ਮੱਸੇ ਰੰਗੜ ਦਾ ਕਤਲ
11 ਅਗਸਤ 1740 ਨੂੰ ਭਾਈ ਮਹਿਤਾਬ ਸਿੰਘ ਮੀਰਾਂਕੋਟ ਤੇ ਭਾਈ ਸੁੱਖਾ ਸਿੰਘ ਕਬੋਕੀ ਮਾੜੀ ਵਾਲੇ ਸੂਰਮਿਆਂ ਨੇ ਚੌਧਰੀ ਮੱਸੇ ਰੰਗੜ ਦਾ ਸਿਰ ਵੱਢ ਕੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਸੀ।
ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਦਾ ਜਨਮ ੧੭੦੭ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਲੱਧਾ ਅਤੇ ਬੀਬੀ ਹਰੋ ਸੀ। ਉਸ ਦੇ ਭਰਾ ਦਾ ਨਾਂ ਲੱਖਾ ਸਿੰਘ ਸੀ। ਭਾਈ ਸੁੱਖਾ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ। ਲੱਖਾ ਸਿੰਘ ਸ਼ਾਦੀਸ਼ੁਦਾ ਸੀ, ਉਸ ਦੇ ਵਾਰਸ ਹੁਣ ਵੀ ਪਿੰਡ ਮਾੜੀ ਕੰਬੋਕੀ ਵਿੱਚ ਵਸਦੇ ਹਨ। ਲੱਖਾ ਸਿੰਘ ਵੀ ਦਲ ਖ਼ਾਲਸਾ ਵਿੱਚ ਸ਼ਾਮਲ ਸੀ।[1]
ਸੁੱਖਾ ਸਿੰਘ ਦਾ ਝੁਕਾਅ ਬਚਪਨ ਤੋਂ ਹੀ ਸਿੱਖੀ ਵੱਲ ਸੀ। ੧੪-੧੫ ਸਾਲ ਦੀ ਉਮਰ ਵਿੱਚ ਉਹ ਆਪਣੇ ਮਾਪਿਆਂ ਨੂੰ ਦੱਸੇ ਬਗੈਰ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਮੁਖ਼ਬਰੀ ਮਿਲਣ ’ਤੇ ਸ਼ਾਹੀ ਫ਼ੌਜ ਉਸ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਪਿੰਡ ਪੁੱਜ ਗਈ। ਉਸ ਵੇਲੇ ਉਹ ਘਰ ਨਾ ਹੋਣ ਕਾਰਨ ਬਚ ਗਿਆ। ਘਰ ਵਾਲੇ ਡਰ ਗਏ, ਉਨ੍ਹਾਂ ਨੇ ਭੰਗ ਪਿਆ ਕੇ ਬੇਹੋਸ਼ ਪਏ ਦੇ ਕੇਸ ਕਤਲ ਕਰ ਦਿੱਤੇ। ਜਦੋਂ ਸੁੱਖਾ ਸਿੰਘ ਨੂੰ ਹੋਸ਼ ਆਈ ਤਾਂ ਉਸ ਨੇ ਦੁਖੀ ਹੋ ਕੇ ਮਰਨ ਵਾਸਤੇ ਖੂਹ ਵਿੱਚ ਛਾਲ ਮਾਰ ਦਿੱਤੀ। ਪਾਣੀ ਘੱਟ ਹੋਣ ਕਾਰਨ ਉਹ ਬਚ ਗਿਆ, ਘਰ ਦੇ ਬਾਹਰ ਕੱਢਣ ਤੇ ਉਹ ਬਾਹਰ ਨਾ ਆਵੇ। ਰਾਹ ਜਾਂਦਾ ਇੱਕ ਸਿੰਘ ਰੌਲਾ ਸੁਣ ਕੇ ਉਸ ਖੂਹ ’ਤੇ ਆ ਗਿਆ। ਉਸ ਨੇ ਸੁੱਖਾ ਸਿੰਘ ਨੂੰ ਲਲਕਾਰਿਆ ਕਿ ਇਸ ਤਰ੍ਹਾਂ ਮਰਨ ਦੀ ਥਾਂ ਕਿਸੇ ਦੁਸ਼ਮਣ ਦੇ ਗਲ ਲੱਗ ਕੇ ਮਰ। ਇਸ ਦਾ ਸੁੱਖਾ ਸਿੰਘ ਦੇ ਦਿਲ ’ਤੇ ਡੂੰਘਾ ਅਸਰ ਹੋਇਆ, ਉਹ ਬਾਹਰ ਨਿਕਲ ਆਇਆ। ਕੁਝ ਦਿਨਾਂ ਬਾਅਦ ਉਹ ਪਿੰਡ ਦੇ ਨੰਬਰਦਾਰ ਦੀ ਘੋੜੀ ਭਜਾ ਕੇ ਸਰਦਾਰ ਸ਼ਾਮ ਸਿੰਘ ਦੇ ਜਥੇ ਵਿੱਚ ਜਾ ਰਲਿਆ ਤੇ ਦੁਬਾਰਾ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ।
ਭਾਈ ਮਹਿਤਾਬ ਸਿੰਘ (1710-1745) ਜੋ ਕਿ ਪਿੰਡ ਮੀਰਾਂਕੋਟ ਦਾ ਰਹਿਣ ਵਾਲਾ ਸੀ। ਭਾਈ ਮਹਿਤਾਬ ਸਿੰਘ ਤੇ ਭਾਈ ਤਾਰੂ ਸਿੰਘ ਆਪਸ ‘ਚ ਭੂਆ ਤੇ ਮਾਮੇ ਦੇ ਪੁੱਤਰ ਸਨ। ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਦਰਬਾਰ ਸਾਹਿਬ ਤੇ ਜੁਲਮ ਤੇ ਮਨਮਾਨੀਆਂ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਲਾਹ ਕੇ ਬਦਲਾ ਲਿਆ।[1] ਆਪ ਜੀ ਸਿੱਖ ਕੌਮ ਦੇ ਬੱਬਰ ਸ਼ੇਰ ਸਨ।
ਮੱਸਾ ਰੰਘੜ, ਦਾ ਅਸਲੀ ਨਾਂ ਮੀਰ ਮਸਾਲ ਉਲਦੀਨ ਸੀ। ਉਹ ਮੰਡਿਆਲਾ ਪਿੰਡ ਦਾ ਨਿਵਾਸੀ ਸੀ। ਇਸਦੇ ਚਿਹਰੇ ਉੱਤੇ ਇੱਕ ਮੱਸਾ ਸੀ ਅਤੇ ਇਸਦੀ ਜਾਤੀ ਰੰਘੜ ਸੀ, ਲੋਕ ਇਸ ਨੂੰ ਉਪ ਨਾਮ ਵਲੋਂ ਬੁਲਾਉਂਦੇ ਸਨ– ਚੌਧਰੀ ‘ਮੱਸਾ ਰੰਘੜ’। 1740 ਵਿੱਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਕਾਜ਼ੀ ਅਬਦੁਲ ਰਹਿਮਾਨ ਦੇ ਮਾਰੇ ਜਾਣ ਤੋਂ ਬਾਅਦ ਅੰਮ੍ਰਿਤਸਰ ਦਾ ਕੋਤਵਾਲ ਨਿਯੁਕਤ ਕੀਤਾ ਸੀ ।
