ਸਾਕਾ ਨਨਕਾਣਾ ਸਾਹਿਬ
ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ
ਗੁਰਦਵਾਰਾ ਜਨਮ ਅਸਥਾਨ ਗੁਰੂ ਨਾਨਕ ਸਾਹਿਬ ਜੀ ,ਨਨਕਾਣਾ ਸਾਹਿਬ ( ਹੁਣ ਪਾਕਿਸਤਾਨ) ਜਿੱਥੇ ਮਹੰਤ ਨਰੈਣ ਦਾਸ ਦਾ ਕਬਜ਼ਾ ਸੀ,ਇਹ ਬੰਦਾ ਪਰਲੇ ਦਰਜੇ ਦਾ ਅਯਾਸ਼ ,ਵਿਭਚਾਰੀ ,ਅਤੇ ਬਦਮਾਸ਼ ਸੀ ਇਸਨੇ ਭਾੜੇ ਦੇ ਗੁੰਡੇ ਵੀ ਰੱਖੇ ਸਨ , ਜਨਮ ਅਸਥਾਨ ਤੇ ਆਉਂਣ ਵਾਲੀਆਂ ਸੰਗਤਾਂ ਅਤੇ ਧੀਆਂ ਭੈਣਾ, ਨਾਲ ਇਹ ਅਤੇ ਇਸਦੇ ਭਾੜੇ ਦੇ ਗੁੰਡੇ ਸ਼ਰੇਆਮ ਛੇੜਛਾੜ ਕਰਦੇ ਸਨ ਇਜੱਤ ਤੱਕ ਲੁੱਟਣ ਦੀਆਂ ਨੀਚ ਹਰਕਤਾਂ ਕਰਨ ਲੱਗ ਪਏ ਸਨ,ਗੁਰੂ ਸਿਧਾਂਤਾਂ ਨੂੰ ਪਿਆਰ ਕਰਨ ਵਾਲੇ ਮਰਜੀਵੜਿਆਂ ਅਤੇ ਪੰਥ ਦਰਦੀਆਂ ਦੇ ਹਿਰਦੇ ਇਸਦੀਆਂ ਕਰਤੂਤਾਂ ਕਰਕੇ ਬਹੁਤ ਦੁਖੀ ਅਤੇ ਰੋਸ਼ ਵਿਚ ਸਨ,ਗੁਰਦਵਾਰਾ ਸੁਧਾਰ ਲਹਿਰ ਦੇ ਵੀਰਾਂ ਦਾ ਇੱਕ ਜੱਥਾ ੨੦ ਫਰਵਰੀ ੧੯੨੧ ਨੂੰ ਸਵੇਰੇ ਛੇ ਵਜੇ ਭਾਈ ਲਛਮਣ ਸਿੰਘ ਜੀ ਧਾਰੋਵਾਲ ਦੀ ਅਗਵਾਈ ਵਿਚ ਸ਼ਬਦ ਪੜ੍ਹ੍ਦਾ ਹੋਇਆ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਦਾਖਲ ਹੋਇਆ । ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ ਗਿਆ । ਕੁਝ ਸਮੇਂ ਬਾਅਦ ਮਹੰਤ ਆਪਣੇ ਗੁੰਡਿਆਂ ਸਮੇਤ ਸ਼ਰਾਬੀ ਹਾਲਤ ਵਿੱਚ ਆਇਆ । ਉਸ ਨੇ ਸਿੰਘਾਂ ਦਾ ਘਾਣ ਕਰਨ ਲਈ ਪਹਿਲਾਂ ਹੀ ਪੂਰੀ ਤਿਆਰੀ ਕੀਤੀ ਹੋਈ ਸੀ। ਉਸ ਨੇ ਦਰਸ਼ਨੀ ਡਿਉਢੀ ਦਾ ਮੇਨ ਗੇਟ ਬੰਦ ਕਰਵਾ ਦਿੱਤਾ ਅਤੇ ਆਪਣੇ ਗੁੰਡਿਆਂ ਪਾਸੋਂ ਰੱਬੀ ਪਿਆਰ ਵਿੱਚ ਜੁੜੇ ਸ਼ਾਂਤਮਈ ਸਿੰਘਾਂ ਉਪਰ ਗੋਲੀਆਂ ਦੀ ਬੁਛਾੜ ਕਰਵਾ ਦਿੱਤੀ। ਸਿੰਘ ਸ਼ਾਂਤਮਈ ਰਹਿੰਦੇ ਹੋਏ ਸ਼ਹੀਦੀਆਂ ਪਾ ਰਹੇ ਸਨ। ਗੋਲੀਆਂ ਦੀ ਬੁਛਾੜ ਬੰਦ ਕਰਕੇ ਗੁੰਡੇ ਟਕੂਏ, ਕਿਰਪਾਨਾਂ, ਛਵ੍ਹੀਆਂ ਤੇ ਗੰਡਾਸੇ ਆਦਿ ਲੈ ਕੇ ਸਿੰਘਾਂ ਉਪਰ ਵਾਰ ਕਰਨ ਲੱਗ ਪਏ। ਵੇਖਦਿਆਂ ਵੇਖਦਿਆਂ ਹੀ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਅਤੇ ਕਈ ਜ਼ਖ਼ਮੀ ਹੋ ਗਏ । ਇਹ ਇਤਨਾ ਦਿਲ ਕੰਬਾਊ ਦਰਿਸ਼ ਸੀ, ਜਿਸ ਨੂੰ ਦੇਖ ਕੇ ਸ਼ਾਇਦ ਔਰੰਗਜ਼ੇਬ, ਨਾਦਰ ਸ਼ਾਹ, ਅਬਦਾਲੀ, ਮੀਰ ਮਨੂੰ ਵਰਗਿਆਂ ਦੀਆਂ ਰੂਹਾਂ ਵੀ ਕੰਬ ਉਠੀਆਂ ਹੋਣਗੀਆਂ। ਭਾਈ ਲਛਮਣ ਸਿੰਘ ਨੂੰ ਜੰਡ ਨਾਲ ਪੁੱਠਾ ਲਟਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ । ਭਾਈ ਦਲੀਪ ਸਿੰਘ ਨੇ, ਜੋ ਸ. ਉਤਮ ਸਿੰਘ ਦੇ ਕਾਰਖਾਨੇ ਵਿੱਚ ਬੈਠੇ ਸਨ, ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਇਹ ਕਹਿ ਕੇ ਗੁਰਦੁਆਰਾ ਸਾਹਿਬ ਵੱਲ ਦੌੜ ਪਏ ਕਿ ਲੱਗਦਾ ਹੈ ਕਿ ਮਹੰਤ ਨੇ ਕਾਰਾ ਕਰ ਦਿੱਤਾ ਹੈ। ਜਦ ਉਹ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਮਹੰਤ ਆਪਣੇ ਗੁੰਡਿਆਂ ਪਾਸੋਂ ਸਿੰਘਾਂ ਦਾ ਘਾਣ ਕਰਵਾ ਰਿਹਾ ਸੀ। ਭਾਈ ਦਲੀਪ ਸਿੰਘ ਨੇ ਮਹੰਤ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮਹੰਤ ਦੇ ਗੁੰਡਿਆਂ ਨੇ ਉਸ ਨੂੰ ਅਕਾਲੀ ਅਕਾਲੀ ਕਹਿ ਕੇ ਬਲਦੀ ਭੱਠੀ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਇਹ ਸਾਰਾ ਕਾਰਾ ਕਰਨ ਤੋਂ ਬਾਅਦ ਮਹੰਤ ਨੇ ਲੱਕੜਾਂ ਦੇ ਢੇਰ ਲਗਾ ਕੇ ਉਪਰ ਮਿੱਟੀ ਦਾ ਤੇਲ ਪਾਇਆ ਅਤੇ ਉਸ ਉਪਰ ਸ਼ਹੀਦ ਹੋ ਚੁਕੇ ਅਤੇ ਜ਼ਖਮੀ ਸਿੰਘਾਂ ਨੂੰ ਸੁੱਟ ਕੇ ਅੱਗ ਲਗਾ ਦਿੱਤੀ ਜੋ ਸ਼ਾਮ ਚਾਰ ਵਜੇ ਤਕ ਲੱਗੀ ਰਹੀ। ਸ. ਧੰਨਾ ਸਿੰਘ, ਸ. ਉਤਮ ਸਿੰਘ ਕਾਰਖਾਨੇਦਾਰ ਅਤੇ ਸ. ਕਰਮ ਸਿੰਘ ਸਟੇਸ਼ਨ ਮਾਸਟਰ ਦੇ ਉਧਮ ਸਦਕਾ ਇਸ ਘਟਨਾ ਦੀ ਖ਼ਬਰ ਸ਼ਾਮ ਤਕ ਚਾਰੇ ਪਾਸੇ ਫੈਲ ਗਈ । ਉਨਹਾਂ ਨੇ ਇਸ ਸੋਗਮਈ ਘਟਨਾ ਦੀ ਖ਼ਬਰ ਪੰਜਾਬ ਦੇ ਗਵਰਨਰ, ਕਮਿਸ਼ਨਰ, ਡੀ.