ਜੈਤੋ ਦਾ ਮੋਰਚਾ
ਗਿਆਨੀ ਅਵਤਾਰ ਸਿੰਘ
ਮਹਾਰਾਜਾ ਰਣਜੀਤ ਸਿੰਘ ਜੀ ਦੇ ਦੇਹਾਂਤ ਉਪਰੰਤ ਲਗਭਗ ਇੱਕ ਦਹਾਕੇ ਵਿੱਚ ਹੀ ਸਿੰਘਾਂ ਹੱਥੋਂ ਸਾਰਾ ਰਾਜ ਭਾਗ ਚੱਲਿਆ ਗਿਆ ਤੇ 1849 ਈ: ਨੂੰ ਅੰਗ੍ਰੇਜ਼ਾਂ ਨੇ ਪੂਰੇ ਪੰਜਾਬ ’ਤੇ ਕਬਜ਼ਾ ਕਰ ਲਿਆ। ਅੰਗ੍ਰੇਜ਼ ਇਹ ਗੱਲ ਭਲੀ ਭਾਂਤ ਸਮਝਦੇ ਸਨ ਕਿ ਉਹ ਧੱਕੇ ਨਾਲ ਸਿੱਖਾਂ ਨੂੰ ਬਹੁਤਾ ਚਿਰ ਆਪਣੇ ਅਧੀਨ ਨਹੀਂ ਰੱਖ ਸਕਦੇ, ਇਸ ਲਈ ਅੰਗ੍ਰੇਜ਼ ਸਰਕਾਰ ਨੇ ਗੁਰਦੁਆਰਿਆਂ ਸਮੇਤ ਹੋਰ ਧਾਰਮਿਕ ਮਾਮਲਿਆਂ ਵਿੱਚ ਦਖ਼ਲ-ਅੰਦਾਜ਼ੀ ਕਰ ਸਿੱਖ ਸੱਭਿਆਚਾਰ ਅਤੇ ਧਾਰਮਿਕ ਪਰੰਪਰਾਵਾਂ ’ਚ ਮਿਲਗੋਭਾ ਕਰਨ ਵੱਲ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ, ਤਾਂ ਜੋ ਸਿੱਖਾਂ ਨੂੰ ਡਰ ਅਧੀਨ ਕਾਬੂ ਰੱਖਿਆ ਜਾ ਸਕੇ। ਸਰਕਾਰ ਨੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਅਸਿੱਧੇ ਤੌਰ ’ਤੇ ਦਖ਼ਲ-ਅੰਦਾਜ਼ੀ ਕਰ ਮਹੰਤਾਂ ਨੂੰ ਵਿਗੜਨ ’ਚ ਮਦਦ ਕੀਤੀ। ਸਿੱਖਾਂ ਨੂੰ ਆਪਣੇ ਗੁਰਦੁਆਰੇ ਆਜ਼ਾਦ ਕਰਵਾਉਣ ਲਈ ਅੰਗ੍ਰੇਜ਼ ਸਰਕਾਰ ਨਾਲ ਟੱਕਰ ਲੈਣੀ ਪਈ। ਅੰਗ੍ਰੇਜ਼ ਸਰਕਾਰ ਅਸਿੱਧੇ ਢੰਗ ਨਾਲ ਸਿੱਖਾਂ ਨੂੰ ਗੁਲਾਮ ਬਣਾਈ ਰੱਖਣਾ ਚਾਹੁੰਦੀ ਸੀ ਤੇ ਸਰਕਾਰ ਨੇ ਸਮੇਂ-ਸਮੇਂ ’ਤੇ ਸਖ਼ਤੀ ਤੋਂ ਕੰਮ ਲੈਂਦਿਆਂ ਸਿੱਖਾਂ ਦੁਆਰਾ ਉੱਠਾਈ ਜਾਂਦੀ ਹਰ ਆਵਾਜ਼ ਨੂੰ ਦਬਾਉਣਾ ਚਾਹਿਆ। ਇਸ ਤਾਨਾਸ਼ਾਹੀ ਵਿਰੁਧ ਸਿੱਖਾਂ ਦੁਆਰਾ ਕੀਤੇ ਗਏ ਸੰਘਰਸ਼ਾਂ ਵਿੱਚੋਂ ਇੱਕ ਹੈ, ‘ਜੈਤੋਂ ਦਾ ਮੋਰਚਾ’।
‘ਜੈਤੋ ਦੇ ਮੋਰਚੇ’ ਦੀ ਆਰੰਭਤਾ 7 ਜੁਲਾਈ 1923 ਦੇ ਦਿਨ 40 ਸਾਲਾਂ ਦੇ ਮਹਾਰਾਜਾ ਨਾਭਾ (ਟਿੱਕਾ ਰਿਪੁਦਮਨ ਸਿੰਘ ਜੀ) ਤੋਂ ਅੰਗ੍ਰੇਜ਼ ਸਰਕਾਰ ਦੁਆਰਾ ਜ਼ਬਰਨ ਅਸਤੀਫ਼ਾ ਲੈਣ ਅਤੇ ਉਨ੍ਹਾਂ ਨੂੰ 3 ਲੱਖ ਰੁਪਏ ਮਹੀਨਾ ਭੱਤਾ ਦੇ ਕੇ ਦੇਹਰਾਦੂਨ ਭੇਜਣ ਲਈ ਜਾਰੀ ਕੀਤੇ ਗਏ ਹੁਕਮ ਨਾਲ਼ ਹੁੰਦੀ ਹੈ ਜਦਕਿ ਤਦ ਰਿਆਸਤ ਨਾਭਾ ਦੀ ਕੁੱਲ ਆਮਦਨ 24 ਲੱਖ ਰੁਪਏ ਸਾਲਾਨਾ ਸੀ ਅਤੇ 1921 ਦੀ ਮਰਦਮ ਸ਼ੁਮਾਰੀ ਅਨੁਸਾਰ ਆਬਾਦੀ 263-394 ਅਤੇ ਰਕਬਾ 968 ਵਰਗ ਮੀਲ ਸੀ ।
ਬਾਰ੍ਹਾਂ ਸਿੱਖ ਮਿਸਲਾਂ ’ਚੋਂ ‘ਫੂਲਕਿਆਨ ਮਿਸਲ’ ਦਾ ਵੱਡਾ ਹਿੱਸਾ ਨਾਭਾ ਰਿਆਸਤ ਸੀ। ਬਾਬਾ ਫੂਲਾ ਜੀ ਦੇ ਵੱਡੇ ਸਪੁੱਤਰ ਤਿਲੋਕ ਸਿੰਘ ਜੀ ਦੇ ਪੁੱਤਰ ਗੁਰਦਿੱਤ ਸਿੰਘ ਜੀ ਤੋਂ ਨਾਭਾ ਵੰਸ਼ ਸ਼ੁਰੂ ਹੋਇਆ, ਜਿਨ੍ਹਾਂ ਦਾ ਦੇਹਾਂਤ 1754 ਈਸਵੀ ’ਚ ਹੋ ਗਿਆ ਸੀ। ਮਹਾਰਾਜ ਰਿਪੁਦਮਨ ਸਿੰਘ ਜੀ, ਇਸੇ ਵੰਸ਼ ’ਚੋਂ ਨਾਭਾ ਰਤਨ ਮਹਾਰਾਜਾ ਹੀਰਾ ਸਿੰਘ ਮਾਲਵੇਂਦ੍ਰ ਬਹਾਦਰ ਦੇ ਇਕਲੌਤੇ ਸਪੁੱਤਰ ਸਨ, ਜਿਨ੍ਹਾਂ ਦਾ ਜਨਮ 8 ਮਾਰਚ 1883 ਈਸਵੀ ਨੂੰ ਹੋਇਆ ਤੇ 24 ਜਨਵਰੀ 1912 ਈ. ਨੂੰ (29 ਸਾਲ ਦੀ ਉਮਰ ’ਚ ਪਿਤਾ ਜੀ ਦੇ ਦੇਹਾਂਤ ਉਪਰੰਤ) ਰਾਜਗੱਦੀ ’ਤੇ ਬਿਰਾਜਮਾਨ ਹੋਏ। ਇਨ੍ਹਾਂ ਦੀ ਵਿਦਵਤਾ ਦੇ ਕਾਰਨ ਇਹ ਅੰਗ੍ਰੇਜ਼ ਸਰਕਾਰ ਅਤੇ ਸਿੱਖ ਸਮਾਜ ’ਚ ਸਤਿਕਾਰਮਈ ਸ਼ਖ਼ਸੀਅਤ ਸਨ; ਜਿਵੇਂ ਕਿ ਨਵੰਬਰ 1920 ’ਚ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦੀਵਾਰ ਢਾਹੇ ਜਾਣ ਉਪਰੰਤ ਇਨ੍ਹਾਂ ਨੇ ਹੀ ਸਿੱਖਾਂ ਅਤੇ ਸਰਕਾਰ ਵਿਚਕਾਰ ਸੁਲ੍ਹਾ ਕਰਵਾਈ ਸੀ, ਪਰ 20 ਫ਼ਰਵਰੀ 1921 ਦੇ ਨਨਕਾਣਾ ਸਾਹਿਬ ਦੇ ਕਤਲੇਆਮ ਵਿਰੁਧ ਸ਼੍ਰੋਮਣੀ ਕਮੇਟੀ ਨੇ ਰੋਸ ਦਿਨ ਮਨਾਉਣ ਵਜੋਂ ਕਾਲੀ ਦਸਤਾਰ ਸਜਾਉਣ ਦੀ ਅਪੀਲ ਕੀਤੀ । ਮਹਾਰਾਜਾ ਨਾਭਾ ਨੇ ਨਾ ਸਿਰਫ਼ ਉਸ ਦਿਨ ਕਾਲੀ ਦਸਤਾਰ ਹੀ ਸਜਾਈ ਬਲਕਿ ਸਰਕਾਰੀ ਛੁੱਟੀ ਵੀ ਐਲਾਨ ਦਿੱਤੀ, ਜਿਸ ਕਰ ਕੇ ਅੰਗ੍ਰੇਜ਼ ਸਰਕਾਰ ਇਨ੍ਹਾਂ ਨੂੰ ਗੱਦੀ ਤੋਂ ਹਟਾਉਣ ਲਈ ਕੋਈ ਬਹਾਨਾ ਭਾਲਦੀ ਸੀ, ਜੋ ਉਨ੍ਹਾਂ ਨੂੰ ਪਟਿਆਲੇ ਦੇ ਰਾਜਾ ਭੁਪਿੰਦਰ ਸਿੰਘ ਨੇ ਬਿਨਾਂ ਵਜ੍ਹਾ ਲੜਾਈ ਕਰ ਕੇ ਦੇ ਦਿੱਤਾ, ਜੋ ਅੰਗ੍ਰੇਜ਼ਾਂ ਨਾਲ਼ ਗੂੜੇ ਸਬੰਧ ਰੱਖਦਾ ਸੀ।
ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਫੂਲਕੀਆ ਰਿਆਸਤ ਦੇ ਮੋਢੀ ਬਾਬਾ ਫੂਲ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਰਾਜਗੱਦੀ ਦਾ ਵਚਨ ਮਿਲਿਆ ਹੋਇਆ ਸੀ ਤੇ ਇਨ੍ਹਾਂ ਦੇ ਦੋਵੇਂ ਸਪੁੱਤਰ ਭਾਈ ਤਿਲੋਕ ਸਿੰਘ ਜੀ ਤੇ ਭਾਈ ਰਾਮ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ‘ਤੇਰਾ ਘਰ ਮੇਰਾ ਘਰ’ ਕਹਿ ਕੇ ਸਤਿਕਾਰਿਆ ਗਿਆ ਸੀ। ਭਾਈ ਤਿਲੋਕ ਸਿੰਘ ਜੀ ਦੇ ਵੱਡੇ ਬੇਟੇ ਗੁਰਦਿੱਤ ਸਿੰਘ ਜੀ ਤੋਂ ਨਾਭਾ ਰਿਆਸਤ ਅਤੇ ਛੋਟੇ ਬੇਟੇ ਸੁਖਚੈਨ ਸਿੰਘ ਜੀ ਤੋਂ ਜੀਂਦ ਰਿਆਸਤ ਚੱਲੀ ਜਦਕਿ ਭਾਈ ਰਾਮ ਸਿੰਘ ਜੀ ਦੇ ਸਪੁੱਤਰ ਬਾਬਾ ਆਲਾ ਸਿੰਘ ਜੀ ਤੋਂ ਪਟਿਆਲਾ ਰਿਆਸਤ ਆਰੰਭ ਹੋਈ।
ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਅਤੇ ਮਹਾਰਾਜਾ ਨਾਭਾ ਰਿਪੁਦਮਨ ਸਿੰਘ ਦਾ ਝਗੜਾ ਡਾ. ਮਹਿੰਦਰ ਸਿੰਘ (ਅਕਾਲੀ ਲਹਿਰ) ਅਨੁਸਾਰ ਆਪਣੇ ਰਾਜ ਦੀਆਂ ਹੱਦਾਂ ਅੰਦਰ ਪੈਂਦੇ ਇਲਾਕਿਆਂ ਅਤੇ ਕੁਝ ਮੁਲਾਜਮਾਂ ਦੀ ਹਵਾਲਗੀ ਸੰਬੰਧੀ ਸੀ। ਇਸ ਤਰ੍ਹਾਂ ਇਹ ਝਗੜਾ ਧਾਰਮਿਕ ਨਾ ਹੋ ਕੇ ਰਾਜਨੀਤਕ ਵੱਧ ਸੀ। ਅੰਗ੍ਰੇਜ਼ ਸਰਕਾਰ ਨੇ ਇਸ ਝਗੜੇ ਦਾ ਫ਼ਾਇਦਾ ਉਠਾਉਂਦਿਆਂ ਆਪ ਫ਼ੈਸਲਾ ਕਰਨ ਲਈ ਦੋਵੇਂ ਧਿਰਾਂ ਨੂੰ ਰਾਜੀ ਕਰ ਲਿਆ। ਸਰਕਾਰੇ ਹਿੰਦ ਨੇ ਮਹਾਰਾਜਾ ਰਿਪੁਦਮਨ ਸਿੰਘ ਜੀ ਦੇ ਵਜ਼ੀਰਾਂ ਤੇ ਅਫ਼ਸਰਾਂ ਨੂੰ ਆਪਣੇ ਅਧੀਨ ਕਰ ਕੇ ਉਨ੍ਹਾਂ ਰਾਹੀਂ ਮਹਾਰਾਜੇ ਉੱਤੇ ਆਪਣੀ ਗੱਲ ਮਨਵਾਉਣ ਲਈ ਦਬਾਅ ਬਣਾ ਲਿਆ। ਮਹਾਰਾਜਾ ਰਿਪੁਦਮਨ ਸਿੰਘ ਜੀ, ਆਪਣੀ ਰਿਆਸਤ ਦੇ ਪ੍ਰਸ਼ਾਸਨ ਤੋਂ ਰਿਟਾਇਰ ਹੋਣ ਬਾਰੇ ਆਪਣੇ ਫ਼ੈਸਲੇ ਸੰਬੰਧੀ ਹਾਲਾਤ ਦਾ ਵਰਣਨ ਕਰਦਿਆਂ ਲਿਖਦੇ ਹਨ, ‘ਮੇਰੀ ਡਿੱਗੀ ਹੋਈ ਸਿਹਤ ਦਾ ਲਾਭ ਉਠਾਉਂਦਿਆਂ ਮੇਰੇ ਖ਼ੁਦਗਰਜ਼ ਅਧਿਕਾਰੀ, ਜਿਹੜੇ ਮੈਨੂੰ ਪਤਾ ਲੱਗਾ ਹੈ, ਮੇਰੇ ਵਿਰੋਧੀਆਂ ਦੇ ਅਸਰ ਹੇਠ ਹਨ ਅਤੇ ਬਰਤਾਨਵੀ ਰਾਜਸੀ ਵਿਭਾਗ ਦੇ ਅਧਿਕਾਰੀ ਬਾਰ-ਬਾਰ ਇਹ ਸੁਝਾਅ ਦੇ ਕੇ ਮੇਰੇ ਉੱਤੇ ਹਾਵੀ ਹੋ ਗਏ ਕਿ ਮੈਂ ਆਪਣੀ ਰਿਆਸਤ ਦੇ ਮਾਮਲਿਆਂ ਵਿੱਚ ਦਖ਼ਲ ਦੇਣ ਦੀ ਵਧੇਰੇ ਤਾਕਤ ਉਨ੍ਹਾਂ ਨੂੰ ਦੇ ਕੇ ਸਰਕਾਰ ਨੂੰ ਠੰਢਾ ਕਰਾਂ।’ (ਫਾਈਲ ਨੰ. 18 ਪੁਰਾਤੱਤਵ ਵਿਭਾਗ ਪਟਿਆਲਾ)
