ਭਗਤ ਕਬੀਰ ਜੀ
ਮਹਾਨਕੋਸ਼ ਦੇ ਕਰਤਾ ਭਾਰੀ ਕਾਹਨ ਸੁੰਘ ਜੀ ਨਾਭਾ ਅਨੁਸਾਰ ਭਗਤ ਕਬੀਰ ਜੀ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ (੧੩੯੮ ਈ:) ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ। ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ। ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ।ਪਰ ਅਗਰ ਆਪਾ ਕਬੀਰ ਜੀ ਦੀ ਬਾਣੀ ਦੇਖਦੇ ਹਾਂ ਜਿਸ ਵਿੱਚ ਉਹ ਖ਼ੁਦ ਲਿਖਦੇ ਹਨ “ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥ ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥੧॥ ਕਾਜੀ ਤੈ ਕਵਨ ਕਤੇਬ ਬਖਾਨੀ ॥ ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ॥੧॥ ਰਹਾਉ ॥ ਸਕਤਿਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥੨॥ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥ ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥੩॥ ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ ॥ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ ॥੪॥੮॥ {ਪੰਨਾ 477}। ਇਸ ਸ਼ਬਦ ਨੂੰ ਜੇ ਕਰ ਆਪਾ ਜ਼ਰ੍ਹਾ ਗਹੁ ਨਾਲ ਦੇਖਦੇ ਹਾਂ ਤਾਂ ਸਾਫ਼ ਪ੍ਰਤੱਖ ਹੈ ਕਿ ਭਗਤ ਕਬੀਰ ਜੀ ਕਿਸੇ ਖ਼ਾਸ ਅਵਤਾਰ ਦੇ ਉਪਾਸ਼ਕ ਨਹੀਂ ਸਨ। ਉਹ ਉਸ ਪਰਮਾਤਮਾ ਦੇ ਭਗਤ ਸਨ, ਜੋ ਸਭ ਵਿੱਚ ਰਵਿਆਂ ਹੋਇਆਂ ਰਾਮ ਹੈ।,।ਖ਼ੈਰ ਆਪਾ ਉਸ ਪਾਸੇ ਨਹੀਂ ਜਾਂਦੇ ਆਪਾ ਉਨ੍ਹਾਂ ਦੇ ਜੀਵਨ ਤੋ ਕੁਝ ਸਿੱਖਣ ਵੱਲ ਚੱਲਦੇ ਹਾਂ।
ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸ਼ਨਵ ਮਤ ਧਾਰਣ ਕੀਤਾ। ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧੀ ਹੋਣ ਕਰਕੇ ਇਹ ਖੰਡਨ ਮੰਡਨ ਵਿੱਚ ਬਹੁਤ ਨਿਪੁਨ ਹੋ ਗਏ। ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ।
ਸਿਕੰਦਰ ਲੋਦੀ ਸੰਮਤ ੧੫੪੭ (੧੪੯੮ਈ:) ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂ ਦੇ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- “ਭੁਜਾ ਬਾਂਧਿ ਭਿਲਾ ਕਰਿ ਡਾਰਿਓ.” (ਗੌਂਡ) ਵਿੱਚ ਕੀਤਾ ਹੈ। ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।ਕਬੀਰ ਜੀ ਆਪਣਾ ਇਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ। ਅਤੇ ਸੰਮਤ ੧੫੭੫ (੧੫੧੮ਈ:) ਵਿੱਚ ਇਸ ਸੰਸਾਰ ਤੋਂ ਕੂਚ ਕਰ ਗਏ । ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ “ਕਬੀਰ ਚੌਰਾ” ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ।
ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗਉੜੀ ਕਬੀਰ ਜੀ ਪੰਚਪਦੇ ॥ ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥ ਪੂਰਬ ਜਨਮ ਹਉ ਤਪ ਕਾ ਹੀਨਾ ॥੧॥ ਅਬ ਕਹੁ ਰਾਮ ਕਵਨ ਗਤਿ ਮੋਰੀ ॥ ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥ ਸਗਲ ਜਨਮੁ ਸਿਵ ਪੁਰੀ ਗਵਾਇਆ ॥ ਮਰਤੀ ਬਾਰ ਮਗਹਰਿ ਉਠਿ ਆਇਆ ॥੨॥ ਬਹੁਤੁ ਬਰਸ ਤਪੁ ਕੀਆ ਕਾਸੀ ॥ ਮਰਨੁ ਭਇਆ ਮਗਹਰ ਕੀ ਬਾਸੀ ॥੩॥ ਕਾਸੀ ਮਗਹਰ ਸਮ ਬੀਚਾਰੀ ॥ ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥ ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥ ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥੧੫॥ {ਪੰਨਾ 326}“
ਭਗਤੀ ਸੰਪਰਦਾਇ ਦੇ ਸੰਤ ਕਵੀਆਂ ਵਿੱਚ ਕਬੀਰ ਦਾ ਪ੍ਰਮੁੱਖ ਸਥਾਨ ਹੈ। ਡਾ: ਰਤਨ ਸਿੰਘ ਜੱਗੀ ਅਨੁਸਾਰ ਕਬੀਰ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਦੱਸਿਆ ਹੈ। ਕਿ ਪ੍ਰਭੂ ਦਾ ਸਿਮਰਨ ਮਨੁੱਖ ਲਈ ਬਹੁਤ ਜਰੂਰੀ ਹੈ। ਇਸ ਵਿੱਚ ਰੁਚੀ ਰੱਖਣ ਦੀ ਦਾਤ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੀ ਹੈ। ਉਚ ਕੋਟੀ ਦੇ ਭਗਤ ਹੋਣ ਦੇ ਬਾਵਜੂਦ ਵੀ ਉਹ ਬਹੁਤ ਨਿਮਰਤਾ ਵਿੱਚ ਸਨ ਤੇ ਆਪਣਾ ਸਭ ਕੁਝ ਬੜੀ ਨਿਮਰਤਾ ਸਹਿਤ ਪ੍ਰਭੂ ਦੇ ਚਰਨਾਂ ਵਿੱਚ ਅਰਪਿਤ ਕਰ ਦਿੰਦੇ ਸਨ । ” ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਜੋ ਤੇਰਾ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ”॥
ਕਬੀਰ ਜੀ ਰਾਮ ਸਿਮਰਨ ਵਿੱਚ ਤਾਂ ਲੱਗ ਗਏ ਪਰ ਹੁਣ ਤੱਕ ਉਨ੍ਹਾਂ ਨੇ ਕੋਈ ਗੁਰੂ ਨਹੀਂ ਸੀ ਧਾਰਨ ਕੀਤਾ। ਜਨਮ ਜਾਤੀ ਨੀਵੀਂ ਹੋਣ ਦੇ ਕਾਰਣ, ਬ੍ਰਹਮਣ ਜਾਂ ਪੰਡਤ ਕੋਈ ਵੀ ਉਨ੍ਹਾਂ ਨੂੰ ਆਪਣਾ ਚੇਲਾ ਨਹੀਂ ਸੀ ਬਣਾਉਂਦਾ ਆਪ ਖੁਦ ਹੀ ਬਾਣੀ ਉਚਾਰਦੇ ਅਤੇ ਭਜਨਾਂ ਦੇ ਰੂਪ ਵਿੱਚ ਸੜਕਾਂ ਤੇ ਬਜਾਰਾਂ ਵਿੱਚ ਗਾਉਂਦੇ ਰਹਿੰਦੇ। ਜਦ ਭਗਤ ਜੀ ਨੂੰ ਪਤਾ ਲੱਗਾ ਕਿ ਰਾਮਾ ਨੰਦ ਜੀ ਸਵੇਰੇ ਸਵੇਰੇ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਹਨ ਤਾਂ ਭਗਤ ਜੀ ਇਕ ਰਾਤ ਹੀ ਗੰਗਾ ਦੀਆ ਪਉੜੀਆਂ ਤੇ ਜਾ ਕੇ ਲੇਟ ਗਏ। ਜਦ ਭਗਤ ਰਾਮਾ ਨੰਦ ਜੀ ਅੰਮ੍ਰਿਤ ਵੇਲੇ ਇਸ਼ਾਨਾਨ ਕਰਨ ਲਈ ਜਾ ਰਹੇ ਸਨ ਤਾਂ ਉਨ੍ਹਾਂ ਦੇ ਚਰਨਾਂ ਨੇ ਭਗਤ ਜੀ ਦੇ ਸਰੀਰ ਨੂੰ ਜਦ ਛੂਹਿਆ ਤਾਂ ਰਾਮਾ ਨੰਦ ਜੀ ਬੋਲੇ ਉਠੇ ! ਭਗਤਾ ਉਠ ਰਾਮ ਨਾਮ ਜਪ। ਬੱਸ ਫਿਰ ਕੀ ਸੀ ਕਬੀਰ ਜੀ ਨੇ ਉਸ ਦਿਨ ਤੋਂ ਹੀ ਰਾਮਾ ਨੰਦ ਜੀ ਨੂੰ ਅਪਣਾ ਗੁਰੂ ਮਨ ਲਿਆ। ਕਬੀਰ ਜੀ ਦੇ ਚਿਹਰੇ ਉੱਤੇ ਇਕ ਅਲੋਲਿਕ ਨੂਰ ਛਾ ਗਿਆ ਅਜਿਹਾ ਨੂਰ ਜੋ ਤਪਦੇ ਹੋਏ ਦਿਲਾਂ ਨੂੰ ਸ਼ਾਂਤ ਕਰਣ ਵਾਲਾ, “ਮੂਰਦਿਆਂ” ਨੂੰ “ਜੀਵਨ ਦਾਨ” ਦੇਣ ਵਾਲਾ ਅਤੇ ਭਟਕੇ ਜੀਵਾਂ ਨੂੰ ਭਵ ਸਾਗਰ ਤੋਂ ਤਾਰਣ ਵਾਲਾ ਸੀ। ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿਚ ਇਸ ਘਟਨਾ ਨੂੰ ਇਸ ਪ੍ਰਕਾਰ ਬਿਆਨ ਕੀਤਾ ਹੈ–‘’ ਕਬੀਰ ਪਕਰੀ ਟੇਕ ਰਾਮ ਦੀ ਤੁਰਕ ਰਹੇ ਪਚਿਹਾਰੀ ” ॥ਹੋਇ ਬਿਰਕਤੁ ਬਨਾਰਸੀ ਰਹਿੰਦਾ ਰਾਮਾਨੰਦੁ ਗੁਸਾਈਂ ॥ ਅਮ੍ਰਿਤੁ ਵੇਲੇ ਉਠਿ ਕੈ ਜਾਂਦਾ ਗੰਗਾ ਨਾਹਵਣ ਤਾਈਂ ॥ ਅਗੇ ਹੈ ਏ ਜਾਇ ਕੈ ਲਂਮਾ ਪਿਆ ਕਬੀਰ ਤਿਥਾਈ ॥ ਪੈਰੀ ਟੁਂਬ ਉਠਾਲਿਆ ਬੋਲਹੁ ਰਾਮ ਸਿਖ ਸਮਝਾਈ ॥(ਵਾਰ 10)
ਬਾਣੀ
