ਭਗਤ ਧੰਨਾ ਜੀ
ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਭਗਤ ਧੰਨਾ ਜੀ ਜੱਟ ਵੰਸ਼ ਨਾਲ ਸਬੰਧਤ ਸਨ। ਉਹ ਰਾਜਪੁਤਾਨਾ (ਰਾਜਸਥਾਨ) ਦੇ ਕੋਲ ਟਾਂਗ ਦੇ ਇਲਾਕੇ ਧੁਆਂ ਪਿੰਡ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਜਨਮ ਸੰਤ 1473 (ਸੰਨ 1416) ਵਿੱਚ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਨਿਰਧਨ (ਗਰੀਬ) ਸਨ। ਬਚਪਨ ਤਾਂ ਖੇਡਣ ਕੁੱਦਣ ਵਿੱਚ ਬਤੀਤ ਹੋਇਆ ਪਰ ਜਿਵੇਂ ਹੀ ਯੁਵਾ ਅਵਸਥਾ ਵਿੱਚ ਪਰਵੇਸ਼ ਕੀਤਾ ਤਾਂ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਪਸ਼ੂ ਚਰਾਉਣ ਲਈ ਲਗਾ ਦਿੱਤਾ। ਭਗਤ ਜੀ ਅਪਣੀ ਪੂਰੀ ਜ਼ੁੰਮੇਵਾਰੀ ਸਮਝਦੇ ਹੋਏ ਅਪਣੇ ਕੰਮ ਨੂੰ ਬੜੇ ਚਾਉ ਨਾਲ ਕਰਦੇ ਅਤੇ ਰੱਬੀ ਰਜ਼ਾ ਵਿੱਚ ਬਤੀਤ ਕਰਦੇ ਸਨ।
ਮਨਘੰੜਤ ਕਹਾਣੀ: ਭਗਤ ਜੀ ਦੇ ਜੀਵਨ ਨਾਲਇੱਕ ਮਨਘੜਤ ਕਹਾਣੀ ਜੋੜ ਦਿੱਤੀ ਗਈ ਹੈ ਜਿਸ ਅਧਾਰ ਕੀ ਹੈ ਇਹ ਤਾਂ ਪਤਾ ਨਹੀਂ ਪਰ ਕਹਾਣੀ ਇਸ ਤਰ੍ਹਾਂ ਬਣਾਈ ਗਈ ਹੈ ਕਿ ਭਗਤ ਧੰਨਾ ਜੀ ਜਿੱਥੇ ਪਸ਼ੂ ਚਰਾਉਣ ਜਾਂਦੇ ਸਨ ਉੱਥੇ ਰਸਤੇ ਵਿੱਚ ਠਾਕੁਰ ਦੁਆਰਾ ਸੀ। ਉਸ ਠਾਕੁਰ ਦਵਾਰੇ ਵਿੱਚ ਪੱਥਰ ਦੀ ਮੂਰਤੀਆਂ ਪਈਆਂ ਹੋਈਆਂ ਸਨ। ਪਿੰਡ ਦਾ ਬ੍ਰਾਹਮਣ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਉਸ ਦਵਾਰੇ ਵਿੱਚ ਆ ਕੇ ਮੂਰਤੀਆਂ ਦੀ ਸੇਵਾ ਕਰਦਾ।ਸੀ। ਉਸ ਪੰਡਤ ਨੂੰ ਨਿੱਤ ਠਾਕੁਰਾਂ ਦੀ ਪੂਜਾ ਕਰਦੇ ਹੋਏ ਭਗਤ ਧੰਨਾ ਜੀ ਵੇਖਦੇ ਸਨ। ਭਗਤ ਧੰਨਾ ਜੀ ਦੇ ਮੰਨ ਵਿੱਚ ਪ੍ਰਸ਼ਨ ਉੱਠਣ ਲੱਗੇ ਕਿ ਉਹ ਬ੍ਰਾਹਮਣ ਰੋਜ਼ਾਨਾ ਮੂਰਤੀਆਂ ਦੀ ਪੂਜਾ ਕਿਉਂ ਕਰਦਾ ਹੈ? ਠਾਕੁਰ ਜੀ ਇਨ੍ਹਾਂ ਨੂੰ ਕੀ ਦਿੰਦੇ ਹੋਣਗੇ? ਜੇ ਠਾਕੁਰ ਦੁੱਖ ਦੂਰ ਕਰਨ ਵਿੱਚ ਸਮਰੱਥ ਹਨ ਤਾਂ ਉਹ ਵੀ ਉਨ੍ਹਾਂ ਦੀ ਪੂਜਾ ਕਿਉਂ ਨਾ ਕਰੇ? ਉਨ੍ਹਾਂ ਦੇ ਘਰ ਦੀ ਗਰੀਬੀ ਦੂਰ ਕਰਣ ਦਾ ਇਹ ਇੱਕ ਮਾਤਰ ਸਾਧਨ ਹੈ। ਜਿਵੇਂ ਹੀ ਬ੍ਰਾਹਮਣ ਦੀ ਪੂਜਾ ਖ਼ਤਮ ਹੋਈ, ਭਗਤ ਧੰਨਾ ਜੀ ਨੇ ਹੱਥ ਜੋੜਕੇ ਕਿਹਾ: ਹੇ ਪੰਡਤ ਜੀ ! ਭਲਾ ਇਹ ਦੱਸੋ ਕਿ ਮੂਰਤੀ ਪੂਜਾ ਕਰਨ ਦਾ ਤੁਹਾਨੂੰ ਕੀ ਲਾਭ ਹੈ ? ਪੰਡਤ ਜੀ ਨੇ ਕਿਹਾ: ਧੰਨਾ ! ਇਨ੍ਹਾਂ ਦੀ ਪੂਜਾ ਕਰਨ ਨਾਲ ਸਾਰੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਇਹ ਭਗਵਾਨ ਹਨ। ਜੇ ਕਰ ਇਹ ਖੁਸ਼ ਹੋਣ ਤਾਂ ਜੋ ਕੁੱਝ ਵੀ ਮੰਗੋ ਜ਼ਰੂਰ ਮਿਲਦਾ ਹੈ। ਧੰਨਾ ਜੀ: ਪੰਡਤ ਜੀ ! ਕ੍ਰਿਪਾ ਕਰਕੇ ਇੱਕ ਠਾਕੁਰ ਮੈਨੂੰ ਵੀ ਦੇ ਦਿਓ। ਮੈਂ ਵੀ ਇਨ੍ਹਾਂ ਦੀ ਪੂਜਾ ਕਰਾਂਗਾ। ਜਦੋਂ ਪ੍ਰਭੂ ਮੇਰੇ ਉੱਤੇ ਖੁਸ਼ ਹੋਣਗੇ ਤਾਂ ਮੈਂ ਵੀ ਕੁੱਝ ਮੰਗ ਲਵਾਂਗਾ। ਪੰਡਤ ਜੀ ਨੇ ਕਿਹਾ: ਧੰਨਾ ! ਤੇਰੇ ਉੱਤੇ ਠਾਕੁਰ ਖੁਸ਼ ਨਹੀਂ ਹੋਣਗੇ। ਭਗਤ ਧੰਨਾ ਜੀ ਨੇ ਕਿਹਾ: ਪੰਡਤ ਜੀ ! ਕਿਉਂ ? ਬ੍ਰਾਹਮਣ ਨੇ ਕਿਹਾ: ਬਸ ਕਹਿ ਦਿੱਤਾ ਨਾ। ਇੱਕ ਤਾਂ ਤੂੰ ਜੱਟ ਜਾਤੀ ਦਾ ਹੈਂ, ਦੂਜਾ ਅਨਪੜ੍ਹ ਹੈਂ। ਵਿਦਿਆਹੀਨ ਪੁਰਖ ਪਸ਼ੂ ਸਮਾਨ ਹੁੰਦਾ ਹੈ। ਤੀਜਾ ਮੰਦਿਰ ਦੇ ਇਲਾਵਾ ਠਾਕੁਰ ਜੀ ਨਾ ਤਾਂ ਕਿਤੇ ਰਹਿੰਦੇ ਹਨ ਅਤੇ ਨਾ ਹੀ ਖੁਸ਼ ਹੁੰਦੇ ਹਨ। ਇਸ ਲਈ ਤੂੰ ਆਪਣੀ ਜਿਦ ਛੱਡ ਅਤੇ ਆਪਣੀਆਂ ਗਊਆਂ ਦੀ ਦੇਖ-ਭਾਲ ਕਰ। ਇਸ ਪ੍ਰਕਾਰ ਬ੍ਰਾਹਮਣ ਨੇ ਇੱਧਰ-ਉੱਧਰ ਦੀਆਂ ਗਲਾਂ ਕਰਕੇ ਭਗਤ ਧੰਨਾ ਜੀ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ। ਪਰ ਭਗਤ ਧੰਨਾ ਜੀ ਆਪਣੀ ਜਿਦ ਉੱਤੇ ਅੜੇ ਰਹੇ। ਪੰਡਿਤ ਬੋਲਿਆ: ਅੱਛਾ ਧੰਨਾ ! ਇੰਨੀ ਜਿਦ ਕਰਦੇ ਹੋ ਤਾਂ ਤੈਨੂੰ ਇੱਕ ਠਾਕੁਰ ਦੇ ਹੀ ਦਿੰਦਾ ਹਾਂ ਪਰ ਇੱਕ ਗਊ ਦੱਛਣਾ ਦੇਣੀ ਪਏ ਗੀ ਜਿਸ ਲਈ ਧੰਨਾ ਮੰਨ ਗਿਆ ਅਤੇ ਬ੍ਰਾਹਮਣ ਨੇ ਭਗਤ ਧੰਨਾ ਜੀ ਨੂੰ ਮੰਦਰ ਵਿੱਚ ਫਾਲਤੂ ਪਿਆ ਸਾਲਗਰਾਮ ਚੁੱਕ ਕੇ ਦੇ ਦਿੱਤਾ ਅਤੇ ਨਾਲ ਹੀ ਪੂਜਾ ਕਰਣ ਦੀ ਢੰਗ ਵੀ ਦੱਸ ਦਿੱਤੀ। ਚਾਦਰ ਵਿੱਚ ਲਪੇਟ ਕੇ ਭਗਤ ਧੰਨਾ ਜੀ ਠਾਕੁਰ ਜੀ ਨੂੰ ਆਪਣੇ ਘਰ ਲੈ ਆਏ। ਉਸੀ ਸਮੇਂ ਤਰਖਾਣ ਦੇ ਕੋਲ ਗਏ ਅਤੇ ਲੱਕੜੀ ਦੀ ਚੌਕੀ ਬਣਵਾਈ। ਚੌਕੀ ਨੂੰ ਧੋ ਕੇ ਉਸ ਉੱਤੇ ਠਾਕੁਰ ਜੀ ਨੂੰ ਰੱਖ ਦਿੱਤਾ। ਸਾਰੀ ਰਾਤ ਭਗਤ ਧੰਨਾ ਜੀ ਨਹੀਂ ਸੌਂ ਸਕੇ। ਉਹ ਸਾਰੀ ਰਾਤ ਵਿਚਾਰ ਕਰਦੇ ਰਹੇ ਕਿ ਠਾਕੁਰ ਨੂੰ ਕਿਵੇਂ ਖੁਸ਼ ਕੀਤਾ ਜਾਵੇ। ਜੇ ਠਾਕੁਰ ਖੁਸ਼ ਹੋ ਵੀ ਜਾਣ ਤਾਂ ਉਹ ਮੰਗੂ ਕੀ ? ਘਰ ਦੀਆ ਜਰੂਰਤਾਂ ਕੀ-ਕੀ ਹਨ ? ਇੰਜ ਹੀ ਵਿਚਾਰ ਕਰਦੇ ਕਰਦੇ ਰਾਤ ਗੁਜਰ ਗਈ। ਸਵੇਰ ਹੁੰਦੇ ਹੀ ਭਗਤ ਧੰਨਾ ਜੀ ਨੇ ਇਸ਼ਨਾਨ ਕੀਤਾ ਅਤੇ ਠਾਕੁਰ ਜੀ ਦੇ ਸਾਹਮਣੇ ਬੈਠ ਗਏ। ਵਿਦਿਆਹੀਨ ਸਨ, ਪੂਜਾ-ਪਾਠ ਦੇ ਢੰਗ ਵਲੋਂ ਨਾਵਾਕਿਫ਼ ਸਨ। ਪਰ ਫਿਰ ਵੀ ਸ਼ਰਧਾ ਨਾਲ ਕਹਿ ਰਹੇ ਸਨ ਕਿ ਠਾਕੁਰ ਜੀ ਇਸ ਜਗਤ ਦੇ ਕਰਤਾ ਧਰਤਾ ਹੋ। ਮੈਨੂੰ ਸੁਖ ਬਖ਼ਸ਼ੋ, ਮੈਂ ਤੁਹਾਨੂੰ ਨਿੱਤ ਭੋਗ ਲਗਾਵਾਂਗਾ। ਭਗਤ ਧੰਨਾ ਜੀ ਘਰ ਵਿੱਚ ਇਕੱਲੇ ਸਨ। ਘਰ ਦਾ ਕੰਮ-ਕਾਜ ਆਪ ਹੀ ਕਰਦੇ ਸਨ। ਠਾਕੁਰ ਜੀ ਨੂੰ ਇਸ਼ਨਾਨ ਕਰਵਾਕੇ, ਉਨ੍ਹਾਂ ਦੇ ਸਾਹਮਣੇ ਭਗਤੀ ਭਾਵ ਨਾਲ ਬੈਠ ਕੇ ਦਿਨ ਚੜ੍ਹਨ ਉੱਤੇ ਉੱਠੇ। ਲੱਸੀ ਰਿੜਕੀ, ਰੋਟੀਆਂ ਪਕਾਈਆਂ, ਮੱਖਣ ਕੱਢਿਆ ਅਤੇ ਥਾਲੀ ਵਿੱਚ ਪ੍ਰੋਸ ਦਿੱਤਾ। ਭਗਤ ਧੰਨਾ ਜੀ ਨੇ ਅਰਦਾਸ ਕੀਤੀ: ਹੇ ਪ੍ਰਭੂ !ਭੋਗ ਲਗਾਓ। ਮੇਰੇ ਜਿਹੇ ਨਿਰਧਨ (ਗਰੀਬ) ਦੇ ਕੋਲ ਕੇਵਲ ਇੰਨਾ ਹੀ ਹੈ। ਕਬੂਲ ਕਰੋ, ਠਾਕੁਰ ਜੀ ! ਇਹ ਕਹਿਕੇ ਉਹ ਉੱਥੇ ਬੈਠੈ ਵੇਖਦੇ ਰਹੇ। (ਹੁਣ ਕੋਈ ਦੱਸੇ ਕਿ ਪੱਥਰ ਭੋਜਨ ਕਿਵੇਂ ਕਬੂਲ ਕਰੇ ?) ਬ੍ਰਾਹਮਣ ਤਾਂ ਠਾਕੁਰ ਜੀ ਨੂੰ ਭੋਗ ਲਗਾ ਕੇ ਸਾਰੀ ਸਮੱਗਰੀ ਆਪਣੇ ਘਰ ਲੈ ਜਾਂਦਾ ਸੀ। ਭੋਲੇ ਧੰਨਾ ਜੀ ਨੂੰ ਇਹ ਸਭ ਪਤਾ ਨਹੀਂ ਸੀ। ਉਹ ਤਾਂ ਪੰਡਤ ਦੇ ਬਚਨਾਂ ਨੂੰ ਸੱਚ ਸਮਝ ਰਹੇ ਸਨ। ਸਮਾਂ ਗੁਜ਼ਰਦਾ ਗਿਆ ਪਰ ਭੋਜਨ ਉਂਜ ਹੀ ਪਿਆ ਰਿਹਾ। ਭਗਤ ਧੰਨਾ ਜੀ ਨੇ ਮਾਯੂਸ ਹੋ ਕੇ ਕਿਹਾ: ਹੇ ਪ੍ਰਭੂ ! ਕੀ ਤੁਸੀ ਜੱਟ ਦਾ ਪ੍ਰਸਾਦ ਨਹੀਂ ਕਬੂਲ ਕਰੋਗੇ ? ਇਹ ਭੋਜਨ ਸਵੱਛ ਹੈ। ਮੈਂ ਇਸਨਾਨ ਕਰਕੇ ਪਕਾਇਆ ਹੈ। ਜੇਕਰ ਤੁਹਾਨੂੰ ਚੰਗਾ ਨਹੀਂ ਲਗਿਆ ਤਾਂ ਕ੍ਰਿਪਾ ਕਰਕੇ ਦੱਸੋ। ਪੰਡਤ ਦਾ ਭੋਜਨ ਤਾਂ ਤੁਰੰਤ ਹੀ ਕਬੂਲ ਕਰ ਲੈਂਦੇ ਹੋ। ਪ੍ਰਭੂ ਕ੍ਰਿਪਾ ਕਰੋ। ਜੇਕਰ ਤੁਸੀ ਨਹੀਂ ਖਾਓਗੇ ਤਾਂ ਅੱਜ ਮੈਂ ਵੀ ਨਹੀਂ ਖਾਵਾਂਗਾ। ਮੈਂ ਇਹ ਪ੍ਰਣ ਲਿਆ ਹੈ ਕਿ ਤੁਸੀ ਖਾੳਗੇ ਤਾਂ ਹੀ ਮੈਂ ਖਾਵਾਂਗਾ। ਮੈਂ ਆਪਣੀ ਹਠ ਨਹੀਂ ਛੱਡਾਂਗਾ। ਜੇਕਰ ਤੁਹਾਡਾ ਧਰਮ ਕੇਵਲ ਬ੍ਰਾਹਮਣ ਵਲੋਂ ਭੋਗ ਲੁਆਉਣਾ ਹੈ ਤਾਂ ਸਾਡਾ ਧਰਮ ਹੈ ਹਠ ਦੇ ਬਦਲੇ ਕੁਰਬਾਣ ਹੋਣਾ। ਪ੍ਰਸਾਦ ਲਓ ਨਹੀਂ ਤਾਂ ਮੈਂ ਇੱਥੇ ਚੌਂਕੜਾ ਮਾਰਕੇ ਬੈਠਾ ਰਹਾਂ ਗਾ। ਰੱਬ ਨੇ ਸੋਚਿਆ ਹੁਣ ਤਾਂ ਪੱਥਰ ਵਿੱਚੋਂ ਜ਼ਾਹਰ ਹੋਣਾ ਹੋਵੇਗਾ। ਭਗਤ ਧੰਨਾ ਜੀ ਦੀ ਆਤਮਾ ਨਿਰਮਲ ਹੈ। ਇਸਨੂੰ ਛਲ ਦੀ ਜਾਣਕਾਰੀ ਨਹੀਂ। ਇਸਨੂੰ ਪੂਰਾ ਭਰੋਸਾ ਹੈ ਕਿ ਠਾਕੁਰ ਜੀ ਭੋਜਨ ਕਬੂਲ ਕਰਦੇ ਹਨ। ਇਸਦਾ ਭੋਜਨ ਕਬੂਲ ਕਰਨਾ ਹੀ ਹੋਵੇਗਾ। ਜੇਕਰ ਪੱਥਰ ਦੇ ਅੱਗੇ ਇਸ ਜੱਟ ਦੀ ਮੌਤ ਹੋ ਗਈ ਤਾਂ ਅੱਛਾ ਨਹੀਂ ਹੋਵੇਗਾ। ਭਗਤ ਧੰਨਾ ਜੀ ਦੀਆਂ ਨਜਰਾਂ ਠਾਕੁਰ ਜੀ ਦੇ ਵੱਲ ਟਿਕੀਆਂ ਰਹਿਆਂ। ਕਈ ਘੰਟੇ ਗੁਜ਼ਰਨ ਉੱਤੇ ਭਗਤ ਧੰਨਾ ਜੀ ਨੇ ਅਚਾਨਕ ਵੇਖਿਆ ਕਿ ਪਰਮਾਤਮਾ ਜੀ ਉਨ੍ਹਾਂ ਦੀ ਰੋਟੀ ਮੱਖਣ ਦੇ ਨਾਲ ਖਾ ਰਹੇ ਹਨ। ਉਹ ਖੁਸ਼ੀ ਦੇ ਨਾਲ ਉਛਲ ਪਏ। ਮੇਰੇ ਰੱਬ ਆਏ ਹਨ। ਭੋਜਨ ਖਾ ਰਹੇ ਹਨ। ਮੱਖਣ ਦੇ ਨਾਲ ਰੋਟੀ ਖਾ ਰਹੇ ਹਨ, ਮੇਰੇ ਭਗਵਾਨ। ਰੋਟੀ ਖਾ ਕੇ ਪ੍ਰਭੂ ਬੋਲੇ: ਭਗਤ ਧੰਨਾ ਜੀ ! ਜੋ ਤੁਹਾਡੀ ਇੱਛਾ ਹੋਵੇ ਮੰਗੋ। ਮੈਂ ਤੇਰੇ ਉੱਤੇ ਖੁਸ਼ ਹਾਂ।
ਭਗਤ ਜੀ ਦੇ ਅਪਣੇ ਵਿਚਾਰ – ਭਗਤ ਧੰਨਾ ਜੀ ਨੇ ਆਪਣੀ ਬਾਣੀ ਵਿੱਚ ਆਪ ਹੀ ਸਪਸ਼ਟ ਕੀਤਾ ਹੈ ਕਿ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਈ। ਪਰੰਤੂ, ਜਿਵੇਂ ਅਸੀਂ ਗੁਰੂ ਸਾਹਿਬਾਨ ਦੀਆਂ ਵੀ ਬਹੁਤ ਸਾਰੀਆਂ ਗੱਲਾਂ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ, ਉਹਨਾਂ ’ਚ ਵਿਸ਼ਵਾਸ ਕਰਨ ਦੀ ਬਜਾਏ ਦੂਜਿਆਂ ਦੀਆਂ ਆਖੀਆਂ ਅਥਵਾ ਲਿਖੀਆਂ ਗੱਲਾਂ ’ਤੇ ਵਧੇਰੇ ਵਿਸ਼ਵਾਸ ਕਰੀ ਬੈਠੇ ਹਾਂ, ਉਸੇ ਤਰ੍ਹਾਂ ਭਗਤ ਧੰਨਾ ਜੀ ਨੇ ਜੋ ਆਖਿਆ ਹੈ, ਅਸੀਂ ਉਸ ਨੂੰ ਮੰਨਣ ਦੀ ਬਜਾਏ , ਦੂਜਿਆਂ ਦੀਆਂ ਲਿਖਤਾਂ ਨੂੰ ਵਧੇਰੇ ਪ੍ਰਮਾਣਿਕ ਮੰਨ ਕੇ ਇਹ ਸਵੀਕਾਰ ਕਰ ਲਿਆ ਕਿ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਪ੍ਰਮਾਤਮਾ ਪਾਇਆ ਸੀ। ਇਸ ਦਾ ਹੀ ਇਹ ਸਿੱਟਾ ਹੈ ਕਿ ਸਿੱਖ ਸਮਾਜ ਵਿੱਚ ਵੀ ਇਹ ਆਮ ਹੀ ਆਖਿਆ ਜਾਂਦਾ ਹੈ ਕਿ, ਜੀ ਜੇਕਰ ਸੱਚੀ ਸ਼ਰਧਾ ਹੋਵੇ ਤਾਂ ਭਗਤ ਧੰਨੇ ਵਾਂਗੂੰ ਪੱਥਰ ਵਿੱਚੋਂ ਵੀ ਪਰਮਾਤਮਾ ਪਾ ਸਕੀਦਾ ਹੈ। ਅਸੀਂ ਅਜਿਹਾ ਆਖਣ ਲੱਗਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਸਿੱਖਿਆ ਨੂੰ ਭੁੱਲ ਜਾਂਦੇ ਹਾਂ, ਜਿਸ ਅਨੁਸਾਰ ਅਗਿਆਨ ਭਰਪੂਰ ਸ਼ਰਧਾ (ਵਿਸਵਾਸ, ਨਿਸ਼ਚਾ, ਪਰਤੀਤ, ਭਰੋਸੇ) ਨੂੰ ਕਿਸੇ ਵੀ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਭਾਈ ਕਾਨ੍ਹ ਸਿੰਘ ਨਾਭਾ ਹੁਰੀਂ ਗੁਰਮਤਿ ਦੇ ਇਸ ਸਿਧਾਂਤ ਦੇ ਸਬੰਧ ਵਿੱਚ ਲਿਖਦੇ ਹਨ, ‘ਰੇਤ ਵਿੱਚ ਖੰਡ ਦਾ ਵਿਸਵਾਸ, ਸੂਰਜ ਦੀ ਕਿਰਨ ਨਾਲ ਚਮਕਦੇ ਮਾਰੂਥਲ ਦੀ ਤਿ੍ਰਸਨਾ ਜਲ ਤੋਂ ਪਿਆਸ ਮਿਟਣ ਦਾ ਵਿਸਵਾਸ, ਕਿਸੇ ਮੰਤ੍ਰ ਜੰਤ੍ਰ ਤੋਂ ਰੋਗ ਦੀ ਨਿਵਿ੍ਰਤੀ ਅਤੇ ਸੰਤਾਨ ਧਨ ਆਦਿ ਦੀ ਪ੍ਰਾਪਤੀ ਦਾ ਨਿਸ਼ਚਾ ਆਦਿ ਮਿਥਯਾ ਵਿਸਵਾਸ ਹਨ ਜਿਨ੍ਹਾਂ ਤੋਂ ਕਲੇਸ਼ ਅਤੇ ਪਛਤਾਵੇ ਤੋਂ ਛੁੱਟ ਹੋਰ ਕੋਈ ਫਲ ਨਹੀਂ।’ ਭਾਈ ਸਾਹਿਬ ਫਿਰ ਸੱਚੀ ਸ਼ਰਧਾ ਦੀ ਚਰਚਾ ਕਰਦਿਆਂ ਲਿਖਦੇ ਹਨ, ‘ਖੰਡ ਵਿੱਚ ਖੰਡ ਦਾ ਵਿਸਵਾਸ, ਖੂਹ ਨਦੀ (ਦਰਿਆ) ਸਰੋਵਰ ਤੋਂ ਪਿਆਸ ਬੁਝਣ ਦਾ ਵਿਸਵਾਸ, ਔਖਧ ਤੋਂ ਰੋਗ ਦੂਰ ਹੋਣ ਦਾ ਵਿਸਵਾਸ ਅਤੇ ਬੁਧਿ ਵਿਦਯਾ ਬਲ ਨਾਲ ਧਨ ਪ੍ਰਾਪਤੀ ਦਾ ਵਿਸਵਾਸ ਆਦਿ ਸਤਯ ਵਿਸਵਾਸ ਹਨ।’ (ਗੁਰਮਤਿ ਮਾਰਤੰਡ)
ਸੋ, ਇਹ ਧਾਰਨਾ ਗੁਰਮਤਿ ਅਨੁਕੂਲ ਨਹੀਂ ਕਿ ਕੇਵਲ ਸ਼ਰਧਾ ਹੋਣੀ ਚਾਹੀਦੀ ਹੈ; ਸ਼ਰਧਾ ਦਾ ਕੇਵਲ ਯਥਾਰਥ ਰੂਪ ਹੀ ਪ੍ਰਵਾਨ ਹੈ। ਖੈਰ, ਇਸ ਸਮੇਂ ਅਸੀਂ ਭਗਤ ਧੰਨਾ ਜੀ ਦੇ ਬਾਰੇ ਗੱਲ ਕਰ ਰਹੇ ਹਾਂ। ਇਸ ਲਈ ਸ਼ਰਧਾ ਬਾਰੇ ਹੋਰ ਕੁਛ ਲਿਖਣ ਤੋਂ ਸੰਕੋਚ ਕਰਦੇ ਹੋਏ ਅਸਲ ਵਿਸ਼ੇ ਵਲ ਆਉਂਦੇ ਹਾਂ। ਭਗਤ ਜੀ ਨੇ ਇਸ ਬਾਰੇ ਜੋ ਆਪ ਆਖਿਆ ਹੈ, ਉਸ ਦਾ ਹੀ ਜ਼ਿਕਰ ਕਰ ਰਹੇ ਹਾਂ। ਭਗਤ ਜੀ ਦੇ ਗੁਰੂ ਗ੍ਰੰਥ ਸਾਹਿਬ ਅੰਦਰ ਆਸਾ ਰਾਗ ਵਿੱਚ ਦੋ ਸ਼ਬਦ ਅਤੇ ਇੱਕ ਸ਼ਬਦ ਧਨਾਸਰੀ ਵਿੱਚ ਦਰਜ ਹਨ। ਭਗਤ ਜੀ ਆਸਾ ਰਾਗ ਵਿਚਲੇ ਆਪਣੇ ਪਹਿਲੇ ਸਬਦ ਵਿੱਚ ਹੀ ਇਸ ਗੱਲ ਦਾ ਖੁਲਾਸਾ ਕਰਦੇ ਹਨ ਕਿ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋਈ। ਪੂਰਾ ਸਬਦ ਇਸ ਤਰ੍ਹਾਂ ਹੈ:- ‘‘ਆਸਾ ਬਾਣੀ ਭਗਤ ਧੰਨੇ ਜੀ ਕੀ ੴ ਸਤਿਗੁਰ ਪ੍ਰਸਾਦਿ॥ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ॥ ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ॥੧॥ਰਹਾਉ॥ ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ॥ ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ॥੧॥ ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ॥ ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ॥੨॥ ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ॥ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤਿ੍ਰਪਤਿ ਅਘਾਨੇ ਮੁਕਤਿ ਭਏ॥੩॥ ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ॥੪॥੧॥’’ (ਭਗਤ ਧੰਨਾ/੪੮੭)
ਭਗਤ ਜੀ ਇਸ ਸਬਦ ਦੇ ਅਖੀਰ ਵਿੱਚ ਸਪਸ਼ਟ ਕਰਦੇ ਹਨ ਕਿ ਉਹਨਾਂ ਨੇ ਉਸ ਪ੍ਰਭੂ ਦਾ ਨਾਮ ਰੂਪ ਧਨ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ; ਸੋ ਹੁਣ ਧੰਨਾ ਵੀ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਭੂ ਵਿੱਚ ਲੀਨ ਹੋ ਗਿਆ ਹੈ। ਅਸੀਂ ਭਗਤ ਜੀ ਉੱਤੇ ਵਿਸਵਾਸ ਕਰਨ ਦੀ ਬਜਾਏ ਆਪਣੇ ਸੁਆਰਥ ਲਈ ਲੋਕਾਂ ਨੂੰ ਕਰਮਕਾਂਡਾਂ ਵਿੱਚ ਉਲਝਾ ਕੇ, ਆਪਣਾ ਉੱਲੂ ਸਿੱਧਾ ਕਰਨ ਵਾਲੀ ਸ਼੍ਰੇਣੀ ਰਾਹੀਂ ਪ੍ਰਚਾਰੀ ਹੋਈ ਕਹਾਣੀ ਨੂੰ ਸੱਚ ਮੰਨ ਲਿਆ ਕਿ ਭਗਤ ਧੰਨਾ ਜੀ ਨੇ ਰੱਬ ਨੂੰ ਪੱਥਰ ’ਚੋਂ ਪਾਇਆ ਸੀ।
