History

ਹੋਲਾ ਮਹੱਲਾ’ ਦਾ ਅਤੀਤ, ਵਰਤਮਾਨ ਤੇ ਭਵਿੱਖ


ਮਾਨਵਤਾ ਦੇ ਇਤਿਹਾਸ ’ਚ ਅਣਗਿਣਤ ਕੌਮਾਂ (ਵਿਚਾਰਕ ਗਠਜੋੜ); ਆਪਣੇ ਅਸਤਿਤਵ ’ਚ ਆਈਆਂ ਤੇ ਸਮੇਂ ਦੇ ਪ੍ਰਭਾਵ ਨੇ ਉਨ੍ਹਾਂ ਦੇ ਵਜੂਦ ਨੂੰ ਵਿਕਸਿਤ ਕੀਤਾ ਅਥਵਾ ਸਮਾਪਤ ਕਰ ਦਿੱਤਾ। ਇਨ੍ਹਾਂ ਦੋਵੇਂ ਹਾਲਾਤਾਂ ਦੇ ਮੂਲ ਕਾਰਨ ਕੌਮੀ ਸਿਧਾਂਤ ’ਚ ਸਰਲਤਾ, ਸਪਸ਼ਟਤਾ, ਸਮਾਨਤਾ, ਸੁਤੰਤਰਤਾ, ਉਦਾਰਤਾ ਆਦਿ ਗੁਣਾਂ ਦਾ ਮੌਜੂਦ ਹੋਣਾ ਜਾਂ ਅਭਾਵ ਮੰਨਿਆ ਜਾਂਦਾ ਹੈ। ਇਹ ਵਿਸ਼ਾ ਇਸ ਪ੍ਰਕਾਰ ਵੀ ਸਮਝ ’ਚ ਆ ਜਾਂਦਾ ਹੈ:

(1). ਕਰਤਾਰ ਦੀ ਮਾਇਆ ਤੇ ਬ੍ਰਹਮੰਡ ਦੇ ਗੁਰੂਤਾਕਰਸ਼ਣ ’ਚ ਕਾਫ਼ੀ ਸਮਾਨਤਾ ਪਾਈ ਜਾਂਦੀ ਹੈ; ਜਿਵੇਂ ਇੱਕ ਤਾਰੇ ਦਾ ਗਰੂਤਾਕਰਸ਼ਣ ਤਮਾਮ ਪਦਾਰਥਾਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ਵੈਸੇ ਹੀ ਕਰਤਾਰ ਦੀ ਮਾਇਆ ਦਾ ਪ੍ਰਭਾਵ ਮਨੁੱਖੀ ਮਾਨਸਿਕਤਾ ਨੂੰ ਉੱਪਰ ਵੱਲ ਉੱਠਣ ਨਹੀਂ ਦਿੰਦਾ ਭਾਵ ਸਦਾ ਦੁਨਿਆਵੀ ਕਾਰਜਾਂ ਤੱਕ ਹੀ ਸੀਮਤ ਰੱਖਦਾ ਹੈ। ਇਸ ਲਈ ਅਗਰ ਕਿਸੇ ਕੌਮ ਦੇ ਸਿਧਾਂਤ ’ਚ ਇਸ ਮਾਇਆ ਦੇ ਪ੍ਰਭਾਵ ਨਾਲ ਲੜਨ ਲਈ ਉਪਦੇਸ਼ਮਈ ਸਮੱਗਰੀ ਦੀ ਘਾਟ ਹੈ ਤਾਂ ਉਸ ਕੌਮ ਦਾ ਵਜੂਦ ਖ਼ਤਰੇ ’ਚ ਪੈਣਾ ਸੁਭਾਵਿਕ ਹੈ ਜਾਂ ਕੇਵਲ ਕਰਮਕਾਂਡਾਂ ’ਤੇ ਆਧਾਰਿਤ ਹੀ ਰਹਿ ਜਾਂਦੀ ਹੈ ਕਿਉਂਕਿ ਕਰਮਕਾਂਡ; ਇਖ਼ਲਾਕੀ ਜੀਵਨ ਨਹੀਂ।
2). ਜਿਸ ਕੌਮੀ ਪਾਸ ਮਨੁੱਖੀ ਮਾਨਸਿਕਤਾ ਨੂੰ ਮਾਇਆ ਤੋਂ ਅਛੋਹ ਰੱਖਣ ਲਈ ਤਮਾਮ ਗੁਣ (ਸ਼ਕਤੀ ਜਾਂ ਸਿਧਾਂਤ) ਮੌਜੂਦ ਹੋਵੇ ਤਾਂ ਵੀ ਉਸ ਦਾ ਅਸਤਿਤਵ ਖ਼ਤਰੇ ’ਚ ਪੈ ਜਾਵੇ ਤਾਂ ਉਸ ਦੇ ਬੁਧੀਜੀਵੀ ਵਰਗ (ਭਾਵ ਧਰਮ ਦੇ ਪੈਰੋਕਾਰਾਂ) ਨੂੰ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ।

ਦੁਨੀਆਂ ’ਚ ਧਰਮ ਦੀ ਚੇਸ਼ਟਾ ਹਰ ਤਰਫ਼ ਫੈਲੀ ਹੋਈ ਹੈ ਪਰ ਮਾਇਆ ਤੋਂ ਅਛੋਹ ਰਹਿਣ ਵਾਲੀ ਉੱਚੀ ਸੁਰਤ (ਜਾਂ ਪਰਉਪਕਾਰੀ ਸੋਚ ਰਾਹੀਂ ਮਾਨਵਤਾ ਦੀ ਭਲਾਈ) ਦੀ ਚਾਰੋਂ ਤਰਫ਼ ਅਣਹੋਂਦ ਹੈ ਕਿਉਂਕਿ ਜ਼ਿਆਦਾਤਰ ਕੌਮਾਂ (ਕਬੀਲਿਆਂ) ਪਾਸ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ ਲਈ ਮੁਕੰਮਲ ਅਨੁਸ਼ਾਸਨ ਨਹੀਂ, ਜਿਸ ਕਾਰਨ ਉਨ੍ਹਾਂ ਦਾ ਵਜੂਦ ਕੇਵਲ ਕਰਮਕਾਂਡ ਆਧਾਰਿਤ ਬਣ ਗਿਆ, ਜੋ ਬਹੁ ਕੀਮਤੀ ਮਨੁੱਖਾ ਜੂਨੀ ਲਈ ਲਾਭਕਾਰੀ ਘੱਟ ਤੇ ਨੁਕਸਾਨਦੇਹ ਜ਼ਿਆਦਾ ਹੋਣ ਕਾਰਨ ਦੁਨਿਆਵੀ ਸਮੇਂ ਨੂੰ ਵੀ ‘ਕਲਿਯੁਗ’ ਕਹਿਣਾ ਪਸੰਦ ਕਰਦੇ ਹਨ।

ਸਨਾਤਨੀ ਸੋਚ ਅਨੁਸਾਰ ‘ਧਰਮ’ ਕੇਵਲ ‘ਆਕਾਰ ਦੀ ਪੂਜਾ (ਜਿਸ ਵਿੱਚ ਕਾਲਪਨਿਕ ਦੇਵ ਪੂਜਾ, ਪੱਥਰ ਪੂਜਾ, ਗ੍ਰਹਿ (ਤਾਰੇ) ਪੂਜਾ, ਬਨਸਪਤੀ ਪੂਜਾ, ਪਸ਼ੂ ਪੂਜਾ, ਜਲ ਪੂਜਾ ਆਦਿ), ਸਮਾਜਿਕ ਵੰਡ (ਜਿਸ ਵਿੱਚ ਜਾਤ-ਪਾਤ, ਵਰਨ-ਆਸ਼ਰਮ, ਲਿੰਗ ਭੇਦ ਆਦਿ), ਵਹਿਮ-ਭਰਮ (ਅੰਧ-ਵਿਸ਼ਵਾਸ), ਕੇਵਲ ਸਰੀਰਕ ਪਵਿੱਤਰਤਾ, ਧਾਰਮਿਕ ਚਿੰਨ੍ਹ (ਪਹਿਰਾਵਾ)’ ਆਦਿ ਹੀ ਹੈ ਤੇ ਇਸ ਧਾਰਨਾ ਨੂੰ ਜੀਵਤ ਰੱਖਣ ਲਈ ‘ਹੋਲੀ, ਦੀਵਾਲੀ, ਦੁਸਹਿਰਾ, ਰਾਮ-ਨੌਂਵੀਂ, ਜਨਮ-ਅਸ਼ਟਮੀ, ਪੂਰਨਮਾਸ਼ੀ (ਪੁੰਨਿਆ), ਸੰਗਰਾਂਦ, ਮੱਸਿਆ (ਅਮਾਵਸ), ਚੌਦੇਂ (ਚੌਦਸ)’ ਆਦਿ ਦਿਨਾਂ ਦੀ ਵਿਸ਼ੇਸ਼ਤਾ ਨੂੰ ਨਿਸ਼ਚਿਤ ਕੀਤਾ ਗਿਆ ਜਦਕਿ ਇਨ੍ਹਾਂ ਤਮਾਮ ਤਿਉਹਾਰਾਂ ਦਾ ਪਿਛੋਕੜ ਬਹੁਤ ਹੀ ਅਲੌਕਿਕ (ਜੋ ਇਸ ਲੋਕ ਨਾਲ ਸੰਬੰਧਿਤ ਨਾ ਹੋਵੇ) ਤੇ ਅਵਿਗਿਆਨਿਕ ਹੈ; ਜਿਵੇਂ ਕਿ ‘ਹੋਲੀ’: ਇਸ ਪੁਰਬ ਦਾ ਸੰਬੰਧ ਪੁਰਾਣਕ ਕਥਾ ਅਨੁਸਾਰ ਭਗਤ ਪ੍ਰਹਿਲਾਦ ਜੀ ਤੇ ਉਨ੍ਹਾਂ ਦੇ ਪਿਤਾ (ਹਰਨਾਖਸ਼) ਦੇ ਵਿਚਾਰਕ ਮਤਭੇਦ ਹਨ। ਪ੍ਰਹਿਲਾਦ ਜੀ ਨੂੰ ਮਿਰਤੂ ਸਜ਼ਾ ਦੇਣ ਲਈ ਹਰਨਾਖਸ਼ ਨੇ ਆਪਣੀ ਭੈਣ ‘ਹੋਲਿਕਾ’ (ਜਿਸ ਦਾ ਇੱਕ ਨਾਂ ‘ਢੁੰਡਾ’ ਹੈ) ਦੀ ਮਦਦ ਲਈ, ਜਿਸ ਨੂੰ ਸ਼ਿਵ ਨੇ ਅੱਗ ’ਚ ਨਾ ਸੜਨ ਦਾ ਵਰ ਦਿੱਤਾ ਹੋਇਆ ਸੀ; ਇਸ (ਵਰ) ’ਤੇ ਭਰੋਸਾ ਕਰਕੇ ਉਹ ਪ੍ਰਹਿਲਾਦ ਜੀ ਨੂੰ ਗੋਦ ’ਚ ਲੈ ਕੇ ਚਿਖਾ ’ਤੇ ਬੈਠ ਗਈ। ਕਰਤਾਰ ਦੀ ਕਿਰਪਾ ਨਾਲ ਪ੍ਰਹਿਲਾਦ ਬਚ ਗਿਆ ਪਰ ਸ਼ਿਵ ਵੱਲੋਂ ਮਿਲੇ ਵਰ ਦੇ ਬਾਵਜੂਦ ਵੀ ‘ਹੋਲਿਕਾ’ ਸੜ ਕੇ ਸੁਆਹ ਹੋ ਗਈ। ਇਸ ਬੁਰਿਆਈ ਉੱਤੇ ਸਚਾਈ ਦੀ ਜਿੱਤ ਹੋਣ ਕਾਰਨ ਹਿੰਦੂ ਲੋਕ ‘ਹੋਲੀ’ ਵਾਲੇ ਦਿਨ ਇੱਕ ਦੂਸਰੇ ’ਤੇ ਰੰਗ ਪਾ ਕੇ ਆਪਣੇ ਪਿਆਰ ਦਾ ਇਜ਼ਹਾਰ (ਪ੍ਰਗਟਾਵਾ) ਕਰਦੇ ਹਨ। ਕੁਝ ਲੇਖਕਾਂ ਨੇ ਬ੍ਰਾਹਮਣੀ ਵੰਡ ਅਨੁਸਾਰ ‘ਹੋਲੀ’ ਤਿਉਹਾਰ ਨੂੰ ਕੇਵਲ ਸ਼ੂਦਰ ਜਾਤੀ ਨਾਲ ਸੰਬੰਧਿਤ ਮੰਨਿਆ ਹੈ।

ਹਿੰਦੂ ਸਮਾਜ ’ਚ ਸ਼ਿਵ ਨੂੰ ਤੀਖਣ ਬੁਧੀ ਦਾ ਮਾਲਕ ਕਿਹਾ ਜਾਂਦਾ ਹੈ ਪਰ ਉਕਤ ਸਾਖੀ ’ਚ ਸ਼ਿਵ ਦੇ ਵਰਦਾਨ ਨੂੰ ਮੂਲੋਂ ਹੀ ਰੱਦ ਕਰਨ ਲਈ, ਉਸ ਨੂੰ ਬੁਰਿਆਈ ਕਹਿ ਕੇ ਸਚਾਈ ਦੀ ਜਿੱਤ ਕਰਵਾ ਦਿੱਤੀ। ਅਜਿਹੀਆਂ ਅਨੇਕਾਂ ਸਾਖੀਆਂ ਹਿੰਦੂ ਫ਼ਸਲਫ਼ੇ ਦਾ ਸਿੰਗਾਰ ਹਨ।

ਉਕਤ ਸਨਾਤਨੀ ਸੋਚ ਦੁਆਰਾ ਕੀਤੀ ਗਈ ‘ਧਰਮ’ ਦੀ ਅਪੂਰਨ ਵਿਆਖਿਆ ਤੇ ਨਿਸ਼ਚਿਤ ਕੀਤੇ ਗਏ ਤਮਾਮ ਤਿਉਹਾਰਾਂ ਦੀ ਰਾਹੀਂ ਉਸ ਦੇ ਪ੍ਰਚਾਰ ਤੇ ਪ੍ਰਸਾਰ ਨਾਲ ਮਨੁੱਖਾ ਕਿਰਦਾਰ ’ਚ ਕੁਝ ਸੁਧਾਰ ਹੋਣ ਦੀ ਬਜਾਏ ਨਿਘਾਰ ਆਉਂਦਾ ਗਿਆ ਤੇ ਲੋਕਾਂ ਨੇ ਇਨ੍ਹਾਂ ਵਿਸ਼ੇਸ਼ ਤਿਉਹਾਰਾਂ ਨੂੰ ‘‘ਨਚਣੁ, ਕੁਦਣੁ; ਮਨ ਕਾ ਚਾਉ ॥’’ (ਮ: ੧/੪੬੫) ਤੱਕ ਹੀ ਸਮੇਟ ਲਿਆ; ਜਿਵੇਂ ਕਿ ਦੁਸਹਿਰੇ ਵਾਲੇ ਦਿਨ ਹੁੰਦੀ ‘ਰਾਮਲੀਲਾ’, ਰਾਮਚੰਦ੍ਰ ਜੀ ਦੇ ਵਣ-ਵਾਸ ਉਪਰੰਤ ਅਯੋਧਿਆ ਵਾਪਸੀ ਨੂੰ ਮਨਾਈ ਜਾਂਦੀ ‘ਦਿਵਾਲੀ’ ਤੇ ਕੱਚੇ ਰੰਗਾਂ ’ਚ ਪਾਣੀ ਸਮੇਤ ਮਿੱਟੀ ਦਾ ਤੇਲ ਮਿਲਾ ਕੇ ਖੇਡੀ ਜਾਂਦੀ ‘ਹੋਲੀ’ ਆਦਿ, ਤਿਉਹਾਰ ਸਮਾਜਿਕ ਕਿਰਦਾਰ ਲਈ ਸਦਾਚਾਰ ਦੀ ਬਜਾਏ ਅਨੈਤਿਕਤਾ ਦਾ ਕਾਰਨ ਬਣ ਗਏ।

ਹਿੰਦੂ ਸੋਚ ਵਾਲੀ ਉਕਤ ਧਾਰਮਿਕ ਵਿਆਖਿਆ ਤੇ ਇਸ ਦੇ ਪ੍ਰਸਾਰ ਲਈ ਨਿਰਧਾਰਿਤ ਕੀਤੇ ਤਿਉਹਾਰਾਂ ਦੇ ਮੁਕਾਬਲੇ ‘ਗੁਰਮਤ’ ਨੇ ‘ਕੇਵਲ ਇੱਕ ਨਿਰਾਕਾਰ ਦੀ ਅਰਾਧਨਾ, ਗ੍ਰਹਿਸਤੀ, ਕਿਰਤੀ, ਪਰਉਪਕਾਰੀ, ਸਮਾਜਿਕ ਸਮਾਨਤਾ ਤੇ ਆਪਸੀ ਪਿਆਰ, ਸਰੀਰ ਦੀ ਬਜਾਏ ਮਨ ਦੀ ਪਵਿੱਤਰਤਾ’ ਆਦਿ ਗੁਣਾਂ ਨੂੰ ਸਰਬੋਤਮ ਮੰਨਿਆ। ‘ਗੁਰਮਤ’ ਦੇ ਇਨ੍ਹਾਂ ਕ੍ਰਾਂਤੀਕਾਰੀ ਬਚਨਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਿੱਥੇ ਗੁਰ ਪੁਰਬਾਂ ਤੇ ਇਤਿਹਾਸਿਕ ਦਿਹਾੜਿਆਂ ਨੂੰ ਨਿਸ਼ਚਿਤ ਕੀਤਾ ਗਿਆ ਉੱਥੇ ਸਨਾਤਨੀ ਸੋਚ ਦੇ ਅਰਥਹੀਣ (ਫ਼ਜ਼ੂਲ) ਤਿਉਹਾਰਾਂ ਨੂੰ ਬਦਲਵਾਂ ਤੇ ਨਿਵੇਕਲਾ ਨਾਂ ਦੇ ਕੇ ਬਲਹੀਣ ਹੋਈ ਮਾਨਸਿਕਤਾ ਨੂੰ ਸਮਾਜਿਕ ਵਿਕਾਰਾਂ ਨਾਲ ਲੜਨ ਲਈ ਤਿਆਰ ਕੀਤਾ; ਜਿਵੇਂ ਕਿ ‘ਹੋਲੀ’ ਦਾ ਬਦਲ ਰੂਪ ‘ਹੋਲਾ ਮਹੱਲਾ’।
ਗੁਰਮਤ’ ਨੇ ‘ਸੰਤ’ (ਵਿਕਾਰਾਂ ਦੇ ਮੁਕਾਬਲੇ ਅਡੋਲ ਮਾਨਸਿਕ ਸ਼ਕਤੀ) ਤੇ ‘ਸਿਪਾਹੀ’ (ਨਿੱਜ ਸਰੀਰਕ ਸੁਰੱਖਿਆ ਤੇ ਸਮਾਜਿਕ ਸੇਵਾ ਲਈ ਸਰੀਰਕ ਬਲ ਜਾਂ ਹਿੰਮਤ) ਨੂੰ ‘ਧਰਮ’ ਦਾ ਆਧਾਰ ਮੰਨਿਆ, ਜਿਸ ਦੀ ਵਿਆਖਿਆ ‘ਗੁਰਮਤ’ ਨੇ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ, ਪੁਰਜਾ, ਕਟਿ ਮਰੈ; ਕਬਹੂ ਨ ਛਾਡੈ ਖੇਤੁ ॥ (ਭਗਤ ਕਬੀਰ/੧੧੦੫), ਜਉ ਤਉ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮ: ੧/੧੪੧੨) ਆਦਿ ਬਚਨਾਂ ਰਾਹੀਂ ਕੀਤੀ।

