ਗੁਰੂ ਹਰਿ ਕ੍ਰਿਸ਼ਨ ਜੀ
ਗੁਰੂ ਹਰਿ ਕ੍ਰਿਸ਼ਨ ਦਾ ਜਨਮ ਗੁਰੂ ਹਰਿ ਰਾਇ ਸਾਹਿਬ ਤੇ ਮਾਤਾ ਕਿਸ਼ਨ ਕੌਰ ਦੇ ਗ੍ਰਹਿ ਵਿਖੇ ੭ ਜੁਲਾਈ ੧੬੫੬ ਈ: ਵਿਚ ਹੋਇਆ। ਗੁਰੂ ਹਰਿ ਰਾਇ ਸਾਹਿਬ ਦੇ ਦੋ ਪੁਤਰ ਸਨ , ਰਾਮ ਰਾਇ ਤੇ ਹਰਿ ਕ੍ਰਿਸ਼ਨ।
ਬਚਪਨ ਤੋ ਹੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਸਿਖਿਆ – ਦੀਖਿਆ ਵਲ ਇਤਨਾ ਧਿਆਨ ਦਿਤਾ ਗਿਆ ਕਿ ਚਾਰ ਸਾਲ ਦੀ ਉਮਰ ਵਿਚ ਇਨ੍ਹਾ ਨੂੰ ਸਾਰੀਆਂ ਬਾਣੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਨੇਕ ਸ਼ਬਦ ਜਬਾਨੀ ਯਾਦ ਹੋ ਗਏ। ਜਦੋਂ ਗੁਰੂ ਹਰ ਰਾਇ ਉਪਦੇਸ਼ ਦੇ ਰਹੇ ਹੁੰਦੇ ਤਾ ਆਪ ਜੀ ਉਨ੍ਹਾ ਦੇ ਵਿਚਾਰ ਬੜੇ ਧਿਆਨ ਨਾਲ ਸੁਣਦੇ ਤੇ ਯਾਦ ਰਖਦੇ। ਇਕ ਵਾਰੀ ਇਕ ਸਿਖ ਨੇ ਪੁਛਿਆ ਕਿ ਤੁਸੀਂ ਦੋਨੋ ਪੁਤਰਾਂ ਵਿਚੋਂ ਕਿਸ ਨੂੰ ਜਿਆਦਾ ਪਸੰਦ ਕਰਦੇ ਹੋ। ਸਿਖ ਦਾ ਮਤਲਬ ਗੁਰਿਆਈ ਤੋਂ ਸੀ ਤਾਂ ਗੁਰੂ ਹਰਿ ਰਾਇ ਸਾਹਿਬ ਨੇ ਉਸ ਨੂੰ ਇਕ ਸੁਈ ਦਿਤੀ ਤੇ ਕਿਹਾ ਜਦ ਦੋਨੋ ਪੁਤਰ ਪਾਠ ਕਰਦੇ ਹੋਣ ਇਹ ਸੁਈ ਪੈਰ ਦੇ ਤਲੇ ਵਿਚ ਖਬੋ ਦੇਣਾ ਜਿਸ ਨੂੰ ਪਾਠ ਕਰਦਿਆਂ ਇਸ ਦੀ ਦਰਦ ਨਾ ਹੋਵੇ ,ਧਿਆਨ ਪੂਰੀ ਤਰਹ ਸਿਮਰਨ ਵਿਚ ਹੋਵੇ ਉਹੀ ਗੁਰਿਆਈ ਦੇ ਲਾਇਕ ਹੈ। ਸਿਖ ਨੇ ਉਵੇਂ ਹੀ ਕੀਤਾ। ਗੁਰੂ ਹਰਕ੍ਰਿਸ਼ਨ ਸਾਹਿਬ ਇਸ ਇਮਤਿਹਾਨ ਵਿਚੋਂ ਪਾਸ ਹੋਏ।
ਹਰਿ ਕ੍ਰਿਸ਼ਨ ਸਾਹਿਬ ਦਿਨ ਚੜੇ ਦਵਾਖਾਨੇ ਵਿਚ ਜਾਕੇ ਰੋਗੀਆਂ ਦੀ ਸੇਵਾ ਲਈ ਪਿਤਾ ਦਾ ਹਥ ਵਟਾਂਉਦੇ ਸਨ। ਇਨਾ ਦੀ ਕੋਮਲ ਛੋਹ, ਮਿਠੇ ਬੋਲ, ਆਤਮਿਕ ਤੇ ਅਧਿਆਤਮਿਕ ਸ਼ਕਤੀ ਤੇ ਨੂਰਾਨੀ ਸ਼ਕਤੀ ਨਾਲ ਰੋਗੀਆਂ ਦੀ ਅਧੀ ਬਿਮਾਰੀ ਤਾਂ ਆਪਣੇ ਆਪ ਠੀਕ ਹੋ ਜਾਂਦੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਅਰਦਾਸ ਦੀ ਪਹਿਲੀ ਪਉੜੀ ਵਿਚ ਫੁਰਮਾਇਆ ਹੈ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਵਾਕਿਆ ਹੀ ਜਿਨ੍ਹਾ ਉਤੇ ਗੁਰੂ ਹਰਕ੍ਰਿਸ਼ਨ ਜੀ ਦੀ ਅਮ੍ਰਿਤਮਈ ਦ੍ਰਿਸ਼ਟੀ ਪੈ ਜਾਂਦੀ ਓਨ੍ਹਾ ਦੇ ਸਭ ਦੁਖ ਦੂਰ ਹੋ ਜਾਂਦੇ , ਰੋਗ ਕਟੇ ਜਾਂਦੇ ਸੁਕੇ ਹਰੇ ਭਰੇ ਹੋ ਜਾਂਦੇ। ਆਧੀਆਂ ਬਿਆਧਿਆਂ ਤੇ ਉਪਾਧੀਆਂ ਮਿਟ ਜਾਂਦੀਆਂ। ਗੁਰੂ ਹਰਿ ਰਾਇ ਸਾਹਿਬ ਨੇ ਆਪ ਵੀ ਹਰਿਕ੍ਰਿਸ਼ਨ ਦੀ ਦ੍ਰਿਸ਼ਟੀ ਦੇ ਸੁਖਾਵੇਂ ਸਰੂਪ ਨੂੰ ਵਿਦਮਾਨ ਕੀਤਾ ਸੀ।
ਗੁਰੂ ਹਰਿ ਰਾਇ ਸਾਹਿਬ ਤੇ ਹਰਿ ਕ੍ਰਿਸ਼ਨ ਸਾਹਿਬ ਦੀ ਸੇਵਾ , ਦਵਾਖਾਨੇ ਤੇ ਸ਼੍ਫਾਖਾਨੇ ਦੇ ਚਰਚੇ ਥਾਂ ਥਾਂ ਤੇ ਪਹੁੰਚ ਗਏ। ਇਕ ਸਮਾ ਆਇਆ ਜਦੋਂ ਦਿੱਲੀ ਦੇ ਹੁਕਮਰਾਨ ਸ਼ਾਹਜਹਾਨ ਦੇ ਪੁਤਰ ਦਾਰਾ ਸ਼ਿਕੋਹ ਜੋ ਔਰੰਗਜ਼ੇਬ ਦੀ ਮਕਾਰੀ ਕਰਕੇ ਸਖਤ ਬੀਮਾਰ ਪੈ ਗਿਆ ਸੀ ,ਜਿਸਦੀ ਦੀ ਸਲਾਮਤੀ ਵਾਸਤੇ ਮੁਗਲ ਹੁਕਮਰਾਨ ਸ਼ਾਹਜਹਾਂ ਨੇ ਕੋਈ ਹਕੀਮ, ਕੋਈ ਫਕੀਰ ਤੇ ਕੋਈ ਹੀਲਾ ਨਾ ਛਡਿਆ ਤਾਂ ਉਹ ਗੁਰੂ ਹਰਿ ਰਾਇ ਸਾਹਿਬ ਦੇ ਦਵਾਖਾਨੇ ਦੀਆਂ ਦਵਾਈਆਂ ਨਾਲ ਨੋ-ਬਰ-ਨੋ ਹੋ ਗਿਆ।