ਗੁਰੂ ਅਰਜਨ ਸਾਹਿਬ ਦੇ ਸਮੇਂ ਵੀ ਅਜਿਹੀ ਸ਼੍ਰੇਣੀ ਵੱਲੋਂ ਭਗਤ ਜੀ ਬਾਰੇ ਇਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਸੀ, ਇਸ ਲਈ ਗੁਰੂ ਅਰਜਨ ਮਹਾਰਾਜ ਨੇ ਭਗਤ ਜੀ ਦੇ ਇਸ ਸਬਦ ਤੋਂ ਉਪਰੰਤ ਆਸਾ ਰਾਗ ਵਿੱਚ ਹੀ ਆਪਣਾ ਇੱਕ ਸਬਦ (ਧੰਨਾ ਜੀ ਦੇ ਸ਼ਬਦ ਨੰ. 1 ਤੋਂ ਬਾਅਦ ਧੰਨਾ ਜੀ ਦੀ ਸ਼ਬਦ ਲੜੀ ’ਚ ਸ਼ਬਦ ਨੰਬਰ 2 ਦਰਜ ਕਰ ਦਿੱਤਾ ਹੈ ਜਿਸ ਵਿੱਚ ਇਸ ਗੁਮਰਾਹ ਕੁੰਨ ਪ੍ਰਚਾਰ ਤੋਂ ਲੋਕਾਈ ਨੂੰ ਸੁਚੇਤ ਕਰਦਿਆਂ ਹੋਇਆਂ ਇਹ ਸਪਸ਼ਟ ਕੀਤਾ ਹੈ ਕਿ ਭਗਤ ਧੰਨਾ ਜੀ ਦੇ ਮਨ ਵਿੱਚ ਪ੍ਰਭੂ ਭਗਤੀ ਦਾ ਚਾਉ ਕਿਵੇਂ ਪੈਦਾ ਹੋਇਆ। ਹਜੂਰ ਫੁਰਮਾਉਂਦੇ ਹਨ:-‘‘ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥੧॥ ਰਹਾਉ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥੪॥੨॥ (ਮ:੫/੪੮੮)
ਗੁਰੂ ਨਾਨਕ ਜੋਤ ਦੇ ਪੰਜਵੇਂ ਪ੍ਰਕਾਸ਼ ਗੁਰੂ ਅਰਜਨ ਮਹਾਰਾਜ ਸਪਸ਼ਟ ਕਰਦੇ ਹਨ ਕਿ ਧੰਨਾ ਜੀ ਨੇ ਨਾਮ ਦੇਵ, ਕਬੀਰ, ਰਵਿਦਾਸ, ਸੈਣ ਦੀ ਸੋਭਾ ਸੁਣੀ ਕਿ ਕਿਵੇਂ ਇਨ੍ਹਾਂ ਭਗਤਾਂ ਨੇ ਪ੍ਰਭੂ ਭਗਤੀ ਰਾਹੀਂ ਉੱਚਾ ਮਰਤਬਾ ਹਾਸਲ ਕੀਤਾ ਹੈ, ਤਾਂ ਆਪ ਦੇ ਮਨ ਵਿੱਚ ਵੀ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦਾ ਚਾਉ ਪੈਦਾ ਹੋਇਆ। ਆਪ ਵੀ ਪਰਮੇਸਰ ਦੀ ਬੰਦਗੀ ਵਿੱਚ ਜੁਟ ਗਏ ਅਤੇ ‘‘ਅਨਦਿਨੁ ਗੁਣ ਗਾਵੈ ਰੰਗਿ ਰਾਤਾ, ਗੁਣ ਕਹਿ ਗੁਣੀ ਸਮਾਇਦਾ॥’’ (ਮ:੩/੧੦੬੫) ਦੇ ਗੁਰਵਾਕ ਅਨੁਸਾਰ ਉਸ ਅਕਾਲ ਪੁਰਖ ਨਾਲ ਇੱਕ ਮਿਕ ਹੋ ਗਏ।
ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ ਵਿੱਚ ਭੋਲਾ ਭਾਉ ਗੋਬਿੰਦੁ ਮਿਲਾਵੈ ਵਾਲਾ ਗੁਰਮਤਿ ਦਾ ਸਿਧਾਂਤ ਦਰਸਾਇਆ ਹੈ। ਪੂਰੀ ਪਉੜੀ ਇਸ ਪ੍ਰਕਾਰ ਹੈ ‘‘ਬਾਮ੍ਹਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ। ਧੰਨੈ ਡਿਠਾ ਚਲਿਤੁ ਏਹੁ ਪੁਛੈ ਬਾਮ੍ਹਣੁ ਆਖਿ ਸੁਣਾਵੈ। ਠਾਕੁਰ ਦੀ ਸੇਵਾ ਕਰੈ ਜੋ ਇਛੈ ਸੋਈ ਫਲੁ ਪਾਵੈ। ਧੰਨਾ ਕਰਦਾ ਜੋਦੜੀ ਮੈ ਭਿ ਦੇਹ ਇਕ ਜੇ ਤੁਧੁ ਭਾਵੈ। ਪਥਰੁ ਇਕ ਲਪੇਟਿ ਕਰਿ ਦੇ ਧੰਨੈ ਨੋ ਗੈਲ ਛੁਡਾਵੈ। ਠਾਕੁਰ ਨੋ ਨ੍ਹਾਵਾਲਿ ਕੈ ਛਾਹਿ ਰੋਟੀ ਲੈ ਭੋਗੁ ਚੜ੍ਹਾਵੈ। ਹਥਿ ਜੋੜਿ ਮਿਨਤਾਂ ਕਰੈ ਪੈਰੀਂ ਪੈ ਪੈ ਬਹੁਤ ਮਨਾਵੈ। ਹਉਂ ਭੀ ਮੁਹੁ ਨ ਜੁਠਾਲਸਾਂ ਤੂ ਰੁਠਾ ਮੈ ਕਿਹੁ ਨ ਸੁਖਾਵੈ। ਗੋਸਾਈ ਪਰਤਖਿ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ।
ਭੋਲਾ ਭਾਉ ਗੋਬਿੰਦੁ ਮਿਲਾਵੈ ॥੧੩॥ ਭਾਈ ਗੁਰਦਾਸ ਜੀ (ਵਾਰ ੧੦ ਪਉੜੀ ੧੩)
ਅਸੀ ਭੁਲੇਖਾ ਕਿਵੇਂ ਖਾ ਗਏ- ਅਸਲ ਵਿੱਚ ਇਸ ਵਾਰ ਅੰਦਰ ਭਾਈ ਗੁਰਦਾਸ ਜੀ ਨੇ ਧੰਨਾ ਭਗਤ ਜੀ ਦੀ ਬ੍ਰਾਹਮਣ ਨਾਲ ਵਾਰਤਾਲਾਪ ਕਰਵਾਈ ਹੈ ਜਿਸ ਨੂੰ ਆਪਾ ਕਹਾਣੀ ਸਮਝ ਬੈਠੇ ਅਤੇ ਸਹੀ ਵਿਸ਼ਰਾਮ ਨਾ ਦੇਣ ਕਰਕੇ ਟਪਲਾ ਖਾ ਗਏ। ਆਉ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਭਾਈ ਸਾਹਿਬ ਫ਼ੁਰਮਾਉਂਦੇ ਹਨ ਕਿ ਧੰਨਾ ਜੀ ਰੋਜ ਗਊਆਂ ਚਰਾਉਣ ਜਾਂਦੇ ਹਨ ਅਤੇ ਰਸਤੇ ਵਿੱਚ ਬ੍ਰਾਹਮਣ ਅਪਣੇ ਪੱਥਰਾਂ ਦੇ ਬਣਾਏ ਦੇਵਤੇ ਪੂਜਦਾ ਹੈ। ਧੰਨਾ ਇਹ ਕੁਝ ਹੁੰਦਾ (ਰੋਜ) ਦੇਖਦਾ ਹੈ। ( ਇੱਕ ਦਿਨ) ਉਹ ਬ੍ਰਾਹਮਣ ਨੂੰ ਪੁੱਛਦਾ ਹੈ (ਇਹ ਰੋਜ ਕੀ ਕਰਦਾ ਹੈ) ਤਾਂ ਬ੍ਰਾਹਮਣ ਅੱਗੋਂ ਆਖ ਕੇ ਸੁਣਾਉਂਦਾ ਹੈ ( ਕਿ ਜੋ) ਠਾਕਰ ਦੀ ਸੇਵਾ ਕਰਦਾ ਹੈ ਉਸ ਦੀ ਹਰ ਇੱਛਾ ਪੂਰੀ ਹੁੰਦੀ ਹੈ। ( ਹੁਣ ਚਰਚਾ ਸ਼ੁਰੂ ਹੋ ਜਾਂਦੀ ਹੈ ਸੋ ਧੰਨਾ ਵਿਅੰਗ ਕੱਸਦਾ ਹੋਇਆ ਕਹਿੰਦਾ ਹੈ ਜੇ ਤੈਨੂੰ ਸੱਚੀ) ਇਸ ਤਰ੍ਹਾਂ ਭਾਉਂਦਾ ਹੈ ਤਾਂ ਮੈਂ ਵੀ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਇੱਕ (ਠਾਕਰ) ਮੈਨੂੰ ਵੀ ਦੇ ਦਿਉ। (ਕਿਉਕਿ ਮੰਦਰ ਵਿੱਚ ਸੰਗਤ ਦੇ ਆਉਣ ਜਾਣ ਦਾ ਸਮਾਂ ਹੈ ਅਤੇ ਬ੍ਰਾਹਮਣ ਦੀ ਰੋਜ਼ੀ ਰੋਟੀ ਦਾ ਸਵਾਲ ਹੈ ਸੋ ਉਸ ਨੇ ਸੋਚਿਆ ਇਸ ਤੋ ਕਿਵੇਂ ਖਹਿੜਾ ਛੁਡਾਇਆ ਜਾਏ ਸੋ ) ਬ੍ਰਾਹਮਣ ਇੱਕ ਪੱਥਰ ਲਪੇਟ ਕੇ ਧੰਨੇ ਨੂੰ ਦੇਂਦਾ ਹੋਇਆ ਉਸ ਤੋਂ ਖਹਿੜਾ ਛੁਡਾਉਂਦਾ ਹੈ। ( ਪਰ ਹੁਣ ਫਿਰ ਧੰਨਾ ਵਿਅੰਗ ਕੱਸਦਾ ਹੋਇਆ ਕਹਿੰਦਾ ਹੈ ਮੈਂ ਇਸ ਪੱਥਰ ਦਾ ਕੀ ਕਰਾਂਗਾ ਤਾਂ ਪੰਡਤ ਅਪਣਾ ਖਹਿੜਾ ਛੁਡਾਉਣ ਲਈ ਕਹਿੰਦਾ ਹੈ) ਇਸ ਠਾਕਰ ਨੂੰ ਇਸ਼ਨਾਨ ਕਰਾ ਕੇ (ਫਿਰ) ਲੱਸੀ, ਰੋਟੀ ਦਾ ਭੋਗ ਲਵਾਈਂ। ( ਧੰਨਾ ਫਿਰ ਵਿਅੰਗ ਕੱਸਦਾ ਕਹਿੰਦਾ ਹੈ! ਪੰਡਤਾ ਪੱਥਰ ਵੀ ਕਦੀ ਰੋਟੀਆਂ ਖਾਂਦੇ ਹਨ ਜਾ ਲੱਸੀਆ ਪੀਂਦੇ ਹਨ, ਪਰ ਫਿਰ ਮੈਂ ਤੇਰੀ ਮੰਨ ਕੇ ਸਭ ਕੁਝ ਕਰਾਂਗਾ ਪਰ ਫਿਰ ਵੀ ਜੇ ਇਹ ਨਾਂ ਮੰਨਿਆਂ ਤਾਂ?) (ਪੰਡਤ ਦਾ ਉਤਰ ਸੀ ਭਗਤ ਜਨ ਫਿਰ) ਹੱਥ ਜੋੜ ਕੇ ਮਿੰਨਤਾਂ ਕਰਦੇ ਹਨ ਅਤੇ ਵਾਰ ਵਾਰ ਪੈਰੀਂ ਪੈ ਪੈ ਕੇ ਮਨਾਉਂਦੇ ਹਨ ਸੋ ਤੂੰ ਆਖੀ ਜੇ ਤੂੰ ( ਮੇਰੇ ਨਾਲ) ਰੁੱਠਾ ਹੈ ਤੇ ਮੈਂ ਵੀ ਜਾ ਮੂੰਹ ਜੂਠਾ ਨਹੀਂ ਕਰਨਾ ਕਿਉਂਕਿ ਤੇਰੇ ਬਿਨ੍ਹਾਂ ਮੈਨੂ ਕੁਝ ਚੰਗਾ ਨਹੀਂ ਲੱਗਦਾ। ( ਧੰਨਾ ਕਹਿੰਦਾ ਜੇ ਫਿਰ ਵੀ ਨਾ ਮੰਨਿਆ? ਅੱਗੋਂ ਬ੍ਰਾਹਮਣ ਕਹਿੰਦਾ ਹੈ ਨਹੀਂ ਉਹ ਮੰਨੇਗਾ) ਗੋਸਾਈ ਪ੍ਰਤੱਖ ਹੋ ਕੇ ਰੋਟੀ ਖਾਵੇਗਾ ਤੇ ਲੱਸੀ ਵੀ ਪੀਵੇਗਾ। (ਹੁਣ ਧੰਨਾ ਕਹਿੰਦਾ ਹੈ ਨਹੀਂ ਉਇ ਪੰਡਤਾ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਤਾਂ ਫਿਰ ਬ੍ਰਾਹਮਣ ਪੁੱਛਦਾ ਹੈ ਫਿਰ ਤੂੰ ਹੀ ਦਸ ਰੱਬ ਕਿਵੇਂ ਮਿਲਦਾ ਹੈ? ਤਾਂ ਧੰਨਾ ਜੀ ਕਹਿੰਦੇ ਹਨ ਪੰਡਤ ਜੀ) ਗੋਬਿੰਦ (ਚੁਸਤੀਆਂ ਨਾਲ ਨਹੀਂ) ਭੋਲੇ ਭਾਉ ਹੀ ਮਿਲਦਾ ਹੈ। “ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ॥ ਚਤੁਰਾਈ ਨ ਪਾਇਆ ਕਿਨੈ ਤੂ ਸੁਣਿ ਮੰਨ ਮੇਰਿਆ ॥ ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ ॥ ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ ॥ ਕੁਰਬਾਣੁ ਕੀਤਾ ਤਿਸੈ ਵਿਟਹੁ ਜਿਨਿ ਮੋਹੁ ਮੀਠਾ ਲਾਇਆ ॥ ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ॥੧੦॥” {ਪੰਨਾ 918}
