conversation

ਜਪੁ ਜੀ ਸਾਹਿਬ

ਜਪੁਜੀ ਸਾਹਿਬ
ਇੱਕ ਅੱਖਰ ਗੁਰਬਾਣੀ ਅੰਦਰ ਤਿੰਨ ਤਰ੍ਹਾਂ ਆਇਆ ਹੈ ਜਿਸ ਦੇ ਅਰਥ ਵੱਖ ਵੱਖ ਹਨ-
ਇਕ – ਇਸਤਰੀ ਲਿੰਗ ਇਕ ਵਚਨ ਲਈ
ਇਕੁ- ਪੁਲਿੰਗ ਇੱਕ ਵਚਨ ਲਈ
ਇਕਿ- ਕਈ (ਇਕਿ ਦਾਤੇ ਇਕਿ ਭਿਖਾਰੀ ਜੀ )
ਸੋ ਗੁਰੂ ਸਾਹਿਬ ਨੇ ਇਸੇ ਲਈ ਇੱਕ ਗਣਿਤ ਦਾ ਵਰਤਿਆਂ ਹੈ ਕਿ ਕਿਸੇ ਨੂੰ ਭੁਲੇਖਾ ਹੀ ਨਾ ਰਹੇ। ਵਰਨਾ ਕੋਈ ਕਹਿ ਸਕਦਾ ਸੀ ਓਅੰਕਾਰ ( ਰੱਬ) ਤਾਂ ਮਾਤਾ ਦੇਵੀ ਹੈ। ਇਸ ਲਈ ਔਕੜ ਨਹੀਂ ਆਇਆ, ਕੋਈ ਕਹਿ ਸਕਦਾ ਸੀ ਰੱਬ ਕਈ ਹਨ ਕ ਦੀ ਸਿਹਾਰੀ ਕਲੈਰੀਕਲ ਗਲਤੀ ਹੈ ਆਦਿ।
*ਓ*- ਇਸ ਉਚਾਰਨ ਹੈ ਓਅੰਕਾਰ ਜੋ ਗੁਰੂ ਸਾਹਿਬ ਨੇ ਦੱਖਣੀ ਓਅੰਕਾਰ ਬਾਣੀ ਅੰਦਰ ਸਪੱਸ਼ਟ ਕੀਤਾ ਹੈ ਨਾਲ ਹੀ ਅਰਥ ਵੀ ਕਰ ਦਿੱਤੇ ਹਨ ਕਿ ਓਅੰਕਾਰ ਹੈ ਕੋਣ। “ *ਓਅੰਕਾਰਿ* *ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥ ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ* ॥ *ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰਮੁਖਿ ਤਰੇ* **“ ਪੰਡਿਤ ਲੋਕ ਜਨਤਾ ਨੂੰ ਦੱਸਦੇ ਸਨ ਕਿ ਜੀਵਾਂ ਨੂੰ ਬ੍ਰਹਮਾ ਨੇ ਪੈਦਾ ਕੀਤਾ ਹੈ ਤੇ ਉਹ ਬ੍ਰਹਮਾ ਦੀ ਮੂਰਤੀ ਬਣਾ ਕਿ ਉਸੇ ਨੂੰ ਹੀ ਓਅੰਕਾਰ ਦੱਸੀ ਜਾਂਦੇ ਸਨ ਪਰ ਸਾਹਿਬ ਨੇ ਕਿਹਾ ਇਹ ਮੂਰਤੀ ਓਅੰਕਾਰ ਨਹੀਂ ਹੋ ਸਕਦੀ ਬਲਕਿ ਜਿਸ ਨੇ ਬ੍ਰਹਮਾ ਤੇ ਵੇਦ ਆਦਿ ਸਭ ਕੁਝ ਨੂੰ ਪੈਦਾ ਕੀਤਾ ਹੈ ਉਹ ਪ੍ਰਭੂ ਹੀ ਓਅੰਕਾਰ ਹੈ। ਤੇ ਉਹ ਸਾਰੀ ਸ੍ਰਸ਼ਿਟੀ ਦਾ ਪੈਦਾ ਕਰਨ ਵਾਲਾ ਤੇ ਪਾਲਣ ਵਾਲਾ ਵੀ ਹੈ।
ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਜਦੋਂ ਸੰਗਲਾਦੀਪ ਤੋਂ ਮੁੜ ਕੇ ਸੋਮਨਾਥ ਦੁਆਰਕਾ ਹੁੰਦੇ ਹੋਏ ਦਰਿਆ ਨਰਬਦਾ ਦੇ ਕੰਢੇ ਪਹੁੰਚੇ ਤਾਂ ਉਸ ਥਾਂ ਅੱਪੜੇ ਜਿਥੇ ਓਅੰਕਾਰ ਦਾ ਮੰਦਰ ਹੈ ਉੱਥੇ ਜੋ ਪਾਂਡਿਆਂ ਨਾਲ ਵਿਚਾਰ ਚਰਚਾ ਹੋਈ ਉਸ ਨੂੰ ਗੁਰੂ ਸਾਹਿਬ ਨੇ ਬਾਣੀ ਓਅੰਕਾਰ ਦੇ ਸਿਰਲੇਖ ਹੇਠ ਲਿਖ ਦਿੱਤਾ।
੧ਓ- ਪਰਮਾਤਮਾ ਇੱਕ ਹੈ।
੧ , ਓ, ਸਤਿ, ਤੇ ਨਾਮੁ
ਇਹ ਚਾਰ ਪਦ ਸੁਤੰਤਰ ਹਨ ਇਨ੍ਹਾਂ ਦੇ ਅਰਥ ਚੱਖੋ ਵੱਖ ਹਨ ਇਸ ਲਈ ਇਹ ਇੱਕ ਦੂਜੇ ਨਾਲ ਜੋੜ ਕੇ ਨਹੀਂ ਪੜ੍ਹੇ ਜਾ ਸਕਦੇ।
ਪਰਮਾਤਮਾ ਦੇ ਦੋ ਸਰੂਪ ਗੁਰਬਾਣੀ ਨੇ ਮੰਨੇ ਹਨ।
ਨਿਰਗੁਣ ਤੇ ਸਰਗੁਣ।
੧ – ਨਿਰਗੁਣ ਹੈ ਤੇ ਓ ਸਰਗੁਣ
ਸਤਿ – ਸਤ ਲਫ਼ਜ਼ ਗੁਰਬਾਣੀ ਅੰਦਰ ਤਿੰਨ ਤਰ੍ਹਾਂ ਆਇਆ ਹੈ ਤੇ ਤਿੰਨਾਂ ਦੇ ਅਰਥ ਵੱਖੋ ਵੱਖ ਹਨ।
ਸਤ- ੭ ( ਗਿਣਤੀ ਵਾਲਾ ਸੱਤ ਅਤੇ ਜਿੱਥੇ ਸੰਗਤ ਨਾਲ ਸਤ ਆਇਆ ਹੈ ਉੱਥੇ ਵੀ ਸਤ ਦਾ ਤ ਮੁਕਤਾ ਹੀ ਆਉਂਦਾ ਹੈ)
ਸਤੁ – ਨਾਮ ਦਾ ਲਖਾਇਕ ਹੈ। ( ਸਤੁ ਸੰਤੋਖ ਦਇਆ , ਜਤੁ ਸਤੁ ਸੰਜਮ, ਜਤੁ ਸਤੁ ਤਪੁ ਪਵਿਤੁ ਸਰੀਰਾ ਆਦਿ। )
ਸਤਿ – ਸੱਚ ਅੰਦਰ, ਸੱਚ ਰਾਹੀਂ, ਸੱਚ ਵਿੱਚ ਆਦਿ।
ਸੋ ਇੱਥੇ ਸਤਿ ਦਾ ਅਰਥ ਹੋਵੇ ਗਾ ਸੱਚ ਅੰਦਰ ( ਇਹ ਪ੍ਰਭੂ ਦਾ ਨਿਰਗੁਣ ਸਰੂਪ ਹੈ। ਜਦ ਦੁਨੀਆ ਨਹੀਂ ਸੀ ਸੱਚ ਉਦੋਂ ਵੀ ਸੀ ਅੱਜ ਵੀ ਹੈ ਤੇ ਜਦ ਦੁਨੀਆ ਨਹੀਂ ਰਹੇਗੀ ਸਤ ਉਦੋਂ ਵੀ ਰਹੇ ਗਾ। ਇਸ ਸੱਚ ਤੋਂ ਹੀ ਸਾਰੀ ਉਤਪਤੀ ਹੋਈ ਹੈ “ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲੁ ਹੋਇ”। ਅਸਲ ਵਿੱਚ ਸਤਿ ਦੀ ਮਹਾਨ ਹਸਤੀ ਦੇਸ਼ ਕਾਲ ਅਤੇ ਵਾਤਾਵਰਣ ਆਦਿਕਾਂ ਤੋਂ ਪਰੇ ਹੈ।
੧ ਅਤੇ ਸਤਿ ਪਰਮੇਸ਼ਰ ਦੇ ਨਿਰਗੁਣ ਸਰੂਪ ਹਨ।
ਨਾਮੁ – ਨਾਮ ਦਾ ਮ ਹਮੇਸ਼ਾ ਔਕੜ ਨਾਲ ਆਵੇ ਗਾ ਪਰ ਜਦ ਇਸ ਨਾਲ ਕੋਈ ਸਬੰਧਕੀ ਪਦ ਲੱਗ ਜਾਵੇ ਤਾਂ ਮ ਦਾ ਔਕੜ ਹੱਟ ਜਾਂਦਾ ਹੈ।
ਨਾਮੁ- ਹੈਸੀਅਤ
“ ਨਾਮ ਕੇ ਧਾਰੇ ਸਗਲੇ ਜੰਤ।
ਨਾਮ ਕੇ ਧਾਰੇ ਖੰਡ ਬ੍ਰਹਮੰਡ”
ਜਦ ਪ੍ਰਭੂ ਸਰਗੁਣ ਸਰੂਪ ਵਿੱਚ ਆਇਆ ਤਾਂ ਉਸ ਨੇ ਸਭ ਤੋਂ ਪਹਿਲਾਂ ਅਪਣੇ ਆਪ ਨੂੰ ਸਾਜਿਆ ਤੇ ਫਿਰ ਕੁਦਰਤਿ ਸਾਜੀ ਤੇ ਜੋ ਬਣਾਇਆ ਉਸ ਦੇ ਅੰਦਰ ਹੀ ਖ਼ੁਦ ਸਮਾਅ ਗਿਆ “ ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾੳ। ਦੁਯੀ ਕੁਦਰਤਿ ਸਾਜੀਐ ਕਰਿ ਆਸਣ ਡਿਠੋ ਚਾਉ।”

ਸੋ ਨਾਮੁ ਪ੍ਰਭੂ ਦਾ ਸਰਗੁਣ ਸਰੂਪ ਹੈ। ਜੋ ਸਭ ਅੰਦਰ ਵੱਸ ਰਿਹਾ ਹੈ।
“ ਜੇਤਾ ਕੀਤਾ ਤੇਤਾ ਨਾਉਂ। ਵਿਣੁ ਨਾਵੈ ਨਾਹੀ ਕੋ ਥਾਓ।
ਦੁਨੀਆ ਦਾ ਮੁਹਾਵਰਾ ਵੀ ਹੈ ਜਦ ਕਿਸੇ ਚੱਲਦੇ ਫਿਰਦੇ ਮਸ਼ਹੂਰ ਵਿਅਕਤੀ ਪ੍ਰਤੀ ਗੱਲ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਉਸ ਦਾ ਨਾਮ ਲੈਣਾ ਹੀ ਕਾਫ਼ੀ ਹੈ।

ਇਹ ਫਿਲੋਸਫੀ ਨਹੀਂ ਹੈ ਇਹ ਗੁਰਬਾਣੀ ਆਧਾਰਿਤ ਹੈ
“**ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥ ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥ {ਪੰਨਾ 290}**
ਪਦ ਅਰਥ: ਸਰਗੁਨ = ਤ੍ਰਿਗੁਣੀ ਮਾਇਆ ਦਾ ਰੂਪ। ਨਿਰਗੁਨ = ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ। ਨਿਰੰਕਾਰ = ਆਕਾਰ-ਰਹਿਤ। ਸੁੰਨ = ਸੁੰਞ, ਜਿਥੇ ਕੁਝ ਨਾਹ ਹੋਵੇ। ਸੁੰਨ ਸਮਾਧੀ = ਟਿਕਾਉ ਦੀ ਉਹ ਅਵਸਥਾ ਜਿਥੇ ਸੁੰਞ ਹੋਵੇ, ਕੋਈ ਫੁਰਨਾ ਨਾਹ ਉਠੇ। ਕੀਆ = ਪੈਦਾ ਕੀਤਾ ਹੋਇਆ। ਜਾਪਿ = ਜਾਪੈ, ਜਪ ਰਿਹਾ ਹੈ, ਯਾਦ ਕਰ ਰਿਹਾ ਹੈ।
ਅਰਥ: ਨਿਰੰਕਾਰ (ਭਾਵ, ਆਕਾਰ-ਰਹਿਤ ਅਕਾਲ ਪੁਰਖ) ਤ੍ਰਿਗੁਣੀ ਮਾਇਆ ਦਾ ਰੂਪ (ਭਾਵ, ਜਗਤ ਰੂਪ) ਭੀ ਆਪ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਭੀ ਆਪ ਹੀ ਹੈ, ਅਫੁਰ ਅਵਸਥਾ ਵਿਚ ਟਿਕਿਆ ਹੋਇਆ ਭੀ ਆਪ ਹੀ ਹੈ। ਹੇ ਨਾਨਕ! (ਇਹ ਸਾਰਾ ਜਗਤ) ਪ੍ਰਭੂ ਨੇ ਆਪ ਹੀ ਰਚਿਆ ਹੈ (ਤੇ ਜਗਤ ਦੇ ਜੀਵਾਂ ਵਿਚ ਬੈਠ ਕੇ) ਆਪ ਹੀ (ਆਪਣੇ ਆਪ ਨੂੰ ਯਾਦ ਕਰ ਰਿਹਾ ਹੈ।1।
ਨਿਰਗੁਣ ਰੂਪ ਹੈ ਸ਼ਕਤੀ (power)
ਤੇ ਸਰਗੁਣ ਹੈ ਸਭ ਵਿੱਚ ਸਮਾਇਆ ਹੋਇਆ
*ਕਰਤਾ* – ਸਾਰੀ ਸ੍ਰਿਸ਼ਟੀ ਦੇ ਪੈਦਾ ਕਰਨ ਵਾਲਾ। (ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥ {ਪੰਨਾ 276}”
ਜਿਸ ਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਸੁਭਾਵਿਕ ਤੌਰ ਤੇ ਉਹ ਕਿਸੇ ਦੀ ਮੁਥਾਜੀ ਕਿਉ ਕਬੂਲੇਗਾ।)
*ਪੁਰਖੁ* – ਇਸ ਦੇ ਸ਼ਬਦ ਕੋਸ਼ਾਂ ਵਿੱਚ ਲਈ ਤਰ੍ਹਾਂ ਅਰਥ ਆਏ ਹਨ ਜਿਵੇਂ- ਪਤੀ, ਮਰਦ, ਜੀਵ-ਆਤਮਾ ,ਪੁਰਸ਼ਾਰਥ , ਸਰੀਰਾਂ ਵਿੱਚ ਪਸਰੀ ਜੋਤ ਅਤੇ ਸਰਵ ਵਿਆਪਕ ਪ੍ਰਭੂ ਆਦਿ। ਪਰ ਇੱਥੇ ਇੱਕ ਰਸ ਤੌਰ ਤੇ ਕਣ ਕਣ ਵਿੱਚ ਵਿਆਪ ਰਹੇ “ਓਅੰਕਾਰ” ਜਾਂ “ਸਤਿ” ਦੇ ਸਰਗੁਣ ਸਰੂਪ ਨੂੰ ਹੀ ਪੁਰਖੁ ਕਿਹਾ ਗਿਆ ਹੈ। “ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥”
ਜੋ ਪ੍ਰਭੂ ਨੇ ਬਣਾਇਆਂ ਜਾਂ ਪੈਦਾ ਕੀਤਾ ਉਸੇ ਦੇ ਅੰਦਰ ਸਮਾਅ ਗਿਆ। “ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ”
*ਨਿਰਭਉ* – ਪ੍ਰਭੂ ਨੂੰ ਕਿਸੇ ਦਾ ਡਰ ਜਾਂ ਭਉ ਨਹੀਂ ਹੈ। ਜਦ ਉਸ ਦੇ ਬਰਾਬਰ ਜਾਂ ਉਸ ਤੋਂ ਵੱਡਾ ਕੋਈ ਹੈ ਹੀ ਨਹੀਂ ਅਤੇ ਨਾ ਉਸ ਨੇ ਕਿਸੇ ਨੂੰ ਲੇਖਾ ਦੇਣਾ ਹੈ ਤਾਂ ਡਰ ਕਿਸ ਦਾ ਹੋ ਸਕਦਾ ਹੈ।
“ਨਿਰਭਉ ਸੋ ਸਿਰਿ ਨਾਹੀ ਲੇਖਾ”(੧੦੪੨)
ਬਲਕਿ ਨਿਰਭਉ ਨੂੰ ਸਿਮਰਨ ਵਾਲਾ ਵੀ ਨਿਰਭਉ ਹੋ ਜਾਂਦਾ ਹੈ। “ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ। “( ੧੧) ਅਤੇ “ਨਿਰਭਉ ਜਪੈ ਸਗਲ ਭਉ ਮਿਟੈ। “(੨੯੩) ਜੇ ਆਪਾ ਸਮਝ ਲਈਏ ਕਿ ਇੱਥੇ “ਨਿਰਭਉ” ਤੇ “ਨਿਰਵੈਰ” ਆਮ ਅਰਥਾਂ ਵਿੱਚ ਨਹੀਂ ਖ਼ਾਸ ਲਫ਼ਜ਼ਾਂ ਵਿੱਚ ਆਇਆ ਹੈ ਤਾਂ ਸਮਝਣਾ ਸੋਖਾ ਹੋ ਜਾਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਭ ਜੀਵ ਕਿਸੇ ਨਾ ਕਿਸੇ ਦੇ ਡਰ ਹੇਠ ਦੱਸੇ ਜਾਂਦੇ ਹਨ ਪਰ ਪਰਮਾਤਮਾ ਕਿਸੇ ਵੀ ਡਰ ਜਾ ਦਬਾਅ ਹੇਠ ਨਹੀਂ ਹੈ। “
ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥”
ਪਰ ‘ਨਿਰਭਉ ‘ ਲਫ਼ਜ਼ ਆਮ ਕਿਸਮ ਦਾ ਲਫ਼ਜ਼ ਨਹੀਂ। ਰੱਬ ਦੀ ਕੁਦਰਤ ਦੇ ਕਈ ਅੰਗ ਜਿਵੇਂ ਸੂਰਜ, ਹਵਾ, ਪਾਣੀ, ਧਰਤੀ, ਅੱਗ ਆਦਿ ਉਸ ਰੱਬੀ ਨਿਯਮ(system)ਵਿੱਚ ਚੱਲ ਰਹੇ ਹਨ ਜਿਸ ਨੂੰ ਗੁਰਬਾਣੀ ਅੰਦਰ ਭੈ ਜਾਂ ਭਉ ਕਿਹਾ ਹੈ ਜਿਸ ਨੂੰ ਗੁਰਬਾਣੀ ਅੰਦਰ “ਹੁਕਮ “ਵੀ ਕਿਹਾ ਹੈ।
ਰੱਬ ਦਾ ਇਹ ਹੁਕਮ ਹਰ ਤਰ੍ਹਾਂ ਆਜ਼ਾਦ ਹੈ। ਗੁਰੂ ਸਾਹਿਬ ਫ਼ੁਰਮਾਉਂਦੇ ਹਨ “ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥ ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥”(੫੩੭)ਇਸੇ ਲਈ ਪਾਤਸ਼ਾਹ ਨੇ ਇਸ ਹੁਕਮ ਜਾਂ ਭਉ ਲਈ ਫ਼ੁਰਮਾਇਆ ਹੈ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।”
ਭਾਵ ਇੱਕ ਰੱਬ ਹੀ ਹੈ ਜੋ ਕਿਸੇ ਦੇ ਡਰ ਜਾਂ ਹੁਕਮ ਵਿੱਚ ਨਹੀਂ ਬਾਕੀ ਸਭ ਉਸ ਰੱਬੀ ਹੁਕਮ ਵਿੱਚ ਚੱਲ ਰਹੇ ਹਨ। ਜੋ ਰੱਬੀ ਹੁਕਮ ਮੰਨ ਲੈਂਦਾ ਹੈ ਉਹ ਸੁੱਖੀ ਹੈ ਜੋ ਅਪਣੀ ਅਕਲ/ ਮੱਤ ਅਨੁਸਾਰ ਚੱਲਦਾ ਹੈ ਉੱਹੀ ਦੁੱਖੀ ਹੈ।
*ਨਿਰਵੈਰ* – ਜਦ ਸਾਰੀ ਸ੍ਰਸ਼ਿਟੀ ਪ੍ਰਭੂ ਨੇ ਆਪ ਹੀ ਰਚੀ ਹੈ ਫਿਰ ਉਸ ਨੂੰ ਭਲਾ ਕਿਸੇ ਨਾਲ ਵੈਰ ਕਿਵੇਂ ਹੋ ਸਕਦਾ ਹੈ?
