਾਂ ਦੁਆਰਾ ਕੀਤੇ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਉਠਾਉਣੀ ਅਤੇ ਦੱਬੀ ਕੁਚਲੀ ਜਨਤਾ ਨੂੰ ਖੜਾ ਕਰਨਾ।ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਬਾਬਰ ਨੂੰ ਜਾਬਰ ਕਿਹਾ ਉੱਥੇ ਧਾਰਮਿਕ ਅਸਥਾਨਾਂ ਉੱਪਰ ਜਾ ਜਾ ਕੇ ਕਰਮ ਕਾਂਡਾਂ ਦਾ ਖੰਡਨ ਵੀ ਕੀਤਾ। ਇਸੇ ਸੋਚ ਨੂੰ ਬਾਕੀ ਗੁਰੂ ਸਾਹਿਬਾਨ ਨੇ ਅੱਗੇ ਵਧਾਇਆ ਅਤੇ ਪੂਰੀ ਦ੍ਰਿੜ੍ਹਤਾ ਨਾਲ ਕੰਮ ਕੀਤਾ ਜਿਸ ਲਈ ਗੁਰੂ ਅਰਜਨ ਦੇਵ ਜੀ ਨੇ ਅਪਣੀ ਜਾਨ ਦੀ ਕੁਰਬਾਨੀ ਦੇ ਕੇ ਸਾਬਤ ਕਰ ਦਿੱਤਾ ਕਿ ਨਿਮਰਤਾ ਕਿਸ ਹੱਦ ਤੱਕ ਵੀ ਦਿਖਾਉਣੀ ਕਿਉਂ ਨ ਪਏ ਜ਼ੁਲਮ ਅੱਗੇ ਨਹੀਂ ਝੁਕਣਾ।ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਪਿੱਛੇ ਵੀ ਸਮੇਂ ਦੀ ਸਰਕਾਰ ਅਤੇ ਧਰਮ ਦੇ ਠੇਕੇਦਾਰਾਂ ਦਾ ਹੀ ਹੱਥ ਸੀ। ਜਦ ਫਿਰ ਵੀ ਜਾਲਮ ਨਹੀਂ ਟੱਲਿਆਂ ਤਾਂ ਛੇਵੇਂ ਪਾਤਸ਼ਾਹ ਨੇ ਸ਼ਸ਼ਤਰ ਚੁੱਕ ਲਏ ਅਤੇ ਸਿੱਖਾਂ ਨੂੰ ਸ਼ਸ਼ਤਰ ਵਿੱਦਿਆ ਦੇ ਪੂਰੇ ਮਾਹਿਰ ਬਣਾ ਦਿੱਤਾ। ਇਨ੍ਹਾਂ ਸਿੱਖਾਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਨੇ ਚਾਰ ਜੰਗਾਂ ਲੜੀਆਂ ਅਤੇ ਚਾਰੇ ਹੀ ਜਿੱਤੀਆਂ। ਅਸਲ ਵਿੱਚ ਗੁਰੂ ਸਾਹਿਬ ਸਿੱਖਾਂ ਨੂੰ ਹਰ ਪੱਖ ਤੋਂ ਪਰਪੱਕ ਕਰਨਾ ਚਾਹੁੰਦੇ ਸਨ। ਨੌਂਵੇਂ ਪਾਤਸ਼ਾਹ ਨੇ ਤਾਂ ਕਮਾਲ ਹੀ ਕਰ ਦਿਖਾਈ। ਜਿਸ ਜਨੇਊ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਜਬਰੀ ਪਹਿਨਣ ਨਹੀਂ ਦਿੱਤਾ ਉਹੀ ਜਨੇਊ ਜਦ ਮੁਗਲ ਸਰਕਾਰ ਜਬਰੀ ਉਤਾਰਨ ਲੱਗੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਖ਼ੁਦ ਚੱਲ ਕੇ ਦਿੱਲੀ ਅਪਣਾ ਬਲਿਦਾਨ ਦਿੱਤਾ। ਅਸਲ ਵਿੱਚ ਗੁਰੂ ਸਾਹਿਬ ਸਿੱਖਾਂ ਨੂੰ ਇਹ ਪਾਠ ਵੀ ਪੜਾਉਣਾ ਚਾਹੁੰਦੇ ਸਨ ਕਿ ਅਗਰ ਜੁਲਮ ਕਿਸੇ ਉੱਪਰ ਵੀ ਹੋਵੇ ਸਿੱਖ ਬਰਦਾਸ਼ਤ ਨਹੀਂ ਕਰਨਗੇ ਭਾਵੇਂ ਕੋਈ ਵੀ ਬਲੀਦਾਨ ਕਿਉਂ ਨਾ ਦੇਣਾ ਪਏ। ਇਸੇ ਲਈ ਜਦ ਸੱਟ ਕਿਸੇ ਵੀ ਗਰੀਬ ਨੂੰ ਵੱਜਦੀ ਹੈ ਤਾਂ ਦਰਦ ਗੁਰੂ ਕੇ ਖਾਲਸੇ ਨੂੰ ਹੁੰਦਾ ਹੈ।ਜਦ ਸਿੱਖਾਂ ਨੂੰ ਗੁਰੂ ਸਾਹਿਬਾਨ ਹਰੇਕ ਪਾਠ ਪੜ੍ਹਾ ਚੁੱਕੇ ਸਨ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਲਈ ਇਮਤਿਹਾਨ ਰੱਖਿਆ। ਇਸ ਲਈ ਗੁਰੂ ਸਾਹਿਬਾਨ ਨੇ ਦੂਰ-ਦੁਰੇਡੇ ਸੰਗਤਾਂ ਨੂੰ ਸੁਨੇਹੇ ਭੇਜ ਕਿ ਅਨੰਦ ਪੁਰ ਦੀ ਧਰਤੀ ਤੇ ੩੦ ਮਾਰਚ, ੧੬੯੯ ਦੀ ਵਿਸਾਖੀ ਤੇ ਇਕੱਤਰ ਕੀਤਾ। ਬਹੁਤੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਉਸ ਦਿਨ ੮੦੦੦੦ ਦਾ ਇਕੱਠ ਸੀ। ਪ੍ਰਿੰਸੀਪਲ ਸਤਵੀਰ ਸਿੰਘ ਅਨੁਸਾਰ ਗੁਰੂ ਸਾਹਿਬ ਨੇ ਇੱਕ ਖ਼ਾਸ ਤੰਬੂ ਲਗਵਾਇਆ ਜਿਸ ਅੰਦਰ ਕੀ ਸੀ ਇਹ ਸਿਰਫ ਤੇ ਸਿਰਫ ਗੁਰੂ ਦਸਮ ਪਾਤਸ਼ਾਹ ਹੀ ਜਾਣਦੇ ਸਨ। ਕਿਉਂਕਿ ਇਹ ਇੱਕ ਸਿੱਖਾਂ ਦਾ ਇਮਿਤਿਹਾਨ ਸੀ। ਪੇਪਰ ਵਿੱਚ ਕੀ ਸੁਆਲ ਹੁੰਦੇ ਹਨ ਇਹ ਤਾਂ ਪੇਪਰ ਪਾਉਣ ਵਾਲਾ ਹੀ ਜਾਣਦਾ ਹੈ। ਅਸਲ ਵਿੱਚ ਗੁਰੂ ਸਾਹਿਬ ਅੱਜ ਇੱਕ ਖ਼ਾਸ ਚੋਣ (selection) ਕਰ ਰਹੇ ਸਨ ਅਤੇ ਨਾਲ ਹੀ ਸਿੱਖਾਂ ਨੂੰ ਪ੍ਰਯੋਗ ਕਰਕੇ ਦੱਸ ਰਹੇ ਸਨ ਕਿ ਅੱਗੋਂ ਸਿੱਖਾਂ ਨੇ ਚੋਣ (selection) ਕਿਸ ਤਰ੍ਹਾਂ ਕਰਨੀ ਹੈ ਕਿਉਂਕਿ ਗੁਰੂ ਸਾਹਿਬ ਅੱਗੇ ਤੋਂ ਦੇਹਧਾਰੀ ਪ੍ਰਥਾ ਖਤਮ ਕਰਨ ਜਾ ਰਹੇ ਸਨ।