ਗੁਰੂ ਹਰਗੋਬਿੰਦ ਸਾਹਿਬ ਜੀ ਨੇ ‘ਮੀਰੀ’ (ਸਿਪਾਹੀ) ਤੇ ‘ਪੀਰੀ’ (ਸੰਤ) ਦੇ ਰੂਪ ’ਚ ਦੋ ਤਲਵਾਰਾਂ ਪਹਿਨ ਕੇ ‘ਗੁਰਮਤ’ ਦੇ ਉਕਤ ਸਿਧਾਂਤ ਨੂੰ ਸਪੱਸ਼ਟ ਹੀ ਨਹੀਂ ਕੀਤਾ ਬਲਕਿ 4 ਦੁਨਿਆਵੀ ਯੁੱਧਾਂ ਰਾਹੀਂ ਜਿੱਤਾਂ ਪ੍ਰਾਪਤ ਕਰਕੇ ਉਦਾਹਰਣਾਂ ਵੀ ਦੇ ਦਿੱਤੀਆਂ। ਇਨ੍ਹਾਂ ਵਿਚਾਰਿਕ ਸੰਘਰਸ਼ਾਂ ਉਪਰੰਤ ਵੀ ਗੁਰੂ ਸਾਹਿਬਾਨਾਂ ਦੁਆਰਾ ਸਿੱਖਾਂ ਨੂੰ ਆਤਮਿਕ ਤੇ ਸਰੀਰਕ ਬਲ ਬਣਾਏ ਰੱਖਣ ਲਈ ਉਪਦੇਸ਼ ਹੁੰਦੇ ਰਹੇ।

ਉਕਤ ਸ਼ਕਤੀ ਨੂੰ ਬਣਾਏ ਰੱਖਣ ਲਈ ਦਸਮੇਸ਼ ਪਿਤਾ (ਗੁਰੂ ਗੋਬਿੰਦ ਸਿੰਘ ਜੀ) ਆਪ ਜੰਗਲਾਂ ’ਚ ਸਿੱਖਾਂ ਨਾਲ ਸ਼ਿਕਾਰ ਖੇਡਣ ਲਈ ਜਾਂਦੇ। ਅਨੰਦਪੁਰ ਸਾਹਿਬ ਦੀ ਧਰਤੀ ’ਤੇ ਵੀ ਸਿੱਖਾਂ ਨੂੰ ਦੋ ਟੁਕੜੀਆਂ ’ਚ ਵੰਡ ਕੇ ਨਕਲੀ ਯੁੱਧ ਅਭਿਆਸ ਕਰਵਾਇਆ ਜਾਂਦਾ ਤੇ ਜੇਤੂ ਫੌਜ ਦੇ ਸਰਦਾਰਾਂ ਨੂੰ ਸਿਰਪਾਓ (ਸਰੋਪਾ) ਦੇ ਕੇ ਸਨਮਾਨਿਤ ਵੀ ਕੀਤਾ ਜਾਂਦਾ। ਇਸ ਨਕਲੀ ਯੁੱਧ ਅਭਿਆਸ ਨੂੰ ‘ਹੋਲੀ’ ਦਾ ਬਦਲ ਰੂਪ ‘ਹੋਲਾ ਮਹੱਲਾ’ ਦਾ ਨਾਂ ਦਿੱਤਾ ਗਿਆ। ‘ਹੋਲਾ’ ਦਾ ਅਰਥ ਹੈ: ‘ਹਮਲਾ’ ਅਤੇ ‘ਮਹੱਲਾ’ ਦਾ ਅਰਥ ਹੈ: ‘ਜਿਸ ਜਗ੍ਹਾ ਕਬਜ਼ਾ ਕਰ ਲਿਆ ਜਾਏ’।’। ਇਸ ‘ਹੋਲਾ ਮਹੱਲਾ’ ਦਾ ਮਕਸਦ ਮਨੁੱਖ ਅੰਦਰ ਆਤਮ ਵਿਸ਼ਵਾਸ ਭਰਨਾ ਹੈ ਤਾਂ ਜੋ ਬੁਰਾਈ ਦਾ ਮੁਕਾਬਲਾ ਦ੍ਰਿੜ੍ਹਤਾ ਤੇ ਨਿਡਰਤਾ ਨਾਲ ਕੀਤਾ ਜਾ ਸਕੇ।

‘ਗੁਰਮਤ’ ਬਨਾਮ ‘ਸਨਾਤਨੀ ਸੋਚ’ ਬਾਰੇ ਉਪਰੋਕਤ ਬਿਆਨ ਕੀਤੇ ਗਏ ਕੁਝ ਕੁ ਸਿਧਾਂਤਿਕ ਮਤਭੇਦ ਅਤੇ ਉਨ੍ਹਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਮੁਕੱਰਰ ਕੀਤੇ ਗਏ ਵਿਸ਼ੇਸ਼ ਤਿਉਹਾਰਾਂ ਦੀ ਪਿਛੋਕੜ ਭੂਮਿਕਾ ਹੀ ਇੱਕ ਗੁਰਸਿੱਖ ਤੇ ਬ੍ਰਾਹਮਣ ਦੇ ਕਿਰਦਾਰ ਦੀ ਵਿਲੱਖਣਤਾ ਨੂੰ ਰੇਖਾਂਕਿਤ (ਜਿਸ ਦੇ ਹੇਠਾਂ ਲਕੀਰ ਖਿੱਚੀ ਹੋਵੇ, Under Line) ਕਰਦੀ ਹੈ।

ਪੰਜਾਬ ’ਚ ਅਜੋਕੇ ਬਹੁਤਾਤ ਸਿੱਖਾਂ ਦਾ ਕਿਰਦਾਰ ਵੇਖ ਕੇ ਹਰ ਸਾਲ ਕੇਸਗੜ੍ਹ (ਅਨੰਦਪੁਰ) ਸਾਹਿਬ ਵਿਖੇ ਮਨਾਏ ਜਾ ਰਹੇ ‘ਹੋਲਾ ਮਹੱਲਾ’ ਵਰਗੇ ਨਿਵੇਕਲੇ ਪੂਰਬ ਇਤਿਹਾਸ ਬਨਾਮ ਅਜੋਕੇ ਪੁਰਬਾਂ ਦਾ ਮੁਲਾਂਕਣ ਕਰਨਾ ਵਾਜਬ ਹੈ ਕਿਉਂਕਿ ਅੱਜ ਤਕਨੀਕੀ ਯੁੱਗ ’ਚ ਸਾਡੇ ਕੋਲ ‘ਗੁਰਮਤ’ ਦੇ ਪ੍ਰਚਾਰ ਤੇ ਪ੍ਰਸਾਰ ਲਈ ਢੁੱਕਵੇਂ ਸਾਧਨ ਹੋਣ ਦੇ ਬਾਵਜੂਦ ਵੀ ਸਿੱਖਾਂ ਦੀ ਅਧੋਗਤੀ (ਦੁਰਗਤੀ) ਵੀ ਬ੍ਰਾਹਮਣ ਵਾਙ ‘‘ਨਚਣੁ, ਕੁਦਣੁ; ਮਨ ਕਾ ਚਾਉ ॥’’ (ਮ: ੧/੪੬੫) ਬਣ ਜਾਣਾ ਗੁਰੂ ਪਿਆਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਾਡੀ ਜ਼ਮੀਰ ਬੁਰਾਈ ਵਿਰੁਧ ਬੋਲਣ ਦੀ ਇਜਾਜ਼ਤ ਨਹੀਂ ਦਿੰਦੀ। ਸਾਡੀ ‘ਮੀਰੀ’ (ਕਿਰਪਾਨ) ਦਾ ਸਾਈਜ਼ (ਆਕਾਰ) ਦਿਨ-ਬਦਿਨ ਘਟ ਕੇ ਕੇਵਲ ਨਾ-ਮਾਤ੍ਰ ਲਈ ਰਹਿ ਜਾਣਾ ਇਸ ਦੀ ਇੱਕ ਮਿਸਾਲ ਹੈ।

ਪੰਜਾਬ ਦੇ ਹਰ ਇਲਾਕੇ ’ਚੋਂ ਵੱਡੀ ਗਿਣਤੀ ’ਚ ਜ਼ਿਆਦਾਤਰ ਨਵੇਂ ਸਾਲ ਦੀ ਸ਼ੁਰੂਆਤ ਸਮੇਂ (ਭਾਵ ਮਾਰਚ ਦੇ ਮਹੀਨੇ ’ਚ) ਸਿੱਖ ਕੌਮ ‘ਹੋਲਾ ਮਹੱਲਾ’ ਪੁਰਬ ਮਨਾਉਣ ਦੇ ਮਕਸਦ ਨੂੰ ਮੁੱਖ ਰੱਖਦਿਆਂ ਬੜੇ ਉਤਸ਼ਾਹ ਨਾਲ ਕੇਸਗੜ੍ਹ ਸਾਹਿਬ ਵਿਖੇ ਇਕੱਤਰ ਹੁੰਦੀ ਹੈ। ਵਰਤਮਾਨ ’ਚ ‘ਗੁਰਮਤ’ ਦੇ ਪ੍ਰਚਾਰ ਤੇ ਪ੍ਰਸਾਰ ਦਾ ਕਾਰਜ ਸਿਆਸੀ ਪਾਰਟੀਆਂ ਦੇ ਹੱਥ ’ਚ ਹੋਣ ਕਾਰਨ, ਇਹ ਰਾਜਨੀਤਿਕ ਲੋਕ ਇਸ ਸੰਗਤੀ ਜੋਸ਼ ਨੂੰ ‘ਮੀਰੀ’ ਤੇ ‘ਪੀਰੀ’ ਦੀ ਅਹਿਮੀਅਤ ਬਾਰੇ ਜਾਣਕਾਰੀ ਦੇਣ ਦੀ ਬਜਾਏ ਆਪਣੇ ਰਾਜਨੀਤਿਕ ਹਿੱਤਾਂ ’ਚ ਭੁਗਤਾਉਣ ਨੂੰ ਤਰਜੀਹ ਦੇਂਦੇ ਹਨ ਤੇ ਬਹੁਤਾ ਸਮਾਂ ਵਿਰੋਧੀ ਰਾਜਨੀਤਿਕ ਧਿਰਾਂ ’ਤੇ ਇਲਜਾਮ ਲਗਾਉਣ ਵਿੱਚ ਹੀ ਅਜਾੲੀਂ ਗਵਾ ਦਿੱਤਾ ਜਾਂਦਾ ਹੈ। ਮਹਿੰਗਾਈ ਤੇ ਕਰਜ਼ੇ ਦੀ ਮਾਰ ਹੇਠ ਆਇਆ ਕਿਸਾਨ 5-7 ਦਿਨ ਸੜਕਾਂ ਕਿਨਾਰੇ ਦਾਨੀਆਂ ਵੱਲੋਂ ਆਰੰਭ ਕੀਤੇ ਲੰਗਰਾਂ ’ਚੋਂ ਸਰੀਰਕ ਤ੍ਰਿਪਤੀ ਉਪਰੰਤ ਆਤਮਿਕ ਤੌਰ ’ਤੇ ਖ਼ਾਲੀ ਹੱਥ ਘਰ ਵਾਪਸ ਪਰਤ ਆਉਂਦਾ ਹੈ ਅਤੇ ਦਾਨੀ ਸੱਜਣ ਆਪਣੇ ਸਾਲ ਭਰ ਦੇ ਇਕੱਤਰ ਕੀਤੇ ਗਏ ਦਸਵੰਧ ਨੂੰ ਸੜਕਾਂ ਕਿਨਾਰੇ ਲੰਗਰ ਲਗਾ ਕੇ ਤੇ ਜਬਰਨ ਗੱਡੀਆਂ ਰੁਕਵਾ ਕੇ ਪਹਿਲਾਂ ਤੋਂ ਹੀ ਖਾਣ-ਪਾਣ ਨਾਲ ਸੰਤੁਸ਼ਟ (ਤ੍ਰਿਪਤ) ਸੰਗਤ ਨੂੰ ਹੋਰ ਲੰਗਰ ਛਕਾਉਣ ਨਾਲ ਹੀ ਆਪਣੀ ਸੇਵਾ ਤੇ ਕੀਤੀ ਕਮਾਈ ਨੂੰ ਸਫਲ ਸਮਝ ਲਿਆ ਜਾਂਦਾ ਹੈ।
ਪੰਜਾਬ ਦੇ ਕਿਸਾਨਾਂ ਲਈ ਦੋ ਧਾਰਮਿਕ ਮੰਨੇ ਜਾਂਦੇ ਤਿਉਹਾਰ (‘ਹੋਲਾ ਮਹੱਲਾ’ ਮਾਰਚ ’ਚ ਤੇ ‘ਹੇਮਕੁੰਡ’ ਜੂਨ-ਜੁਲਾਈ ’ਚ) ਮੌਸਮ ਅਨੁਸਾਰ ਤਦ ਆਉਂਦੇ ਹਨ ਜਦ ਕਿਸਾਨ ਮਸਤੀ ਮਾਰਨ ਲਈ ਵਿਹਲੇ ਹੁੰਦੇ ਹਨ, ਜ਼ਿਆਦਾਤਰ ਇਸੇ ਮਸਤੀ ਨੂੰ ਉਕਤ ਦੋਵੇਂ ਤਿਉਹਾਰਾਂ ਦਾ ਇਕੱਠ ਕਹਿਣਾ ਅਣਉਚਿਤ ਨਹੀਂ ਹੋਵੇਗਾ ਕਿਉਂਕਿ ਇਨ੍ਹਾਂ ਵਿੱਚ ਧਰਮ ਪ੍ਰਤੀ ਆਸਥਾ ਨਾ ਮਾਤ੍ਰ ਹੁੰਦੀ ਹੈ। ਇਨ੍ਹਾਂ ਦੇ ਸਾਮ੍ਹਣੇ ਦੋ ਕਿਰਦਾਰ (ਭੰਗ ਪੀਣ ਵਾਲੇ ਤੇ ਕੱਚੇ ਰੰਗਾਂ ਨਾਲ ‘ਹੋਲੀ’ ਖੇਡਣ ਵਾਲੇ ਨਿਹੰਗ ਤੇ ਇਖ਼ਲਾਕ ਤੋਂ ਗਿਰੇ ਹੋਏ ਸਿਆਸੀ ਲੋਕ) ਕੇਸਗੜ੍ਹ ਸਾਹਿਬ ਵਿਖੇ ਆਪਣੀ ਇਖ਼ਲਾਕੀ ਸੋਚ ਦੀ ਨੁਮਾਇਸ਼ ਦਾ ਪ੍ਰਗਟਾਵਾ ਕਰਦੇ ਹਨ। ਬਹੁਤ ਹੀ ਘੱਟ ਗੁਰੂ ਕੇ ਲਾਲ ‘‘ਹੋਲੀ ਕੀਨੀ; ਸੰਤ ਸੇਵ ॥ ਰੰਗੁ ਲਾਗਾ; ਅਤਿ ਲਾਲ ਦੇਵ ॥’’ (ਮ: ੫/੧੧੮੦) ਬਚਨਾਂ ’ਤੇ ਪਹਿਰਾ ਦੇਣ ਵਾਲੇ ਹੁੰਦੇ ਹਨ ਜੋ ਉਕਤ ਦੋਵੇਂ ਕਿਰਦਾਰਾਂ ਨੂੰ ਅਪ੍ਰਵਾਨ ਕਰਨ ਤੋਂ ਇਲਾਵਾ ਇਨ੍ਹਾਂ ਵਿਰੁਧ ਕੋਈ ਕਦਮ ਉੱਠਾਉਣ ਲਈ ਅਸਮਰੱਥ ਹੁੰਦੇ ਹਨ।