“ਨਿਰਭਉ “ ਦੀ ਤਰ੍ਹਾਂ “ਨਿਰਵੈਰ” ਵੀ ਆਮ ਲਫ਼ਜ਼ ਨਹੀਂ ਕਿਹਾ ਜਾ ਸਕਦਾ। ਜੇ ਜੀਵ ਦੇ ਕਿਸੇ ਰੱਬੀ ਹੁਕਮ ਦੇ ਉਲਟ ਕੀਤੇ ਕਰਮ ਦਾ ਪ੍ਰਭੂ ਸਿੱਧੇ ਜਾਂ ਅਸਿੱਧੇ ਢੰਗ ਨਾਲ ਫੱਲ ਭੁਗਤਾ ਰਿਹਾ ਤਾਂ ਉਸ ਵਿੱਚ ਵੀ ਉਸ ਦੀ ਮਿਹਰ ਹੀ ਛੁਪੀ ਹੁੰਦੀ ਹੈ ਸੋ ਉਸ ਨੂੰ ਰੱਬੀ ਬਖ਼ਸ਼ਿਸ਼ ਹੀ ਸਮਝਣ ਲਈ ਗੁਰੂ ਸਾਹਿਬ ਨੇ ਫ਼ੁਰਮਾਇਆ ਹੈ। “ ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥” ਗੁਰੂ ਸਾਹਿਬ ਬੜੇ ਸੁਚੱਜੇ ਢੰਗ ਨਾਲ ਸਮਝਾਉਂਦੇ ਹਨ ਕਿ ਬਿਮਾਰੀ ਦੇ ਦੁੱਖ ਸਦਕਾ ਵੀ ਕਈ ਵਾਰੀ ਜੀਵ ਰੱਬ ਵਾਲੇ ਪਾਸੇ ਪਰਤ ਕੇ ਰੱਬੀ ਦਾਤਾ ਦਾ ਲਾਭ ਲੈਣ ਦੇ ਯੋਗ ਹੋ ਜਾਂਦਾ ਹੈ। “ਰੋਗ ਗਿਰਸਤ ਚਿਤਾਰੇ ਨਾਉ ॥ ਬਿਖੁ ਮਾਤੇ ਕਾ ਠਉਰ ਨ ਠਾਉ। “(੧੯੬)
*ਅਕਾਲ ਮੂਰਤਿ* – ਮੂਰਤ ਤੋਂ ਭਾਵ ਉਹ ਹਸਤੀ ਜਿਸ ਨੂੰ ਗੁਰੂ ਸਾਹਿਬ ਨੇ ਇਸ ਮੰਗਲਾ-ਚਰਨ ਵਿੱਚ ਅਕਾਲ ਲਿਖਿਆ ਹੈ। ‘ਅਕਾਲ’ ਮਤਲਬ ਦੇਸ਼, ਕਾਲ, ਸਮੇਂ, ਵਾਤਾਵਰਣ ਅਤੇ ਵਸਤੂ ਆਦਿ ਦੇ ਪ੍ਰਭਾਵ ਤੋਂ ਰਹਿਤ। ਸੰਸਾਰੀ ਜੀਵਾਂ ਬਾਰੇ ਤਾਂ ਇਹ ਗੁਣ ਸੋਚਿਆ ਵੀ ਨਹੀਂ ਜਾ ਸਕਦਾ ਪਰ ਪ੍ਰਭੂ ਜੋ ਕਣ ਕਣ ਵਿੱਚ ਸਮਾਇਆ ਪਿਆ ਹੈ। ਉਸ “ ਅਕਾਲ ਮੂਰਤਿ” ਦੀ ਹਸਤੀ ਕਾਲ ਦੇ ਪ੍ਰਭਾਵ ਵਿੱਚ ਆ ਹੀ ਨਹੀਂ ਸਕਦੀ। “ ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥”(੧੦੩੮)
ਗੁਰੂ ਸਾਹਿਬ ਨੇ ਬਾਣੀ ਅੰਦਰ ਅੰਕਿਤ ਕਰ ਦਿੱਤਾ ਹੈ ਕਿ ਇਹ ਵਰਤਮਾਨ ਚ ਹੀ ਨਹੀਂ ਬਲਕਿ ਆਉਣ ਵਾਲੇ ਸਮੇਂ ਵਿੱਚ ਵੀ ਕਾਇਮ ਰਹੇਗਾ। “ ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ। “(੬੦੯)
*ਅਜੂਨੀ* – ਜੋ ਕਿਸੇ ਜੂਨ ਵਿੱਚ ਨਹੀਂ ਆਉਂਦਾ। ਪ੍ਰਭੂ ਜਨਮ ਮਰਨ ਤੋਂ ਰਹਿਤ ਹੈ। ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਅੰਦਰ ਸਿਰਫ ਇਹ ਹੀ ਸਪੱਸ਼ਟ ਨਹੀ ਕੀਤਾ ਕਿ ਪ੍ਰਭੂ ਦੀ ਕੋਈ ਮਾਂ, ਬਾਪ, ਪੁੱਤਰ ਜਾਂ ਰੁਸ਼ਤੇਦਾਰ ਨਹੀਂ ਹੈ ਬਲਕਿ ਇਹ ਵੀ ਕਹਿ ਦਿੱਤਾ ਕਿ ਉਸ ਅੰਦਰ ਕੋਈ ਕਾਮ ਦਾ ਜਜ਼ਬਾ ਨਾ ਹੋਣ ਕਰ ਉਸਦੀ ਕੋਈ ਪਤਨੀ ਵੀ ਨਹੀਂ ਹੈ। “ ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥”(੫੯੭)
ਪੰਚਮ ਪਾਤਸ਼ਾਹ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੋ ਪ੍ਰਭੂ ਦੀਆ ਮੂਰਤੀਆਂ ਬਣਾ ਕਿ ਲੋਰੀਆਂ ਦਿੰਦੇ ਹਨ ਉਹ ਵੱਡੇ ਅਪਰਾਧੀ ਉਨ੍ਹਾ ਦੀ ਜ਼ੁਬਾਨ ਕਿਉ ਨ ਸੜ ਜਾਏ ਜੋ ਰੱਬ ਨੂੰ ਕਿਸੇ ਜਿੰਨੀਆਂ ਵਿੱਚ ਪਾਉਣ ਦੀ ਗੱਲ ਵੀ ਕਰਦਾ ਹੈ। “ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥੧॥ {ਪੰਨਾ 1136}
ਕਬੀਰ ਸਾਹਿਬ ਵੀ ਅਪਣੀ ਬਾਣੀ ਅੰਦਰ ਫ਼ੁਰਮਾਉਂਦੇ ਹਨ “ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥ ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥੨॥੧੯॥੭੦॥ {ਪੰਨਾ 338-339}
*ਸੈਭੰ* – ਇਹ ਸ਼ਬਦ ਸੰਸਕ੍ਰਿਤ ਮੂਲ ਵਾਲੇ ਸ਼ਬਦ “ ਸ੍ਵਯੰ +ਭੂ” ਤੋਂ ਬਣਿਆਂ ਹੈ। ਜਿਸ ਦਾ ਅਰਥ ਹੈ ਅਪਣੇ ਆਪ ਤੋਂ ਪੈਦਾ ਹੋਈ ਜਾਂ ਸੁੱਤੇ ਸਿੱਧ ਪ੍ਰਕਾਸ਼ ਹੋਈ ਹਸਤੀ।
ਗੁਰੂ ਨਾਨਕ ਸਾਹਿਬ ਨੇ ਬਾਣੀ ਜਪੁ ਅੰਦਰ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਪ੍ਰਭੂ ਨੂੰ ਕੋਈ ਵੀ ਅਸਥਾਪਿਤ ਨਹੀਂ ਕਰ ਸਕਦਾ ਅਤੇ ਨਾ ਹੀ ਕੋਈ ਪੈਦਾ ਕਰ ਸਕਦਾ ਹੈ। “ ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥”( ੨)
ਆਸਾ ਕੀ ਵਾਰ ਦੀ ਪਹਿਲੀ ਪਉੜੀ ਅੰਦਰ ਗੁਰੂ ਸਾਹਿਬ ਨੇ ਸਪੱਸ਼ਟ ਕਰਦੇ ਹਨ ਕਿ ਪਹਿਲਾ ਪ੍ਰਭੂ ਨੇ ਖ਼ੁਦ ਨੂੰ ਸਾਜਿਆ ਹੈ ਤੇ ਪਿੱਛੋਂ ਕੁਦਰਤ ਸਾਜ ਕਿ ਉਸ ਅੰਦਰ ਅਪਣਾ ਨਿਵਾਸ ਕਰ ਲਿਆ। “ ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥”(੪੬੩)
ਗੁਰੂ ਸਾਹਿਬ ਨੇ ਅਪਣੀ ਬਾਣੀ ਅੰਦਰ ਕਿਆ ਤਰਤੀਬ ਬਣਾਈ ਹੈ ਨਿਰਵੈਰ ਤੋਂ ਬਾਅਦ ਅਕਾਲ ਮੂਰਤਿ ਤੇ ਅਜੂਨੀ ਤੋਂ ਬਾਅਦ ਸੰਭਉ। “ ਨਿਰਵੈਰੁ ਅਕਾਲ ਮੂਰਤਿ ॥ ਆਜੂਨੀ ਸੰਭਉ ॥ ਮੇਰੇ ਮਨ ਅਨਦਿਨੋੁ ਧਿਆਇ ਨਿਰੰਕਾਰੁ ਨਿਰਾਹਾਰੀ ॥”
ਇਕ ਸਾਇੰਸ ਦਾ ਫ਼ਾਰਮੂਲਾ ਹੈ ( Energy can neither be created nor destroyed it can be transformed from one form to another form)
ਸੋ ਜੋ ਸ਼ਕਤੀਆਂ ਹਵਾ, ਪਾਣੀ, ਅੱਗ ਆਦਿ ਆਪਾ ਮਹਿਸੂਸ ਕਰਦੇ ਜਾਂ ਵਰਤਦੇ ਹਾਂ ਉਹ ਜਿਸ ਸ਼ਕਤੀ ਤੋਂ ਉਤਪੰਨ ਹੋਇਆਂ ਹਨ ਉਸ ਨੂੰ ਪ੍ਰਭੂ ਦਾ ਨਿਰਗੁਣ ਸਰੂਪ ਕਹਿੰਦੇ ਹਨ ਤੇ ਜਦ ਇਹ ਨਿਰਗੁਣ ਸਰੂਪ ਸਰਗੁਣ ਵਿੱਚ ਬਦਲਿਆ ਤਾਂ ਉਹ ਕਣ ਕਣ ਅੰਦਰ ਸਮਾਅ ਗਿਆ।
ਮੂਰਤ ਇਸਤਰੀ ਲਿੰਗ ਹੋਣ ਕਰਕੇ ਤ ਨੂੰ ਸਿਹਾਰੀ ਆਈ ਹੈ।
*ਗੁਰਪ੍ਰਸਾਦਿ* – ਗੁਰੂ ਦੀ ਕ੍ਰਿਪਾ ਦੁਆਰਾ। ਉਪਰੋਕਤ ਦੱਸੇ ਗਏ ਗੁਣਾ ਵਾਲਾ ਪ੍ਰਭੂ ਗੁਰੂ ਦੀ ਕ੍ਰਿਪਾ ਦੁਆਰਾ ਹੀ ਮਿਲ ਸਕਦਾ ਹੈ।
ਪ੍ਰਸਾਦ ਗੁਰਬਾਣੀ ਅੰਦਰ ਦੋ ਤਰ੍ਹਾ ਆਇਆ ਹੈ। “ਪ੍ਰਸਾਦੁ” ਅਤੇ “ਪ੍ਰਸਾਦਿ”।
“ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥ ਨਾਨਕ ਪ੍ਰਭ ਸਰਣਾਗਤੀ ਕਰਿ *ਪ੍ਰਸਾਦੁ* ਗੁਰਦੇਵ ॥੧॥ {ਪੰਨਾ 269}”ਇੱਥੇ ਪ੍ਰਸਾਦੁ ਦਾ ਮਤਲਬ ਕ੍ਰਿਪਾ ਹੈ ਤੇ ਬਾਕੀ ਸਾਰੀ ਅਸ਼ਟਪਦੀ ਵਿੱਚ *ਪ੍ਰਸਾਦਿ* ਆਇਆ ਹੈ ਜਿਸ ਦਾ ਮਤਲਬ ਕ੍ਰਿਪਾ ਨਾਲ ਹੈ। “ ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥ ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥ ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥ ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ॥ ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥ ਤਿਸਹਿ ਧਿਆਇ ਸਦਾ ਮਨ ਅੰਦਰਿ ॥ ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥ ਆਠ ਪਹਰ ਸਿਮਰਹੁ ਤਿਸੁ ਰਸਨਾ ॥ ਜਿਹ ਪ੍ਰਸਾਦਿ ਰੰਗ ਰਸ ਭੋਗ ॥ ਨਾਨਕ ਸਦਾ ਧਿਆਈਐ ਧਿਆਵਨ ਜੋਗ ॥੧॥ {ਪੰਨਾ 269}” ਸੋ ਇੱਥੇ ਪ੍ਰਸ਼ਾਦ ਜਾਂ ਪਰਸ਼ਾਦ ਉਚਾਰਨ ਕਰਨਾ ਗਲਤ ਹੈ।
ਗੁਰਬਾਣੀ ਅੰਦਰ ਪ੍ਰਭੂ ਦੀ ਪ੍ਰਾਪਤੀ ਜਾਂ ਸੋਝੀ ਲਈ ਗੁਰੂ ਉਪਦੇਸ਼ ਦੀ ਜ਼ਰੂਰਤ ਬਹੁਤ ਦੱਸੀ ਗਈ ਹੈ। “ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥ ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥ ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥”(੨੨)
“ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥”(੪੬੬)
“ ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥ ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥ {ਪੰਨਾ 1237}” (ਗੁਰੂ ਰੂਪੀ ਚਾਬੀ ਤੋਂ ਬਿਨ੍ਹਾ ਮਨ ਰੂਪੀ ਕੋਠੇ ਦੇ ਦਰਵਾਜ਼ੇ ਉਤੇ ਲਗਾ ਹੋਇਆਂ ਮਾਇਆ ਰੂਪੀ ਤਾਲਾ ਨਹੀਂ ਖੁੱਲ ਸਕਦਾ। )
“ ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ। “(੧੨੪)
“ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥ ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ। “(੫੨੮) {ਬੇਰਕਟੀ- ਕੋਹੜੀ}
ਅਤੇ “ ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥ ਜੀਵਨ ਮਰਨੁ ਦੋਊ ਮਿਟਵਾਇਆ। “(੮੭੧) {ਡਗਰੋ- ਅਸਲ ਜੀਵਨ}
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
*ਅਰਥ*- ਪਰਮਾਤਮਾ ਇਕ ਹੈ। ਉਹ ਸੱਚ ਅੰਦਰ ਹੈ( ਸੋ ਜਿਤਨਾ ਅਸੀ ਸੱਚ ਨੂੰ ਅਪਣਾਉਂਦੇ ਜਾਵਾਂਗੇ ਉਨ੍ਹਾਂ ਹੀ ਪ੍ਰਭੂ ਦੇ ਨੇੜੇ ਹੁੰਦੇ ਜਾਵਾਂਗੇ)। ਉਹ ਸਾਰੀ ਕਾਇਨਾਤ ਦਾ ਰਚਨ ਵਾਲਾ ਹੈ ਤੇ ਸਾਰੀ ਕਾਇਨਾਤ ਅੰਦਰ ਵਰਤ ਰਿਹਾ ਹੈ। ਉਸਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਉਹ ਕਿਸੇ ਨਾਲ ਕੋਈ ਵੈਰ ਨਹੀਂ ਰੱਖਦਾ ( ਜਦ ਸਾਡੀ ਮਰਜ਼ੀ ਅਨੁਸਾਰ ਕੋਈ ਕੰਮ ਸਿਰੇ ਨਹੀਂ ਚੜਦਾ ਜਾਂ ਕੋਈ ਬਿਮਾਰੀ/ ਚੋਟ ਆ ਜਾਂਦੀ ਹੈ ਤਾਂ ਮਨਮੁਖ ਉਸ ਸਮੇਂ ਕਹਿੰਦੇ ਸੁਣੇ ਹਨ ਕਿ ਰੱਬ ਨੇ ਪਤਾ ਨਹੀਂ ਕੀ ਵੈਰ ਲਿਆ ਹੈ ਪਰ ਗੁਰਮੁਖ ਕਹਿੰਦੇ ਹਨ ਉਸ ਪ੍ਰਭੂ ਦਾ ਭਾਣਾ/ ਹੁਕਮ ਹੈ ਤੇ ਇਸ ਵਿੱਚ ਕੋਈ ਜ਼ਰੂਰ ਭਲਾ ਹੈ)। ਉਸ ਪ੍ਰਭੂ ਦੀ ਹਸਤੀ ਕਿਸੇ ਵੀ ਤਰ੍ਹਾਂ ਦੇ ਕਾਲ ਤੋਂ ਰਹਿਤ ਹੈ( ਉਹ ਜਨਮ ਮਰਣ ਵਿੱਚ ਨਹੀਂ ਆਉਂਦਾ ਤੇ ਕਿਸੇ ਵੀ ਤਰਾਂ ਸਮੇਂ ਦੇ ਅਧੀਨ ਨਹੀਂ ਹੈ ਬਲਕਿ ਸਮਾਂ ਉਸ ਦੇ ਹੁਕਮ ਅਨੁਸਾਰ ਚੱਲਦਾ ਹੈ)। ਪ੍ਰਭੂ ਕਿਸੇ ਵੀ ਜੂਨ ਵਿੱਚ ਨਹੀਂ ਆਉਂਦਾ ( ਉਹ ਨਾ ਕਿਸੇ ਜੂਨ ਵਿੱਚ ਆਇਆ ਹੈ ਨਾਂ ਹੀ ਆਵੇਗਾ ਬਲਕਿ ਉਸ ਨੂੰ ਅਪਣੀ ਹੋਂਦ ਪੈਦਾ ਕਰਨ ਲਈ ਕਿਸੇ ਤਰ੍ਹਾ ਦੇ ਵੀ ਮਾਂ ਬਾਪ ਦੀ ਲੋੜ ਨਹੀਂ। ਜਦ ਕਾਦਰ ਦੀ ਕੁਦਰਤ ਦਾ ਵਿਧਾਨ ਹੈ ਕਿ ਬੱਚੇ ਦੇ ਪੈਦਾ ਹੋਣ ਲਈ ਮਾਂ ਬਾਪ ਦਾ ਹੋਣਾ ਲਾਜ਼ਮੀ ਹੈ “ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ” (ਪੰਨਾ-੮੭੨) ਭਾਵੇਂ ਕਿ ਇਹ ਜ਼ਰੂਰੀ ਨਹੀਂ ਕਿ ਹਰ ਮਾਂ ਬਾਪ ਮਿਲ ਕੇ ਬੱਚਾ ਪੈਦਾ ਸਕਣ। ਕਿਉ ਕਿ ਜੰਮਣਾ ਤੇ ਮਰਨਾ ਪਰਮੇਸ਼ਰ ਨੇ ਅਪਣੇ ਹੱਥ ਰੱਖਿਆਂ ਹੈ “ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥”(ਪੰਨਾ-੪੭੨)। )ਉਸ ਪ੍ਰਭੂ ਨੇ ਅਪਣੀ ਹਸਤੀ ਖ਼ੁਦ ਆਪ ਪੈਦਾ ਕੀਤੀ ਹੈ। ( ਹੁਣ ਸਵਾਲ ਪੈਦਾ ਹੋ ਗਿਆ ਜਿਸ ਪ੍ਰਭੂ ਦੇ ਉਪਰੋਕਤ ਸਭ ਗੁਣ ਹਨ ਉਸ ਨੂੰ ਮਿਲਿਆਂ ਕਿਵੇਂ ਜਾ ਸਕਦਾ ਹੈ? ਗੁਰੂ ਸਾਹਿਬ ਖ਼ੁਦ ਇਸ ਦਾ ਜੁਆਬ ਦਿੰਦੇ ਹਨ) ਉਹ ਗੁਰੂ ਦੀ ਕ੍ਰਿਪਾ ਸਦਕਾ ਹੀ ਮਿਲਿਆਂ ਜਾ ਸਕਦਾ ਹੈ। “ਮਤ ਕੋ ਭਰਮਿ ਭੁਲੈ ਸੰਸਾਰਿ ॥ ਗੁਰ ਬਿਨੁ ਕੋਇ ਨ ਉਤਰਸਿ ਪਾਰਿ।” (ਪੰਨਾ- ੮੬੪)
*ਨੋਟ*- ਸੁਆਲ ਬਣ ਗਿਆ ਗੁਰੂ ਦੀ ਕ੍ਰਿਪਾ ਮਿਲੇਗੀ ਕਿਵੇਂ? ਆਉ ਇਹ ਵੀ ਗੁਰੂ ਤੋਂ ਹੀ ਪੁੱਛਦੇ ਹਾਂ- *ਸ਼ਬਦ* -“ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥ ਗੁਰੂ ਬਿਨਾ ਮੈ ਨਾਹੀ ਹੋਰ ॥ ਗੁਰ ਕੀ ਟੇਕ ਰਹਹੁ ਦਿਨੁ ਰਾਤਿ ॥ ਜਾ ਕੀ ਕੋਇ ਨ ਮੇਟੈ ਦਾਤਿ ॥੧॥ ਗੁਰੁ ਪਰਮੇਸਰੁ ਏਕੋ ਜਾਣੁ ॥ ਜੋ ਤਿਸੁ ਭਾਵੈ ਸੋ ਪਰਵਾਣੁ ॥੧॥ ਰਹਾਉ ॥ ਗੁਰ ਚਰਣੀ ਜਾ ਕਾ ਮਨੁ ਲਾਗੈ ॥ ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥ ਗੁਰ ਕੀ ਸੇਵਾ ਪਾਏ ਮਾਨੁ ॥ ਗੁਰ ਊਪਰਿ ਸਦਾ ਕੁਰਬਾਨੁ ॥
*ਅਰਥ*: ਹੇ ਭਾਈ! ਗੁਰੂ ਅਤੇ ਪਰਮਾਤਮਾ ਨੂੰ ਇੱਕ ਰੂਪ ਸਮਝੋ। ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਗੁਰੂ ਭੀ (ਸਿਰ-ਮੱਥੇ) ਕਬੂਲ ਕਰਦਾ ਹੈ।੧।ਰਹਾਉ।
ਹੇ ਮੇਰੇ ਮਨ! ਹਰ ਵੇਲੇ ਗੁਰੂ (ਦੇ ਉਪਦੇਸ਼) ਨੂੰ ਚੇਤੇ ਰੱਖ, ਮੈਨੂੰ ਗੁਰੂ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਸੁੱਝਦਾ। ਹੇ ਮਨ! ਜਿਸ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਦਾਤਿ ਨੂੰ ਕੋਈ ਮਿਟਾ ਨਹੀਂ ਸਕਦਾ, ਉਸ ਗੁਰੂ ਦੇ ਆਸਰੇ ਦਿਨ ਰਾਤ ਟਿਕਿਆ ਰਹੁ।੧।
ਹੇ ਮੇਰੇ ਮਨ! ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਉਸ ਦੀ ਹਰੇਕ ਭਟਕਣਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ। ਹੇ ਮਨ! ਗੁਰੂ ਦੀ ਸਰਨ ਪੈ ਕੇ ਮਨੁੱਖ (ਹਰ ਥਾਂ) ਆਦਰ ਹਾਸਲ ਕਰਦਾ ਹੈ। ਹੇ ਮੇਰੇ ਮਨ! ਗੁਰੂ ਤੋਂ ਸਦਾ ਸਦਕੇ ਹੋ।੨।
॥ *ਜਪੁ* ॥
ਜਪੁ ਇਸ ਬਾਣੀ ਦਾ ਸਿਰਲੇਖ ਹੈ। ਇਸੇ ਲਈ ਗੁਰੂ ਸਾਹਿਬ ਇਸ ਇਕੱਲੇ ਨੂੰ ਇਕ ਪੂਰੀ ਲਾਇਨ ਵਿੱਚ ਲਿਖਣ ਦੇ ਨਾਲ ਹੀ ਜਪੁ ਦੇ ਅੱਗੇ ਤੇ ਪਿੱਛੇ ਦੋ ਡੰਡੀਆਂ ਲਗਾ ਦਿੱਤੀਆਂ ਹਨ ਤਾਂ ਕਿ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨ ਰਹੇ। ਦੂਸਰਾ ਜਪੁ ਲਫ਼ਜ਼ ਨਾਮ ਹੈ ਇਸ ਲਈ ਹੀ ਪ ਨੂੰ ਔਕੜ ਲੱਗਾ ਹੋਇਆਂ ਹੈ। ਜਿੱਥੇ ਜਪ ਜੱਪਣ ਲਈ ਗੁਰਬਾਣੀ ਅੰਦਰ ਕ੍ਰਿਆ ਦੇ ਰੂਪ ਵਿੱਚ ਆਇਆ ਹੈ ਉੱਥੇ ਪ ਸਿਹਾਰੀ ਨਾਲ ਆਇਆ ਹੈ।
“ ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ।”
ਅੱਜ ਬਹੁਤ ਕੁਝ ਹੋ ਰਿਹਾ ਹੈ ਜਿਸ ਤੋਂ ਬਹੁਤ ਸੁਚੇਤ ਹੋਣ ਦੀ ਲੋੜ ਹੈ। ਦਮਦਮੀ ਟਕਸਾਲ ਵੱਲੋਂ ਛੱਪੀਆਂ ਪੋਥੀਆਂ ਵਿੱਚ ਜਪੁ ਦੀਆ ਪਹਿਲੀਆਂ ਦੋ ਡੰਡਆਂ ਜੋ ਗੁਰੂ ਸਾਹਿਬ ਨੇ ਲਾਈਆਂ ਹਨ ਉਹ ਸਿਰਫ ਅਪਣੀ ਜ਼ਿਦ ਪੁਗਾਉਣ ਦੀ ਖ਼ਾਤਰ ਉਡਾ ਦਿੱਤੀਆਂ ਗਈਆਂ ਹਨ।
ਜਪੁ ਬਾਣੀ ਦਾ ਵਿਸ਼ਾ ਵਸਤੂ ੧ਓ ਦੀ ਸਿਫ਼ਤ ਸਾਲਾਹ ਹੈ। ਜਿਸ ਤਰ੍ਹਾਂ ਬਾਕੀ ਬਾਣੀ ਜਾਂ ਰਾਗਾਂ ਤੋਂ ਪਹਿਲਾ ਗੁਰੂ ਸਾਹਿਬ ਨੇ ਮੰਗਲਾ ਚਰਨ ਉਚਾਰਨ ਕੀਤੇ ਹਨ ਠੀਕ ਉਸੇ ਤਰ੍ਹਾਂ ਇਸ ਬਾਣੀ ਤੋਂ ਪਹਿਲਾਂ ਵੀ ਗੁਰੂ ਸਾਹਿਬ ਨੇ ੧ਓ ਤੋਂ ਲੈ ਕੇ ਗੁਰ ਪ੍ਰਸਾਦਿ ਤੱਕ ਮੰਗਲਾ ਚਰਨ ਉਚਾਰਨ ਕੀਤਾ ਹੈ ਜਿਸ ਨੂੰ ਆਪਾ ਮੂਲ ਮੰਤਰ ਵੀ ਕਹਿੰਦੇ ਹਾਂ। ਉਸ ਤੋਂ ਬਾਅਦ ਬਾਣੀ ਦਾ ਨਾਮ ਹੈ “ ਜਪੁ” ਫਿਰ ਸਲੋਕ, ੩੮ ਪਉੜੀਆ ਤੇ ਅਖੀਰ ਵਿੱਚ ਇੱਕ ਸਲੋਕ ਹੈ।
*ਪਦ ਅਰਥ* – ਆਦਿ- ਮੁੱਢ, ਜੁਗਾਦਿ- ਜੁਗਾਂ ਦੀ ਹੋਂਦ ਤੋਂ ਪਹਿਲਾ, ਸਚੁ- ਸਦੀਵ ਹੋਂਦ ਵਾਲਾ ਆਕਾਲ ਪੁਰਖ, ਨਾਨਕ- ਬਾਣੀ ਦਾ ਕਰਤਾ।
*ਅਰਥ* – ਨਾਨਕ (ਗੁਰੂ ਸਾਹਿਬ ਫ਼ੁਰਮਾਉਂਦੇ ਹਨ) ਪ੍ਰਭੂ ਆਦਿ ਅਤੇ ਜੁਗਾਦਿ ਤੋਂ ਪਹਿਲਾ ਸਦੀਵ ਹੋਂਦ ਵਾਲਾ ਸੀ ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਦੀਵ ਹੋਂਦ ਵਾਲਾ ਹੀ ਹੋਵੇਗਾ।
ਇਹ ਸਵਾਲ ਗੁਰੂ ਸਾਹਿਬ ਨੂੰ ਸਿੱਧਾ ਨੇ ਵੀ ਕੀਤਾ ਸੀ। “ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ ॥” ਤਾਂ ਗੁਰੂ ਸਾਹਿਬ ਉਸ ਦਾ ਉਤਰ ਦਿੱਤਾ ਸੀ “ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ ॥” (੯੪੦)
*ਨੋਟ* -ਇਸ ਪਉੜੀ ਦੀ ਪੰਜਵੀਂ ਤੁਕ ਪੜ੍ਹਿਆਂ ਇਹ ਪਤਾ ਲੱਗਦਾ ਹੈ ਕਿ ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਮਨ ਨੂੰ ‘ਸਚਿਆਰਾ’ ਕਰਨ ਦਾ ਤਰੀਕਾ ਦੱਸ ਰਹੇ ਹਨ। ਸਭ ਤੋਂ ਪਹਿਲਾਂ ਉਹਨਾਂ ਸਾਧਨਾਂ ਦਾ ਜ਼ਿਕਰ ਕਰਦੇ ਹਨ ਜੋ ਹੋਰ ਲੋਕ ਵਰਤ ਰਹੇ ਹਨ। ਅਕਲ ਦੇ ਘੋੜੇ ਦੌੜਾਂ ਕੇ ,ਜੰਗਲਾਂ ਵਿਚ ਜਾ ਕੇ ਸਮਾਧੀ ਲਾਉਣੀ, ਮਨ ਨੂੰ ਮਾਇਆ ਵਿਚ ਪਹਿਲਾਂ ਰਜਾ ਲੈਣਾ, ਸ਼ਾਸਤ੍ਰਾਂ ਦੀ ਫਿਲਾਸਫ਼ੀ-ਇਹ ਆਮ ਪਰਚਲਤ ਤਰੀਕੇ ਸਨ। ਪਰ ਸਤਿਗੁਰੂ ਜੀ ਇਹਨਾਂ ਤੋਂ ਵੱਖਰਾ ਉਹ ਸਾਧਨ ਦੱਸਦੇ ਹਨ, ਜਿਸ ਨੂੰ ਗੁਰਸਿੱਖੀ ਦਾ ਮੁੱਢਲਾ ਨਿਯਮ ਸਮਝ ਲੈਣਾ ਚਾਹੀਦਾ ਹੈ, ਭਾਵ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰਨਾ।
-ਸੋਚੈ = ਸੋਚਣਾ , ਚੁੰਚ ਗਿਆਨ। ਸੋਚਿ = ਸੋਚ ਕੇ। ਨ ਹੋਵਈ = ਨਹੀਂ ਹੋ ਸਕਦੀ। ਸੋਚੀ = ਮੈਂ ਸੋਚਾਂ। ਚੁਪੈ = ਚੁੱਪ ਕਰ ਰਹਿਣ ਨਾਲ। ਚੁਪ = ਸ਼ਾਂਤੀ, ਮਨ ਦੀ ਚੁੱਪ, ਮਨ ਦਾ ਟਿਕਾਉ। ਲਾਇ ਰਹਾ = ਮੈਂ ਲਾਈ ਰੱਖਾਂ। ਲਿਵ ਤਾਰ = ਲਿਵ ਦੀ ਤਾਰ, ਲਿਵ ਦੀ ਡੋਰ, ਇਕ = ਤਾਰ ਸਮਾਧੀ।
*ਨੋਟ*- ਸੋਚਿ ਦੇ ਅਰਥ ਵਿਦਵਾਨਾਂ ਨੇ ਦੋ ਤਰ੍ਹਾਂ ਲਏ ਹਨ। ਸੋਚ ਇਸ਼ਨਾਨ ਤੇ ਦੂਸਰੇ ਸੋਚਣਾ। ਪ੍ਰੋ: ਸਾਹਿਬ ਸਿੰਘ ਨੇ ਸੋਚ ਦੇ ਅਰਥ ਕਰਨ ਲੱਗਿਆ ‘ਸੋਚ’ ਦਾ ਅਰਥ ‘ਇਸ਼ਨਾਨ’ ਤੇ ਸੁਚਿ ਦਾ ਅਰਥ ‘ਪਵਿੱਤਰ’ ਲੈ ਕੇ ਦੋਨਾ ਦਾ ਸੁਮੇਲ ਕਰ ਦਿੱਤਾ ਸੁੱਚ ਪਵਿੱਤਰਤਾ। ਜੇ ਆਪਾ ਗੁਰਬਾਣੀ ਅੰਦਰ ਝਾਤ ਮਾਰਦੇ ਹਾਂ ਤਾਂ ‘ਸੋਚਿ’ ਲਫ਼ਜ਼ ਗੁਰਬਾਣੀ ਅੰਦਰ ਹੀ ਮਿਲ ਜਾਂਦਾ ਹੈ ਜਿਸਦਾ ਅਰਥ ਹੈ ਸੋਚਣਾ। “ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥ ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥੧॥ (ਪੰਨਾ ੪੭੭) ਅਤੇ “ ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ ॥ ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ। “(ਪੰਨਾ-੪੮੩)
*ਅਰਥ* – ਜੇ ਮੈਂ ਲੱਖਾਂ ਵਾਰੀ (ਸਚਿਆਰ ਬਣਨ ਲਈ) ਸੋਚਦਾ ਰਹਾਂ (ਤਾਂ ਸੱਚਿਆਰ ਨਹੀਂ ਬਣ ਪਾਵਾਂ ਗਾ ਕਿਉਂਕਿ ਗੁਰੂ ਸਾਹਿਬ ਤਾਂ ਕਹਿੰਦੇ ਹਨ “ਨਹ ਬਿਲੰਬ ਧਰਮੰ ਬਿਲੰਬ ਪਾਪੰ ॥ ਦ੍ਰਿੜੰਤ ਨਾਮੰ ਤਜੰਤ ਲੋਭੰ ॥”) (ਜੇ ਚੁੱਪ ਕਰਨ ਦੀ ਗੱਲ ਹੈ ਮਨ ਤਾਂ ) ਚੁੱਪ ਹੋ ਹੀ ਨਹੀਂ ਸਕਦਾ ਭਾਵੇਂ ਮੈ ( ਸਰੀਰ) ਕਰਕੇ ਸਮਾਧੀ ਵੀ ਲਾ ਲਵਾਂ। ( ਕਿਉਂਕਿ ਮਨ ਵਿੱਚ ਤਾਂ ਤ੍ਰਿਸ਼ਨਾ, ਵਿਕਾਰਾਂ ਆਦਿ ਦੀ ਭਟਕਣਾ ਚੱਲ ਰਹੀ ਹੈ ਜੇ ਇਹ ਨਹੀਂ ਵੀ ਤਾਂ ਪ੍ਰਭਤਾ ਦੀ ਚਾਹਤ ਹੈ)
*ਸ਼ਬਦ* – ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
*ਸ਼ਬਦ* – ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
*ਪਦ ਅਰਥ*: ਭੁਖ = ਤ੍ਰਿਸ਼ਨਾ, ਲਾਲਚ। ਭੁਖਿਆ = ਤ੍ਰਿਸ਼ਨਾ ਦੇ ਅਧੀਨ ਰਿਹਾਂ। ਨ ਉਤਰੀ = ਦੂਰ ਨਹੀਂ ਹੋ ਸਕਦੀ। ਬੰਨਾ = ਬੰਨ੍ਹ ਲਵਾਂ, ਸਾਂਭ ਲਵਾਂ। ਪੁਰੀ = ਲੋਕ, ਭਵਣ। ਪੁਰੀਆ ਭਾਰ = ਸਾਰੇ ਲੋਕਾਂ ਦੇ ਭਾਰ। ਭਾਰ = ਪਦਾਰਥਾਂ ਦੇ ਸਮੂਹ। ਸਹਸ = ਹਜ਼ਾਰਾਂ। ਸਿਆਣਪਾ = ਚਤੁਰਾਈਆਂ। ਹੋਹਿ = ਹੋਵਣ। ਇਕ = ਇਕ ਭੀ ਚਤੁਰਾਈ।
*ਅਰਥ*: ਜੇ ਮੈਂ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ (ਭੀ) ਸਾਂਭ ਲਵਾਂ, ਤਾਂ ਭੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ। ਜੇ (ਮੇਰੇ ਵਿਚ) ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ, (ਤਾਂ ਭੀ ਉਹਨਾਂ ਵਿਚੋਂ) ਇਕ ਭੀ ਚਤੁਰਾਈ ਸਾਥ ਨਹੀਂ ਦੇਂਦੀ।
*ਨੋਟ* –
( ਜਦ ਸੋਚਣ ਵਾਲੀ ਚੱਲਦੀ ਗੱਲ ਨੂੰ ਗੁਰੂ ਸਾਹਿਬ ਨੇ ਕੱਟਿਆਂ ਤਾਂ ਅੱਗੋਂ ਜੁਆਬ ਆ ਗਿਆ ਕਿ ਮੋਨ ਧਾਰਨ ਕਰ ਲਉ, ਜਦ ਗੁਰੂ ਜੀ ਇਸ ਨੂੰ ਵੀ ਕੱਟਦੇ ਹਨ ਅੱਗੋਂ ਜੁਆਬ ਆ ਗਿਆ ਕਿ ਬਹੁਤ ਸਾਰਾ ਧੰਨ ਦੌਲਤ ਰਾਜ ਭਾਗ ਇਕੱਠਾ ਕਰਕੇ ਮਨ ਦੀ ਹਰ ਤਰਾਂ ਦੀ ਤ੍ਰਿਸ਼ਨਾ ਬੁਝਾ ਦਿੱਤੀ ਜਾਵੇ ਜਿਵੇਂ ਵਾਮ ਮਾਰਗੀਏ ਕਰਦੇ ਹਨ ਪਰ ਗੁਰੂ ਜੀ ਨੇ ਇਸ ਨੂੰ ਵੀ ਰੱਦ ਕਰ ਦਿੱਤਾ ਤਾਂ ਅੱਗੋਂ ਜੁਆਬ ਆ ਗਿਆ ਕਿ ਕਿਤਾਬੀ ਗਿਆਨ ਇਕੱਠਾ ਕਰ ਲਿਆ ਜਾਵੇ ਤਾਂ ਸਚਿਆਰ ਬਣ ਸਕੀਦਾ ਹੈ ਗੁਰੂ ਸਾਹਿਬ ਨੇ ਇਸ ਨੂੰ ਵੀ ਕੱਟ ਦਿੱਤਾ “ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥ ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥ {ਪੰਨਾ 464}” ਅਤੇ ਹੋਰ “ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥”(ਪੰਨਾ-੭੩੦))
ਇਸ ਤੋਂ ਅੱਗ ਸੁਆਲ ਆ ਗਿਆ ਜੇ ਰੱਬ ਜੀ ਸਿਰਫ ਸੋਚਣ , ਮੋਨ ਧਾਰਨ ਨਾਲ, ਬਹੁਤ ਧੰਨ ਇਕੱਠਾ ਕਰਨ ਜਾਂ ਸਿਆਣਪਾਂ ਨਾਲ ਨਹੀਂ ਮਿਲਦਾ ਤਾਂ ਫਿਰ ਮਿਲਦਾ ਕਿਵੇਂ ਹੈ ?
ਤਾਂ ਗੁਰੂ ਜੀ ਇਸ ਦਾ ਉਤਰ ਦਿੰਦੇ ਹਨ।
*ਸ਼ਬਦ* – ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
*ਪਦ ਅਰਥ*: ਕਿਵ = ਕਿਸ ਤਰ੍ਹਾਂ। ਹੋਈਐ = ਹੋ ਸਕੀਦਾ ਹੈ। ਕੂੜੈ ਪਾਲਿ = ਕੂੜ ਦੀ ਪਾਲਿ, ਕੂੜ ਦੀ ਕੰਧ, ਕੂੜ ਦਾ ਪਰਦਾ। ਸਚਿਆਰਾ = (ਸਚ ਆਲਯ) ਸੱਚ ਦਾ ਘਰ, ਸੱਚ ਦੇ ਪਰਕਾਸ਼ ਹੋਣ ਲਈ ਯੋਗ। ਹੁਕਮਿ = ਹੁਕਮ ਵਿਚ। ਰਜਾਈ = ਰਜ਼ਾ ਵਾਲਾ, ਅਕਾਲ ਪੁਰਖ। ਨਾਲਿ = ਜੀਵ ਦੇ ਨਾਲ ਹੀ, ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ।1।
*ਅਰਥ*: (ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ) । ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ।1।
*ਭਾਵ*: ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇਕੋ ਹੀ ਤਰੀਕਾ ਹੈ ਕਿ ਜੀਵ ਉਸ ਦੀ ਰਜ਼ਾ ਵਿਚ ਤੁਰੇ। ਇਹ ਅਸੂਲ ਧੁਰ ਤੋਂ ਹੀ ਰੱਬ ਵਲੋਂ ਜੀਵ ਲਈ ਜਰੂਰੀ ਹੈ। ਪਿਤਾ ਦੇ ਕਹੇ ਵਿਚ ਪੁੱਤਰ ਤੁਰਦਾ ਰਹੇ ਤਾਂ ਪਿਆਰ, ਨਾ ਤੁਰੇ ਤਾਂ ਵਿੱਥ ਪੈਂਦੀ ਜਾਂਦੀ ਹੈ।
*ਨੋਟ* – ਇਸ ਪਉੜੀ ਅੰਦਰ ਹੁਕਮ ਸ਼ਬਦ ਤਿੰਨ ਤਰ੍ਹਾ ਆਇਆ ਹੈ। ਜਿਸ ਦੇ ਅਰਥ ਵੀ ਤਿੰਨ ਹਨ।
ਹੁਕਮੁ – ਹੁਕਮ
ਹੁਕਮਿ – ਹੁਕਮ ਅੰਦਰ
ਹੁਕਮ – ਹੁਕਮ ਤੋਂ
*ਸ਼ਬਦ* – ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
*ਪਦ ਅਰਥ*: ਹੁਕਮੀ = ਹੁਕਮ ਵਿਚ, ਅਕਾਲ ਪੁਰਖ ਦੇ ਹੁਕਮ ਅਨੁਸਾਰ। ਹੋਵਨਿ = ਹੁੰਦੇ ਹਨ, ਹੋਂਦ ਵਿਚ ਆਉਂਦੇ ਹਨ, ਬਣ ਜਾਂਦੇ ਹਨ। ਆਕਾਰ = ਸਰੂਪ, ਸ਼ਕਲਾਂ, ਸਰੀਰ। ਨ ਕਹਿਆ ਜਾਈ = ਕਹਿਆ ਨ ਜਾਈ, ਕਥਨ ਨਹੀਂ ਕੀਤਾ ਜਾ ਸਕਦਾ। ਜੀਅ = ਜੀਅ ਜੰਤ। ਹੁਕਮਿ = ਹੁਕਮ ਅਨੁਸਾਰ। ਵਡਿਆਈ = ਆਦਰ, ਸ਼ੋਭਾ।
*ਅਰਥ*: ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ ‘ਤੇ) ਸ਼ੋਭਾ ਮਿਲਦੀ ਹੈ।
*ਸ਼ਬਦ* – ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
*ਪਦ ਅਰਥ*: ਉਤਮੁ = ਸ੍ਰੇਸ਼ਟ, ਚੰਗਾ। ਲਿਖਿ = ਲਿਖ ਕੇ, ਲਿਖੇ ਅਨੁਸਾਰ। ਪਾਈਅਹਿ = ਪਾਈਦੇ ਹਨ, ਭੋਗੀਦੇ ਹਨ। ਇਕਨਾ = ਕਈ ਮਨੁੱਖਾਂ ਨੂੰ। ਬਖਸੀਸ = ਦਾਤ, ਬਖ਼ਸ਼ਸ਼। ਇਕਿ = ਕਈ ਮਨੁੱਖ। ਭਵਾਈਅਹਿ = ਭਵਾਈਦੇ ਹਨ, ਜਨਮ ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ।
*ਅਰਥ*: ਰੱਬ ਦੇ ਹੁਕਮ ਵਿਚ ਕੋਈ ਮਨੁੱਖ ਚੰਗਾ (ਬਣ ਜਾਂਦਾ) ਹੈ, ਕੋਈ ਭੈੜਾ। ਉਸ ਦੇ ਹੁਕਮ ਵਿਚ ਹੀ (ਆਪਣੇ ਕੀਤੇ ਹੋਏ ਕਰਮਾਂ ਦੇ) ਲਿਖੇ ਅਨੁਸਾਰ ਦੁੱਖ ਤੇ ਸੁਖ ਭੋਗੀਦੇ ਹਨ। ਹੁਕਮ ਵਿਚ ਹੀ ਕਦੀ ਮਨੁੱਖਾਂ ਉੱਤੇ (ਅਕਾਲ ਪੁਰਖ ਦੇ ਦਰ ਤੋਂ) ਬਖ਼ਸ਼ਸ਼ ਹੁੰਦੀ ਹੈ, ਅਤੇ ਉਸ ਦੇ ਹੁਕਮ ਵਿਚ ਹੀ ਕਈ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਭਵਾਈਦੇ ਹਨ।
*ਸ਼ਬਦ* – ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥
*ਪਦ ਅਰਥ*: ਅੰਦਰਿ = ਰੱਬ ਦੇ ਹੁਕਮ ਵਿਚ ਹੀ। ਸਭੁ ਕੋ = ਹਰੇਕ ਜੀਵ। ਬਾਹਰਿ ਹੁਕਮ = ਹੁਕਮ ਤੋਂ ਬਾਹਰ। ਹੁਕਮੈ = ਹੁਕਮ ਨੂੰ। ਬੁਝੈ = ਸਮਝ ਲਏ। ਹਉਮੈ ਕਹੈ ਨ = ਹਉਮੈ ਦੇ ਬਚਨ ਨਹੀਂ ਆਖਦਾ, ਮੈਂ ਮੈਂ ਨਹੀਂ ਆਖਦਾ, ਸੁਆਰਥੀ ਨਹੀਂ ਬਣਦਾ।
*ਅਰਥ*: ਹਰੇਕ ਜੀਵ ਰੱਬ ਦੇ ਹੁਕਮ ਵਿਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ (ਭਾਵ, ਹੁਕਮ ਤੋ ਆਕੀ) ਨਹੀਂ ਹੋ ਸਕਦਾ। ਹੇ ਨਾਨਕ! ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਸੁਆਰਥ ਦੀਆਂ ਗੱਲਾਂ ਨਹੀਂ ਕਰਦਾ (ਭਾਵ, ਫਿਰ ਉਹ ਸੁਆਰਥੀ ਜੀਵਨ ਛੱਡ ਦੇਂਦਾ ਹੈ) ।2।
*ਭਾਵ*: ਪ੍ਰਭੂ ਦੇ ਹੁਕਮ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਉਹ ਥੋੜ੍ਹ = ਵਿਤਾ ਨਹੀਂ ਰਹਿੰਦਾ।
*ਵਿਚਾਰ* – ਹੁਕਮ ਲਫ਼ਜ਼ ਇੱਥੇ ਗੁਰੂ ਸਾਹਿਬ ਨੇ ਆਮ ਨਹੀਂ ਬਲਕਿ ਖ਼ਾਸ ਅਰਥਾਂ ਵਿੱਚ ਵਰਤਿਆਂ ਹੈ ਪਰ ਆਮ ਤੌਰ ਤੇ ਆਪਾ ਹੁਕਮ ਨੂੰ ਆਮ ਅਰਥਾਂ ਵਿੱਚ ਲੈਂਦੇ ਹੋਏ ਉਲਝ ਕੇ ਰਹਿ ਜਾਂਦੇ ਹਾਂ। ਇਸੇ ਕਰਕੇ ਆਮ ਤੌਰ ਜਦ ਕੁਝ ਮਾੜਾ ਹੁੰਦਾ ਹੈ ਤਾਂ ਆਪਾ ਕਹਿ ਦਿੰਦੇ ਹਾਂ ਉਸ ਦੇ ਹੁਕਮ ਵਿੱਚ ਹੈ ਜੇ ਕੁਝ ਚੰਗਾ ਭਾਵ ਸਾਡੀ ਇੱਛਾ ਅਨੁਸਾਰ ਹੋ ਜਾਵੇ ਤਾਂ ਉਸ ਦਾ ਸਿਹਰਾ ਅਪਣੀ ਮਿਹਨਤ ਤੇ ਬੰਨਦੇ ਹਾਂ। ਜਦ ਗੁਰੂ ਸਾਹਿਬ ਨੇ ਸਪੱਸ਼ਟ ਕਹਿ ਦਿੱਤਾ ਹੈ ਉਹ ਅਪਣੀ ਮਰਜ਼ੀ ਕਰਦਾ ਹੈ। “ਰੰਕੁ ਰਾਉ ਜਾ ਕੈ ਏਕ ਸਮਾਨਿ ॥ ਕੀਟ ਹਸਤਿ ਸਗਲ ਪੂਰਾਨ ॥ ਬੀਓ ਪੂਛਿ ਨ ਮਸਲਤਿ ਧਰੈ ॥ ਜੋ ਕਿਛੁ ਕਰੈ ਸੁ ਆਪਹਿ ਕਰੈ ॥੨”(੮੬੩) ਗੁਰੂ ਸਾਹਿਬ ਰਾਉ ਤੇ ਰੰਕ ਆਪ ਹੀ ਬਣਾਉਂਦਾ ਹੈ ਤੇ ਇੱਥੇ ਸਪੱਸ਼ਟ ਕਰ ਦਿੱਤਾ ਕਿ ਉਸ ਲਈ ਸਭ ਬਰਾਬਰ ਹਨ ਕਿਸੇ ਨਾਲ ਕੋਈ ਵਿਤਕਰਾ ਨਹੀਂ ਤੇ ਨਾ ਹੀ ਕਿਸੇ ਦੀ ਸਲਾਹ ਪੁੱਛਦਾ ਹੈ। ਹਾਂ ਉਹ ਸਾਡੇ ਕਰਮਾ/ ਭਾਵਨਾ ਨੂੰ ਜ਼ਰੂਰ ਦੇਖਦਾ ਹੈ ਤੇ ਉਸੇ ਅਨੁਸਾਰ ਹੀ ਅਗਲਾ ਹੁਕਮ ਕਰਦਾ ਹੈ। ਜਿਸ ਕਰਕੇ ਕੋਈ ਰਾਜਾ ਕੋਈ ਰੰਕ ਬਣਾ ਦਿੰਦਾ ਹੈ। ਸੋ ਦੋਸ਼ ਕਿਸੇ ਨੂੰ ਨਹੀਂ ਅਪਣੇ ਆਪ/ ਕਰਮਾ ਨੂੰ ਦੇਣਾ ਬਣਦਾ। “ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ {ਪੰਨਾ 433}”ਪਰਮਾਤਮਾ ਕੁਝ ਸਾਂਝੇ ਹੁਕਮ ਸਭ ਲਈ ਬਰਾਬਰ ਕਰਦੇ ਹਨ ਜਿਵੇਂ-ਸੂਰਜ,ਚੰਦ,ਦਿਨ-ਰਾਤ,ਹਵਾ,ਪਾਣ, ਅੱਗ ਆਦਿ। ਕੁਝ ਜੀਵ ਲਈ ਨਿੱਜੀ ਹਨ ਜੋ ਉਸ ਦੇ ਕਰਮਾ/ ਭਾਵਨਾ ਅਨੁਸਾਰ ਹਨ। ਰੱਬ ਜੀ ਕੋਈ pick &choose ਨਹੀਂ ਕਰਦੇ। ਇਸੇ ਲਈ ਗੁਰੂ ਸਾਹਿਬ ਕਹਿੰਦੇ ਹਨ ਉਸ ਪ੍ਰਭੂ ਦੇ ਹੁਕਮ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਪਰ ਉਸ ਦੇ ਹੁਕਮ ਨਾਲ ਉੱਤਮ ਨੀਚ ਹੋ ਸਕਦਾ ਹੈ ਤੇ ਰੱਬੀ ਬਖ਼ਸ਼ਿਸ਼ ਵੀ ਉਸ ਦੇ ਹੁਕਮ ਨਾਲ ਹੀ ਮਿਲਦੀ ਹੈ। ਹਾਂ ਉਸਦੇ ਹੁਕਮ ਨੂੰ ਕਹਿਆ ਭਾਵੇਂ ਨਹੀਂ ਜਾਂ ਸਕਦਾ ਪਰ ਸਮਝਿਆਂ ਜਾਂ ਸਕਦਾ ਹੈ। ਜਿਸ ਨੇ ਸਮਝ ਲਿਆ ਉਹ ਕਿਸੇ ਤਰ੍ਹਾ ਦੀ ਵੀ ਹਉਮੈ ਤੋਂ ਰਹਿਤ ਹੋ ਜਾਂਦਾ।
ਕੁਝ ਕੁ ਹੁਕਮ ਸਮਝਣ ਲਈ ਜੋ *ਹਦਾਇਤਾਂ* ਗੁਰੂ ਸਾਹਿਬ ਨੇ *ਗੁਰਬਾਣੀ* ਅੰਦਰ ਕੀਤੀਆਂ ਹਨ ਉਹ ਸਾਂਝੀਆਂ ਕਰ ਰਿਹਾ ਹਾਂ-
੧. ਵਾਪਰਨਾ ਰੱਬ ਦੇ ਹੁਕਮ ਨੇ ਹੈ।
“ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥ ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ”(੪੬੯)
੨. ਹੁਕਮ ਦੀ ਸ਼ਕਤੀ ਸੀਤ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ “ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥ ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ। “(੭੨੪)
੩. ਕਿਰਤ ਕਰ ਕੇ ਅਪਣੀ ਰੋਜੀ ਕਮਾਉਣੀ – “
ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ {ਪੰਨਾ 1245}”
੫. ਰੱਬ ਸਭ ਕੁਝ ਜਾਣਦਾ ਹੈ- “ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥”(੬੧੬)
੬. ਰੱਬ ਸਭ ਜਾਣਦਾ ਹੈ ਕਿਸ ਨੂੰ ਕਿਵੇਂ ਸੰਭਾਲ਼ਨਾ ਹੈ- “ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥ ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥ ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥”(੧੦੭੦)
੭. ਕੋਈ ਸਦਾ ਲਈ ਕਾਇਮ ਨਹੀਂ ਰਹਿਣਾ – “ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥”(੧੪੨੯)
ਪਿਛਲੀ ਪਉੜੀ ਵਿੱਚ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਸਭ ਕੁਝ ਉਸ ਦੇ ਹੁਕਮ ਅੰਦਰ ਹੀ ਹੋ ਰਿਹਾ ਹੈ ਤੇ ਉਸ ਤੋਂ ਬਾਹਰ ਕੁਝ ਨਹੀਂ ਹੋ ਸਕਦਾ ਤੇ ਉਸ ਪ੍ਰਭੂ ਦਾ ਹੁਕਮ ਕੋਈ ਵੀ ਬਿਆਨ ਨਹੀਂ ਕਰ ਸਕਦਾ ਪਰ ਉਸ ਦੇ ਹੁਕਮ ਨੂੰ ਸਮਝਿਆਂ ਜਾ ਸਕਦਾ ਹੈ ਤੇ ਜਿਸ ਨੇ ਸਮਝ ਲਿਆ ਉਸ ਦੀ ਹਉਮੈ ਦੂਰ ਹੋ ਜਾਂਦੀ ਹੈ।
*ਸ਼ਬਦ* – ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ ਗਾਵੈ ਕੋ ਦਾਤਿ ਜਾਣੈ ਨੀਸਾਣੁ ॥
*ਪਦ ਅਰਥ*: ਕੋ = ਕੋਈ ਮਨੁੱਖ। ਤਾਣੁ = ਬਲ, ਅਕਾਲ ਪੁਰਖ ਦੀ ਤਾਕਤ। ਕਿਸੈ = ਜਿਸ ਕਿਸੇ ਮਨੁੱਖ ਨੂੰ। ਤਾਣੁ = ਸਮਰਥਾ। ਦਾਤਿ = ਬਖਸ਼ੇ ਹੋਏ ਪਦਾਰਥ। ਨੀਸਾਣੁ = (ਬਖ਼ਸ਼ਸ਼ ਦਾ) ਨਿਸ਼ਾਨ।
*ਅਰਥ*: ਕੋਈ ਮਨੁੱਖ ਸਮਰਥਾ ਹੋਣ ਕਰਕੇ ਰੱਬ ਦੇ ਤਾਣ ਨੂੰ ਗਾਉਂਦਾ ਹੈ, (ਭਾਵ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤੇ ਉਸ ਦੇ ਉਹ ਕੰਮ ਕਥਨ ਕਰਦਾ ਹੈ, ਜਿਨ੍ਹਾਂ ਤੋਂ ਉਸ ਦੀ ਵੱਡੀ ਤਾਕਤ ਪਰਗਟ ਹੋਵੇ “ ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥ ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥”(੫੩੭)। ਕੋਈ ਮਨੁੱਖ ਉਸ ਦੀਆਂ ਦਾਤਾਂ ਨੂੰ ਹੀ ਨਿਸ਼ਾਨ ਸਮਝਦਾ ਹੋਇਆਂ ਗਾਉਂਦਾ ਹੈ।
*ਸ਼ਬਦ* – ਗਾਵੈ ਕੋ ਗੁਣ ਵਡਿਆਈਆ ਚਾਰ ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥
*ਪਦ ਅਰਥ*: ਚਾਰ = ਸੁੰਦਰ, ਸੋਹਣੀਆਂ। ਵਿਦਿਆ = ਵਿੱਦਿਆ ਦੁਆਰਾ। ਵਿਖਮੁ = ਕਠਨ, ਔਖਾ। ਵੀਚਾਰੁ = ਗਿਆਨ।
ਸ਼ਬਦ ‘*ਚਾਰ*’ ਵਿਸ਼ੇਸ਼ਣ ਹੈ, ਜੋ ਇਕ = ਵਚਨ ਪੁਲਿੰਗ ਨਾਲ ‘ਚਾਰੁ’ ਹੋ ਜਾਂਦਾ ਹੈ ਤੇ ਬਹੁ-ਵਚਨ ਨਾਲ ਜਾਂ ਇਸਤ੍ਰੀ-ਲਿੰਗ ਨਾਲ ‘ਚਾਰ’ ਰਹਿੰਦਾ ਹੈ। ਪਰ ਸ਼ਬਦ ‘*ਚਾਰਿ*’ ‘ਚਹੁੰ’ ਦੀ ਗਿਣਤੀ ਦਾ ਵਾਚਕ ਹੈ। ਜਿਵੇਂ:
(1) ਚਾਰਿ ਕੁੰਟ ਦਹ ਦਿਸ ਭ੍ਰਮੇ, ਥਕਿ ਆਏ ਪ੍ਰਭ ਕੀ ਸਾਮ।
(2) ਚਾਰਿ ਪਦਾਰਥ ਕਹੈ ਸਭੁ ਕੋਈ।
*ਅਰਥ*: ਕੋਈ ਮਨੁੱਖ ਰੱਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਵਰਣਨ ਕਰਦਾ ਹੈ। ਕੋਈ ਮਨੁੱਖ ਵਿੱਦਿਆ ਦੇ ਬਲ ਨਾਲ ਅਕਾਲ ਪੁਰਖ ਦੇ ਕਠਨ ਗਿਆਨ ਨੂੰ ਗਾਉਂਦਾ ਹੈ (ਭਾਵ, ਸ਼ਾਸਤਰ ਆਦਿਕ ਦੁਆਰਾ ਆਤਮਕ ਫ਼ਿਲਾਸਫ਼ੀ ਦੇ ਔਖੇ ਵਿਸ਼ਿਆਂ ‘ਤੇ ਵਿਚਾਰ ਕਰਦਾ ਹੈ) ।
*ਸ਼ਬਦ* – ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥
*ਪਦ ਅਰਥ*: ਸਾਜਿ = ਪੈਦਾ ਕਰਕੇ, ਬਣਾ ਕੇ। ਤਨੁ = ਸਰੀਰ ਨੂੰ। ਖੇਹ = ਸੁਆਹ। ਜੀਅ = ਜੀਵਾਤਮਾ, ਜਿੰਦਾਂ। ਲੈ = ਲੈ ਕੇ। ਦੇਹ = ਦੇ ਦੇਂਦਾ ਹੈ।
*ਨੋਟ*: ‘ਜੀਉ’ ਤੋਂ ‘ਜੀਅ’ ਬਹੁ-ਵਚਨ ਹੈ।
ਇੱਥੇ ਸ਼ਬਦ ‘ਦੇਹ’ ਦਾ ‘ਹ’ ਪਹਿਲੀ ਤੁਕ ਦੇ ‘ਖੇਹ’ ਨਾਲ ਮਿਲਾਉਣ ਲਈ ਵਰਤਿਆ ਹੈ। ਉਂਞ ਸ਼ਬਦ ‘ਦੇਹ’ ਨਾਂਵ ਦਾ ਅਰਥ ਹੈ ‘ਸਰੀਰ’, ਜਿਵੇਂ ‘ਭਰੀਐ ਹਥੁ ਪੈਰੁ ਤਨੁ ਦੇਹ’।
ਸ਼ਬਦ ‘ਦੇ’, ‘ਦੇਹਿ’ ਅਤੇ ‘ਦੇਹ’ ਨੂੰ ਚੰਗੀ ਤਰ੍ਹਾਂ ਸਮਝਣ ਲਈ ਜਪੁਜੀ ਵਿਚੋਂ ਹੇਠ ਲਿਖੀਆਂ ਤੁਕਾਂ ਦਿੱਤੀਆਂ ਜਾਂਦੀਆਂ ਹਨ:
(1) ਦੇਂਦਾ ਦੇ ਲੈਦੇ ਥਕਿ ਪਾਹਿ। ਪਉੜੀ 3।
(2) ਆਖਹਿ ਮੰਗਹਿ ਦੇਹਿ ਦੇਹਿ, ਦਾਤਿ ਕਰੇ ਦਾਤਾਰੁ।4।
(3) ਗੁਰਾ ਇਕ ਦੇਹਿ ਬੁਝਾਈ।5।
(4) ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣ ਦੇ।7।
(5) ਭਰੀਐ ਹਥੁ ਪੈਰੁ ਤਨੁ ਦੇਹ। 20।
(6) ਦੇ ਸਾਬੂਣੁ ਲਈਐ ਓਹੁ ਧੋਇ। 20।
(7) ਆਪੇ ਜਾਣੈ ਆਪੇ ਦੇਇ। 25।
ਦੇ = ਦੇਂਦਾ ਹੈ। ਦੇ = ਦੇ ਕੇ।
ਦੇਇ = ਦੇਂਦਾ ਹੈ। ਦੇਇ = ਦੇ ਕੇ।
ਦੇਹ = ਸਰੀਰ। ਦੇਹਿ = ਦੇਹ(ਹੁਕਮੀ ਭਵਿਖਤ ਕਾਲ) ।
*ਅਰਥ*: ਕੋਈ ਮਨੁੱਖ ਇਉਂ ਗਾਉਂਦਾ ਹੈ, ‘ਅਕਾਲ ਪੁਰਖ ਸਰੀਰ ਨੂੰ ਬਣਾ ਕੇ (ਫਿਰ) ਸੁਆਹ ਕਰ ਦੇਂਦਾ ਹੈ’। ਕੋਈ ਇਉਂ ਗਾਉਂਦਾ ਹੈ, ‘ਹਰੀ (ਸਰੀਰਾਂ ਵਿਚੋਂ) ਜਿੰਦਾਂ ਕੱਢ ਕੇ ਫਿਰ (ਦੂਜੇ ਸਰੀਰਾਂ ਵਿਚ) ਪਾ ਦੇਂਦਾ ਹੈ’।
*ਸ਼ਬਦ* – ਗਾਵੈ ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥
*ਪਦ ਅਰਥ*: ਜਾਪੈ = ਜਾਪਦਾ ਹੈ, ਪਰਤੀਤ ਹੁੰਦਾ ਹੈ। ਹਾਦਰਾ ਹਦੂਰਿ = ਹਾਜ਼ਰ ਨਾਜ਼ਰ, ਸਭ ਥਾਈਂ ਹਾਜ਼ਰ।
*ਅਰਥ*: ਕੋਈ ਮਨੁੱਖ ਆਖਦਾ ਹੈ, ‘ਅਕਾਲ ਪੁਰਖ ਦੂਰ ਜਾਪਦਾ ਹੈ, ਦੂਰ ਦਿੱਸਦਾ ਹੈ’; ਪਰ ਕੋਈ ਆਖਦਾ ਹੈ, ‘(ਨਹੀਂ, ਨੇੜੇ ਹੈ) , ਸਭ ਥਾਈਂ ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ’।
*ਸ਼ਬਦ* – ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥
*ਪਦ ਅਰਥ*: ਕਥਨਾ = ਕਹਿਣਾ, ਬਿਆਨ ਕਰਨਾ। ਕਥਨਾ ਤੋਟਿ = ਕਹਿਣ ਦੀ ਟੋਟ, ਗੁਣ ਵਰਣਨ ਕਰਨ ਦਾ ਅੰਤ। ਕਥਿ = ਆਖ ਕੇ। ਕਥਿ ਕਥਿ ਕਥੀ = ਆਖ ਆਖ ਕੇ ਆਖੀ ਹੈ, ਕਥਨਾ ਕਥ ਕਥ ਕੇ ਕਥੀ ਹੈ, ਬੇਅੰਤ ਵਾਰੀ ਪ੍ਰਭੂ ਦੇ ਹੁਕਮ ਦਾ ਵਰਣਨ ਕੀਤਾ ਹੈ। ਕੋਟਿ = ਕ੍ਰੋੜ, ਕ੍ਰੋੜਾਂ ਜੀਵਾਂ ਨੇ।
*ਲਫ਼ਜ਼ ਕੋਟਿ, ਕੋਟੁ, ਕੋਟ ਦਾ ਨਿਰਣਾ-*
(1) ਕੋਟਿ = ਕ੍ਰੋੜ (ਵਿਸ਼ੇਸ਼ਣ) ।
ਕੋਟਿ ਕਰਮ ਕਰੈ ਹਉ ਧਾਰੇ।
ਸ੍ਰਮੁ ਪਾਵੈ ਸਗਲੇ ਬਿਰਥਾਰੇ।3।12। (ਸੁਖਮਨੀ
ਕੋਟਿ ਖਤੇ ਖਿਨ ਬਖਸਨਹਾਰ।3। 30। (ਭੈਰਉ ਮ: 5
(2) ਕੋਟੁ = ਕਿਲ੍ਹਾ (ਨਾਂਵ ਇਕ-ਵਚਨ) ।
ਲੰਕਾ ਸਾ ਕੋਟੁ ਸਮੁੰਦ ਸੀ ਖਾਈ। (ਆਸਾ ਕਬੀਰ ਜੀ
ਏਕੁ ਕੋਟਿ ਪੰਚ ਸਿਕਦਾਰਾ (ਸੂਹੀ ਕਬੀਰ ਜੀ
(3) ਕੋਟ = ਕਿਲ੍ਹੇ (ਨਾਂਵ, ਬਹੁ ਵਚਨ) ।
ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ। (ਸਿਰੀ ਰਾਗ ਮ: 1
*ਅਰਥ*: ਕ੍ਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ (ਅਕਾਲ ਪੁਰਖ ਦੇ ਹੁਕਮ ਦਾ) ਵਰਣਨ ਕੀਤਾ ਹੈ, ਪਰ ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕੀ (ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ) ।
*ਸ਼ਬਦ* – ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥
*ਪਦ ਅਰਥ*: ਦੇਦਾ = ਦੇਂਦਾ, ਦੇਣ ਵਾਲਾ, ਦਾਤਾਰ ਰੱਬ। ਦੇ = (ਸਦਾ) ਦੇਂਦਾ ਹੈ, ਦੇ ਰਿਹਾ ਹੈ। ਲੈਦੇ = ਲੈਂਦੇ, ਲੈਣ ਵਾਲੇ ਜੀਵ। ਥਕਿ ਪਾਹਿ = ਥਕ ਪੈੰਦੇ ਹਨ। ਜੁਗਾ ਜੁਗੰਤਰਿ = ਜੁਗ ਜੁਗ ਅੰਤਰਿ, ਸਾਰੇ ਜੁਗਾਂ ਵਿਚ ਹੀ, ਸਦਾ ਤੋਂ ਹੀ। ਖਾਹੀ ਖਾਹਿ = ਖਾਂਦੇ ਹੀ ਖਾਂਦੇ ਹਨ, ਵਰਤਦੇ ਚਲੇ ਆ ਰਹੇ ਹਨ।
*ਅਰਥ*: ਦਾਤਾਰ ਅਕਾਲ ਪੁਰਖ (ਸਭ ਜੀਆਂ ਨੂੰ ਰਿਜ਼ਕ) ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ। (ਸਭ ਜੀਵ) ਸਦਾ ਤੋਂ ਹੀ (ਰੱਬ ਦੇ ਦਿੱਤੇ ਪਦਾਰਥ) ਖਾਂਦੇ ਚਲੇ ਆ ਰਹੇ ਹਨ।
“ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥ ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ ॥੨॥ {ਪੰਨਾ 523}”
*ਸ਼ਬਦ* – ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥੩॥
*ਪਦ ਅਰਥ*: ਹੁਕਮੀ = ਹੁਕਮ ਦਾ ਮਾਲਕ ਅਕਾਲ ਪੁਰਖ। ਹੁਕਮੀ ਹੁਕਮੁ = ਹੁਕਮ ਵਾਲੇ ਹਰੀ ਦਾ ਹੁਕਮ। ਰਾਹੁ = ਰਸਤਾ, ਸੰਸਾਰ ਦੀ ਕਾਰ। ਨਾਨਕ = ਹੇ ਨਾਨਕ! ਵਿਗਸੈ = ਖਿੜ ਰਿਹਾ ਹੈ, ਪਰਸੰਨ ਹੈ। ਵੇਪਰਵਾਹੁ = ਬੇਫਿਕਰ, ਚਿੰਤਾ ਤੋਂ ਰਹਿਤ।3।
*ਅਰਥ*: ਹੁਕਮ ਵਾਲੇ ਰੱਬ ਦਾ ਹੁਕਮ ਹੀ (ਸੰਸਾਰ ਦੀ ਕਾਰ ਵਾਲਾ) ਰਸਤਾ ਚਲਾ ਰਿਹਾ ਹੈ। ਹੇ ਨਾਨਕ! ਉਹ ਨਿਰੰਕਾਰ ਸਦਾ ਵੇਪਰਵਾਹ ਹੈ ਤੇ ਪਰਸੰਨ ਹੈ। (ਭਾਵ, ਭਾਵੇਂ ਰੱਬ ਹਰ ਵੇਲੇ ਸੰਸਾਰ ਦੇ ਬੇਅੰਤ ਜੀਵਾਂ ਨੂੰ ਅਤੁੱਟ ਪਦਾਰਥ ਤੇ ਰਿਜ਼ਕ ਪਹੁੰਚਾ ਰਿਹਾ ਹੈ, ਪਰ ਏਡੀ ਵੱਡੀ ਕਾਰ ਨਾਲ ਉਸ ਨੂੰ ਕੋਈ ਘਬਰਾਹਟ ਨਹੀਂ ਹੈ। ਉਹ ਸਦਾ ਖਿੜਿਆ ਹੋਇਆ ਹੈ। ਉਸ ਨੂੰ ਏਡੇ ਵੱਡੇ ਪਸਾਰੇ ਵਿਚ ਖਚਿਤ ਨਹੀਂ ਹੋਣਾ ਪੈਂਦਾ। ਉਸ ਦੀ ਇਕ ਹੁਕਮ = ਰੂਪ ਸੱਤਾ ਹੀ ਸਾਰੇ ਵਿਹਾਰ ਨੂੰ ਨਿਬਾਹ ਰਹੀ ਹੈ) ।3।
*ਨੋਟ* – (ਵੇਪਰਵਾਹ ਤੇ ਲਾਪਰਵਾਹ ਵਿੱਚ ਬਹੁਤ ਫਰਕ ਹੈ। ਰੱਬ ਜੀ ਵੇਪਰਵਾਹ ਹਨ ਲਾਪਰਵਾਹ ਨਹੀਂ ਸੋ ਸਿੱਖ ਨੇ ਵੀ ਵੇਪਰਵਾਹ ਹੋਣਾ ਹੈ ਲਾਪਰਵਾਹ ਨਹੀਂ )
*ਭਾਵ*: ਪ੍ਰਭੂ ਦੇ ਵੱਖੋ = ਵੱਖਰੇ ਕੰਮ ਵੇਖ ਕੇ ਮਨੁੱਖ ਆਪੋ ਆਪਣੀ ਸਮਝ ਅਨੁਸਾਰ ਪ੍ਰਭੂ ਦੀ ਹੁਕਮ = ਰੂਪ ਤਾਕਤ ਦਾ ਅੰਦਾਜ਼ਾ ਲਾਂਦੇ ਚਲੇ ਆ ਰਹੇ ਹਨ, ਪਰ ਕਿਸੇ ਪਾਸੋਂ ਮੁਕੰਮਲ ਅੰਦਾਜ਼ਾ ਲੱਗ ਨਹੀਂ ਸਕਿਆ।
*ਸ਼ਬਦ* – ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
*ਪਦ ਅਰਥ*: ਸਾਚਾ = ਹੋਂਦ ਵਾਲਾ, ਸਦਾ-ਥਿਰ ਰਹਿਣ ਵਾਲਾ। ਸਾਚੁ = ਸਦਾ-ਥਿਰ ਰਹਿਣ ਵਾਲਾ। ਨਾਇ = ਨਯਾਇ, ਨਿਆਇ, ਇਨਸਾਫ਼, ਨੀਯਮ, ਸੰਸਾਰ ਦੀ ਕਾਰ ਨੂੰ ਚਲਾਉਣ ਵਾਲਾ ਨੀਯਮ।
ਸਾਚੁ ਨਾਇ = *ਵਿਆਕਰਨ* ਦਾ *ਨੀਯਮ* ਹੈ ਕਿ ਕਿਸੇ ‘ਨਾਂਵ’ ਦੇ ਵਿਸ਼ੇਸ਼ਣ ਦਾ ਉਹੀ ਲਿੰਗ ਹੁੰਦਾ ਹੈ, ਜੋ ਉਸ ‘ਨਾਂਵ’ ਦਾ। ‘ਸਾਚੁ ਨਾਇ’ ਵਾਲੀ ਤੁਕ ਵਿਚ ‘ਸਾਹਿਬੁ’ ਪੁਲਿੰਗ ਹੈ, ਇਸ ਕਰ ਕੇ ‘ਸਾਚਾ’ ਭੀ ਪੁਲਿੰਗ ਹੈ। ‘ਸਾਚੁ’ ਪੁਲਿੰਗ ਹੈ, ਸੋ ਜਿਸ ‘ਨਾਂਵ’ ਦਾ ਇਹ ਵਿਸ਼ੇਸ਼ਣ ਹੈ, ਉਹ ਭੀ ਪੁਲਿੰਗ ਹੀ ਚਾਹੀਦਾ ਹੈ, ਅਤੇ ‘ਕਰਤਾ ਕਾਰਕ’ ਹੋਣਾ ਚਾਹੀਦਾ ਹੈ, ਜਿਵੇਂ ‘**ਸਾਹਿਬੁ**’ ਹੈ।
ਸ਼ਬਦ ‘ਨਾਉ’ ਜਿਤਨਾ ਚਿਰ ‘ਕਰਤਾ ਕਾਰਕ’ ਜਾਂ ‘ਕਰਮ ਕਾਰਕ’ ਵਿੱਚ ਵਰਤਿਆ ਜਾਂਦਾ ਹੈ, ਉਤਨਾ ਚਿਰ ਇਸ ਦੀ ਸ਼ਕਲ ਇਹੀ ਰਹਿੰਦੀ ਹੈ, ਜਿਵੇਂ:
(1) ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।4।
(2) ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ।7।
(3) ਜੇਤਾ ਕੀਤਾ ਤੇਤਾ ਨਾਉ। (ਪਉੜੀ 19)
(4) ਊਚੇ ਊਪਰਿ ਊਚਾ ਨਾਉ। (ਪਉੜੀ 24)
ਇਹੀ ਸ਼ਬਦ ‘ਨਾਉ’ ਜਪੁਜੀ ਵਿਚ ਇਕ ਵਾਰੀ ਹੋਰ ਆਇਆ ਹੈ, ਪਰ ਉਹ ‘ਕ੍ਰਿਆ’ ਹੈ ਤੇ ਉਸ ਦਾ ਅਰਥ ਹੈ, ‘ਇਸ਼ਨਾਨ ਕਰੋ’, ਜਿਵੇਂ:
ਅੰਤਰਗਤਿ ਤੀਰਥ ਮਲਿ ਨਾਉ। (ਪਉੜੀ 21)
ਸ਼ਬਦ ‘ਨਾਉ’ ਦਾ ਬਹੁ-ਵਚਨ ਜਪੁਜੀ ਵਿਚ ਦੋ ਵਾਰੀ ਆਇਆ ਹੈ, ਉਸ ਦਾ ਰੂਪ ‘ਨਾਂਵ’ ਹੈ, ਜਿਵੇਂ:
(1) ਅਸੰਖ ਨਾਵ ਅਸੰਖ ਨਾਵ। (ਪਉੜੀ 19)
(2) ਜੀਅ ਜਾਤਿ ਰੰਗਾ ਕੇ ਨਾਵ। (ਪਉੜੀ 16)
ਜਦੋਂ ਸ਼ਬਦ ‘ਨਾਉ’ ਕਰਤਾ ਕਾਰਕ ਜਾਂ ਕਰਮ ਕਾਰਕ ਤੋਂ ਬਿਨਾ ਕਿਸੇ ਹੋਰ ਕਾਰਕ ਵਿਚ ਵਰਤਿਆ ਜਾਏ, ਤਾਂ ‘ਨਾਉ’ ਦੀ ਥਾਂ ‘ਨਾਇ’ ਹੋ ਜਾਂਦਾ ਹੈ, ਜਿਵੇਂ:
ਨਾਇ ਤੇਰੈ ਤਰਣਾ ਨਾਇ ਪਤਿ ਪੂਜ।
ਨਾਉ ਤੇਰਾ ਗਹਣਾ ਮਤਿ ਮਕਸੂਦ। (ਪਰਭਾਤੀ ਬਿਭਾਸ ਮਹਲਾ 1
ਨਾਇ = ਨਾਮ ਦੀ ਰਾਹੀਂ।
ਪਰ ‘ਸਾਚਿ ਨਾਇ’ ਵਾਲਾ ‘ਨਾਇ’ ਕਰਤਾ ਕਾਰਕ ਹੀ ਹੋ ਸਕਦਾ ਹੈ, ਕਿਉਕਿ ਇਸ ਦਾ ਵਿਸ਼ੇਸ਼ਣ ‘ਸਾਚੁ’ ਭੀ ਕਰਤਾ ਕਾਰਕ ਹੈ। ਇਸ ‘ਨਾਇ’ ਉੱਪਰਲੇ ਪਰਮਾਣ ਵਾਲੇ ‘ਨਾਇ’ ਤੋਂ ਵੱਖਰਾ ਹੈ।
ਜਪੁਜੀ ਦੀ ਪਉੜੀ ਨੰ: 6 ਦੀ ਪਹਿਲੀ ਤੁਕ ਵਿਚ ਭੀ ‘ਨਾਇ’ ਸ਼ਬਦ ਮਿਲਦਾ ਹੈ, ਪਰ ਇਥੇ ‘ਕ੍ਰਿਆ’ ਹੈ, ਇਸ ਦਾ ਅਰਥ ਹੈ ‘ਨ੍ਹਾਇ ਕੇ’। ਸੋ ਇਹ ‘ਨਾਇ’ ਭੀ ‘ਸਾਚੁ ਨਾਇ’ ਵਾਲਾ ਨਹੀਂ ਹੈ। ਸ਼ਬਦ ‘ਨਾਈ’ ਭੀ ਜਪੁਜੀ ਵਿਚ ਹੇਠ ਲਿਖੀਆਂ ਤੁਕਾਂ ਵਿਚ ਵਰਤਿਆ ਗਿਆ ਹੈ:
(1) ਵਡਾ ਸਾਹਿਬ, ਵਡੀ ਨਾਈ, ਕੀਤਾ ਜਾ ਕਾ ਹੋਵੇ। (ਪਉੜੀ 21)
(2) ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ, ਸਾਚੀ ਨਾਈ। (ਪਉੜੀ 27)
ਇੱਥੇ ਲਫ਼ਜ਼ ‘ਨਾਈ’ ਇਸਤ੍ਰੀ-ਲਿੰਗ ਹੈ। ਸੋ ਇਹ ਸ਼ਬਦ ਭੀ ‘ਸਾਚੁ ਨਾਇ’ ਤੋਂ ਵੱਖਰਾ ਹੈ।
ਅਸਾਂ ਇਸ ਸ਼ਬਦ ‘ਨਾਇ’ ਦਾ ਅਰਥ ‘ਨਿਆਇ’ ਕੀਤਾ ਹੈ। ਇਸੇ ਤਰ੍ਹਾਂ ਹੇਠ-ਲਿਖੀ ਤੁਕ ਵਿਚ ਭੀ ‘ਨਾਈ’ ਤੋਂ ‘ਨਿਆਈ’ ਪਾਠ ਵਾਲਾ ਅਰਥ ਕਰੀਦਾ ਹੈ।
‘ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ।’ (ਸੋਰਠਿ ਕਬੀਰ ਜੀ)
‘ਨਾਈ’ ਤੇ ‘ਨਿਆਈ’ ਦਾ ਅਰਥ ਹੈ ‘ਨਿਆਇ’। ਅੱਜ ਕੱਲ੍ਹ ਦੀ ਪੰਜਾਬੀ ਵਿਚ ਭੀ ਨਿਆਇ’ ‘ਨੀਵੇਂ ਥਾਉਂ’ ਨੂੰ ਆਖੀਦਾ ਹੈ। ਸੋ ਜਿਵੇਂ ਇਸ ਪ੍ਰਮਾਣ ਵਿਚ ‘ਨਾਈ’ ਨੂੰ ‘ਨਿਆਈ’ ਸਮਝ ਕੇ ਅਰਥ ਕਰੀਦਾ ਹੈ, ਤਿਵੇਂ ਇਸ ਲਫ਼ਜ਼ ‘ਨਾਇ’ ਨੂੰ ‘ਨਿਆਇ’ ਹੀ ਸਮਝਣਾ ਹੈ।
ਭਾਖਿਆ = ਬੋਲੀ। ਭਾਉ = ਪ੍ਰੇਮ। ਅਪਾਰੁ = ਪਾਰ ਤੋਂ ਰਹਿਤ, ਬੇਅੰਤ। ਆਖਹਿ = ਅਸੀਂ ਆਖਦੇ ਹਾਂ। ਮੰਗਹਿ = ਅਸੀਂ ਮੰਗਦੇ ਹਾਂ। ਦੇਹਿ ਦੇਹਿ = (ਹੇ ਹਰੀ!) ਸਾਨੂੰ ਦੇਹ, ਸਾਡੇ ਤੇ ਬਖਸ਼ਸ਼ ਕਰ।
*ਅਰਥ*: ਅਕਾਲ ਪੁਰਖ ਸਦਾ = ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨੀਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ। ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ,'(ਹੇ ਹਰੀ! ਸਾਨੂੰ ਦਾਤਾਂ) ਦੇਹ’। ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ।
*ਨੋਟ*: ਉਸ ਦੀ ਬੋਲੀ ਪ੍ਰੇਮ ਹੈ। ਪ੍ਰੇਮ ਹੀ ਵਸੀਲਾ ਹੈ, ਜਿਸ ਦੀ ਰਾਹੀਂ ਉਹ ਸਾਡੇ ਨਾਲ ਗੱਲਾਂ ਕਰਦਾ ਹੈ, ਅਸੀਂ ਉਸ ਨਾਲ ਕਰ ਸਕਦੇ ਹਾਂ।
*ਸ਼ਬਦ* – ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
*ਪਦ ਅਰਥ*: ਫੇਰਿ = (ਜੇ ਸਾਰੀਆਂ ਦਾਤਾਂ ਉਹ ਆਪ ਹੀ ਦੇ ਰਿਹਾ ਹੈ ਤਾਂ) ਫਿਰ। ਕਿ = ਕਿਹੜੀ ਭੇਟਾ। ਅਗੈ = ਰੱਬ ਦੇ ਅੱਗੇ। ਰਖੀਐ = ਰੱਖੀ ਜਾਏ, ਅਸੀਂ ਰੱਖੀਏ। ਜਿਤੁ = ਜਿਸ ਭੇਟਾ ਦਾ ਸਦਕਾ। ਦਿਸੈ = ਦਿੱਸ ਪਏ। ਮੁਹੌ = ਮੂੰਹ ਤੋਂ। ਕਿ ਬੋਲਣੁ = ਕਿਹੜਾ ਬਚਨ? ਜਿਤੁ ਸੁਣਿ = ਜਿਸ ਦੁਆਰਾ ਸੁਣ ਕੇ। ਧਰੇ = ਟਿਕਾ ਦੇਵੇ, ਕਰੇ। ਜਿਤੁ = ਜਿਸ ਬੋਲ ਦੀ ਰਾਹੀਂ।
*ਅਰਥ* – (ਪਿਛੇ ਆਪਾ ਪੜ ਆਏ ਹਾਂ ਕਿ ਸਭ ਕੁਝ ਪਰਮਾਤਮਾ ਹੀ ਦੇ ਰਿਹਾ ਹੈ ਤੇ ਉਸ ਦੀ ਬੋਲੀ ਬੜੀ ਮਿੱਠੀ ਹੈ ਤਾਂ ਹੁਣ ਸੁਆਲ ਖੜੇ ਹੋ ਗਏ ) ਫਿਰ ਉਸ ਪ੍ਰਭੂ ਅੱਗੇ ਕੀ ਭੇਟਾ ਰੱਖੀਏ ਜਿਸ ਨਾਲ ਉਸ ਦਾ ਦਰਬਾਰ ਦਿੱਸ ਪਏ ??ਤੇ ਮੂੰਹ ਤੋਂ ਕਿਸ ਤਰ੍ਹਾ ਦੇ ਬੋਲ ਬੋਲੀਏ ਕਿ ਜੋ ਸੁਣ ਕੇ ਸਾਨੂੰ ਪਿਆਰ ਕਰਨ ਲੱਗ ਪਏ??