ਗੁਰੂ ਸਾਹਿਬ ਤੰਬੂ ਚੋਂ ਬਾਹਰ ਬੇ-ਮਿਆਨੀ ਤਲਵਾਰ ਲੈ ਕੇ ਆਉਂਦੇ ਹਨ ਤੇ ਗਰਜਵੀਂ ਆਵਾਜ਼ ਵਿੱਚ ਇੱਕ ਸਿਰ ਦੀ ਮੰਗ ਕਰਦੇ ਹਨ। ਉਸੇ ਸਮੇਂ ਭਾਈ ਦਯਾ ਰਾਮ ਜੀ ਲਹੌਰ ਨਿਵਾਸੀ ਖੜੇ ਹੋ ਗਏ। ਗੁਰੂ ਸਾਹਿਬ ਉਸ ਨੂੰ ਬਾਂਹ ਤੋਂ ਫੜ੍ਹ ਕੇ ਤੰਬੂ ਅੰਦਰ ਲੈ ਗਏ। ਥੋੜ੍ਹੀ ਦੇਰ ਬਾਅਦ ਲਹੂ ਨਾਲ ਭਿੱਜੀ ਤਲਵਾਰ ਸਮੇਤ ਬਾਹਰ ਆ ਕੇ ਇੱਕ ਹੋਰ ਸੀਸ ਦੀ ਮੰਗ ਕੀਤੀ। ਇਸ ਵਾਰ ਭਾਈ ਧਰਮਦਾਸ ਹਸਤਨਾਪੁਰ ਨਿਵਾਸੀ ਖੜਦੇ ਹਨ। ਫਿਰ ਜਗਨ ਨਾਥ ਪੁਰੀ ਦੇ ਨਿਵਾਸੀ ਭਾਈ ਹਿੰਮਤ ਜੀ, ਭਾਈ ਮੋਹਕਮ ਚੰਦ ਦ੍ਵਾਰਕਾ ਨਿਵਾਸੀ ਅਤੇ ਭਾਈ ਸਾਹਿਬ ਚੰਦ ਬਿਦਰ ਨਿਵਾਸੀ ਗੁਰੂ ਜੀ ਅੱਗੇ ਪੇਸ਼ ਹੁੰਦੇ ਹਨ। ਗੁਰੂ ਸਾਹਿਬ ਸਭ ਨੂੰ ਵਾਰੋ-ਵਾਰੀ ਤੰਬੂ ਅੰਦਰ ਲੈ ਜਾਂਦੇ ਹਨ। ਅੰਦਰ ਗੁਰੂ ਸਾਹਿਬ ਕੀ ਕਲ੍ਹਾ ਵਰਤਾਉਂਦੇ ਹਨ ਇਹ ਗੁਰੂ ਸਾਹਿਬ ਹੀ ਜਾਣਦੇ ਹਨ। ਬਾਹਰ ਆਉਣ ਤੇ ਇਹ ਪੰਜ ਕਕਾਰੀ ਵਰਦੀ (ਕਛਹਿਰਾ, ਕੜਾ, ਕ੍ਰਿਪਾਨ, ਕੰਘਾ ਅਤੇ ਕੇਸਕੀ) ਪਹਿਨਣ ਉਪਰੰਤ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਅਤੇ ਸਾਹਿਬ ਸਿੰਘ ਬਣ ਚੁੱਕੇ ਹਨ। ਗੁਰੂ ਸਾਹਿਬ ਇਸ ਪੰਚਾਇਤ ਅੱਗੇ ਹੱਥ ਜੋੜ ਖੰਡੇ ਦੀ ਪਾਹੁਲ ਮੰਗਦੇ ਹਨ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਜਾਂਦੇ ਹਨ।ਇਸ ਖੇਡ ਨੂੰ ਗਹੁ ਨਾਲ ਵਾਚਿਆ ਪਤਾ ਲੱਗਦਾ ਹੈ ਕਿ ਇਹ ਸਿਰਫ ਪੰਜ ਪਿਆਰਿਆਂ ਦੀ ਚੋਣ ( selection) ਹੀ ਨਹੀਂ ਸਗੋਂ ਇਸ ਵਿੱਚ ਬਹੁਤ ਗੁਹਜ ਰਾਜ ਨਜ਼ਰੀਂ ਪੈਂਦਾ ਹੈ। ਗੁਰੂ ਸਾਹਿਬ ਸਿੱਖ ਧਰਮ ਨੂੰ ਇੱਕ ਲੜੀ ਵਿੱਚ ਪਰੋਂਦੇ ਨਜ਼ਰ ਆਉਂਦੇ ਹਨ। ਜਪੁ ਬਾਣੀ ਵਿੱਚ ਆਉਂਦਾ ਹੈ “ਧੌਲੁ ਧਰਮੁ ਦਇਆ ਕਾ ਪੂਤ” ਭਾਵ ਰੱਬ ਪ੍ਰਸਤ ਇਨਸਾਨ ਅੰਦਰ ਸਭ ਤੋਂ ਪਹਿਲਾਂ ਦਇਆ ਦਾ ਹੋਣਾ ਜ਼ਰੂਰੀ ਹੈ। ਧਰਮ ਦੂਜੇ ਨੰਬਰ ਤੇ ਉੱਠਿਆ ਕਿਉਂਕਿ ਇਹ ਦਇਆ ਦਾ ਪੁੱਤਰ ਹੋਣ ਕਰਕੇ ਦਇਆ ਚੋਂ ਪੈਦਾ ਹੋਏਗਾ। ਜਿਸ ਇਨਸਾਨ ਅੰਦਰ ਦਇਆ ਆ ਗਈ ਉਸ ਚੋਂ ਧਰਮ ਪੈਦਾ ਹੋਏਗਾ। ਜਿਸ ਵਿੱਚ ਦਇਆ ਤੇ ਧਰਮ ਆ ਗਏ ਉਸ ਦਾ ਹਿੰਮਤੀ ਹੋਣਾ ਲਾਜ਼ਮੀ ਹੈ। ਮੋਹਕਮ ਦਾ ਅਰਥ ਗੁਰੂ ਗ੍ਰੰਥ ਸਾਹਿਬ ਅੰਦਰ ਮਜ਼ਬੂਤ/ਦ੍ਰਿੜ੍ਹਤਾ ਦੇ ਰੂਪ ਵਿੱਚ ਆਇਆ ਹੈ।“ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ”(ਪੰਨਾ-੪੦੪)। ਸੋ ਜਿੱਥੇ ਦਇਆ, ਧਰਮ, ਹਿੰਮਤ ਹੈ ਉੱਥੇ ਦ੍ਰੜਿਤਾ ਦਾ ਹੋਣਾ ਵੀ ਜ਼ਰੂਰੀ ਹੈ। ਜਿੱਥੇ ਇਹ ਚਾਰਾਂ ਦਾ ਹੋਣਾ ਜ਼ਰੂਰੀ ਹੈ ਉੱਥੇ ਰੱਬ ਪ੍ਰਸਤ ਲਈ ਸਾਹਿਬ ਭਾਵ ਇੱਕ ਚੰਗਾ ਪ੍ਰਬੰਧਕ ਬਣਨਾ ਵੀ ਜ਼ਰੂਰੀ ਹੈ। ਜਿਸ ਅੰਦਰ ਪੰਜ ਗੁਣ ਆ ਗਏ ਤਾਂ ਉਸ ਅੱਗੇ ਗੁਰੂ ਵੀ ਸੀਸ ਨਿਵਾਉਣ ਲਈ ਤਿਆਰ ਰਹਿੰਦਾ ਹੈ ਇਹੀ ਗੁਰੂ ਨੇ ਕਰ ਕੇ ਦਿਖਾਇਆ ਹੈ। “ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜੋਪੈ ਅਵਰਹ ਨਾਮ ਜਪਾਵੈ॥”(ਪੰਨਾ-੩੦੬)
ਜੋ ਪੰਜ ਗੁਣ ਗੁਰੂ ਸਾਹਿਬ ਨੇ ਖਾਲਸੇ ਅੰਦਰ ਭਰੇ ਉਹ ਪ੍ਰਯੋਗਿਕ ਤੌਰ ਤੇ ਪ੍ਰਗਟ ਕਰਨ ਲਈ ਗੁਰੂ ਸਾਹਿਬ ਨਾਂਦੇੜ ਦੀ ਧਰਤੀ ਤੇ ਪਹੁੰਚਦੇ ਹਨ। ਬੰਦਾ ਸਿੰਘ ਬਹਾਦਰ ਨੂੰ ਖੰਡੇ ਦੀ ਪਹੁਲ ਛਕਾ ਕੇ ਪੰਜਾਬ ਵੱਲ ਭੇਜਦੇ ਹਨ। ਬੰਦਾ ਸਿੰਘ ਬਹਾਦਰ ਜਿੱਥੇ ਮਜ਼ਲੂਮਾ ਉੱਪਰ ਜ਼ੁਲਮ ਰੋਕਣ ਲਈ ਜਾਲਮਾ ਨਾਲ ਜੰਗ ਕਰਦੇ ਹਨ ਉੱਥੇ ਗਰੀਬਾਂ ਦਾ ਲੁੱਟਿਆ ਹੋਇਆ ਧੰਨ ਹੀ ਵਾਪਸ ਨਹੀਂ ਕਰਦੇ ਬਲਕਿ ਉਨ੍ਹਾਂ ਦੀਆਂ ਜ਼ਮੀਨਾਂ ਵਾਪਸ ਦੁਆ ਕੇ ਮਾਲਕ ਬਣਾ ਦਿੰਦੇ ਹਨ। ਇਹ ਦਯਾ ਅਤੇ ਧਰਮ ਦਾ ਇੱਕ ਨਮੂਨਾ ਹੀ ਤਾਂ ਸੀ। ਫਿਰ ਮੌਕੇ ਦੀ ਸਰਕਾਰ ਨਾਲ ਮੱਥਾ ਲਾ ਕੇ ਵਜ਼ੀਰ ਖਾਨ ਵਰਗੇ ਜਰਨੈਲ ਜੋ ਕਦੀ ਨਹੀਂ ਹਾਰਿਆ ਸੀ ਨੂੰ ਹੈਰਾਇਆ ਹੀ ਨਹੀਂ ਬਲਕਿ ਮੌਤ ਦੇ ਘਾਟ ਉਤਾਰ ਕੇ ਖਾਲਸਾ ਰਾਜ ਕੋਈ ਹਿੰਮਤੀ ਅਤੇ ਗੁਰੂ ਤੇ ਦ੍ਰਿੜ੍ਹ ਵਿਸ਼ਵਾਸੀ ਯੋਧਾ ਹੀ ਕਰ ਸਕਦਾ ਸੀ। ਖਾਲਸਾ ਰਾਜ ਕਾਇਮ ਕਰਕੇ ਅੱਠ ਸਾਲ ਨਿਮਰਤਾ ਨਾਲ ਕੋਈ ਬੰਦਾ ਸਿੰਘ ਬਹਾਦਰ ਵਰਗਾ ਚੰਗਾ ਸ਼ਾਸਕ ਹੀ ਚਲਾ ਸਕਦਾ ਹੈ।
ਇਸ ਤੋਂ ਬਾਅਦ ਕਈ ਹੋਰ ਜਥੇ ਬਣੇ ਅਤੇ ਕਈਆਂ ਨੇ ਖੰਡੇ ਦੀ ਪਾਹੁਲ ਛੱਕੀ। ਫ਼ਾਰਸੀ ਦੇ ਵਿਦਵਾਨ ਗੁਲਾਬ ਮੁਹੀਉਦੀਨ ਅਨੁਸਾਰ ਉਸ ਦਿਨ ੨੦੦੦੦ ਸਿੱਖ ਅੰਮ੍ਰਿਤਪਾਨ ਕਰਕੇ ਗੁਰੂ ਕੇ ਖਾਲਸੇ ਸਜੇ। ਅੰਗਰੇਜ਼ ਵਿਦਵਾਨ ਡਾਕਟਰ ਟਰੰਪ ਦੇ ਕਥਨ ਅਨੁਸਾਰ ਸਾਬੋ ਕੀ ਤਲਵੰਡੀ ਗੁਰੂ ਗੋਬਿੰਦ ਸਿੰਘ ਜੀ ਨੇ ੧੭੦੬ ਈਃ ਦੀ ਵਿਸਾਖੀ ਨੂੰ ਸਵਾ ਲੱਖ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ ਸੀ। ਇਸ ਤੋਂ ਇੱਕ ਹੋਰ ਗੱਲ ਸਪੱਸ਼ਟ ਹੁੰਦੀ ਹੈ ਉਸ ਸਮੇਂ ਸਾਰੇ ਸਿੱਖ ਨਿੱਤਨੇਮੀ ਸਨ ਅਤੇ ਉਨ੍ਹਾਂ ਨੂੰ ਜਪੁ, ਜਾਪ, ਸਵੈਯੇ, ਚੌਪਈ ਅਤੇ ਅਨੰਦ ਸਾਹਿਬ ਕੰਠ ਸਨ ਕਿਉਂਕਿ ਅੰਮ੍ਰਿਤ ਸੰਚਾਰ ਸਮੇਂ ਇਹ ਬਾਣੀਆਂ ਜੁਬਾਨੀ ਅੱਜ ਵੀ ਪੜੀਆਂ ਜਾਂਦੀਆਂ ਹਨ। ਦੂਸਰਾ ਇਹ ਸਪੱਸ਼ਟ ਹੁੰਦਾ ਹੈ ਕਿ ਸਾਰੇ ਸਿੱਖ ੩੦ ਮਾਰਚ, ੧੬੯੯ ਤੋਂ ਪਹਿਲਾ ਵੀ ਪੰਜ ਕਕਾਰਾਂ ਦੇ ਧਰਨੀ ਸਨ ਵਰਨਾ ਇੱਕੋ ਦਿਨ ਬਿਲਕੁਲ ਮੌਕੇ ਤੇ ਇਤਨੇ ਕਕਾਰ ਇਕੱਠੇ ਕਰਨੇ ਮੁਸ਼ਕਲ ਹੀ ਨਹੀਂ ਅਸੰਭਵ ਵੀ ਹੈ। ਵੈਸੇ ਵੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸ਼ਸ਼ਤਰਧਾਰੀ ਪਹਿਲਾ ਹੀ ਬਣਾ ਦਿੱਤਾ ਸੀ। ਸੋ ਇਸ ਸਭ ਵਿਚਾਰ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਖਾਲਸਾ ਪਹਿਲਾਂ ਹੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਪ੍ਰਗਟ ਕੀਤਾ ਹੈ ਤੇ ਨਾਲ ਹੀ ਹੁਕਮ ਕਰ ਦਿੱਤਾ ਕਿ ਖਾਲਸੇ ਨੇ ਜਿੱਥੇ ਖੰਡੇ ਦੀ ਪਾਹੁਲ ਲੈਣੀ ਹੈ ਉੱਥੇ ਪੰਜ ਕਕਾਰਾਂ ਦਾ ਵੀ ਵਿਸਾਹ ਨਹੀਂ ਕਰਨਾ। ਗੁਰੂ ਸਾਹਿਬ ਨੇ ਖ਼ੁਦ ਸਭ ਤੋਂ ਪਹਿਲਾ ਦਇਆ ਰਾਮ ਨੂੰ ਖੰਡੇ ਦੀ ਪਹੁਲ ਦੇ ਕੇ ਦਇਆ ਸਿੰਘ ਬਣਾਇਆ ਅਤੇ ਸਭ ਤੋਂ ਆਖ਼ਰ ਵਿੱਚ ਆਪ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਬੰਦੇ ਨੂੰ ਪਹੁਲ ਛਕਾ ਕੇ ਬੰਦਾ ਸਿੰਘ ਹੀ ਨਹੀਂ ਬਲਕਿ ਸਾਹਿਬ (ਇੱਕ ਚੰਗਾ ਸ਼ਾਸਕ ਬਣਾ) ਬਣਾ ਦਿੱਤਾ। ਮੈਨੂੰ ਪਤਾ ਨਹੀਂ ਕਿਉਂ ਇੰਜ ਲੱਗਦਾ ਹੈ ਜਿਵੇਂ ਖਾਲਸੇ ਦਾ ਸਫਰ ਦਇਆ ਤੋਂ ਸ਼ੁਰੂ ਹੋ ਕਿ ਸਾਹਿਬ ਤੇ ਖਤਮ ਹੁੰਦਾ ਹੈ। “ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥” ( ਪੰਨਾ-੪੪੪)
ਖਾਲਸੇ ਦਾ ਪ੍ਰਗਟ ਦਿਹਾੜਾ ਅਨੰਦਪੁਰ ਅਤੇ ਸਾਬੋ ਕੀ ਤਲਵੰਡੀ ਵਿਖੇ ਪੂਰੇ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਹੈ।
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਫ਼ੋਨ – ੬੪੭੭੭੧੪੯੩੨

Leave a Reply

Your email address will not be published. Required fields are marked *