ਕਬੀਰ ਜੀ ਦੀ ਬਹੁਤ ਬਾਣੀ ‘ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਦਰਜ ਹੈ। ਕਬੀਰ ਫ਼ਿਲਾਸਫ਼ੀ ਦਾ ਗੁਰਮਤਿ ਵਿਚਾਰਧਾਰਾ ਨਾਲ ਬਹੁਤ ਸੁਮੇਲ ਹੈ। ਇਹੀ ਕਾਰਣ ਹੈ ਕਿ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨ ਹੈ । ਕਬੀਰ ਸਾਹਿਬ ਜੀ ਦੀ ਬਾਣੀ 17 ਰਾਗਾਂ ਵਿਚ ਕੁੱਲ 225 ਸ਼ਬਦ, 3 ਅਸਟਪਦੀਆਂ,1 ਬਾਵਨ ਅੱਖਰੀ, 1 ਥਿਤੀ, 1 ਸਤ ਵਾਰ ਤੇ 243 ਸਲੋਕ ਦਰਜ ਹਨ। ਕਬੀਰ ਜੀ ਦੀ ਬਾਣੀ ਸੱਚ ’ਤੇ ਪਹਿਰਾ ਅਤੇ ਝੂਠ (ਕਰਮਕਾਂਡਾਂ) ਦਾ ਵਿਰੋਧ ਕਰਦੀ ਹੈ । ਗੁਰਮਤਿ ਨਾਲ ਇਤਨਾ ਜ਼ਿਆਦਾ ਮੇਲ਼ ਹੋਣ ਕਾਰਨ ਆਮ ਮਨੁੱਖ ਨਹੀਂ ਪਛਾਣ ਸਕਦਾ ਕਿ ਇਸ ਦੇ ਕਰਤਾ ਗੁਰੂ ਨਾਨਕ ਸਾਹਿਬ ਜੀ ਹਨ ਜਾਂ ਭਗਤ ਕਬੀਰ ਜੀ; ਜਿਵੇਂ: ‘‘ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ ॥ (ਕਬੀਰ ਜੀ/1105) ਅਤੇ ਗੁਰੂ ਨਾਨਕ ਸਾਹਿਬ ਜੀ ਆਖ ਰਹੇ ਹਨ: ‘‘ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ (ਮ: 1/1412)ਇਸ ਲਈ ਆਮ ਗ੍ਰੰਥੀ ਸਿੰਘ ਵੀ ਇਹ ਟਪਲਾ ਖਾ ਜਾਂਦੇ ਹਨ ਕਿ ਉਕਤ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਾਂ ਭਗਤ ਕਬੀਰ ਸਾਹਿਬ ਜੀ ਦਾ।
ਕਬੀਰ ਜੀ ਨੇ ਪਖੰਡੀ ਪੁਜਾਰੀ ਵਰਗ ਜੋ ਪ੍ਰਭੂ ਨੂੰ ਵਿਸਾਰ ਕੇ ਉਪਰੋਂ ਸਾਧੂਆਂ ਦੇ ਚਿਨ੍ਹ ਲਗਾਕੇ ਆਪਣੇ ਲੋਭ -ਲਾਲਚ ਖਾਤਰ ਲੋਕਾਂ ਨੂੰ ਕਰਮਕਾਂਡਾਂ ਵਿਚ ਪਾਕੇ ਗੁਮਰਾਹ ਕਰਦੇ ਹਨ, ਦਾ ਜਮ ਕੇ ਵਿਰੋਧ ਕੀਤਾ। ਉਹ ਫੁਰਮਾਂਦੇ ਹਨ ਕਿ ਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ ਸਮਝ ਲਿਆ ਹੈ ਕਿ? (‘‘ਮਾਥੇ ਤਿਲਕੁ, ਹਥਿ ਮਾਲਾ ਬਾਨਾਂ॥ ਲੋਗਨ, ਰਾਮੁ ਖਿਲਉਨਾ ਜਾਨਾਂ ॥ (ਕਬੀਰ ਜੀ/ 1158)
ਉਹ ਕਹਿੰਦੇ ਹਨ ਕਿ ਸਾਰੀਆਂ ਜੀਵਾਂ ਦੀ ਉਤਪਤੀ ਪ੍ਰਮਾਤਮਾ ਦੇ ਅੰਸ਼ ਤੋ ਹੋਈ ਹੈ ਫਿਰ ਕੋਈ ਬ੍ਰਾਹਮਣ ਤੇ ਕੋਈ ਸ਼ੂਦਰ ਕਿੰਜ ਹੋ ਸਕਦਾ ਹੈ। ਉਹ ਬ੍ਰਾਹਮਣ ਨੂੰ ਆਪਣੀ ਬਾਣੀ ਰਾਹੀਂ ਵੰਗਾਰਦੇ ਹਨ ਕੀ ਜਦ ਅਸੀਂ ਦੋਨੋ ਹੀ ਮਾਂ ਦੇ ਪੇਟ ਵਿਚੋਂ ਪੈਦਾ ਹੋਏ ਹਾਂ,ਜੇ ਸਾਡੇ ਅੰਦਰ ਲਹੂ ਹੈ ਤੇ ਤੇਰੇ ਅੰਦਰ ਕਿਹੜਾ ਦੁਧ ਹੈ ਫਿਰ ਤੂੰ ਬ੍ਰਾਹਮਣ ਤੇ ਅਸੀਂ ਸ਼ੂਦਰ ਕਿਵੇਂ ਹੋਏ। ਉਹ ਫੁਰਮਾਂਦੇ ਹਨ ਬ੍ਰਾਹਮਣ ਉਹੀ ਹੈ ਜੋ ਬ੍ਰਹਮ ਵਿਚਾਰਦਾ ਹੈ ਤੇ ਉਸਦੇ ਦਸੇ ਰਾਹ ਤੇ ਚਲਦਾ ਹੈ।
