ਸਾਹਿਬ ਤੁਠੈ ਜੋ ਮਿਲੈ
ਇਨਸਾਨ ਦਾ ਕੰਮ ਹਿੰਮਤ ਕਰਨਾ ਅਤੇ ਸੱਚ ਲਈ ਅੜਨਾ, ਲੜਨਾ ਅਤੇ ਖੜਨਾ ਹੈ ਬਾਕੀ ਮਿਲਣਾ ਉਸ ਸਮੇਂ ਹੀ ਹੈ ਜਦ ਪ੍ਰਭੂ ਤਰੁਠ ਕੇ ਦਿੰਦਾ ਹੈ ਵਰਨਾ ਕੋਈ ਕਿਸੇ ਨੂੰ ਕੀ ਦੇ ਸਕਦਾ ਹੈ ਬਲਕਿ ਹਰ ਕੋਈ ਖੋਹਣ ਵੱਲ ਹੀ ਲੱਗਾ ਹੋਇਆਂ ਹੈ।ਇੱਥੋਂ ਤੱਕ ਕਿ ਜੋ ਸਰਕਾਰਾਂ ਜਨਤਾ ਦੇ ਹੱਕਾਂ ਦੀ ਰਾਖੀ ਕਰਨ ਲਈ ਬਣਦੀਆਂ ਹਨ ਉਹੀ ਵਾੜ ਜਦ ਖੇਤ ਨੂੰ ਖਾਣ ਲੱਗ ਜਾਏ ਤਾ ਫਿਰ ਪ੍ਰਭੂ ਅਪਣੇ ਪਿਆਰਿਆਂ ਨੂੰ ਥਾਪੜਾਂ ਦਿੰਦਾ ਹੈ ਅਤੇ ਉਹ ਮੈਦਾਨ ਵਿੱਚ ਨਿੱਤਰ ਪੈਂਦੇ ਹਨ। ਠੀਕ ਇਸੇ ਤਰ੍ਹਾਂ ਹੀ ਜਦ ਸਰਕਾਰ ਹੱਦਾਂ ਹੀ ਟੱਪ ਗਈ ਅਤੇ ਸਿੱਧੇ ਤੌਰ ਤੇ ਹੀ ਕਿਸਾਨਾਂ ਦੇ ਹੱਕਾਂ ਤੇ ਡਾਕੇ ਮਾਰਨ ਦੀ ਜਗ੍ਹਾ ਖੋਹਣ ਨੂੰ ਹੀ ਆ ਪਈ ਤਾ ਪੰਜਾਬ ਦੇ ਸ਼ੇਰਾਂ ਨੇ ਇਸ ਵੰਗਾਰ ਨੂੰ ਕਬੂਲਿਆ । ਕਿਸਾਨ ਮੋਰਚਾ ਪੰਜਾਬ ਤੋ ਸ਼ੁਰੂ ਹੋ ਕੇ ਸੰਗਤਾਂ ਦੇ ਉਤਸ਼ਾਹ ਤੇ ਗੁਰੂ ਦੀ ਕ੍ਰਿਪਾ ਸਦਕਾ ਦਿੱਲੀ ਦੀਆ ਬਰੂੰਹਾਂ ਤੇ ਪਹੁੰਚ ਗਿਆ ਅਤੇ ਇਸ ਦੀ ਆਵਾਜ਼ ਐਸੀ ਬੁਲੰਦ ਹੋਈ ਕਿ ਸਾਰੇ ਸੰਸਾਰ ਵਿੱਚ ਗੂੰਜਣ ਲੱਗੀ। ਜਿੱਥੇ ਕਿਸਾਨ ਨੇਤਾਵਾਂ ਨੇ ਬੜੇ ਸੰਜਮ ਤੋ ਕੰਮ ਲੈਦਿਆਂ ਮੋਰਚੇ ਨੂੰ ਪੂਰੇ ਅਨੁਸ਼ਾਸਨ ਵਿੱਚ ਰੱਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਬਲਕਿ ਰੱਖਿਆਂ ਵੀ ਉੱਥੇ ਜਨਤਾ ਨੇ ਵੀ ਪੂਰੇ ਤਨ ਮਨ ਧਨ ਨਾਲ ਸਹਿਯੋਗ ਦਿੱਤਾ। ਇੱਥੋਂ ਤੱਕ ਕਿ ਸਰਕਾਰ ਦੇ ਅੜੀਅਲ ਰਵੱਈਆ ਦੀ ਪ੍ਰਵਾਹ ਕੀਤੇ ਬਗੈਰ ੭੦੦ ਤੋ ਵੱਧ ਕਿਸਾਨਾਂ ਨੇ ਅਪਣੀ ਜਾਨ ਦੀਆ ਕੁਰਬਾਨੀਆਂ ਵੀ ਦਿੱਤੀਆਂ ਪਰ ਮੋਰਚੇ ਨੂੰ ਪਿੱਠ ਨਹੀਂ ਦਿਖਾਈ। ਅੰਤ ਸਰਕਾਰ ਨੂੰ ਇਸ ਅੱਗੇ ਝੁਕਣਾ ਹੀ ਪਿਆ ਅਤੇ ੧੯ ਨਵੰਬਰ ੨੦੨੧ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਸਮੇਂ ਦੇਸ਼ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੰਨੇ ਕਾਲੇ ਕਨੂੰਨ ਵਾਪਸ ਲੈਣ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਪੈ ਗਿਆ।
ਜੇ ਆਪਾ ਇਸ ਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਜੋੜ ਕੇ ਵੇਖਦੇ ਹਾਂ ਤਾਂ ਸਪੱਸ਼ਟ ਹੋ ਜਾਂਦਾ ਹੈ (“ਸਲੋਕ ਮਹਲਾ ੨ ॥ ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥ ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥) {ਪੰਨਾ 475}” ਕਿ ਪ੍ਰਮਾਤਮਾ ਨੇ ਕਰਾਮਾਤ ਹੀ ਤਾਂ ਵਰਤਾਈ ਹੈ। ਇਥੇ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸਬੰਧਤ ਸਾਖੀ ਦਾ ਜ਼ਿਕਰ ਕਰਦਾ ਹਾਂ ਕਿ ਜਦ ਗੁਰੂ ਸਾਹਿਬ ਹਸਨ ਅਬਦਾਲ ਪਹੁੰਚਦੇ ਹਨ ਤਾ ਮਰਦਾਨੇ ਨੂੰ ਢਾਡੀ ਪਿਆਸ ਲੱਗਣ ਕਾਰਣ ਉਹ ਪਾਣੀ ਲਈ ਗੁਰੂ ਸਾਹਿਬ ਕੋਲ ਫ਼ਰਿਆਦੀ ਹੁੰਦਾ ਹੈ। ਗੁਰੂ ਸਾਹਿਬ ਉਸ ਨੂੰ ਕਿਸੇ ਕਰਾਮਾਤ ਰਾਹੀਂ ਪਾਣੀ ਨਹੀਂ ਪਿਲਾਉਂਦੇ ਬਲਕਿ ਪਾਣੀ ਵਾਲੀ ਜਗ੍ਹਾ ਵਲੀ ਕੰਧਾਰੀ ਕੋਲ ਭੇਜਦੇ ਹਨ ਜੋ ਇੱਕ ਪਹਾੜੀ ਉਪਰ ਰਹਿੰਦਾ ਹੈ ਅਤੇ ਪਾਣੀ ਉੱਤੇ ਪੂਰੀ ਤਰ੍ਹਾਂ ਕਾਬਜ ਹੈ। ਮਰਦਾਨਾ ਉਸ ਕੋਲ ਜਾ ਕੇ ਪਾਣੀ ਦੀ ਮੰਗ ਕਰਦਾ ਹੈ ਪਰ ਉਹ ਇੱਕੋ ਸ਼ਰਤ ਤੇ ਪਾਣੀ ਦੇਣ ਲਈ ਤਿਆਰ ਹੁੰਦਾ ਹੈ ਕਿ “ਅਗਰ ਤੂੰ ਮੇਰਾ ਚੇਲਾ ਬਣ ਜਾਏ”। ਮਰਦਾਨਾ ਗੁਰੂ ਨਾਨਕ ਵਰਗੇ ਗੁਰੂ ਨੂੰ ਛੱਡ ਕਿ ਇਹ ਕਿਸ ਤਰ੍ਹਾਂ ਕਬੂਲ ਸਕਦਾ ਸੀ। ਮਰਦਾਨਾ ਉਸ ਦੀ ਸ਼ਰਤ ਨੂੰ ਠੁਕਰਾ ਦਿੰਦਾ ਹੈ ਇਸ ਕਰਕੇ ਵੱਲੀ ਕੰਧਾਰੀ ਉਸ ਨੂੰ ਵਾਪਸ ਭੇਜ ਦਿੰਦਾ ਹੈ। ਗੁਰੂ ਸਾਹਿਬ ਉਸ ਨੂੰ ਦੁਬਾਰਾ ਵਲੀ ਕੋਲ ਭੇਜਦੇ ਹਨ ਪਰ ਉਹ ਫਿਰ ਬਿਨ੍ਹਾ ਪਾਣੀ ਪਿਲਾਏ ਹੀ ਵਾਪਸ ਭੇਜ ਦਿੰਦਾ ਹੈ। ਗੁਰੂ ਸਾਹਿਬ ਮਰਦਾਨੇ ਨੂੰ ਤੀਜੀ ਵਾਰ ਫਿਰ ਭੇਜਦੇ ਹਨ ਪਰ ਇਸ ਵਾਰ ਵੀ ਮਰਦਾਨਾ ਥੱਕ ਟੁੱਟ ਕੇ ਬਿਨਾ ਪਾਣੀ ਦੇ ਵਾਪਸ ਆ ਜਾਂਦਾ ਹੈ ਅਤੇ ਗੁਰੂ ਸਾਹਿਬ ਨੂੰ ਕਹਿੰਦਾ ਹੈ ਹੁਣ ਮੈਨੂੰ ਜਾਣ ਲਈ ਨ ਕਹਿਣਾ ਕਿਉਂਕਿ ਹੁਣ ਮੇਰੇ ਵਿੱਚ ਜਾਣ ਲਈ ਬਿਲਕੁਲ ਹਿੰਮਤ ਨਹੀਂ ਹੈ ਅਤੇ ਮੈਨੂੰ ਇਹ ਵੀ ਭਰੋਸਾ ਹੈ ਕਿ ਆਪ ਪਾਣੀ ਪਿਲਾ ਸਕਦੇ ਹੋ। ਹੁਣ ਗੁਰੂ ਸਾਹਿਬ ਫਿਰ ਕੋਈ ਕਰਾਮਾਤ ਨਹੀਂ ਵਰਤਾਉਂਦੇ ਬਲਕਿ ਉਨ੍ਹਾਂ ਨੇ ਮਰਦਾਨੇ ਨੂੰ ਸਮਝਾਇਆ ਕਿ ਭਾਈ ਹੌਸਲਾ ਨਹੀਂ ਛੱਡੀਦਾ। ਹਿੰਮਤ ਕਰ ਅਗਰ ਤੂੰ ਉਪਰ ਨਹੀਂ ਜਾ ਸਕਦਾ ਤਾ ਇਕ ਕੰਮ ਕਰ ਇੱਥੋਂ ਕੋਈ ਪੱਥਰ ਚੁੱਕ ਕੇ ਵੇਖ ਕਈ ਵਾਰ ਉੱਪਰੋਂ ਪਾਣੀ ਦਾ ਕੋਈ ਰਸਤਾ (cavity) ਥੱਲੇ ਨੂੰ ਹੀ ਆਉਂਦਾ ਮਿਲ ਜਾਂਦਾ ਹੈ। ਹੁਣ ਮਰਦਾਨਾ ਗੁਰੂ ਜੀ ਦੇ ਕਹਿਣ ਤੇ ਜਦ ਪੱਥਰ ਉਠਾਉਦਾ ਹੈ ਤਾ ਪ੍ਰਭੂ ਕਰਾਮਾਤ ਵਰਤਾ ਕਿ ਪਾਣੀ ਦਾ ਝੱਰਨਾ ਚਲਾ ਦਿੰਦਾ ਹੈ। ਮਰਦਾਨਾ ਰੱਜ ਕੇ ਪਾਣੀ ਪੀਂਦਾ ਹੈ। ਇੱਥੇ ਦੇਖੋ ਗੁਰੂ ਸਾਹਿਬ ਤਾਂ ਹਿੰਮਤ ਕਰਨ ਲਈ ਹੀ ਕਹਿ ਰਹੇ ਹਨ ਪਰ ਜਦ ਪ੍ਰਭੂ ਨੇ ਅਪਣੇ ਪਿਆਰਿਆਂ ਦੀ ਹਿੰਮਤ ਨੂੰ ਦੇਖਿਆਂ ਤਾਂ ਉਸ ਨੇ ਕਰਾਮਾਤ ਵਰਤਾ ਦਿੱਤੀ ਅਤੇ ਭਾਈ ਮਰਦਾਨੇ ਨੇ ਰੱਜ ਕੇ ਪਾਣੀ ਪੀਤਾ। ਜਦ ਵਲੀ ਦੇਖਦਾ ਹੈ ਕਿ ਉਸ ਦੇ ਪਾਣੀ ਦਾ ਤਲ ਨੀਵਾਂ ਹੁੰਦਾ ਜਾ ਰਿਹਾ ਹੈ। ਤਦ ਉਸ ਨੇ ਥੱਲੇ ਝਾਤ ਮਾਰੀ ਤਾ ਪਤਾ ਲੱਗਾ ਕਿ ਪਾਣੀ ਤਾਂ ਘੋਰ ਰਾਹੀਂ ਥੱਲੇ ਜਾ ਰਿਹਾ ਹੈ ਤਾ ਉਸ ਨੇ ਗ਼ੁੱਸੇ ਵਿੱਚ ਆ ਕੇ ਉੱਪਰੋਂ ਇੱਕ ਵੱਡਾ ਪੱਥਰ ਥੱਲੇ ਗੁਰੂ ਸਾਹਿਬ ਵੱਲ ਰੋੜ ਦਿੱਤਾ। ਮਰਦਾਨੇ ਨੇ ਜਦ ਪੱਥਰ ਆਉਂਦਾ ਦੇਖਿਆਂ ਤਾ ਉਸਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਉੱਪਰੋਂ ਪੱਥਰ ਆ ਰਿਹਾ ਹੈ। ਗੁਰੂ ਸਾਹਿਬ ਨੇ ਇੱਥੇ ਵੀ ਪੱਥਰ ਕਿਸੇ ਕਰਮਾਤ ਨਾਲ ਰੋਕਣ ਦੀ ਬਜਾਏ ਕਿਹਾ ਕੋਈ ਨਾ ਹਿੰਮਤ ਕਰੋ ਮੁਸ਼ਕਲਾਂ ਦਾ ਸਾਹਮਣਾ ਕਰੀਦਾ ਹੈ ਨਾ ਕਿ ਘਬਰਾਈਦਾ ਹੈ? ਉਸ ਸਮੇਂ ਵੀ ਗੁਰੂ ਸਾਹਿਬ ਕਿਸੇ ਮੰਤਰ ਨਾਲ ਨਹੀ ਬਲਕਿ ਹਿੰਮਤ ਕਰਕੇ ਰੋਕਣ ਦੀ ਕੋਸ਼ਿਸ਼ ਕਰਦੇ ਹਨ ਅਤੇ ਪ੍ਰਭੂ ਕਰਾਮਾਤਿ ਵਰਤਾਉਦੇ ਹਨ ਅਤੇ ਪੱਥਰ ਨੂੰ ਰੋਕਣ ਵਿੱਚ ਗੁਰੂ ਸਾਹਿਬ ਸਫਲ ਹੋ ਜਾਂਦੇ ਹਨ।( God help those who help them self) ਤਾਂ ਹੀ ਸ਼ਾਇਦ ਗੁਰੂ ਅਮਰਦਾਸ ਜੀ ਨੇ ਰੋਜ ਕੀਰਤਨ ਰਾਹੀਂ ਗਾਈ ਜਾਣ ਵਾਲੀ ਬਾਣੀ ਆਸਾ ਕੀ ਵਾਰ ਅੰਦਰ ਹੀ ਦਰਜ ਕਰ ਦਿੱਤਾ “ ਮਹਲਾ ੨ ॥ ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥ ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥ {ਪੰਨਾ 475}” ਤਾਂ ਹੀ ਤਾ ਗੁਰੂ ਕੇ ਸਿੱਖ ਖ਼ੁਦ ਕਰਮਾਤ ਕਰਨ ਜਾਂ ਕਰਾਉਣ ਬਾਰੇ ਸੋਚਦੇ ਵੀ ਨਹੀਂ ਅਤੇ ਹਿੰਮਤ ਵਿੱਚ ਡਟ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਗੁਰੂ ਸਾਹਿਬ ਨੇ ਸਾਨੂੰ ਹਿੰਮਤ ਕਰਨ ਲਈ ਕਿਹਾ ਹੈ। ਜਦ ਇਹ ਰੱਬ ਤੇ ਭਰੋਸਾ ਕਰਕੇ ਇਮਾਨਦਾਰੀ ਨਾਲ ਅਪਣੇ ਨਿਸ਼ਾਨੇ ਵੱਲ ਚੱਲ ਪੈਂਦੇ ਹਨ ਤਾਂ ਪ੍ਰਭੂ ਫਿਰ ਇਨ੍ਹਾਂ ਤਾਈ ਪਰਖਣ ਉਪਰੰਤ ਕਲ੍ਹਾ ਵਰਤਾਉਂਦਾ ਹੈ ਜਿਸ ਤਰ੍ਹਾਂ ਅੱਜ ਫਿਰ ਕਿਸਾਨੀ ਮੋਰਚੇ ਚ ਵਰਤਾਈ ਹੈ।
ਗੁਰੂ ਦਾ ਸਿੱਖ ਹੱਕ ਸੱਚ ਲਈ ਲੜਦਾ ਆਇਆ ਹੈ, ਲੜ ਰਿਹਾ ਹੈ ਅਤੇ ਲੜਦਾ ਰਹੇਗਾ। ਪ੍ਰਭੂ ਹਮੇਸ਼ਾ ਹੱਕ ਸੱਚ ਦਾ ਹਮਾਇਤੀ ਰਿਹਾ ਹੈ, ਹਮਾਇਤੀ ਹੈ ਅਤੇ ਹਮਾਇਤੀ ਰਹੇਗਾ। ਇਹ ਮੇਰੇ ਗੁਰੂ ਦਾ ਫੈਸਲਾ ਹੈ। “ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।”
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫ਼ੋਨ- ੬੪੭੭੭੧੪੯੩੨