History

ਗੁਰੂ ਹਰਿ ਰਾਇ ਸਾਹਿਬ ਜੀ

ਗੁਰ ਹਰਿਰਾਇ (26 ਫ਼ਰਵਰੀ 1630 – 6 ਅਕਤੂਬਰ 1661)
ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਗੁਰੂ ਹਰਿ ਰਾਇ ਜੀ ਦਾ ਜਨਮ ਫਰਵਰੀ 26, 1630, ਕੀਰਤਪੁਰ ਸਾਹਿਬ, ਰੂਪਨਗਰ, ਪੰਜਾਬ,( ਭਾਰਤ) ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਪਿਤਾ ਬਾਬਾ ਗੁਰਦਿੱਤਾ ਜੀ ਦੇ ਘਰ ਹੋਇਆ। ਆਪ ਜੀ ਦੇ ਦੋ ਬੇਟੇ ਰਾਮ ਰਾਏ ਅਤੇ ਹਰਿ ਕ੍ਰਿਸ਼ਨ ਜੀ ਸਨ।
ਬਚਪਨ – ਗੁਰੂ ਹਰਿਰਾਏ ਸਾਹਿਬ ਸਿੱਖਾਂ ਦੇ ਸਤਵੇਂ ਗੁਰੂ ਹੋਏ ਹਨ। ਗੁਰੂ ਸਾਹਿਬ ਜੀ ਨੇ ਆਪਣਾ ਬਚਪਨ ਕੀਰਤਪੁਰ ਸਾਹਿਬ ‘ਚ ਬਤੀਤ ਕੀਤਾ। ਜਦੋਂ ਉਹ 8 ਕੁ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਬਾਬਾ ਗੁਰਦਿੱਤਾ ਜੀ ਗੁਰਪੁਰੀ ਪਿਆਨਾ ਕਰ ਗਏ ਸਨ। ਉਨ੍ਹਾਂ ਨੇ ਆਪਣੇ ਬਚਪਨ ਦਾ ਅਗਲੇਰਾ ਸਮਾਂ ਆਪਣੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਨਜ਼ਰਸਾਨੀ ਹੇਠ ਬਤੀਤ ਕੀਤਾ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੀ ਪ੍ਰਾਇਮਰੀ ਤਾਲੀਮ ਭਾਈ ਦਰਗਾਹ ਮੱਲ ਤੋਂ ਹਾਸਲ ਕੀਤੀ ਅਤੇ ਸ਼ਸਤਰ ਕਲਾ ਭਾਈ ਬਿਧੀ ਚੰਦ ਛੀਨਾ ਤੋਂ ਗ੍ਰਹਿਣ ਕੀਤੀ। ਗੁਰੂ ਜੀ ਵਿਸ਼ੇਸ਼ ਲਗਨ, ਮਿਹਨਤ ਅਤੇ ਉਸਤਾਦਾਂ ਦੀ ਸੰਜੀਦਗੀ ਦਸਕਾ 13-14 ਸਾਲ ਦੀ ਉਮਰ ਤੱਕ ਸ਼ਸ਼ਤਰ ਅਤੇ ਸ਼ਾਸਤਰ ਸਿੱਖਿਆ ‘ਚ ਬਰਾਬਰਤਾ ਨਾਲ ਮੁਹਾਰਤ ਪ੍ਰਾਪਤ ਕਰ ਗਏ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਬਚਪਨ ਤੋਂ ਹੀ ਸੰਤ-ਸੁਭਾਅ ਅਤੇ ਪਰਮੇਸ਼ਰ ਦੀ ਭਜਨ ਬੰਦਗੀ ਵਿੱਚ ਲੱਗੇ ਰਹਿਣ ਵਾਲੇ ਸਤਿ-ਸੰਤੋਖ ਦੀ ਮੂਰਤ ਸਨ। ਇੱਕ ਵਾਰ ਹਰਿ ਰਾਇ ਜੀ ਬਾਗ ਵਿੱਚ ਘੁੰਮ ਰਹੇ ਸਨ ਕਿ ਉਨ੍ਹਾਂ ਦੇ ਚੋਲੇ ਨਾਲ ਫੁੱਲ ਟੁੱਟ ਗਿਆ ਤਾਂ ਗੁਰੂ ਹਰਿ ਗੋਬਿੰਦ ਸਾਹਿਬ ਨੇ ਕਿਹਾ ਕਿ ਭਾਈ ਜੇ ਚੋਲਾ ਵੱਡਾ ਪਾਇਆ ਹੋਵੇ ਤਾਂ ਇਸ ਨੂੰ ਸੰਭਲ਼ਣਾ ਵੀ ਹੁੰਦਾ ਹੈ। ਜਿਸ ਦਾ ਸਿੱਧਾ ਮਤਲਬ ਸੀ ਕਿ ਅਗਰ ਜ਼ੁਮੇਵਾਰੀ ਵੱਡੀ ਪੈ ਜਾਏ ਤਾਂ ਉਸ ਨੂੰ ਨਿਭਾਉਣਾ ਵੀ ਆਉਣਾ ਚਾਹੀਦਾ ਹੈ। ਉਸ ਤੋ ਬਾਅਦ ਹਰਿ ਰਾਏ ਜੀ ਸਾਰੀ ਉਮਰ ਚੋਲਾ ਚੁੱਕ ਕੇ ਹੀ ਚੱਲਦੇ ਰਹੇ ਸਨ। ਉਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਅਤੇ ਸਦਾ ਉਨ੍ਹਾਂ ਦੀ ਹਜੂਰੀ ਵਿੱਚ ਰਹਿੰਦੇ ਸਨ। ਗੁਰੂ ਜੀ ਬਹੁਤ ਕੋਮਲ ਸੁਭਾਅ ਅਤੇ ਸ਼ਾਂਤ ਰਹਿਣ ਵਾਲੇ ਸਨ।

ਗੁਰਿਆਈ ਅਤੇ ਸੇਵਾ – 8 ਮਾਰਚ 1644 ਈ: ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਗੁਰਿਆਈ ਦੀ ਬਖ਼ਸ਼ਸ਼ ਕਰ ਦਿੱਤੀ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਿੱਛੋਂ ਗੁਰਿਆਈ ਦੀ ਪੂਰੀ ਜ਼ਿੰਮੇਵਾਰੀ ਆਪ ਨੇ ਸੰਭਾਲੀ। ਗੁਰੂ ਜੀ ਦੇ ਨਾਲ ਉੱਚ-ਕੋਟੀ ਦੇ 2200 ਸਿੰਘ ਸੂਰਮੇ ਜਵਾਨਾਂ ਦੀ ਇੱਕ ਫੌਜੀ ਟੁਕੜੀ ਨਾਲ ਰਹਿੰਦੀ ਸੀ ਜੋ ਖਾਲਸਾ ਪੰਥ ਦਾ ਜੁਝਾਰੂ ਰੂਪ ਉਜਾਗਰ ਕਰਦੀ ਸੀ। ਪਰ ਉਹ ਲੜਾਈ ਝਗੜੇ ਤੋਂ ਸਦਾ ਦੂਰ ਰਹਿੰਦੇ ਸਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਕਿਸੇ ਵੀ ਗੁਰੂ ਸਾਹਿਬ ਨੇ ਕਿਸੇ ਉੱਤੇ ਪਹਿਲਾਂ ਹਮਲਾ ਨਹੀਂ ਕੀਤਾ। ਹਾਂ! ਹਮਲਾਵਰ ਦਾ ਮੂੰਹ ਜ਼ਰੂਰ ਮੋੜਿਆ ਅਤੇ ਉਸ ਨੂੰ ਧੂਲ ਚਟਾ ਦਿੱਤੀ। ਆਪ ਜੀ ਦਾ ਬਹੁਤ ਸਮਾਂ ਪਰਮੇਸ਼ਰ ਦੀ ਭਗਤੀ ਵਿੱਚ ਹੀ ਬਤੀਤ ਹੁੰਦਾ। ਗੁਰੂ ਹਰਿਰਾਇ ਜੀ ਨੇ ਆਪਣੇ ਜੀਵਨ ਯਾਤਰਾ ਦੋਰਾਨ ਪਲਾਹੀ ਪਿੰਡ ਵਿੱਚ ਵੀ ਚਰਣ ਪਾਏ, ਇੱਥੇ ਹੀ ਆਪ ਜੀ ਦੀ ਯਾਦ ਵਿੱਚ ਗੁਰੂ ਹਰਿਰਾਏ ਪਾਰਕ ਦਾ ਨਿਰਮਾਣ ਕੀਤਾ ਗਿਆ ਹੈ। ਗੁਰੂ ਜੀ ਦਿਆਲੂ ਵੀ ਬਹੁਤ ਸਨ, ਕਿਸੇ ਸਵਾਲੀ ਜਾਂ ਸ਼ਰਨ ਆਏ ਨੂੰ ਕਦੇ ਜਵਾਬ ਨਹੀਂ ਸਨ ਦਿੰਦੇ। ਗੁਰੂ ਜੀ ਦੇ ਖਜ਼ਾਨੇ ਵਿੱਚ ਬਹੁਤ ਦੁਰਲੱਭ ਅਤੇ ਕੀਮਤੀ ਚੀਜ਼ਾਂ ਜਮ੍ਹਾਂ ਹੋ ਗਈਆਂ ਸਨ। ਸਂਗਤਾਂ ਵੱਲੋਂ ਭੇਟ ਕੀਤੇ ਕੀਮਤੀ ਪਦਾਰਥ ਵਿਸ਼ੇਸ਼ ਤੌਰ ’ਤੇ ਸੰਭਾਲੇ ਜਾਂਦੇ ਸਨ ਕਿਉਂਕਿ ਇਨ੍ਹਾਂ ਨਾਲ ਕਿਸੇ ਦੀ ਵੀ ਸਹਾਇਤਾ ਕੀਤੀ ਜਾ ਸਕਦੀ ਸੀ। ਇੱਕ ਵਾਰ ਬਾਦਸ਼ਾਹ ਸ਼ਾਹ ਜਹਾਨ ਦਾ ਬੇਟਾ ਦਾਰਾ ਸ਼ਿਕੋਹ ਬਹੁਤ ਬਿਮਾਰ ਹੋ ਗਿਆ ਜਿਸ ਨੂੰ ਕਿਤੋ ਕੋਈ ਫਰਕ ਨਹੀਂ ਪੈ ਰਿਹਾ ਸੀ ਤਾਂ ਉਹ ਜਦ ਉਸ ਨੂੰ ਪਤਾ ਲੱਗਾ ਕਿ ਗੁਰੂ ਹਰਿ ਰਾਇ ਸਾਹਿਬ ਜੀ ਅਯੁਵੈਦਿਕ ਢੰਗ ਨਾਲ ਇਲਾਜ ਕਰਦੇ ਹਨ ਤਾਂ ਉਸ ਨੇ ਕੀਰਤ ਪੁਰ ਪਹੁੰਚ ਕੇ ਗੁਰੂ ਜੀ ਤੋ ਦਵਾ ਲੈਣੀ ਕੀਤੀ ਜਿਸ ਨਾਲ ਦਾਰਾ ਸ਼ਿਕੋਹ ਤੰਦਰੁਸਤ ਹੋ ਗਿਆ। ਦਾਰਾ ਸ਼ਿਕੋਹ ਲਾਹੌਰ ਨੂੰ ਜਾਂਦਾ ਹੋਇਆ ਗੁਰੂ ਜੀ ਦਾ ਧੰਨਵਾਦ ਕਰਨ ਲਈ ਕੀਰਤਪੁਰ ਸਾਹਿਬ ਵਿਖੇ ਆਇਆ। ਮੁਗਲ ਸਲਤਨਤ ਨਾਲ ਭਾਵੇਂ ਗੁਰੂ-ਘਰ ਦੇ ਸੰਬੰਧ ਬਾਬਰ ਦੇ ਸਮੇਂ ਤੋਂ ਹੀ ਟਕਰਾਉ ਵਾਲੇ ਹੋ ਚੁੱਕੇ ਸਨ ਅਤੇ ਸ਼ਾਹ ਜਹਾਨ ਦੇ ਪਿਤਾ ਬਾਦਸ਼ਾਹ ਜਹਾਂਗੀਰਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਸੀ ਅਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਅਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਪਰੰਤੂ ਗੁਰੂ-ਘਰ ਦਾ ਬਿਰਦ ਹੈ ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥ ਗੁਰੂ ਅਕਾਲ ਰੂਪ ਹੈ ਜੋ ਸਦ ਪਰਉਪਕਾਰੀ ਹੈ। ਇਸੇ ਸਿਧਾਂਤ ਨੂੰ ਮੁੱਖ ਰੱਖਦਿਆਂ ਗੁਰੂ ਜੀ ਨੇ ਉਨ੍ਹਾਂ ਦੀ ਲੋੜ ਵੀ ਪੂਰੀ ਕੀਤੀ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਤੋਂ ਚਾਲੂ ਪਰੰਪਰਾਵਾਂ ਅਨੁਸਾਰ ਗੁਰੂ-ਘਰ ਵਿੱਚ ਆਤਮਿਕ ਉਪਦੇਸ਼ ਦੇ ਨਾਲ-ਨਾਲ ਸ਼ਰਧਾਲੂਆਂ ਦੇ ਸਰੀਰਕ ਰੋਗਾਂ ਦੇ ਇਲਾਜ ਦਾ ਪ੍ਰਬੰਧ ਵੀ ਕੀਤਾ ਜਾਂਦਾ ਸੀ। ਨੌਜੁਆਨਾਂ ਨੂੰ ਸਿਹਤਯਾਬ, ਰਿਸ਼ਟਪੁਸ਼ਟ ਰੱਖਣ ਲਈ ਗੁਰੂ ਜੀ ਨੇ ਮੱਲ ਅਖਾੜਿਆਂ ਦੀ ਸਰਪ੍ਰਸਤੀ ਵੀ ਕੀਤੀ। ਕੁਠਾੜ ਵਾਲਾ ਰਾਣਾ ਗੁਰੂ ਜੀ ਦਾ ਜੱਸ ਸੁਣ ਕੇ ਗੁਰੂ ਜੀ ਦੀ ਸ਼ਰਣ ਵਿੱਚ ਆਇਆ। ਉਹ ਝੋਲੇ ਦਾ ਮਰੀਜ਼ ਸੀ। ਉਹ ਪਾਲਕੀ ਵਿੱਚ ਬੈਠ ਕੇ ਆਇਆ ਸੀ। ਗੁਰੂ ਜੀ ਦੀ ਕਿਰਪਾ ਨਾਲ ਠੀਕ ਹੋ ਗਿਆ ਅਤੇ ਘੋੜੇ ਉੱਤੇ ਸਵਾਰ ਹੋ ਕੇ ਘਰ ਗਿਆ। ਗੁਰੂ ਜੀ ਮਾਲਵੇ ਦੇ ਲੋਕਾਂ ਨੂੰ ਉਪਦੇਸ਼ ਕਰਨ ਆਏ ਤਾਂ ਭਾਈ ਰੂਪਾ, ਕਾਂਗੜ ਆਦਿ ਪਿੰਡਾਂ ਨੂੰ ਹੁੰਦੇ ਹੋਏ ਮਹਿਰਾਜ ਪਿੰਡ ਪਹੁੰਚੇ। ਇੱਥੇ ਭਾਈ ਮੋਹਨ ਦੇ ਪੁੱਤਰ ਚੌਧਰੀ ਕਾਲੇ ਨੇ ਤਨ-ਮਨ-ਧਨ ਨਾਲ ਗੁਰੂ ਜੀ ਦੀ ਟਹਿਲ ਕੀਤੀ। ਇੱਕ ਦਿਨ ਚੌਧਰੀ ਕਾਲਾ ਆਪਣੇ ਭਤੀਜੇ ਫੂਲ ਅਤੇ ਸੰਦਲੀ ਨੂੰ ਵੀ ਨਾਲ ਲੈ ਕੇ ਆਇਆ। ਉਹ ਦੋਵੇਂ ਬਾਲਕ ਭੁੱਖੇ ਹੋਣ ਕਾਰਨ ਗੁਰੂ ਜੀ ਦੇ ਸਾਹਮਣੇ ਪੇਟ ਉੱਤੇ ਹੱਥ ਮਾਰਨ ਲੱਗੇ। ਗੁਰੂ ਜੀ ਨੇ ਹੱਸ ਕੇ ਕਿਹਾ,“ਬਾਲਕ ਕੀ ਮੰਗਦੇ ਹਨ?” ਚੌਧਰੀ ਕਾਲੇ ਨੇ ਕਿਹਾ ਕਿ ਇਹ ਲੰਗਰ ਮੰਗਦੇ ਹਨ। ਗੁਰੂ ਜੀ ਨੇ ਬਚਨ ਕੀਤਾ ਇੰਨ੍ਹਾਂ ਦੀ ਸੰਤਾਨ ਰਾਜ ਕਰੇਗੀ ਅਤੇ ਕਈ ਥਾਂ ਇਨ੍ਹਾਂ ਦੇ ਲੰਗਰ ਚੱਲਣਗੇ!” ਬਾਬਾ ਫੂਲ ਦੇ ਦੋ ਪੁੱਤਰ ਭਾਈ ਤਰਲੋਕਾ ਅਤੇ ਭਾਈ ਰਾਮਾ ਦੀ ਸੰਤਾਨ ਨੇ ਨਾਭਾ, ਪਟਿਆਲਾ ਅਤੇ ਜੀਂਦ ਜ਼ਿਲ੍ਹਾ ਜੀਂਦ ਰਿਆਸਤਾਂ ਕਾਇਮ ਕੀਤੀਆਂ। ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਇਨ੍ਹਾਂ ਹੀ ਫੂਲਕੀਏ ਵਿੱਚੋਂ ਸਰਦਾਰ ਗੱਜਪੱਤ ਸਿੰਘ ਜੀਂਦ ਵਾਲੇ ਦਾ ਦੋਹਤਰਾ ਸੀ। ਇਸ ਤਰ੍ਹਾਂ ਗੁਰੂ ਸਾਹਿਬ ਦਾ ਵਰਦਾਨ ਸੱਚ ਹੋਇਆ। ਇਨ੍ਹਾਂ ਸਰਦਾਰਾਂ ਨਾਲ ਪੰਜਾਬ ਦੀ ਕਿਸਮਤ ਚਮਕ ਉੱਠੀ ਸੀ।

ਸੇਵਾ ਦੇ ਪੁੰਜ – ਭਾਈ ਭਗਤੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਸੰਦ ਸੀ । ਭਾਈ ਭਗਤੂ ਦਾ ਪੁੱਤਰ ਭਾਈ ਗੋਰਾ ਸੀ। ਗੁਰੂ ਹਰਿਰਾਇ ਸਾਹਿਬ ਜਦੋਂ ਮਾਲਵੇ ਦੇਸ ਵਿੱਚ ਗਏ ਤਾਂ ਭਾਈ ਗੋਰੇ ਨੇ ਅਨੇਕ ਪਿੰਡਾਂ ਵਿੱਚ ਉਨ੍ਹਾਂ ਦੀ ਸੇਵਾ ਕਰਵਾਈ। ਭੁੱਖੜੀ ਪਿੰਡ ਵਿੱਚ ਗੁਰੂ ਜੀ ਦੇ ਚੌਰ-ਬਰਦਾਰ ਭਾਈ ਜੱਸੇ ਨਾਲ ਕਿਸੇ ਗੱਲਬਾਤ ਤੋਂ ਉਨ੍ਹਾਂ ਦੀ ਗੜਬੜ ਹੋ ਗਈ। ਭਾਈ ਗੋਰੇ ਨੇ ਆਪਣੇ ਆਦਮੀਆਂ ਤੋਂ ਭਾਈ ਜੱਸੇ ਦੀ ਹੱਤਿਆ ਕਰਵਾ ਦਿੱਤੀ। ਗੁਰੂ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਹੁਕਮ ਦਿੱਤਾ ਕਿ ਗੋਰਾ ਉਨ੍ਹਾਂ ਸਾਹਮਣੇ ਨਾ ਆਏ। ਭਾਈ ਗੋਰਾ ਗੁਰੂ ਸਾਹਿਬ ਦੀ ਵਹੀਰ ਤੋਂ ਕੁਝ ਦੂਰ ਉਨ੍ਹਾਂ ਨਾਲ ਰਹਿਣ ਲੱਗਾ। ਉਸ ਦੇ ਮਨ ਵਿੱਚ ਬਹੁਤ ਪਛਤਾਵਾ ਸੀ। ਉਹ ਗੁਰੂ ਜੀ ਤੋਂ ਭੁੱਲ ਬਖਸ਼ਾਉਣਾ ਚਾਹੁੰਦਾ ਸੀ। ਇੱਕ ਦਿਨ ਗੁਰੂ ਜੀ ਕੀਰਤਪੁਰ ਸਾਹਿਬ ਤੋਂ ਕਰਤਾਰਪੁਰ ਵਿਖੇ ਜਾ ਰਹੇ ਸਨ ਤਾਂ ਗੁਰੂ ਜੀ ਦੇ ਡੋਲੇ ਅਤੇ ਹੋਰ ਸਾਜ-ਸਾਮਾਨ ਪਿੱਛੇ ਰਹਿ ਗਿਆ ਸੀ। ਮੁਹੰਮਦ ਯਾਰ ਖਾਂ, ਜੋ ਕਿ ਇੱਕ ਹਜ਼ਾਰ ਸਵਾਰ ਲੈ ਕੇ ਦਿੱਲੀ ਨੂੰ ਜਾ ਰਿਹਾ ਸੀ, ਨੇ ਜਦੋਂ ਇਹ ਸੁਣਿਆ ਕਿ ਇਹ ਡੋਲੇ ਦਾ ਸਾਮਾਨ ਗੁਰੂ ਹਰਿਰਾਇ ਜੀ ਦਾ ਹੈ ਤਾਂ ਉਸ ਦੇ ਮਨ ਵਿੱਚ ਆਪਣੇ ਪਿਤਾ ਮੁਖਲਸ ਖਾਂ ਦਾ ਵੈਰ ਲੈਣ ਦੀ ਭਾਵਨਾ ਜਾਗ ਪਈ। ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਦੇ ਡੋਲੇ ਅਤੇ ਸਾਜ-ਸਾਮਾਨ ਸਭ ਲੁੱਟ ਲਵੋ। ਭਾਈ ਗੋਰਾ ਜੀ ਜੋ ਕਿ ਗੁਰੂ ਜੀ ਦੀਆਂ ਨਜ਼ਰਾਂ ਤੋਂ ਦੂਰ ਪਿੱਛੇ ਰਹਿੰਦਾ ਸੀ, ਉਹ ਆਪਣੇ ਜਵਾਨ ਲੈ ਕੇ ਮੌਕੇ ’ਤੇ ਪਹੁੰਚ ਗਿਆ। ਦੋਵਾਂ ਪਾਸਿਉਂ ਖੂਬ ਤੇਗ ਚੱਲੀ। ਸਿੱਖਾਂ ਨੇ ਮਾਰ-ਮਾਰ ਕੇ ਤੁਰਕਾਂ ਦੇ ਮੂੰਹ ਮੋੜ ਦਿੱਤੇ। ਭਾਈ ਗੋਰੇ ਨੇ ਤੁਰਕਾਂ ਨੂੰ ਰੋਕੀ ਰੱਖਿਆ। ਵਹੀਰ ਸਹੀ-ਸਲਾਮਤ ਅੱਗੇ ਲੰਘ ਗਿਆ। ਇਸ ਤਰ੍ਹਾਂ ਭਾਈ ਗੋਰੇ ਨੇ ਗੁਰੂ-ਘਰ ਦੀਆਂ ਮਾਈਆਂ ਨੂੰ ਬੇਇੱਜ਼ਤ ਹੋਣ ਤੋਂ ਬਚਾਇਆ। ਇਸ ਦੀ ਖਬਰ ਜਦੋਂ ਵਹੀਰ ਨੇ ਗੁਰੂ ਜੀ ਨੂੰ ਜਾ ਕੇ ਦਿੱਤੀ ਤਾਂ ਗੁਰੂ ਸਾਹਿਬ ਨੇ ਭਾਈ ਗੋਰੇ ਨੂੰ ਸੰਗਤ ਵਿੱਚ ਲਿਆਉਣ ਲਈ ਅਸਵਾਰ ਭੇਜੇ। ਜਦੋਂ ਭਾਈ ਗੋਰਾ ਗੁਰੂ ਜੀ ਦੇ ਸਾਹਮਣੇ ਗਿਆ ਤਾਂ ਉਨ੍ਹਾਂ ਪ੍ਰਸੰਨ ਹੋ ਕੇ ਭਾਈ ਗੋਰੇ ਦੇ ਸਭ ਗੁਨਾਹ ਬਖਸ਼ ਦਿੱਤੇ।