ਇਸ ਤਰ੍ਹਾਂ ਵਾਇਸਰਾਇ ਦਾ ਨਾਮ ਵਰਤ ਕੇ ਉਨ੍ਹਾਂ ਕੋਲੋਂ ਜ਼ਬਰਦਸਤੀ ਕਾਗਜ਼ਾਂ ’ਤੇ ਦਸਤਖ਼ਤ ਕਰਵਾ ਕੇ ਤੇ ਉਸ ਤੋਂ ਬਾਅਦ 8 ਜੂਨ 1923 ਨੂੰ ਕਰਨਲ ਮਿੰਚਨ ਨੇ ਰਾਜੇ ਦੇ ਮਹਿਲ ਵਿੱਚ ਸਿਪਾਹੀਆਂ ਸਮੇਤ ਆ ਕੇ ਕਬਜ਼ਾ ਕਰ ਲਿਆ ਤੇ ਉਨ੍ਹਾਂ ਨੂੰ ਗੱਦੀ ਤੋਂ ਹਟਾ ਦਿੱਤਾ।
ਅਦਾਲਤ ਦਾ ਫ਼ੈਸਲਾ ਵੀ ਮਹਾਰਾਜਾ ਰਿਪੁਦਮਨ ਸਿੰਘ ਜੀ ਦੇ ਵਿਰੁਧ ਕਰਵਾ ਲਿਆ। ਹੁਣ ਉਨ੍ਹਾਂ ਨੂੰ ਅੰਗ੍ਰਜ਼ਾਂ ਨੇ ਗੱਦੀ ਛੱਡਣ ਲਈ ਜਾਂ ਅਦਾਲਤ ਵਿੱਚ ਅਗਾਂਹ ਅਪੀਲ ਪਾਉਣ ਲਈ ਕਿਹਾ, ਪਰ ਆਪ ਜਾਣਦੇ ਸਨ ਕਿ ਅਦਾਲਤੀ ਰਸਤੇ ਪੈਣ ਦਾ ਮਤਲਬ ਸੀ ਬੇਇੱਜ਼ਤੀ ਤੇ ਖ਼ੱਜਲ਼-ਖ਼ੁਆਰੀ। ਆਪ ਜੀ ਨੇ ਗੱਦੀ ਛੱਡਣੀ ਪ੍ਰਵਾਨ ਕਰ ਲਈ। ਭਾਵੇਂ ਇਹ ਮਹਾਰਾਜਾ ਪਟਿਆਲਾ ਤੇ ਨਾਭਾ ਦਾ ਨਿੱਜੀ ਮਸਲਾ ਸੀ ਪਰ ਆਪ ਜੀ ਦੇ ਗੁਰਸਿੱਖੀ ਨਾਲ ਪਿਆਰ ਤੇ ਹਰਮਨ-ਪਿਆਰਤਾ ਕਾਰਨ ਸਿੱਖਾਂ ਨੇ ਆਪ ਜੀ ਨੂੰ ਰਿਆਸਤ ਤੋਂ ਵੱਖ ਕੀਤੇ ਜਾਣ ਦਾ ਬੁਰਾ ਮਨਾਇਆ।
ਅਖ਼ਬਾਰਾਂ, ਜਿਵੇਂ ਕਿ ਸੱਚਾ ਢੰਡੋਰਾ, ਦਲੇਰ-ਏ-ਹਿੰਦ, ਬੀਰ ਅਕਾਲੀ ਅਤੇ ਕਿਰਪਾਨ ਬਹਾਦਰ, ਆਦਿ ਨੇ ਮਹਾਰਾਜਾ ਨਾਭਾ ਜੀ ਦੇ ਹੱਕ ਵਿੱਚ ਆਵਾਜ਼ ਉੱਠਾਈ। 4 ਅਗਸਤ 1923 ਨੂੰ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜੇ ਨਾਲ ਹਮਦਰਦੀ ਦਾ ਮਤਾ ਪਾਸ ਕੀਤਾ ਕਿ 9 ਸਤੰਬਰ ਨੂੰ ਸਭ ਥਾਵਾਂ ’ਤੇ ‘ਨਾਭਾ ਦਿਨ’ ਮਨਾਇਆ ਜਾਵੇਗਾ। ਮਹਾਰਾਜੇ ਨਾਲ ਹੋਈ ਬੇਇਨਸਾਫ਼ੀ ਦੂਰ ਕਰਨ ਲਈ ਅਰਦਾਸੇ ਸੋਧੇ ਗਏ। 27 ਅਗਸਤ ਨੂੰ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਗੰਗਸਰ ਜੈਤੋਂ ਵਿਖੇ ਦੀਵਾਨ ਹੋਇਆ। ਜਿਸ ਵਿੱਚ ਮਹਾਰਾਜੇ ਦੀ ਬਹਾਲੀ ਲਈ ਮਤਾ ਪਾਸ ਕੀਤਾ ਗਿਆ। ਅਜਿਹੇ ਦੀਵਾਨ ਹੋਰ ਵੀ ਕਈ ਥਾਵਾਂ ’ਤੇ ਹੋਏ।