*ਸ਼ਬਦ* – ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥
*ਪਦ ਅਰਥ*: ਅੰਮ੍ਰਿਤ = ਕੈਵਲਯ, ਨਿਰਵਾਣ, ਮੋਖ, ਪੂਰਨ ਖਿੜਾਉ। ਅੰਮ੍ਰਿਤ ਵੇਲਾ = ਅੰਮ੍ਰਿਤ ਦਾ ਵੇਲਾ, ਪੂਰਨ ਖਿੜਾਉ ਦਾ ਸਮਾ, (ਇੱਥੇ ਅਸੀਂ ਮਨੁੱਖਾਂ ਜ਼ਿੰਦਗੀ ਦਾ ਸਮਾ ਕਹਾਂਗੇ)। ਸਚੁ = ਸਦਾ-ਥਿਰ ਰਹਿਣ ਵਾਲਾ। ਨਾਉ = ਰੱਬ ਦਾ ਨਾਮ। ਵਡਿਆਈ ਵੀਚਾਰੁ = ਵਡਿਆਈਆਂ ਦੀ ਵਿਚਾਰ। ਕਰਮੀ = ਪ੍ਰਭੂ ਦੀ ਮਿਹਰ ਨਾਲ। ਕਰਮ = ਬਖਸ਼ਸ਼, ਮਿਹਰ। ਜਿਵੇਂ = ਜੇਤੀ ਸਿਰਠਿ ਉਪਾਈ ਵੇਖਾ, ਵਿਣੁ ਕਰਮਾ ਕਿ ਮਿਲੈ ਲਈ ਪਉੜੀ 9। ਨਾਨਕ ਨਦਰੀ ਕਰਮੀ ਦਾਤਿ। ਪਉੜੀ 14।
ਕਪੜਾ = ਪਟੋਲਾ, ਪ੍ਰੇਮ ਪਟੋਲਾ, ਅਪਾਰ ਭਾਉ-ਰੂਪ ਪਟੋਲਾ, ਪਿਆਰ-ਰੂਪ ਪਟੋਲਾ, ਸਿਫਤਿ-ਸਾਲਾਹ ਦਾ ਕੱਪੜਾ। ਜਿਵੇਂ-“ਸਿਫ਼ਤਿ ਸਰਮ ਕਾ ਕਪੜਾ ਮਾਗਉ”।4।7। ਪ੍ਰਭਾਤੀ ਮ: 1।
ਨਦਰੀ = ਰੱਬ ਦੀ ਮਿਹਰ ਦੀ ਨਜ਼ਰ ਨਾਲ। ਮੋਖੁ = ਮੁਕਤੀ, ‘ਕੂੜ’ ਤੋਂ ਖ਼ਲਾਸੀ। ਦੁਆਰੁ = ਦਰਵਾਜ਼ਾ, ਰੱਬ ਦਾ ਦਰ। ਏਵੈ = ਇਸ ਤਰ੍ਹਾਂ (ਇਹ ਆਹਰ ਕੀਤਿਆਂ ਤੇ ਅਕਾਲ ਪੁਰਖ ਦੀ ਕਿਰਪਾ-ਦ੍ਰਿਸ਼ਟੀ ਹੋਣ ਨਾਲ) ।
ਨੋਟ: ਲਫ਼ਜ਼ ‘ਏਵੈ’ ਪਰਗਟ ਕਰਦਾ ਹੈ ਕਿ ਇਸ ਪਉੜੀ ਦੀ ਤੀਜੀ ਤੇ ਚੌਥੀ ਤੁਕ ਵਿਚ ਕੀਤੇ ਪ੍ਰਸ਼ਨ ਦਾ ਉੱਤਰ ਅਖ਼ੀਰਲੀਆਂ ਤਿੰਨ ਤੁਕਾਂ ਹੈ-ਜੇ ਅੰਮ੍ਰਿਤ ਵੇਲੇ ਵਡਿਆਈਆਂ ਵਿਚਾਰੀਏ ਤਾਂ ਉਸ ਦੀ ਮਿਹਰ ਨਾਲ ਸਿਫ਼ਤ-ਰੂਪ ਕੱਪੜਾ ਮਿਲਦਾ ਹੈ ਤੇ ਉਹ ਪ੍ਰਭੂ ਹਰ ਥਾਂ ਦਿੱਸ ਪੈਂਦਾ ਹੈ।
ਜਾਣੀਐ = ਜਾਣ ਲਈਦਾ ਹੈ, ਅਨੁਭਵ ਕਰ ਲਈਦਾ ਹੈ। ਸਭੁ = ਸਭ ਥਾਈਂ। ਸਚਿਆਰੁ = ਹੋਂਦ ਦਾ ਘਰ, ਹਸਤੀ ਦਾ ਮਾਲਕ।4।
*ਅਰਥ*: ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਇਸ ਮਨੁੱਖਾਂ ਜਨਮ ਵਿੱਚ ਪ੍ਰਭੂ ਨੂੰ ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ। (ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ ‘ਸਿਫਤਿ’-ਰੂਪ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ‘ਕੂੜ ਦੀ ਪਾਲਿ’ ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਹੇ ਨਾਨਕ! ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ।4।
*ਭਾਵ*: ਦਾਨ ਪੁੰਨ ਕਰਨ ਜਾਂ ਕੋਈ ਮਾਇਕ ਭੇਟਾ ਪੇਸ਼ ਕਰਨ ਨਾਲ ਜੀਵ ਦੀ ਪ੍ਰਭੂ ਨਾਲੋਂ ਵਿੱਥ ਮਿਟ ਨਹੀਂ ਸਕਦੀ; ਕਿਉਂਕਿ ਇਹ ਦਾਤਾਂ ਤਾਂ ਸਭ ਉਸ ਪ੍ਰਭੂ ਦੀਆਂ ਹੀ ਦਿੱਤੀਆਂ ਹੋਈਆਂ ਹਨ। ਉਸ ਪ੍ਰਭੂ ਨਾਲ ਗੱਲਾਂ ਉਸ ਦੀ ਆਪਣੀ ਬੋਲੀ ਵਿੱਚ ਹੀ ਹੋ ਸਕਦੀਆਂ ਹਨ, ਤੇ ਉਹ ਬੋਲੀ ਹੈ ‘ਪ੍ਰੇਮ’। ਜੋ ਮਨੁੱਖ ਇਸ ਅੰਮ੍ਰਿਤ ਮਈ ਜ਼ਿੰਦਗੀ ਵਿੱਚ ਉਸ ਦੀ ਯਾਦ ਵਿੱਚ ਜੁੜਦਾ ਹੈ, ਉਸ ਨੂੰ ‘ਪ੍ਰੇਮ ਪਟੋਲਾ’ ਮਿਲਦਾ ਹੈ, ਜਿਸ ਦੀ ਬਰਕਤਿ ਨਾਲ ਉਸ ਨੂੰ ਹਰ ਥਾਂ ਪਰਮਾਤਮਾ ਹੀ ਦਿੱਸਣ ਲਗ ਪੈਂਦਾ ਹੈ।4।
*ਅੰਮ੍ਰਿਤ ਵੇਲਾ ਸਚੁ ਨਾਉ*
ਅੰਮ੍ਰਿਤ ਵੇਲਾ ਉਹ ਸਮਾਂ ਕਿਹਾ ਜਾ ਸਕਦਾ ਹੈ ਜਿਸ ਸਮੇਂ ਇਨਸਾਨ ਦੇ ਅੰਦਰ ਪ੍ਰਭੂ ਵਡਿਆਈ ਦੀ ਵਿਚਾਰ ਚਰਚਾ ਚੱਲ ਰਹੀ ਹੋਵੇ ਜਾ ਕਹਿ ਲਉ ਅੰਮ੍ਰਿਤ ਦੀ ਵਰਖਾ ਹੋ ਰਹੀ ਹੋਵੋ ਜਾਂ ਹੋ ਸਕਦੀ ਹੈ। ਆਮ ਤੌਰ ਤੇ ਸਵੇਰ ਦੇ ਸਮੇਂ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਕਿਉਂਕਿ ਉਸ ਸਮੇਂ ਰੱਬ ਪ੍ਰਸਤ ਰੱਬੀ ਯਾਦ ਵਿੱਚ ਜੁੜਨ ਦੀ ਕੋਸ਼ਿਸ਼ ਕਰਦੇ ਹਨ। ਅਸਲ ਵਿੱਚ ਅੰਮ੍ਰਿਤ ਵੇਲੇ ਨੂੰ ਕਿਸੇ ਸਮੇਂ ਦੇ ਪੈਮਾਨੇ ਨਾਲ ਬੰਨੀਆਂ ਜਾਂ ਨਾਪਿਆ ਨਹੀਂ ਜਾ ਸਕਦਾ ਹਾਂ ਸਵੇਰੇ ਜਲਦੀ ਉਠਣਾ ਬਿਲਕੁਲ ਸਹੀ ਗੱਲ ਹੈ ਗੁਰੂ ਸਾਹਿਬ ਵੀ ਫ਼ੁਰਮਾਉਂਦੇ ਹਨ “ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥ ਕਾਰ੍ਹਾ
ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥”(੨੫੫) ਅਤੇ ਇੱਕ ਅੰਗਰੇਜ਼ੀ ਦਾ ਵੀ ਮੁਹਾਵਰਾ ਹੈ “early to bed & early to rise makes a man healthy wealthy wise”. ਸੋ ਸਵੇਰੇ ਜਲਦੀ ਉਠਣਾ ਜਿੱਥੇ ਬਹੁਤ ਵਧੀਆਂ ਗੱਲ ਹੈ ਉੱਥੇ ਉਠਣਾ ਵੀ ਜ਼ਰੂਰ ਚਾਹੀਦਾ ਹੈ ਪਰ ਕਈ ਵਾਰ ਆਪਾ ੨-੫, ੩-੫,ਜਾਂ ੫-੬ ਆਦਿ ਸਮੇਂ ਵਿੱਚ ਅੰਮ੍ਰਿਤ ਵੇਲੇ ਨੂੰ ਬੰਨਣ ਦੀ ਗੱਲ ਕਰਦੇ ਹਾਂ ਜੋ ਗੁਰਬਾਣੀ ਦੀ ਕਸੌਟੀ ਤੇ ਪੂਰਾ ਉਤਰਦਾ ਨਜ਼ਰ ਨਹੀਂ ਆਉਂਦਾ। ਗੁਰਬਾਣੀ ਨੂੰ ਘੋਖਿਆ ਇਹ ਮਨੁੱਖਾਂ ਜਨਮ ਹੀ ਅੰਮ੍ਰਿਤ ਵੇਲਾ ਹੈ ਤੇ ਇਸੇ ਨੂੰ ਹੀ ਗੁਰੂ ਪਿਆਰਿਆਂ ਨੇ ਸੰਭਾਲ਼ਨਾ ਹੈ।
ਜਦ ਆਪਾ ਕਨੇਡਾ ਤੋਂ ਭਾਰਤ ਜਾਣਾ ਹੋਵੇ ਜਾਂ ਆਉਣਾ ਹੋਵੇ ਤਾਂ ਰਸਤੇ ਵਿੱਚ ਘੱਟੋ ਘੱਟ ੧੩-੧੪ ਘੰਟੇ ਲੱਗਦੇ ਹਨ ਤੇ ਇਤਨੇ ਸਮੇਂ ਵਿੱਚ ਹੀ ੧੦.੩੦ ਘੰਟਿਆਂ ਦਾ ਫਰਕ ਆਉਂਦਾ ਹੈ ਸੋ ਕਿਸ ਸਮੇਂ ਨਾਲ ਬੱਝਾ ਗੇ। ਇਸ ਤਰ੍ਹਾ ਦੀਆ ਹੋਰ ਵੀ ਕਈ ਉਦਾਹਰਣਾਂ ਹੋ ਸਕਦੀਆਂ ਹਨ। ਇਸੇ ਲਈ ਗੁਰੂ ਸਾਹਿਬ ਫ਼ੁਰਮਾਉਂਦੇ ਹਨ “ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥ ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥ ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥ ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥”(੩੫) ਗੁਰੂ ਸਾਹਿਬ ਕਹਿੰਦੇ ਹਨ ਸਮੇਂ ਨਾਲ ਬੰਦਗੀ
ਨੂੰ ਨਾ ਜੋੜੋ ਬਲਕਿ ਜਦ ਯਾਦ ਆਈ ਉਸੇ ਸਮੇਂ “ ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ। “(੧੪੫) ਭਾਵ ਹਰ ਦਮ ਪ੍ਰਭੂ ਨੂੰ ਯਾਦ ਰੱਖਣਾ ਹੈ “ ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥”(੫੫੬) ਕਿਉਂਕਿ “ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥”(੬੬੦) ਇਸੇ ਲਈ ਤਾਂ ਗੁਰੂ ਸਾਹਿਬ ਨੇ ਸਮਝਾਇਆ ਹੈ “ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥ ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥ ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥”(੯੭)
ਗੁਰੂ ਸਾਹਿਬ ਸਾਨੂੰ ਸਮਾਉਂਦੇ ਹਨ ਭਾਈ ਇਹ ਮਨੁੱਖਾਂ ਸਰੀਰ ਰੱਬੀ ਕ੍ਰਿਪਾ ਸਦਕਾ ਪ੍ਰਾਪਤ ਹੋਇਆਂ ਹੈ ਤੇ ਇਹੀ ਸਮਾ ਹੈ ਗੋਬਿੰਦ ਨੂੰ ਮਿਲਣ ਦਾ ਇਸ ਕਰਕੇ ਹੁਣ ਹੀ ਵੱਤਰ ਹੈ “ ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥”(੧੨) ਇਸ ਦੀ ਸੰਭਾਲ਼ ਕਰ ਲੈ। “ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥”(੧੨) ਗੁਰੂ ਸਾਹਿਬ ਹੋਰ ਫ਼ੁਰਮਾਉਂਦੇ ਹਨ “ ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ। “(੭੩੪) ਸੋ ਇਸ ਜ਼ਿੰਦਗੀ ਰੂਪੀ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਹੈ। ਇਸੇ ਲਈ ਗੁਰੂ ਦਸਮ ਪਿਤਾ ਜੀ ਫ਼ੁਰਮਾਉਂਦੇ ਹਨ “ ਅਲਪ ਅਹਾਰ ਸੁਲਪ ਸੀ ਨਿਦ੍ਰਾ” ਭਾਵ ਥੋੜਾ ਖਾਣਾ ਤੇ ਥੋੜਾ ਸੌਣਾਂ ਗੁਰੂ ਪੰਚਮ ਪਾਤਸ਼ਾਹ ਤੇ ਅੱਠੇ ਪਹਿਰ ਹੀ ਉਸ ਨਾਲ ਲਿਵ ਜੋੜਨ ਦੀ ਗੱਲ ਕਰਦੇ ਹਨ “ ਅਠੇ ਪਹਰ ਇਕਤੈ ਲਿਵੈ ਮੰਨੇਨਿ ਹੁਕਮੁ ਅਪਾਰੁ ॥”(੯੫੯) ਸੋ ਪਿਆਰਿਓ ਜਿੱਥੇ ਸਵੇਰੇ ਉਠ ਕਿ ਰੱਬੀ ਯਾਦ ਵਿੱਚ ਜੁੜਨਾ ਹੈ ਉੱਥੇ ਹਰ ਦਮ ਉਸ ਪ੍ਰਭੂ ਨੂੰ ਕਿਰਤ ਕਰਦਿਆਂ ਵੀ ਯਾਦ ਰੱਖਣਾ ਹੈ ਤਾਂ ਹੀ ਅੰਮ੍ਰਿਤ ਵੇਲੇ ਦੀ ਸੰਭਾਲ ਹੈ।
*ਸ਼ਬਦ* – ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥
*ਪਦ ਅਰਥ*: ਥਾਪਿਆ ਨਾ ਜਾਇ = ਥਾਪਿਆ ਨਹੀਂ ਜਾ ਸਕਦਾ, ਨਿੰਮਿਆ ਨਹੀਂ ਜਾ ਸਕਦਾ।
ਕੀਤਾ ਨਾ ਹੋਇ-(ਸਾਡਾ) ਬਣਾਇਆ ਨਹੀਂ ਬਣਦਾ। ਨਾ ਹੋਇ = ਹੋਂਦ ਵਿੱਚ ਨਹੀਂ ਆਉਂਦਾ। ਆਪੇ ਆਪਿ = ਨਿਰੋਲ ਆਪ ਹੀ, ਭਾਵ, ਨਾ ਉਸ ਨੂੰ ਕੋਈ ਪੈਦਾ ਕਰਨ ਵਾਲਾ ਤੇ ਨਾ ਹੀ ਬਣਾਉਣ ਵਾਲਾ ਹੈ। ਸੋਇ ਨਿਰੰਜਨੁ = ਅੰਜਨ ਤੋਂ ਰਹਿਤ ਉਹ ਹਰੀ। ਨਿਰੰਜਨ = ਅੰਜਨ ਤੋਂ ਰਹਿਤ, ਮਾਇਆ ਤੋਂ ਰਹਿਤ, ਜੋ ਮਾਇਆ ਤੋਂ ਨਹੀਂ ਬਣਿਆ, ਜਿਸ ਵਿਚ ਮਾਇਆ ਦੀ ਅੰਸ਼ ਨਹੀਂ (ਨਿਰ-ਅੰਜਨ, ਨਿਰ = ਬਿਨਾ। ਅੰਜਨ = ਸੁਰਮਾ, ਕਾਲਖ; ਵਿਕਾਰਾਂ ਦੀ ਅੰਸ਼, ਮਾਇਆ ਦਾ ਪਰਭਾਵ ਨਹੀਂ ਹੈ।) ਉਹ, ਜਿਸ ਉੱਤੇ ਮਾਇਆ ਦਾ ਪਰਭਾਵ ਨਹੀਂ ਹੈ।
*ਅਰਥ*: ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ (ਕਿਉਂਕਿ) ਉਹ ਨਿਰੋਲ ਆਪ ਹੀ ਆਪ ਹੈ, ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ।
*ਸ਼ਬਦ* – ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥
*ਪਦ ਅਰਥ*: ਜਿਨਿ = ਜਿਸ ਮਨੁੱਖ ਨੇ। ਤਿਨਿ = ਉਸ ਮਨੁੱਖ ਨੇ। ਮਾਨੁ = ਆਦਰ, ਵਡਿਆਈ। ਗੁਣੀ ਨਿਧਾਨੁ = ਗੁਣਾਂ ਦੇ ਖ਼ਜ਼ਾਨੇ ਨੂੰ। ਗਾਵੀਐ = ਸਿਫ਼ਤਿ-ਸਾਲਾਹ ਕਰੀਏ।
*ਅਰਥ*: ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ। ਹੇ ਨਾਨਕ! (ਆਓ) ਅਸੀਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤਿ-ਸਾਲਾਹ ਕਰੀਏ।
*ਨੋਟ*- ਗੁਰੂ ਸਾਹਿਬ ਨੇ ਕਿਤਨਾ ਸਪੱਸ਼ਟ ਕਿਹਾ ਹੈ ਕਿ ਉਸ ਪ੍ਰਭੂ ਨੂੰ ਨਾ ਕੋਈ ਬਣਾ ਸਕਦਾ ਹੈ ਤੇ ਨਾ ਉਸ ਨੂੰ ਥਾਪਿਆਂ ਜਾ ਸਕਦਾ। ਭਾਵ ਨਾ ਤਾਂ ਉਸ ਦੀ ਮੂਰਤੀ ਬਣ ਸਕਦੀ ਹੈ ਤੇ ਨਾ ਹੀ ਉਸ ਦਾ ਬੁੱਤ ਬਣਾ ਕੇ ਕਿਤੇ ਸਥਾਪਿਤ ਕੀਤਾ ਜਾ ਸਕਦਾ ਹੈ।
ਅਸੀਂ ਗੁਰੂ ਸਾਹਿਬਾਨ ਨੂੰ ਪਰਮਾਤਮਾ ਦੇ ਬਰਾਬਰ ਵੀ ਸਮਝਦੇ ਹਾਂ ਪਰ ਉਨ੍ਹਾਂ ਦੀਆ ਮੂਰਤਾਂ ਵੀ ਸਜਾਈ ਬੈਠੇ ਹਾਂ
*ਸ਼ਬਦ* – ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥
*ਪਦ ਅਰਥ*: ਮਨਿ = ਮਨ ਵਿੱਚ। ਰਖੀਐ = ਟਿਕਾਈਏ। ਭਾਉ = ਰੱਬ ਦਾ ਪਿਆਰ। ਦੁਖੁ ਪਰਹਰਿ = ਦੁੱਖ ਨੂੰ ਦੂਰ ਕਰਕੇ। ਘਰਿ = ਹਿਰਦੇ ਵਿੱਚ। ਲੈ ਜਾਇ = ਲੈ ਜਾਂਦਾ ਹੈ, ਖੱਟ ਲੈਂਦਾ ਹੈ।
*ਅਰਥ*: (ਆਓ, ਅਕਾਲ ਪੁਰਖ ਦੇ ਗੁਣ) ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿਚ ਉਸਦਾ ਪ੍ਰੇਮ ਟਿਕਾਈਏ। (ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ) ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ।
*ਸ਼ਬਦ* – ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
*ਪਦ ਅਰਥ*: ਗੁਰਮੁਖਿ = ਗੁਰੂ ਵਲ ਮੂੰਹ ਕੀਤਿਆਂ, ਜਿਸ ਮਨੁੱਖ ਦਾ ਮੂੰਹ ਗੁਰੂ ਵਲ ਹੈ, ਗੁਰੂ ਦੀ ਰਾਹੀਂ। ਨਾਦੰ = ਅਵਾਜ਼, ਜ਼ਿੰਦਗੀ ਦੀ ਰੁਮਕ, ਸ਼ਬਦ, ਨਾਮ। ਵੇਦੰ = ਗਿਆਨ।
ਰਹਿਆ ਸਮਾਈ = ਸਮਾ ਰਿਹਾ ਹੈ, ਸਭ ਥਾਈਂ ਵਿਆਪਕ ਹੈ। ਈਸਰੁ = ਸ਼ਿਵ। ਬਰਮਾ = ਬ੍ਰਹਮਾ। ਪਾਰਬਤੀ ਮਾਈ = ਮਾਈ ਪਾਰਬਤੀ।
*ਅਰਥ*: (ਪਰ ਉਸ ਰੱਬ ਦਾ) ਨਾਮ ਤੇ ਗਿਆਨ ਗੁਰੂ ਦੀ ਰਾਹੀਂ (ਪ੍ਰਾਪਤ ਹੁੰਦਾ ਹੈ) । ਗੁਰੂ ਦੀ ਰਾਹੀਂ ਹੀ (ਇਹ ਪਰਤੀਤ ਆਉਂਦੀ ਹੈ ਕਿ) ਉਹ ਹਰੀ ਸਭ ਥਾਈਂ ਵਿਆਪਕ ਹੈ। ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ।
*ਸ਼ਬਦ*- ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥
*ਪਦ ਅਰਥ*: ਹਉ = ਮੈਂ। ਜਾਣਾ = ਸਮਝ ਲਵਾਂ, ਅਨੁਭਵ ਕਰ ਲਵਾਂ। ਆਖਾ ਨਾਹੀ = ਮੈਂ ਉਸ ਦਾ ਵਰਣਨ ਨਹੀਂ ਕਰ ਸਕਦਾ। ਕਹਣਾ…….ਜਾਈ = ਕਥਨ, ਕਹਿਆ ਨਹੀਂ ਜਾ ਸਕਦਾ। ਗੁਰਾ = ਸਤਿਗੁਰੂਾਂ ਨੇ। ਇਕ ਬੁਝਾਈ = ਇਕ ਸਮਝ। ਇਕੁ ਦਾਤਾ = ਦਾਤਾਂ ਦੇਣ ਵਾਲਾ ਇਕ ਅਕਾਲ ਪੁਰਖ। ਵਿਸਰਿ ਨਾ ਜਾਈ = ਭੁੱਲ ਨਾ ਜਾਏ। (ਲਫ਼ਜ਼ ‘ਇਕ’ ਇਸਤ੍ਰੀ-ਲਿੰਗ ਹੈ ਤੇ ਲਫ਼ਜ਼ ‘ਬੁਝਾਈ’ ਦਾ ਵਿਸ਼ੇਸ਼ਣ ਹੈ। ਲਫ਼ਜ਼ ‘ਇਕੁ’ ਪੁਲਿੰਗ ਹੈ ਤੇ ਲਫ਼ਜ਼ ‘ਦਾਤਾ’ ਦਾ ਵਿਸ਼ੇਸ਼ਣ ਹੈ। ਦੋਹਾਂ ਲਫ਼ਜ਼ਾਂ ਦੇ ਜੋੜਾਂ ਦਾ ਫ਼ਰਕ ਚੇਤੇ ਰੱਖਣਾ) ।
*ਅਰਥ*: ਉਂਝ (ਇਸ ਅਕਾਲ ਪੁਰਖ ਦੇ ਹੁਕਮ ਨੂੰ) ਜੇ ਮੈਂ ਸਮਝ, (ਭੀ) ਲਵਾਂ, (ਤਾਂ ਭੀ) ਉਸ ਦਾ ਵਰਣਨ ਨਹੀਂ ਕਰ ਸਕਦਾ। (ਅਕਾਲ ਪੁਰਖ ਦੇ ਹੁਕਮ ਦਾ) ਕਥਨ ਨਹੀਂ ਕੀਤਾ ਜਾ ਸਕਦਾ। (ਮੇਰੇ)ਸਤਿਗੁਰੂ ਨੇ ਮੈਨੂੰ ਇਕ ਸਮਝ ਦੇ ਦਿੱਤੀ ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, (ਹੇ ਸਤਿਗੁਰੂ)ਮੈਂ ਉਸ ਨੂੰ (ਕਿਤੇ) ਭੁਲਾ ਨਾ ਦਿਆਂ।5।
*ਭਾਵ*: ਪ੍ਰੇਮ ਨੂੰ ਮਨ ਵਿਚ ਵਸਾ ਕੇ ਜੋ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ ਉਸ ਦੇ ਹਿਰਦੇ ਵਿਚ ਸਦਾ ਸੁਖ ਤੇ ਸ਼ਾਂਤੀ ਦਾ ਨਿਵਾਸ ਹੁੰਦਾ ਹੈ। ਪਰ ਇਹ ਯਾਦ, ਇਹ ਬੰਦਗੀ, ਗੁਰੂ ਪਾਸੋਂ ਮਿਲਦੀ ਹੈ। ਗੁਰੂ ਹੀ ਇਹ ਦ੍ਰਿੜ ਕਰਾਂਦਾ ਹੈ ਕਿ ਪ੍ਰਭੂ ਹਰ ਥਾਂ ਵੱਸ ਰਿਹਾ ਹੈ, ਗੁਰੂ ਦੀ ਰਾਹੀਂ ਹੀ ਜੀਵ ਦੀ ਪ੍ਰਭੂ ਨਾਲੋਂ ਵਿੱਥ ਦੂਰ ਹੁੰਦੀ ਹੈ। ਤਾਂ ਤੇ ਗੁਰੂ ਪਾਸੋਂ ਹੀ ਬੰਦਗੀ ਦੀ ਦਾਤ ਮੰਗੀਏ।5।
*ਸ਼ਬਦ* – ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥
*ਪਦ ਅਰਥ*: ਤੀਰਥਿ = ਤੀਰਥ ਉੱਤੇ। ਨਾਵਾ = ਮੈਂ ਇਸ਼ਨਾਨ ਕਰਾਂ। ਤਿਸੁ = ਉਸ ਰੱਬ ਨੂੰ। ਭਾਵਾ = ਮੈਂ ਚੰਗਾ ਲੱਗਾਂ। ਵਿਣੁ ਭਾਣੇ = ਰੱਬ ਨੂੰ ਚੰਗਾ ਲੱਗਣ ਤੋਂ ਬਿਨਾ, ਜੇ ਰੱਬ ਦੀ ਨਜ਼ਰ ਵਿਚ ਕਬੂਲ ਨਾ ਹੋਇਆ। ਕਿ ਨਾਇ ਕਰੀ = ਨ੍ਹਾਇ ਕੇ ਮੈਂ ਕੀਹ ਕਰਾਂ? ਜੇਤੀ = ਜਿਤਨੀ। ਸਿਰਠਿ = ਸ੍ਰਿਸ਼ਟੀ, ਦੁਨੀਆ। ਉਪਾਈ = ਪੈਦਾ ਕੀਤੀ ਹੋਈ। ਵੇਖਾ = ਮੈਂ ਵੇਖਦਾ ਹਾਂ। ਵਿਣੁ ਕਰਮਾ = ਪ੍ਰਭੂ ਦੀ ਮੇਹਰ ਤੋਂ ਬਿਨਾ; ਜਿਵੇਂ:
‘ਵਿਣੁ ਕਰਮਾ ਕਿਛੁ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ’। (ਤਿਲੰਗੁ ਮਹਲਾ 1
ਕਿ ਮਿਲੈ = ਕੀਹ ਮਿਲਦਾ ਹੈ? ਕੁਝ ਨਹੀਂ ਮਿਲਦਾ। ਕਿ ਲਈ = ਕੀਹ ਕੋਈ ਲੈ ਸਕਦਾ ਹੈ? ਕੁਝ ਨਹੀਂ ਲੈ ਸਕਦਾ।
*ਅਰਥ*: ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ (ਤੀਰਥ ਉੱਤੇ) ਇਸ਼ਨਾਨ ਕਰਕੇ ਕੀਹ ਖੱਟਾਂਗਾ? ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਭੀ ਦੁਨੀਆ ਮੈਂ ਵੇਖਦਾ ਹਾਂ, (ਇਸ ਵਿੱਚ) ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ, ਕੋਈ ਕੁਝ ਨਹੀਂ ਲੈ ਸਕਦਾ।
ਤੀਰਥੁ – ਇੱਕ ਤੀਰਥ
ਤੀਰਥ – ਬਹੁਤੇ ਤੀਰਥ
ਤੀਰਥਿ- ਤੀਰਥ ਉੱਤੇ
ਨਾਇ – ਨਹਾਉਣਾ ( ਇੱਥੇ)
ਵੈਸੇ ਨਾਇ ਦਾ ਮਤਲਬ ਨਾਮ ਹੈ
ਸੋ ਉਚਾਰਨ ਵੀ ਮਤਲਬ ਦੇ ਹਿਸਾਬ ਨਾਲ ਕਰਨਾ ਹੈ।
*ਸ਼ਬਦ* – ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥
*ਪਦ ਅਰਥ*: ਮਤਿ ਵਿਚਿ = (ਮਨੁੱਖ ਦੀ) ਬੁੱਧ ਦੇ ਅੰਦਰ ਹੀ। ਮਾਣਿਕ = ਮੌਤੀ। ਇਕ ਸਿਖ = ਇਕ ਸਿੱਖਿਆ। ਸੁਣੀ = ਸੁਣੀਏ, ਸੁਣੀ ਜਾਏ।
*ਅਰਥ*: ਜੇ ਸਤਿਗੁਰੂ ਦੀ ਇਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੌਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ) ।
*ਸ਼ਬਦ* – ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥
*ਅਰਥ*: (ਮੇਰੇ)ਸਤਿਗੁਰਾਂ ਨੇ ਮੈਨੂੰ ਇਕ ਇਹ ਸਮਝ ਦੇ ਦਿੱਤੀ, ਕਿ ਉਹ ਅਕਾਲ ਪੁਰਖ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ( ਹੇ ਪ੍ਰਭੂ ਸਭ ਨੂੰ ਦਾਤਾਂ ਦੇਣ ਵਾਲਾ ਦਾਤਾ) ਮੈਨੂੰ ਕਿਤੇ ਵਿੱਸਰ ਨ ਜਾਵੇ। 6।
*ਭਾਵ*: ਤੀਰਥ ਤੇ ਇਸ਼ਨਾਨ ਭੀ ਪ੍ਰਭੂ ਦੀ ਪ੍ਰਸੰਨਤਾ ਦੇ ਪਿਆਰ ਦੀ ਪ੍ਰਾਪਤੀ ਦਾ ਵਸੀਲਾ ਨਹੀਂ ਹੈ। ਜਿਸ ਉੱਤੇ ਮਿਹਰ ਹੋਵੇ ਉਹ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਵਿਚ ਜੁੜੇ। ਬੱਸ! ਉਸੇ ਮਨੁੱਖ ਦੀ ਮਤ ਵਿਚ ਹੁਲਾਰਾ ਆਉਂਦਾ ਹੈ।6।
*ਨੋਟ*- ਇੱਥੇ ਗੁਰੂ ਸਾਹਿਬ ਨੇ ਤੀਰਥ ਇਸ਼ਨਾਨ ਨੂੰ ਕੱਟਿਆਂ ਹੈ। ਵੈਸੇ ਕਈ ਜਗ੍ਹਾ ਆਏ ਗਾ ਜਿੱਥੇ ਗੁਰੂ ਸਾਹਿਬ ਨੇ ਤੀਰਥ ਯਾਤਰਾ ਜਾਂ ਤੀਰਥ ਇਸ਼ਨਾਨ ਰੱਦ ਕੀਤਾ ਹੈ।
ਜਿੱਥੇ ਗੁਰੂ ਇਹ ਕਹੇ ਜਾਂਦੇ ਤੀਰਥ ਦੀ ਯਾਤਰਾ ਜਾਂ ਇਸ਼ਨਾਨ ਰੱਦ ਕਰਦੇ ਹਨ ਉੱਥੇ ਇਸੇ ਬਾਣੀ ਅੰਦਰ ੨੧ ਵੀ ਪਉੜੀ ਵਿੱਚ ਸੳਜਾਉਣਾ ਕਰਦੇ ਹਨ ਕਿ ਕਿਹੜੇ ਤੀਰਥ ਤੇ ਇਸ਼ਨਾਨ ਕਰਨਾ ਹੈ। ਉਹ ਹੈ “ਸੁਣਿਆ ਮੰਨਿਆ ਮਨਿ ਕੀਤਾ ਭਾਉ। ਅੰਤਰਗਤਿ ਤੀਰਥਿ ਮਲਿ ਨਾਉਂ। “
ਰੱਬੀ ਨਾਮ ਦੀ ਸਿਫ਼ਤ ਸਲਾਹ ਸੁਣਨ , ਹੁਕਮ ਮੰਨਣ ਅਤੇ ਮਨ ਅੰਦਰ ਪਿਆਰ ਜਮਾਉਣ ਕਰਕੇ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ। ਰੱਬ ਜੀ ਨੇ ਮਨੁੱਖ ਦੇ ਅੰਦਰ ਜੋ ਤੀਰਥ ਰੱਚਿਆ ਹੈ ਉਸ ਵਿੱਚ ਇਸ਼ਨਾਨ ਹੋ ਜਾਂਦਾ ਹੈ ਤੇ ਇਹ ਹੀ ਹੈ ਅਸਲ ਤੀਰਥ ਯਾਤਰਾ ਜਾਂ ਤੀਰਥ ਇਸ਼ਨਾਨ।
*ਸ਼ਬਦ* – ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
*ਪਦ ਅਰਥ*: ਜੁਗ ਚਾਰੇ = ਚਹੁੰ ਜੁਗਾਂ ਜਿਤਨੀ। ਆਰਜਾ = ਉਮਰ। ਦਸੂਣੀ = ਦਸ ਗੁਣੀ । ਨਵਾ ਖੰਡਾ ਵਿਚਿ = ਭਾਵ, ਸਾਰੀ ਸ੍ਰਿਸ਼ਟੀ ਵਿਚ। ਜਾਣੀਐ = ਜਾਣਿਆ ਜਾਏ, ਪਰਗਟ ਹੋ ਜਾਏ। ਸਭੁ ਕੋਇ = ਹਰੇਕ ਮਨੁੱਖ। ਨਾਲਿ ਚਲੈ = ਨਾਲ ਹੋ ਕੇ ਤੁਰੇ, ਹਮਾਇਤੀ ਹੋਵੇ, ਪੱਖ ਕਰੇ।
*ਅਰਥ*: ਜੇ ਕਿਸੇ ਮਨੁੱਖ ਦੀ ਉਮਰ ਚਾਰ ਜੁਗਾਂ ਜਿਤਨੀ ਹੋ ਜਾਏ, (ਨਿਰੀ ਇਤਨੀ ਹੀ ਨਹੀਂ, ਸਗੋਂ ਜੇ) ਇਸ ਤੋਂ ਭੀ ਦਸ ਗੁਣੀ ਹੋਰ (ਉਮਰ) ਹੋ ਜਾਏ, ਜੇ ਉਹ ਸਾਰੇ ਸੰਸਾਰ ਵਿਚ ਭੀ ਪਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ।
*ਸ਼ਬਦ* – ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥
*ਪਦ ਅਰਥ*: ਚੰਗਾ…….ਕੈ = ਚੰਗੀ ਨਾਮਵਰੀ ਖੱਟ ਕੇ, ਚੰਗੇ ਨਾਮਣੇ ਵਾਲਾ ਹੋ ਕੇ। ਜਸੁ = ਸ਼ੋਭਾ। ਕੀਰਤਿ = ਸ਼ੋਭਾ। ਜਗਿ = ਜਗਤ ਵਿਚ। ਲੇਇ = ਲਏ, ਖੱਟੇ। ਤਿਸੁ = ਅਕਾਲ ਪੁਰਖ ਦੀ। ਨਦਰਿ = ਕਿਰਪਾ = ਦ੍ਰਿਸ਼ਟੀ ਵਿਚ। ਨ ਆਵਈ = ਨਹੀਂ ਆ ਸਕਦਾ। ਵਾਤ = ਖ਼ਬਰ, ਸੁਰਤ। ਨ ਕੇ = ਕੋਈ ਮਨੁੱਖ ਨਹੀਂ। ਕੀਟੁ = ਕੀੜਾ। ਕਰਿ = ਕਰ ਕੇ, ਬਣਾ ਕੇ, ਠਹਿਰ ਕੇ। ਦੋਸੁ ਧਰੇ = ਦੋਸੁ ਲਾਉਂਦਾ ਹੈ। ਕੀਟਾ ਅੰਦਰਿ ਕੀਟੁ = ਕੀੜਿਆਂ ਵਿਚ ਕੀੜਾ, ਮਮੂਲੀ ਜਿਹਾ ਕੀੜਾ।
*ਅਰਥ*: ਜੇ ਉਹ ਚੰਗੀ ਨਾਮਵਰੀ ਖੱਟ ਕੇ ਸਾਰੇ ਸੰਸਾਰ ਵਿਚ ਸ਼ੋਭਾ ਭੀ ਪ੍ਰਾਪਤ ਕਰ ਲਏ, ਜੇਕਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿਚ ਨਹੀਂ ਆ ਸਕਦਾ, ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖ਼ਬਰ ਭੀ ਨਹੀਂ ਪੁੱਛਦਾ (ਭਾਵ, ਇਤਨੀ ਮਾਣ ਵਡਿਆਈ ਵਾਲਾ ਹੁੰਦਿਆਂ ਭੀ ਅਸਲ ਵਿਚ ਨਿਆਸਰਾ ਹੀ ਹੈ) । (ਸਗੋਂ ਅਜਿਹਾ ਮਨੁੱਖ ਅਕਾਲ ਪੁਰਖ ਦੇ ਸਾਹਮਣੇ) ਇਕ ਮਮੂਲੀ ਜਿਹਾ ਕੀੜਾ ਹੈ (“ਖਸਮੈ ਨਦਰੀ ਕੀੜਾ ਆਵੈ”। ਆਸਾ ਮ: 1) ਅਕਾਲ ਪੁਰਖ ਉਸ ਨੂੰ ਦੋਸੀ ਥਾਪ ਕੇ (ਉਸ ਉੱਤੇ ਨਾਮ ਨੂੰ ਭੁੱਲਣ ਦਾ) ਦੋਸ਼ ਲਾਉਂਦਾ ਹੈ।
*ਸ਼ਬਦ* – ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥
*ਪਦ ਅਰਥ*: ਨਿਰਗੁਣਿ = ਗੁਣ-ਹੀਨ ਮਨੁੱਖ ਵਿਚ। ਗੁਣਵੰਤਿਆ = ਗੁਣੀ ਮਨੁੱਖਾਂ ਨੂੰ। ਕਰੇ = ਪੈਦਾ ਕਰਦਾ ਹੈ। ਦੇ = ਦੇਂਦਾ ਹੈ। ਤੇਹਾ = ਇਹੋ ਜਿਹਾ। ਨ ਸੁਝਈ = ਨਹੀਂ ਲੱਭਦਾ। ਜਿ = ਜਿਹੜਾ। ਤਿਸੁ = ਉਸ ਨਿਰਗੁਣ ਨੂੰ।
*ਅਰਥ*: ਹੇ ਨਾਨਕ! ਉਹ ਅਕਾਲ ਪੁਰਖ ਗੁਣ-ਹੀਨ ਮਨੁੱਖ ਵਿੱਚ ਗੁਣ ਪੈਦਾ ਕਰ ਦੇਂਦਾ ਹੈ ਤੇ ਗੁਣੀ ਮਨੁੱਖਾਂ ਨੂੰ ਭੀ ਗੁਣ ਉਹੀ ਬਖ਼ਸ਼ਦਾ ਹੈ। ਇਹੋ ਜਿਹਾ ਕੋਈ ਹੋਰ ਨਹੀਂ ਦਿੱਸਦਾ, ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ। (ਪ੍ਰਭੂ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ, ਲੰਮੀ ਉਮਰ ਤੇ ਜਗਤ ਦੀ ਸ਼ੋਭਾ ਸਹਾਇਤਾ ਨਹੀਂ ਕਰਦੀ) ।7।
*ਭਾਵ*: ਪ੍ਰਾਣਾਯਾਮ ਦੀ ਸਹਾਇਤਾ ਨਾਲ ਲੰਮੀ ਉਮਰ ਵਧਾਇਆਂ ਜਗਤ ਵਿਚ ਭਾਵੇਂ ਮਨੁੱਖ ਦਾ ਮਾਣ ਆਦਰ ਬਣ ਜਾਏ, ਪਰ ਜੇ ਉਹ ਬੁਲੰਦੀ ਦੇ ਗੁਣ ਤੋਂ ਸੱਖਣਾ ਹੈ, ਤਾਂ ਪ੍ਰਭੂ ਦੀ ਮਿਹਰ ਦਾ ਪਾਤਰ ਨਹੀਂ ਬਣਿਆ। ਪ੍ਰਭੂ ਦੀਆਂ ਨਜ਼ਰਾਂ ਵਿਚ ਤਾਂ ਸਗੋਂ ਉਹ ਨਾਮ-ਹੀਣ ਜੀਵ ਇਕ ਨਿੱਕਾ ਜਿਹਾ ਕੀੜਾ ਹੀ ਹੈ। ਇਹ ਬੰਦਗੀ ਵਾਲਾ ਗੁਣ ਜੀਵ ਨੂੰ ਪ੍ਰਭੂ ਦੀ ਮਿਹਰ ਨਾਲ ਹੀ ਮਿਲ ਸਕਦਾ ਹੈ।7।
ਜੁਗੁ- ਇੱਕ ਯੁੱਗ
ਜੁਗ – ਬਹੁਤੇ ਯੁੱਗ
ਜੁਗਿ- ਯੁੱਗ ਵਿੱਚ/ ਅੰਦਰ
ਸਭੁ – ਇਕ ਗਰੁਪ/ ਜਾਤੀ ਲਈ ਵਰਤਿਆ ਗਿਆ ਪਰਨਾਓ ਹੈ। ਜਿਵੇਂ ਕਲਾਸ ਦੇ ਸਭੁ ਬੱਚੇ ਇੱਥੇ ਆਉਣ।
ਸਭ – ਬਹੁਤੇ ਗਰੁਪ/ ਜਾਤੀਆਂ
ਜਿਵੇਂ ਸਭ ਬੱਚੇ ਇੱਥੇ ਆਉਣ। ( ਸਾਰੀਆਂ ਕਲਾਸਾਂ ਦੇ ਬੱਚੇ)
ਸਭਿ- ਗਰੁਪ/ ਜਾਤੀ ਅੰਦਰ
ਜਿਵੇਂ – ਸਭਿ ਬੱਚਿਆ ਨੂੰ ਵੰਡ ਦਿਉ।
ਇਸੇ ਤਰ੍ਹਾ ਹੀ ਜਗ, ਜਗੁ ਅਤੇ ਜਗਿ ਤਿੰਨ ਤਰ੍ਹਾ ਆਇਆ ਹੈ।
ਅਗਲੀਆਂ ਅੱਠ ਪਉੜੀਆਂ ਸੁਣਿਆ ਤੇ ਮੰਨੈ ਦੀਆਂ ***ਖ਼ਾਸ ਧਿਆਨ ਮੰਗਦੀਆਂ ਹਨ*। *ਸੋ ਇਸ ਦੀ ਵਿਚਾਰ ਕਰਨ ਸਮੇਂ ਪੰਜਵੀਂ ਪਉੜੀ ਵਿੱਚ ਆਇਆ “ਗਾਵੀਐ ਸਣੀਐ ਮਨਿ ਰਖੀਐ ਭਾਉ। “ ਅਤੇ ਇੱਕੀਵੀ ਪਉੜੀ “ਸੁਣਿਐ ਮੰਨਿਐ ਮਨਿ ਕੀਤਾ ਭਾਉ “ਵਾਲੇ ਗੁਰਮਤਿ ਦੇ ਸਿਧਾਂਤ ਨੂੰ ਪੂਰੇ ਧਿਆਨ ਵਿੱਚ ਰੱਖਣ ਨਾਲ ਸਮਝਣ ਵਿੱਚ ਕਾਫ਼ੀ ਸੌਖ ਰਹੇ ਗੀ।
ਸੁਣਿਐ ਤੇ ਮੰਨੈ ਦੀਆ ਪਉੜੀਆ ਨੂੰ ਵੱਖ ਵੱਖ ਨਹੀਂ ਕੀਤਾ ਜਾ ਸਕਦਾ ਬਲਕਿ ਮਨ ਵਿੱਚ ਪਿਆਰ ਰੱਖ ਕੇ ਹੀ ਗਾਵਿਆ, ਸੁਣਿਆ ਅਤੇ ਮੰਨਿਆਂ ਪ੍ਰਭੂ ਦਰ ਤੇ ਪਰਵਾਨ ਹੈ। ਇਸ ਸਿਧਾਂਤ ਨੂੰ ਪਾਤਸ਼ਾਹ ਨੇ ਖ਼ੁਦ ਗੁਰਬਾਣੀ ਅੰਦਰ ਨਿਰਣਾ ਕੀਤਾ ਹੈ ਸਿਰਫ ਰਸਮੀ ਤੌਰ ਤੇ ਗਾਉਣ ਜਾਂ ਸੁਣਨ ਨਾਲ ਗੱਲ ਨਹੀਂ ਬਣਨੀ। ਸਗੋਂ ਪੂਰੇ ਧਿਆਨ/ ਚਿੱਤ ਲਾ ਕੇ ਹੀ ਖੇਡ ਬਣਨੀ ਹੈ। ਯਥਾ : “ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ ॥ ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ ॥੪॥੧॥੪॥੫੫॥ {ਪੰਨਾ 335}” ਤੇ “ਕੋਈ ਗਾਵੈ ਕੋ ਸੁਣੈ ਕੋ ਉਚਰਿ ਸੁਨਾਵੈ ॥ ਜਨਮ ਜਨਮ ਕੀ ਮਲੁ ਉਤਰੈ ਮਨ ਚਿੰਦਿਆ ਪਾਵੈ ॥”(੧੩੧੮) ਪਾਤਸ਼ਾਹ ਫ਼ੁਰਮਾਉਂਦੇ ਹਨ ਜੋ ਵੀ ਗੁਰ ਉਪਦੇਸ਼ ਨੂੰ ਸੁਣ ਕੇ ਵਿਚਾਰ ਕੇ ਦ੍ਰਿੜ ਕਰਕੇ ਗਾਉਂਦਾ ਤੇ ਉਸਦਾ ਉਪਦੇਸ਼ ਕਰਦਾ ਹੈ ਉਸਦਾ ਉਧਾਰ ਹੋ ਜਾਂਦਾ ਹੈ। “ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ ॥ ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ ॥ “(੩੦੦) ਗੁਰੂ ਰਾਮ ਦਾਸ ਜੀ ਪੂਰੀ ਗੁੰਝਲ਼ ਹੀ ਖੋਲ ਦਿੰਦੇ ਹਨ।”
“ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥”(੬੬੯) ਇਹੀ ਵਿਚਾਰਧਾਰਾ ਪਹਿਲਾ ਗੁਰੂ ਅਮਰਦਾਸ ਪਾਤਸ਼ਾਹ ਨੇ ਫੁਰਮਾਈ ਹੈ। “ਸਲੋਕੁ ਮਃ ੩ ॥ ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ “(੫੯੪)। ਜਿਸ ਤਰਾਂ ਆਮ ਤੌਰ ਤੇ ਸੁਣਨ ਤੇ ਮੰਨਣ ਨੂੰ ਵੱਖ ਦੇਖਿਆਂ ਜਾਂਦਾ ਹੈ ਉਸ ਤਰ੍ਹਾਂ ਜੇ ਦੇਖਦੇ ਹਾਂ ਗੁਰਮਤਿ ਦਾ ਸਿਧਾਂਤ ਸਪੱਸ਼ਟ ਨਹੀਂ ਹੋਏਗਾ। ਸੋ ਇਨ੍ਹਾਂ ਅੱਠਾਂ ਪਉੜੀਆ ਦਾ ਇੱਕ ਸੰਗ੍ਰਹਿ ਹੈ। ਉਸ ਅਨੁਸਾਰ ਹੀ ਸਮਝਣ ਦੀ ਕੋਸ਼ਿਸ਼ ਕਰਾਂਗੇ।
*ਸ਼ਬਦ* – ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥ ਸੁਣਿਐ ਦੀਪ ਲੋਅ ਪਾਤਾਲ ॥ ਸੁਣਿਐ ਪੋਹਿ ਨ ਸਕੈ ਕਾਲੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੮॥
*ਪਦ ਅਰਥ*: ਸੁਣਿਐ = ਸੁਣਿਆਂ, ( ਦਿਲੋਂ ਮੰਨੋਂ) ਸੁਣਨ ਨਾਲ, ( ਸ਼ਰਧਾ ਤੇ ਪਿਆਰ ਨਾਲ ਸੁਣ, ਮੰਨ ਕੇ)। ਸਿਧ = ਜੋਗ ਮੱਤ ਅਨੁਸਾਰ ਸਫਲਤਾ ਪ੍ਰਾਪਤ ਕਰਨ ਦਾ ਦਾਵਾ ਕਰਨ ਵਾਲੇ ਜੋਗੀ। ਸੁਰਿ = ਦੇਵਤੇ। ਧਵਲ-(ਮਨੋਕਲਪਿਤ )ਬੌਲਦ, ਧਰਤੀ ਦਾ ਆਸਰਾ। ਦੀਪ = ਧਰਤੀ ਦੀ ਵੰਡ ਦੇ ਸਤ ਦੀਪ। ਲੋਅ = ਲੋਕ, ਭਵਣ। ਪੋਹਿ ਨ ਸਕੈ = ਪੋਹ ਨਹੀਂ ਸਕਦਾ, ਡਰਾ ਨਹੀਂ ਸਕਦਾ, ਆਪਣਾ ਪਰਭਾਵ ਨਹੀਂ ਪਾ ਸਕਦਾ। ਵਿਗਾਸੁ = ਖਿੜਾਉ, ਉਮਾਹ, ਖ਼ੁਸ਼ੀ।
*ਅਰਥ*: ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤਿ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿੳਂਕਿ) ਉਸ ਦੀ ਸਿਫ਼ਤਿ-ਸਾਲਾਹ ਸੁਣਨ ਕਰ ਕੇ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ।(ਗੁਰੂ ਸਾਹਿਬ ਵੱਲੋਂ ਸੁਝਾਏ ਨਾਮ ਦੀ ਮਹਿਮਾ ਦਿਲੋਂ- ਮਨੋਂ) ਸੁਣਨ, ਮੰਨਣ ਤੇ ਮੰਨ ਵਿੱਚ ਵਸਾਉਣ ਕਰਕੇ (ਜਿਗਿਆਸੂ ਨੂੰ ਗਿਆਨ ਹੋ ਜਾਂਦਾ ਹੈ ਕਿ ਸ੍ਰਿਸ਼ਟੀ) ਅੰਦਰ ਇਨ੍ਹਾਂ ਸਿੱਧਾਂ, ਪੀਰਾਂ, ਦੇਵਤਿਆਂ, ਅਤੇ ਨਾਥਾਂ ਦਾ ਕੀ ਅਸਲੀਅਤ ਹੈ। (ਇਤਨਾ ਹੀ ਨਹੀਂ ਬਲਕਿ ਇਸ ਗੁਰੂ ਦੱਸੇ ਮਾਰਗ ਤੇ ਚੱਲ ਕਿ ਜਿਗਿਆਸੂ ਨੂੰ ਪ੍ਰਭੂ ਦੀ ਰਚੀ ਹੋਈ) ਧਰਤੀ, ਧਰਤੀ ਨੂੰ ਆਸਰਾ ਦੇ ਕੇ ਚਲਾਉਣ ਵਾਲੇ ਰੱਬੀ ਹੁਕਮ ਅਤੇ ਆਕਾਸ਼ ਮੰਡਲ ਦੀ ਬੇਅੰਤਤਾ ਦਾ ਵੀ ਗਿਆਨ ਹੋ ਜਾਂਦਾ ਹੈ। ਧਰਤੀ ਦੇ ਵੱਖ-ਵੱਖ ਖੰਡਾਂ, ਅੱਡ-ਅੱਡ ਭਵਨਾਂ ਅਤੇ ਪਾਤਾਲਾਂ ਆਦਿ ਦੀ ਵੀ ਸੋਝੀ ਹੋ ਜਾਂਦੀ ਹੈ। ਪ੍ਰਭੂ ਦੀ ਮਹਿਮਾ ਨੂੰ ਦਿਲੋਂ- ਮਨੋਂ ਸੁਣਨ, ਮੰਨਣ, ਬੁਝਣ ਅਤੇ ਮਨ ਵਿੱਚ ਵਸਾਉਣ ਨਾਲ ਜਿਗਿਆਸੂ ਦੇ ਮਨ ਵਿੱਚੋਂ ਕਾਲ ਜਾਂ ਮੌਤ ਦਾ ਡਰ ਵੀ ਦੂਰ ਹੋ ਜਾਂਦਾ ਹੈ।
*ਭਾਵ*: ਸਿਫ਼ਤਿ-ਸਾਲਾਹ ਸੁਣ, ਮੰਨ ਕੇ ਮੰਨਣ ਉਪਰੰਤ ਸਾਧਾਰਨ ਮਨੁੱਖ ਭੀ ਜਿਥੇ ਪ੍ਰਭੂ ਦੀ ਬੇਅੰਤਤਾ ਨੂੰ ਸਮਝਦਾ ਹੈ ਉੱਥੇ ਅਪਣੇ ਆਪ ਨੂੰ ਧਾਰਮਿਕ ਹਸਤੀ ਸਦਵਾਉਣ ਵਾਲਿਆ ਦੀ ਅਸਲੀਅਤ ਦਾ ਵੀ ਗਿਆਨ ਹੋ ਜਾਂਦਾ ਹੈ। ਉਹਨਾਂ ਨੂੰ ਪਰਤੱਖ ਜਾਪਦਾ ਹੈ ਕਿ ਪ੍ਰਭੂ ਸਾਰੇ ਖੰਡਾਂ ਬ੍ਰਹਿਮੰਡਾਂ ਵਿਚ ਵਿਆਪਕ ਹੈ, ਤੇ ਧਰਤੀ ਆਕਾਸ਼ ਦਾ ਆਸਰਾ ਹੈ। ਇਉਂ ਹਰ ਥਾਂ ਪ੍ਰਭੂ ਦਾ ਦੀਦਾਰ ਹੋਇਆਂ ਉਹਨਾਂ ਨੂੰ ਮੌਤ ਦਾ ਡਰ ਭੀ ਪੋਹ ਨਹੀਂ ਸਕਦਾ।8।
*ਸ਼ਬਦ* – ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥ ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੯॥
*ਪਦ ਅਰਥ*: ਈਸਰੁ = ਸ਼ਿਵ। ਇੰਦੁ = ਇੰਦਰ ਦੇਵਤਾ। ਮੁਖਿ = ਮੂੰਹ ਨਾਲ, ਮੂੰਹੋਂ। ਸਾਲਾਹਣ = ਸਿਫ਼ਤ = ਸਾਲਾਹਾਂ, ਰੱਬ ਦੀਆਂ ਵਡਿਆਈਆਂ। ਮੰਦੁ = ਭੈੜਾ ਮਨੁੱਖ। ਜੋਗ ਜੁਗਤਿ = ਜੋਗ ਦੀ ਜੁਗਤੀ, ਜੋਗ ਦੇ ਸਾਧਨ। ਤਨਿ = ਸਰੀਰ ਵਿਚ ਦੇ। ਭੇਦ = ਗੱਲਾਂ।