‘‘ਗਰਭ ਵਾਸ ਮਹਿ, ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ, ਸਭ ਉਤਪਾਤੀ॥
‘‘ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ, ਕਹੀਅਤੁ ਹੈ ਹਮਾਰੈ ॥4॥ (ਭਗਤ ਕਬੀਰ/੩੨੪)
ਭਗਤ ਜੀ ਜਿੱਥੇ ਅਪਣੀ ਬਾਣੀ ਰਾਹੀਂ ਸਭ ਨੂੰ ਬਰਾਬਰ ਕਹਿ ਰਹਿ ਹਨ “ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।। ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।।(ਪੰਨਾ-੧੩੫੦) ਉੱਥੇ ਉਹ ਆਮ ਜੀਵਾਂ ਵਿੱਚ ਵੀ ਉਹੀ ਰੱਬ ਦੇਖਦੇ ਹਨ ਜੋ ਕਿ ਇੱਕ ਆਮ ਇਨਸਾਨ ਅੰਦਰ “ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥ ਮੁਲਾਂ ਕਹਹੁ ਨਿਆਉ ਖੁਦਾਈ ॥ ਤੇਰੇ ਮਨ ਕਾ ਭਰਮੁ ਨ ਜਾਈ ॥੧॥ (ਪੰਨਾ-੧੩੫੦)”।
ਮਨੁੱਖ ਨੂੰ ਜੀਵਣ-ਮਰਨ ਦੇ ਚੱਕਰ ਦੀ ਚਿੰਤਾ ਤੋਂ ਮੁਕਤ ਹੋਣ ਲਈ ਪ੍ਰਭੂ ਜੀ ਦੀ ਭਗਤੀ ਵੱਲ ਪ੍ਰੇਰਦੇ ਹਨ। ਕਬੀਰ ਜੀ ਫ਼ੁਰਮਾਉਂਦੇ ਹਨ ਜੋ ਵਿਕਾਰਾਂ ਨੂ ਛੱਡਣ ਤੋਂ ਡਰਦੇ ਹਨ ਅਤੇ ਮੌਤ ਤੋਂ ਡਰਦੇ ਹਨ। ਨਾਮ ਜਪਣ ਕਰਕੇ ਉਹੀ ਵਿਕਾਰਾਂ ਤੋ ਮੁਕਤ ਹੋ ਕੇ ਹੀ ਅਸਲ ਮੁਕਤੀ ਪ੍ਰਾਪਤ ਹੁੰਦੀ ਹੈ।‘’ਕਬੀਰ ! ਜਿਸੁ ਮਰਨੇ ਤੇ ਜਗੁ ਡਰੈ, ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ, ਪਾਈਐ ਪੂਰਨੁ ਪਰਮਾਨੰਦੁ ॥(ਕਬੀਰ ਜੀ/1365) ਕਬੀਰ ਜੀ ਅਨੁਸਾਰ ਸਾਡਾ ਸਾਰਾ ਜੀਵਨ ਦੋ ਧਾਰਮਿਕ ਸਿਧਾਂਤਾਂ ਦੇ ਇਰਦ-ਗਿਰਦ ਹੀ ਘੁੰਮਦਾ ਹੈ: ਇੱਕ ਤਾਂ ਸਾਡੀ ਜੀਵ ਆਤਮਾ ਹੈ ਤੇ ਦੂਜਾ ਪ੍ਰਮਾਤਮਾ ਹੈ। ਕਬੀਰ ਜੀ ਇਨ੍ਹਾਂ ਦੋਹਾਂ ਸਿਧਾਂਤਾਂ ਵਿੱਚ ਮੇਲ਼ ਹੋਣ ਨੂੰ ਮੁਕਤੀ ਦਾ ਰਾਹ ਦੱਸਦੇ ਹਨ।
ਆਪ ਜੀ ਦੇ ਵਚਨ ਹਨ ਕਿ ਅਗਰ ਪਾਣੀ ਵਿਚ ਚੁੱਭੀ ਲਾਇਆਂ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਰਹਿੰਦੇ ਹਨ। ਨਾਮ ਤੋਂ ਬਿਨਾਂ ਜੋ ਕੇਵਲ ਤੀਰਥ ਇਸ਼ਨਾਨਾ ਵਿਚ ਸਮਾ ਬਰਬਾਦ ਕਰਦੇ ਹਨ, ਸਦਾ ਜੂਨਾਂ ਵਿਚ ਪਏ ਰਹਿੰਦੇ ਹਨ: ‘‘ਜਲ ਕੈ ਮਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ॥ (ਕਬੀਰ ਜੀ/484)
