ਦਿੱਲੀ ਫ਼ਤਿਹ
ਜਦੋਂ ਦਿੱਲੀ ਤਖਤ ਤੇ ਸ਼ਾਹ ਆਲਮ ਦੂਜੇ ਦਾ ਰਾਜ ਸੀ ਜੋ ਕਿ ਬਹੁਤ ਕਮਜ਼ੋਰ ਬਾਦਸ਼ਾਹ ਸੀ ਅਤੇ ਉਹ ਵਜ਼ੀਰਾਂ ਦੀ ਸਲਾਹ ਬਗੈਰ ਬਿਲਕੁਲ ਨਹੀਂ ਚੱਲ ਸਕਦਾ ਸੀ। ਸੋ ਇਸ ਕਰਕੇ ਹੀ ਮਰਹੱਟਿਆਂ ਨੇ ਸੰਨ ੧੭੮੩ ਈ: ਨੂੰ ਦਿੱਲੀ ਤਖਤ ਤੇ ਕਬਜ਼ਾ ਕਰ ਲਿਆ ਤੇ ਖ਼ੂਬ ਲੁੱਟ ਮਚਾਈ। ਜਦ ਇਸ ਬਾਰੇ ਅੰਗਰੇਜ਼ਾਂ ਨੂੰ ਪਤਾ ਲੱਗਾ ਤਾ ਉਨ੍ਹਾਂ ਵੀ ਫੌਜ ਲੈ ਕੇ ਦਿੱਲੀ ਤੇ ਕਬਜ਼ਾ ਕਰਨ ਲਈ ਕੂਚ ਕਰ ਦਿੱਤਾ। ਜਦ ਇਸ ਬਾਰੇ ਮਰਹੱਟਿਆਂ ਨੂੰ ਪਤਾ ਲੱਗਾ ਉਹ ਦਿੱਲੀ ਛੱਡ ਕੇ ਦੌੜ ਗਏ। ਹੁਣ ਸ਼ਾਹ ਆਲਮ ਨੇ ਸੋਚਿਆ ਕਿ ਅਗਰ ਮਰਹੱਟਿਆਂ ਤੋਂ ਬਾਅਦ ਅੰਗਰੇਜ਼ ਕਾਬਜ਼ ਹੋ ਗਏ ਤਾਂ ਹੋਰ ਵੀ ਮੁਸ਼ਕਲ ਹੋ ਜਾਵੇ ਗਾ ਸੋ ਉਸ ਨੇ ਅੰਗਰੇਜ਼ ਨੂੰ ਟੱਕਰ ਦੇਣ ਲਈ ਸਿਰਦਾਰ ਬਘੇਲ ਸਿੰਘ ਅੰਗਰੇਜ਼ ਤੋਂ ਤਾਕਤਵਰ ਸਮਝਦੇ ਹੋਏ ਉਸ ਕੋਲ ਮਦਦ ਦੀ ਗੁਹਾਰ ਲਗਾਈ। ਇਹ ਉਹੀ ਬਘੇਲ ਸਿੰਘ ਹੈ ਜਿਸ ਦਾ ਜਨਮ ਤਰਨ ਤਾਰਨ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਝਬਾਲ ਵਿਖੇ ਹੋਇਆ ਸੀ। ਜਦ ਇਸ ਨੇ ਹੋਸ਼ ਸੰਭਾਲੀ ਤੇ ਮੁੱਛ-ਫੁੱਟ ਹੁੰਦਿਆਂ ਹੀ ਅੰਮ੍ਰਿਤ ਛਕਿਆ ਤੇ ਦਲ ਖਾਲਸਾ ਦਾ ਮੈਂਬਰ ਬਣ ਗਿਆ ਜੋ ਉਸ ਵੇਲੇ ਸਿੱਖ ਯੋਧਿਆਂ ਦੀ ਨੁਮਾਇੰਦਾ ਜਮਾਤ ਸੀ। ਜਦ ਮਿਸਲਾਂ ਬਣੀਆਂ ਤਾਂ ਉਹ ਕ੍ਰੋੜਸਿੰਘੀਆ ਮਿਸਲ ਵਿੱਚ ਸ਼ਾਮਲ ਹੋ ਗਿਆ ਜਿਸ ਦਾ ਸਿਰਦਾਰ ਜਥੇਦਾਰ ਕ੍ਰੋੜ ਸਿੰਘ ਸੀ।
