ਗੁਰੂ ਅਮਰਦਾਸ ਜੀ
ਬਚਪਨ ;-
ਆਪਜੀ ਦਾ ਪ੍ਰਕਾਸ਼ ਪਿੰਡ ਬ੍ਸਾਰਕੇ , ਜਿਲਾ ਅਮ੍ਰਿਤਸਰ ਬਾਬਾ ਤੇਜ ਭਾਨ ਤੇ ਮਾਤਾ ਸੁਲਖਣੀ ਦੇ ਘਰ ਹੋਇਆ। ਬਾਬਾ ਤੇਜ ਭਾਨ ਪਿੰਡ ਵਿਚ ਕੁਝ ਜਮੀਨ ਦੇ ਮਾਲਕ ਸਨ ਜਿਸ ਵਿਚ ਖੇਤੀ-ਬਾੜੀ ਕਰਾਉਦੇ ਤੇ ਨਾਲ ਵਣਜ -ਵਪਾਰ ਦਾ ਕੰਮ ਵੀ ਕਰਦੇ ਸਨ। ਗੁਰੂ ਅਮਰ ਦਾਸ ਆਪਣੇ ਪਿਤਾ ਦੇ ਕੰਮ ਵਿਚ ਹਥ ਵਟਾਉਂਦੇ ਸਨ। 1503 ਵਿਚ ਉਨ੍ਹਾ ਦਾ ਵਿਵਾਹ ਸਨਖਤਰੇ ਦੇਵੀ ਚੰਦ ਬਹਿਲ ਦੀ ਸਪੁਤਰੀ ਰਾਮ ਕੌਰ (ਮਨਸਾ ਦੇਵੀ ) ਨਾਲ ਹੋਇਆ। ਉਨ੍ਹਾ ਦੇ ਘਰ ਦੋ ਸਪੁਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਤੇ ਦੋ ਸਪੁਤ੍ਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਹੋਈਆਂ।
20 ਸਾਲ ਗੰਗਾ ਮਈ ਦੀ ਯਾਤਰਾ ਕਰਨ ਦੀ ਕਠਿਨ ਘਾਲ ਘਾਲੀ। ਇੱਕ ਵਾਰ ਇਨ੍ਹਾਂ ਦਾ ਮੇਲ ਇਕ ਵੈਸਨਵ ਬ੍ਰਾਮਚਾਰੀ ਨਾਲ ਹੋਇਆ ਜਿਸ ਨੇ ਗੁਰੂ ਜੀ ਤੋਂ ਜਲ ਛੱਕਿਆਂ ਅਤੇ ਅਚਾਨਕ ਹੀ ਉਸਨੇ ਪੁਛ ਲਿਆ ਕੀ ਤੁਹਾਡਾ ਗੁਰੂ ਕੋਣ ਹੈ ? ਤਾਂ ਗੁਰੂ ਜੀ ਨੇ ਕਿਹਾ ਗੁਰੂ ਦੀ ਭਾਲ ਵਿਚ ਉਮਰ ਗੁਜਰ ਗਈ ਹੈ ਅਜੇ ਤਕ ਕੋਈ ਮਿਲਿਆ ਨਹੀ। ਇਹ ਜਵਾਬ ਸੁਣਕੇ ਉਸ ਨੂੰ ਬਹੁਤ ਬੁਰਾ ਲਗਾ ਤੇ ਇਹ ਕਿਹਾ ਹੇ ਰਾਮ! ਨਿਗੁਰੇ ਕਾ ਸੰਗ , ਨਿਗੁਰੇ ਕਾ ਧਨ, ਨਿਗੁਰੇ ਕੇ ਹਥ ਕਾ ਪਾਣੀ ? ਮੇਰਾ ਤੋਂ ਜਨਮ ਭਰਿਸ਼ਟ ਹੋ ਗਿਆ ਹੈ।
ਬਹੁਤ ਡੂੰਘੀ ਚੋਟ ਲਗੀ। ਉਸਤੋਂ ਬਾਦ ਕਈ ਸਾਧੂਆਂ ਨੂੰ ਮਿਲੇ ਪਰ ਮਨ ਨਾ ਪਤੀਜਿਆ। ਅਚਾਨਕ ਇਕ ਦਿਨ ਬੀਬੀ ਅਮਰੋ ਜੋ ਉਨ੍ਹਾ ਦੇ ਭਰਾ ਦੀ ਨੂੰਹ ਤੇ ਗੁਰੂ ਅੰਗਦ ਦੇਵ ਜੀ ਦੀ ਸਪੁਤਰੀ ਸੀ ਦੇ ਮੂੰਹੋਂ ,ਸਵੇਰੇ ਸਵੇਰੇ , ਦੁਧ ਰਿੜਕਦੇ ਵਕਤ ਬਾਣੀ ਸੁਣੀ। ਜਦ ਬੀਬੀ ਅਮਰੋ ਤੋਂ ਪੁਛਿਆ ਕੀ ਸਵੇਰੇ ਸਵੇਰੇ ਤੁਸੀਂ ਕੀ ਗਾ ਰਹੇ ਸੀ ਤਾਂ ਉਨ੍ਹਾ ਨੇ ਕਿਹਾ ਕੀ ਮੇਰਾ ਪਿਤਾ ਜੀ ਦੀ ਬਾਣੀ ਉਚਾਰੀ ਹੋਈ ਹੈ। ਬਸ ਫਿਰ ਕੀ ਸੀ ਓਹ ਬੀਬੀ ਅਮਰੋ ਨਾਲ ਗੁਰੂ ਜੀ ਨੂੰ ਮਿਲਣ ਵਾਸਤੇ ਗਏ ਤਾਂ ਉਨਾ ਜੋਗੇ ਹੀ ਰਹਿ ਗਏ , ਮੁੜ ਵਾਪਿਸ ਨਹੀਂ ਆਏ।
12 ਸਾਲ ਗੁਰੂ ਘਰ ਵਿਚ ਰਹਕੇ ਅਨਥਕ ਸੇਵਾ ਕੀਤੀ , ਆਪਣੇ ਮਾਨ ਅਪਮਾਨ ਤੇ ਰਿਸ਼ਤੇ ਤੋ ਉਚੇਰੇ ਉਠਕੇ , ਪੂਰੇ ਸਿਦਕ ਪ੍ਰੇਮ ਤੇ ਉਤਸ਼ਾਹ ਨਾਲ ਹਰ ਰੋਜ਼ ਅਮ੍ਰਿਤ ਵੇਲੇ ਉਠਕੇ ਤਿੰਨ ਕੋਹ ਦੂਰ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆਂਦੇ , ਗੁਰੂ ਸਾਹਿਬ ਨੂੰ ਇਸ਼ਨਾਨ ਕਰਾਂਦੇ, ਉਨ੍ਹਾ ਦੇ ਕਪੜੇ ਧੋਂਦੇ , ਤੇ ਲੰਗਰ ਦੀ ਸੇਵਾ ਵਿਚ ਲਗ ਜਾਂਦੇ। ਹਥ ਸੇਵਾ ਵਲ ਤੇ ਚਿਤ ਕਰਤਾਰ ਵਲ ਰਹਿੰਦਾ। ਘਟ ਬੋਲਦੇ ਘਟ ਖਾਂਦੇ ਤੇ ਘਟ ਸੋਂਦੇ। ਹਾੜ, ਸਿਆਲ, ਹਨੇਰੀ ਮੀਹ ,ਝਖੜ , ਕਦੀ ਵੀ ਉਨਾ ਦੇ ਨੇਮ ਤੇ ਪ੍ਰੇਮ ਵਿਚ ਫਰਕ ਨਹੀਂ ਆਇਆ। ਕਈ ਵਾਰ ਹਨੇਰੇ ਵਿਚ ਠੁਡੇ ਠੇਲੇ ਵੀ ਖਾਂਦੇ। ਇਸ ਕਰੜੀ ਤੇ ਅਤ- ਗਾਖੜੀ ਸੇਵਾ ਦੇ ਅੰਤਲੇ ਦਿਨਾ ਵਿਚ ਵਾਪਰੀ ਇਹ ਘਟਨਾ ਸੇਵਾ ਅਤੇ ਗੁਰਸਿਖ ਦੇ ਪਰਸਪਰ ਸਬੰਧਾ ਦੀ ਇਕ ਅਦੁਤੀ ਮਿਸਾਲ ਹੈ।
ਇਕ ਦਿਨ ਸਦਾ ਵਾਂਗ ਅਮ੍ਰਿਤ ਵੇਲੇ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆ ਰਹੇ ਸੀ , ਅਤ ਦਾ ਮੀਹ ਵਸ ਰਿਹਾ ਸੀ , ਝਖੜ ਝੁਲ ਰਿਹਾ ਸੀ , ਜਦੋਂ ਪਿੰਡ ਪਹੁੰਚੇ ਠੋਕਰ ਲਗੀ ਤਾਂ ਗਿਰ ਗਏ ਪਰ ਪਾਣੀ ਦੀ ਗਾਗਰ ਮੋਢੇ ਤੋ ਡਿਗਣ ਨਹੀਂ ਦਿਤੀ ,ਖੜਾਕ ਹੋਇਆ। ਨਾਲ ਹੀ ਇਕ ਘਰ ਵਿਚੋਂ ਜੁਲਾਹੇ ਨੇ ਜੁਲਾਹੀ ਤੋ ਪੁਛਿਆ ,” ਇਹ ਖੜਾਕ ਤਾਂ ਡਿਗਣ ਦਾ ਹੈ ਇਸ ਵੇਲੇ ਕੋਣ ਹੋਵੇਗਾ ? ਜੁਲਾਹੀ ਨੇ ਕਿਹਾ ,” ਹੋਰ ਕੋਣ ਹੋ ਸਕਦਾ ਹੈ, ਅਮਰੂ ਨਿਥਾਵਾਂ ਹੋਣਾ ,ਜੋ ਪੇਟ ਦੀ ਖਾਤਿਰ ਕੁੜਮਾ ਦਾ ਪਾਣੀ ਭਰਦਾ ਹੈ ਤੇ ਚਾਕਰੀ ਕਰਦਾ ਹੈ। ਗੁਰੂ ਸਾਹਿਬ ਨੇ ਵੀ ਉਨ੍ਹਾ ਦਾ ਵਾਰਤਾਲਾਪ ਸੁਣਿਆ ਅਤੇ ਸਹਿਜ ਸੁਭਾਅ ਕਿਹਾ,” ਕਮਲੀਏ ਮੈ ਨਿਥਾਵਾਂ ਕਿਉਂ ਹਾਂ , ਜਿਸ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਠਿਕਾਣਾ ਦਿਤਾ ਹੋਵੇ ਓਹ ਨਿਥਾਵਾਂ ਕਿਵੇਂ ਹੋ ਸਕਦਾ ਹੈ।
ਦਿਨ ਚੜੇ ਜਦ ਗੁਰੂ ਸਾਹਿਬ ਨੂੰ ਇਸ ਵਾਪਰੀ ਘਟਨਾ ਬਾਰੇ ਪਤਾ ਚਲਿਆ ਤਾਂ ਉਨ੍ਹਾ ਨੇ ਗੁਰੂ ਅਮਰ ਦਾਸ ਤੋ ਪੁਛਿਆ। ਗੁਰੂ ਅਮਰ ਦਾਸ ਨੇ ਕਿਹਾ ਗੁਰੂ ਸਾਹਿਬ ਮੈਂ ਹੁਣ ਬਜ਼ੁਰਗ ਹੋ ਗਿਆ ਹਾਂ। ਇਸ ਕਰਕੇ ਗਿਰ ਗਿਆ ਸਾਂ। ਗੁਰੂ ਜੀ ਨੇ ਗੱਲ ਨਾਲ ਲਇਆ ਤੇ ਕਿਹਾ ਬੱਸ ਭਾਈ ਜੋ ਗਿਰਨਾ ਨਹੀਂ ਜਾਣਦਾ ਉਹ ਗਿਰੇ ਹੋਏ ਨੂੰ ਚੁੱਕ ਨਹੀਂ ਸਕਦਾ। ਸੋ ਹੁਣ ਤੁਸੀਂ ਪਾਸ ਹੋ ਗਏ ਹੋ। ਇਤਨੇ ਨੂੰ ਜੁਲਾਹਾ ਤੇ ਜੁਲਾਹੀ ਅਪਣੇ ਕਹੇ ਸ਼ਬਦਾਂ ਦੀ ਮਾਫ਼ੀ ਮੰਗਣ ਲਈ ਆ ਗਏ। ਭਰੇ ਦਰਬਾਰ ਵਿਚ ਗੁਰੂ ਅੰਗਦ ਦੇਵ ਜੀ ਨੇ ਕਿਹਾ ,” ਤੁਸੀਂ ਅਮਰਦਾਸ ਦੀ ਬੜੀ ਨਿਰਾਦਰੀ ਕੀਤੀ ਹੈ ਓਹ ਨਿਥਾਵੇਂ ਕਿਵੇਂ ਹਨ। ਓਹ ਤਾ ਨਿਥਾਵਿਆਂ ਦੀ ਥਾਂ ,ਨਿਓਟਿਆਂ ਦੀ ਓਟ ,ਨਿਪਤਿਆਂ ਦੀ ਪਤ,ਨਿਗਤਿਆਂ ਦੀ ਗਤ , ਨਿਧਿਰੀਆਂ ਦੀ ਧਿਰ ਹਨ।
ਗੁਰਿਆਈ