*ਅਰਥ* : ਹੇ ਨਾਨਕ! (ਨਾਮ ਨਾਲ ਪ੍ਰੀਤ ਕਰਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ; (ਕਿਉਂਕਿ) ਰੱਬ ਦੀ ਸਿਫ਼ਤਿ ਸਾਲਾਹ ਸੁਣਨ ਤੇ ਮੰਨਣ ਕਰਕੇ (ਮਨੁੱਖ ਦੇ) ਦੁਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਅਕਾਲ ਪੁਰਖ ਦੀ ਮਹਿਮਾ ਸੁਣਕੇ ਉਸ ਨੂੰ ਅਮਲੀ ਜੀਵਨ ਵਿੱਚ ਅਪਨਾਉਣ ਸਦਕਾ ਸਾਧਾਰਨ ਮਨੁੱਖ ਦਾ ਵੀ ਇਹ ਭੇਦ ਖੁੱਲ ਜਾਂਦਾ ਹੈ ਕਿ ਪ੍ਰਭੂ ਦੀ ਬੇਅੰਤਤਾ ਵਾਲੀ ਕਾਇਨਾਤ ਵਿੱਚ ਅਸਲ ਵਿੱਚ ਸ਼ਿਵ, ਬ੍ਰਹਮਾ ਤੇ ਇੰਦਰ ਆਦਿਕਾਂ ਦੀ ਕੀ ਪਾਇਆਂ ਹੈ। ਗੁਰੂ- ਦਰਸਾਈ ਜੁਗਤ ਨੂੰ ਦਿਲੋਂ- ਮਨੋਂ ਅਪਨਾਉੱਣ ਸਦਕਾ ਮੰਦ ਕਰਮੀ ਮਨੁੱਖ ਭੀ ਮੂੰਹੋਂ ਰੱਬ ਦੀਆਂ ਸਿਫ਼ਤਾਂ ਕਰਨ ਲੱਗ ਪੈਂਦਾ ਹੈ, (ਸਾਧਾਰਨ ਬੁੱਧੀ ਵਾਲੇ ਨੂੰ ਭੀ) ਸਰੀਰ ਵਿਚ ਦੀਆਂ ਗੁੱਝੀਆਂ ਗੱਲਾਂ, (ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ-ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ( ਸੋ ਉਹ ਫਿਰ ਇਨ੍ਹਾਂ ਇੰਦਰਿਆਂ ਦਾ ਦੁਰ-ਉਪਯੋਗ ਦੀ ਬਜਾਏ ਸੱਦ-ਉਪਯੋਗ ਕਰਦਾ ਹੈ। ) ਉਪਰੋਕਤ ਜੁਗਤੀ ਅਪਣਾ ਕਿ ਸੱਚੇ ਭਗਤ ਨੂੰ ਸਮਝ ਪੈ ਜਾਂਦੀ ਹੈ ਕਿ ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦੀ ਆਤਮਕ ਮੰਡਲਾਂ ਵਿੱਚ ਆਖਰ ਅਸਲੀਅਤ ਤੇ ਪਾਇਆਂ ਕੀ ਹੈ? (ਉਨ੍ਹਾਂ ਨੂੰ ਅਜਿਹੇ ਧਾਰਮਿਕ ਗ੍ਰੰਥ ਅਖਵਾਉਣ ਵਾਲੇ ਅਨੇਕਾਂ ਗ੍ਰੰਥਾਂ ਦੇ ਬਨਾਵਟੀ ਇੰਦਰਾਜਾਂ ਦੀ ਸੋਝੀ ਹੋ ਜਾਂਦੀ ਹੈ।)
*ਨੋਟ*- ਆਮ ਤੌਰ ਤੇ ਅਰਥ ਕੀਤੇ ਜਾਂਦੇ ਹਨ ਕਿ ਸੁਣਨ ਨਾਲ ਈਸਰ, ਬਰਮਾ ਤੇ ਇੰਦਰ ਦੀ ਪਦਵੀ ਨੂੰ ਪ੍ਰਾਪਤ ਹੋ ਜਾਈਆਂ ਹੈ ਜੋ ਗੁਰਮਤਿ ਦੀ ਕਸੌਟੀ ਤੇ ਪੂਰੇ ਉਤਰਦੇ ਨਜ਼ਰ ਨਹੀਂ ਆਉਂਦੇ। ਸੋ ਆਉ ਗੁਰਬਾਣੀ ਵਿੱਚੋਂ ਹੀ ਨਜ਼ਰ ਮਾਰਦੇ ਹਾਂ ਕਿਉਂਕਿ ਗੁਰੂ ਸਾਹਿਬ ਕਹਿੰਦੇ ਹਨ “ਗੁਰ ਕੀ ਬਾਣੀ ਗੁਰ ਤੇ ਜਾਤੀ”(੧੩੪੬)। ਸੋ ਗੁਰਬਾਣੀ ਨੂੰ ਅਪਣੀ ਅਕਲ ਨਾਲ ਨਹੀਂ ਬਲਕਿ ਗੁਰਬਾਣੀ ਨੂੰ ਆਧਾਰ ਬਣਾ ਕੇ ਸਮਝਣਾ ਹੈ।
*੧. ਈਸਰੁ- ਸ਼ਿਵ*
“**ਸ਼ਬਦ** – ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥ ਤਿਨ੍
ਹ੍ਹ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ ॥”(੭੪੭)
*ਅਰਥ*- ਵਿਸ਼ਨੂ ਦੇ ਦਸ ਅਵਤਾਰ ਰਾਜਿਆ ਦੇ ਰੂਪ ਵਿੱਚ ਵਰਤਦੇ ਦੱਸੇ ਗਏ ਹਨ ਅਤੇ ਸ਼ਿਵ ਜੀ ਤਿਆਗੀ ਰੂਪ ਵਿੱਚ ਪੇਸ਼ ਕੀਤਾ ਹੈ। ਪਰ ਉਹ ਭੀ ਤੇਰੇ ਗੁਣਾਂ ਦਾ ਅੰਤ ਨਾਹ ਪਾ ਸਕੇ। (ਸ਼ਿਵ ਆਦਿਕ ਅਨੇਕਾਂ ਆਪਣੇ ਸਰੀਰ ਉਤੇ) ਸੁਆਹ ਮਲ ਮਲ ਕੇ ਥੱਕ ਗਏ।੩।
*ਸ਼ਬਦ* – “ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥”(੮੭੪)
*ਅਰਥ*- ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ।
੨. *ਬ੍ਰਹਮਾ*-
*ਸ਼ਬਦ*- “ਬ੍ਰਹਮੈ ਗਰਬੁ ਕੀਆ ਨਹੀ ਜਾਨਿਆ ॥ ਬੇਦ ਕੀ ਬਿਪਤਿ ਪੜੀ ਪਛੁਤਾਨਿਆ। “(੨੨੪)
*ਅਰਥ*- ਬ੍ਰਹਮਾ ਹੰਕਾਰ ਕਰਦਾ ਰਿਹਾ। ਜਦ ਉਸ ਤੋਂ ਵੇਦ ਗਵਾਚ ਗਏ ਤਦ ਉਹ ਵੇਦ- ਵਿਹੂਣਾ ਹੋ ਜਾਣ ਦੀ ਬਿਪਤਾ ਪੈ ਜਾਣ ਕਰਕੇ ਬਹੁਤ ਪਛਤਾਇਆ।
*ਸ਼ਬਦ*- “ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ਰੋਗੀ ਸਗਲ ਸੰਸਾਰਾ ॥”(੧੧੫੩)
*ਅਰਥ*-ਸ਼ਿਵਜੀ ਸਮੇਤ ਵਿਸ਼ਨੂ ਤੇ ਬ੍ਰਹਮਾ ਆਤਮਕ ਰੋਗਾਂ ਤੋਂ ਪੀੜਤ ਰੋਗੀ ਹਨ ਅਤੇ ਅਸਲ ਵਿੱਚ ਸੰਸਾਰ ਦੇ ਸਭ ਜੀਵ ਇਨ੍ਹਾਂ ਆਤਮਕ ਰੋਗਾਂ ਦੇ ਰੋਗੀ ਹੀ ਹਨ।
*ਸ਼ਬਦ* -“ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ ॥”(੮੯੪)
*ਅਰਥ*-ਨਾ ਵੇਦ ਤੇ ਨ ਹੀ ਸਾਰੇ ਬ੍ਰਹਮੇ ਪਰਮੇਸ਼ਰ ਦੀ ਸਾਰੀ ਮਹਿਮਾ ਅਤੇ ਭੇਤਾਂ ਤੋਂ ਜਾਣੂ ਹਨ।
*ਸ਼ਬਦ* -“ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ ॥”(੩੨੭)
*ਅਰਥ*- ਬ੍ਰਹਮਾ ਰੱਬ ਬਾਰੇ ਬਹੁਤ ਕਥਨ ਕਰਦਾ ਰਿਹਾ ਪਰ ਉਹ ਖੋਜ ਕਰਨ ਦੇ ਬਾਵਜੂਦ ਵੀ ਉਸਦਾ ਭੇਦ ਨਹੀਂ ਪਾ ਸਕਿਆ।
੩. *ਇੰਦਰ* –
*ਸ਼ਬਦ* – ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ। (੭)
*ਅਰਥ*-ਰੱਬੀ ਕਾਇਨਾਤ ਵਿੱਚ ਕਿਤਨੇ ਹੀ ਇੰਦਰ, ਚੰਦਰਮਾ, ਸੂਰਜ, ਮੰਡਲ ਅਤੇ ਦੇਸ਼ ਤਰੇ ਫਿਰਦੇ ਹਨ।
*ਸ਼ਬਦ* –
“ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥”(੧੩੪੩)
*ਅਰਥ*-ਗੋਤਮ (ਇਕ ਪ੍ਰਸਿੱਧ) ਤਪੀ (ਸੀ) , ਅਹਿੱਲਿਆ (ਉਸ ਦੀ) ਇਸਤ੍ਰੀ (ਸੀ) , ਉਸ ਦਾ ਰੂਪ ਵੇਖ ਕੇ (ਦੇਵਤਿਆਂ ਦਾ ਰਾਜਾ ਅਖਵਾਂਦਾ) ਇੰਦ੍ਰ ਮਸਤ ਹੋ ਗਿਆ। (ਗੋਤਮ ਦੇ ਸਰਾਪ ਨਾਲ) (ਉਸ ਦੇ ਇੰਦਰ ਦੇ) ਸਰੀਰ ਉਤੇ ਹਜ਼ਾਰ ਭਗਾਂ ਦੇ ਨਿਸ਼ਾਨ ਬਣ ਗਏ, ਤਦੋਂ ਇੰਦ੍ਰ ਆਪਣੇ ਮਨ ਵਿਚ (ਉਸ ਕੁਕਰਮ ਤੇ) ਪਛੁਤਾਇਆ।1।
ਹੋਰ ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ –
*ਸ਼ਬਦ* – “ਮੈਲਾ ਬ੍ਰਹਮਾ ਮੈਲਾ ਇੰਦੁ ॥ ਰਵਿ ਮੈਲਾ ਮੈਲਾ ਹੈ ਚੰਦੁ ॥”(੧੧੫੮)
*ਅਰਥ* -ਬ੍ਰਹਮਾ (ਭਾਵੇਂ ਜਗਤ ਦਾ ਪੈਦਾ ਕਰਨ ਵਾਲਾ ਮਿਥਿਆ ਜਾਂਦਾ ਹੈ ਪਰ) ਬ੍ਰਹਮਾ ਭੀ ਮੈਲਾ, ਇੰਦਰ ਭੀ ਮੈਲਾ (ਭਾਵੇਂ ਉਹ ਦੇਵਤਿਆਂ ਦਾ ਰਾਜਾ ਮਿਥਿਆ ਗਿਆ ਹੈ) । (ਦੁਨੀਆ ਨੂੰ ਚਾਨਣ ਦੇਣ ਵਾਲੇ) ਸੂਰਜ ਤੇ ਚੰਦ੍ਰਮਾ ਭੀ ਮੈਲੇ ਹਨ।1।
ਸੋ ਨਾਮ ਸੁਣ ਕੇ ਮੰਨਣ ਵਾਲਾ ਮੈਲਾ ਕਿਵੇਂ ਹੋ ਸਕਦਾ ਹੈ। ਗੁਰੂ ਸਾਹਿਬ ਜਪੁ ਬਾਣੀ ਅੰਦਰ ਹੀ ਫ਼ੁਰਮਾਉਂਦੇ ਹਨ ਕਿ ਜੇ ਮਤਿ ਪਾਪਾ ਨਾਲ ਵੀ ਭਰੀ ਹੋਵੇ ਉਹ ਵੀ ਨਾਮ ਸੁਣ ਕੇ ਮੰਨਣ ਨਾਲ ਉਤਰ ਜਾਂਦੀ ਹੈ।
ਇਸੇ ਪਾਉਂੜੀ ਅੰਦਰ ਹੀ ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਮੰਦ ਬੁੱਧੀ ਵੀ ਨਾਮ ਸੁਣ ਕੇ ਜੇ ਮੰਨਦੇ ਹਨ ਤਾਂ ਉਹ ਵੀ ਰੱਬੀ ਸਿਫ਼ਤ ਸਾਲਾਹ ਕਰਨ ਲੱਗ ਜਾਂਦੇ ਹਨ।
*ਸ਼ਬਦ* – ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥ ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੦॥
*ਪਦ ਅਰਥ*: ਸਤੁ ਸੰਤੋਖੁ = ਦਾਨ ਤੇ ਸੰਤੋਖ।
ਸਤੁ: ਇਸ ਲਫ਼ਜ਼ ਦੇ ਤਿੰਨ ਵੱਖੋ-ਵੱਖਰੇ ਰੂਪ ਮਿਲਦੇ ਹਨ: ‘ਸਤਿ, ਸਤੁ, ਸਤ’।
ਜਪੁਜੀ ਸਾਹਿਬ ਵਿਚ ‘ਸਤਿ’ ਅਤੇ ‘ਸਤੁ’ ਵਾਲੀਆਂ ਹੇਠ-ਲਿਖੀਆਂ ਤੁਕਾਂ ਹਨ:
(1) ‘ਸਤਿਨਾਮੁ’ (ਮੂਲ ਮੰਤਰ ਵਿਚ)
(2) ਸੁਣਿਐ, ਸਤੁ ਸੰਤੋਖੁ ਗਿਆਨੁ। (ਪਉੜੀ 10)
(3) ਅਸੰਖ ਸਤੀ ਅਸੰਖ ਦਾਤਾਰ। (ਪਉੜੀ 17)
(4) ਸਤਿ ਸੁਹਾਣੁ ਸਦਾ ਮਨਿ ਚਾਉ। (ਪਉੜੀ 21)
(5) ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ। 27।
ਅਠਸਠਿ = ਅਠਾਹਠ ਤੀਰਥ। ਪੜਿ ਪੜਿ = ਵਿੱਦਿਆ ਪੜ੍ਹ ਕੇ। ਪਾਵਹਿ = ਪਾਂਦੇ ਹਨ। ਸਹਜਿ = ਸਹਜ ਅਵਸਥਾ ਵਿਚ। ਸਹਜ = (ਸਹਜ) ਸਹ-ਸਾਥ, ਨਾਲ ਜ-ਜਨਮਿਆ, ਪੈਦਾ ਹੋਇਆ, ਉਹ ਸੁਭਾਉ ਜੋ ਸੁੱਧ-ਸਰੂਪ ਆਤਮਾ ਦੇ ਨਾਲ ਜਨਮਿਆ ਹੈ, ਸ਼ੁੱਧ-ਸਰੂਪ ਆਤਮਾ ਦਾ ਆਪਣਾ ਅਸਲੀ ਧਰਮ, ਮਾਇਆ ਦੇ ਤਿੰਨਾਂ ਗੁਣਾਂ ਤੋਂ ਲੰਘ ਕੇ ਉਪਰ ਦੀ ਅਵਸਥਾ, ਤੁਰੀਆ ਅਵਸਥਾ, ਸ਼ਾਂਤੀ , ਅਡੋਲਤਾ। ਧਿਆਨੁ = ਸੁਰਤ, ਬ੍ਰਿਤੀ। ਗਿਆਨੁ = ਸਾਰੇ ਜਗਤ ਨੂੰ ਪ੍ਰਭੂ-ਪਿਤਾ ਦਾ ਇਕ ਟੱਬਰ ਸਮਝਣ ਦੀ ਸੂਝ, ਪਰਮਾਤਮਾ ਨਾਲ ਜਾਣ-ਪਛਾਣ।
*ਅਰਥ*: ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿਂਉਕਿ) ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਸੁਣ ਕੇ ਮੰਨਣ ਨਾਲ (ਮਨੁੱਖ ਦੇ) ਦੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਰੱਬ ਦੇ ਨਾਮ ਵਿਚ ਜੁੜਨ ਨਾਲ (ਹਿਰਦੇ ਵਿਚ) ਦਾਨ (ਦੇਣ ਦਾ ਸੁਭਾਉ) , ਸੰਤੋਖ ਤੇ ਪ੍ਰਕਾਸ਼ ਪਰਗਟ ਹੋ ਜਾਂਦਾ ਹੈ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ (ਹੀ) ਹੋ ਜਾਂਦਾ ਹੈ (ਭਾਵ, ਅਠਾਰਠ ਤੀਰਥਾਂ ਦੇ ਇਸ਼ਨਾਨ ਨਾਮ ਜਪਣ ਦੇ ਵਿਚ ਹੀ ਆ ਜਾਂਦੇ ਹਨ) ।ਉਹ ਗੁਰਮੁਖ ਜਨਾਂ ਨੂੰ ਗੁਰਮਤਿ ਗਿਆਨ ਦੇ ਪਠਨ-ਪਾਠਨ ਸਦਕਾ ਅਕਾਲ ਪੁਰਖ ਦੇ ਨਾਮ ਵਿਚ ਜੁੜ ਕੇ ਹੀ ਆਦਰ ਸਤਿਕਾਰ ਮਿਲ ਜਾਂਦਾ ਹੈ। ਨਾਮ ਸੁਣਨ ਦਾ ਸਦਕਾ ਅਡੋਲਤਾ ਵਿਚ ਚਿੱਤ ਦੀ ਬ੍ਰਿਤੀ ਟਿਕ ਜਾਂਦੀ ਹੈ।10।
*ਭਾਵ*: ਨਾਮ ਵਿਚ ਸੁਰਤ ਜੋੜਿਆਂ ਹੀ ਮਨ ਵਿਸ਼ਾਲ ਹੁੰਦਾ ਹੈ, ਲੋੜਵੰਦਿਆਂ ਦੀ ਸੇਵਾ ਤੇ ਸੰਤੋਖ ਵਾਲਾ ਜੀਵਨ ਬਣਦਾ ਹੈ। ਨਾਮ ਵਿਚ ਚੁੱਭੀ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਜਗਤ ਦੇ ਕਿਸੇ ਮਾਣ-ਆਦਰ ਦੀ ਪਰਵਾਹ ਨਹੀਂ ਰਹਿ ਜਾਂਦੀ, ਮਨ ਸਹਜਿ ਅਵਸਥਾ ਵਿਚ, ਅਡੋਲਤਾ ਵਿਚ, ਮਗਨ ਰਹਿੰਦਾ ਹੈ।10।
*ਨੋਟ*- ਇੱਥੇ ਗੁਰੂ ਸਾਹਿਬ ਨੇ ਤੀਰਥ ਇਸ਼ਨਾਨ ਦੀ ਪ੍ਰੋੜ੍ਹਤਾ ਨਹੀਂ ਬਲਕਿ ਖੰਡਨ( ਵਿਰੋਧਤਾ) ਕੀਤੀ ਹੈ ਜਿਸ ਦਾ ਵਿਸਥਾਰ ਗੁਰਬਾਣੀ ਅੰਦਰ ਕਈ ਜਗ੍ਹਾ ਆਉਂਦਾ ਹੈ ਜਿਵੇਂ – ੧. “ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ। “(੨)
੨. “ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥ ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥ ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥ “(੬੮੭)
*ਅਰਥ*: ਮੈਂ (ਭੀ) ਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ (ਪਰ ਮੇਰੇ ਵਾਸਤੇ ਪਰਮਾਤਮਾ ਦਾ) ਨਾਮ (ਹੀ) ਤੀਰਥ ਹੈ। ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਟਿਕਾਣਾ (ਮੇਰੇ ਵਾਸਤੇ) ਤੀਰਥ ਹੈ (ਕਿਉਂਕਿ ਇਸ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ। ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹੈ, ਮੇਰੇ ਵਾਸਤੇ ਗੰਗਾ ਦਾ ਜਨਮ-ਦਿਨ ਹੈ। ਮੈਂ ਤਾਂ ਸਦਾ ਪ੍ਰਭੂ ਦਾ ਨਾਮ ਹੀ ਮੰਗਦਾ ਹਾਂ ਤੇ (ਅਰਦਾਸ ਕਰਦਾ ਹਾਂ-) ਹੇ ਧਰਤੀ ਦੇ ਆਸਰੇ ਪ੍ਰਭੂ! ਮੈਨੂੰ ਆਪਣਾ ਨਾਮ) ਦੇਹ। ਜਗਤ (ਵਿਕਾਰਾਂ ਵਿਚ) ਰੋਗੀ ਹੋਇਆ ਪਿਆ ਹੈ, ਪਰਮਾਤਮਾ ਦਾ ਨਾਮ (ਇਹਨਾਂ ਰੋਗਾਂ ਦਾ) ਇਲਾਜ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ (ਮਨ ਨੂੰ ਵਿਕਾਰਾਂ ਦੀ) ਮੈਲ ਲੱਗ ਜਾਂਦੀ ਹੈ। ਗੁਰੂ ਦਾ ਪਵਿਤ੍ਰ ਸ਼ਬਦ (ਮਨੁੱਖ ਨੂੰ) ਸਦਾ (ਆਤਮਕ) ਚਾਨਣ (ਦੇਂਦਾ ਹੈ, ਇਹੀ) ਨਿੱਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ, ਇਹੀ ਤੀਰਥ-ਇਸ਼ਨਾਨ ਹੈ।੧।
੩. ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥ ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥ ਪੂਜਹੁ ਰਾਮੁ ਏਕੁ ਹੀ ਦੇਵਾ ॥ ਸਾਚਾ ਨਾਵਣੁ ਗੁਰ ਕੀ ਸੇਵਾ ॥”(੪੮੪)
੪. “ਮਿਲੈ ਜਿ ਤੀਰਥਿ ਨਾਤਿਆਂ ਡਡਾਂ ਜਲ ਵਾਸੀ”( ਭਾ: ਗੁਰਦਾਸ ਜੀ, ਵਾਰ-੩੬)
*ਸ਼ਬਦ* – ਸੁਣਿਐ ਸਰਾ ਗੁਣਾ ਕੇ ਗਾਹ ॥ ਸੁਣਿਐ ਸੇਖ ਪੀਰ ਪਾਤਿਸਾਹ ॥ ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੧॥
*ਪਦ ਅਰਥ*: ਸਰਾ ਗੁਣਾ ਕੇ = ਗੁਣਾਂ ਦੇ ਸਰੋਵਰਾਂ ਦੇ, ਬੇਅੰਤ ਗੁਣਾਂ ਦੇ। ਗਾਹ = ਗਾਹੁਣ ਵਾਲੇ, ਸੂਝ ਵਾਲੇ, ਵਾਕਫ਼ੀ ਵਾਲੇ। ਰਾਹੁ = ਰਸਤਾ। ਅਸਗਾਹੁ = ਡੂੰਘਾ ਸਮੁੰਦਰ, ਸੰਸਾਰ। ਹਾਥ = ਸ਼ਬਦ ‘ਹਾਥ’ ਇਸਤ੍ਰੀ-ਲਿੰਗ ਹੈ, ਇਸ ਵਾਸਤੇ ਇਕ-ਵਚਨ ਵਿਚ ਭੀ ਇਸ ਦੇ ਅੰਤ ਵਿਚ (ੁ) ਨਹੀਂ ਹੈ। ਇਸ ਦਾ ਅਰਥ ਹੈ ‘ਡੂੰਘਿਆਈ ਦੀ ਸਮਝ’। ਪਰ ਜਦੋਂ ਇਹ ਪੁਲਿੰਗ ਹੋਵੇ ਤਦੋਂ ਇਸ ਦਾ ਅਰਥ ਹੈ ਮਨੁੱਖ ਦਾ ਅੰਗ ‘ਹੱਥ’। ਜਿਵੇਂ:
(1) ਹਾਥੁ ਪਸਾਰਿ ਸਕੈ ਕੋ ਜਨ ਕਉ, ਬੋਲਿ ਨ ਸਕੈ ਅੰਦਾਜਾ।1। (ਬਿਲਾਵਲ ਕਬੀਰ ਜੀ)
ਬਹੁ-ਵਚਨ ‘ਹਾਥ’ ਦਾ ਰੂਪ ਇਸਤ੍ਰੀ-ਲਿੰਗ ‘ਹਾਥ’ ਵਾਲਾ ਹੀ ਹੈ, ਜਿਵੇਂ:
ਹਾਥ ਦੇਇ ਰਾਖੇ ਪਰਮੇਸਰਿ, ਸਗਲਾ ਦੁਰਤੁ ਮਿਟਾਇਆ।1।7।16। (ਗੂਜਰੀ ਮਹਲਾਂ 5)
ਹਾਥ ਹੋਵੈ = ਹਾਥ ਹੋ ਜਾਂਦੀ ਹੈ, ਡੂੰਘਿਆਈ ਦਾ ਪਤਾ ਲੱਗ ਜਾਂਦਾ ਹੈ, ਅਸਲੀਅਤ ਦੀ ਸਮਝ ਪੈ ਜਾਂਦੀ ਹੈ।11।
*ਅਰਥ*: ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤਿ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿਉਂਕਿ) ਅਕਾਲ ਪੁਰਖ ਦਾ ਨਾਮ ਸੁਣਨ ਤੇ ਮੰਨਣ ਨਾਲ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਅਕਾਲ ਪੁਰਖ ਦੇ ਨਾਮ ਵਿਚ ਸੁਰਤਿ ਜੋੜਨ ਨਾਲ (ਸਾਧਾਰਨ ਮਨੁੱਖ) ਬੇਅੰਤ ਗੁਣਾਂ ਦੀ ਸੂਝ ਵਾਲੇ ਹੋ ਜਾਂਦੇ ਹਨ, ਸ਼ੇਖ ਪੀਰ ਤੇ ਪਾਤਿਸ਼ਾਹਾਂ ਦੀ ਅਸਲੀਅਤ ਨੂੰ ਸਮਝ ਜਾਂਦੇ ਹਨ( ਇਸ ਕਰਕੇ ਉਹ ਧੋਖਾ ਨਹੀਂ ਖਾ ਸਕਦੇ)। ਇਹ ਨਾਮ ਸੁਣਨ ਤੇ ਮੰਨਣ ਦੀ ਹੀ ਬਰਕਤਿ ਹੈ ਕਿ ਅੰਨ੍ਹੇ ਗਿਆਨ-ਹੀਣ ਮਨੁੱਖ ਭੀ (ਅਕਾਲ ਪੁਰਖ ਨੂੰ ਮਿਲਣ ਦਾ) ਰਾਹ ਲੱਭ ਲੈਂਦੇ ਹਨ। ਅਕਾਲ ਪੁਰਖ ਦੇ ਨਾਮ ਵਿਚ ਜੁੜਨ ਦਾ ਸਦਕਾ ਇਸ ਡੂੰਘੇ ਸੰਸਾਰ-ਸਮੁੰਦਰ ਦੀ ਅਸਲੀਅਤ ਸਮਝ ਵਿਚ ਆ ਜਾਂਦੀ ਹੈ।11।
*ਭਾਵ*: ਜਿਉਂ ਜਿਉਂ ਸੁਰਤਿ ਨਾਮ ਵਿੱਚ ਜੁੜਦੀ ਹੈ, ਮਨੁੱਖ ਰੱਬੀ ਗੁਣਾਂ ਦੇ ਸਮੁੰਦਰ ਵਿੱਚ ਚੁੱਭੀ ਲਾਂਦਾ ਹੈ। ਸੰਸਾਰ ਅਥਾਹ ਸਮੁੰਦਰ ਹੈ, ਜਿਥੇ ਰੱਬ ਨਾਲੋਂ ਵਿਛੜਿਆ ਹੋਇਆ ਜੀਵ ਅੰਨ੍ਹਿਆਂ ਵਾਂਗ ਹੱਥ ਪੈਰ ਮਾਰਦਾ ਹੈ। ਪਰ ਨਾਮ ਵਿੱਚ ਜੁੜਿਆ ਜੀਵ ਜੀਵਨ ਦਾ ਸਹੀ ਰਾਹ ਲੱਭ ਲੈਂਦਾ ਹੈ।11।
*ਸ਼ਬਦ* – ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
*ਪਦ ਅਰਥ*: ਮੰਨੇ ਕੀ = ਮੰਨਣ ਵਾਲੇ ਦੀ, ਪਤੀਜੇ ਹੋਏ ਦੀ, ਯਕੀਨ ਕਰ ਲੈਣ ਵਾਲੇ ਦੀ। ਗਤਿ = ਹਾਲਤ, ਅਵਸਥਾ। ਕਹੈ– ਦੱਸੇ, ਬਿਆਨ ਕਰੇ। ਮੰਨੇ ਕਾ ਵੀਚਾਰੁ = ਸ਼ਰਧਾ ਧਾਰਨ ਵਾਲੇ ਦੀ ਵਡਿਆਈ ਦੀ ਵੀਚਾਰ। ਬਹਿ ਕਰਨਿ = ਬੈਠ ਕੇ ਕਰਦੇ ਹਨ। ਐਸਾ = ਅਜਿਹਾ, ਇੱਡਾ ਉੱਚਾ। ਹੋਇ = ਹੈ। ਮੰਨਿ = ਸ਼ਰਧਾ ਧਾਰ ਕੇ, ਲਗਨ ਲਾ ਕੇ। ਮੰਨਿ ਜਾਣੈ = ਸ਼ਰਧਾ ਰੱਖ ਕੇ ਵੇਖੇ, ਮੰਨ ਕੇ ਵੇਖੇ। ਮਨਿ = ਮਨ ਵਿਚ। ਕਾਗਦਿ = ਕਾਗ਼ਜ਼ ਉੱਤੇ। ਕਲਮ = ਕਲਮ (ਨਾਲ) ।
