ਸਾ ਕਰਮਾਤਿ
ਸਾ ਕਰਾਮਾਤਿ
ਕਰਾਮਾਤ ਬਾਰੇ ਕਾਫ਼ੀ ਵਿਚਾਰ ਚਰਚੇ ਚੱਲਦੇ ਸੁਣੇ ਜਾਂਦੇ ਹਨ। ਕੋਈ ਕਹਿੰਦਾ ਮੈਂ ਨੀ ਕਿਸੇ ਕਰਾਮਾਤ ਨੂੰ ਮੰਨਦਾ ਕੋਈ ਕਹਿੰਦਾ ਕਰਾਮਾਤ ਹੁੰਦੀ ਹੈ ਤੇ ਰਿਸ਼ੀ ਮੁਨੀ ਇਹ ਵਰਤਦੇ ਤੇ ਵਿਖਾਉਦੇ ਆਏ ਹਨ। ਪਰ ਆਪਾ ਇਸ ਵਿਵਾਦ ਵਿੱਚ ਨਹੀ ਪੈਣਾ ਹੈ ਬਲਕਿ ਆਪਾ ਤਾਂ ਇਹ ਦੇਖਣਾ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਇਸ ਨੂੰ ਵਰਤਿਆਂ ਹੈ ਜਾਂ ਨਹੀਂ। ਸੋ ਆਉ ਆਪਾ ਅਪਣੀ ਅਕਲ ਨੂੰ ਪਿੱਛੇ ਰੱਖਦੇ ਹੋਏ ਗੁਰਬਾਣੀ ਅਤੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਹੀ ਸੇਧ ਲੈਂਦੇ ਹਾਂ। ਆਸਾ ਕੀ ਵਾਰ ਵਿੱਚ ਗੁਰੂ ਸਾਹਿਬ ਫੁਮਾਉਦੇ ਹਨ “ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ।। ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ” ਭਾਵ ਜੇ ਕੋਈ ਕਹੇ ਕਿ ਮੈਂ ਅਪਣੇ ਉਦਮ ਸਦਕਾ ਇਹ ਚੀਜ਼ ਪ੍ਰਾਪਤ ਕੀਤੀ ਹੈ, ਤਾਂ ਇਹ ਮਾਲਕ ਦੀ ਬਖ਼ਸ਼ਸ਼ ਨਹੀਂ ਆਖੀ ਜਾ ਸਕਦੀ। ਹਾਂ ! ਮਾਲਕ ਜੋ ਤਰੁੱਠ ਕੇ ਦਿੰਦਾ ਹੈ ਉਹ ਰੱਬੀ ਕਰਾਮਾਤਿ ਹੈ। ਆਪਾ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਨਿੱਤ ਕੋਈ ਨਾ ਕੋਈ ਰੱਬੀ ਕਰਾਮਾਤਿ ਸੁਣਦੇ ਦੇਖਦੇ ਹਾਂ ਹੋਰ ਤਾਂ ਹੋਰ ਦਿਨ/ਰਾਤ, ਗਰਮੀ/ ਸਰਦੀ ਸਭ ਰੁੱਤਾਂ ਵੀ ਤਾਂ ਉਸਦੀ ਕਰਾਮਾਤ ਸਦਕਾ ਹੀ ਬਦਲਦੀਆਂ ਰਹਿੰਦੀਆਂ ਹਨ।
ਹੁਣ ਅਗਲਾ ਸੁਆਲ ਬਣ ਗਿਆ ਕਿ ਕੀ ਗੁਰੂ ਸਾਹਿਬਾਨ ਨੇ ਕਰਾਮਾਤਾਂ ਨੂੰ ਵਰਤਿਆ ਜਾਂ ਵਖਾਈਆ ਹਨ। ਸੋ ਆਉ ਆਪਾ ਇਹ ਗੁਰ ਇਤਿਹਾਸ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਸਿੱਧਾਂ ਪਾਸ ਜਾਂਦੇ ਹਨ ਤਾਂ ਗੋਸ਼ਟੀ ਉਪਰੰਤ ਸਿੱਧ ਗੁਰੂ ਸਾਹਿਬ ਨੂੰ ਪਾਣੀ ਲੈਣ ਲਈ ਤਲਾਬ ਵੱਲ ਭੇਜਦੇ ਹਨ ਪਰ ਗੁਰੂ ਸਾਹਿਬ ਤਲਾਬ ਵਿੱਚ ਪਾਣੀ ਦੀ ਜਗ੍ਹਾ ਹੀਰੇ ਜਵਾਹਰਾਤ ਦੇਖ ਕਿ ਵਾਪਸ ਆ ਕੇ ਸਿੱਧਾਂ ਉਪਰ ਸੁਆਲ ਕਰ ਦਿੰਦੇ ਹਨ ਕਿ ਤੁਸੀਂ ਤਾਂ ਦੂਰ ਦਰਸ਼ੀ ਤੇ ਕਰਾਮਾਤੀ ਹੋ ਫਿਰ ਤੁਸਾ ਮੈਨੂੰ ਉਥੇ ਕਿਉ ਭੇਜਿਆ ਜਿੱਥੇ ਪਾਣੀ ਹੈ ਹੀ ਨਹੀਂ। ਜੇ ਗੁਰੂ ਸਾਹਿਬ ਚਾਹੁੰਦੇ ਤਾਂ ਉਹ ਵੀ ਪਾਣੀ ਪੈਦਾ ਕਰ ਸਕਦੇ ਸਨ। ਪਰ ਗੁਰੂ ਸਾਹਿਬ ਨੇ ਐਸਾ ਨਹੀਂ ਕੀਤਾ ਸਗੋਂ ਸਿੱਧਾਂ ਤੇ ਸੁਆਲ ਰਾਹੀਂ ਚੋਟ ਮਾਰੀ ਸੀ ਕਿਉਕਿ ਸਿੱਧਾਂ ਨੇ ਗੁਰੂ ਸਾਹਿਬ ਨੂੰ ਸੁਆਲ ਕੀਤਾ ਸੀ ਕਿ ਤੁਸੀ ਇਥੇ ਕਿਸ ਕਰਾਮਾਤ ਰਾਹੀਂ ਆਏ ਹੋ ਜਿਸ ਦੇ ਜੁਆਬ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਸਾਡੇ ਕੋਲ ਗੁਰ ਸੰਗਤ ਤੇ ਗੁਰਬਾਣੀ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ।
ਆਪਾਂ ਕਈ ਵਾਰ ਓਪਰੀ ਸੋਚ ਕਾਰਣ ਗੁਰੂ ਇਤਿਹਾਸ ਨੂੰ ਕਰਾਮਾਤੀ ਢੰਗ ਨਾਲ ਪੇਸ਼ ਕਰਦੇ ਹਾਂ ਅਤੇ ਕਈ ਵੀਰ ਫਿਰ ਇਸ ਨੂੰ ਕਰਾਮਾਤ ਕਹਿ ਕੇ ਇਤਿਹਾਸ ਦਾ ਹਿੱਸਾ ਮੰਨਣ ਤੋਂ ਹੀ ਇਨਕਾਰੀ ਹੋ ਜਾਂਦੇ ਹਨ। ਜਿਵੇਂ ਵਲੀ ਕੰਧਾਰੀ ਦੀ ਸਾਖੀ ਆਪਾ ਕਈ ਵਾਰ ਪੜੀ ਸੁਣੀ ਹੈ। ਇਸ ਨੂੰ ਕੁਝ ਸੱਜਣ ਕਰਾਮਾਤੀ ਢੰਗ ਨਾਲ ਪੇਸ਼ ਕਰਦੇ ਹਨ ਅਤੇ ਜੋ ਕਰਾਮਾਤ ਦੇ ਵਿਰੋਧੀ ਹਨ ਉਹ ਇਸ ਨੂੰ ਮੂਲੌ ਹੀ ਰੱਦ ਕਰ ਦਿੰਦੇ ਹਨ। ਮੈਂ ਇਥੇ ਪਹਿਲਾਂ ਹੀ ਦੱਸ ਦਿਆਂ ਕਿ ਨਾ ਤਾਂ ਮੈਂ ਕੋਈ ਵਿਦਵਾਨ ਹਾਂ ਤੇ ਨਾ ਹੀ ਇਤਿਹਾਸਕਾਰ ਪਰ ਮੈਨੂੰ ਇਸ ਸਾਖੀ ਅੰਦਰ ਕੁਝ ਐਸਾ ਨਜ਼ਰ ਨਹੀਂ ਆਉਦਾ ਕਿ ਗੁਰੂ ਸਾਹਿਬ ਨੇ ਕੋਈ ਕਰਾਮਾਤ ਵਿਖਾਈ ਹੈ। ਬਲਕਿ ਇਸ ਸਾਖੀ ਵਿੱਚ ਗੁਰੂ ਸਾਹਿਬ ਤਾਂ ਵਾਰ ਵਾਰ ਹਿੰਮਤ ਕਰਨ ਲਈ ਕਹਿੰਦੇ ਹਨ। ਜਦ ਮਰਦਾਨਾ ਜੀ ਨੂੰ ਪਿਆਸ ਲੱਗਦੀ ਹੈ ਤਾਂ ਗੁਰੂ ਸਾਹਿਬ ਕਿਸੇ ਕਰਾਮਾਤ ਰਾਹੀਂ ਪਾਣੀ ਨਹੀ ਪਿਲਾਉਦੇ ਬਲਕਿ ਮਰਦਾਨਾ ਜੀ ਨੂੰ ਤਿੰਨ ਵਾਰ ਵਲੀ ਕੰਧਾਰੀ ਪਾਸ ਭੇਜਦੇ ਹਨ ਅਤੇ ਤੀਜੀ ਵਾਰ ਤੋਂ ਬਾਅਦ ਵੀ ਕਰਾਮਾਤ ਰਾਹੀਂ ਨਹੀਂ ਬਲਕਿ ਫਿਰ ਹਿੰਮਤ ਜਟਾਉਣ ਲਈ ਕਹਿੰਦੇ ਹਨ ਕਿ ਪੱਥਰ ਉਠਾਓ। ਹੁਣ ਜਦ ਮਰਦਾਨਾ ਜੀ ਪੱਥਰ ਚੁੱਕਦੇ ਹਨ ਤਾਂ ਪ੍ਰਮਾਤਮਾ ਕਰਾਮਾਤ ਵਰਤਾ ਕੇ ਪਾਣੀ ਦੀ ਬਖ਼ਸ਼ਸ਼ ਕਰਦੇ ਹਨ ਤੇ ਜਦ ਵਲੀ ਕੰਧਾਰੀ ਉਪਰੋ ਪੱਥਰ ਰੇੜ੍ਹਦਾ ਹੈ ਤਾਂ ਵੀ ਗੁਰੂ ਸਾਹਿਬ ਪੱਥਰ ਨੂੰ ਕਿਸੇ ਮੰਤਰ ਨਾਲ ਨਹੀਂ ਬਲਕਿ ਅਪਣੇ ਜ਼ੋਰ ਨਾਲ ਹੱਥ ਰਾਹੀਂ ਰੋਕਣਾ ਚਾਹੁੰਦੇ ਹਨ ਤਾਂ ਇਥੇ ਵੀ ਪ੍ਰਮਾਤਮਾ ਕਰਾਮਾਤ ਵਰਤਾ ਕੇ ਪੱਥਰ ਨੂੰ ਕਿਸੇ ਤਰ੍ਹਾ ਰੋਕ ਦਿੰਦੇ ਹਨ। ਗੁਰੂ ਸਾਹਿਬ ਨੇ ਆਪਣੀ ਤਾਕਤ ਤਾਂ ਕੀ ਵੱਰਤਣੀ ਸੀ ਉਹ ਤਾਂ ਵਲੀ ਕੰਧਾਰੀ ਨੂੰ ਵੀ ਸਮਝਾਉਦੇ ਹਨ ਕਿ ਭਾਈ “ ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥” ਜੇ ਰੱਬ ਨੇ ਕੋਈ ਤਾਕਤ ਦਿੱਤੀ ਹੈ ਤਾਂ ਉਸ ਦੀ ਨਜਾਇਜ ਵਰਤੋਂ ਛੱਡ ਕੇ ਰੱਬ ਨੂੰ ਯਾਦ ਰੱਖਦੇ ਹੋਏ ਲੋਕ ਭਲਾਈ ਵੱਲ ਧਿਆਨ ਦੇਣਾ ਬਣਦਾ ਹੈ ਤੇ ਇਸ ਤਰ੍ਹਾ ਜਿੱਥੇ ਗੁਰੂ ਸਾਹਿਬ ਨੇ ਵਲੀ ਕੰਧਾਰੀ ਨੂੰ ਸਮਝਾ ਕੇ ਸਿੱਧੇ ਰੱਸਤੇ ਪਾਇਆ ਉਥੇ ਸਾਡਾ ਵੀ ਮਾਰਗ ਦਰਸ਼ਨ ਕੀਤਾ ਹੈ ਕਿ ਅਗਰ ਕੋਈ ਵੀ ਮੁਸ਼ਕਲ ਬਣਦੀ ਹੈ ਤਾਂ ੳੇਸ ਲਈ ਹਿੰਮਤ ਹਾਰ ਕਿ ਕਿਸੇ ਬਾਬੇ ਜਾ ਡੇਰੇਦਾਰ ਦਾ ਆਸਰਾ ਨਾ ਤੱਕੋ ਕਿਸੇ ਕੁਝ ਨਹੀਂ ਕਰਨਾ ਬਲਕਿ “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ” (ਪੰਨਾ-੪੭੪) ਦਾ ਸਿਧਾਂਤ ਅਪਣਾਉਦੇ ਹੋਏ ਰੱਬ ਨੂੰ ਯਾਦ ਰੱਖਦੇ ਹੋਏ ਅਪਣੀ ਕੋਸ਼ਿਸ਼ ਕਰਦੇ ਰਹਿਣਾ ਬਣਦਾ ਹੈ। ਜੇ ਨਿਯਤ ਠੀਕ ਹੈ ਤਾਂ ਕਰਾਮਾਤ ਰੱਬ ਜੀ ਖ਼ੁਦ ਵਰਤਾਉਦੇ ਹਨ। ਸੋ ਯਾਦ ਰੱਖੀਏ ਗੁਰੂ ਸਾਹਿਬ ਦਾ ਸ਼ਬਦ “ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ।। ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ।।”
ਭੁੱਲ ਚੁੱਕ ਲਈ ਮੁਆਫੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
ਫ਼ੋਨ 6477714932