ਕਰਮਕਾਂਡਾਂ ਦੀਆਂ ਜਨਮ ਦਾਤੀਆਂ ਸਿੰਮ੍ਰਿਤੀਆਂ ਤੋਂ ਸੁਚੇਤ ਕਰਦੇ ਹੋਏ ਭਗਤ ਜੀ ਫੁਰਮਾਂਦੇ ਹਨ ਕਿ ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ’ਤੇ ਬਣੀ ਹੈ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ ਸੰਗਲ ਤੇ ਕਰਮਕਾਂਡਾਂ ਦੀਆਂ ਰੱਸੀਆਂ ਲੈ ਕੇ ਆਈ ਹੈ: ‘‘ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥ (ਕਬੀਰ ਜੀ/ 329)
ਲੁਕਾਈ ਨੂੰ ਵਿਕਾਰਾਂ ਵੱਲੋਂ ਸੁਚੇਤ ਕਰਦੇ ਆਪ ਜੀ ਵਚਨ ਕਰਦੇ ਹਨ ਹੇ ਜਗਤ ਦੇ ਲੋਕੋ ! ਸੁਚੇਤ ਰਹੋ, ਜਾਗਦੇ ਰਹੋ, ਤੁਸੀਂ ਤਾਂ ਆਪਣੇ ਵਲੋਂ ਜਾਗਦਿਆਂ ਮਤਲਬ ਵੇਦ ਸ਼ਾਸਤ੍ਰ-ਰੂਪ ਸੁਚੇਤ ਪਹਿਰੇਦਾਰਾਂ ਦੇ ਹੁੰਦਿਆਂ ਹੀ ਲੁਟੇ ਜਾ ਰਹੇ, ਜਨਮ ਮਰਨ ਦੇ ਗੇੜ ਤੋਂ ਅਜਾਦ ਨਹੀਂ ਹੋਏ। ‘‘ਦੁਨੀਆ ਹੁਸੀਆਰ ਬੇਦਾਰ, ਜਾਗਤ ਮੁਸੀਅਤ ਹਉ ਰੇ ਭਾਈ ॥ ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥’’ (ਕਬੀਰ ਜੀ/ 972)
ਕਬੀਰ ਸਾਹਿਬ ਜਦ ਸੁਰਗ ਨਰਕ ਦੀ ਗੱਲ ਕਰਦੇ ਹਨ ਤਾਂ ਆਖਦੇ ਹਨ ਕਿ ਮੈ ਅਪਣੇ ਸਤਿਗੁਰੂ ਦੀ ਕ੍ਰਿਪਾ ਸਦਕਾ ਸੁਰਗ ਦੀ ਲਾਲਸਾ ਅਤੇ ਨਰਕ ਦਾ ਡਰ ਤੋਂ ਬਚ ਗਿਆ ਹਾਂ। “ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥ ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥੧੨੦॥(ਪੰਨਾ-੧੩੭੦)” ਮਤਲਬ ਕਿ ਸਿੱਖ ਦੇ ਮਨ ਅੰਦਰ ਵੀ ਸੁਰਗ ਦੀ ਲਾਲਸਾ ਜਾਂ ਨਰਕ ਦਾ ਡਰ ਨਹੀਂ ਸਿਰਫ ਗੁਰੂ ਮਿਲਾਪ ਦੀ ਤਾਂਘ ਹੀ ਹੋਣੀ ਚਾਹੀਦੀ ਹੈ।
ਨਾਮ ਸਿਮਰਨ ਨੂੰ ਛੱਡ ਕੇ ਕੇਵਲ ਕਰਮਕਾਂਡਾਂ ਦੀ ਸਿੱਖਿਆ ਦੇਣ ਵਾਲੇ ਪੁਜਾਰੀ, ਪੰਡਿਤਾਂ ਤੇ ਮੁਲਾਣਿਆਂ ਤੋਂ ਸੁਚੇਤ ਕਰਦੇ ਹੋਏ ਭਗਤ ਕਬੀਰ ਜੀ ਲਿਖਦੇ ਹਨ ਕਿ ਮੈਂ ਜਿਉਂ ਜਿਉਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ। ‘‘ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥’’ (ਭੈਰਉ/ ਪੰਨਾ 1159)
ਸੋ ਇਸ ਤਰ੍ਹਾ ਭਗਤ ਜੀ ਨੇ ਵਿਚਲੇ ਪੁਜਾਰੀਵਾਦ ਨੂੰ ਰੱਦ ਕਿਰਦਿਆਂ ਸਿੱਧੇ ਅਕਾਲ ਪੁਰਖ ਨਾਲ ਜੋੜਨ ਦੀ ਗੱਲ ਕੀਤੀ ਹੈ।
ਭੱਲ ਚੁੱਕ ਦੀ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।