ਗੁਰੂ ਪਿਆਰਿਆਂ ਨੂੰ ਚਾਹੀਦਾ ਹੈ ਕਿ ਉਹ ਸੰਗਤੀ ਜੋਸ਼ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ‘ਮੀਰੀ’ ਤੇ ‘ਪੀਰੀ’ ਵਿਸ਼ੇ ਬਾਰੇ ਵੱਡੇ ਪੱਧਰ ’ਤੇ ਸਾਹਿਤ (ਲਿਟਰੇਚਰ) ਛਪਵਾ ਕੇ ਸੜਕਾਂ ਕਿਨਾਰੇ ਚੱਲ ਰਹੇ ਤਮਾਮ ਲੰਗਰਾਂ ਰਾਹੀਂ ਵੰਡਣ ਦਾ ਯਤਨ ਕਰਨ ਤੇ ਉੱਥੇ ਇਸਤੇਮਾਲ ਕੀਤੇ ਜਾ ਰਹੇ ਲਾਊਡ ਸਪੀਕਰਾਂ ਉੱਤੇ ‘ਗੁਰਮਤ ਪ੍ਰਚਾਰਕਾਂ’ ਦੀਆਂ ਸੇਵਾਵਾਂ ਲਈਆਂ ਜਾਣ ਤਾਂ ਜੋ ਅਨਪੜ੍ਹ ਸਿੱਖ ਸਮਾਜ ਵੀ ਸਰੀਰਕ ਤ੍ਰਿਪਤੀ ਦੇ ਨਾਲ ਨਾਲ ਆਤਮਿਕ ਤ੍ਰਿਪਤੀ ਵੀ ਹੋ ਸਕੇ। ਵਰਤਮਾਨ ’ਚ ਇਨ੍ਹਾਂ ਲਾਊਡ ਸਪੀਕਰਾਂ ਰਾਹੀਂ ਕੇਵਲ ਲੰਗਰਾਂ ’ਚ ਪ੍ਰਾਪਤ ਵਸਤੂਆਂ ਅਤੇ ਸੰਗਤਾਂ ਨੂੰ ਲੈ ਕੇ ਜਾਣ ਵਾਲੀਆਂ ਗੱਡੀਆਂ ਨੂੰ ਖੜ੍ਹਾ ਕਰਨ ਲਈ ਪਾਰਕਿੰਗ ਬਾਰੇ ਹੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਦੀ ਸੇਵਾ ‘ਗੁਰਮਤ’ ਤੋਂ ਬਿਲਕੁਲ ਅਣਜਾਣ ਵਿਅਕਤੀ ਨਿਭਾ ਰਿਹਾ ਹੁੰਦਾ ਹੈ ਸ਼ਾਇਦ ਸੰਬੰਧਿਤ ਪ੍ਰਬੰਧਕਾਂ ਨੇ ਇਸ ਢੁੱਕਵੇਂ ਸਮੇਂ ਦੀ ਅਹਿਮੀਅਤ ਨੂੰ ਪਹਿਚਾਣਿਆ ਨਹੀਂ ਹੈ।