ਉੱਚਾ ਲੰਮਾ ਸੁਡੌਲ, ਸੁੰਦਰ ਕੱਦ-ਕਾਠ, ਪੱਕਾ ਰੰਗ ਤੇ ਭੂਰੀਆਂ ਅੱਖਾਂ ਵਾਲਾ ਬਹਾਦਰ, ਹੌਂਸਲੇ ਵਾਲਾ, ਖੁੱਲ੍ਹੇ ਦਿਲ ਵਾਲਾ ਇਹ ਚੋਬਰ ਸਾਰੀ ਮਿਸਲ ਦੀ ਖਿੱਚ ਦਾ ਕਾਰਨ ਹੁੰਦਾ ਸੀ। ਘੋੜਸਵਾਰੀ ਕਰਦਾ, ਨਿਸ਼ਾਨੇ ਲਾਉਂਦਾ, ਤਲਵਾਰ ਚਲਾਉਂਦਾ, ਸਭ ਨੂੰ ਮਾਤ ਪਾ ਦਿੰਦਾ ਤੇ ਜੱਥੇਦਾਰ ਦੀ ਵਾਹ-ਵਾਹੀ ਖੱਟਦਾ। ਬਾਹਰੋਂ ਸਖ਼ਤ, ਅੰਦਰੋਂ ਨਰਮ, ਤੇਜ਼-ਤਰਾਰ ਦੂਰ ਦੀ ਸੂਝ ਵਾਲਾ ਦਿਮਾਗ, ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ, ਮਿੱਠ ਬੋਲੜਾ ਤੇ ਆਦਰ ਦੇਣ ਵਾਲਾ ਇਹ ਯੁਵਕ ਸਭ ਤੋਂ ਇਜ਼ਤ ਖੱਟਦਾ। ਉਹ ਅਜਿਹਾ ਸਿੱਖ ਸੀ ਜੋ ਸਿੱਖੀ ਕਦਰਾਂ ਕੀਮਤਾਂ ਦਾ ਪੱਕਾ ਧਾਰਨੀ ਸੀ। ਉਸ ਉਤੇ ਹਰ ਕੋਈ ਭਰੋਸਾ ਕਰਦਾ ਕਿਉਂਕਿ ਅਗਲੇ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਉਹ ਆਪਣੀ ਜਾਨ ਤੱਕ ਲਾਉਣ ਲਈ ਤਿਆਰ ਹੁੰਦਾ।
ਸਾਰੇ ਧਰਮਾਂ ਦੇ ਲੋਕ ਉਸ ਕੋਲ ਮਦਦ ਲਈ ਪਹੁੰਚਦੇ। ਜਦ ਅੰਗ੍ਰੇਜ਼ ਥਾਮਸ ਨੇ ਜੀਂਦ ਉਪਰ ਹਮਲਾ ਕਰਕੇ ਆਪਣੇ ਆਪ ਨੂੰ ਮੁਸੀਬਤ ਵਿੱਚ ਫਸਿਆ ਸਮਝਿਆ ਤਾਂ ਉਸ ਨੇ ਵੀ ਬੁੱਢੇ ਜਰਨੈਲ ਬਘੇਲ ਸਿੰਘ ਅੱਗੇ ਮਦਦ ਲਈ ਵਾਸਤੇ ਪਾਏ ਜਿਸ ਦੀ ਬਘੇਲ ਸਿੰਘ ਨੇ ਮਦਦ ਕਰਕੇ ਜਿੱਤ ਦਿਵਾਈ।