ਔਰੰਗਜ਼ੇਬ ਨੇ ਜਦ ਗਦੀ ਹਾਸਿਲ ਕਰ ਲਈ। ਆਪਣੇ ਭਰਾਵਾਂ ਨੂੰ ਬੁਰੀ ਤਰਹ ਕਤਲ ਕਰਵਾ ਕੇ ਪਿਓ ਨੂੰ ਆਗਰੇ ਦੇ ਕਿਲਾ ਵਿਚ ਨਜਰਬੰਦ ਕਰ ਦਿਤਾ। ਉਹ ਸਭ ਕੋਲੋਂ ਬਦਲੇ ਲੇਣ ਦੀ ਸੋਚ ਰਿਹਾ ਸੀ ਜਿਨਾ ਜਿਨਾ ਨੇ ਦਾਰਾ ਦੀ ਮਦਦ ਕੀਤੀ। ਉਸਨੇ ਗੁਰੂ ਹਰਿ ਰਾਇ ਸਹਿਬ ਨੂੰ ਆਪਣੇ ਹਥ ਨਾਲ ਚਿਠੀ ਲਿਖਕੇ ਸ਼ਿਵ ਦਿਆਲ ਦੇ ਹਥ ਬੜੇ ਪਿਆਰ ਸਤਕਾਰ ਨਾਲ ਸਦਾ ਭੇਜਿਆ। ਗੁਰੂ ਸਾਹਿਬ ਨੇ ਨਿਕਟਵਰਤੀ ਸਿਖਾਂ ਨਾਲ ਸਲਾਹ ਕੀਤੀ ਤੇ ਕਿਹਾ ਕੀ ਉਹ ਆਪਣੇ ਭਰਾਵਾਂ ਦਾ ਕਾਤਲ ਹੈ, ਪਿਓਂ ਨੂੰ ਕੈਦ ਕਰਕੇ ਮਲੋ ਮਲੀ ਤਖਤ ਤੇ ਬੈਠਿਆ ਹੈ ਤੇ ਨੇਕ ਬੰਦਿਆਂ ਦਾ ਘਾਤੀ ਹੈ ਉਸ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ। ਇਹੀ ਜਵਾਬ ਔਰੰਗਜ਼ੇਬ ਨੂੰ ਲਿਖ ਕੇ ਭੇਜ ਦਿਤਾ। ਹੁਣ ਉਸਨੇ ਲੂੰਬੜ ਚਾਲ ਚਲੀ। ਰਾਜਾ ਜੈ ਸਿੰਘ ਜੋ ਉਨ੍ਹਾ ਦੇ ਸ਼ਰਧਾਲੂ ਸੀ ਨੂੰ ਗੁਰੂ ਸਾਹਿਬ ਦੇ ਬੁਲਾਣ ਵਾਸਤੇ ਕਿਹਾ। ਗੁਰੂ ਸਾਹਿਬ ਖੁਦ ਤੇ ਨਹੀਂ ਗਏ। ਆਪਣੇ ਵਡੇ ਪੁਤਰ ਰਾਮ ਰਾਇ ਨੂੰ ਹਿਦਾਇਤਾ ਦੇ ਸਾਹਿਤ ਭੇਜ ਦਿੱਤਾ ,” ਸਚ ਤੋਂ ਮੂੰਹ ਨਹੀ ਮੋੜਨਾ. ਕਿਸੇ ਤੋ ਡਰਨਾ ਨਹੀਂ ,ਤੇ ਹਰ ਸਵਾਲ ਦਾ ਸਹੀ ਸਹੀ ਉੱਤਰ ਦੇਣਾ’।
ਰਾਮਰਾਏ ਦਾ ਔਰੰਗਜ਼ੇਬ ਤੇ ਬਹੁਤ ਚੰਗਾ ਪ੍ਰਭਾਵ ਪਿਆ। ਓਸਨੇ ਹਰ ਪ੍ਰਸ਼ਨ ਦਾ ਉਤਰ ਬੜੇ ਸੁਚਜੇ ਢੰਗ ਨਾਲ ਦਿਤਾ। ਪਰ ਛੇਤੀ ਹੀ ਸ਼ਾਹੀ ਪ੍ਰਭਾਵ ਹਾਵੀ ਹੋਣ ਲਗ ਪਿਆ। ਕਰਮ ਕਾਂਡਾ ਨਾਲ ਬਾਦਸ਼ਾਹ ਦੀ ਖਸ਼ਾਮਤ ਵੀ ਹੋਣ ਲਗ ਪਈ। ਇਕ ਦਿਨ ਵਾਰਤਾ ਕਰਦਿਆਂ ਜਦੋਂ ਔਰੰਗਜ਼ੇਬ ਨੇ ਗੁਰੂ ਨਾਨਕ ਸਾਹਿਬ ਦੀ ਇਸ ਤੁਕ ਬਾਰੇ ਸਵਾਲ ਕੀਤਾ।
ਮਿਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ।
ਤਾਂ ਬਾਦਸ਼ਾਹ ਦੀ ਖੁਸ਼ੀ ਲੈਣ ਲਈ ਮਿਟੀ ਬੇਈਮਾਨ ਕੀ , ਕਹਿ ਦਿਤਾ। ਸਚ ਤੋਂ ਮੂੰਹ ਮੋੜ ਲਿਆ ਕਿਓਂਕਿ ਇਸ ਨਾਲ ਮੁਸਲਮਾਨਾ ਦੇ ਵਿਸ਼ਵਾਸ ਨੂੰ ਠੇਸ ਲਗਦੀ ਸੀ।
ਜਦ ਇਹ ਘਟਨਾ ਕੀਰਤਪੁਰ ਸਾਹਿਬ ਪਹੁੰਚੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਕਦੇ ਨਾ ਮਥੇ ਲਗਣ ਦੀ ਹਿਦਾਇਤ ਕਰ ਦਿੱਤੀ। ਸੰਗਤ ਨੂੰ ਵੀ ਇਸ ਦੇ ਮੱਥੇ ਲੱਗਣ ਤੇ ਰੋਕ ਲਾ ਦਿੱਤੀ।
ਜਿਨ ਭੈ ਅਦਬ ਨ ਬਾਣੀ ਧਾਰਾ
ਜਾਨਹੁ ਸੋ ਸਿਖ ਨਹੀਂ ਹਮਾਰਾ ।।