ਸੋ, ਸੰਖੇਪ ਵਿੱਚ ਇਹੀ ਆਖਿਆ ਜਾ ਸਕਦਾ ਹੈ ਕਿ ਭਗਤ ਧੰਨਾ ਜੀ ਨੇ ਪੱਥਰ ਚੋਂ ਰੱਬ ਨਹੀਂ ਪਾਇਆ ਬਲਕਿ ਵਾਹਿਗੁਰੂ ਦੀ ਪ੍ਰੇਮਾ ਭਗਤੀ ਰਾਹੀਂ ਪਾਇਆ ਸੀ। ਪੱਥਰ ਵਿੱਚੋਂ ਪ੍ਰਮਾਤਮਾ ਨੂੰ ਪਾਉਣ ਵਾਲੀ ਗੱਲ ਉਹਨਾਂ ਲੋਕਾਂ ਨੇ ਪ੍ਰਚਾਰੀ ਹੈ ਜਿਹੜੇ ਆਮ ਲੋਕਾਂ ਨੂੰ ਕਰਮਕਾਂਡਾਂ ਵਿੱਚ ਹੀ ਉਲਝਾ ਕੇ ਆਪਣੇ ਸਵਾਰਥ ਦੀ ਸਿੱਧੀ ਵਿੱਚ ਵਿਸ਼ਵਾਸ ਰੱਖਦੇ ਹਨ।
ਗੁਰੂ ਕੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ’ਤੇ ਹੀ ਵਿਸਵਾਸ ਕਰਨ ਦੀ ਲੋੜ ਹੈ।
ਪੱਥਰ (ਨਿਰ-ਜਿੰਦ) ਬਾਰੇ ਗੁਰਮਤਿ ਆਪਣਾ ਨਜ਼ਰੀਆ ਇਉਂ ਬਿਆਨ ਕਰਦੀ ਹੈ ‘‘ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥’’ (ਭਗਤ ਨਾਮਦੇਵ/੫੨੫) ਭਾਵ ਇੱਕ ਪੱਥਰ (ਫਰਸ) ’ਤੇ ਲੋਕ ਘਰਾਂ (ਸਮੇਤ ਹਰ ਥਾਂ) ’ਚ ਪੈਰ ਧਰਦੇ ਹਨ ਜਦਕਿ ਦੂਜੇ ਪਾਸੇ ਪੱਥਰ ’ਤੇ (ਮੰਦਿਰਾਂ ’ਚ ਮੂਰਤੀ ਬਣਾ) ਸ਼ਰਧਾ ਧਰਦੇ ਹਨ। ਅਗਰ ਮੂਰਤੀ (ਪੱਥਰ) ਦੇਵਤਾ (ਰੱਬ) ਹੈ ਤਾਂ ਫ਼ਰਸ਼ (ਪੱਥਰ) ਰੱਬ ਕਿਉਂ ਨਹੀਂ? ਇਸ ਲਈ ਨਾਮ ਦੇਵ ਤਾਂ ਇਸ ਭਰਮ ’ਚੋਂ ਨਿਕਲ ਕੇ ਨਿਰਾਕਾਰ ਹਰੀ ਦੀ ਸੇਵਾ ਕਰਦਾ ਹੈ।
ਭਗਤ ਕਬੀਰ ਜੀ ਪੱਥਰ (ਨਿਰਜੀਉ) ਬਾਰੇ ਇਉਂ ਬਿਆਨ ਕਰ ਰਹੇ ਹਨ ‘‘ਸਰਜੀਉ ਕਾਟਹਿ ਨਿਰਜੀਉ ਪੂਜਹਿ, ਅੰਤ ਕਾਲ ਕਉ ਭਾਰੀ॥’’ (ਭਗਤ ਕਬੀਰ/੩੩੨) ਅਤੇ ‘‘ਜਿਸੁ ਪਾਹਨ ਕਉ ਪਾਤੀ ਤੋਰੈ, ਸੋ ਪਾਹਨ ਨਿਰਜੀਉ॥’’ (ਭਗਤ ਕਬੀਰ/੪੭੯)
ਯਾਦ ਰਹੇ ਕਿ ਇਹ (ਕਬੀਰ ਜੀ ਅਤੇ ਨਾਮਦੇਵ ਜੀ) ਉਹੀ ਭਗਤ ਹਨ ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਧੰਨਾ ਜੀ ਦਾ ਪੱਖ ਗੁਰੂ ਅਰਜੁਨ ਸਾਹਿਬ ਜੀ ਇਉਂ ਬਿਆਨ ਕਰ ਰਹੇ ਹਨ ਕਿ ‘‘ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥੪॥੨॥’’ (ਮ:੫/੪੮੮)
ਗੁਰੂ ਅਰਜਨ ਦੇਵ ਜੀ ਨੇ ਮੂਰਤੀ-ਪੂਜਾ ਕਰਨ ਵਾਲੇ ਲਈ ਬੜੇ ਕਰੜੇ ਸ਼ਬਦ ਵਰਤਦਿਆਂ ‘ਗੁਨਾਹਗਾਰ, ਲੂਣ ਹਰਾਮੀ’ ਕਿਹਾ ਹੈ : ‘‘ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥’’ (ਸੂਹੀ, ਮ: ੫, ਪੰਨਾ ੭੩੯)
ਭਗਤ ਧੰਨੇ ਦੇ ਆਪਣੇ ਸ਼ਬਦਾਂ ਵਿੱਚੋਂ ਵੀ ਤਾਂ ਕਿਤੇ ਵੀ ਠਾਕਰ ਪੂਜਾ ਦੀ ਗਵਾਹੀ ਨਹੀਂ ਮਿਲਦੀ। ਭਗਤ ਧੰਨਾ ਜੀ ਨੇ ਗ੍ਰਹਿਸਥ ਜੀਵਨ ਬਤੀਤ ਕੀਤਾ, ਕਿਰਤ ਕੀਤੀ ਅਤੇ ਨਾਮ ਜਪ ਕੇ, ਪ੍ਰਭੂ-ਭਗਤੀ ਨਾਲ ਮਨ ਜੋੜੀ ਰੱਖਿਆ। ਭਗਤ ਧੰਨਾ ਜੀ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਬਸੰਤ ਰਾਗ ਵਿੱਚ ਭਗਤਾਂ ਦੀ ਸਾਖੀ ਵਿੱਚ ਜਿੱਥੇ ਹੋਰ ਭਗਤਾਂ ਦਾ ਜ਼ਿਕਰ ਕਰਦੇ ਹਨ, ਉੱਥੇ ਨਾਲ ਹੀ ਭਗਤ ਧੰਨਾ ਜੀ ਦੀ ਕਠਿਨ ਸਾਧਨਾ ਦਾ ਜ਼ਿਕਰ ਕਰਦਿਆਂ ਫ਼ੁਰਮਾਨ ਕਰਦੇ ਹਨ : ‘‘ਧੰਨੈ ਸੇਵਿਆ ਬਾਲ ਬੁਧਿ ॥ (ਬਸੰਤੁ, ਮ: ੫, ਪੰਨਾ ੧੧੯੨),
ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿੱਚ ਸ਼ਾਮਲ ਕੀਤੇ ਹਨ। ਇਨ੍ਹਾਂ ਵਿੱਚੋਂ ਦੋ ਸ਼ਬਦ ਰਾਗ ਆਸਾ ਵਿੱਚ ‘ਆਸਾ ਬਾਣੀ ਭਗਤ ਧੰਨਾ ਜੀ ਕੀ’ ਸਿਰਲੇਖ ਹੇਠ ਅਤੇ ਧਨਾਸਰੀ ਰਾਗ ਵਿੱਚ ਆਰਤੀ ਸਮੇਂ ਪੜ੍ਹਿਆ ਜਾਣ ਵਾਲਾ ਸ਼ਬਦ ਹੈ। ਇਨ੍ਹਾਂ ਤਿੰਨਾਂ ਸ਼ਬਦਾਂ ਦੀ ਭਾਸ਼ਾ ਭਾਵੇਂ ਸਧੁਕੜੀ ਹੈ, ਪਰ ਰਾਜਸਥਾਨੀ ਦਾ ਪ੍ਰਭਾਵ ਸਪੱਸ਼ਟ ਦਿਸਦਾ ਹੈ। ਆਸਾ ਰਾਗ ਦੇ ਪਹਿਲੇ ਸ਼ਬਦ ਵਿੱਚ ਭਗਤ ਧੰਨਾ ਜੀ ਨੇ ਆਪਣੇ ਪੂਰਬਲੇ ਜਨਮ ਦੀ ਭਟਕਣਾ ਅਤੇ ਪ੍ਰਭੂ ਨੂੰ ਪ੍ਰਾਪਤ ਕਰਨ ਦੀ ਬਿਹਬਲਤਾ ਨੂੰ ਬਿਆਨ ਕੀਤਾ ਹੈ, ‘‘ਭ੍ਰਮਤ ਫਿਰਤ ਬਹੁ ਜਨਮ ਬਿਲਾਨੇ; ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ ਕਾਮ ਲੁਬਧ ਰਾਤਾ; ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥.. ਧੰਨੈ ਧਨੁ ਪਾਇਆ ਧਰਣੀਧਰੁ; ਮਿਲਿ ਜਨ ਸੰਤ ਸਮਾਨਿਆ ॥੪॥’’ (ਆਸਾ, ਭਗਤ ਧੰਨਾ ਜੀ, ਪੰਨਾ ੪੮੭)
ਦੂਜੇ ਸ਼ਬਦ ਵਿੱਚ ਆਤਮ ਸਥਿਰਤਾ ਦਾ ਪ੍ਰਗਟਾਵਾ ਹੈ। ਇਸ ਵਿੱਚ ਇਹ ਤਸੱਲੀ ਪ੍ਰਗਟ ਕੀਤੀ ਗਈ ਹੈ ਕਿ ਪਰਮਾਤਮਾ ਦੀ ਭਗਤੀ ਕਿਉਂ ਨਾ ਕੀਤੀ ਜਾਵੇ, ਜੋ ਹਰ ਜੀਵ ਨੂੰ ਰੋਜ਼ੀ ਦਿੰਦਾ ਹੈ, ‘‘ਰੇ ਚਿਤ ! ਚੇਤਸਿ ਕੀ ਨ ਦਯਾਲ ਦਮੋਦਰ; ਬਿਬਹਿ ਨ ਜਾਨਸਿ ਕੋਈ ॥ ਜੇ ਧਾਵਹਿ ਬ੍ਰਹਮੰਡ ਖੰਡ ਕਉ; ਕਰਤਾ ਕਰੈ, ਸੁ ਹੋਈ ॥੧॥ ਰਹਾਉ ॥.. ਪਾਖਣਿ ਕੀਟੁ ਗੁਪਤੁ ਹੋਇ ਰਹਤਾ; ਤਾ ਚੋ ਮਾਰਗੁ ਨਾਹੀ ॥ ਕਹੈ ਧੰਨਾ ਪੂਰਨ ਤਾਹੂ ਕੋ; ਮਤ ਰੇ ਜੀਅ ! ਡਰਾਂਹੀ ॥੩॥’’ (ਆਸਾ, ਭਗਤ ਧੰਨਾ ਜੀ, ਪੰਨਾ ੪੮੮)
ਤੀਸਰਾ ਸ਼ਬਦ ਜੋ ਧਨਾਸਰੀ ਰਾਗ ਵਿੱਚ ਹੈ,‘‘ਗੋਪਾਲ ! ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨੀਆ ਛਾਦਨੁ ਨੀਕਾ ॥ ਅਨਾਜੁ ਮਗਉ; ਸਤ ਸੀ ਕਾ ॥੧॥ ਗਊ ਭੈਸ ਮਗਉ; ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥’’ (ਧਨਾਸਰੀ, ਭਗਤ ਧੰਨਾ ਜੀ, ਪੰਨਾ ੬੯੫) ਇਸ ਸ਼ਬਦ ਨੂੰ ਹੋਰ ਗਹਿਰਾਈ ਤੋ ਸਮਝ ਲਈ ਗੁਰੂ ਨਾਨਕ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਪ੍ਰਭਾਤੀਰਾਗ ਵਿੱਚ ਸ਼ਬਦ “ਪ੍ਰਭਾਤੀ ਮਹਲਾ ੧ ॥ ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥ ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ॥੧॥ ਕਰਤਾ ਤੂ ਮੇਰਾ ਜਜਮਾਨੁ ॥ ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥੧॥ ਰਹਾਉ ॥ ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ ॥ ਦਿਸਟਿ ਬਿਕਾਰੀ ਦੁਰਮਤਿ ਭਾਗੀ ਐਸਾ ਬ੍ਰਹਮ ਗਿਆਨੁ ॥੨॥ ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ॥ ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ ॥੩॥ ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥ ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥੪॥੭॥”{ਪੰਨਾ 1329} ਪੂਰੀ ਤਰ੍ਹਾਂ ਸਪੱਸ਼ਟ ਕਰਦਾ ਹੈ ਕਿ ਧੰਨਾ ਜੀ ਕਿਹੜੀ ਗਊ ਆਦਿ ਦੀ ਮੰਗ ਕਰਦੇ ਹਨ।
ਸੋ, ਭਗਤ ਧੰਨਾ ਜੀ ਦੀ ਬਾਣੀ ਮਨੁੱਖਤਾ ਨੂੰ ਗ੍ਰਹਿਸਥੀ ਜੀਵਨ ਵਿੱਚ ਰਹਿ ਕੇ ਦੁਨਿਆਵੀ ਕੰਮ ਕਰਦੇ ਹੋਏ ਪਰਮਾਤਮਾ ਦੇ ਸਿਮਰਨ ਅਤੇ ਸਬਰ ਸੰਤੋਖ ਨਾਲ ਜੋੜਦੀ ਹੈ।
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫ਼ੋਨ ੬੪੭੭੭੧੪੯੩੨