ਸੰਨ ੧੭੬੧ ਈ: ਵਿੱਚ ਜਦ ਕ੍ਰੋੜ ਸਿੰਘ ਸਵਰਗਵਾਸ ਹੋਇਆ ਤਾਂ ਜੱਥੇਦਾਰ ਬਘੇਲ ਸਿੰਘ ਨੂੰ ਸਰਬ-ਸੰਮਤੀ ਨਾਲ ਮਿਸਲ ਦਾ ਜੱਥੇਦਾਰ ਚੁਣ ਲਿਆ ਗਿਆ। ਸੱਠ ਸਾਲ ਉਸ ਨੇ ਇਹ ਜੱਥੇਦਾਰੀ ਨਿਭਾਹੀ ਤੇ ਇਸ ਮਿਸਲ ਨੂੰ ਆਪਣੀ ਸੂਝ-ਬੂਝ ਨਾਲ ਸਿੱਖਾਂ ਵਿੱਚ ਹੀ ਨਹੀਂ ਸਾਰੇ ਹਿੰਦੁਸਤਾਨ ਵਿੱਚ ਇੱਕ ਉੱਚਾ ਨਾਮ ਦਿੱਤਾ। ਆਪਣੀ ਮਿਸਲ ਨੂੰ ਉਸ ਨੇ ਲਗਾਤਾਰ ਵਧਾਇਆ ਤੇ ਫੈਲਾਇਆ।
ਬਾਦਸ਼ਾਹ ਆਲਮ ਦੀ ਬੇਨਤੀ ਮੰਨਦੇ ਹੋਏ ਸਿਰਦਾਰ ਬਘੇਲ ਸਿੰਘ ੮ ਮਾਰਚ, ੧੭੮੩ ਨੂੰ ਅਪਣੀ ੩੦,੦੦੦ ਫੌਜ ਨਾਲ ਦਿੱਲੀ ਵਿੱਚ ਜਾ ਦਾਖ਼ਲ ਹੋਏ। ਜਿਸ ਜਗਾਹ ਸਿੰਘਾਂ ਨੇ ਉਤਾਰਾ ਕੀਤਾ ਸੀ ਉਸ ਜਗਾਹ ਨੂੰ ਉਸ ਸਮੇਂ ਤੋਂ ਹੀ ਤੀਸ ਹਜ਼ਾਰੀ ਆਖਿਆ ਜਾਣ ਲੱਗਾ। ਜਿੱਥੇ ਅੱਜ-ਕੱਲ ਤੀਸ ਹਜ਼ਾਰੀ ਕੋਰਟ ( ਕਚਹਿਰੀਆਂ) ਹਨ।
ਉਧਰ ਜਦ ਅੰਗਰੇਜ਼ ਨੂੰ ਪਤਾ ਲੱਗਾ ਕਿ ਆਲਮ ਸ਼ਾਹ ਦੀ ਮਦਦ ਲਈ ਸਿੱਖ ਸਿਰਦਾਰ ਬਘੇਲ ਸਿੰਘ ਦੀ ਜਥੇਦਾਰੀ ਹੇਠ ਦਿੱਲੀ ਪਹੁੰਚ ਗਏ ਹਨ ਤਾਂ ਉਹ ਜਿੱਥੇ ਸੀ ਉੱਥੋਂ ਹੀ ਪਿੱਛੇ ਮੁੜ ਗਿਆ। ਹੁਣ ਸ਼ਾਹ ਆਲਮ ਨੇ ਜਦ ਦੇਖਿਆਂ ਕਿ ਹੁਣ ਅੰਗਰੇਜ਼ ਵਾਪਸ ਮੁੜ ਗਿਆ ਹੈ ਸੋ ਉਸ ਨੇ ਸਿਰਦਾਰ ਬਘੇਲ ਸਿੰਘ ਨੂੰ ਸੁਨੇਹਾ ਭੇਜਿਆ ਕਿ ਹੁਣ ਸਾਨੂੰ ਤੁਹਾਡੀ ਮਦਦ ਦੀ ਜ਼ਰੂਰਤ ਨਹੀਂ ਸੋ ਆਪ ਜੀ ਵਾਪਸ ਚੱਲੇ ਜਾਉ। ਪਰ ਸਿਰਦਾਰ ਬਘੇਲ ਸਿੰਘ ਨੇ ਵਾਪਸ ਸੁਨੇਹਾ ਦਿੱਤਾ ਕਿ ਅਗਰ ਤੂੰ ਸਾਡੀ ੩੦,੦੦੦ ਫੌਜ ਦਾ ਖ਼ਰਚਾ ਦੇ ਦਿੰਦਾ ਹੈ ਤਾਂ ਅਸੀ ਵਾਪਸ ਜਾ ਸਕਦਾ ਹਾਂ ਨਹੀ ਤਾਂ ਖਾਲਸਾ ਅਪਣਾ ਹੱਕ ਲੈਣਾ ਜਾਣਦਾ ਹੈ। ਸੋ ਜਦ ਬਾਦਸ਼ਾਹ ਨੂੰ ਇਹ ਖ਼ਬਰ ਮਿਲੀ ਤਾਂ ਉਸ ਨੇ ਦਿੱਲੀ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰ ਲਏ ਸਨ। ਤਦ ਤੱਕ ਸਿਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਿਰਦਾਰ ਜੱਸਾ ਸਿੰਘ ਰਾਮਗੜ੍ਹੀਆ ਵੀ ਆਪਣੀਆਂ ੧੦,੦੦੦ ਫੌਜਾਂ ਸਮੇਤ ਪਹੁੰਚ ਚੁੱਕੇ ਸਨ। ਸੋ ਜੱਸਾ ਸਿੰਘ ਆਹਲੂਵਾਲੀਆ ਨੇ ਕਿਹਾ ਕੀ ਹੋਇਆਂ ਜੇ ਦਰਵਾਜ਼ੇ ਬੰਦ ਕਰ ਲਏ ਹਨ। ਖਾਲਸਾ ਅਪਣਾ ਰਸਤਾ ਖ਼ੁਦ ਬਣਾਉਣਾ ਜਾਣਦਾ ਹੈ। ਸੋ ਸਿੰਘਾਂ ਨੇ ਇੱਕ ਦਰਖ਼ਤ ਕੱਟ ਕੇ ਉਸ ਦੇ ਤਣੇ ਦੇ ਇੱਕ ਪਾਸੇ ਤਿੱਖੀ ਨੋਕ ਬਣਾ ਕੇ ਉਸ ਨਾਲ ਦਰਵਾਜ਼ੇ ਵਿੱਚ ਮੋਰੀ ਕਰ ਦਿੱਤੀ ਤੇ ਉਸ ਮੋਰੀ ਰਾਹੀਂ ਸਾਰੀ ਫੌਜ ਅੰਦਰ ਦਾਖਲ ਹੋ ਗਈ। ਇਹ ਮੋਰੀ ਬਾਅਦ ਵਿੱਚ ਵੀ ਸਿੰਘਾਂ ਨੇ ਬੰਦ ਨਹੀਂ ਹੋਣ ਦਿੱਤੀ ਬਲਕਿ ਇੱਕ ਗੇਟ ਲਗਾ ਦਿੱਤਾ ਜਿਸ ਨੂੰ ਅੱਜ ਕੱਲ ਮੋਰੀ ਗੇਟ ਕਹਿੰਦੇ ਹਨ। ਜਦ ਬਾਦਸ਼ਾਹ ਨੂੰ ਪਤਾ ਲੱਗਾ ਤਾਂ ਉਹ ਆਪ ਤਾਂ ਦੌੜ ਕੇ ਲੁਕ ਗਿਆ ਪਰ ਉਸ ਦਿਆਂ ਬੇਗਮਾਂ ਤੇ ਬੱਚੇ ਉੱਥੇ ਲਾਲ ਕਿਲ੍ਹੇ ਦੇ ਅੰਦਰ ਹੀ ਰਹਿ ਗਏ ਸਨ। ਸੋ ਜੱਸਾ ਆਹਲੂਵਾਲੀਆ ਨੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਕਿ ਬੇਗਮਾਂ ਤੇ ਬੱਚਿਆ ਨੂੰ ਬਿਲਕੁਲ ਆਦਰ ਸਾਹਿਤ ਰੱਖਣਾ ਹੈ। ਹੁਣ ਬਾਦਸ਼ਾਹੀ ਤਖਤ ਖਾਲ਼ੀ ਸੀ ਤੇ ਖਾਲਸਾ ਲਾਲ ਕਿਲ੍ਹੇ ਤੇ ਖਾਲਸਈ ਨਿਸ਼ਾਨ ਝੁਲਾ ਕੇ ਪੂਰੀ ਤਰ੍ਹਾਂ ਕਾਬਜ ਹੋ ਚੁੱਕਾ ਸੀ ਜਿਸ ਕਰਕੇ ਕੁਝ ਸਿੰਘਾਂ ਨੇ ਸਿਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਇਸ ਕਰਕੇ ਤਖਤ ਤੇ ਬਿਠਾ ਦਿੱਤਾ ਕਿਉਂਕਿ ੧੭੬੫ ਈ: ਨੂੰ ਸਿੱਖ ਕੌਮ ਆਹਲੂਵਾਲੀਆ ਜੀ ਨੂੰ ਸੁਲਤਾਨ-ਉੱਲ-ਕੌਮ ਦਾ ਖਿਤਾਬ ਦੇ ਚੁੱਕੀ ਸੀ। ਪਰ ਸਿਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਵਿਰੋਧ ਕਾਰਨ ਅਤੇ ਅਪਣੀ ਦੂਰ ਅੰਦੇਸ਼ੀ ਕਾਰਨ ਜੱਸਾ ਸਿੰਘ ਆਹਲੂਵਾਲੀਆ ਉੱਥੋਂ ਉਠ ਖੜੇ ਹੋਏ। ਬਾਅਦ ਵਿੱਚ ਉਸ ਦੀ ਇਕ ਵੱਡੀ ਸਿੱਲ੍ਹ ਤੇ ਚਾਰ ਵੱਡੀਆਂ ਤੋਪਾਂ ਜੱਸਾ ਸਿੰਘ ਰਾਮਗੜ੍ਹੀਆ ਘੋੜਿਆਂ ਪਿੱਛੇ ਬੰਨ ਕੇ ਅੰਮ੍ਰਿਤਸਰ ਲੈ ਗਏ ਜੋ ਅੱਜ ਰਾਮ ਗੜ੍ਹੀਏ ਬੁੰਗੇ ਵਿੱਚ ਪਈ ਹੋਈ ਹੈ।
ਇਧਰ ਆਲਮ ਸ਼ਾਹ ਨੇ ਕਿਸੇ ਗੁਪਤ ਥਾਂ ਤੇ ਅਪਣੇ ਵਜ਼ੀਰਾਂ ਨਾਲ ਸਲਾਹ ਮਸ਼ਵਰਾ ਕਰ ਕੇ ਸਿੰਘਾਂ ਨਾਲ ਸਮਝਾਉਤਾ ਕਰਨ ਨੂੰ ਤਰਜੀਹ ਦਿੱਤੀ। ਸੋ ਸਮਝੌਤੇ ਲਈ ਹੁਣ ਕਿਸੇ ਵਿਚੋਲੇ ਦੀ ਲੋੜ ਸੀ ਜਿਸ ਲਈ ਸਮਰੋ ਬੇਗਮ ਨੂੰ ਚੁਣਿਆਂ ਗਿਆ ਤੇ ਉਸ ਨੂੰ ਬੁਲਾਵਾ ਭੇਜਿਆ।