ਇਸ ਤਰ੍ਹਾਂ ਜਦ ਰਾਮ ਰਾਇ ਨੂੰ ਮਾਫ਼ੀ ਨਾ ਮਿਲੀ ਤਾਂ ਉਸਨੇ ਔਰੰਗਜ਼ੇਬ ਤੋਂ ਜਗੀਰ ਲੇਕੇ ਆਪਣਾ ਵਾਸਾ ਦੇਹਰਾਦੂਨ ਕਰ ਲਿਆ। ਗੁਰੂ ਹਰਿ ਰਾਇ ਜੀ ਨੇ ਅੰਤਿਮ ਸਮਾ ਨੇੜੇ ਜਾਣ ਕੇ ਗੁਰਿਆਈ ਦਾ ਵਾਰਸ ਹਰਿਕ੍ਰਿਸ਼ਨ ਜੀ ਨੂੰ ਥਾਪ ਕੇ ਦੂਜੇ ਦਿਨ ਓਹ ਜੋਤੀ ਜੋਤ ਸਮਾ ਗਏ। ਇਨਾ ਦਾ ਸਸਕਾਰ ਸਤਲੁਜ ਦੇ ਕੰਡੇ ਤੇ ਕੀਰਤਪੁਰ ਤੋਂ ਕੁਝ ਦੂਰ ਕੀਤਾ ਗਿਆ, ਜਿਥੇ ਅਜਕਲ ਪਤਾਲ ਪੁਰੀ ਗੁਰੂਦਵਾਰਾ ਹੈ।
ਗੁਰੂ ਹਰਿਕ੍ਰਿਸ਼ਨ ਜੀ ਗੁਰਿਆਈ ਸਮੇਂ ਕੁਲ ਸਵਾ ਪੰਜ ਸਾਲ ਦੇ ਸਨ। ਸਿਖ ਕੋਮ ਨੂੰ ਤਾਂ ਨਿਸਚਾ ਸੀ ਪਰ ਆਮ ਲੋਕ ਹੈਰਾਨ ਸੀ। ਜਦ ਓਹ ਦਰਬਾਰ ਵਿਚ ਬੈਠ ਕੇ ਉਪਦੇਸ਼ ਦਿੰਦੇ ਤਾਂ ਲੋਕੀ ਮੰਤਰ ਮੁਗਧ ਹੋ ਜਾਂਦੇ। ਸੰਗਤਾ ਦੂਰ ਦੂਰ ਦੇ ਨਗਰਾਂ ਪ੍ਰਾਂਤਾ ਤੋ ਪਹੁੰਚਦੀਆਂ। ਗੁਰੂ ਸਾਹਿਬ ਰੋਜ਼ ਸਵੇਰੇ ਉਠਦੇ , ਇਸ਼ਨਾਨ ਕਰਕੇ ਨਿਤਨੇਮ ਦਾ ਪਾਠ ਕਰਕੇ ਸਿਮਰਨ ਵਿਚ ਜੁੜ ਜਾਂਦੇ। ਫਿਰ ਦਰਬਾਰ ਵਿਚ ਆਓਂਦੇ , ਕੀਰਤਨ ਉਪਰੰਤ ਉਪਦੇਸ਼ ਦਿੰਦੇ ਬਾਅਦ ਚ ਓਹ ਦਵਾਖਾਨੇ ਜਾਂਦੇ। ਦਵਾ ਦਾਰੂ ਨਾਲ ਰੋਗੀਆਂ ਦਾ ਹਾਲ ਚਾਲ ਪੁਛਦੇ ਇਸ ਤਰ੍ਹਾ ਉਨ੍ਹਾ ਦਾ ਜਸ ਵੱਧਦਾ ਵੱਧਦਾ ਦਿੱਲੀ ਤਕ ਫ਼ੈਲ ਗਿਆ। ਬਹੁਤ ਸਾਰੇ ਮੁਸਲਮਾਨ ਵੀ ਓਹਨਾ ਦੇ ਕਾਇਲ ਹੋ ਗਏ।
ਰਾਮ ਰਾਇ ਨੂੰ ਈਰਖਾ ਹੋਣ ਲਗ ਪਈ ਉਸਨੇ ਮਸੰਦਾ ਨਾਲ ਮਿਲਕੇ ਦੂਰ ਦੂਰ ਸਨੇਹਾ ਭੇਜ ਦਿਤਾ ਕੀ ਗੁਰਗਦੀ ਰਾਮ ਰਾਇ ਨੂੰ ਮਿਲੀ ਹੈ। ਸੰਗਤਾ ਦੀ ਭੇਟ ਰਾਮ ਰਾਇ ਕੋਲ ਆਣੀ ਸ਼ੁਰੂ ਹੋ ਗਈ , ਜਿਸ ਵਿਚੋਂ ਅਧਿ – ਪਚਦੀ ਮਸੰਦ ਵੀ ਰਖ ਲੇਂਦੇ ਜਿਸ ਨਾਲ ਮਸੰਦ ਵੀ ਬਈਮਾਨ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਵਕਤ ਇਹ ਬਈਮਾਨੀ ਦੀ ਸਿਖਰ ਤੇ ਪੁਜ ਚੁਕੇ ਸੀ। ਇਸੇ ਕਰਕੇ ਉਨ੍ਹਾ ਨੇ ਮਸੰਦਾ ਨੂੰ ਵਿਚੋਲੇ ਦੀ ਪਦਵੀ ਤੋ ਬਰੀ ਕਰ ਦਿਤਾ ਤੇ ਸੰਗਤਾ ਨਾਲ ਸਿਧੇ ਰਿਸ਼ਤੇ ਕਾਇਮ ਕਰ ਲਏ ਤੇ ਇਨ੍ਹਾ ਦੀ ਪੁਛ -ਗਿਛ ਖਤਮ ਹੋ ਗਈ।
ਦੂਜੀ ਭੁਲ ਰਾਮ ਰਾਇ ਨੇ ਇਹ ਕੀਤੀ ਕਿ ਔਰੰਗਜੇਬ ਨੂੰ ਉਕਸਾਇਆ ਕਿ ਮੇਰੇ ਨਾਲ ਵਧੀਕੀ ਕੀਤੀ ਗਈ ਹੈ। ਮੇਰੇ ਪਿਤਾ ਨੇ ਗੁਰਿਆਈ ਮੇਰੇ ਛੋਟੇ ਭਰਾ ਨੂੰ ਦੇ ਦਿਤੀ ਹੈ। ਔਰੰਗਜ਼ੇਬ ਨੂੰ ਵੀ ਲਗਿਆ ਇਹ ਪੰਥ ਦਿਨ ਬਦਿਨ ਅਗੇ ਵਧ ਰਿਹਾ ਹੈ ,ਕਲ ਨੂੰ ਸਾਡੇ ਲਈ ਵੀ ਖਤਰਾ ਹੋ ਸਕਦਾ ਹੈ , ਸੋ ਇਨ੍ਹਾ ਨੂੰ ਆਪਸ ਵਿਚ ਟਕਰਾਓਣ ਦਾ ਮੋਕਾ ਕਿਓਂ ਛਡਿਆ ਜਾਏ।
ਔਰੰਗਜੇਬ ਨੇ ਹੁਕਮ ਦਿਤਾ ਕਿ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਬੁਲਾਇਆ ਜਾਏ। ਉਸ ਨੂੰ ਇਹ ਵੀ ਤੋਖਲਾ ਸੀ ਕੀ 5 ਸਾਲ ਦੇ ਬਚੇ ਵਿਚ ਐਸੀ ਕਿਹੜੀ ਖਾਸੀਅਤ ਹੈ ,ਜੋ ਰਾਮ ਰਾਇ,ਇਤਨੇ ਕਾਬਲ ਬੇਟੇ ਨੂੰ ਛਡ ਕੇ ਗੁਰਗਦੀ ਦਾ ਵਾਰਸ ਬਣਾ ਦਿਤਾ ਹੈ। ਓਸਨੇ ਅਹਿਲਕਾਰਾਂ ਦੇ ਹਥ ਦਿੱਲੀ ਅਉਣ ਲਈ ਸਦਾ ਭੇਜ ਦਿਤਾ।
ਜਦੋਂ ਉਸਦੇ ਕਹਿਣ ਤੇ ਗੁਰੂ ਸਾਹਿਬ ਦਿੱਲੀ ਨਹੀ ਆਏ ਤਾਂ ਰਾਜਾ ਜੈ ਸਿੰਘ ਜੋ ਗੁਰੂ ਘਰ ਦਾ ਸ਼ਰਧਾਲੂ ਸੀ ਉਸ ਨੂੰ ਇਹ ਕਹਿਕੇ ਕਿ ਦਿੱਲੀ ਦੀਆਂ ਸੰਗਤਾ ਉਨ੍ਹਾ ਦੇ ਦਰਸ਼ਨਾ ਦੀਆਂ ਚਾਹਵਾਨ ਹਨ , ਬੁਲਾਣ ਨੂੰ ਕਿਹਾ। ਰਾਜਾ ਜੈ ਸਿੰਘ ਨੇ ਔਰੰਗਜ਼ੇਬ ਦੀ ਗਲ ਮੰਨਣ ਲਈ ਦੋ ਸ਼ਰਤਾਂ ਰਖੀਆਂ , ਇਕ ਗੁਰੂ ਸਾਹਿਬ ਮੇਰੇ ਬੰਗਲੇ ਵਿਚ ਠਹਿਰਨਗੇ ਤੇ ਦੂਸਰਾ ਹਕੂਮਤ ਵਲੋਂ ਉਨ੍ਹਾ ਨੂੰ ਕੋਈ ਨੁਕਸਾਨ ਨਹੀ ਪੁਚਾਇਆ ਜਾਏਗਾ।
ਰਾਮ ਰਾਇ ਵੀ ਇਹ ਸੋਚਕੇ ਖੁਸ਼ ਹੋ ਗਿਆ ਕਿ ਅਗਰ ਗੁਰੂ ਹਰਿ ਕ੍ਰਿਸ਼ਨ ਜੀ ਆਏ ਤਾਂ ਹਰਿ ਰਾਇ ਸਹਿਬ ਦੀ ਹੁਕਮ ਅਦੂਲੀ ਹੋਵੇਗੀ ਕਿਓਂਕਿ ਗੁਰੂ ਸਾਹਿਬ ਦਾ ਹੁਕਮ ਸੀ ਮਲੇਛ ਦੇ ਮਥੇ ਨਹੀਂ ਲਗਣਾ ਤੇ ਇਸ ਬਿਨਾਂ ਤੇ ਸੰਗਤਾ ਨੂੰ ਭੜਕਾ ਸਕਦਾ ਹੈ ਤੇ ਜੇ ਨਾ ਆਏ ਤਾਂ ਔਰੰਗਜ਼ੇਬ ਨੂੰ ਚੁਕ ਦੇ ਸਕਦਾ ਹੈ ਓਹ ਹਕੂਮਤ ਦੇ ਖਿਲਾਫ਼ ਬਾਗੀ ਹੋ ਗਏ ਹਨ।
ਰਾਜਾ ਜੈ ਸਿੰਘ ਨੇ ਆਪਣੇ ਦੂਤ ਪਰਸ ਰਾਮ ਨੂੰ ਬਹੁਤ ਸਾਰੇ ਘੋੜੇ, ਰਥ, ਤੇ ਕਈ ਤਰ੍ਹਾਂ ਦੇ ਸੁਖ ਸਮਾਨ ਸਮੇਤ ਗੁਰੂ ਸਾਹਿਬ ਨੂੰ ਲੈਣ ਲਈ ਘਲ ਦਿੱਤਾ। ਇਹ ਸਭ ਸੁਣਕੇ ਸੰਗਤਾ ਤੇ ਨਗਰ ਵਾਸੀ ਮਾਯੂਸ ਹੋ ਗਏ। ਕਿਓਂਕਿ ਦਿੱਲੀ ਹਕੂਮਤ ਨੇ ਗੁਰੂ ਅਰਜੁਨ ਦੇਵ ਜੀ ਨੂੰ ਬੁਲਾਕੇ ਸ਼ਹੀਦ ਕੀਤਾ ਸੀ, ਗੁਰੂ ਹਰਗੋਬਿੰਦ ਸਾਹਿਬ ਨੂੰ ਆਗਰੇ ਬੁਲਾਕੇ ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤਾ ਸੀ। ਅਜੇ ਪਰਿਵਾਰ ਤੇ ਸਿਖ ਸਲਾਹ ਕਰ ਹੀ ਰਹੇ ਸਨ ਕਿ ਗੁਰੂ ਸਾਹਿਬ ਨੇ ਬੜੀ ਦਲੇਰੀ ਨਾਲ ਆਪਣਾ ਫੈਸਲਾ ਸੁਣਾ ਦਿਤਾ ਕਿ ਓਹ ਦਿੱਲੀ ਜਰੂਰ ਜਾਣਗੇ , ਪਰ ਔਰੰਗਜ਼ੇਬ ਦੇ ਮਥੇ ਨਹੀਂ ਲਗਣਗੇ। ਫਕੀਰਾਂ ਦਾ ਕੰਮ ਨਹੀ ਕੀ ਬਾਦਸ਼ਾਹ ਅਗੇ ਓਹ ਆਪਣੇ ਘਰ ਦੇ ਝਗੜੇ ਨਿਪਟਾਨ ਜਾਂ ਭਰਾ ਦੇ ਖਿਲਾਫ਼ ਖੜੇ ਹੋਕੇ ਕੋਈ ਫਰਿਆਦ ਕਰਨ। ਪਰ ਸੰਗਤਾ ਨੂੰ ਦਰਸ਼ਨ ਦੇਣ ਅਸੀਂ ਜਰੂਰ ਜਾਵਾਂਗੇ। ਸਾਡਾ ਕੰਮ ਸਿਰਫ ਧਰਮ ਦਾ ਉਪਦੇਸ਼ ਦੇਣਾ ਤੇ ਦੀਨ ਦੁਖੀਆਂ ਦੀ ਸੇਵਾ ਕਰਨਾ ਹੈ। ਇਹੀ ਅਕਾਲ ਪੁਰਖ ਦਾ ਹੁਕਮ ਹੈ।
ਫਰਵਰੀ ੧੬੪੪ ਈ: ਦੇ ਦੂਸਰੇ ਹਫਤੇ ਕੀਰਤਪੁਰ ਤੋਂ ਦਿੱਲੀ ਲਈ ਰਵਾਨਾ ਹੋਏ। ਪਰੀਵਾਰ ਤੋ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਸਿਖ੍ ਸੰਗਤ ਤੇ ਸੈਨਿਕ ਜੁਆਨ ਨਾਲ ਸਨ। ਰਸਤੇ ਵਿਚ ਦਿਆਲਪੁਰ, ਬਨੂੜ ਤੇ ਨੇੜੇ ਆਪਣੀ ਭੈਣ ਨੂੰ ਮਿਲੇ , ਉਨ੍ਹਾਂ ਨੂੰ ਸ਼ਾਇਦ ਪਤਾ ਸੀ ਕੀ ਇਹ ਸਫਰ ਉਨ੍ਹਾ ਦਾ ਆਖਰੀ ਸਫਰ ਹੈ। ਵਿਸਾਖੀ ਦਾ ਪੁਰਬ ਨੇੜੇ ਹੋਣ ਕਰਕੇ ਸੰਗਤਾ ਕਾਬੁਲ, ਪੇਸ਼ਾਵਰ ,ਕਸ਼ਮੀਰ ,ਦਹਾਕਾ ਆਦਿ ਤੋ ਆਈਆਂ ਹੋਈਆਂ ਸੀ। ਅੰਬਾਲੇ ਦੇ ਨੇੜੇ ਪੰਜੋਖੜਾ ਕੁਝ ਦਿਨ ਪ੍ਰਚਾਰ ਲਈ ਠਹਿਰੇ। ਇਥੇ ਆ ਕੇ ਉਨ੍ਹਾ ਨੇ ਸੰਗਤ ਨੂੰ ਆਪਣੇ ਘਰਾਂ ਨੂੰ ਪਰਤ ਜਾਣ ਨੂੰ ਕਿਹਾ । ਇਥੇ ਹੀ ਪੰਡਿਤ ਲਾਲ ਚੰਦ ਨੇ ਗੁਰੂ ਜੀ ਨੂੰ ਕਿਹਾ ਕਿ ਕਲਯੁਗ ਵਿਚ ਸਾਡੇ ਕ੍ਰਿਸ਼ਨ ਤੋਂ ਵਡਾ ਕੇਹੜਾ ਹਰਿ ਕ੍ਰਿਸ਼ਨ ਪੈਦਾ ਹੋ ਗਿਆ ਹੈ। ਉਸ ਨੇ ਕਿਹਾ ਕ੍ਰਿਸ਼ਨ ਨੇ ਤਾਂ ਗੀਤਾ ਰਚੀ ਸੀ ਤੁਸੀਂ ਉਸ ਦੇ ਅਰਥ ਹੀ ਕਰ ਦਿਉ। ਗੁਰੂ ਸਾਹਿਬ ਨੇ ਉਸ ਨੂੰ ਕਿਹਾ ਤੁਸੀ ਸਾਡਾ ਸਿੱਖ ਕੋਈ ਲੈ ਆਉ, ਉਹ ਹੀ ਗੀਤਾ ਦੇ ਅਰਥ ਕਰ ਸਕਦਾ ਹੈ। ਲਾਲ ਚੰਦ ਇਕ ਗੂੰਗੇ ਝਿਉਰ ਨੂੰ ਲੈ ਆਇਆ। ਗੁਰੂ ਸਾਹਿਬ ਨੇ ਉਸ ਕੋਲੋਂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਗੀਤਾ ਦੇ ਅਰਥ ਕਰਵਾ ਦਿਤੇ। ਬ੍ਰਾਹਮਣ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ , ਚਰਨਾ ਤੇ ਮਥਾ ਟੇਕਿਆ। ਉਸਤੇ ਵੀ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਹੋਈ। ਉਹ ਵੀ ਗੁਰੂ ਦਾ ਸਿਖ ਬਣ ਗਿਆ।
ਜਦੋਂ ਗੁਰੂ ਸਾਹਿਬ ਪੰਜੋਖਰੇ ਤੋ ਚਲੇ ਤਾਂ ਉਨ੍ਹਾ ਨਾਲ ਮਾਤਾ ਸੁਲਖਣੀ , ਭਾਈ ਦਰਗਾਹ ਮਲ ,ਭਾਈ ਦਿਆਲ ਦਾਸ , ਭਾਈ ਗੁਰਦਿਤਾ ਤੋ ਇਲਾਵਾ ਕੁਝ ਕੁ ਹੋਰ ਸਿਖ ਸਨ। ਗੁਰੂ ਸਾਹਿਬ ਦਾ ਆਓਣਾ ਸੁਣਕੇ ਦੂਰ ਦੁਰੇਡੇ ਤੋਂ ਸੰਗਤਾਂ ਦਰਸ਼ਨਾ ਲਈ ਅਓਣ ਲਗੀਆਂ। ਕੁਰਕਸ਼ੇਤਰ ਵਿਚ ਵਸਦੇ ਕਈ ਹਿੰਦੂ, ਪੰਡਤ ਤੇ ਵਿਦਵਾਨ ਆਪਜੀ ਨਾਲ ਗਿਆਨ ਚਰਚਾ ਕਰਨ ਲਈ ਆਏ। ਇਥੋਂ ਆਪ ਚਲਕੇ , ਬਦਰਪੁਰ -ਕੜਾ- ਮਾਣਕਪੁਰ – ਕਰਨਾਲ- ਸੋਨੀਪਤ-ਆਦਿ ਥਾਵਾਂ ਤੇ ਰੁਕਦੇ ਇਕ ਹਫਤੇ ਤੋ ਮਗਰੋਂ ਦਿੱਲੀ ਪਹੁੰਚੇ।
ਰਾਜਾ ਜੈ ਸਿੰਘ ਨੇ ਗੁਰੂ ਸਾਹਿਬ ਦਾ ਬੜਾ ਨਿਘਾ ਸਵਾਗਤ ਕੀਤਾ। ਰਾਜਾ ਜੈ ਸਿੰਘ, ਉਸ ਦੀਆ, ਰਾਣੀਆਂ , ਕਈ ਵਜ਼ੀਰ ਉਨ੍ਹਾ ਦੇ ਸੁਆਗਤ ਲਈ ਆਏ। ਚਾਂਦੀ ਦੇ ਥਾਲ ਵਿਚ ਕਈ ਸੁਗਾਤਾਂ ਵੀ ਭੇਟ ਕੀਤੀਆਂ ਜੋ ਉਨ੍ਹਾ ਨੇ ਗਰੀਬਾ ਨੂੰ ਵੰਡ ਦਿਤੀਆਂ। ਉਨ੍ਹਾ ਦੇ ਠਹਿਰਣ ਦਾ ਇੰਤਜ਼ਾਮ ਇਕ ਸੁੰਦਰ ਬੰਗਲੇ ਵਿਚ ਕਰ ਦਿਤਾ ਗਿਆ ਜਿਸ ਨੂੰ ਅਜ ਬੰਗਲਾ ਸਾਹਿਬ ਗੁਰੂਦਵਾਰਾ ਕਿਹਾ ਜਾਂਦਾ ਹੈ। ਸ਼ਹਿਰ ਵਿਚ ਗੁਰੂ ਸਾਹਿਬ ਦੇ ਆਉਣ ਦੀ ਧੂਮ ਮਚ ਗਈ। ਲੋਕ ਦਰਸ਼ਨਾ ਲਈ ਆਉਣਾ ਸ਼ੁਰੂ ਹੋ ਗਏ ਔਰੰਗਜ਼ੇਬ ਨੂੰ ਖਬਰ ਪਹੁਚ ਗਈ। ਜਦ ਉਸਨੇ ਇਨ੍ਹਾ ਦਾ ਇਤਨਾ ਜਸ ਸੁਣਿਆ ਤਾਂ ਬੜੀ ਬੇਸਬਰੀ ਨਾਲ ਉਨ੍ਹਾ ਨੂੰ ਮਿਲਣ ਦਾ ਇੰਤਜ਼ਾਰ ਕਰਨ ਲਗਾ। ਜਦ ਗੁਰੂ ਸਾਹਿਬ ਨਾ ਆਏ ਤਾਂ ਓਹ ਖੁਦ ਚਲਕੇ ਮਿਲਣ ਵਾਸਤੇ ਆ ਗਿਆ। ਕਹਿੰਦੇ ਹਨ ਅਧੀ ਘੜੀ ਓਹ ਗੁਰੂ ਸਾਹਿਬ ਦੀ ਇੰਤਜ਼ਾਰ ਵਿਚ ਬੈਠਾ ਰਿਹਾ ਪਰ ਓਹ ਨਹੀਂ ਆਏ ਤਾਂ ਲਿਖ ਕੇ ਸੁਨੇਹਾ ਭੇਜਿਆ।
” ਮੇਰਾ ਹੈਂ ਰਾਹ ਦੀਦਾਰ , ਮੈ ਆਪ ਚਲ ਆਇਆ ਫਕੀਰ ਦਰਬਾਰ “
ਗੁਰੂ ਸਾਹਿਬ ਨੇ ਵਾਪਸ ਸੁਨੇਹਾ ਘਲ ਦਿਤਾ ,” ਅਸੀਂ ਫਕੀਰ ਹਾਂ, ਗਰੀਬਾਂ ਤੇ ਦੀਨ ਦੁਖੀਆਂ ਨਾਲ ਸਾਡਾ ਵਾਹ ਹੈ, ਬਾਦਸ਼ਾਹਾਂ ਨਾਲ ਸਾਡਾ ਕੀ ਕੰਮ “?