ਅੰਗ੍ਰੇਜ਼ੀ ਸਰਕਾਰ ਇਸ ਝਗੜੇ ਨੂੰ ਰਾਜਨੀਤਿਕ ਸਮਝਦੀ ਸੀ ਤੇ ਸ੍ਰੋਮਣੀ ਕਮੇਟੀ ਦੇ ਦਖ਼ਲ ਨੂੰ ਇਸ ਵਿੱਚ ਬਰਦਾਸ਼ਤ ਨਹੀਂ ਕਰਦੀ ਸੀ। ਇਸ ਕਰ ਕੇ ਸਰਕਾਰ ਨੇ ਵੱਖ-ਵੱਖ ਥਾਵਾਂ ’ਤੇ ਇਕੱਤਰ ਹੋ ਰਹੇ ਅਜਿਹੇ ਦੀਵਾਨਾਂ ’ਤੇ ਪਾਬੰਦੀ ਲਗਾ ਦਿੱਤੀ। ਇਸ ਵਿਰੁਧ 9 ਸਤੰਬਰ ਨੂੰ ਵੱਖ-ਵੱਖ ਥਾਵਾਂ ’ਤੇ ਜਲਸੇ ਅਤੇ ਜਲੂਸ ਕੱਢੇ ਗਏ, ਜਿਸ ਦੌਰਾਨ 25 ਸਿੱਖ ਗ੍ਰਿਫ਼ਤਾਰ ਕਰ ਲਏ ਗਏ। 14 ਸਤੰਬਰ ਨੂੰ ਗੁਰਦੁਆਰਾ ਗੰਗਸਰ ਜੈਤੋਂ ਵਿਖੇ ਅਖੰਡ ਪਾਠ ਰੱਖਿਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗਿਆਨੀ ਇੰਦਰ ਸਿੰਘ ਜੀ ਨੂੰ ਗਰਿਫ਼ਤਾਰ ਕਰ ਅਖੰਡ ਪਾਠ ਨੂੰ ਖੰਡਿਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੰਗਤਾਂ ਨੇ ਫ਼ੈਸਲਾ ਕਰ ਲਿਆ ਕਿ ਹੁਣ ਅਖੰਡ ਪਾਠ ਸਾਹਿਬ ਉਦੋਂ ਤੱਕ ਜਾਰੀ ਰੱਖਣੇ ਹਨ ਜਦ ਤੱਕ ਸਰਕਾਰ ਆਪਣੀ ਸਾਡੇ ਧਾਰਮਿਕ ਕੰਮਾਂ ’ਚ ਦਖ਼ਲ-ਅੰਦਾਜ਼ੀ ਬੰਦ ਨਹੀਂ ਕਰਦੀ।
ਇਸ ਘਟਨਾ ਤੋਂ ਬਾਅਦ ਇਹ ਲਹਿਰ ਇੱਕ ਨਵਾਂ ਰੂਪ ਅਖ਼ਤਿਆਰ ਕਰ ਚੁੱਕੀ ਸੀ। ਹੁਣ ਇਹ ਮਸਲਾ ਕੇਵਲ ਮਹਾਰਾਜਾ ਰਿਪੁਦਮਨ ਸਿੰਘ ਨਾਲ ਹੋਏ ਧੱਕੇ ਤੱਕ ਸੀਮਤ ਨਾ ਰਿਹਾ ਸਗੋਂ ਇਕ ਧਾਰਮਿਕ ਮਸਲਾ ਵੀ ਬਣ ਗਿਆ। ਸਿੱਖ ਸੰਗਤਾਂ ਇਸ ਖੰਡਿਤ ਹੋਏ ਪਾਠ ਨੂੰ ਦੁਬਾਰਾ ਆਰੰਭ ਕਰਨਾ ਚਾਹੁੰਦੀਆਂ ਸਨ। 29 ਸਤੰਬਰ 1923 ਨੂੰ ਸ਼੍ਰੋਮਣੀ ਕਮੇਟੀ ਦੀ ਇੱਕ ਮੀਟਿੰਗ ਅਕਾਲ ਤਖ਼ਤ ਸਾਹਿਬ ’ਤੇ ਹੋਈ, ਜਿਸ ਨੇ ਖੰਡਿਤ ਹੋਏ ਪਾਠ ਦੀ ਨਿਖੇਧੀ ਕੀਤੀ ਤੇ ਮੁੜ ਪਾਠ ਆਰੰਭ ਕਰਨ ਲਈ ਵੀ ਮਤਾ ਪਾਸ ਕੀਤਾ। ਇਸ ਕਾਰਜ ਦੀ ਸਫਲਤਾ ਲਈ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰ ਕੇ ਜੈਤੋ ਨੂੰ ਜੱਥੇ ਭੇਜਣੇ ਸ਼ੁਰੂ ਕੀਤੇ, ਜੋ ਪਹਿਲਾਂ 25-25 ਸਿੰਘਾਂ ਦੇ ਜੱਥੇ ਅਤੇ ਬਾਅਦ ’ਚ 500-500 ਸਿੰਘਾਂ ਦੇ ਜੱਥੇ ਜੈਤੋ ਵੱਲ ਰਵਾਨਾ ਕੀਤੇ ਗਏ । ਗੁਰੂ ਸਾਹਿਬ ਜੀ ਦੀ ਹੋਈ ਬੇਅਦਬੀ ਕਾਰਨ ਸਿੱਖਾਂ ਅੰਦਰ ਇੰਨਾ ਗੁੱਸਾ ਸੀ ਕਿ ਉਹ 17 ਅਪਰੈਲ 1925 ਨੂੰ ਅਕਾਲ ਤਖ਼ਤ ਸਾਹਿਬ ਤੋਂ ਚੱਲਣ ਵਾਲ਼ੇ 16ਵੇਂ ਜੱਥੇ ’ਚ ਵੀ ਆਪਣਾ ਨਾਮ ਲਿਖਵਾਉਣ ਲਈ ਉਤਾਵਲ਼ੇ ਸਨ। ਇਸ ਮੁਹਿਮ ’ਚ ਸਿੰਘ ਕੇਵਲ ਪੰਜਾਬ ਤੱਕ ਹੀ ਸੀਮਤ ਨਹੀਂ ਸਨ ਬਲਕਿ ਬੰਗਾਲ, ਕਲਕੱਤਾ, ਕੈਨੇਡਾ, ਹਾਂਗਕਾਂਗ, ਚੀਨ ਤੱਕ ਤੋਂ ਜੱਥੇ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਪਹੁੰਚਣੇ ਸ਼ੁਰੂ ਹੋ ਗਏ। ਵਿਦੇਸ਼ੀ ਸੰਗਤਾਂ ਸਮੇਤ 27 ਅਪਰੈਲ 1925 ਈਸਵੀ ਨੂੰ 101 ਸਿੰਘਾਂ ਦਾ ਸਪੈਸ਼ਲ ਜੱਥਾ ਜੋ ਕਈ ਦਿਨਾਂ ’ਚ ਇੱਧਰ ਉਧਰ ਗੁਰਮਤਿ ਦਾ ਪ੍ਰਚਾਰ ਕਰ ਕੇ ਲੋਕਾਂ ਦਾ ਮਨੋਬਲ ਉੱਚਾ ਕਰਦਾ ਹੋਇਆ ਜੈਤੋ ਵੱਲ ਵਧ ਰਿਹਾ ਸੀ ਤਾਂ ਇਨ੍ਹਾਂ ਨੂੰ ਰਸਤੇ ’ਚ 21 ਜੁਲਾਈ 1925 ਨੂੰ ਇਤਲਾਹ ਮਿਲੀ ਕਿ ਸਰਕਾਰ ਨੇ ਅਖੰਡ ਪਾਠ ’ਤੇ ਲਾਈ ਪਾਬੰਦੀ ਵਾਪਸ ਲੈ ਲਈ ਹੈ। ਸੋ, ਇਸ ਜੱਥੇ ਨੇ 14 ਸਤੰਬਰ 1923 ਨੂੰ ਗੰਗਸਰ ਜੈਤੋ ’ਚ ਹੋਏ ਖੰਡਿਤ ਅਖੰਡਪਾਠ ਨੂੰ ਮੁੜ ਆਰੰਭ ਕੀਤਾ। 101 ਅਖੰਡ ਪਾਠਾਂ ਦੀ ਇਹ ਲੜੀ 7 ਅਗਸਤ 1925 ਦੇ ਦਿਨ ਸਮਾਪਤ ਹੋਈ।
14 ਸਤੰਬਰ 1923 ਤੋਂ 21 ਜੁਲਾਈ 1925 ਤੱਕ ਲਗਭਗ 23 ਮਹੀਨੇ ਚੱਲੇ ਇਸ ਸੰਘਰਸ਼ ’ਚ 10 ਹਜ਼ਾਰ ਸਿੰਘਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ, 250 ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਇਨ੍ਹਾਂ ਵਿੱਚੋਂ ਕਈ ਮੌਕੇ ’ਤੇ ਹੀ ਪ੍ਰਾਣ ਤਿਆਗ ਗਏ ਅਤੇ ਕਈਆਂ ਨੇ ਜੇਲ੍ਹਾਂ ’ਚ ਜ਼ੁਲਮ ਨੂੰ ਨਾ ਸਹਾਰਦਿਆਂ ਆਪਣਾ ਸਰੀਰ ਤਿਆਗਿਆ। ਸਰਕਾਰੀ ਕਾਰਵਾਈ ਦੀ ਸਾਰੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਅੰਮ੍ਰਿਤਸਰ ਪਹੁੰਚਾਉਣ ਬਦਲੇ ਮਾਈ ਕਿਸ਼ਨ ਕੌਰ, ਦੁੱਲਾ ਸਿੰਘ ਤੇ ਸੁੱਚਾ ਸਿੰਘ, ਜੋ ਕਿ ਦੋਵੇਂ ਰੋਡੇ ਪਿੰਡ ਦੇ ਸਨ, ਨੂੰ ਨਾਭਾ ਪੁਲਿਸ ਨੇ 7-7 ਸਾਲ ਕੈਦ ਦੀ ਸਜ਼ਾ ਸੁਣਾਈ। ਘੋੜ ਸਵਾਰਾਂ ਦੇ ਹੇਠਾਂ ਆ ਕੇ ਅਤੇ ਲਾਠੀਆਂ ਦੀ ਮਾਰ ਨਾਲ਼ ਅਨੇਕਾਂ ਆਪਣੇ ਸਰੀਰਕ ਅੰਗ ਗਵਾ ਬੈਠੇ। 