ਸਮਰੋ ਬੇਗਮ ਦਾ ਪਹਿਲਾ ਨਾਮ ਫਰਿਜਾਦਾ ਬੇਗਮ ਸੀ ਤੇ ਇਸ ਨੇ ਗੁਲ-ਬਦਨ ਤੋਂ ਨਾਚ ਗਾਣਾ ਸਿੱਖਿਆ ਸੀ। ਇਕ ਅੰਗਰੇਜ ਵਾਲਟਨ ਸੋਮਰ (ਸਮਰੂ) ਨੂੰ ਇਹ ਪਸੰਦ ਆ ਗਈ ਤੇ ਉਹ ਇਸ ਨੂੰ ਅਪਣੇ ਨਾਲ ਸਰਧਨਾ ਪ੍ਰਾਂਤ ਲੈ ਗਿਆ ਜਿੱਥੋਂ ਦਾ ਇਹ ਅਹਿਲਕਾਰ ਸੀ ਪਰ ਬਾਅਦ ਵਿੱਚ ਮਾਲਕ ਬਣ ਗਿਆ। ਫਰਿਜਾਨਾ ਨੇ ਇਸ ਨਾਲ ਵਿਆਹ ਕਰਵਾ ਲਿਆ ਤੇ ਇਹ ਫਿਰ ਬੇਗਮ ਸਮਰੂ ਬਣ ਗਈ। ਇਹ ਬਹੁਤ ਚੁਸਤ ਸਿਆਣੀ ਤੇ ਦੂਰ ਅੰਦੇਸ਼ ਔਰਤ ਸੀ ਸੋ ਇਸ ਨੇ ਅੰਗਰੇਜ਼ੀ , ਘੋੜ ਸਵਾਰੀ ਤੇ ਪ੍ਰਬੰਧ ਕਰਨਾ ਵੀ ਸਿੱਖ ਲਿਆ। ਜਦ ੧੭੭੮ ਵਿੱਚ ਵਾਲਟਨ ਮਰ ਗਿਆ ਤਾਂ ਇਸ ਨੇ ਪ੍ਰਬੰਧ ਅਪਣੇ ਹੱਥ ਲੈ ਲਿਆ ਤੇ ਇਸਾਈ ਧਰਮ ਨੂੰ ਵੀ ਅਪਣਾ ਲਿਆ ਸੀ। ਇਹ ਸਿਰਦਾਰ ਬਘੇਲ ਸਿੰਘ ਨੂੰ ੧੦,੦੦੦ ਰੁਪਏ ਤੇ ੧੦ ਘੋੜੇ ਪੇਸ਼ ਕਰ ਕੇ ਉਸ ਦੀ ਮੂੰਹ ਬੋਲੀ ਭੈਣ ਉਸ ਸਮੇਂ ਬਣ ਗਈ ਜਦ ਇੱਕ ਵਾਰੀ ਇਹ ਪਾਲਕੀ ਵਿੱਚ ਬੈਠ ਕੇ ਜਾ ਰਹੀ ਸੀ ਅਤੇ ਸਿੰਘਾਂ ਨੇ ਸਮਝਿਆਂ ਸ਼ਾਇਦ ਕਿਸੇ ਗਰੀਬ ਦਾ ਡੋਲਾ ਲੁੱਟਿਆਂ ਗਿਆ ਹੈ ਤਾਂ ਉਨ੍ਹਾਂ ਨੇ ਇਸ ਤੇ ਹਮਲਾ ਕੀਤਾ ਅਤੇ ਇਸ ਦੇ ਸਾਰੇ ਕਹਾਰ ਛੱਡ ਕੇ ਭੱਜ ਗਏ ਪਰ ਜਦ ਬਘੇਲ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਕਹਾਰਾਂ ਨੂੰ ਲੱਭ ਕੇ ਅਤੇ ਨਾਲ ਪੰਜ ਸਿੰਘ ਭੇਜ ਕੇ ਇਸ ਦੇ ਟਿਕਾਣੇ ਤੇ ਪਹੁੰਚਾਇਆਂ ਸੀ।
ਜਦ ਸਮਰੋ ਬੇਗਮ ਨੇ ਆ ਕੇ ਸ਼ਾਹ ਆਲਮ ਦੂਜੇ ਨੂੰ ਸਿੱਖਾਂ ਬਾਰੇ ਦੱਸਿਆ ਤਾਂ ਅਉਸਰ ਨੇ ਬਘੇਲ ਸਿੰਘ ਨਾਲ ਗੱਲ ਕਰਨ ਲਈ ਕਿਹਾ। ਬਘੇਲ ਸਿੰਘ ਨੂੰ ਮਿਲ ਕੇ ਬੇਗਮ ਸਮਰੋ ਨੇ ਬਾਦਸ਼ਾਹ ਤੋਂ ਇਹ ਸ਼ਰਤਾਂ ਮਨਵਾਈਆਂ।
(ੳ) ਖਾਲਸੇ ਨੂੰ ਤਿੰਨ ਲੱਖ ਇਵਜ਼ਾਨਾ ਜੁਰਮਾਨੇ ਵਜੋਂ ਦਿੱਤਾ ਜਾਵੇਗਾ।
(ਅ) ਬਘੇਲ ਸਿੰਘ ਦਿੱਲੀ ਵਿੱਚ ਚਾਰ ਹਜ਼ਾਰ ਸਿਪਾਹੀ ਰੱਖ ਸਕਦਾ ਹੈ। ਉਸ ਦਾ ਦਫ਼ਤਰ ਸਬਜ਼ੀ ਮੰਡੀ ਹੋਵੇਗਾ।
(ੲ) ਬਘੇਲ ਸਿੰਘ ਨੂੰ ਸਤ ਸਿੱਖ ਇਤਿਹਾਸਕ ਗੁਰਦੁਆਰੇ ਬਨਾਉਣ ਦੀ ਖੁੱਲ੍ਹ ਹੋਵੇਗੀ ਜੋ ਜਲਦੀ ਹੀ ਪੂਰਨ ਕਰਨ ਤੇ ਬਘੇਲ ਸਿੰਘ ਵਾਪਸ ਜਾਵੇਗਾ।
(ਸ) ਬਘੇਲ ਸਿੰਘ ਸਾਰੀ ਦਿੱਲੀ ਦੀ ਚੁੰਗੀ ਉਗਰਾਹੇਗਾ ਤੇ ਛਿਆਨੀ (ਰੁਪੈ ਵਿੱਚੋਂ ਛੇ ਆਨੇ) ਆਪਣੇ ਖਰਚ ਲਈ ਲਵੇਗਾ, ਜਿਸ ਵਿੱਚੋਂ ਗੁਰਦੁਆਰੇ ਬਣਾਏ ਜਾਣਗੇ।
(ਹ) ਦਿੱਲੀ ਵਿੱਚ ਰਹਿੰਦੇ ਹੋਏ ਸਿੱਖ ਕੋਈ ਲੁੱਟ-ਖੋਹ ਨਹੀਂ ਕਰਨਗੇ।
ਸਮਝੌਤੇ ਪਿਛੋਂ ੪੦੦੦ ਸਿਪਾਹੀਆਂ ਨਾਲ ਬਘੇਲ ਸਿੰਘ ਨੇ ਸਤ ਗੁਰਦੁਆਰੇ ਮਾਤਾ ਸੁੰਦਰੀ, ਮਜਨੂੰ ਟਿਲਾ, ਮੋਤੀ ਬਾਗ, ਬੰਗਲਾ ਸਾਹਿਬ, ਸੀਸ ਗੰਜ, ਰਕਾਬ ਗੰਜ, ਬਾਲਾ ਸਾਹਿਬ ਪਹਿਲ ਦੇ ਆਧਾਰ `ਤੇ ਉਸਾਰੇ। ਉਸ ਸਮੇਂ ਦਿੱਲੀ ਦੀ ਪਰਜਾ ਨੇ ਬਹੁਤ ਰਾਹਤ ਮਹਿਸੂਸ ਕੀਤੀ। ਬਘੇਲ ਸਿੰਘ ਦੀ ਸਿੱਖ ਕੌਮ ਲਈ ਇਹ ਬਹੁਤ ਵੱਡੀ ਦੇਣ ਸੀ। ਬਾਦਸ਼ਾਹ ਆਲਮ ਦੂਜਾ ਬਘੇਲ ਸਿੰਘ ਨੂੰ ਮਿਲਣ ਦਾ ਇਛੁਕ ਸੀ ਪਰ ਇਸ ਲਈ ਬਘੇਲ ਸਿੰਘ ਨੇ ਸ਼ਰਤਾਂ ਰੱਖੀਆਂ ਕਿ ਉਹ ਸਿਰ ਨਹੀਂ ਝੁਕਾਏਗਾ, ਇਕੱਲਾ ਨਹੀਂ ਆਏਗਾ ਤੇ ਕਿਸੇ ਦਾ ਕੋਈ ਬੁਰਾ ਕਟਾਖ ਨਹੀਂ ਸਹੇਗਾ। ਬਾਦਸ਼ਾਹ ਦੇ ਮੰਨਣ `ਤੇ ਸਭ ਬੁਚੜਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ। ਹਾਥੀ ਦੀ ਸਵਾਰੀ `ਤੇ ਬਘੇਲ ਸਿੰਘ, ਸ਼ਾਹੀ ਦਰਬਾਰ ਵਿੱਚ ਸ਼ਸ਼ਤਰਧਾਰੀ ਸਿੱਖਾਂ ਸਮੇਤ ਪਹੁੰਚਿਆ, ਬਾਦਸ਼ਾਹ ਮਿਲਣ `ਤੇ ਖੁਸ਼ ਹੋਇਆ ਉਸ ਦਾ ਆਸਣ ਬਾਦਸ਼ਾਹ ਦੇ ਬਰਾਬਰ ਲਗਾਇਆ ਗਿਆ ਤੇ ਤੋਹਫੇ ਦੇ ਕੇ ਵਿਦਾ ਕੀਤਾ।
ਇਸ ਯੋਧੇ ਨੇ ਜਿੱਥੇ ਮਰਿਆਦਾ ਵਿੱਚ ਰਹਿ ਕੇ ਅਪਣੀ ਮਿਸਲ ਦਾ ਪਸਾਰ ਕੀਤਾ ਉੱਥੇ ਸਿੱਖੀ ਪ੍ਰਚਾਰ ਕਰਦੇ ਹੋਏ ਕਈ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਵੀ ਲਾਇਆ। ਇਸ ਤਰ੍ਹਾਂ ਸਿੱਖ ਰਾਜ ਦਾ ਇੱਕ ਉਜਲ ਸਿਤਾਰਾ ਸਿੱਖਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਲਿਜਾਦਾ ਹੋਇਆਂ ਅਪਣੀ ਰਾਜਧਾਨੀ ਹਰਿਆਣਾ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੈ ੧੮੦੦ਈ: ਵਿੱਚ ਰੱਬ ਨੂੰ ਪਿਆਰਾ ਹੋ ਗਿਆ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।।