ਇਥੇ ਆਕੇ ਗੁਰੂ ਸਾਹਿਬ ਨੇ ਰੋਗੀਆਂ ਦਾ ਇਲਾਜ਼ ਕਰਨਾ ਸ਼ੁਰੂ ਕਰ ਦਿਤਾ। ਕੁਝ ਉਨਾ ਦੀ ਦਵਾਈ, ਕੁਝ ਆਤਮਿਕ ਤੇ ਅਧਿਆਤਮਿਕ ਸ਼ਕਤੀ , ਉਨ੍ਹਾ ਦੀ ਬੋਲ ਚਾਲ ਦੇ ਢੰਗ ਨਾਲ ਬਿਲਕੁਲ ਠੀਕ ਹੋ ਜਾਂਦੇ। ਇਸ ਗਲ ਦੀ ਸਾਰੇ ਸ਼ਹਿਰ ਵਿਚ ਚਰਚਾ ਹੋਣ ਲਗੀ। ਔਰੰਗਜ਼ੇਬ ਦੇ ਦਰਬਾਰ ਵਿਚ ਵੀ ਗੁਰੂ ਸਾਹਿਬ ਦੀ ਵਡਿਆਈ ਫ਼ੈਲਣ ਲਗੀ ਜਿਸਤੋਂ ਰਾਮ ਰਾਇ ਬਹੁਤ ਧੁਖਿਆ ਤੇ ਕੁਝ ਉਲਟੇ ਸਿਧੇ ਬੋਲ ਬੋਲਣ ਲਗਾ ਤਾਂ ਦਰਬਾਰੀ ਨੇ ਜਵਾਬ ਦਿਤਾ ਕਿ ਤੁਹਾਡੀਆਂ ਕਰਾਮਾਤਾ ਤਾਂ ਤੁਹਾਡੀ ਆਪਣੀ ਤਰੀਫ ਕਰਵਾਣ ਵਾਸਤੇ ਹੁੰਦੀਆਂ ਹਨ ਤੇ ਦੁਖ ਦਾ ਕਾਰਨ ਬਣਦੀਆਂ ਹਨ ਪਰ ਉਨ੍ਹਾ ਦੀ ਸ਼ਕਤੀ ਤਾਂ ਖਲਕਤ ਨੂੰ ਸੁਖ ਦੇ ਰਹੀ ਹੈ।
ਜਦੋਂ ਗੁਰੂ ਸਹਿਬ ਨੇ ਔਰੰਗਜ਼ੇਬ ਨੂੰ ਮਿਲਣ ਵਾਸਤੇ ਨਾਂਹ ਕਰ ਦਿਤੀ ਤਾਂ ਉਸਦਾ ਤੋਖਲਾ ਹੋਰ ਵਧ ਗਿਆ ਤਾਂ ਉਸਨੇ ਆਪਣੇ ਪੁਤਰ ਨੂੰ ਸੁਗਾਤ ਵਜੋਂ ਦੋ ਥਾਲ ਦੇਕੇ ਇਕ ਵਿਚ ਹੀਰੇ ਜਵਾਹਰਾਤ ਤੇ ਦੂਸਰੇ ਵਿਚ ਫਕੀਰੀ ਦਾ ਚੋਲਾ ਤੇ ਨਾਲ ਇਕ ਚਿਠੀ ਜਿਸ ਵਿਚ ਫਿਰ ਮਿਲਣ ਲਈ ਬੇਨਤੀ ਕੀਤੀ , ਦੇਕੇ ਭੇਜਿਆ। ਉਨ੍ਹਾ ਨੇ ਹੀਰੇ ਜਵਾਹਰਾਤ ਤਾਂ ਵਾਪਸ ਕਰ ਦਿਤੇ , ਫਕੀਰੀ ਦਾ ਚੋਲਾ ਰਖ ਲਿਆ ਤੇ ਨਾਲ ਇਕ ਸੁਨੇਹਾ ਪਤਰ ਭੇਜਿਆ ਕਿ ਇਹ ਸ਼ਬਦ ਸਾਡੀ ਮੁਲਾਕਾਤ ਨਾਲੋਂ ਜਿਆਦਾ ਉਤਮ ਹਨ ਇਨ੍ਹਾ ਨੂੰ ਯਾਦ ਰਖਣਾ।
ਕਿਆ ਖਾਦੇ ਕਿਆ ਪੈਦੇ ਹੋਇ
ਜਾਂ ਮਨ ਨਾਹਿ ਸਚਾ ਹੋਇ
ਕਿਆ ਮੇਵਾ ਕਿਆ ਘਿਓ ਗੁੜ ਮਿਠਾ
ਕਿਆ ਮੈਦਾ ਕਿਆ ਮਾਸ
ਕਿਆ ਕਪੜ ਕਿਆ ਸੇਜ ਸੁਖਾਲੀ
ਕੀਜਿਹ ਭੋਗ ਵਿਲਾਸ
ਕਿਆ ਲਸਕਰ ਕਿਆ ਨੇਬ ਖਵਾਸੀ
ਆਵੇ ਮਹਲੀ ਵਾਸ
ਨਾਨਕ ਸਚੇ ਨਾਮ ਵਿੰਣ
ਸਭੇ ਟੋਲ ਵਿਨਾਸ।।
ਇਹ ਔਰੰਜ਼ੇਬ ਦੇ ਮੂੰਹ ਤੇ ਕਰਾਰੀ ਚਪੇੜ ਸੀ। ਜਦੋਂ ਓਹ ਖੁਦ ਵੀ ਚਲ ਕੇ ਆਇਆ ਤਾਂ ਦਰਵਾਜ਼ਾ ਬੰਦ ਕਰਾ ਦਿਤਾ। ਅਧਿ ਘੜੀ ਔਰਗਜੇਬ ਬਾਹਰ ਬੂਹੇ ਤੇ ਖੜਾ ਰਿਹਾ। ਪਰ ਦਰਵਾਜ਼ਾ ਨਹੀਂ ਖੋਲਿਆ। ਹੋਇਗਾ ਕੋਈ ਐਸਾ ਸੂਰਬੀਰ ਜੋ ਸਮੇ ਦੇ ਬਾਦਸ਼ਾਹ ਜੋ ਦਰਵਾਜ਼ੇ ਤੇ ਖੜਾ ਹੈ , ਮਿਲਣ ਤੋ ਇਨਕਾਰ ਕਰੇ ਤੇ ਦਰਵਾਜ਼ਾ ਨਾ ਖੋਲੇ। ਇਤਨੀ ਹਿੰਮਤ ਸਿਰਫ ਅਸ਼ਟਮ ਬਲਬੀਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਹੋ ਸਕਦੀ ਹੈ ਓਹ ਵੀ ਇਤਨੀ ਛੋਟੀ ਉਮਰ ਵਿਚ।
ਰਾਮ ਰਾਇ ਦੇ ਦਾਵੇ ਬਾਰੇ ਉਨ੍ਹਾ ਨੂੰ ਕਹਿ ਭੇਜਿਆ ਗੁਰਿਆਈ ਵਿਰਾਸਤ ਜਾ ਜੱਦੀ ਮਲਕੀਅਤ ਨਹੀਂ। ਸਿਖੀ ਵਿਚ ਇਹ ਕੋਈ ਅਨੋਖੀ ਗਲ ਨਹੀਂ ਬਲਕਿ ਗੁਰਿਆਈ ਦੇ ਜੋ ਵੀ ਲਾਇਕ ਹੈ ਉਸ ਨੂ ਮਿਲਦੀ ਹੈ। ਇੱਥੇ ਰਿਸ਼ਤੇ ਨਾਤੇ ਉਮਰ ਨਹੀਂ ਬਲਕਿ ਯੋਗਤਾ ਪਰਖੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਪਲਟਣ ਕਰਕੇ ਜੇ ਪਿਤਾ ਜੀ ਨੇ ਉਨ੍ਹਾ ਨੂੰ ਤਿਆਗ ਦਿਤਾ ਹੈ ਤਾਂ ਇਹ ਕੋਈ ਵਧੀਕੀ ਜਾਂ ਬੇਇਨਸਾਫ਼ੀ ਨਹੀਂ ਹੈ।