ਇਕ ਦਿਨ ਜਨਵਰੀ 1552 ਵਿਚ ਜਦ ਗੁਰੂ ਅੰਗਦ ਦੇਵ ਜੀ ਨੂੰ ਲੱਗਾ ਕਿ ਉਨ੍ਹਾ ਦਾ ਸਮਾ ਨੇੜੇ ਆ ਗਿਆ ਹੈ ਤਾਂ ਪ੍ਰੇਮ, ਸਿਦਕ ,ਘਾਲ- ਕਮਾਈ ਤੇ ਯੋਗਤਾ ਦੇ ਪਖੋਂ ਹਕਦਾਰ ਸਮਝਕੇ , ਸੰਗਤ ਦੇ ਸਾਹਮਣੇ ਅਰਦਾਸ ਨੂੰ ਗੁਰੂ ਕਰ ਕੇ ਮਥਾ ਟੇਕਿਆ। ਗੁਰਿਆਈ ਦੇਣ ਦਾ ਮਾਣ ਬਾਬਾ ਬੁਢਾ ਜੀ ਨੂੰ ਬਖਸ਼ਿਆ। ਨਾਲ ਹੀ ਗੋਂਦੇ ਦੀ ਬੇਨਤੀ ਤੇ ਗੋਇੰਦਵਾਲ ਵਸਾਉਣ ਲਈ ਹੁਕਮ ਕਰ ਦਿੱਤਾ। ਸੰਗਤ ਨੇ ਹੁਕਮ ਮਨ ਕੇ ਗੁਰੂ ਅਮਰ ਦਾਸ ਅਗੇ ਸੀਸ ਨਿਵਾਇਆ ਪਰ ਪੁਤਰਾਂ ਨੇ ਅਜਿਹਾ ਕਰਨੋ ਨਾਂਹ ਕਰ ਦਿਤੀ। ਦਾਤੂ ਆਪਣੀ ਜਿਦ ਤੇ ਅੜਿਆ ਰਿਹਾ। ਇਕ ਦਿਨ ਗੋਇੰਦਵਾਲ ਸਾਹਿਬ ਗੁਰੂ ਸਾਹਿਬ ਨੂੰ ਸਿੰਘਾਸਨ ਤੇ ਬੈਠਿਆ ਬਰਦਾਸ਼ਤ ਨਹੀ ਕਰ ਸਕਿਆ ਅਤੇ ਜਾ ਲਤ ਮਾਰੀ ਗੁਰੂ ਸਾਹਿਬ ਨੇ ਨੇਤਰ ਖੋਲੇ, ਸੰਭਲੇ ਤੇ ਦਾਤੂ ਦੇ ਚਰਨ ਪਕੜਕੇ ਕਿਹਾ, ਸਾਡੀਆਂ ਬੁੱਢੀਆਂ ਹਡੀਆਂ ਸਖਤ ਹਨ ਤੁਹਾਡੇ ਪੈਰ ਕੂਲੇ ਤੇ ਨਰਮ ਹਨ ਕਿਤੇ ਚੋਟ ਤੇ ਨਹੀ ਆਈ ? ਗੁਰੂ ਸਾਹਿਬ ਚੁਪ ਚਪੀਤੇ ਬਿਨਾ ਕਿਸੇ ਨੂੰ ਦਸੇ ਆਪਣੇ ਪਿੰਡ ਬ੍ਸਾਰਕੇ ਪਹੁੰਚ ਗਏ। ਪਿੰਡੋ ਬਾਹਰ ਇਕ ਕੋਠੇ ਵਿਚ ਬੈਠ ਗਏ। ਅੰਦਰੋ ਕੁੰਡਾ ਲਗਾ ਲਿਆ। ਬਾਹਰ ਲਿਖ ਦਿਤਾ ਕੋਈ ਵੀ ਦਰਵਾਜ਼ਾ ਖੋਲਕੇ ਅੰਦਰ ਆਣ ਦੀ ਕੋਸ਼ਿਸ਼ ਨਾ ਕਰੇ।
ਅਖੀਰ ਸੰਗਤ ਭਾਲ ਪਿੱਛੋਂ ਵੱਡੀ ਗਿਣਤੀ ਵਿੱਚ ਬਾਬਾ ਬੁਢਾ ਜੀ ਦੀ ਅਗਵਾਈ ਹੇਠ ਬਸਾਰਕੇ ਪਹੁੰਚੀ ਗਈ । ਬਾਬਾ ਬੁਢਾ ਜੀ ਨੇ ਲਿਖਿਆ ਦੇਖਿਆ। ਉਨ੍ਹਾਂ ਐਸੀ ਵਿਓਂਤ ਬਣਾਈ ਕੀ ਅਵਿਗਿਆ ਵੀ ਨਾ ਹੋਵੇ ਤੇ ਬੇਨਤੀ ਵੀ ਕੀਤੀ ਜਾ ਸਕੇ। ਕੋਠੇ ਦੇ ਚੜਦੇ ਪਾਸੇ ਕੰਧ ਵਿਚ ਸੰਨ ਲਗਾਈ ਤੇ ਜਾ ਅੰਦਰ ਮਥਾ ਟੇਕਿਆ। ਗੁਰੂ ਸਾਹਿਬ ਬਾਬਾ ਬੁਢਾ ਜੀ ਤੇ ਸੰਗਤਾ ਦਾ ਪ੍ਰੇਮ ਸਤਕਾਰ ਤੇ ਹਲੀਮੀ ਦੇਖਕੇ ਬੜੇ ਖੁਸ਼ ਹੋਏ ਤੇ ਸੰਗਤਾ ਦਾ ਹੁਕਮ ਮੰਨ ਮੁੜ ਗੋਇੰਦਵਾਲ ਆਕੇ ਪਹਿਲੇ ਵਰਗਾ ਦਰਬਾਰ ਲਗਾਓਣ ਲਗ ਪਏ।
ਲੰਗਰ ਪ੍ਰਥਾ
ਹੁਣ ਗੋਇੰਦਵਾਲ ਸਾਹਿਬ ਵਿਚ ਖਡੂਰ ਸਾਹਿਬ ਵਾਂਗ ਰੋਣਕਾਂ ਲਗ ਗਈਆਂ। ਗੁਰੂ ਅਮਰਦਾਸ ਜੀ ਦਾ ਇਥੇ ਨਿਵਾਸ ਹੋਣ ਕਰਕੇ ਇਹ ਸਿਖੀ ਦਾ ਉਸ ਵੇਲੇ ਦਾ ਪ੍ਰਮੁਖ ਕੇਂਦਰ ਬਣ ਗਿਆ। ਸਵੇਰ ਤੋ ਸ਼ਾਮ ਤਕ ਕੀਰਤਨ ਲੰਗਰ ,ਵਿਚਾਰ , ਪਾਠ ਹੋਣ ਲਗੇ। ਦੂਰ ਦੂਰ ਤੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਤੇ ਵਿਚਾਰਾਂ ਨੂੰ ਸੁਣਨ ਆਉਂਦੀਆਂ। ਗੁਰੂ ਸਾਹਿਬ ਨੇ ਇਥੇ ਲੰਗਰ ਪ੍ਰਥਾ ਨੂੰ ਮਜਬੂਤ ਕਰਨ ਲਈ ਹੁਕਮ ਕੀਤਾ ” ਪਹਿਲੇ ਪੰਗਤ ਪਾਛੇ ਸੰਗਤ”। ਗੁਰੂ ਦਰਬਾਰ ਆਉਣ ਤੋ ਪਹਿਲਾਂ ਲੰਗਰ ਛਕਣਾ ਜਰੂਰੀ ਕਰ ਦਿਤਾ ਗਿਆ , ਜਿਸਦਾ ਮੁਖ ਉਦੇਸ਼ ਜਾਤ -ਪਾਤ, ਛੁਆ -ਛੂਤ ਊਚ -ਨੀਚ ਦੀ ਭਾਵਨਾ ਤੋਂ ਉਪਰ ਉਠਕੇ , ਮਨੁਖੀ ਏਕਤਾ , ਭਾਈਚਾਰੇ, ਤੇ ਸਰਬ ਸਾਂਝੀਵਾਲਤਾ ਨੂੰ ਮਜਬੂਤ ਕਰਨਾ ਸੀ। ਵਧਦੀ ਫੁਲਦੀ ਸਿਖੀ, ਸਮਾਜਿਕ ਸੁਧਾਰ ਤੇ ਸਾਂਝੇ ਲੰਗਰ ਦੀ ਪਰੰਪਰਾਵਾਂ ਹਿੰਦੂ ਧਰਮ ਦੇ ਮੁਖੀ , ਕਾਜ਼ੀ, ਮੁਲਾਣੇ ਤੇ ਮੋਲਵੀਆਂ ਨੂੰ ਰੜਕ ਰਹੀਆਂ ਸੀ , ਉਹ ਬਹੁਤ ਔਖੇ ਹੋਏ , ਅਕਬਰ ਨੂੰ ਸ਼ਕਾਇਤ ਵੀ ਕੀਤੀ , ਜਿਸਦੀ ਚਰਚਾ ਲਈ ਭਾਈ ਜੇਠਾ ਜੀ ਨੂੰ ਲਾਹੋਰ ਭੇਜਿਆ ਗਿਆ। ਉਹਨਾ ਨੇ ਇਸ ਕਦਰ ਅਕਬਰ ਦੀ ਤਸੱਲੀ ਕਰਵਾਈ ਕਿ ਅਕਬਰ ਖੁਦ ਬੜੀ ਨਿਮਰਤਾ ਸਹਿਤ ਗੁਰੂ ਸਹਿਬ ਨੂੰ ਮਿਲਣ ਵਾਸਤੇ ਗੋਇੰਦਵਾਲ ਆਏ ਤੇ ਗੁਰੂ ਦਰਬਾਰ ਵਿਚ ਆਣ ਤੇ ਪਹਿਲੇ ਬੜੇ ਪਿਆਰ ਤੇ ਸ਼ਰਧਾ ਨਾਲ ਪੰਗਤ ਵਿਚ ਬੈਠਕੇ ਲੰਗਰ ਵੀ ਛਕਿਆ। ਓਹ ਇਤਨਾ ਖੁਸ਼ ਹੋਇਆ ਕਿ ਚੋਖੀ ਮਾਇਆ ਤੇ ਜਗੀਰਾਂ ਭੇਂਟ ਕਰਣ ਲਈ ਬੇਨਤੀ ਕੀਤੀ , ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ ਇਹ ਕਹਿਕੇ ਕੀ ਇਹ ਸਾਡਾ ਨਹੀ ਸੰਗਤ ਦਾ ਉਪਰਾਲਾ ਹੈ। ਅਕਬਰ ਨੇ ਬਹੁਤ ਮਜਬੂਰ ਕੀਤਾ ਪਰ ਜਦ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ,” ਮੈਂ ਨਹੀਂ ਚਾਹੁੰਦਾ ਕੀ ਲੰਗਰ ਕਿਸੇ ਇਕ ਆਦਮੀ ਦੇ ਸਹਾਰੇ ਚਲੇ , ਇਹ ਸੰਗਤ ਦਾ ਹੈ ਤੇ ਸੰਗਤ ਹੀ ਇਸ ਨੂੰ ਚਲਾਇਗੀ। ਅਖੀਰ ਉਸਨੇ ਮਾਤਾ ਭਾਨੀ ਨੂੰ ਆਪਣੀ ਬਚੀ ਕਹਿਕੇ 22 ਪਿੰਡਾ (ਝਬਾਲ) ਦਾ ਇਲਾਕਾ ਉਸਦੇ ਨਾ ਲਗਾ ਦਿਤਾ। ਕਾਲ ਤੋਂ ਪੀੜਤ ਕਿਸਾਨਾ ਨੂੰ ਟੈਕਸ ਤੋਂ ਛੂਟ ਦੇ ਦਿਤੀ 1563 ਵਿਚ ਅਕਬਰ ਨੇ ਹਿੰਦੂਆਂ ਉੱਪਰ ਲਗਾਇਆ ਤੀਰਥ ਯਾਤਰਾ ਟੈਕਸ ਮਾਫ਼ ਕੀਤਾ ਅਤੇ ਸਤੀ ਦੀ ਰਸਮ ਨੂੰ ਕਨੂੰਨੀ ਜੁਰਮ ਇਕਰਾਰ ਦੇ ਦਿੱਤਾ।
ਗੋਇੰਦਵਾਲ ਸਾਹਿਬ ਵਿਚ ਬਾਉਲੀ
ਜਿੱਥੇ ਲੰਗਰ ਜਾਤ-ਪਾਤ ਨੂੰ ਖਤਮ ਕਰਨ ਦਾ ਇਕ ਤਕੜਾ ਉਦਮ ਸੀ ਜਿਸ ਨੂੰ ਮੰਨਣ ਵਾਲਿਆ ਦੀ ਇਕ ਤਕੜੀ ਸੰਗਤ ਬਣ ਗਈ ਉੱਥੋਂ ਵਿਰੋਧੀ ਵੀ ਅਪਣਾ ਪੂਰਾ ਜ਼ੋਰ ਲਗਾ ਰਹੇ ਸਨ। ਉਨਾ ਨੇ ਸਿਖਾਂ ਨੂੰ ਖੂਹ ਤੋ ਪਾਣੀ ਭਰਨ ਦੀ ਮਨਾਹੀ ਕਰ ਦਿਤੀ , ਬਹੁਤ ਰੁਕਾਵਟਾ ਪਾਈਆਂ ਕਈ ਵਾਰ ਘੜੇ ਵੀ ਭਂਨ ਦਿਤੇ। ਗੁਰੂ ਸਾਹਿਬ ਨੇ ਜਾਤ -ਪਾਤ ਦੇ ਵੰਡ- ਵਿਤਕਰੇ ਨੂੰ ਖਤਮ ਕਰਨ ਲਈ ਗੋਇੰਦਵਾਲ ਸਾਹਿਬ ਇਕ ਵਡੇ ਪੈਮਾਨੇ ਤੇ 84 ਪੋੜੀਆਂ ਵਾਲੀ ਬਾਓਲੀ ਬਣਵਾਈ। ਟਕ ਬਾਬਾ ਬੁਢਾ ਜੀ ਨੇ ਲਗਾਇਆ। ਜਿਸਦਾ ਜਲ ਅਟੁਟ ਸੀ ,ਜਿਸ ਵਿਚ ਹਰ ਇਕ ਨੂੰ ਪਾਣੀ ਭਰਨ ਦੀ , ਇਸ਼ਨਾਨ ਕਰਨ ਦੀ ਖੁਲ ਸੀ। ਮਾਲ, ਡੰਗਰਾ ਤੇ ਖੇਤੀ ਵਾਸਤੇ ਇਕ ਵਡਾ ਖੂਹ ਵੀ ਬਣਵਾਇਆ ਜਿਥੇ ਹਰਟ ਚਲਵਾਏ। ਗੋਇੰਦਵਾਲ ਸਾਹਿਬ ਸਿਖਾਂ ਦਾ ਪਹਿਲਾ ਕੇਂਦਰ ਤੇ ਤੀਰਥ ਅਸਥਾਨ ਬਣ ਗਿਆ।