ਸੋ, ‘ਗੁਰਮਤ’ ਦੇ ‘ਮੀਰੀ’ ਤੇ ‘ਪੀਰੀ’ ਵਿਸ਼ੇ ’ਤੇ ਪਹਿਰਾ ਦੇਣ ਵਾਲੇ ਕਿਰਦਾਰਾਂ ਦੀ ਜ਼ਿੰਮੇਵਾਰੀ ਨਾਲ ਹੀ ‘ਗੁਰਮਤ’ ਦਾ ਪ੍ਰਚਾਰ ਤੇ ਪ੍ਰਸਾਰ ਹੋਣਾ ਸੰਭਵ ਹੈ। ਗੁਰੂ ਪਿਆਰਿਆਂ ਨੂੰ ਇਹ ਨਿਰਣਾ ਕਰਨ ’ਚ ਦੇਰੀ ਨਹੀਂ ਕਰਨੀ ਚਾਹੀਦੀ ਕਿ ਕਿਸੇ ਵੀ ਕੌਮੀ ਸਿਧਾਂਤ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਰਾਜਨੀਤਿਕ ਬੰਦਿਆਂ ਦਾ ਮਕਸਦ ਨਹੀਂ ਹੁੰਦਾ। ਗੁਰੂ ਸਾਹਿਬਾਨਾਂ ਨੇ ‘ਬਾਬਰ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਔਰੰਗਜ਼ੇਬ’ ਵਰਗੇ ਰਾਜਿਆਂ ਨੂੰ ‘ਗੁਰਮਤ’ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਨਿਯੁਕਤ ਨਹੀਂ ਕੀਤਾ ਸੀ।

ਕੁਝ ਕੁ ‘ਗੁਰਮਤ’ ਦੇ ਪ੍ਰਚਾਰਕਾਂ ਨੇ ਵੀ ‘ਮੀਰੀ’ ਸ਼ਬਦ ਦਾ ਅਰਥ ‘ਸਮਾਜਿਕ ਏਕਤਾ’ ਦੀ ਬਜਾਏ ‘ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨਾ’, ਵਖਿਆਨ ਕਰਕੇ ਵੀ ਸਿਆਸੀ ਸੋਚ ਦੇ ਮਨੋਰਥ ਨੂੰ ਸਰਲ ਕਰ ਦਿੱਤਾ ਹੈ। ਇਸ ਲਈ ਅਤਿ ਜ਼ਰੂਰਤ ਹੈ ਕਿ ਧਾਰਮਿਕ ਅਦਾਰਿਆਂ ਦੀ ਨਿਯੁਕਤੀ ਇਲੈਕਸ਼ਨ ਦੀ ਬਜਾਏ ਸਿਲੈਕਸ਼ਨ ਹੋਵੇ, ਤਾਂ ਜੋ ਗੁਰਮਤ ਕਿਰਦਾਰ ਵਾਲੇ ਜੀਵਨ ਅੱਗੇ ਆ ਸਕਣ।

ਮਾਇਆ ਦੇ ਪ੍ਰਭਾਵ ਤੋਂ ਅਛੋਹ ਰਹਿਣ ਲਈ ‘ਗੁਰਮਤ’ ’ਚ ਉਪਦੇਸ਼ਮਈ ਭਰਪੂਰ ਸ਼ਕਤੀ ਹੈ ਪਰ ਅਸਾਂ ਨੂੰ ‘ਗੁਰਮਤ’ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਦਰੁਸਤ ਕਰਨਾ ਹੋਵੇਗਾ ਤਾਂ ਹੀ ਸਾਡਾ ਭਵਿੱਖ ਬ੍ਰਾਹਮਣ ਵਾਙ ਕਰਮਕਾਂਡੀ ਨਾ ਰਹਿ ਕੇ ਆਦਰਸ਼ ਜੀਵਨ ਅਖ਼ਤਿਆਰ ਕਰੇਗਾ।

‘ਹੋਲਾ ਮਹੱਲਾ’ ਪੁਰਬ ਰਾਹੀਂ ‘ਗੁਰਮਤ’ ਦੇ ਪ੍ਰਸਾਰ ਦੀ ਉਮੀਦ ਇਨ੍ਹਾਂ (ਸਿਆਸੀ ਲੋਕਾਂ) ਪਾਸੋਂ ਰੱਖਣ ਤੋਂ ਪਹਿਲਾ ‘ਹੋਲਾ ਮਹੱਲਾ’ ਪੁਰਬ ਨੂੰ ਮਨਾਉਣ ਦੀਆਂ ਤਿੱਥਾਂ ਬਾਰੇ ਜਾਣਨਾ ਵੀ ਜ਼ਰੂਰੀ ਹੈ, ਜੋ ਕਿ ਚੰਦ੍ਰਮਾ ਦੀਆਂ ਤਿੱਥਾਂ ਅਨੁਸਾਰ ਮਨਾਏ ਜਾਣ ਕਰਕੇ ਹਰ ਸਾਲ ਕਿਸੇ ਇੱਕ ਪ੍ਰਚਲਿਤ ਮਿਤੀ ਅਨੁਸਾਰ ਨਹੀਂ ਆਉਂਦੀਆਂ, ਜਿਸ ਕਾਰਨ ਵਿਦਿਅਕ ਅਦਾਰਿਆਂ ’ਚ ਕਿਸੇ ਬੱਚੇ ਪਾਸੋਂ ‘ਹੋਲਾ ਮਹੱਲਾ’ ਪੁਰਬ ਦੀ ਮਿਤੀ ਬਾਰੇ ਸਵਾਲ ਪੁੱਛਣ ਉਪਰੰਤ ਜਵਾਬ ਮਿਲਣਾ ਅਸੰਭਵ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦ ‘ਹੋਲਾ ਮਹੱਲਾ’ ਪਹਿਲੀ ਵਾਰ ਮਨਾਇਆ ਤਾਂ ਉਸ ਦਿਨ ਚੇਤਵਦੀ 1 ਸੀ (ਭਾਵ ‘ਚੰਨ ਦੇ ਹਨ੍ਹੇਰੇ ਪੱਖ ਦੀ ਏਕਮ ਤਿੱਥ’ ਸੀ)। ਅਗਰ ਇਸ ਤਿੱਥ ਨੂੰ ਆਧਾਰ ਬਣਾ ਕੇ ਅੱਜ ‘ਹੋਲਾ ਮਹੱਲਾ’ ਮਨਾਇਆ ਜਾਏ ਤਾਂ ਇਹ ਤਿੱਥ ਪ੍ਰਚਲਿਤ ਤਿੱਥਾਂ ਦੇ ਮੁਕਾਬਲੇ ਕਦੇ ਵੀ ਸਥਿਰ ਨਹੀਂ ਰਹਿੰਦੀ। ਅੱਜ ਦੁਨੀਆਂ ਸੂਰਜ ਆਧਾਰਿਤ ਤਿੱਥਾਂ ਅਨੁਸਾਰ ਕਾਰ ਵਿਹਾਰ ਕਰਦੀ ਹੈ, ਨਾ ਕਿ ਚੰਦ੍ਰਮਾ ਆਧਾਰਿਤ ਤਿੱਥਾਂ ਅਨੁਸਾਰ।

ਸੂਰਜ ਆਧਾਰਿਤ ਈਸਵੀ ਸੰਨ ’ਚ 365/66 ਦਿਨ ਹੁੰਦੇ ਹਨ ਜਦਕਿ ਚੰਦ੍ਰਮਾ ਆਧਾਰਿਤ ਆਮ ਸਾਲ ’ਚ 354/55 ਦਿਨ, ਜਿਸ ਕਰਕੇ ਹਰ ਦੂਜੇ ਜਾਂ ਤੀਜੇ ਸਾਲ ਉਪਰੰਤ ਲੌਂਦ ਦਾ ਵਾਧੂ ਮਹੀਨਾ ਜੋੜਨਾ ਪੈਂਦਾ ਹੈ, ਜੋ ਕਿ ਇੱਕ ਸਾਲ ਦੀ ਲੰਬਾਈ 384/85 ਦਿਨ ਕਰ ਦਿੰਦਾ ਹੈ, ਜਿਸ ਨੂੰ 12 ਦੀ ਬਜਾਏ 13 ਮਹੀਨਿਆਂ ’ਚ ਵੰਡਣਾ ਵੀ ਪੈਂਦਾ ਹੈ। ਇਸ ਕਾਰਨ ਹੀ ਚੰਦ੍ਰਮਾ ਸਾਲ ਦੀਆਂ ਤਮਾਮ ਮਾਸਿਕ ਤਿੱਥਾਂ; ਪ੍ਰਚਲਿਤ ਸੂਰਜੀ ਤਿੱਥਾਂ ਦੇ ਮੁਕਾਬਲੇ ਅਲੱਗ-ਥਲੱਗ ਹੋ ਜਾਂਦੀਆਂ ਹਨ।

ਪਹਿਲੀ ਵਾਰ ਮਨਾਏ ਗਏ ‘ਹੋਲਾ ਮਹੱਲੇ’ ਦੀ ਤਿੱਥ ਚੇਤਵਦੀ 1 ਨੂੰ ਅਗਰ ਵਰਤਮਾਨ ਦੇ ਪ੍ਰਚਲਿਤ ਦਿਨ (ਭਾਵ ਸੂਰਜ ਆਧਾਰਿਤ ਚੇਤ ਮਹੀਨੇ ਦੇ ਦਿਨ ਤੇ ਈਸਵੀ ਆਧਾਰਿਤ ਮਾਰਚ ਮਹੀਨੇ ਦੇ ਦਿਨ) ਅਨੁਸਾਰ ਪੁਰਬ ਮਨਾਈਏ ਤਾਂ ਹੇਠਾਂ ਦਿੱਤੀ ਵਿਭਿੰਨਤਾ ਸਾਮ੍ਹਣੇ ਆਉਂਦੀ ਹੈ:

(1). ਸੰਨ 2015 ’ਚ ‘ਚੇਤ ਵਦੀ ਏਕਮ’ (ਭਾਵ ‘ਹੋਲਾ ਮਹੱਲਾ’) 6 ਮਾਰਚ/ 23 ਫੱਗਣ ਨੂੰ ਆਇਆ ਸੀ।

(2). ਸੰਨ 2016 ’ਚ ‘ਚੇਤ ਵਦੀ ਏਕਮ’ 24 ਮਾਰਚ/ 11 ਚੇਤ ਨੂੰ ਆ ਰਿਹਾ ਹੈ।

(3). ਸੰਨ 2017 ’ਚ ‘ਚੇਤ ਵਦੀ ਏਕਮ’ 13 ਮਾਰਚ/ 30 ਫੱਗਣ ਨੂੰ ਆਵੇਗਾ, ਆਦਿ।

ਨਾਨਕਸ਼ਾਹੀ ਸੰਮਤ 14 ਮਾਰਚ/ 1 ਚੇਤ ਤੋਂ ਸ਼ੁਰੂ ਹੋ ਕੇ 13 ਮਾਰਚ/ 30 ਫੱਗਣ (ਜਾਂ ਲੀਪ ਦੇ ਸਾਲ ’ਚ 31 ਫੱਗਣ) ਤੱਕ ਸਮਾਪਤ ਹੋ ਜਾਂਦਾ ਹੈ। ਇਸ ਹਿਸਾਬ ਨਾਲ ਪਿਛਲੇ ਸਾਲ (ਭਾਵ ਨਾਨਕਸ਼ਾਹੀ ਸੰਮਤ 547 ਜਾਂ 366 ਦਿਨਾਂ) ’ਚ ‘ਹੋਲਾ ਮਹੱਲਾ’ ਪੁਰਬ ਆਇਆ ਹੀ ਨਹੀਂ ਜਦਕਿ ਇਸ ਸਾਲ (ਭਾਵ ਨਾਨਕਸ਼ਾਹੀ ਸੰਮਤ 548 ਜਾਂ 365 ਦਿਨਾਂ) ’ਚ ਦੋ ਵਾਰ (11 ਚੇਤ ਤੇ 30 ਫੱਗਣ) ਨੂੰ ਆਏਗਾ।

ਅਜਿਹੀ ਦੁਬਿਧਾ ਪੈਦਾ ਕਰਨ ’ਚ ਸਿਆਸੀ ਲੋਕ ਤੇ ਡੇਰਾਵਾਦੀ ਸਿੱਖ ਹਨ, ਜੋ ‘ਗੁਰਮਤ’ ਤੇ ਇਸ ਦੇ ਪ੍ਰਚਾਰ ਲਈ ਨਿਸ਼ਚਿਤ ਕੀਤੇ ਤਿਉਹਾਰਾਂ ਨੂੰ ‘ਬ੍ਰਾਹਮਣਵਾਦੀ ਸੋਚ’ ਤੋਂ ਅਲੱਗ ਕਰਨ ਦੇ ਰਸਤੇ ’ਚ ਹਮੇਸ਼ਾਂ ਰੁਕਾਵਟ ਬਣੇ ਰਹਿੰਦੇ ਹਨ, ਬੇਸ਼ੱਕ ਮੁੱਦਾ ਔਰਤ ਨੂੰ ਸਮਾਨਤਾ ਦੇ ਅਧਿਕਾਰ ਦਾ ਹੋਵੇ ਜਾਂ ਇਤਿਹਾਸ ’ਚ ਕੀਤੀ ਗਈ ਮਿਲਗੋਭਾ ਨੂੰ ਅਲੱਗ ਕਰਨ ਦਾ, ਆਦਿ।

ਗਿਆਨੀ ਅਵਤਾਰ ਸਿੰਘ

Leave a Reply

Your email address will not be published. Required fields are marked *