ਜ਼ਕਰੀਆ ਖਾਨ ਨੂੰ ਕਿਸੇ ਵੇਲੇ ਨਾਦਰ ਸ਼ਾਹ ਨੇ ਕਿਹਾ ਸੀ ਕਿ ‘ਸਿੱਖਾਂ ਕੋਲੋਂ ਬਾਦਸ਼ਾਹੀ ਦੀ ਬੂ ਆਉਂਦੀ ਹੈ, ਐਸੀ ਕੌਮ ਨੂੰ ਜਿੱਤਣਾ ਵੀ ਮੁਸ਼ਕਿਲ ਹੈ, ਜਿਸਨੂੰ ਅਲਾਹ ਦੀ ਟੇਕ ਹੈ: ਜ਼ਕਰੀਆਂ ਖਾਨ ਦੇ ਦਿਮਾਗ ਵਿੱਚ ਇਹ ਸ਼ਬਦ ਕਿਸੇ ਹਥੋੜੇ ਵਾਂਗ ਵਾਰ ਕਰ ਰਹੇ ਸਨ। ਉਹ ਰਾਤ ਦਿਨ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਬਾਰੇ ਸੋਚਾਂ ਸੋਚਦਾ ਰਹਿੰਦਾ ਸੀ। ਜ਼ਕਰੀਆਂ ਖਾਨ ਨੂੰ ਇਹ ਡਰ ਲਗਾਤਾਰ ਸਤਾ ਰਿਹਾ ਸੀ ਕਿ ਜੇ ਉਸਦੇ ਰਾਜ਼ ਨੂੰ ਕੋਈ ਖਤਰਾ ਹੈ ਤਾਂ ਉਹ ਸਿੱਖਾਂ ਕੋਲੋਂ ਹੈ। ਜ਼ਕਰੀਆਂ ਖਾਨ ਨੇ ਆਪਣੇ ਸਾਰੇ ਚੌਧਰੀਆਂ, ਸੂਬੇਦਾਰਾਂ ਤੇ ਫੌਜਦਾਰਾਂ ਨੂੰ ਸੁਨੇਹੇ ਭੇਜੇ ਕਿ ਸਿੱਖਾਂ ਨੂੰ ਹਰ ਹਾਲਤ ਵਿੱਚ ਖਤਮ ਕਰ ਦਿਉ। ਤਹਿਮਸ ਤਸਕੀਨ ਲਿੱਖਦਾ ਹੈ ਕਿ ‘ਸਿੱਖਾਂ ਦੇ ਸਿਰਾਂ ਦੇ ਮੁੱਲ ਵਧਾ ਦਿੱਤੇ ਗਏ ਚਾਲੀ ਰੁਪਏ ਤੋਂ ਅੱਸੀ ਰੁਪਏ ਤੱਕ ਜਾ ਪੁੱਜੇ। ਜ਼ਕਰੀਆਂ ਖਾਨ ਨੇ ਇਹ ਫੁਰਮਾਨ ਵੀ ਜਾਰੀ ਕਰ ਦਿੱਤਾ ਕਿ ਸਿੱਖਾਂ ਕੋਲੋਂ ਲੁੱਟਿਆ ਹੋਇਆ ਮਾਲ ਲੁੱਟਣ ਵਾਲੇ ਦਾ ਹੀ ਹੋਵੇਗਾ। ਸਿੰਘਾਂ ਨੂੰ ਦੂਰ ਦੁਰਾਡੇ ਜਾ ਕੇ ਲੁਕਣਾ ਪਿਆ। ਪ੍ਰਾਚੀਨ ਪੰਥ ਪ੍ਰਕਾਸ਼ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ:
ਜੋ ਸਿੰਘਨ ਕੋ ਦਸੈ ਗ੍ਰਾਮ। ਤਾਂਕੋ ਦੇਵੇ ਬਹੁਤ ਇਨਾਮ।
ਸਿੰਘਨ ਖੂਨ ਮਾਫ ਹਮ ਕੀਨੇ। ਜਿਤ ਲਭੈ ਤਿਤ ਮਾਰਹੁ ਚੀਨੈ।
ਲੂਟ ਕੂਟ ਉਸ ਮਾਫ ਹਮ ਕਰੀ। ਹਮਰੀ ਲਿਖਤ ਏ ਜਾਨੋ ਖਰੀ।
ਅੰਮ੍ਰਿਤ ਸਰੋਵਰ ਨੂੰ ਪੂਰਨ ਦਾ ਫੁਰਮਾਨ ਜਾਰੀ ਕੀਤਾ ਗਿਆ।
ਅੰਮ੍ਰਿਤਸਰ ਜਿਲ੍ਹੇ ਦੇ ਮੰਡਿਆਲੇ ਪਿੰਡ ਦੇ ਚੌਧਰੀ ਮਸਾਲ-ਉਲ-ਦੀਨ (ਮੱਸਾ ਰੰਗੜ) ਨੂੰ ਇਹ ਹੁਕਮ ਕੀਤਾ ਗਿਆ ਕਿ ਸਿੱਖਾਂ ਦੇ ਹਰਮਿੰਦਰ ਦੀ ਉਹ ਰੱਜ ਕੇ ਬੇਅਦਬੀ ਕਰੇ। ਉਸ ਪਾਪੀ ਨੇ ਹਰਿਮੰਦਰ ਸਾਹਿਬ ਅੰਦਰ ਸ਼ਰਾਬ ਤੇ ਹੁੱਕੇ ਦੇ ਦੌਰ ਚਲਾ ਦਿੱਤੇ।ਦਰਬਾਰ ਵਿੱਚ ਕੰਜ਼ਰੀਆ ਵੇਸਵਾਵਾਂ ਦੇ ਨਾਚ ਕਰਾਉਣੇ ਸ਼ੁਰੂ ਕਰ ਦਿੱਤੇ। ਪਿੰ: ਸਤਿਬੀਰ ਸਿੰਘ ਲਿੱਖਦੇ ਹਨ ਕਿ ਗੁਰਦੁਆਰੇ ਸਿੱਖੀ ਦਾ ਸੋਮਾ ਹਨ। ਹਰਿਮੰਦਰ ਸਾਹਿਬ ਸੋਮਿਆਂ ਦਾ ਸੋਮਾ ਹੈ। ਗੁਰੂ ਸਹਿਬਾਨ ਦੇ ਵੇਲਿਆਂ ਤੋਂ ਹੀ ਇਸ ਸੋਮੇ ਨੂੰ ਬੰਦ ਕਰਨ ਦੀਆ ਵਿਉਂਤਾਂ ਹੋਣ ਲੱਗੀਆ ਸਨ। ਸੁਲਹੀ ਖਾਨ, ਸੁਲਭੀ ਖਾਨ, ਬੀਰਬਲ ਤੇ ਫਿਰ ਆਪ ਜਹਾਂਗੀਰ ਨੇ ਵੀ ਯਤਨ ਕੀਤੇ। ਜ਼ਕਰੀਆਂ ਖਾਨ ਨੇ ਇਸ ਸੋਮੇ ਨੂੰ ਬੰਦ ਕਰਨ ਦੀ ਠਾਣ ਲਈ ਸੀ। ਉਸਨੇ ਕਈ ਹੁਕਮ ਚਾੜ੍ਹੇ। ਭਾਈ ਰਤਨ ਸਿੰਘ ਭੰਗੂ ਜਿੰਨ੍ਹਾਂ ਨੇ ਪ੍ਰਾਚੀਨ ਪੰਥ ਪ੍ਰਕਾਸ ਵਰਗੀ ਮਹਾਨ ਪੁਸਤਕ ਲਿਖੀ। ਉਹ ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਸਨ। ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿੱਖਦੇ ਹਨ ਕਿ ਜ਼ਕਰੀਆਂ ਖਾਨ ਨੇ ਹੁਕਮ ਚਾੜ੍ਹ ਦਿੱਤਾ ਕਿ ਦਰਬਾਰ ਸਾਹਿਬ ਸਰੋਵਰ ਨੂੰ ਪੂਰ ਦਿੱਤਾ ਜਾਏ।ਸਿੱਖਾਂ ਨੂੰ ਲੱਭ-ਲੱਭ ਕੇ ਸ਼ਹੀਦ ਕੀਤਾ ਜਾਣ ਲੱਗਾ। ਇਸ ਬੇਅਦਬੀ ਦੀ ਖਬਰ ਭਾਈ ਬੁਲਾਕਾ ਸਿੰਘ ਨਾਂਅ ਦੇ ਇਕ ਸਿੰਘ ਨੇ ਜੈਪੁਰ ਪਹੁੰਚ ਕੇ ਜਥੇਦਾਰ ਬੁੱਢਾ ਸਿੰਘ ਜੀ ਦੇ ਜਥੇ ਕੋਲ ਪਹੁੰਚਾਈ। ਪੰਜਾਬ ਤੋਂ ਆਇਆ ਜਾਣ ਕੇ ਜਥੇਦਾਰ ਬੁੱਢਾ ਸਿੰਘ ਨੇ ਹਰਿਮੰਦਰ ਸਾਹਿਬ ਦਾ ਹਾਲ-ਚਾਲ ਪੁੱਛਿਆ। ਭਾਈ ਬੁਲਾਕਾ ਸਿੰਘ ਦੀਆਂ ਅੱਖਾਂ ਭਰ ਆਈਆਂ, ਪਰ ਫਿਰ ਜਿਗਰਾ ਤਕੜਾ ਕਰਕੇ ਹਰਿਮੰਦਰ ਸਾਹਿਬ ਦਾ ਸਾਰਾ ਹਾਲ ਸੁਣਾਇਆ ਕਿ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਮੱਸਾ ਰੰਗੜ ਪਲੰਘ ਉਪਰ ਬੈਠ ਕੇ, ਜੁੱਤੀਆਂ, ਹੁੱਕਿਆਂ ਸਮੇਤ ਮਜਲਸ ਲਗਾ ਕੇ ਕੰਜ਼ਰੀ ਦਾ ਨਾਚ ਦੇਖਦਾ ਹੈ, ਜਿਹੜੇ ਕੰਮ ਨਹੀ ਕਰਨੇ ਸੋ ਕਰਦਾ ਹੈ।ਇੰਨ੍ਹੀ ਗੱਲ ਸੁਣਦੇ ਸਾਰ ਹੀ ਭਾਈ ਮਹਿਤਾਬ ਸਿੰਘ ਭੰਗੂ ਬੋਲਿਆ ਕਿ ‘ਤੂੰ ਉਸਦਾ ਸਿਰ ਕਿਉਂ ਨਾ ਵੱਢ ਲਿਆਇਆ? ਦਰਬਾਰ ਦੀ ਐਡੀ ਵੱਡੀ ਬੇਅਦਬੀ ਦੇਖ ਕੇ ਤੂੰ ਜਿਊਂਦਾ ਕਿਵੇਂ ਚੱਲਿਆਂ ਆਇਆ।’ ਭਾਈ ਬੁਲਾਕਾ ਸਿੰਘ ਨੇ ਆਖਿਆ ਕਿ ਜੇ ਮੈ ਉਥੇ ਸ਼ਹੀਦ ਹੋ ਜਾਂਦਾ ਤੁਹਾਡੇ ਤਕ ਖਬਰ ਕਿਸ ਨੇ ਪਹੁੰਚੌਣੀ ਸੀ । ਇਹ ਸੁਣ ਕੇ ਜਥੇਦਾਰ ਬੁੱਢਾ ਸਿੰਘ ਨੇ ਲਲਕਾਰ ਕੇ ਆਖਿਆ ਕਿ ‘ਹੈ ਕੋਈ ਐਸਾ ਸਿੰਘ ,ਜੋ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਵੇ।’ ਇੰਨ੍ਹਾਂ ਸੁਣ ਕੇ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਤੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਦੋਵੇਂ ਉਠ ਖੜੇ ਹੋਏ, ਤਲਵਾਰਾਂ ਚੁੱਕ ਕੇ ਅਕਾਲ-ਅਕਾਲ ਦੇ ਜੈਕਾਰੇ ਗਜਾਏ। ਦੋਵੇਂ ਸਿੱਖ ਸ਼ਸਤਰਾਂ ਨਾਲ ਲੈਸ ਹੋ ਕੇ ਅਰਦਾਸਾ ਸੋਧ ਕੇ, ਫਤਿਹ ਬੁਲਾ ਕੇ ਤੇ ਜਥੇਦਾਰ ਕੋਲੋਂ ਆਗਿਆ ਲੈ ਕੇ ਪਾਪੀ ਦਾ ਅੰਤ ਕਰਨ ਲਈ ਤੁਰ ਪਏ। ਤਰਨਤਾਰਨ ਸਾਹਿਬ ਪਹੁੰਚ ਕੇ ਉਹਨਾਂ ਨੇ ਵਿਉਂਤ ਬਣਾਈ। ਠੀਕਰੀਆਂ ਦੀਆਂ ਦੋ ਵੱਡੀਆਂ ਥੈਲੀਆਂ ਭਰ ਲਈਆਂ। ਆਪਣੇ ਮੂੰਹ ਕੱਪੜੇ ਨਾਲ ਢੱਕ ਲਏ। ਇੰਝ ਲੱਗੇ ਕਿ ਕਿਸੇ ਪਿੰਡ ਦੇ ਕੋਈ ਲੰਬਰਦਾਰ ਮਾਮਲਾ ਤਾਰਨ ਆਏ ਹਨ। ਵਾਹੋ-ਦਾਹੀ ਘੋੜੇ ਭਜਾਉਂਦੇ ਹੋਏ, ਉਹ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਪੁੱਜ ਗਏ। ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ‘ ਹੇ! ਸੱਚੇ ਪਾਤਸ਼ਾਹ ਜੀ, ਨਿਮਾਣਿਆਂ ਦੀ ਲਾਜ ਰੱਖਣੀ ਤੇ ਹਿੰਮਤ ਬਖਸ਼ਣੀ ਕਿ ਇਸ ਪਾਪੀ ਮੱਸੇ ਰੰਗੜ ਦਾ ਸਿਰ ਕੱਟ ਕੇ ਵਾਪਸ ਜਾ ਸਕੀਏ।’ ਭਾਈ ਰਤਨ ਸਿੰਘ ਭੰਗੂ ਲਿੱਖਦੇ ਹਨ ਕਿ:
ਕ੍ਰਿਪਾ ਕਰੋ, ਕੋਈ ਸਤਿਗੁਰੂ! ਬਾਤ ਬਨਾਉ।
ਜਾਇ ਮਸੈ ਕੋ ਸਿਰ ਕਟੈ, ਨਹਿ ਰਸਤੇ ਹੁਇ ਅਟਕਾਉ।
ਘੋੜਿਆਂ ਤੋਂ ਉਤਰ ਕੇ ਘੋੜੇ ਲਾਚੀ ਬੇਰ ਨਾਲ ਬੰਨ੍ਹ ਦਿੱਤੇ ਤੇ ਆਪ ਮੂੰਹ ਢੱਕ ਕੇ ਦਰਸ਼ਨੀ ਡਿਊਢੀ ਤੇ ਖੜੇ ਪਹਿਰੇਦਾਰਾ ਕੋਲ ਜਾ ਕੇ ਕਹਿਣ ਲਗੇ ਅਸੀ ਪੱਟੀ ਦੇ ਲੰਬਰਦਾਰ ਹਾ ਮਾਮਲਾ ਚੌਧਰੀ ਨੂੰ ਦੇਣ ਆਏ ਹਾ । ਪਹਿਰੇਦਾਰ ਕਹਿਣ ਲਗੇ ਕੁਝ ਸਾਡਾ ਵੀ ਖਿਆਲ ਰਖਿਉ ਭਾਈ ਮਹਿਤਾਬ ਸਿੰਘ ਕਹਿਣ ਲਗਾ ਜੇ ਤੁਹਾਡੀ ਡਿਉਟੀ ਨਾ ਬਦਲੀ ਤਾ ਤੁਹੁਡਾ ਬਣਦਾ ਹਿਸਾ ਜਰੂਰ ਦੇ ਕੇ ਜਾਵਾਗੇ । ਇਨਾ ਕਹਿ ਕੇ ਰਵਾਂ-ਰਵੀਂ ਅੰਦਰ ਦਰਬਾਰ ਵਿੱਚ ਜਾ ਦਾਖਲ ਹੋਏ। ਅੰਦਰ ਦਾ ਹਾਲ ਦੇਖ ਕੇ ਸਿੰਘ ਰੋਹ ਵਿੱਚ ਆ ਗਏ, ਪਰ ਚੁੱਪ ਰਹੇ। ਮੱਸੇ ਰੰਗੜ ਨੂੰ ਕਿਹਾ ਕਿ ‘ਮਾਮਲਾ ਲੈ ਕੇ ਆਏ ਹਾਂ, ਕਿੱਥੇ ਰੱਖੀਏ? ਜਦ ਮੱਸਾ ਰੰਗੜ ਧੋਣ ਨੀਵੀਂ ਕਰਕੇ ਦੱਸਣ ਲੱਗਾ ਕਿ ਪਲੰਘ ਥੱਲੇ ਰੱਖ ਦਿਉਂ ਤਾਂ ਭਾਈ ਮਹਿਤਾਬ ਸਿੰਘ ਨੇ ਅੱਖ ਝਪਕਣ ਜਿੰਨ੍ਹੀਂ ਦੇਰੀ ਵਿੱਚ ਤਲਵਾਰ ਨਾਲ ਮੱਸੇ ਦਾ ਸਿਰ ਧੜ੍ਹ ਤੋਂ ਅਲੱਗ ਕਰ ਦਿੱਤਾ ਜਿਵੇਂ ਘੁਮਿਆਰ ਚੱਕ ਤੋਂ ਭਾਡਾਂ ਉਤਾਰ ਕੇ ਪਾਸੇ ਰੱਖ ਦਿੰਦਾ ਹੈ ਜਾਂ ਵੇਲ ਨਾਲੋਂ ਖਿੱਚ ਕੇ ਕੱਦੂ ਉਤਾਰ ਲਈਦਾ ਹੈ। ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਸ ਵੇਲੇ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ:
ਝੁਕ ਕਰ ਝਾਤ ਜਬ ਮਸੈ ਪਾਈ , ਥੈਲੀ ਦਿਸ ਤਬਹੀ ਮਤਾਬ ਸਿੰਘ ਵਖਤ ਵਿਚਾਰਯੋ।
ਖੈਂਚ ਤਲਵਾਰ ਮਾਰ ਮਸੈ ਕਾ ਉਤਾਰ ਸਿਰ ਡਾਰਯੋ,ਘੁਮਯਾਰ ਜਿਮ ਬਧਨਾ ਉਤਾਰਯੋ।
ਮਸੈ ਕੋ ਇਸ ਸੀਸ ਉਤਾਰਯੋ, ਜਨ ਕਰ ਬੇਲੋਂ ਕਦੂਯਾ ਟਾਰਯੋ।
ਜਦੋ ਮੱਸੇ ਰੰਗੜ ਦਾ ਸਿਰ ਵੱਡਿਆ ਸਾਰੇ ਪਾਸੇ ਹਾ ਹਾ ਕਾਰ ਮਚ ਗਈ ਕੰਜ਼ਰੀਆ ਨਚਣ ਵਾਲੀਆ ਪਹਿਰੇਦਾਰ ਤਬਲਿਆ ਵਾਲੇ ਇਕ ਦੂਸਰੇ ਤੋ ਅਗੇ ਹੋ ਕੇ ਭਜ ਰਹੇ ਸਨ । ਏਧਰ ਜੋ ਵੀ ਸਿੰਘਾ ਦੀ ਤਲਵਾਰ ਅਗੇ ਆ ਗਿਆ ਸਿੰਘਾ ਨੇ ਨਰਕਾਂ ਨੂੰ ਤੋਰ ਦਿਤਾ । ਨੇਜ਼ੇ ਤੇ ਮੱਸੇ ਰੰਗੜ ਦਾ ਸਿਰ ਟੰਗ ਕੇ ਸਿੰਘ ਜੀ ਉਥੋ ਹਵਾ ਹੋ ਗਏ। ਜੈਪੁਰ ਪੁੱਜ ਕੇ ਜਥੇਦਾਰ ਮੂਹਰੇ ਪਾਪੀ ਦਾ ਕੱਟਿਆਂ ਹੋਇਆ ਸਿਰ ਰੱਖ ਦਿੱਤਾ।ਸਿੰਘਾਂ ਨੇ ਜੈਕਾਰੇ ਗਜਾਏ।ਇਸ ਗੱਲ ਦਾ ਪਤਾ ਜਦ ਜ਼ਕਰੀਆਂ ਖਾਨ ਨੂੰ ਲੱਗਿਆ ਤਾਂ ਉਸਨੇ ਹੁਕਮ ਚਾੜ੍ਹ ਦਿੱਤੇ ਕਿ ਇਹ ਦੋਵੇਂ ਜਿੰਦਾ ਜਾਂ ਮੁਰਦਾ ਮੇਰੇ ਸਾਹਮਣੇ ਪੇਸ਼ ਕਰੋ। ਹਰਿਭਗਤ ਜੰਡਿਆਲੇ ਵਾਲੇ ਨੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ੁਘਰ ਨੂੰ ਘੇਰਾ ਪਾ ਲਿਆ। ਭਾਈ ਸਾਹਬ ਦਾ ਬੇਟਾ ਜੋ ਅਜੇ ਛੋਟਾ ਸੀ, ਜਾਣ ਲੱਗਿਆਂ ਭਾਈ ਸਾਹਬ ਨੱਥੇ ਨੰਬਰਦਾਰ ਨੂੰ ਉਸਦੀ ਬਾਂਹ ਫੜਾ ਗਏ ਸਨ, ਕਿ ਇਸ ਦਾ ਖਿਆਲ ਰੱਖਣਾ। ਨੱਥੇ ਨੰਬਰਦਾਰ ਨੇ ਬੋਲ ਪਗਾਉਣ ਖਾਤਿਰ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਉਸ ਬੱਚੇ ਸਮੇਤ ਪੰਜ ਜਣੇ ਭੱਜ ਨਿਕਲੇ। ਪਰ ਫੌਜਾਂ ਪਿੱਛਾਂ ਕਰਦੀਆਂ ਹੋਈਆਂ ਮਗਰ ਲੱਗ ਤੁਰੀਆਂ। ਥੋੜ੍ਹੀ ਦੂਰ ਜਾ ਕੇ ਲੜਾਈ ਸ਼ੁਰੂ ਹੋ ਗਈ।ਭਾਈ ਸਾਹਿਬ ਦਾ ਛੋਟਾ ਬੱਚਾ ਭਾਈ ਰਾਇ ਸਿੰਘ ਜ਼ਖਮੀ ਹੋ ਕੇ ਬੇਹੋਸ਼ ਹੋ ਗਿਆ। ਨੱਥਾ ਨੰਬਰਦਾਰ ਤੇ ਸਾਥੀ ਵੀ ਲ਼ੜਦੇ ਸ਼ਹੀਦ ਹੋਏ ਸ਼ਹੀਦ ਹੋ ਗਏ। ਇੰਨ੍ਹਾਂ ਸਾਰਿਆਂ ਨੂੰ ਮਰਿਆ ਸਮਝ ਕੇ ਉਥੇ ਛੱਡ ਫੌਜ ਚਲੀ ਗਈ। ਉਸ ਬੱਚੇ ਨੂੰ ਇੱਕ ਮਾਈ ਆਪਣੇ ਘਰ ਲੈ ਗਈ। ਇਲਾਜ ਕੀਤਾ ਤੇ ਉਹ ਬੱਚਾ ਠੀਕ ਹੋ ਗਿਆ।ਉਹ ਬੱਚਾ ਰਤਨ ਸਿੰਘ ਭੰਗੂ ਦਾ ਪਿਤਾ ਰਾਇ ਸਿੰਘ ਸੀ।ਭਾਈ ਮਹਿਤਾਬ ਸਿੰਘ ਜੀ ਦੀ ਸ਼ਹੀਦੀ ਬਾਰੇ ਗਿ. ਗਿਆਨ ਸਿੰਘ ‘ਤਵਾਰੀਖ ਗੁਰੂ ਖਾਲਸਾ’ ਵਿੱਚ ਲਿੱਖਦੇ ਹਨ ਕਿ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਜਿਸ ਨੇ ਮੱਸੇ ਰੰਗੜ ਨੂੰ ਮਾਰਿਆ ਸੀ, ਜੰਡਿਆਲੇ ਵਾਲੇ ਚੁਗਲਾਂ ਦਾ ਫੜਾਇਆ ਹੋਇਆਂ, ਜਦ ਨਾਜ਼ਮ ਦੇ ਸਾਹਮਣੇ ਆਇਆ ਤਾਂ ਸਿੰਘ ਨੇ ਗੱਜ ਕੇ ਫਤਿਹ ਬੁਲਾਈ। ਜਿਸ ਤੇ ਹਾਕਮ ਨੇ ਬਹੁਤ ਬੁਰਾ ਮੰਨਿਆ ਤੇ 1745 ਈ: ਨੂੰ ਸੂਲੀ ਚਾੜ੍ਹ ਦਿੱਤਾ। ਭਾਈ ਕਾਹਨ ਸਿੰਘ ਨਾਭਾ ਲਿੱਖਦੇ ਹਨ ਕਿ ਲਾਹੌਰ ਦੇ ਹਾਕਿਮ ਨੇ ਇਸ ਸੂਰਮੇ ਨੂੰ ਚਰਖੜ੍ਹੀ ਤੇ ਚਾੜ੍ਹ ਕੇ ਸ਼ਹੀਦ ਕੀਤਾ ਸੀ।ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਜ਼ਾਲਿਮ ਹਕੂਮਤ ਨਾਲ ਜੂਝਦੇ ਹੋਏ 1752 ਈ: ਨੂੰ ਦੁਰਾਨੀਆਂ ਦੀ ਫੌਜ ਨਾਲ ਲੜ੍ਹ ਕੇ ਰਾਵੀ ਦੇ ਕਿਨਾਰੇ ਲਾਹੌਰ ਪਾਸ ਸ਼ਹੀਦ ਹੋ ਗਏ ਸਨ।