ਅਮ੍ਰਿਤਸਰ ਵਸਾਉਣਾ
ਦੂਜੀ ਮਹਤਵ ਪੂਰਨ ਉਸਾਰੀ ਅਮ੍ਰਿਤਸਰ ਦੀ ਹੈ। ਜੋ ਉਨ੍ਹਾ ਦੀ ਸਿਖੀ ਨੂੰ ਮਹਾਨ ਦੇਣ ਹੈ ਰਾਮਦਾਸ ਜੀ ਨੂੰ ਅਮ੍ਰਿਤਸਰ ਸ਼ਹਿਰ ਵਸਾਉਣ ਦਾ ਹੁਕਮ ਦਿਤਾ ਜੋ ਬਾਅਦ ਵਿਚ ਸਿਖੀ ਦਾ ਮੁਖ ਕੇਂਦਰ ਬਣਿਆ ਤੇ ਇਸ ਵਿਚ ਹਰਿਮੰਦਰ ਸਾਹਿਬ ਦੀ ਉਸਾਰੀ ਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਨਾਲ ਸਦਾ ਲਈ ਪਵਿਤਰ ਤੇ ਅਮਰ ਹੋ ਗਿਆ। ਗੁਮਟਾਲਾ ,ਤੁੰਗ , ਸੁਲਤਾਨ ਵਿੰਡ ਤੇ ਗਿਲਵਾਨੀ ਪਿੰਡਾਂ ਦੇ ਮੁਖੀਆਂ ਨੂੰ ਇਕਠਾ ਕਰਕੇ ,ਜਮੀਨ ਖਰੀਦੀ ਤੇ 1570 ਈਸਵੀ ਵਿਚ ਮੋੜੀ ਗਡਵਾ ਕੇ ਇਸ ਦਾ ਨਾਂ ਗੁਰੂ ਕਾ ਚਕ ਰਖ ਦਿਤਾ। ਇਸ ਦੀ ਉਸਾਰੀ ਦਾ ਕੰਮ ਭਾਈ ਜੇਠਾ ਜੀ ਦੀ ਨਿਗਰਾਨੀ ਹੇਠ ਹੋਇਆ।
ਇਸਤਰੀ ਦਾ ਦਰਜਾ ;-
ਗੁਰੂ ਅਮਰਦਾਸ ਕ੍ਰਾਂਤੀਕਾਰੀ ਤੇ ਸਮਾਜ ਸੁਧਾਰਕ ਵੀ ਸਨ। ਉਸ ਸਮੇਂ ਇਸਤਰੀ ਦਾ ਦਰਜਾ ਬਹੁਤ ਨੀਵਾਂ ਸਮ੍ਝਿਆ ਜਾਂਦਾ ਸੀ। ਜੈਨੀ ਖੁਲੇ ਤੋਰ ਤੇ ਪ੍ਰਚਾਰ ਕਰਦੇ ਸਨ ਕੀ ਇਸਤਰੀ ਕਦੀ ਰਬ ਨਾਲ ਇਕਮਿਕ ਨਹੀ ਹੋ ਸਕਦੀ। ਯੂਨਾਨੀ ਇਸਤਰੀ ਨੂੰ ਨਾ-ਮੁਕੰਬਲ ਸ਼ੈ ਆਖਦੇ ਹਨ , ਇੰਗ੍ਲੈੰਡ ਵਿਚ ਔਰਤ ਨੂੰ ਪ੍ਰਮਾਤਮਾ ਦੀ ਮਜ਼ੇਦਾਰ ਗਲਤੀ ਕਿਹਾ ਜਾਂਦਾ ਹੈ। ਬੁਧ ਧਰਮ ਵਿਚ ਇਥੋਂ ਤਕ ਲਿਖਿਆ ਹੈ ਕਿ ਜੇ ਔਰਤ ਨਦੀ ਵਿਚ ਗੋਤੇ ਖਾ ਰਹੀ ਹੋਵੇ ,ਭਾਵੇਂ ਉਸਦੀ ਮੋਤ ਹੀ ਕਿਉਂ ਨਾ ਹੋ ਜਾਵੇ, ਕੋਈ ਵੀ ਨਰ ਭਿਕਸ਼ੂ ਉਸ ਨੂੰ ਬਚਾਣ ਦਾ ਹੀਲਾ ਤਕ ਨਾ ਕਰੇ। ਰਾਮ ਨੁਜ ਉਸ ਨੂੰ ਧਰਮ ਵਿਚ ਦਾਖਲ ਹੀ ਨਹੀਂ ਕਰਦੇ ਕਿਓਕੀ ਓਹ ਰਿਸ਼ੀਆਂ ਮੁਨੀਆਂ ਦੀ ਇਬਾਬਤ ਨਸ਼ਟ ਕਰ ਦਿੰਦੀ ਹੈ। ਸਿਰਫ ਸਿਖ ਧਰਮ ਹੀ ਐਸਾ ਧਰਮ ਹੈ ਜਿਸ ਵਿਚ ਇਸਤਰੀ ਨੂੰ ਮਰਦ ਦੇ ਬਰਾਬਰ ਥਾਂ ਦਿਤੀ ਗਈ ਹੈ। ਗੁਰੂ ਨਾਨਕ ਸਾਹਿਬ ਨੇ ਇਸਤਰੀ ਬਾਰੇ ਲਿਖਿਆ ਹੈ।
ਸੋ ਕਿਓਂ ਮੰਦਾ ਆਖੀਏ ਜਿਤ ਜਮੇ ਰਾਜਾਨੁ
ਗੁਰੂ ਨਾਨਕ ਸਾਹਿਬ ਨੇ ਇਸਤਰੀ ਜਾਤੀ ਦੇ ਹਕ਼ ਵਿਚ ਆਪਣੀ ਅਵਾਜ਼ ਬੁਲੰਦ ਕੀਤੀ ਤੇ ਉਸ ਨੂੰ ਬੁਰਾ,ਨੀਵਾਂ ਜਾਂ ਕਮਤਰ ਸਮਝਣ ਦਾ ਖੰਡਨ ਕੀਤਾ। ਗੁਰੂ ਨਾਨਕ ਦੇਵ ਜੀ ਨੇ ਇਸ ਲਹਿਰ ਨੂੰ ਸ਼ੁਰੂ ਕੀਤਾ। ਉਸਤੋਂ ਪਿਛੋਂ ਗੁਰੂ ਅੰਗਦ ਦੇਵ ਜੀ , ਗੁਰੂ ਅਮਰ ਦਾਸ ਜੀ ਤੇ ਬਾਕੀ ਸਭ ਗੁਰੂਆਂ ਨੇ ਇਸ ਨੂੰ ਮਜਬੂਤ ਕੀਤਾ। ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਨੂੰ ਲੰਗਰ ਦੇ ਮੁਖੀ ਦੀ ਸੇਵਾ ਬਖਸ਼ ਕੇ ਇਸਤਰੀ ਜਾਤੀ ਦਾ ਮਾਨ ਵਧਾਇਆ। ਗੁਰੂ ਅਮਰ ਦਾਸ ਜੀ ਨੇ 22 ਮੰਜੀਆਂ ਵਿਚੋਂ 2 ਮੰਜੀਆਂ 55 ਪੀੜੀਆਂ ਦਾ ਮੁਖੀਆ ਬੀਬੀਆਂ ਨੂੰ ਬਣਾਇਆ। ਗੁਰੂ ਅਮਰ ਦਾਸ ਨੇ ਇਸਤਰੀ ਜਾਤੀ ਵਾਸਤੇ ਕਈ ਠੋਸ ਕਦਮ ਚੁਕੇ। ਪਰਦੇ ਦੀ ਰਸਮ ਨੂੰ ਖਤਮ ਕੀਤਾ ਉਨ੍ਹਾ ਨੇ ਫੁਰਮਾਇਆ ਪਰਦਾ ਗੁਲਾਮੀ ਦੀ ਨਿਸ਼ਾਨੀ ਹੈ। ਇਜ਼ਤ ਲੈਣ ਦੇਣ ਦਾ ਇਸ ਨਾਲ ਕੋਈ ਸਬੰਧ ਨਹੀ। ਦਰਬਾਰ ਵਿਚ ਇਸਤਰੀਆਂ ਨੂੰ ਪਰਦਾ ਕਰਕੇ ਆਣ ਦਾ ਹੁਕਮ ਨਹੀਂ ਸੀ ,ਉਨ੍ਹਾ ਨੂੰ ਸੰਗਤ ਵਿਚ ਅਜਾਦੀ ਨਾਲ ਸੇਵਾ ਕਰਨ ਦੀ ਖੁਲ ਸੀ। ਵਿਧਵਾ ਨੂੰ ਵਿਆਹ ਕਰਨ ਦੀ ਖੁਲ ਦਿਤੀ। ਕਈਆਂ ਜਵਾਨ ਇਸਤਰੀਆਂ ਦੇ ਵਿਵਾਹ ਕਰਵਾਏ ਤੇ ਉਨ੍ਹਾ ਦੇ ਜੀਵਨ ਦੀਆਂ ਖੁਸ਼ੀਆਂ ਬਹਾਲ ਕਰਵਾਈਆਂ। ਉਸ ਵਕਤ ਲੜਕੀਆਂ ਨੂੰ ਲੋਕ ਜੰਮਦਿਆਂ ਹੀ ਮਾਰ ਦਿੰਦੇ ਯਾ ਟੋਇਆ ਪੁੱਟ ਕੇ ਉਸ ਵਿਚ ਦਬ ਦਿੰਦੇ ਸਨ। ਗੁਰੂ ਸਾਹਿਬ ਨੇ ਇਸ ਕੁਰੀਤੀ ਦਾ ਬੜੀ ਸਖਤੀ ਨਾਲ ਵਿਰੋਧ ਕੀਤਾ ਤੇ ਸਿਖਾਂ ਵਿਚ ਇਸ ਨੂੰ ਬੰਦ ਕਰਨ ਦਾ ਹੁਕਮ ਦਿਤਾ। ਸਤੀ ਪ੍ਰਥਾ ਇਸਤਰੀ ਲਈ ਵਡੀ ਲਾਹਨਤ ਸੀ। ਇਸਤਰੀ ਦੀ ਮਰਜੀ ਦੇ ਖਿਲਾਫ਼ ਉਸ ਨੂੰ ਮਲੋ -ਮਲੀ ਪਤੀ ਨਾਲ ਸੜਨ ਲਈ ਜਲਦੀ ਚਿਖਾ ਵਿਚ ਸੁਟ ਦਿਤਾ ਜਾਂਦਾ ਸੀ। ਸੋ ਸਤੀ ਰਸਮ ਦੇ ਵਿਰੁਧ ਜੋਰਦਾਰ ਅਵਾਜ ਹੀ ਨਹੀਂ ਉਠਾਈ ਬਲਕਿ ਸਮੇਂ ਦੇ ਹਾਕਮ ਤੋਂ ਕਨੂੰਨ ਬਣਵਾ ਦਿੱਤਾ ਕਿ ਇਹ ਕਨੂੰਨੀ ਜੁਰਮ ਹੈ। ਸਤੀਆਂ ਇਹਿ ਨਾ ਅਖੀਆਨਿ ਜੋ ਮੜੀਆਂ ਲਗਿ ਜ੍ਲੰਨਿ
ਨਾਨਕ ਸਤੀਆਂ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ।।
ਭੀ ਸੋ ਸਤੀਆਂ ਜਾਣੀਅਨਿ ਸੀਲ ਸੰਤੋਖ ਰਂਹਨਿ
ਸੇਵਨਿ ਸਾਈ ਆਪਣਾ ਨਿਤਿ ਉਠਿ ਸਮਾਲੰਨਿ ।।
ਨਸ਼ਿਆਂ ਵਿਰੁਥ ਪ੍ਰਚਾਰ ਕੀਤਾ।
ਲੋਕਾਂ ਨੂੰ ਜਨਮ ਮਰਨ ਤੇ ਵਿਆਹ ਦੇ ਸੰਸਕਾਰਾਂ , ਗ੍ਰਿਹਿ, ਮਹੂਰਤਾਂ ਤੇ ਗੁੰਝਲਦਾਰ ਰਸਮਾ ਤੋਂ ਕਢਕੇ ਸੰਖੇਪ ਤੇ ਅਜਾਦ ਕੀਤਾ , ਜਿਸ ਨਾਲ ਸਿਖੀ ਨੂੰ ਆਤਮਿਕ ਤੋਰ ਤੇ ਇਕ ਅਲਗ ਪਹਚਾਨ ਮਿਲੀ।
ਕਰਮ ਕਾਂਡ
ਸੰਨ 1553 ਵਿਚ ਗੁਰੂ ਸਾਹਿਬ ਫਿਰ ਸੰਗਤ ਸਮੇਤ ਤੀਰਥ ਯਾਤਰਾ ਲਈ ਗੰਗਾ , ਯਮਨਾ ਤੇ ਕੁਰਕਸ਼ੇਤਰ ਆਦਿ ਹਿੰਦੂ ਤੀਰਥਾਂ ਤੇ ਗਏ। ਪਰ ਇਸ ਵਾਰੀ ਕੋਈ ਅਧਿਆਤਮਿਕ ਮਕਸਦ ਲਈ ਨਹੀ ਬਲਕਿ ਲੋਕਾਂ ਦੇ ਵਹਿਮ ਭਰਮ ਤੇ ਕਰਮ ਕਾਂਡ ਦੇ ਜਾਲ ਨੂੰ ਤੋੜਨ ਵਾਸਤੇ ਗਏ ਸਨ। ਜਦ ਸਿਖ-ਸੰਗਤਾ ਤੋ ਯਾਤਰਾ ਕਰ ਮੰਗਿਆ ਤਾਂ ਗੁਰੂ ਸਾਹਿੱਬ ਨੇ ਸਾਫ਼ ਇਨਕਾਰ ਕਰ ਦਿਤਾ ਇਹ ਕਹਿਕੇ ਕੀ ਇਹ ਟੈਕਸ ਧਰਮ ਕਰਮ ਵਿਚ ਵਿਘਨ ਤੇ ਹਿੰਦੂ -ਮੁਸਲਮਾਨਾ ਵਿਚ ਦੀਵਾਰ ਖੜੀ ਕਰਦਾ ਹੈ। ਕੁਰਕਸ਼ੇਤਰ ਪਹੁੰਚ ਕੇ ਸੂਰਜ ਗ੍ਰਹਿਣ ਨਾਲ ਸਦੀਆਂ ਤੋਂ ਜੁੜੇ ਕਰਮ -ਕਾਂਡਾਂ ਦਾ ਖੰਡਨ ਕੀਤਾ। ਸਮਾਜਿਕ ਕੁਰੀਤੀਆਂ ਤੇ ਟਿਪਣੀ ਕੀਤੀ ਖਾਸ ਕਰਕੇ ਦੀਵਾ ਜਗਾਣਾ, ਪਿੰਡ ਪਤਲ, ਬਬਾਣ ਕਢਣਾ , ਘੜਾ ਭੰਨਣਾ , ਅਸਥਿਆਂ ਗੰਗਾ ਪ੍ਰਵਾਹ ਕਰਣੀਆਂ ਆਦਿ ਨੂੰ ਕਰਮਕਾਂਡ ਦਸਿਆ।
ਬੀਬੀ ਭਾਨੀ ਦਾ ਵਿਆਹ
ਬੀਬੀ ਭਾਨੀ ਹੁਣ ਜਵਾਨ ਹੋ ਗਈ ਸੀ ਇਕ ਦਿਨ ਗੁਰੂ ਅਮਰਦਾਸ ਦੀ ਪਤਨੀ ਮਨਸਾ ਦੇਵੀ ਕਹਿਣ ਲਗੀ ਕੀ ਭਾਨੀ ਦਾ ਵਿਵਾਹ ਕਰਨ ਲਈ ਕੋਈ ਵਰ ਲਭਣਾ ਚਾਹੀਦਾ ਹੈ ਤਾਂ ਗੁਰੂ ਸਾਹਿਬ ਪੁਛਣ ਲਗੇ ਭਾਨੀ ਵਾਸਤੇ ਕਿਹੋ ਜਿਹਾ ਵਰ ਚਾਹੀਦਾ ਹੈ ? ਤਾ ਮਾਨਸਾ ਦੇਵੀ ਜੀ ਨੇ ਸਾਹਮਣੇ ਸੰਕੇਤ ਕਰਕੇ ਕਿਹਾ .” ਇਹੋ ਜਿਹਾ ,ਸ਼ਰੀਫ਼ ਤੇ ਗੁਰੂ ਘਰ ਦੀ ਸੇਵਾ ਤੇ ਸਿਮਰਨ ਕਰਨ ਵਾਲਾ ” ਉਸ ਵਕਤ ਭਾਈ ਜੇਠਾ ਜੀ ਸਾਹਮਣੇ ਘੁੰਗਣੀਆਂ ਵੇਚ ਰਹੇ ਸੀ। ਗੁਰੂ ਸਾਹਿਬ ਨੇ ਕਿਹਾ ” ਇਹੋ ਜਿਹਾ ਤਾਂ ਇਹੀ ਹੋ ਸਕਦਾ ਹੈ। ਉਸੇ ਵੇਲੇ ਭਾਈ ਜੇਠਾ ਜੀ ਦੀ ਨਾਨੀ ਨੂੰ ਬੁਲਾ ਕੇ ਦੋਨੋ ਦਾ ਰਿਸ਼ਤਾ ਪਕਾ ਕਰ ਦਿਤਾ।
ਗੁਰੂ ਅਮਰ ਦਾਸ ਦੇ ਦੋ ਪੁਤਰ ਸਨ , ਬਾਬਾ ਮੋਹਨ ਤੇ ਬਾਬਾ ਮੋਹਰੀ। ਇਨ੍ਹਾ ਵਿਚੋਂ ਕੋਈ ਵੀ ਗੁਰਗਦੀ ਦੀਆਂ ਜਿਮੇਵਾਰੀਆਂ ਸੰਭਾਲਣ ਦੇ ਯੋਗ ਨਹੀ ਸੀ। ਰਾਮ ਦਾਸ ਜੀ ਹਰ ਪ੍ਰੀਖਿਆ ਵਿਚੋਂ ਪੂਰੇ ਉਤਰੇ ਅਤੇ ਹਰ ਤਰਾਂ ਨਾਲ ਯੋਗ ਸਾਬਤ ਹੋਏ। ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਪਰੰਪਰਾ ਤੇ ਮਰਯਾਦਾ ” ਜੋ ਘਾਲਿਹ ਸੋ ਪਾਏ” ਅਨੁਸਾਰ ਪਹਿਲੀ ਸਤੰਬਰ 1574 ਦੇ ਦਿਨ ਬਾਬਾ ਬੁਢਾ ਜੀ ਤੋਂ ਗੁਰਿਆਈ ਦੀ ਰਸਮ ਪੂਰੀ ਕਰਵਾ ਕੇ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ।
ਬਾਣੀ :-
ਗੁਰੂ ਸਾਹਿਬ ਨੇ 17 ਰਾਗਾਂ ਵਿਚ ਬਾਣੀ ਲਿਖੀ ਹੇ ਜੋ ਰੋਜ਼ਾਨਾ ਜੀਵਨ ਦੇ ਬਹੁਤ ਨੇੜੇ ਹੈ ਤੇ ਕਈ ਸ਼ੰਕਿਆ ਦਾ ਸਮਾਧਾਨ ਕਰਦੀ ਹੈ ਤੇ ਗੁਰਮਤ ਅਨੁਸਾਰ ਜੀਵਨ ਜਾਚ ਦਸਦੀ ਹੈ। 869 ਸ਼ਬਦ ਲਿਖੇ ਹਨ। ਉਨਾ ਦੀਆਂ ਪ੍ਰਸਿਧ ਰਚਨਾਵਾ ਵਿਚੋਂ ਅਨੰਦੁ ਸਾਹਿਬ , ਚਾਰ ਵਾਰਾਂ ,ਪਟੀ ਆਸਾ, ਅਲਿਹਨੀਆਂ ਆਦਿ ਹਨ। ਓਹਨਾ ਦੀ ਬਾਣੀ ਦੇ ਕੁਝ ਸ਼ਬਦ ਬਾਬਾ ਫਰੀਦ ਦੇ ਸ਼ਲੋਕਾਂ ਵਿਚ ਆਏ ਹਨ। ਅਨੰਦੁ ਸਾਹਿਬ ਨਿਤਨੇਮ ਤੇ ਹਰ ਖੁਸ਼ੀ ਗਮੀ ਵਿਚ ਇਸਦਾ ਪਾਠ ਕਰਕੇ ਅਰਦਾਸ ਕੀਤੀ ਜਾਂਦੀ ਹੈ ਜਿਸਦਾ ਮਤਲਬ ਮਰਨੇ ਪਿਛੋਂ ਰੋਣ ਧੋਣ ਨਾਲੋਂ ਪਾਠ -ਕੀਰਤਨ ਕਰਕੇ ਮ੍ਰਿਤਕ ਲਈ ਸਚ ਖੰਡ ਦਾ ਰਸਤਾ ਤਿਆਰ ਕਰਨਾ ਚਾਹਿਦਾ ਹੈ। ਹਰ ਖੁਸ਼ੀ ਗਮੀ ਵਿਚ ਖੁਸ਼ ਰਹੋ ਤੇ ਅਕਾਲ ਪੁਰਖ ਦਾ ਧੰਨਵਾਦ ਕਰੋ। ਉਨਾ ਨੇ ਵਿਆਹ ,ਜਨਮ, ਮਰਨ ਤੇ ਗੁਰਬਾਣੀ ਨੂੰ ਉਚਾਰ ਕੇ ਸਿਖੀ ਨੂੰ ਅੱਲਗ ਪਹਚਾਨ ਦਿਤੀ। ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਸਿਧਾਂਤ ਤੇ ਗੁਰਬਾਣੀ ਦੀ ਮਹਤਤਾ ਨੂੰ ਸਮਝਾਇਆ। ਗੁਰੂ ਸਾਹਿਬ ਆਪਣੀ ਬਾਣੀ ਵਿਚ ਬਾਰ ਬਾਰ ਇਹੋ ਦਸਦੇ ਹਨ ਕੀ ਗੁਰੂ ਦੀ ਸ਼ਰਨ ਤੋ ਬਿਨਾ ਪ੍ਰਭੂ ਦਾ ਦਰ ਨਹੀਂ ਲਭਦਾ ਬਿਨਾ ਗੁਰਮਤ ਤੇ ਤੁਰਿਆਂ ਮਨ ਪਵਿਤਰ ਨਹੀ ਹੁੰਦਾ , ਨਾ ਹੀ ਸਹਿਜ ਅਵਸਥਾ ਬਣਦੀ ਹੈ। ਆਪ ਸਿਖ ਨੂੰ ਸੁਚੇਤ ਕਰਦੇ ਹਨ ਜਿਨ੍ਹਾ ਨੇ ਗੁਰੂ ਨਾਲ ਚਿਤ ਨਹੀਂ ਲਾਇਆ ,ਸਤਿਗੁਰੁ ਦੀ ਸ਼ਰਨ ਨਹੀਂ ਲਈ , ਅਕਾਲ ਪੁਰਖ ਨਾਲ ਪ੍ਰੇਮ ਨਹੀ ਬਣਿਆ ਉਨ੍ਹਾ ਦਾ ਦੁਨੀਆਂ ਵਿਚ ਆਓਣਾ ਧਿਕਾਰ ਹੈ।
ਜੋ ਗੁਰੂ ਬਚਨ ਮਨ ਵਿਚ ਵਸਾਂਦਾ ਨਹੀ ਓਹ ਪ੍ਰਮਾਤਮਾ ਦੀ ਰਹਿਮਤ ਦਾ ਪਾਤਰ ਨਹੀਂ ਬਣ ਸਕਦਾ।
ਮਨਮੁਖ ਤੇ ਗੁਰਮੁਖ ਦੀ ਤੁਲਣਾ ਕਰਦਿਆਂ ਕਿਹਾ ਹੈ। ਮਨਮੁਖ ਹੰਕਾਰੀ ਤੇ ਕਠੋਰ ਚਿੱਤ ਹੁੰਦਾ ਹੈ। ਕੂੜ-ਕੁਸਤ ਨੂੰ ਮੁਖ ਰਖਕੇ ਜੀਵਨ ਦਾ ਉਦੇਸ਼ ਭੁਲ ਜਾਂਦਾ ਹੈ। ਗੁਰਮੁਖ ਸਦਾ ਅਮ੍ਰਿਤ ਬਾਣੀ ਬੋਲਦਾ ਹੈ ਤੇ ਉਸਦੀ ਹੋਂਦ ਨੂੰ ਸਮਝਦਾ ਹੈ। ਸਮਝਦਾ ਹੈ ਕਿ ਸਾਰੇ ਦੁਖਾਂ ਦਾ ਦਾਰੂ ਗੁਰੂ ਹੀ ਹੈ ਜਿਸਤੋਂ ਬੇਮੁਖ ਹੋਣਾ ਧਰਮ ਨਹੀਂ ਹੈ। ਗੁਰੂ ਤੋਂ ਬਿਨਾ ਉਸਦੀ ਗਤ ਨਹੀਂ ਹੈ। ਗੁਰਮੁਖ ਤੇ ਮਨਮੁਖ ਬਾਰੇ ਤੁਲਨਾਤਮਿਕ ਬਿਆਨ ਕਰਦੇ ਹਨ
ਗੁਰਮੁਖ਼ਿ ਸੁਖੀਆ ਮਨਮੁਖ਼ਿ ਦੁਖੀਆ।।
ਗੁਰਮਖਿ ਸਨਮੁਖਿ ਮਨਮੁਖਿ ਵੇਮੁਖਿਆ।।
ਸਤਿਗੁਰੁ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ।।
ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਲੇ।।
ਉਨ੍ਹਾ ਨੇ ਸਮਝਾਇਆ ਕੀ ਗੁਰ- ਪ੍ਰਮੇਸ਼ਵਰ ਇਨਸਾਨ ਦੇ ਮਨ ਵਿਚ ਵਸਦਾ ਹੈ ਜਿਸ ਦੀ ਪ੍ਰਾਪਤੀ ਲਈ ਬਾਹਰ ਭਟਕਣ ਦੀ ਲੋੜ ਨਹੀਂ। ਸਿਰਫ ਬੰਦੇ ਨੂੰ ਆਪਣਾ ਮੂਲ ਪਹਿਚਾਨਣ ਦੀ ਲੋੜ ਹੈ।
ਮਨਿ ਤੂੰ ਜੋਤਿ ਸਰੂਪ ਹੈਂ ਆਪਣਾ ਮੂਲੁ ਪਛਾਣ।।
ਮਨ ਹਰਿ ਤੇਰੈ ਨਾਲਿ ਹੈ ਗੁਰਮਤੀ ਹਰਿ ਰੰਗੁ ਮਾਣ।।
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਆਪ ਨਾਰਾਇਣ ਦਾ ਰੂਪ ਧਾਰ ਕੇ ਗੁਰੂ ਅਮਰ ਦਾਸ ਦੇ ਜਾਮੇ ਵਿਚ ਜਗਤ ਵਿਚ ਆਏ ਸਨ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