ਗੁਰੂ ਸਾਹਿਬ ਦੀ ਚੋਣ ਠੀਕ ਸੀ ਬਾਦਸ਼ਾਹ ਨੂੰ ਯਕੀਨ ਹੋ ਗਿਆ। ਰਾਮ ਰਾਇ ਦੀ ਅਰਜ਼ੀ ਖਾਰਜ ਕਰ ਦਿਤੀ ਤੇ ਕਿਹਾ ਹਕੂਮਤ ਕਿਸੇ ਨੂੰ ਗੁਰਆਈ ਨਹੀ ਦੇ ਸਕਦੀ। ਨਾ ਸੰਗਤ ਨੂੰ ਕਹਿ ਸਕਦੀ ਹੈ ਕਿ ਕਿਸ ਗੁਰੂ ਨੂੰ ਮਨੋ ਜਾਂ ਨਾ ਮਨੋ। ਜੋ ਚੋਣ ਗੁਰੂ ਸਾਹਿਬ ਕਰ ਗਏ ਹਨ ਹਕੂਮਤ ਉਸ ਨੂੰ ਬਦਲਣ ਲਈ ਅਸਮਰਥ ਹੈ।
ਦਿੱਲੀ ਵਿਚ ਮਹਾਂ ਮਾਰੀ ਫ਼ੈਲ ਗਈ। ਗੁਰੂ ਸਾਹਿਬ ਨੇ ਰੋਗੀਆਂ ਦਾ ਇਲਾਜ ਤੇ ਸੇਵਾ ਦਾ ਜਿਮਾ ਲੈ ਲਿਆ। ਸ਼ਬਦ ਕੀਰਤਨ ਤੋਂ ਬਾਦ ਘਰ ਘਰ ਜਾਕੇ ਰੋਗੀਆਂ ਦਾ ਇਲਾਜ ਕਰਦੇ ਤੇ ਧਰਵਾਸ ਦਿੰਦੇ। ਲੋਕਾਂ ਨੇ ਇਥੇ ਇਕ ਅਜੀਬ ਚਮਤਕਾਰ ਅਨੁਭਵ ਕੀਤਾ। ਜਿਥੇ ਬੈਠਕੇ ਰੋਗੀਆਂ ਦਾ ਇਲਾਜ ਕਰਦੇ ਸੀ ਉਥੇ ਪਾਣੀ ਦਾ ਇਕ ਚੁਬਚਾ ਸੀ ਜਿਸ ਵਿੱਚ ਰੋਗੀ ਇਸ਼ਨਾਨ ਕਰਦੇ ਨਾਲ ਗੁਰਬਾਣੀ ਦਾ ਜਾਪ ਸੁਣਦੇ ਅਤੇ ਕਰਦੇ ਠੀਕ ਹੋ ਜਾਂਦੇ ਸਨ।
ਦਿੱਲੀ ਵਿਚ ਫੈਲੀ ਬਿਮਾਰੀ ਦਿਨ ਬ-ਦਿਨ ਭਿਆਨਕ ਰੂਪ ਧਾਰਣ ਕਰਨ ਲਗੀ। ਗੁਰੂ ਸਾਹਿਬ ਨੇ ਬੇਸਹਾਰਾ ਤੇ ਮੌਤ ਨਾਲ ਝੂਜਣ ਵਾਲੇ ਬਿਮਾਰਾਂ ਦੀ ਸੇਵਾ ਦਾ ਜਿਮਾ ਚੁਕ ਲਿਆ। ਗੰਦੀਆਂ ਬਸਤੀਆਂ ਦੇ ਲੋਕਾਂ ਦੇ ਘਰਾਂ ਵਿਚ ਜਾ ਜਾ ਕੇ ਰੋਗੀਆਂ ਦਾ ਦਵਾ ਦਾਰੂ ਤੇ ਸੇਵਾ ਸਂਭਾਲ ਕਰਦੇ। ਗੁਰੂ ਜੀ ਦਵਾਖ਼ਾਨੇ ਤੇ ਲੋਕਾਂ ਦੀ ਘਰੋ ਘਰੀ ਸੇਵਾ ਕਰਕੇ ਆਓਂਦੇ ,ਪਰ ਨਿਤਨੇਮ ਪਾਠ ਕੀਰਤਨ ਕਦੇ ਛਡਿਆ ਨਹੀ। ਜਿਵੇਂ ਜਿਵੇਂ ਰੋਗ ਫੈਲਦਾ ਗਿਆ ਗੁਰੂ ਸਾਹਿਬ ਵਧ ਤੋਂ ਵਧ ਆਪਣਾ ਸਮਾਂ ਰੋਗੀਆਂ ਦੀ ਸੇਵਾ ਤੇ ਇਲਾਜ ਵਿਚ ਲਗਾਉਦੇ ਰਹੇ। ਪੁਰਾਨੀ ਦਿੱਲੀ ਤੇ ਭੋਗਲ ਦੇ ਇਲਾਕਿਆਂ ਵਿਚ ਫਿਰ ਫਿਰ ਕੇ ਲੋਕਾਂ ਨੂੰ ਰਬ ਨਾਲ ਜੁੜਨ ਲਈ , ਆਪਣਾ ਆਲਾ ਦੁਆਲਾ ਸਾਫ਼ ਰਖਣ ਵਾਸਤੇ ਹਿਦਾਇਤ ਦਿੰਦੇ ਰਹੇ। ਹਵੇਲੀ ਛਡ ਕੇ ਗੰਦੀ ਬਸਤੀਆਂ ਵਿਚ ਘਰ ਘਰ ਜਾਕੇ ਸੇਵਾ ਵਿਚ ਲਗੇ ਰਹਿੰਦੇ। ਅਖੀਰ ਉਹੋ ਹੀ ਹੋ ਗਿਆ ਜਿਸ ਦਾ ਸੰਗਤ ਨੂ ਡਰ ਸੀ, ਗੁਰੂ ਸਾਹਿਬ ਨੂੰ ਬੁਖਾਰ ਹੋ ਗਿਆ। ਮਾਤਾ ਜੀ ਨੇ ਕਿਹਾ ਕਿ ਤੁਸੀਂ ਲੋਕਾਂ ਨੂੰ ਠੀਕ ਕਰਦੇ ਹੋ ਪਰ ਤੁਸੀਂ ਆਪਣਾ ਰੋਗ ਕਿਓਂ ਨਹੀ ਹਟਾ ਸਕਦੇ। ਗੁਰੂ ਸਾਹਿਬ ਨੇ ਕਿਹਾ ਅਸੀਂ ਈਸ਼ਵਰ ਦੇ ਦਾਸ ਹਾਂ ਮਾਲਿਕ ਨਹੀ। ਉਸਦੀ ਇਛਾ ਅਨੁਸਾਰ ਖੁਸ਼ ਰਹਣਾ ਸਾਡਾ ਧਰਮ ਹੈ।
ਮਾਤਾ ਜੀ ਨੇ ਕਿਹਾ ਕਿ ਮੇਰਾ ਪ੍ਰੇਮ ਜੋ ਤੁਹਾਡੇ ਨਾਲ ਗੁਰੂ ਸਾਹਿਬ ਨੇ ਬਣਾਇਆ ਹੈ ਉਸਦਾ ਖੂਨ ਕਿਵੇ ਕਰੋਗੇ ? ਤਾਂ ਜਵਾਬ ਦਿਤਾ ਕੀ ਜੇ ਤੁਸੀਂ ਸਾਡੇ ਜਿਸਮ ਨਾਲ ਪਿਆਰ ਕਰਦੇ ਹੋ ਤਾਂ ਓਹ ਅਜ ਵੀ ਟੁੱਟਣਾ ਹੈ ਤੇ ਕਲ ਵੀ, ਪਰ ਜੇ ਤੁਹਾਡਾ ਪ੍ਰੇਮ ਮੇਰੀ ਆਤਮਾ ਨਾਲ ਹੈ ਤਾਂ ਓਸ ਨੂੰ ਕੋਣ ਤੋੜ ਸਕਦਾ ਹੈ। ਤੁਸੀਂ ਸ਼ੋਕ ਨੂੰ ਛੋੜਕੇ ਸਚੇ ਸੁਆਮੀ ਵਲ ਧਿਆਂਨ ਕਰੋ। ਇਸ ਤਰਾਂ ਪ੍ਰੇਮ ਦੀਆਂ ਗਲਾਂ ਕਰਦੇ ਕਰਦੇ ਮਾਂ-ਪੁਤਰ ਸੋ ਜਾਂਦੇ ਹਨ।
