Poems

ਮੇਰਾ ਦੇਸ਼

ਜਿਸ ਦੇਸ਼ ਕਿਰਸਾਨੀ, ਸੜਕੀਂ ਰੁਲ਼ ਜੇ,

ਜਿਸ ਦੇਸ਼ ਸਿਆਸੀ, ਵਾਅਦੇ ਭੁੱਲ ਜੇ,

ਜਿੱਥੇ ਕਾਰਪੋਰੇਟਾਂ ਨੂੰ, ਕੋਈ ਰੋਕ ਨਹੀਂ ਸਕਦਾ’

ਉਹ ਦੇਸ਼ ਮੇਰਾ, ਕਦੇ ਹੋ ਨਹੀਂ ਸਕਦਾ।

ਜਿੱਥੇ ਮਿਹਨਤ-ਕਸ਼ ਹੈ, ਭੁੱਖਾ ਮਰਦਾ,

ਜਿੱਥੇ ਵਿਹਲੜ ਹੈ ਪਿਆ, ਮੌਜਾਂ ਕਰਦਾ,

ਜਿੱਥੇ ਸੱਚ ਨਾਲ ਕੋ, ਖੜੋ ਨਹੀਂ ਸਕਦਾ,

ਉਹ ਦੇਸ਼ ਮੇਰਾ, ਕਦੀ ਹੋ ਨਹੀ ਸਕਦਾ।

ਜਿੱਥੇ ਧਰਮਾਂ ਦੇ ਨਾ ਤੇ, ਦੰਗੇ ਹੋਵਣ,

ਜਿੱਥੇ ਜਾਤ-ਪਾਤ ਦੇ ਨਾਂ ਤੇ, ਪੰਗੇ ਹੋਵਣ,

ਜਿੱਥੇ ਮਾਂ ਦੇ ਪੁੱਤ, ਕੋਈ ਬਚਾ ਨਹੀਂ ਸਕਦਾ,

ਉਹ ਦੇਸ਼ ਮੇਰਾ, ਕਦੇ ਹੋ ਨਹੀਂ ਸਕਦਾ।

ਜਿੱਥੇ, ਪੱਤਰਕਾਰੀ ਦਾ ਝੂਠ ਪਿਆ, ਨੰਗਾ ਹੋਵੇ,

ਜਿੱਥੇ ਥਾਂ ਥਾਂ ਤੇ ਪਿਆ, ਦੰਗਾ ਹੋਵੇ,

ਜਿੱਥੇ ਸੱਚਾ ਨੇਤਾ, ਅੱਗੇ ਆ ਨਹੀਂ ਸਕਦਾ,

ਉਹ ਦੇਸ਼ ਮੇਰਾ ਕਦੇ, ਹੋ ਨਹੀਂ ਸਕਦਾ।

ਜਿੱਥੇ ਵਾੜ ਪਈ, ਖੇਤ ਨੂੰ ਖਾਈ ਜਾਵੇ,

ਜਿੱਥੇ ਨੇਤਾ ਸ਼ਰੇ-ਆਮ, ਲੁੱਟ ਮਚਾਈ ਜਾਵੇ,

ਜਿੱਥੇ ਧੀ-ਭੈਣ ਦੀ ਇੱਜ਼ਤ, ਕੋਈ ਬਚਾਅ ਨਹੀਂ ਸਕਦਾ,

ਉਹ ਦੇਸ਼ ਮੇਰਾ ਕਦੇ, ਹੋ ਨਹੀਂ ਸਕਦਾ।

ਜਿੱਥੇ ਗ਼ਮ, ਕਦੇ ਕੋਈ ਲੱਭੇ ਨਾ,

ਜਿੱਥੇ ਸੁੱਖ, ਕਦੇ ਕੋਈ ਭੱਜੇ ਨਾ,

ਜਿੱਥੇ ਚਿੰਤਤ, ਕੋਈ ਨਹੀਂ ਹੋ ਸਕਦੈ,

ਉਹ ਦੇਸ਼ ਹੀ, ਮੇਰਾ ਹੋ ਸਕਦੈ।

ਜਿੱਥੇ ਘਬਰਾਹਟ, ਕਦੇ ਕੋਈ ਹੋਵੇ ਨਾ,

ਜਿੱਥੇ ਸੂਦ ਤੇ ਕਰ, ਕਦੇ ਕੋਈ ਪੋਹੇ ਨਾ,

ਜਿੱਥੇ ਪਾਪ, ਕਦੇ ਨਹੀਂ ਹੋ ਸਕਦੈ,

ਉਹ ਦੇਸ਼ ਹੀ, ਮੇਰਾ ਹੋ ਸਕਦੈ।

ਜਿੱਥੇ ਡਰ ਗਿਰਾਵਟ, ਹੈ ਹੀ ਨਹੀਂ,

ਜਿੱਥੇ ਦੂਆਪਨ ਕੋਈ, ਹੈ ਹੀ ਨਹੀਂ,

ਜਿੱਥੇ ਗਰੀਬੀ ਕੋਈ, ਲੱਭ ਨਹੀਂ ਸਕਦੈ,

ਉਹ ਦੇਸ਼ ਹੀ, ਮੇਰਾ ਹੋ ਸਕਦੈ।

ਜਿੱਥੇ ਵਿੱਚ ਅਨੰਦ, ਸਭ ਵੱਸਦੇ ਨੇ,

ਜਿੱਥੇ ਮਿੱਤਰ ਬਣੇ, ਸਭ ਦੱਸਦੇ ਨੇ,

ਜਿੱਥੇ ਹਰੇਕ, ਰੱਬੀ ਰੱਜ਼ਾ ਵਿੱਚ ਹੋ ਸਕਦੈ,

ਉਹ ਦੇਸ਼ ਹੀ, ਮੇਰਾ ਹੋ ਸਕਦੈ।

ਬਲਵਿੰਦਰ ਸਿੰਘ ਮੁਲਤਾਨੀ

ਬਰੈਂਪਟਨ, ਕਨੇਡਾ।

ਫ਼ੋਨ- ੬੪੭੭੭੧੪੯੩੨

,


Leave a Reply

Your email address will not be published. Required fields are marked *