conversation

ਬਾਬਾ ਬੁੱਢਾ ਜੀ

ਸਿੱਖ ਇਤਿਹਾਸ ਉਹ ਮਹਾਨ ਇਤਿਹਾਸ ਹੈ ਜਿਸ ਦੇ ਹਰ ਸੁਨਹਿਰੀ ਪੰਨੇ ‘ਤੇ ਗੁਰੂ ਘਰ ਦੇ ਸੇਵਕਾਂ, ਭਗਤਾਂ, ਸੂਰਬੀਰਾਂ ਅਤੇ ਸ਼ਹੀਦਾਂ ਦੇ ਨਾਂ ਦਰਜ ਹਨ। ਜਿਨ੍ਹਾਂ ਨੇ ਸਿਰਫ ਦੇਸ਼, ਕੌਮ ਲਈ ਮਹਾਨ ਸੇਵਾਵਾਂ ਅਤੇ ਕੁਰਬਾਨੀਆਂ ਹੀ ਨਹੀਂ ਕੀਤੀਆਂ, ਸਗੋਂ ਹਊਮੈ, ਮਮਤਾ ਹਰਖ ਸੋਗ ਅਤੇ ਵੈਰੀ ਮਿੱਤਰ ਦੀ ਦਵੈਤਵਾਦੀ ਭਾਵਨਾ ਤੋਂ ਉੱਪਰ ਉੱਠ ਕੇ ਪ੍ਰਭੂ ਨਾਲ ਅਭੇਦ ਹੋ ਗਏ। ਅੱਜ ਜਿਸ ਇਤਿਹਾਸਕ ਮਹਾਪੁਰਸ਼ ਦੇ ਇਤਿਹਾਸ ਨੂੰ ਦੁਹਰਾਉਣ ਜਾ ਰਹੇ ਹਾਂ, ਉਹ ਸਨ ਸ੍ਰੀ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਆਪਣੇ ਜੀਵਨ-ਜੀਣ ਦੀ ਰਚਨਾ ਕਰਕੇ ਆਪਣੀਆਂ ਹੀ ਰੋਸ਼ਨਾਈਆਂ ਕਿਰਨਾਂ ਰਾਹੀਂ ਆਲੇ-ਦੁਆਲੇ ਨੂੰ ਰੁਸ਼ਨਾ ਦਿੱਤਾ। ਬਾਬਾ ਬੁੱਢਾ ਜੀ ਦਾ ਜਨਮ 22 ਅਕਤੂਬਰ 1506 ਈ. ਨੂੰ ਭਾਈ ਸੁੱਘਾ ਜੀ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ਕੱਥੂਨੰਗਲ ਵਿੱਚ ਹੋਇਆ। ਉੱਠਦਿਆਂ, ਬਹਿੰਦਿਆਂ ਸਵੰਦਿਆਂ, ਨਾਮ ਸਿਮਰਨ ਵਿੱਚ ਲੀਨ ਗੁਰਸਿੱਖ ਦਾ ਬਚਪਨ ਕੱਥੂਨੰਗਲ ਵਿੱਚ ਬੀਤਿਆ। ਫਿਰ ਆਪ ਆਪਣੇ ਮਾਤਾ-ਪਿਤਾ ਨਾਲ ਪਿੰਡ ਰਮਦਾਸ ਆ ਵਸੇ। ਇੱਥੇ ਸ੍ਰੀ ਬਾਬਾ ਬੁੱਢਾ ਜੀ ਦਾ ਮਿਲਾਪ 1518 ਈ. ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਇਆ। ਉਸ ਵਕਤ ਉਨ੍ਹਾਂ ਦੀ ਉਮਰ 12 ਸਾਲ ਦੀ ਸੀ। ਬਾਬਾ ਜੀ ਉਮਰ ਵਿੱਚ ਬੇਸ਼ੱਕ ਬਾਲਕ ਸਨ, ਪ੍ਰੰਤੂ ਉਹ ਉੱਚ ਦ੍ਰਿਸ਼ਟੀਵਾਨ ਅਤੇ ਬਹੁਤ ਪਿਆਰੇ ਬਾਲਕ ਸਨ। ਆਪ ਆਪਣੀ ਉਮਰ ਤੋਂ ਵੱਧ ਸਮਝਦਾਰ ਅਤੇ ਸਿਆਣੇ ਸਨ। ਜਦੋਂ ਆਪ ਦਾ ਮੇਲ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਤਾਂ ਉਹ ਬਹੁਤ ਪ੍ਰਭਾਵਤ ਹੋਏ ਤੇ ਕਿਹਾ ਕਿ ਬਾਲਕ ਤਾਂ ਬੁੱਢਿਆਂ ਵਰਗੀਆਂ ਸਿਆਣੀਆਂ ਗੱਲਾਂ ਕਰਦਾ ਹੈ, ਜਿਸ ਨਾਲ ਆਪ ਦਾ ਨਾਂ ਬਾਬਾ ਬੁੱਢਾ ਜੀ ਨਾਲ ਪ੍ਰਸਿੱਧ ਹੋ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸੰਪੂਰਨ ਕਰਨ ਉਪਰੰਤ ਕਰਤਾਰਪੁਰ ਵਿੱਚ ਜਾ ਕੇ ਡੇਰਾ ਲਾ ਲਿਆ ਅਤੇ ਗੁਰੂ ਸੰਗਤ ਦੀ ਸੇਵਾ ਵਿੱਚ ਲੀਨ ਹੋ ਗਏ। ਬਾਬਾ ਬੁੱਢਾ ਜੀ ਨੇ ਵੀ ਆਪਣਾ ਜੀਵਨ-ਮਿਸ਼ਨ ਗੁਰੂ ਘਰ ਦੀ ਸੇਵਾ-ਸਿਮਰਨ ਕਰਦੇ ਜੀਵਨ ਮੁਕਤ ਹੋਣ ਦਾ ਬਣਾ ਲਿਆ ਅਤੇ ਆਪ ਗ੍ਰਹਿਸਥੀ ਜੀਵਨ ਦੇ ਪਾਂਧੀ ਨਹੀਂ ਬਣਨਾ ਚਾਹੁੰਦੇ ਸਨ ਪ੍ਰੰਤੂ ਮਾਤਾ-ਪਿਤਾ ਦੀਆਂ ਇੱਛਾਵਾਂ ਨੂੰ ਮੁੱਖ ਰੱਖਦੇ ਹੋਏ 1538 ਈ. ਵਿੱਚ ਬੀਬੀ ਮਿਰੋਆ ਦੇ ਨਾਲ ਵਿਆਹ ਕਰਕੇ ਗ੍ਰਹਿਸਥ ‘ਚ ਪ੍ਰਵੇਸ਼ ਕੀਤਾ। ਆਪ ਦੇ ਘਰ ਚਾਰ ਪੁੱਤਰ ਹੋਏ। ਪ੍ਰੰਤੂ ਬਾਬਾ ਬੁੱਢਾ ਜੀ ਗੁਰੂ ਘਰ ਨਾਲ ਬਹੁਤ ਮੋਹ ਕਰਦੇ ਸਨ ਅਤੇ ਸੇਵਾ ਕਰਨ ਦੀ ਪ੍ਰਬਲ ਇੱਛਾ ਸੀ। ਇਸ ਲਈ ਕੁੱਝ ਸਮਾਂ ਪਰਿਵਾਰ ਨਾਲ ਬਿਤਾ ਕੇ ਫਿਰ ਗੁਰੂ ਸੰਗਤ ਦੀ ਸੇਵਾ ਵਿੱਚ ਲੱਗ ਗਏ। ਇਸ ਸਮੇਂ ਭਾਈ ਲਹਿਣਾ ਜੀ (ਜੋ ਪਹਿਲਾਂ ਦੇਵੀ ਭਗਤ ਸਨ) ਵੀ ਗੁਰਮਤਿ ਮਾਰਗ ਦੇ ਪਾਂਧੀ ਬਣ ਚੁੱਕੇ ਸਨ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 1539 ਈ. ਵਿੱਚ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਤਾਂ ਭਾਈ ਲਹਿਣਾ ਜੀ ਆਪਣਾ ‘ਅੰਗ’ ਜਾਣ ਸ੍ਰੀ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਤੋਂ ਗੁਰਿਆਈ ਦਾ ਤਿਲਕ ਲਗਵਾ ਕੇ ਸ੍ਰੀ ਗੁਰੂ ਅੰਗਦ ਦੇਵ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਤੋਂ ਬਾਅਦ ਸਿੱਖਾਂ ਦੇ ਦੂਸਰੇ ਗੁਰੂ ਵਜੋਂ ਸਥਾਪਨਾ ਕੀਤੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਿੱਖਾਂ ਦਾ ਧਾਰਮਿਕ ਪ੍ਰਚਾਰ ਕੇਂਦਰ ਸ੍ਰੀ ਖਡੂਰ ਸਾਹਿਬ ਸਥਾਪਤ ਕੀਤਾ। ਸ੍ਰੀ ਗੁਰੂ ਅੰਗਦ ਦੇਵ ਜੀ ਗੁਰਮੁਖੀ ਲਿੱਪੀ ਸੰਗਤਾਂ ਨੂੰ ਪੜ੍ਹਾਉਂਦੇ ਅਤੇ ਬਾਬਾ ਬੁੱਢਾ ਜੀ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੰਦੇ। ਗੁਰੂ ਹਰਗੋਬਿੰਦ ਸਾਹਿਬ ਨੇ ਗੁਰਮੁਖੀ ਲਿਪੀ ਆਪ ਪਾਸੋਂ ਪੜ੍ਹੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਆਇਆ ਜਾਣ ਕੇ ਸ਼ਰਧਾ, ਪ੍ਰੇਮ, ਕੁਰਬਾਨੀ ਤੇ ਸੇਵਾ ਦੇ ਪੁੰਜ ਤੀਜੇ ਗੁਰੂ ਗੁਰੂ ਅਮਰਦਾਸ ਜੀ ਨੂੰ 1552 ਈ. ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ ਅਤੇ ਬਾਬਾ ਬੁੱਢਾ ਜੀ ਤੋਂ ਹੀ ਗੁਰਿਆਈ ਦਾ ਤਿਲਕ ਲਗਵਾਇਆ। ਸ੍ਰੀ ਗੁਰੂ ਅਮਰਦਾਸ ਜੀ ਗੁਰੂ ਹੁਕਮ ਅਨਸਾਰ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਤੂ ਨੇ ਗੁਰਗੱਦੀ ‘ਤੇ ਆਪਣਾ ਪਿਤਾ ਪੁਰਖੀ ਹੱਕ ਜਿਤਾਇਆ ਤਾਂ ਗੁਰੂ ਅਮਰਦਾਸ ਸਾਹਿਬ ਆਪਣੇ ਪਿੰਡ ਬਾਸਰਕੇ ਆ ਗਏ ਅਤੇ ਇੱਕ ਕੋਠੇ ਵਿੱਚ ਦਰਵਾਜ਼ਾ ਬੰਦ ਕਰਕੇ ਭਗਤੀ ਵਿੱਚ ਲੀਨ ਹੋ ਗਏ ਅਤੇ ਸੰਗਤ ਨੂੰ ਹੁਕਮ ਦਿੱਤਾ ਕਿ ਕੋਈ ਵੀ ਇਸ ਕੋਠੜੀ ਦਾ ਦਰਵਾਜ਼ਾ ਖੁੱਲ੍ਹਵਾਉਣ ਦਾ ਯਤਨ ਨਹੀਂ ਕਰੇਗਾ, ਜਿਹੜਾ ਕਰੇਗਾ, ਉਹ ਗੁਰੂ ਘਰ ਦਾ ਵਿਰੋਧੀ ਹੋਵੇਗਾ। ਸੰਗਤ ਗੁਰੂ ਦਰਸ਼ਨ ਲਈ ਹੁੰਮ-ਹੁਮਾ ਕੇ ਆਉਂਦੀਆਂ, ਪਰ ਗੁਰੂ ਘਰ ਦੀ ਅਵੱਗਿਆ ਵੀ ਨਹੀਂ ਸਨ ਕਰਨਾ ਚਾਹੁੰਦੀਆਂ। ਇਸ ਸਮੇਂ ਬਾਬਾ ਬੁੱਢਾ ਜੀ ਨੇ ਆਪਣੀ ਸਮਝਦਾਰੀ ਤੇ ਸੂਝ-ਬੂਝ ਸਦਕਾ ਕੋਠੇ ਦੀ ਕੰਧ ਨੂੰ ਸੰਨ੍ਹ ਲਾ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਇਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਗੁਰੂ ਦੇ ਦਿੱਤੇ ਵਚਨ ਨੂੰ ਵੀ ਬਰਕਰਾਰ ਰੱਖਿਆ ਅਤੇ ਗੁਰੂ ਦਰਸ਼ਨਾਂ ਦੀ ਪਿਆਸ ਨੂੰ ਵੀ ਦਰਸ਼ਨ ਕਰਕੇ ਮਿਟਾਇਆ ਅਤੇ ਗੁਰੂ ਅਮਰਦਾਸ ਨੂੰ ਮਨਾ ਕੇ ਗੋਇੰਦਵਾਲ ਸਾਹਿਬ ਲੈ ਗਏ। ਗੋਇੰਦਵਾਲ ਸਾਹਿਬ ਜਾ ਕੇ ਗੁਰੂ ਜੀ ਤੇ ਬਾਬਾ ਬੁੱਢਾ ਜੀ ਨੇ ਊਚ-ਨੀਚ, ਛੂਤ-ਛਾਤ ਦੇ ਵਿਰੁੱਧ ਆਵਾਜ਼ ਉਠਾਈ ਅਤੇ ਹਰ ਜਾਤ ਨੂੰ ਬਰਾਬਰ ਸਤਿਕਾਰ ਦੇਣ ਦੀ ਗੱਲ ਕੀਤੀ। ਇਸ ਦੀ ਮਿਸਾਲ ਵਜੋਂ 1552 ਈ. ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿੱਚ ਇਲਾਕੇ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਬਾਉਲੀ ਸਾਹਿਬ ਦਾ ਨਿਰਮਾਣ ਕਰਨ ਬਾਰੇ ਵਿਊਂਤ ਬਣਾਈ ਅਤੇ ਇਸ ਦੀ ਨੀਂਹ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਰਖਵਾ ਕੇ ਇਸ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ 22 ਮੰਜਿਆਂ ਦੀ ਸਥਾਪਨਾ ਕੀਤੀ ਤਾਂ ਇਸ ਦਾ ਮੁੱਖ ਪ੍ਰਬੰਧਕ ਵੀ ਬਾਬਾ ਬੁੱਢਾ ਜੀ ਨੂੰ ਬਣਾਇਆ ਗਿਆ। ਜਦੋਂ ਸ੍ਰੀ ਗੁਰੂ ਰਾਮਦਾਸ ਜੀ ਗੁਰਗੱਦੀ ‘ਤੇ ਬਿਰਾਜਮਾਨ ਹੋਏ ਤਾਂ ਵੀ ਬਾਬਾ ਬੁੱਢਾ ਜੀ ਨੇ ਗੁਰਗੱਦੀ ਦੀ ਰਸਮ ਨੂੰ ਪੂਰਾ ਕੀਤਾ। ਜਦੋਂ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ ਤਾਂ ਵੀ ਬਾਬਾ ਬੁੱਢਾ ਜੀ ਨੇ ਹੀ ਅੰਤਮ ਰਸਮਾਂ ਆਪਣੇ ਹੱਥੀਂ ਕੀਤੀਆਂ ਅਤੇ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਦੀ ਸਥਾਪਨਾ ਕੀਤੀ ਤਾਂ ਅੰਮ੍ਰਿਤ ਸਰੋਵਰ ਦੀ ਖੁਦਵਾਈ ਬਾਬਾ ਬੁੱਢਾ ਜੀ ਤੋਂ ਆਰੰਭ ਕਰਵਾਈ ਅਤੇ ਅੰਮ੍ਰਿਤ ਸਰੋਵਰ ਦੇ ਨਿਰਮਾਣ ਦੀ ਜ਼ਿੰਮੇਵਾਰੀ ਵੀ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ। ਉਹ ਸਰੋਵਰ ਦੀਆਂ ਪਰਿਕਰਮਾ ਵਿੱਚ ਇੱਕ ਬੇਰੀ ਦੇ ਰੁੱਖ ਹੇਠ ਬੈਠ ਕੇ ਸੇਵਾ ਦੀ ਦੇਖਭਾਲ ਕਰਦੇ ਸਨ। ਅੱਜ ਵੀ ਇਹ ਬੇਰੀ ਜਿਸ ਨੂੰ ਮਹਾਪੁਰਸ਼ਾਂ ਦੇ ਬੈਠਣ ਦਾ ਅਤੇ ਚਰਨਛੂਹ ਦਾ ਸੰਪਰਕ ਪ੍ਰਾਪਤ ਹੋਇਆ ਹੈ ਉਸ ਮਹਾਨ ਸੇਵਾਦਾਰ, ਤਪੱਸਵੀ ਦੀ ਯਾਦ ਨੂੰ ਤਾਜ਼ਾ ਕਰਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਅਪਣੇ ਛੋਟੇ ਪੁੱਤਰ ਅਰਜਨ ਦੀ ਸ਼ਸਤਰ ਅਤੇ ਸ਼ਾਸ਼ਤਰ ਵਿਦਿਆ ਦੀ ਸੇਵਾ ਵੀ ਬਾਬਾ ਬੁੱਢਾ ਜੀ ਨੂੰ ਬਖ਼ਸ਼ੀ ਸੀ। ਗੁਰੂ ਅਰਜਨ ਦੇਵ ਜੀ ਸ਼ਾਸ਼ਤਰ ਵਿਦਿਆ ਵਿੱਚ ਪਰਬੀਨ ਹੋ ਗਏ ਸਨ ਕਿ ਜਦ ਉਹ ਮਾਤਾ ਗੰਗਾ ਜੀ ਨੂੰ ਵਿਆਉਣ ਲਈ ਗਏ ਤਾ ਪਿੰਡ ਦੇ ਮੁੱਢਿਆਂ ਨੇ ਸ਼ਰਾਰਤ ਤਹਿਤ ਇੱਕ ਦਰਖੱਤ ਕੱਟ ਕੇ ਇੱਕ ਕਿਲ੍ਹੇ ਦੀ ਸ਼ਕਲ ਕਦੇ ਦਿੱਤੀ ਅਤੇ ਗੁਰੂ ਅਰਜਨ ਦੇਵ ਜੀ ਨੂੰ ਕਿਲ੍ਹਾ ਉਖਾੜਨਾ ਲਈ ਕਿਹਾ। ਗੁਰੂ ਅਰਜਨ ਦੇਵ ਜੀ ਘੋੜੇ ਤੇ ਸਵਾਰ ਹੋ ਕੇ ਆਏ ਤਾਂ ਉਨ੍ਹਾਂ ਅਪਣੇ ਬਰਛੇ ਨਾਲ ਕਿਲ੍ਹਾ ਜੜੌ ਹੀ ਪੁੱਟ ਦਿੱਤਾ ਸੀ। ਜਦ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਪੁੱਤਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ 1581 ਈ. ਵਿੱਚ ਗੁਰਗੱਦੀ ‘ਤੇ ਬਿਠਾਇਆ ਤਾਂ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦੀਆਂ ਰਸਮਾਂ ਨਿਭਾਈਆਂ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਮਾਨਵਤਾ ਦੀ ਭਲਾਈ ਦੇ ਉਧਾਰ ਲਈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਤਿਆਰ ਕੀਤਾ ਅਤੇ 1604 ਈ. ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ ਗਿਆ ਤਾਂ ਵੀ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਪਨਾ ਉਪਰੰਤ ਪਹਿਲਾ ਪਵਿੱਤਰ ਹੁਕਮਨਾਮਾ ਪੜ੍ਹ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਹੋਣ ਦਾ ਮਾਣ ਹਾਸਲ ਹੋਇਆ। ਬਾਬਾ ਬੁੱਢਾ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਸ੍ਰੀ ਬਾਉਲੀ ਸਾਹਿਬ, ਜਿਸ ਦੀਆਂ 84 ਪੌੜੀਆਂ ਹਨ, ਦੇ ਸਮੇਤ ਚੱਕ ਸ੍ਰੀ ਰਾਮਦਾਸਪੁਰ ਇਮਾਰਤ ‘ਤੇ ਸਰੋਵਰ ਸ੍ਰੀ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਦੀ ਇਮਾਰਤ ਤੋਂ ਇਲਾਵਾ ਗੁਰੂ ਘਰ ਦੀਆਂ ਅਨੇਕਾਂ ਇਮਾਰਤਾਂ ਦੀ ਸੇਵਾ ਆਪਣੀ ਹੱਥੀਂ ਕਰਦੇ ਰਹੇ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਬਾਬਾ ਜੀ ਦੇ ਦਰਸ਼ਨਾਂ ਨੂੰ ਗਏ ਤਾਂ ਮਾਤਾ ਜੀ ਆਪ ਲਈ ਮਿੱਸੇ ਪ੍ਰਸ਼ਾਦੇ, ਲੱਸੀ, ਅਚਾਰ ਅਤੇ ਗੰਢੇ ਲੈ ਕੇ ਗਏ। ਉਸ ਵਕਤ ਆਪ ਗਊਆਂ ਚਾਰ ਰਹੇ ਸਨ। ਆਪ ਨੇ (ਸ੍ਰੀ ਬਾਬਾ ਬੁੱਢਾ ਜੀ) ਪ੍ਰਸੰਨਤਾ ਦੇ ਰਉਂ ਵਿੱਚ ਮਾਤਾ ਗੰਗਾ ਜੀ ਨੂੰ ਮਹਾਬਲੀ ਪੁੱਤਰ ਦੀ ਪ੍ਰਾਪਤੀ ਦਾ ਅਸ਼ੀਰਵਾਦ ਦਿੱਤਾ ਜੋ ਪਰੰਪਰਾ ਅੱਜ ਵੀ ਸ੍ਰੀ ਬਾਬਾ ਬੁੱਢਾ ਜੀ ਦੀ ਸ੍ਰੀ ਬੀੜ ਸਾਹਿਬ ਪਿੰਡ ਠੱਠਾ ਜਿੱਥੇ ਗਊਆਂ ਚਾਰਦੇ ਸਨ ਤੇ ਮਾਤਾ ਗੰਗਾ ਜੀ ਦਰਸ਼ਨਾਂ ਨੂੰ ਗਏ ਸਨ, ਵਿੱਚ ਪ੍ਰਚੱਲਤ ਹੈ। ਸੰਗਤਾਂ ਵੱਲੋਂ ਪੁੱਤਰ ਪ੍ਰਾਪਤੀ ਲਈ ਦੁਹਰਾਈ ਜਾਂਦੀ ਹੈ। ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤਾਂ ਉਹ ਮਿੱਸੇ ਪ੍ਰਸ਼ਾਦੇ, ਲੱਸੀ, ਅਚਾਰ ਅਤੇ ਗੰਢੇ ਆਦਿ ਲੈ ਕੇ ਬਾਬਾ ਜੀ ਦੀ ਬੀੜ ਵਿਖੇ ਜਾਂਦੇ ਹਨ। ਇਹ ਪ੍ਰਸ਼ਾਦੇ ਲੰਗਰ ਵਿੱਚ ਸੰਗਤਾਂ ਨੂੰ ਵਰਤਾ ਦਿੱਤੇ ਜਾਂਦੇ ਹਨ। ਬਾਬਾ ਬੁੱਢਾ ਜੀ ਵੱਲੋਂ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੋ ਮਹਾਬਲੀ ਅਵਤਾਰ ਸਨ, ਨੂੰ ਗੁਰਗੱਦੀ ਦੇਣ ਵੇਲੇ ਵਕਤ ਦੀ ਨਜ਼ਾਕਤ ਨੂੰ ਦੇਖ ਕੇ ਮੀਰੀ-ਪਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਵਾਈਆਂ। ਭਗਤੀ ਤੇ ਸ਼ਕਤੀ ਨੂੰ ਇਕੱਠਿਆਂ ਕਰਨ ਲਈ ਅਤੇ ਜਬਰ-ਜ਼ੁਲਮ ਨਾਲ ਟਾਕਰਾ ਕਰਨ ਲਈ ਪਹਿਨਾਈਆਂ, ਇਹ ਕੌਮ ਅਤੇ ਦੇਸ਼ ਦੀ ਰਾਖੀ ਲਈ ਵਰਦਾਨ ਸਾਬਤ ਹੋਈਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਡੱਟ ਕੇ ਜ਼ੁਲਮ ਦਾ ਟਾਕਰਾ ਕੀਤਾ। ਛੇਵੇਂ ਗੁਰੂ ਨੂੰ ਗਵਾਲੀਅਰ ਦੇ ਕਿਲੇ ਤੋਂ ਛੁਡਵਾਉਣ ਦੀ ਮੁੱਖ ਭੂਮਿਕਾ ਵੀ ਬਾਬਾ ਬੁੱਢਾ ਜੀ ਨੇ ਨਿਭਾਈ। ਬਾਬਾ ਬੁੱਢਾ ਜੀ ਉਹ ਮਹਾਨ ਆਤਮਾ ਸਨ ਜਿਨ੍ਹਾਂ ਗੁਰੂ ਘਰ ਦੀ ਹਰ ਪਰੰਪਰਾ, ਰੀਤੀ ਰਿਵਾਜ਼ ਅਤੇ ਕੌਮ ਪ੍ਰਤੀ ਫਰਜ਼ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਇਆ। ਬਾਬਾ ਜੀ ਨੂੰ ਜਦ ਅਪਣਾ ਆਖਰੀ ਸਮਾਂ ਨਜਦੀਕ ਆਇਆ ਮਹਿਸੂਸ ਹੋਇਆਂ ਤਾ ਉਹ ਰਾਮਦਾਸ ਚਲੇ ਗਏ ਅਤੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਅੰਤਮ ਸਮੇਂ ਦਰਸ਼ਨ ਨਾਂ-ਦੇਣ ਨਕਈ ਬੇਨਤੀ ਕੀਤੀ ਜਿਸ ਨੂੰ ਗੁਰੂ ਸਾਹਿਬ ਨੇ ਕਬੂਲਦਿਆਂ ਹੋਇਆਂ ਬਾਬਾ ਜੀ ਦੇ ਅੰਤਮ ਸਮੇਂ ਜਿੱਥੇ ਦਰਸ਼ਨ ਦਿੱਤੇ ਉੱਥੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ ਅਤੇ ਉੱਥੇ ਰਹਿ ਕੇ ਹੀ ਸਹਿਜ ਪਾਠ ਦਾ ਦਸਵੇਂ ਦਿਨ ਭੋਗ ਪੁਚਾਇਆ ਸੀ। ਬਾਬਾ ਬੁੱਢਾ ਜੀ ਰਮਦਾਸ ਵਿੱਚ 16 ਨਵੰਬਰ 1631 ਵਿੱਚ 125 ਸਾਲ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਹ ਇੱਕ ਮਹਾਨ ਸੇਵਾਦਾਰ, ਗੁਰੂ ਘਰ ਦੇ ਸ਼ਰਧਾਲੂ, ਸੱਚੇ ਭਗਤ ਸਨ।

Leave a Reply

Your email address will not be published. Required fields are marked *