ਗੁਰਬਾਣੀ ਨਾਲ ਪਿਆਰ ਅਤੇ ਸਤਿਕਾਰ – ਜਦੋਂ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਤਾਂ ਉਨ੍ਹਾਂ ਨੇ ਆਪਣੇ ਜੇਠੇ ਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ ਅਤੇ ਹਦਾਇਤ ਕੀਤੀ ਕਿ ਔਰੰਗਜ਼ੇਬ ਦੇ ਦਰਬਾਰ ‘ਚ ਜਾ ਕੇ ਜੋ ਵੀ ਬਚਨ ਬਿਲਾਸ ਕਰਨੇ ਹਨ, ਉਹ ਗੁਰੂ ਨਾਨਕ ਪਾਤਸ਼ਾਹ ਦੇ ਆਸ਼ੇ ਅਨੁਸਾਰ ਹੋਣੇ ਚਾਹੀਦੇ ਹਨ ਪਰ ਗੁਰੂ ਸਾਹਿਬ ਜੀ ਦੀ ਹਦਾਇਤ ਦੇ ਉਲਟ ਰਾਮ ਰਾਏ ਜੀ ਨੇ ਬਾਦਸ਼ਾਹ ਨੂੰ ਖ਼ੁਸ਼ ਕਰਨ ਹਿੱਤ ਰੱਬੀ ਬਾਣੀ ‘ਚ ਹੇਰ-ਫੇਰ ਕਰ ਕੇ ਬਾਦਸ਼ਾਹ ਨੂੰ ਤਾਂ ਖ਼ੁਸ਼ ਕਰ ਲਿਆ ਪਰ ਗੁਰੂ ਨਾਨਕ ਦੇ ਘਰ ਨਾਲ ਸਦਾ ਵਾਸਤੇ ਨਾਰਾਜ਼ਗੀ ਮੁੱਲ ਲੈ ਲਈ।
ਗੁਰੂ ਹਰਿ ਰਾਏ ਸਾਹਿਬ ਜੀ ਨੂੰ ਰਾਮ ਰਾਏ ਦੀ ਇਹ ਕਾਰਵਾਈ ਬਿਲਕੁਲ ਪਸੰਦ ਨਾ ਆਈ ਅਤੇ ਉਨ੍ਹਾਂ ਨੇ ਫ਼ੈਸਲਾ ਲਿਆ ਕਿ ਉਹ ਸਾਰੀ ਉਮਰ ਉਸ ਨੂੰ ਮੂੰਹ ਨਹੀਂ ਲਾਉਣਗੇ। ਇਸੇ ਕਰਕੇ ਉਨ੍ਹਾਂ ਨੇ ਗੁਰਿਆਈ ਦਾ ਹੱਕਦਾਰ ਆਪਣੇ ਛੋਟੇ ਪੁੱਤਰ ਗੁਰੂ ਹਰਿਕ੍ਰਿਸ਼ਨ ਜੀ ਨੂੰ ਬਣਾਇਆ ਸੀ। 6ਅਕਤੂਬਰ, ਸੰਨ 1661 ਈ: ਵਿੱਚ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਿਆਈ ਬਖ਼ਸ਼ ਕੇ ਮੱਥਾ ਟੇਕਿਆ। ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਪਾਸੋਂ ਗੁਰਿਆਈ ਦੀ ਰਸਮ ਪੂਰੀ ਕਰਵਾਉਣ ਉਪਰੰਤ ਕੀਰਤ ਪੁਰ ਵਿਖੇ ਆਪ ਜੀ ਜੋਤੀ ਜੋਤ ਸਮਾ ਗਏ।

Leave a Reply

Your email address will not be published. Required fields are marked *