500 ਸਿੰਘਾਂ ਦਾ ਪਹਿਲਾ ਗਿਆ ਜੱਥਾ, ਜਿਸ ਨੇ 21 ਫ਼ਰਵਰੀ 1924 ਨੂੰ ਜੈਤੋ ਪਹੁੰਚਣਾ ਸੀ, ’ਤੇ ਇੰਨਾ ਤਸੱਦਦ ਹੋਇਆ ਕਿ ਵਿਲਸਨ ਜਾਨਸਟਨ ਅਫ਼ਸਰ ਨੇ ਫ਼ੋਜ ਨੂੰ ਗੋਲ਼ੀ ਚਲਾਉਣ ਦਾ ਹੁਕਮ ਸੁਣਾ ਦਿੱਤਾ ਅਤੇ ਅੰਗਰੇਜ਼ ਫ਼ੌਜ ਨੇ 27 ਹਜ਼ਾਰ ਕਾਰਤੂਸ ਚਲਾਏ। ਦਾਤੇ ਦੀ ਕਿਰਪਾ ਵੇਖੀਏ ਕਿ ਮਸ਼ੀਨਗਨ ’ਚ ਕਾਰਤੂਸ ਫਸ ਗਿਆ ਤੇ ਉਹ ਬੰਦ ਹੋ ਗਈ ਨਹੀਂ ਤਾਂ ਸਾਰਾ ਜੱਥਾ ਹੀ ਸ਼ਹੀਦ ਹੋ ਜਾਣਾ ਸੀ। ਫਿਰ ਵੀ ਇਸ ਜੱਥੇ ਦੇ 100 ਤੋਂ ਵੱਧ ਸਿੰਘ ਤੁਰੰਤ ਸ਼ਹੀਦ ਹੋ ਗਏ ਤੇ ਬਾਕੀ ਸਾਰੇ ਹੀ ਗੰਭੀਰ ਜਖ਼ਮੀ ਹੋ ਗਏ। ਸਰਕਾਰ ਦੀ ਇਸ ਕਰਵਾਈ ਦੀ ਦੇਸ਼-ਵਿਦੇਸ਼ ਵਿੱਚ ਬੜੀ ਕਿਰਕਰੀ ਹੋਈ ਕਿਉਂਕਿ ਅਮਰੀਕਾ ਦੇ ਮਸ਼ਹੂਰ ਅਖ਼ਬਾਰ ‘ਨਿੳੂਯਾਰਕ ਟਾਈਮਜ਼’ ਦੇ ਪੱਤਰਕਾਰ ਨਾਮਾਨਿਗਾਰ ਮਿਸਟਰ ਜ਼ਿਮਾਂਦ ਵੀ ਇਸ ਜੱਥੇ ਨਾਲ ਬਰਗਾੜੀ ਤੱਕ ਗਿਆ।
21 ਫ਼ਰਵਰੀ ਦੀ ਇਸ ਘਟਨਾ ਉਪਰੰਤ 28 ਫ਼ਰਵਰੀ ਨੂੰ 500 ਸਿੰਘਾਂ ਦਾ ਦੂਜਾ ਜੱਥਾ ਜੈਤੋ ਵੱਲ ਰਵਾਨਾ ਹੋਇਆ, ਜਿਸ ਨੇ 14 ਮਾਰਚ ਨੂੰ ਜੈਤੋ ਪਹੁੰਚਣਾ ਸੀ, ਇਸ ਵਿੱਚ ਸ਼ਾਮਲ ਹੋਣ ਲਈ ਪੰਡਿਤ ਮਦਨ ਮੋਹਨ ਮਾਲਵੀਆ ਸਮੇਤ ਕਈ ਕੌਂਸਲ ਮੈਂਬਰ ਤੇ ਨੇਤਾ 14 ਮਾਰਚ ਨੂੰ ਸਵੇਰੇ ਹੀ ਜੈਤੋ ਪਹੁੰਚ ਗਏ, ਜਿਸ ਕਾਰਨ ਅੰਗਰੇਜ਼ਾਂ ਨੇ ਬਾਕੀ ਜੱਥਿਆਂ ’ਤੇ ਗੋਲ਼ੀ ਚਲਾਉਣ ਦੀ ਬਜਾਇ ਫੜ-ਫੜ ਜੇਲ੍ਹਾਂ ’ਚ ਬੰਦ ਕਰ ਕੇ ਤਸੱਦਦ ਕਰਨਾ ਉਚਿਤ ਸਮਝਿਆ। ਅਕਾਲ ਤਖ਼ਤ ਸਾਹਿਬ ਤੋਂ 22 ਮਾਰਚ 1924 ਨੂੰ ਚੱਲਣ ਵਾਲ਼ਾ ਤੀਸਰਾ ਜੱਥਾ, ਜਿਸ ਨੇ 7 ਅਪਰੈਲ ਨੂੰ ਜੈਤੇ ਪਹੁੰਚਣ ਸੀ, ਦੇ ਸਮੇਂ ਤਾਰਾ ਸਿੰਘ ਮੋਗਾ ਐਮ. ਐਲ. ਸੀ., ਮੀਆਂ ਫ਼ਜ਼ਲ ਹੱਕ, ਕਰਤਾਰ ਸਿੰਘ ਮੈਂਬਰ ਅਸੈਂਬਲੀ, ਆਦਿ ਵੀ ਪਹੁੰਚ ਗਏ, ਜਿਸ ਕਾਰਨ ਸਰਕਾਰ ਨੂੰ ਕੁਝ ਨਰਮੀ ਵਰਤਣੀ ਪਈ।
