ਦਰਿ ਮੰਗਨਿ ਭਿਖ ਨ ਪਾਇਦਾ
ਆਸਾ ਕੀ ਵਾਰ ਦੀ ੧੬ਵੀਂ ਪਉੜੀ ਅੰਦਰ ਆਉਂਦਾ ਹੈ “ ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ”।। ਇਸਦਾ ਆਮ ਤੌਰ ਤੇ ਉਚਾਰਨ ਘਾਹੁ ਦੀ ਬਜਾਏ ਘਾਉ ਹੀ ਕੀਤਾ ਜਾਂਦਾ ਹੈ। ਜਦ ਕਿ ਘਾਉ ਦਾ ਅਰਥ ਹੈ ਜ਼ਖ਼ਮ ਅਤੇ ਘਾਹੁ ਦਾ ਅਰਥ ਹੈ ਘਾਹ ( grass)। ਇਸੇ ਤਰ੍ਹਾਂ ਹੀ ਇਸ ਦੇ ਅਰਥ ਆਮ ਤੌਰ ਤੇ ਪੜੇ ਸੁਣੇ ਜਾਂਦੇ ਹਨ ਕਿ ਜੇ ਰੱਬ ਜੀ ਅਪਣੀ ਨਜ਼ਰ ਪੁੱਠੀ ਕਰ ਲੈਣ ਤਾਂ ਉਹ ਰਾਜਿਆ ਨੂੰ ਵੀ ਘਾਹ ਖੁਆ ਦਿੰਦਾ ਹੈ। ਹਾਂ ਇਹ ਅਰਥ ਕਰਕੇ ਸਾਰੀ ਜ਼ੁਮੇਵਾਰੀ ਰੱਬ ਜੀ ਤੇ ਸੁੱਟ ਕੇ ਆਪ ਵਿਹਲੇ ਹੋ ਜਾਈਦਾ ਹੈ ਕਿ ਦੇਖੋ ਜੀ ਰੱਬ ਦੀ ਮਰਜ਼ੀ ਇਸ ਤਰ੍ਹਾਂ ਹੈ ਅਸੀਂ ਕੀ ਕਰ ਸਕਦੇ ਹਾਂ। ਪਰ ਨਹੀਂ ਗੁਰਮਤਿ ਇਹ ਗੱਲ ਨੂੰ ਇਸ ਤਰ੍ਹਾਂ ਨਹੀ ਕਬੂਲਦੀ। ਹਾਂ, ਰੱਬ ਇਤਨਾ ਸਮਰੱਥ ਜ਼ਰੂਰ ਹੈ ਕਿ ਉਹ ਕੁਝ ਵੀ ਕਰ ਸਕਦਾ ਹੈ। ਕਿੳਕਿ ਉਹ ਕਰਤਾ ਪੁਰਖੁ ਹੈ। ਪਰ ਇੱਥੇ ਸਵਾਲ ਜ਼ਰੂਰ ਪੈਦਾ ਹੋ ਜਾਂਦਾ ਹੈ ਕਿ ਕੀ ਰੱਬ ਜੀ ਕਿਸੇ ਦਾ ਬੂਰਾ ਵੀ ਕਰ ਸਕਦੇ ਹਨ? ਜੇ ਆਪਾ ਇਸ ਦਾ ਉਤਰ ਗੁਰਬਾਣੀ ਵਿੱਚੋਂ ਲੱਭਦੇ ਹਾਂ ਤਾਂ ਨਾ ਪੱਖੀ ਮਿਲਦਾ ਹੈ। ਕਿਉਂਕਿ ਸਤਿਗੁਰੂ ਤਾਂ ਸਭਨਾਂ ਦਾ ਭਲਾ ਹੀ ਮੰਗਦੇ ਹਨ ਫਿਰ ਕਿਸੇ ਦਾ ਵੀ ਬੁਰਾ ਕਿਸ ਤਰ੍ਹਾਂ ਕਰ ਸਕਦੇ ਹਨ। “ ਮਃ ੪ ॥ ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥ ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥ ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥ ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥ ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥ ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥੨॥ {ਪੰਨਾ 302}”। ਗੁਰੂ ਸਾਹਿਬ ਤਾਂ ਹੋਰ ਵੀ ਫ਼ੁਰਮਾਉਂਦੇ ਹਨ “ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥{ਪੰਨਾ 784}”। ਉਸਨੇ ਕਿਸੇ ਦਾ ਬੁਰਾ ਤਾਂ ਕੀ ਕਰਨਾ ਹੈ ਉਸ ਨੂੰ ਤਾਂ ਕੌੜਾ ਬੋਲਣਾ ਵੀ ਨਹੀਂ ਆਉਂਦਾ।ਗ਼ੁੱਸੇ ਤੋ ਬਿਨ੍ਹਾ ਤਾ ਨਦਰਿ ਉਪਠੀ ਹੋ ਹੀ ਨਹੀ ਸਕਦੀ ਅਤੇ ਗੁੱਸਾ ਰੱਬ ਜੀ ਨੂੰ ਆਉਦਾ ਹੀ ਨਹੀ। ਕਿੳਕਿ ਉਹ ਤਾਂ ਸਦਾ ਹੀ ਮਿਹਰਵਾਨ ਹੈ। ਸਿੱਖ ਇਤਿਹਾਸ ਲਿਖਦਾ ਹੈ ਕਿ ਜਦ ਪੈਂਦੇ ਖਾਂ ਗੁਰੂ ਹਰਿਗੋਬਿੰਦ ਸਾਹਿਬ ਤੇ ਚੜ੍ਹਾਈ ਕਰਕੇ ਕਰਤਾਰ ਪੁਰ ਆਉਂਦਾ ਹੈ ਤਾਂ ਉਹ ਜੰਗ ਵਿੱਚ ਗੁਰੂ ਸਾਹਿਬ ਦਾ ਵਾਰ ਨਾ ਸਹਾਰਦਾ ਹੋਇਆਂ ਜਦ ਗਿਰਦਾ ਹੈ ਤਾਂ ਆਖਰੀ ਸੁਆਸਾਂ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਉਸ ਨੂੰ ਅਪਣੀ ਗੋਦ ਵਿੱਚ ਲੈ ਕਿ ਪਿਆਰ ਕਰਦੇ ਹੋਏ ਜਿੱਥੇ ਉਸ ਉੱਪਰ ਅਪਣੀ ਢਾਲ ਦੀ ਛਾਂ ਕਰਦੇ ਹਨ ਉੱਥੇ ਇਹ ਵੀ ਕਹਿੰਦੇ ਹਨ ਕਿ ਪੈਂਦੇ ਖਾਂ ਅਪਣੇ ਇਸ਼ਟ ਨੂੰ ਯਾਦ ਕਰ ਲੈ ਅਤੇ ਕਲਮਾਂ ਪੜ ਲੈ। ਇੱਕ ਮੁਸਲਮਾਨ ਲਿਖਾਰੀ ਤਾਂ ਇਹ ਵੀ ਲਿਖਦਾ ਹੈ ਕਿ ਮੈ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਚਾਰੇ ਜੰਗਾਂ ਅੱਖੀ ਦੇਖੀਆਂ ਹਨ ਪਰ ਮੈ ਕਿਸੇ ਵੀ ਜੰਗ ਵਿੱਚ ਗੁਰੂ ਸਾਹਿਬ ਦੇ ਚਿਹਰੇ ਉੱਤੇ ਗ਼ੁੱਸਾ ਨਹੀਂ ਦੇਖਿਆਂ। ਗੁਰੂ ਦਸਮ ਪਾਤਸ਼ਾਹ ਨੇ ਭਾਈ ਘਨੀਆ ਜੀ ਨੂੰ ਪਾਣੀ ਦੇ ਨਾਲ ਮਲਮ ਪੱਟੀ ਕਰਨ ਲਈ ਵੀ ਦੇ ਦਿੱਤੀ ਸੀ। ਭਾਈ ਸਾਹਿਬ ਬਿਨਾ ਵਿਤਕਰੇ ਦੇ ਇਹ ਸੇਵਾ ਜੰਗ ਦੇ ਮੈਦਾਨ ਵਿੱਚ ਨਿਭਾਉਂਦੇ ਸਨ। ਜੇ “ ਗੁਰੁ ਪਰਮੇਸਰੁ ਏਕੋ ਜਾਣੁ ॥(ਪੰਨਾ-੮੬੪)” ਦਾ ਸਿਧਾਂਤ ਗੁਰਬਾਣੀ ਦ੍ਰਿੜ੍ਹ ਕਰਾਉਂਦੀ ਹੈ ਤਾਂ ਫਿਰ ਜੇ ਗੁਰੂ ਕਿਸੇ ਲਈ ਅਪਣੀ ਨਿਗਾਹ ਨਹੀਂ ਉਲ਼ਟਾਉਂਦਾ ਤਾਂ ਰੱਬ ਜੀ ਕਿਵੇ ਉਲਟਾ ਸਕਦੇ ਹਨ। ਹਾਂ ਕਰਮੀ ਆਪੋ ਆਪਣੀ ਦਾ ਸਿਧਾਂਤ ਗੁਰਮਤਿ ਜ਼ਰੂਰ ਦ੍ਰਿੜ੍ਹ ਕਰਾਉਂਦੀ ਹੈ। “ ਕਰਮਾਂ ਊਪਰਿ ਨਿਬੜੈ ਜੇ ਲੋਚੈ ਸਭੁ ਕੋਇ।” ( ਪੰਨਾ – ੧੫੭) ਰੱਬ ਜੀ ਸਾਡੇ ਕੀਤੇ ਕਰਮਾਂ ਅਨੁਸਾਰ ਹੀ ਸਾਨੂੰ ਜਿੰਦ ਬਖ਼ਸ਼ਸ਼ ਕਰਦੇ ਹਨ । ਇੱਥੇ ਜਦ ਆਪਾ ਪਉੜੀ ਅਤੇ ਇਸ ਤੋ ਪਹਿਲਾ ਆਏ ਸਲੋਕਾਂ ਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਇਸ ਪਉੜੀ ਦੀ ਵਿਸ਼ਾ ਵਸਤੂ ਸਮਝ ਪੈਦਾ ਹੈ ਕਿ ਗੁਰੂ ਸਾਹਿਬ ਮਨ ਨੂੰ ਉਲਟਾਉਣ ਦੀ ਗੱਲ ਕਰਦੇ ਹਨ। ਸ਼ਬਦ ਅੰਦਰ ਗੁਰੂ ਸਾਹਿਬ ਨੇ ਇੱਕ ਪਾਸੇ ਠੱਗੀਆਂ ਮਾਰਨ ਅਤੇ ਫੋਕੇ ਕਰਮ ਕਾਂਡਾਂ ਦੀ ਗੱਲ ਕੀਤੀ ਹੈ ਅਤੇ ਦੂਜੇ ਪਾਸੇ ਇਹ ਸਭ ਨੂੰ ਪਾਖੰਡ ਆਖਿਆਂ ਹੈ ਅਤੇ ਇਸ ਸਭ ਤੋ ਅਪਣੀ ਮੱਤ ਨੂੰ ਉਲਟਾ ਕਿ ਨਾਮ ਨਾਲ ਜੋੜ ਕਿ ਸੰਸਾਰ ਸਮੁੰਦਰ ਤਰਨ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ ਦੂਸਰੇ ਸਲੋਕ ਅੰਦਰ ਗੁਰੂ ਸਾਹਿਬ ਧਰਮ ਦੇ ਨਾਂ ਤੇ ਲੁੱਟ ਘਸੁੱਟ ਕਰਨ ਵਾਲਿਆਂ ਨੂੰ ਵੀ ਹਦਾਇਤ ਕਰਦੇ ਹੋਏ ਸਮਝਾਉਂਦੇ ਹਨ ਕਿ ਜਿਸ ਵਪਾਰ ਦੀ ਰਾਸ ਹੀ ਝੂਠ ਹੋਵੇ ਗੀ ਉਹ ਵਪਾਰ ਕਿਵੇ ਸੱਚਾ ਹੋ ਸਕਦਾ ਹੈ? ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਧਾਰਮਿਕ ਚਿੰਨ ਪਾ ਕੇ ਧਰਮੀ ਨਹੀਂ ਬਣਿਆਂ ਜਾਂਦਾ ਅਤੇ ਨਾ ਹੀ ਸੁੱਚ ਭਿੱਟ ਨਾਲ ਧਰਮ ਕਮਾਇਆ ਜਾਂ ਸਕਦਾ। ਇਹ ਤਾਂ ਸਭ ਕੂੜ ਹੀ ਵਰਤ ਰਿਹਾ ਹੈ। ਜੂਠੇ ਮਨ ਨਾਲ ਚੁਲ਼ੀਆਂ ਭਰਿਆਂ ਸੁੱਚਾ ਨਹੀਂ ਹੋ ਸਕੀਦਾ। ਸੋ ਇਸ ਲਈ ਅਪਣੀ ਸੋਚ ਨੂੰ ਉਪੱਠੀ ( ਉਲਟੀ) ਕਰਕੇ ਸੱਚ ਨੂੰ ਧਿਆਉਣਾ ਕਰਨਾ ਪਏਗਾ। ਜੇ ਪਾਖੰਡ ਛੱਡ ਕੇ ਸਚੁ ਨੂੰ ਅਪਣਾਉਣ ਨਾਲ ਹੀ ਸੁੱਚ ਹੋ ਸਕਦੀ ਹੈ।
ਹੁਣ ਆਪਾ ਇਸੇ ਵਿਸ਼ੇ ਵਸਤੂ ਨੂੰ ਲੈ ਕੇ ਪਉੜੀ ਨੂੰ ਵਿਚਾਰਨਾ ਹੈ। “ਪਉੜੀ ॥ ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥ ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥ ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥ ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ ਦਰਿ ਮੰਗਨਿ ਭਿਖ ਨ ਪਾਇਦਾ ॥੧੬॥ {ਪੰਨਾ 472}” ਗੁਰੂ ਸਾਹਿਬ ਇਸ ਪਉੜੀ ਵਿੱਚ ਫ਼ੁਰਮਾਉਂਦੇ ਹਨ ਕਿ ( ਭਾਈ ਪ੍ਰਭੂ) ਤੇਰੇ ਚਿੱਤ ਅੰਦਰ ਬੈਠਾ ਸਾਰਿਆਂ ਨੂੰ ਦੇਖ ਕਿ ਅਪਣੀ ( ਨਿਗਾਹ) ਹੇਠ ਚਲਾਉਂਦਾ ਹੈ। ( ਉਹ) ਆਪ ਹੀ ( ਕਈਆਂ ਨੂੰ) ਵਡਿਆਈਆਂ ਦੇ ਰਿਹਾ ਹੈ ( ਅਤੇ) ਆਪ ( ਸਾਰੇ) ਕੰਮ ਕਰਵਾਉਂਦਾ ਹੈ। (ਉਹ) ਇਸ ਵੱਡੀ ਸ੍ਰਿਸ਼ਟੀ ਅੰਦਰ ਵੱਡਿਆਂ ਤੇ ਵੀ ਵੱਡਾ ਹੈ ( ਅਤੇ ਆਪ ਹੀ) ਸਾਰਿਆ ਨੂੰ ਅਪਣੇ ਅਪਣੇ ਕੰਮੀ ਧੰਧੀ ਲਾਉਂਦਾ ਹੈ। ( ਸੋ ਭਾਈ ਅਗਰ ਤੂੰ ਅਪਣੀ) ਮੱਤ ਨੂੰ (ਝੂਠੇ ਧਾਰਮਿਕ ਕਰਮ ਕਾਂਡਾਂ ਤੋ) ਉਪੱਠੀ ਕਰੇ ( ਅਤੇ ਇਸ ਨੂੰ ਗੁਰਮਤਿ ਦੇ ਗਾਡੀ ਰਾਹ ਉੱਪਰ ਤੋਰੇ ਤਾਂ ਤੇਰਾ ਜੋ) ਮਨ ਰਾਜਾ ਸੁਲਤਾਨ (ਬਣ ਕੇ ਫੋਕੀ ਹਉਮੈ ਵਿੱਚ ਆਕੜਿਆ ਫਿਰਦਾ ਹੈ ) ਘਾਹ ( ਵਾਂਗ) ਨਿਮਰਤਾ ਵਿੱਚ ਆ ਜਾਏ ਗਾ। ( ਇਸ ਤਰਾਂ ਜਦ ਤੂੰ ਗੁਰਮਤਿ ਦਾ ਗਾਡੀ ਰਾਹ ਅਖਤਿਆਰ ਕਰ ਲਏਂਗਾ ਫਿਰ ਤੈਨੂੰ) ਦਰ ਦਰ ਤੇ ਭਿਖਿਆ ਮੰਗਣੀ ਨਹੀਂ ਪਾਵੇਗੀ। ( ਕਿਉਂਕਿ ਗੁਰਮਤਿ ਦੇ ਗਾਡੀ ਰਾਹ ਤੇ ਚੱਲ ਕੇ ਇਨਸਾਨ ਦਾ ਸਬਰ ਅਤੇ ਗੁਰੂ ਤੇ ਭਰੋਸਾ ਬਣ ਜਾਣਾ ਹੈ ਜਿਸ ਕਰਕੇ ਇਹ ਜੋ ਦੇਵੇਂ ਸੋ ਖਾਈ ਦਾ ਸਿਧਾਂਤੀ ਹੋ ਜਾਂਦਾ ਹੈ। ਇਸੇ ਕਰਕੇ ਗੁਰੂ ਦਾ ਸਿੱਖ ਕਦੀ ਮੰਗਦਾ ਨਹੀਂ ਮਿਲ ਸਕਦਾ। ਹਾਂ ਕੋਈ ਮਾਂਗਤ ਜਾਂ ਚੋਰ ਗੁਰੂ ਦਾ ਬਾਣਾ ਪਾ ਕੇ ਕੁਝ ਵੀ ਕਰ ਸਕਦਾ ਹੈ ਸਕਦਾ। ਕਿਉਂਕਿ ਚੋਰ ਨੂੰ ਤਾ ਹਰ ਬਾਣਾ ਚਾਹੀਦਾ ਹੈ। ਸੋ ਸਿੱਖ ਨੇ ਇਸ ਤੋ ਵੀ ਸਾਵਧਾਨ ਰਹਿਣਾ ਹੈ। ਸਿੱਖ ਦੀ ਪਹਿਚਾਣ ਉਸ ਦੇ ਕਿਰਦਾਰ ਤੋ ਕਰਨੀ ਹੈ ਨਾ ਕਿ ਸਿਰਫ ਪਹਿਰਾਵਾ ਦੇਖ ਕੇ। “ਸੂਰਤਿ ਦੇਖਿ ਨ ਭੂਲੁ ਗਵਾਰਾ ॥ ਮਿਥਨ ਮੋਹਾਰਾ ਝੂਠੁ ਪਸਾਰਾ ॥ ਜਗ ਮਹਿ ਕੋਈ ਰਹਣੁ ਨ ਪਾਏ ਨਿਹਚਲੁ ਏਕੁ ਨਾਰਾਇਣਾ ॥”( ਪੰਨਾ-੧੦੭੭)
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