ਦੋ ਦਿਨ ਵਿਚ ਚੇਚਕ ਨੇ ਭਿਆਨਕ ਰੂਪ ਧਾਰ ਲਿਆ ਜਦੋਂ ਉਨ੍ਹਾ ਦੇ ਠੀਕ ਹੋਣ ਦੀ ਆਸ ਨਾ ਰਹੀ ਤਾਂ ਸਿਖਾਂ ਨੂੰ ਫਿਕਰ ਪੈ ਗਿਆ ਕਿ ਹੁਣ ਇਨਾ ਤੋਂ ਪਿਛੋਂ ਪੰਥ ਦੀ ਅਗਵਾਈ ਕੋਣ ਕਰੇਗਾ ,ਰਾਮਰਾਏ ਤੇ ਧੀਰਮਲ ਵਰਗੇ ਕਈ ਦਾਵੇਦਾਰ ਦਿੱਲੀ ਤੇ ਪੰਜਾਬ ਵਿਚ ਗਦੀ ਹਾਸਲ ਕਰਨ ਦੇ ਸੁਪਨੇ ਦੇਖ ਰਹੇ ਸਨ।
ਜਦ ਸੰਗਤਾ ਨੇ ਬੇਨਤੀ ਕੀਤੀ ਕਿ ਸਾਡੀ ਬਾਂਹ ਕਿਸ ਨੂੰ ਪਕੜਾ ਕੇ ਜਾ ਰਹੇ ਹੋ। ਉਨਾ ਨੇ ਪੰਜ ਸਿਖਾਂ ਨੂੰ ਬੁਲਾਇਆ , ਬਾਬਾ ਗੁਰਦਿਤਾ ਜੋ ਬਾਬਾ ਬੁਢਾ ਜੀ ਦੀ ਅੰਸ ਵਿਚੋਂ ਸੀ, ਦੀਵਾਨ ਦਰਗਹ ਮਲ, ਤੇ ਭਾਈ ਦਿਆਲ ਦਾਸ ਵੀ ਸ਼ਮਲ ਸਨ। ਗੁਰੂ ਜੀ ਨੇ ਕਿਹਾ ਬਾਬਾ ਬਕਾਲੇ ਅਤੇ ਇਸ ਤਰ੍ਹਾਂ ਗੁਰੂ ਸਾਹਿਬ ੩੦ ਮਾਰਚ ੧੬੪੪ ਈ: ਨੂੰ ਜੋਤੀ ਜੋਤ ਸਮਾ ਗਏ। ਉਨ੍ਹਾ ਦਾ ਸਸਕਾਰ ਪਿੰਡ ਭੋਗਲ ਜਮੁਨਾ ਦੇ ਕੰਡੇ ਤੇ ਹੋਇਆ ਜਿਥੇ ਉਨਾ ਦੀ ਯਾਦ ਵਿੱਚ ਬਾਲਾ ਸਾਹਿਬ ਗੁਰੂਦਵਾਰਾ ਬਣਿਆ ਹੋਇਆਂ ਹੈ।
ਉਪਦੇਸ਼ ਤੇ ਧਰਮ ਕਾਰਜ
ਸੰਗਤਾ ਨੂੰ ਨਾਮ ਸਿਮਰਨ ਵਲ ਪ੍ਰੇਰਿਆ। ਮਾਨਸਿਕ ਰੋਗਾਂ ਨਾਲ ਪੀੜਤ ਰੋਗੀਆਂ ਨੂੰ ਨਾਮ ਜਪੋ , ਕਿਰਤ ਕਰੋ ਤੇ ਵੰਡਕੇ ਛਕੋ ਦਾ ਆਦੇਸ਼ ਦਿਤਾ। ਜਾਤ-ਪਾਤ ਨੂੰ ਸਮਾਜ ਦਾ ਕੋਹੜ ਕਿਹਾ ਤੇ ਇਸ ਵਿਚੋਂ ਨਿਕਲਣ ਲਈ ਪ੍ਰੇਰਿਆ। ਹੰਕਾਰੀ ਬ੍ਰਾਹਮਣ ਲਾਲ ਚੰਦ ਦਾ ਹੰਕਾਰ ਤੋੜਿਆ , ਸਿਖੀ ਦਾ ਪ੍ਰਚਾਰ ਕੀਤਾ ਸਮਾਜ ਸੁਧਾਰ ਲਈ ਮਹਤਵ ਪੂਰਨ ਹੁਕਮਨਾਮੇ ਜਾਰੀ ਕੀਤੇ। ਉਸ ਵਕਤ ਤੰਬਾਕੂ ਦਾ ਨਸ਼ਾ ਨਵਾਂ ਨਵਾਂ ਭਾਰਤ ਵਿਚ ਪ੍ਰਚਲਿਤ ਹੋਇਆ ਸੀ। ਇਸ ਨੂੰ ਵਰਤਨ ਦੀ ਮਨਾਹੀ ਕੀਤੀ। ਗੋਂਦਾ ਮਲ ਵਰਗੇ ਜੁਆਰੀ ਤੇ ਸ਼ਰਾਬੀ ਨੂੰ ਇਸ ਲਤ ਤੋਂ ਮੁਕਤ ਕਰਵਾਇਆ ਤੇ ਹੁਕਨਾਮਾ ਜਾਰੀ ਕੀਤਾ ਕੀ ਇਸਦੀ ਵਰਤੋਂ ਕਿਸੇ ਨੇ ਨਹੀਂ ਕਰਨੀ। ਉਸ ਵਕਤ ਇਸਤਰੀ ਨੂੰ ਨੀਵਾਂ ਸਮਝਿਆ ਜਾਂਦਾ ਸੀ ਤੇ ਜੰਮਦਿਆਂ ਸਾਰ ਉਸ ਨੂੰ ਕੁੜੀ ਨੂੰ ਟੋਏ ਵਿਚ ਦਬ ਦਿਤਾ ਜਾਂਦਾ ਸੀ ਜਾਂ ਦਰਿਆ ਵਿਚ ਸੁਟ ਦਿਤਾ ਜਾਂਦਾ ਸੀ ਜਾਂ ਲੜਕੀ ਦਾ ਬਾਪ ਇਕ ਹਥ ਵਿਚ ਛੁਰੀ ਤੇ ਇਕ ਹਥ ਵਿਚ ਲੜਕੀ ਲੇਕੇ ਬਾਜ਼ਾਰਾਂ ਵਿਚ ਘੁੰਮਦਾ ਸੀ ਕੀ ਕਿਸੀ ਨੂੰ ਕੁੜੀ ਦੀ ਜਰੂਰਤ ਹੋਵੇ ਤਾਂ ਲੈ ਲਵੇ ਨਹੀਂ ਤੇ ਓਹ ਮਾਰ ਦੇਵੇਗਾ। ਗੁਰੂ ਸਾਹਿਬ ਨੇ ਫੁਰਮਾਨ ਜਾਰੀ ਕੀਤਾ ਕਿ ਕੁੜੀ-ਮਾਰ ਵਾਲੇ ਨਾਲ ਵਰਤਣਾ ਨਹੀਂ ਨਾ ਹੀ ਐਸੇ ਲੋਕਾਂ ਦੀ ਸੰਗਤ ਕਰਨੀ ਹੈ। ਤੇ ਬਾਅਦ ਵਿਚ ਕੁੜੀ ਮਾਰ ਨੂੰ ਤਨ੍ਖਾਹਿਆ ਕਰਾਰ ਕਰਣ ਦਾ ਹੁਕਮ ਵੀ ਜਾਰੀ ਹੋਇਆ।
(From face book)