ਸੰਨ 1924-26 ਤੱਕ ਸਿੱਖਾਂ ਨੂੰ ਲੱਖਾਂ ਰੁਪਏ ਜੁਰਮਾਨਾ ਤੇ ਜ਼ਬਤੀਆਂ ਕੀਤੀਆਂ ਗਈਆਂ। ਫਿਰ ਵੀ ਇਸ ਉਤਸ਼ਾਹ ਨੂੰ ਵਧਾਉਣ ਲਈ ਜਦ ਜੱਥਾ ਅਰਦਾਸ ਕਰ ਕੇ ਅਕਾਲ ਤਖ਼ਤ ਸਾਹਿਬ ਤੋਂ ਚੱਲਦਾ ਤਾਂ 20 ਤੋਂ 40 ਹਜ਼ਾਰ ਤੱਕ ਸਿੱਖ ਸੰਗਤ ਇਕੱਤਰ ਹੋ ਕੇ ਜੱਥੇ ਦੇ ਮਨੋਬਲ ਨੂੰ ਉੱਚਾ ਕਰਦੀ। ਮਿਸਾਲ ਵਜੋਂ ਇੱਕ ਮਾਤਾ, ਜਿਸ ਦਾ ਵੱਡਾ ਪੁੱਤਰ ਪਹਿਲੇ ਜੱਥੇ ’ਚ ਸ਼ਹੀਦੀ ਪਾ ਚੁੱਕਾ ਸੀ, ਨੇ ਆਪਣੇ ਦੂਸਰੇ ਪੁੱਤਰ ਨੂੰ ਦੂਜੇ ਜੱਥੇ ’ਚ ਜਾਣ ਲਈ ਹਾਰ ਪਾਉਂਦਿਆਂ ਕਿਹਾ, ‘ਮੈਂ ਵੱਡੇ ਭਾਗਾਂ ਵਾਲ਼ੀ ਹੋਵਾਂਗੀ ਜੇ ਮੇਰਾ ਦੂਜਾ ਪੁੱਤਰ ਵੀ ਗੁਰੂ ਦੇ ਲੇਖੇ ਲੱਗ ਜਾਵੇ।’ ਇਸੇ ਤਰ੍ਹਾਂ ਅਰਦਾਸ ਕਰ ਕੇ ਜੱਥੇ ’ਚ ਜਾਣ ਵਾਲ਼ੇ ਸਿੰਘਾਂ ਨੇ ਲਿਖਤ ਕੀਤੀ ਕਿ ‘ਜੇ ਮੈਂ ਸ਼ਹੀਦ ਹੋ ਜਾਵਾਂ ਤਾਂ ਮੇਰੀ ਸਾਰੀ ਜਾਇਦਾਦ ਗੁਰੂ ਪੰਥ ਨੂੰ ਅਰਪਨ ਕੀਤੀ ਜਾਵੇ।’
ਅੰਤ ਜਦੋਂ ਸਰਕਾਰ ਨੂੰ ਨਿਸ਼ਚਾ ਹੋ ਗਿਆ ਕਿ ਸਿੱਖੀ ਸਿਰੜ ਨੂੰ ਕੋਈ ਦਬਾਅ ਨਹੀਂ ਸਕਦਾ ਤਾਂ ਸਰਕਾਰ ਨੂੰ ਝੁਕਣਾ ਪਿਆ, ਉਸ ਨੇ 7 ਜੁਲਾਈ 1925 ਈ. ਨੂੰ ਗੁਰਦੁਆਰਾ ਐਕਟ ਪਾਸ ਕਰ ਕੇ ਪਹਿਲੀ ਨਵੰਬਰ ਤੋਂ ਇਸ ਨੂੰ ਲਾਗੂ ਕਰ ਦਿੱਤਾ ਅਤੇ ਇਸ ਅਧੀਨ ਸਾਰੇ ਗੁਰਦੁਆਰਾ ਸਾਹਿਬਾਨ ਉੱਪਰ ਪੰਥਕ ਪ੍ਰਬੰਧ ਕਾਬਜ਼ ਹੋ ਗਿਆ ਤੇ ਖ਼ਾਲਸੇ ਦੀ ਜਿੱਤ ਹੋਈ।
ਗੁਰਬਾਣੀ ਸਿਧਾਂਤ ਨੇ ਮਨੁੱਖਾ ਜੀਵਨ ’ਚ ਨਿੱਜੀ, ਪਰਿਵਾਰਕ ਤੇ ਸਮਾਜਿਕ ਬੁਰਿਆਈਆਂ (ਬੇਇਨਸਾਫ਼ੀ, ਸੁਤੰਤਰਤਾ, ਸਮਾਨਤਾ ਆਦਿ) ਵਿਰੁਧ ਸੰਘਰਸ਼ ਕਰਨ ਲਈ ਮਨੁੱਖ ਨੂੰ ਨਿਵੇਕਲੀ ਸ਼ਕਤੀ ਬਖ਼ਸ਼ਸ਼ ਕੀਤੀ ਹੈ, ਜਿਸ ਦੀ ਮਿਸਾਲ ਸੰਸਾਰ ’ਚੋਂ ਮਿਲਣੀ ਅਸੰਭਵ ਹੈ, ਇਸ ਲਈ ਆਪਣੇ ਆਪ ਨੂੰ ਸਿੱਖ ਭਾਈਚਾਰੇ ਦਾ ਭਾਗ ਜਤਾਉਣ ਲਈ ਸਾਨੂੰ ਉਨ੍ਹਾਂ ਦੁਆਰਾ ਪਾਏ ਗਏ ਪੂਰਨਿਆਂ ’ਤੇ ਚੱਲਣਾ ਪਏਗਾ। ਅਜੋਕਾ ਦੁਸ਼ਮਣ ਸਾਹਮਣਿਓਂ ਨਹੀਂ ਆਏਗਾ ਬਲਕਿ ਸਾਡੇ ਪਹਿਰਾਵੇ ’ਚ ਸਾਡੇ ਨਾਲ ਬੈਠ ਕੇ ਅੰਗ੍ਰੇਜ਼ ਸੋਚ ਰਾਹੀਂ ਸਾਡੇ ਧਾਰਮਿਕ ਆਦਾਰਿਆਂ ’ਤੇ ਕਾਬਜ਼ ਹੋਏਗਾ, ਇਹ ਮਾਸਿਕ ਦਿਹਾੜੇ ਸਾਨੂੰ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਹੀ ਤਿਆਰ ਕਰਦੇ ਹਨ।