ਗੁਰੂ ਗੋਬਿੰਦ ਸਿੰਘ ਜੀ
ਤੂੰ ਕਿਹੋ ਜਿਹਾ ਬਾਪ ਸੀ, ਤੇ ਕਿਹੋ ਜਿਹਾ ਪੁੱਤ ਸੀ।
ਸੱਚ ਤੇਰਾ ਬਾਪ ਰਿਹਾ, ਤੇ ਤੂੰ ਸੱਚ ਦਾ ਹੀ ਪੁੱਤ ਸੀ।
ਕਿਸੇ ਉੱਤੇ ਆਣ ਬਣੀ ਤਾਂ, ਤੂੰ ਬਾਪ ਘਰੋਂ ਤੋਰ ਦਿੱਤਾ।
ਤਿੰਨ ਥਾਂ ਪਰਵਾਰ ਹੋਇਆ, ਸਿਰਸਾ ਨੇ ਰੋੜ੍ਹ ਦਿੱਤਾ।
ਚਮਕੌਰ ਦੇ ਮੈਦਾਨ ਵਿੱਚ, ਵੱਡੇ ਪੁੱਤਾਂ ਤਾਈ ਤੋਰਿਆ ਸੀ।
ਸਿੰਘਾਂ ਨੂੰ ਤੂੰ, ਉਨ੍ਹਾਂ ਉੱਤੇ ਕੱਫਣ ਪਾਉਣੋਂ ਵੀ ਹੋੜਿਆ ਸੀ।
ਛੋਟਿਆਂ ਦੀ ਖ਼ਬਰ ਮਾਹੀਆ, ਰੋਂਦਿਆਂ ਸੁਣਾਉਂਦਾ ਜਦ।
ਤੂੰ ਤਾਂ ਮੇਰੇ ਸਤਿਗੁਰਾ, ਉਸ ਤਾਈਂ ਵੀ ਵਰਾਉਂਦਾ ਤਦ।
ਮਾਤਾ ਜਦ ਪੁੱਛਿਆਂ ਸੀ, ਕਿੱਥੇ ਨੇ ਚਾਰੇ ਪੁੱਤ ਸਾਡੇ।
ਹੱਸਦਿਆਂ ਤੂੰ ਆਖ ਦਿੱਤੈ,ਆ ਬੈਠੇ ਸਾਰੇ ਪੁੱਤ ਸਾਡੇ।
ਆਪਾਂ ਉਸੇ ਗੁਰੂ ਦੇ ਹੀ, ਜੇ ਪੁੱਤ ਅਖਵਾਉਂਦੇ ਹਾਂ।
ਸਿੱਖੀ ਦੇ ਅਸੂਲਾਂ ਤੋਂ, ਫਿਰ ਕਿਉਂ ਘਬਰਾਉਂਦੇ ਹਾਂ।
ਹੱਲਾ ਅੱਜ ਮਾਰੋ ਸ਼ੇਰੋ, ਸਿੱਖੀ ਪ੍ਰਚਾਰ ਲਈ।
ਖ਼ੁਦ ਅਪਣਾ ਕੇ ਸਿੱਖੀ, ਤੁਰੋ ਪ੍ਰਚਾਰ ਲਈ।
ਗੁਰੂ ਗੋਬਿੰਦ ਸਿੰਘ, ਰੱਬਾ ! ਕੈਸਾ ਤੇਰਾ ਸੁਤ ਸੀ।
ਕਿਹੋ ਜਿਹਾ ਬਾਪ ਸੀ, ਉਹ ਕਿਹੋ ਜਿਹਾ ਪੁੱਤ ਸੀ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫ਼ੋਨ ੬੪੭੭੭੧੪੯੩੨