ਸੀ. ਅਤੇ ਸ਼੍ਰੋਮਣੀ ਕਮੇਟੀ ਆਦਿ ਨੂੰ ਤਾਰਾਂ ਭੇਜ ਕੇ ਦਿੱਤੀ। ਡੀ. ਸੀ. ਮਿਸਟਰ ਕੈਰੀ ਜਦ ਸ੍ਰੀ ਨਨਕਾਣਾ ਸਾਹਿਬ ਪੁੱਜਾ ਤਾਂ ਉਸ ਸਮੇਂ ਮਹੰਤ ਦੇ ਆਦਮੀ ਲਾਸ਼ਾਂ ਨੂੰ ਸਾੜ ਫੂਕ ਰਹੇ ਸਨ, ਜੋ ਸਿਲਸਿਲਾ ਉਸ ਦੇ ਪਹੁੰਚਣ ਤੋਂ ਡੇਢ ਘੰਟੇ ਬਾਅਦ ਵੀ ਚੱਲਦਾ ਰਿਹਾ। ਮਹੰਤ ਨੂੰ ਅਜਿਹਾ ਕਰਨ ਤੋਂ ਕਿਸੇ ਨੇ ਵੀ ਨਾ ਰੋਕਿਆ। ਰਾਤ ਨੌ ਵਜੇ ਦੇ ਕਰੀਬ ਲਾਹੌਰ ਤੋਂ ਸਪੈਸ਼ਲ ਟਰੇਨ ਰਾਹੀਂ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਆਪਣੇ ਨਾਲ ਸੌ ਦੇ ਕਰੀਬ ਅੰਗਰੇਜ਼ ਅਫਸਰਾਂ ਅਤੇ ਸਿਪਾਹੀਆਂ ਸਮੇਤ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਤਾਂ ਉਸ ਵੇਲੇ ਵੀ ਮਹੰਤ ਦੇ ਹੱਥ ਵਿੱਚ ਬੰਦੂਕ ਸੀ। ਸਰਕਾਰ ਨੇ ਮਹੰਤ ਅਤੇ ਉਸ ਦੇ ੨੬ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰੋਂ ਕਾਫੀ ਅਸਲਾ ਹਥਿਆਰ ਆਦਿ ਬਰਾਮਦ ਕਰ ਲਏ ਅਤੇ ਗੁਰਦੁਆਰੇ ਉਪਰ ਸਰਕਾਰ ਨੇ ਕਬਜ਼ਾ ਕਰ ਲਿਆ। ਅਗਲੇ ਦਿਨ ੨੧ ਫਰਵਰੀ ਨੂੰ ਸ. ਮਹਿਤਾਬ ਸਿੰਘ, ਸ. ਹਰਬੰਸ ਸਿੰਘ ਅਟਾਰੀ ਆਦਿ ਆਗੂ ਅਤੇ ਹੋਰ ਸੰਗਤਾਂ ਵੀ ਨਨਕਾਣਾ ਸਾਹਿਬ ਪਹੁੰਚ ਗਈਆਂ। ਭਾਈ ਕਰਤਾਰ ਸਿੰਘ ਝੱਬਰ ਵੀ ੨੨੦੦ ਜੁਆਨਾਂ ਦਾ ਜਥਾ ਲੈ ਕੇ ਪਹੁੰਚ ਗਿਆ। ਇਸ ਘਟਨਾ ਦਾ ਅਤੇ ਗੁਰਦੁਆਰੇ ਉਪਰ ਸਰਕਾਰੀ ਕਬਜ਼ੇ ਵਿਰੁੱਧ ਸੰਗਤਾਂ ਅੰਦਰ ਹੋਰ ਰੋਹ ਜਾਗ ਪਿਆ ਸੀ। ਅਖੀਰ ਅੰਗਰੇਜ਼ ਅਧਿਕਾਰੀਆਂ ਨੂੰ ਹਾਰ ਮੰਨਣੀ ਪਈ ਅਤੇ ਗੁਰਦੁਆਰੇ ਦਾ ਪ੍ਰਬੰਧ ਪੰਥ ਦੇ ਹਵਾਲੇ ਕਰ ਦਿੱਤਾ ਗਿਆ । ੨੨ ਫਰਵਰੀ ਨੂੰ ਪੰਜਾਬ ਦਾ ਗਵਰਨਰ ਮਕਲੈਗਨ ਆਪਣੀ ਐਗਜ਼ੈਕਟਿਵ ਦੇ ਮੈਂਬਰਾਂ ਸਮੇਤ ਨਨਕਾਣਾ ਸਾਹਿਬ ਪਹੁੰਚਿਆ ਅਤੇ ਸਾਰਾ ਦਰਿਸ਼ ਉਸ ਨੇ ਅੱਖੀਂ ਵੇਖਿਆ। ੨੩ ਫਰਵਰੀ ਨੂੰ ਸਾਰੇ ਸ਼ਹੀਦ ਸਿੰਘਾਂ ਦਾ ਗੁਰ ਮਰਯਾਦਾ ਅਨੁਸਾਰ ਸਸਕਾਰ ਕੀਤਾ ਗਿਆ । ਇਸ ਤਰ੍ਹਾਂ ਸ਼ਹੀਦੀਆਂ ਦੇ ਕੇ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਸਿੱਖ ਪੰਥ ਦੇ ਹੱਥਾਂ ਵਿੱਚ ਆਇਆ । ਪਰ ੧੯੪੭ ਈ. ਦੀ ਦੇਸ਼ ਵੰਡ ਹੋਣ ਕਰਕੇ ਇਹ ਗੁਰਧਾਮ ਪਾਕਿਸਤਾਨ ਵਿੱਚ ਰਹਿ ਜਾਣ ਕਰਕੇ ਫਿਰ ਪੰਥ ਇਸ ਦੇ ਦਰਸ਼ਨ ਦੀਦਾਰਿਆਂ ਤੋਂ ਵਾਂਝਾ ਹੋ ਗਿਆ, ਜਿਸ ਦੇ ਖੁੱਲ੍ਹੇ ਦਰਸ਼ਨਾਂ ਦੀ ਸਿੱਕ ਲੈ ਕੇ ਅੱਜ ਹਰੇਕ ਸਿੱਖ ਅਰਦਾਸ ਕਰਦਾ ਹੈ। ਇਹ ਸ਼ਹੀਦੀਆਂ ਸਿੱਖਾਂ ਦੀ ਰੋਜ਼ਾਨਾ ਅਰਦਾਸ ਦਾ ਹਿੱਸਾ ਬਣ ਗਈਆਂ। ਅੱਜ ਵੀ ਜਦ ਸਿੱਖ ਅਰਦਾਸ ਕਰਦਾ ਹੈ ਤਾਂ ਇਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੋਇਆ ਆਖਦਾ ਹੈ–”ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ i ਇਸ ਸਾਕੇ ਵਿਚ ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਭਾਈ ਦਲੀਪ ਸਿੰਘ ਜੀ ਦੇ ਨਾਲ ੧੫੦ ਤੋਂ ੧੬੮ ਸਿੰਘਾਂ ਦੀਆਂ ਸ਼ਾਂਤਮਈ ਸ਼ਹਾਦਤਾਂ ਹੋਈਆਂ,ਸਾਕੇ ਵਿਚ ਸ਼ਹੀਦ ਹੋਏ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਆਪਣੇ ਆਪਣੇ ਦਿਲ ਤੇ ਹੱਥ ਰੱਖ ਕੇ ਸੋਚੋ ? ਕੀ ? ਅੱਜ ਵੀ ਗੁਰਦਵਾਰਿਆਂ ਨੂੰ ਮਨਮੱਤੀ ਅਯਾਸ਼ ਅਤੇ ਗੁਰੂ ਕੀ ਗੋਲਕ ਲੁੱਟਣ ਵਾਲੇ ਮਹੰਤਾਂ ਤੋਂ ਆਜ਼ਾਦ ਕਰਵਾਉਣ ਦੀ ਲੋੜ ਹੈ ਕਿ ਨਹੀ ?