*ਅਰਥ*: ਉਸ ਮਨੁੱਖ ਦੀ (ਉੱਚੀ) ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ, ਜਿਸ ਨੇ (ਅਕਾਲ ਪੁਰਖ ਦੇ ਨਾਮ ਨੂੰ) ਮੰਨ ਲਿਆ ਹੈ, (ਭਾਵ, ਜਿਸ ਦੀ ਲਗਨ ਨਾਮ ਵਿਚ ਲੱਗ ਗਈ ਹੈ) । ਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ) । (ਮਨੁੱਖ) ਰਲ ਕੇ (ਨਾਮ ਵਿਚ) ਪਤੀਜੇ ਹੋਏ ਦੀ ਆਤਮਕ ਅਵਸਥਾ ਦਾ ਅੰਦਾਜ਼ਾ ਲਾਂਦੇ ਹਨ, ਪਰ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ। ਅਕਾਲ ਪੁਰਖ ਦਾ ਨਾਮ ਬਹੁਤ (ਉੱਚਾ) ਹੈ ਤੇ ਮਾਇਆ ਦੇ ਪਰਭਾਵ ਤੋਂ ਪਰੇ ਹੈ, (ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ।12।
*ਭਾਵ*: ਪ੍ਰਭੂ ਮਾਇਆ ਦੇ ਪਰਭਾਵ ਤੋਂ ਬੇਅੰਤ ਉੱਚਾ ਹੈ। ਉਸ ਦੇ ਨਾਮ ਵਿਚ ਸੁਰਤ ਜੋੜ ਜੋੜ ਕੇ ਜਿਸ ਮਨੁੱਖ ਦੇ ਮਨ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਉਸ ਦੀ ਭੀ ਆਤਮਾ ਮਾਇਆ ਦੀ ਮਾਰ ਤੋਂ ਉਤਾਂਹ ਹੋ ਜਾਂਦੀ ਹੈ।
ਜਿਸ ਮਨੁੱਖ ਦੀ ਪ੍ਰਭੂ ਨਾਲ ਲਗਨ ਲੱਗ ਜਾਏ, ਉਸ ਦੀ ਆਤਮਕ ਉੱਚਤਾ ਨਾਹ ਕੋਈ ਬਿਆਨ ਕਰ ਸਕਦਾ ਹੈ ਨਾਹ ਕੋਈ ਲਿਖ ਸਕਦਾ ਹੈ।12।
*ਸ਼ਬਦ* – ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥ ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥
*ਪਦ ਅਰਥ*: ਮੰਨੈ = ਮੰਨਣ ਕਰਕੇ, ਜੇ ਮੰਨ ਲਈਏ, ਜੇ ਮਨ ਪਤੀਜ ਜਾਏ, ਜੇ ਪ੍ਰਭੂ ਦੇ ਨਾਮ ਵਿਚ ਲਗਨ ਲੱਗ ਜਾਏ। ਸੁਰਤਿ ਹੋਵੈ-(ਉੱਚੀ) ਸੁਰਤ ਹੋ ਜਾਂਦੀ ਹੈ। ਮਨਿ = ਮਨ ਵਿਚ। ਬੁਧਿ = ਜਾਗ੍ਰਤ। ਸੁਧਿ = ਖ਼ਬਰ, ਸੋਝੀ। ਮੁਹਿ = ਮੂੰਹ ਉੱਤੇ। ਚੋਟਾ = ਸੱਟਾਂ। ਜਮ ਕੈ ਸਾਥਿ = ਜਮਾਂ ਦੇ ਨਾਲ।13।
*ਅਰਥ*: ਜੇ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ ਉਸ ਦੀ ਸੁਰਤਿ ਉੱਚੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਜਾਗ੍ਰਤ ਆ ਜਾਂਦੀ ਹੈ, (ਭਾਵ, ਮਾਇਆ ਵਿਚ ਸੁੱਤਾ ਮਨ ਜਾਗ ਪੈਂਦਾ ਹੈ) ਸਾਰੇ ਭਵਨਾਂ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ (ਕਿ ਹਰ ਥਾਂ ਪ੍ਰਭੂ ਵਿਆਪਕ ਹੈ) ਉਹ ਮਨੁੱਖ (ਸੰਸਾਰ ਦੇ ਵਿਕਾਰਾਂ ਦੀਆਂ) ਸੱਟਾਂ ਮੂੰਹ ਉੱਤੇ ਨਹੀਂ ਖਾਦਾ (ਭਾਵ, ਸੰਸਾਰਕ ਵਿਕਾਰ ਉਸ ਉੱਤੇ ਦਬਾ ਨਹੀਂ ਪਾ ਸਕਦੇ) , ਅਤੇ ਜਮਾਂ ਨਾਲ ਉਸ ਨੂੰ ਵਾਹ ਨਹੀਂ ਪੈਂਦਾ (ਭਾਵ, ਉਹ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ) । ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਇੱਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) , ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ।13।
*ਭਾਵ*: ਪ੍ਰਭੂ-ਚਰਨਾਂ ਦੀ ਪ੍ਰੀਤ ਮਨੁੱਖ ਦੇ ਮਨ ਵਿਚ ਚਾਨਣ ਕਰ ਦੇਂਦੀ ਹੈ, ਸਾਰੇ ਸੰਸਾਰ ਵਿਚ ਉਸ ਨੂੰ ਪਰਮਾਤਮਾ ਹੀ ਦਿੱਸਦਾ ਹੈ। ਉਸ ਨੂੰ ਵਿਕਾਰਾਂ ਦੀਆਂ ਚੋਟਾਂ ਨਹੀਂ ਵੱਜਦੀਆਂ ਤੇ ਨਾ ਹੀ ਉਸ ਨੂੰ ਮੌਤ ਡਰਾ ਸਕਦੀ ਹੈ।13।
*ਨੋਟ* – ਜਮ ਲਫ਼ਜ਼ ਵੀ ਗੁਰੂ ਗ੍ਰੰਥ ਸਾਹਿਬ ਅੰਦਰ ਤਿੰਨ ਤਰ੍ਹਾ ਆਇਆ ਹੈ।
ਜਮ- ਬਹੁਤੇ ਜੰਮ
ਜਮੁ – ਇੱਕ ਜੰਮ
ਜਮਿ- ਜੰਮ ਨੇ, ਜੰਮ ਨਾਲ ਆਦਿ।
ਜਿੱਥੇ ਗੁਰੂ ਸਾਹਿਬ ਨੇ ਮੌਤ ਦੇ ਦੂਤ /ਦੇਵਤੇ ਨੂੰ ਜੰਮ ਦੱਸਿਆ ਹੈ ਉੱਥੇ ਕੁਝ ਜੰਮ ਜੋ ਜ਼ਿੰਦੇ ਜੀਅ ਸਾਡੇ ਨਾਲ ਹਨ ਉਨ੍ਹਾਂ ਦੀ ਵੀ ਗੱਲ ਕੀਤੀ ਹੈ। *ਸ਼ਬਦ* – ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥ {ਪੰਨਾ 556}
*ਪਦਅਰਥ*: ਜਿੰਨ = ਭੂਤ। ਅਉਤਾਰੁ = ਜਨਮ। ਜਿਨੂਰਾ = ਛੋਟਾ ਜਿੰਨ, ਭੂਤਨਾ। ਜਿੰਨੂਰੀ = ਭੂਤਨੀ।
*ਅਰਥ*: ਹੇ ਨਾਨਕ! ਕਲਜੁਗ ਵਿਚ (ਵਿਕਾਰੀ ਜੀਵਨ ਵਿਚ) ਰਹਿਣ ਵਾਲੇ (ਮਨੁੱਖ ਨਹੀਂ) ਭੂਤਨੇ ਜੰਮੇ ਹੋਏ ਹਨ, ਪੁਤ੍ਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ (ਸਾਰੇ) ਭੂਤਨਿਆਂ ਦੀ ਸਿਰਦਾਰ ਹੈ (ਭਾਵ; ਜੋ ਨਾਮ ਤੋਂ ਸੱਖਣੇ ਹਨ ਤੇ ਦੂਜਿਆਂ ਨੂੰ ਤੰਗ ਕਰਦੇ ਹਨ ਉਹ ਸਭ ਜੀਵ ਭੂਤਨੇ ਹਨ) ।
*ਸ਼ਬਦ* – ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥ ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥
*ਪਦ ਅਰਥ*: ਮਾਰਗਿ = ਮਾਰਗ ਵਿਚ, ਰਾਹ ਵਿਚ। ਠਾਕ = ਰੋਕ। ਠਾਕ ਨ ਪਾਇ = ਰੋਕ ਨਹੀਂ ਪੈਂਦੀ। ਪਤਿ ਸਿਉ = ਇੱਜ਼ਤ ਨਾਲ। ਪਰਗਟੁ = ਪਰਸਿੱਧ ਹੋ ਕੇ।
ਮਗੁ ਪੰਥੁ:
(ਪ੍ਰ:) ਸ਼ਬਦ ‘ਮਗੁ’ ਤੇ ‘ਪੰਥੁ’ ਦੇ ਅੰਤ ਵਿਚ (ੁ) ਕਿਉਂ ਹੈ?
(ਉ:) ਸਾਧਾਰਨ ਨੀਯਮ ਅਨੁਸਾਰ ਤਾਂ ਇੱਥੇ (ਿ) ਹੀ ਚਾਹੀਦੀ ਹੈ, ਪਰ ਸੰਸਕ੍ਰਿਤ ਵਿਚ ਇਕ ਨੀਯਮ ਆਮ ਪਰਚਲਤ ਸੀ ਕਿ ਜੇ ‘ਲੰਮੇ ਸਮੇ’ ਜਾਂ ਲੰਮੇ ਪੈਂਡੇ’ ਦਾ ਜ਼ਿਕਰ ਹੋਵੇ, ਤਾਂ ਅਧਿਕਰਣ ਕਾਰਕ ਦੇ ਥਾਂ ਕਰਮ ਕਾਰਕ ਵਰਤਿਆ ਜਾਂਦਾ ਸੀ। ਉਹੀ ਨੀਯਮ ਪ੍ਰਾਕ੍ਰਿਤ ਦੀ ਰਾਹੀਂ ਥੋੜ੍ਹਾ ਥੋੜ੍ਹਾ ਪੁਰਾਣੀ ਪੰਜਾਬੀ ਵਿਚ ਵਰਤਿਆ ਗਿਆ ਹੈ; ਜਿਵੇਂ:
(1) ਗਾਵਨਿ ਤੁਧ ਨੋ ਪੰਡਿਤ ਪੜਨਿ ਰਖੀਸਰ, ‘ਜੁਗੁ ਜੁਗੁ’ ਵੇਦਾ ਨਾਲੇ। (ਪਉੜੀ 20)
(2) ਜੁਗੁ ਜੁਗੁ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ।
(3) ਸਾਵਣਿ ਵਰਸੁ ਅੰਮ੍ਰਿਤਿ ‘ਜਗੁ’ ਛਾਇਆ ਜੀਉ। (ਗਉੜੀ ਮਾਝ ਮ: 4)
(4) ਬਾਵੈ ‘ਮਾਰਗੁ’ ਟੇਢਾ ਚਲਣਾ। ਸੀਧਾ ਛੋਡਿ ਅਪੂਠਾ ਬੁਨਨਾ।3। 29। 98। (ਗਾਉੜੀ ਗੁਆਰੇਰੀ ਮ:5
ਮਗੁ = ਮਾਰਗ, ਰਸਤਾ । ਪੰਥੁ = ਰਸਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਇਹ ਦੋਵੇਂ ਸ਼ਬਦ ‘ਮਾਰਗ’ (ਜਿਸ ਦੀ ਪ੍ਰਾਕ੍ਰਿਤ ਸ਼ਕਲ ‘ਮੱਗ’ ਹੈ) ਅਤੇ ‘ਪੰਥ’ ਇਕੋ ਹੀ ਅਰਥ ਵਿਚ ਵਰਤੇ ਗਏ ਹਨ; ਜਿਵੇਂ:
(1) ‘ਮਾਰਗਿ ਪੰਥ ਚਲੇ ਗੁਰ ਸਤਿਗੁਰ ਸੰਗਿ ਸਿਖਾ। ‘ (ਤੁਖਾਰੀ ਛੰਤ ਮ: 4
(2) ਮੁੰਧ ਨੈਣ ਭਰੇਦੀ, ਗੁਣ ਸਾਰੇਦੀ , ਕਿਉਂ ਪ੍ਰਭ ਮਿਲਾ ਪਿਆਰੇ।
ਮਾਰਗੁ ਪੰਥੁ ਨ ਜਾਣਉ ਬਿਖੜਾ, ਕਿਉ ਪਾਈਐ ਪਿਰ ਪਾਰੇ। (ਤੁਖਾਰੀ ਮ: 1
ਸੇਤੀ = ਨਾਲ। ਸਨਬੰਧੁ = ਸਾਕ, ਰਿਸ਼ਤਾ, ਜੋੜ।
*ਅਰਥ*: ਜੇ ਮਨੁੱਖ ਦਾ ਮਨ ਨਾਮ ਵਿਚ ਪਤੀਜ ਜਾਏ ਤਾਂ ਜ਼ਿਦੰਗੀ ਦੇ ਸਫ਼ਰ ਵਿਚ ਵਿਚਾਰ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ, ਉਹ (ਸੰਸਾਰ ਵਿਚ) ਸ਼ੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ। ਉਸ ਮਨੁੱਖ ਦਾ ਧਰਮ ਨਾਲ (ਸਿੱਧਾ) ਜੋੜ ਬਣ ਜਾਂਦਾ ਹੈ, ਉਹ ਫਿਰ (ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ) ਰਸਤਿਆਂ ‘ਤੇ ਨਹੀਂ ਤੁਰਦਾ (ਭਾਵ, ਉਸ ਦੇ ਅੰਦਰ ਇਹ ਵਿਖੇਪਤਾ ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਹੈ ਤੇ ਇਹ ਮੰਦਾ ਹੈ)। ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ, ਏਡਾ (ਉੱਚਾ) ਹੈ, (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ।14।
*ਭਾਵ*: ਯਾਦ ਦੀ ਬਰਕਤਿ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣਦਾ ਹੈ, ਇਸ ਸਿਮਰਨ ਰੂਪ ‘ਧਰਮ’ ਨਾਲ ਉਸਦਾ ਇਤਨਾ ਡੂੰਘਾ ਸੰਬੰਧ ਬਣ ਜਾਂਦਾ ਹੈ ਕਿ ਕੋਈ ਰੁਕਾਵਟ ਉਸਨੂੰ ਇਸ ਸਹੀ ਨਿਸ਼ਾਨੇ ਤੋਂ ਉਖੇੜ ਨਹੀਂ ਸਕਦੀ। ਹੋਰ ਲਾਂਭ ਦੀਆਂ ਪਗ-ਡੰਡੀਆਂ ਉਸਨੂੰ ਕੁਰਾਹੇ ਨਹੀਂ ਪਾ ਸਕਦੀਆਂ।14।
*ਸ਼ਬਦ* – ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥
*ਪਦ ਅਰਥ*: ਪਾਵਹਿ = ਲੱਭ ਲੈਂਦੇ ਹਨ। ਮੋਖੁ ਦੁਆਰੁ = ਮੁਕਤੀ ਦਾ ਦਰਵਾਜ਼ਾ, ‘ਕੂੜ’ ਤੋਂ ਖ਼ਲਾਸੀ ਪਾਣ ਦਾ ਰਾਹ। ਪਰਵਾਰੈ = ਪਰਵਾਰ ਨੂੰ। ਸਾਧਾਰੁ = ਸੁਧਾਰ ਲੈਂਦਾ ਹੈ। ਤਰੈ ਗੁਰੁ = ਆਪਿ ਤਰਦਾ ਹੈ। ਸਿਖ = ਸਿੱਖਿਆ।
ਜਪੁ ਜੀ ਵਿਚ ਸ਼ਬਦ ‘ਸਿਖ’ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ:
(1) ਮਤਿ ਵਿਚਿ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿਖ ਸੁਣੀ। (ਪਉੜੀ 6
(2) ਮੰਨੈ ਤਰੈ ਤਾਰੇ ਗੁਰੁ ਸਿਖ। (ਪਉੜੀ 15
ਭਵਹਿ ਨ = ਨਹੀਂ ਭੌਂਦੇ। ਭਵਹਿ ਨ ਭਿਖ = ਭਿੱਖਿਆ ਲਈ ਨਹੀਂ ਭੌਂਦੇ ਫਿਰਦੇ, ਲੋੜਾਂ ਦੀ ਖ਼ਾਤਰ ਦਰ-ਦਰ ਨਹੀਂ ਰੁਲਦੇ ਫਿਰਦੇ, ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ।
*ਅਰਥ*: ਜੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ (ਮਨੁੱਖ) ‘ਕੂੜ’ ਤੋਂ ਖ਼ਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ। (ਇਹੋ ਜਿਹਾ ਮਨੁੱਖ) ਆਪਣੇ ਪਰਵਾਰ ਦਾ ਸੁਧਾਰ ਕਰ ਲੈਂਦਾ ਹੈ। ਨਾਮ ਵਿਚ ਮਨ ਪਤੀਜਣ ਕਰਕੇ ਹੀ, (ਸੁਧਰਿਆ ਹੋਇਆਂ ਮਨੁੱਖ ) ਆਪ ਸੰਸਾਰ-ਸਾਗਰ ਤੋਂ ਪਾਰ ਲੰਘ ਜਾਂਦਾ ਹੈ (ਤੇ ਹੋਰਨਾਂ ਨੂੰ ਵੀ ) ਗੁਰੂ ਦੀ ਸਿੱਖਿਆ (ਦੁਆਰਾ) ਪਾਰ ਲੰਘਾਉਂਦਾ ਹੈ। ਨਾਮ ਵਿਚ ਮਨ ਜੁੜਨ ਕਰ ਕੇ, ਹੇ ਨਾਨਕ! ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ। ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਏਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) , ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰੇ।15।
*ਭਾਵ*: ਇਸ ਲਗਨ ਦੀ ਬਰਕਤਿ ਨਾਲ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ ਜਿਨ੍ਹਾਂ ਨੇ ਪ੍ਰਭੂ ਨਾਲੋਂ ਵਿੱਥ ਪਾਈ ਹੋਈ ਸੀ। ਐਸੀ ਲਗਨ ਵਾਲਾ ਬੰਦਾ ਨਿਰਾ ਆਪਣੇ ਪਰਵਾਰ ਨੂੰ ਹੀ ਖਸਮ ਪ੍ਰਭੂ ਦੇ ਲੜ ਨਹੀਂ ਲਾਉਂਦਾ ਸਗੋਂ ਹੋਰਨਾਂ ਨੂੰ ਭੀ ਗੁਰੂ ਦੀ ਸਿੱਖਿਆ ਦੁਆਰਾ ਭਵ ਸਾਗਰ ਤੋਂ ਤਾਰ ਲੈਂਦਾ ਹੈ। ਇਹ ਦਾਤ ਜਿਨ੍ਹਾਂ ਨੂੰ ਗੁਰੂ ਤੋਂ ਮਿਲਦੀ ਹੈ ਉਹ ਪ੍ਰਭੂ-ਦਰ ਤੋਂ ਖੁੰਝ ਕੇ ਹੋਰ ਪਾਸੇ ਨਹੀਂ ਭਟਕਦੇ।15।
*ਨੋਟ*- ਇੱਥੇ ਜੇ ਆਪਾ ਪਰਵਾਰ ਤੋਂ ਭਾਵ ਮਾਂ, ਬਾਪ। ਧੀਆਂ, ਪੁੱਤ ਲਵਾਂ ਗੇ ਤਾਂ ਬਹੁਤ ਸੁਆਲ ਪੈਦਾ ਹੋ ਜਾਣ ਗੇ। ਸੋ ਅਗਰ ਇੱਥੇ ਆਪਾ ਸਰੀਰਕ ਅੰਗਾਂ (ਅੱਖ, ਕੰਨ,ਜੀਭ, ਮਨ ਆਦਿ) ਨੂੰ ਪਰਵਾਰ ਮੰਨਦੇ ਹਾਂ ਤਾਂ ਮੇਰਾ ਖਿਆਲ ਹੈ ਅਰਥ ਸਹੀ ਬਣਨ ਗੇ। *
*ਸ਼ਬਦ**- “ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ ॥ ਸ੍ਰਵਣ ਸੋਏ ਸੁਣਿ ਨਿੰਦ ਵੀਚਾਰ ॥ ਰਸਨਾ ਸੋਈ ਲੋਭਿ ਮੀਠੈ ਸਾਦਿ ॥ ਮਨੁ ਸੋਇਆ ਮਾਇਆ ਬਿਸਮਾਦਿ ॥੧॥ ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥ ਸਾਬਤੁ ਵਸਤੁ ਓਹੁ ਅਪਨੀ ਲਹੈ ॥੧॥ ਰਹਾਉ ॥ ਸਗਲ ਸਹੇਲੀ ਅਪਨੈ ਰਸ ਮਾਤੀ ॥ ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ॥ ਮੁਸਨਹਾਰ ਪੰਚ ਬਟਵਾਰੇ ॥ ਸੂਨੇ ਨਗਰਿ ਪਰੇ ਠਗਹਾਰੇ ॥
*ਅਰਥ*: (ਹੇ ਭਾਈ!) ਇਸ ਸਰੀਰ-ਘਰ ਵਿਚ ਕੋਈ ਵਿਰਲਾ ਮਨੁੱਖ ਸੁਚੇਤ ਰਹਿੰਦਾ ਹੈ (ਜੇਹੜਾ ਸੁਚੇਤ ਰਹਿੰਦਾ ਹੈ) ਉਹ ਆਪਣੀ ਆਤਮਕ ਜੀਵਨ ਦੀ ਸਾਰੀ ਦੀ ਸਾਰੀ ਰਾਸਿ-ਪੂੰਜੀ ਸਾਂਭ ਲੈਂਦਾ ਹੈ।1। ਰਹਾਉ। ਪਰਾਏ ਰੂਪ ਨੂੰ ਵਿਕਾਰ ਦੀ ਨਿਗਾਹ ਨਾਲ ਵੇਖਣਾ = ਇਹ ਅੱਖਾਂ ਵਿਚ ਨੀਂਦ ਆ ਰਹੀ ਹੈ। ਹੋਰਨਾਂ ਦੀ ਨਿੰਦਿਆ ਦੀ ਵਿਚਾਰ ਸੁਣ ਸੁਣ ਕੇ ਕੰਨ ਸੁੱਤੇ ਰਹਿੰਦੇ ਹਨ। ਜੀਭ ਖਾਣ ਦੇ ਲੋਭ ਵਿਚ ਪਦਾਰਥਾਂ ਦੇ ਮਿੱਠੇ ਸੁਆਦ ਵਿਚ ਸੁੱਤੀ ਰਹਿੰਦੀ ਹੈ। ਮਨ ਮਾਇਆ ਦੇ ਅਸਚਰਜ ਤਮਾਸ਼ੇ ਵਿਚ ਸੁੱਤਾ ਰਹਿੰਦਾ ਹੈ।1।
ਸਾਰੇ ਗਿਆਨ-ਇੰਦ੍ਰੇ ਆਪੋ ਆਪਣੇ ਚਸਕੇ ਵਿਚ ਮਸਤ ਰਹਿੰਦੇ ਹਨ ਆਪਣੇ ਸਰੀਰ-ਘਰ ਵਿਚ ਇਹ ਸੂਝ ਨਹੀਂ ਰੱਖਦੇ। ਠੱਗਣ ਵਾਲੇ ਪੰਜੇ ਡਾਕੂ ਸੁੰਞੇ (ਸਰੀਰ-) ਘਰ ਵਿਚ ਆ ਹੱਲਾ ਬੋਲਦੇ ਹਨ।2।
ਸੋ ਜੋ ਮਨੁੱਖ ਗੁਰੂ ਦੀ ਸਿੱਖਿਆ ਸੁਣ ਕੇ ਮੰਨ ਲੈਂਦਾ ਹੈ ਉਹ ਇਸ ਘਰ ਵਿੱਚ ਜਾਗਰੂਕ ਹੋ ਜਾਂਦਾ ਹੈ ਜਿਸ ਕਰਕੇ ਉਹ ਅਪਣੇ ਪਰਵਾਰ ਦੀ ਰਾਖੀ ਕਰਦਾ ਹੋਇਆਂ ਇਸ ਨੂੰ ਸੁਧਾਰ ਲੈਂਦਾ ਹੈ। ਫਿਰ ਇਹੀ ਅੱਖਾਂ ਜੋ ਪਰਾਏ ਰੂਪ ਨੂੰ ਵਿਕਾਰੀ ਨਿਗਾਹ ਨਾਲ ਤੱਕਦੀਆਂ ਸਨ ਹੁਣ “ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥ ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥” ਦੇ ਸਿਧਾਂਤ ਤੇ ਕੰਮ ਕਰਦੀਆਂ ਹਨ। ਤੇ ਉੱਹੀ ਕੰਨ ਜੋ ਨਿੰਦਿਆਂ ਚੁਗ਼ਲੀ ਸੁਣਦੇ ਸਨ ਹੁਣ ਸੁਧਰ ਕੇ “ ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥ ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥ ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥”ਦੇ ਸਿਧਾਂਤ ਨੂੰ ਅਪਣਾ ਲੈਂਦੇ ਹਨ। ਤੇ ਇਹੀ ਜੀਭ ਹੁਣ ਰਸਾਂ ਕਸਾਂ ਦੇ ਲਾਲਚ ਛੱਡ ਕੇ “ ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥” ਨੂੰ ਅਪਣਾਉਂਦੀ ਹੈ। ਇਸੇ ਤਰਾਂ ਮਨ ਵੀ ਮਾਇਆ ਦੇ ਅਸਚਰਜ ਤਮਾਸ਼ਿਆਂ ਦੀ ਨੀਂਦ ਤਿਆਗਦਾ ਹੋਇਆ “ ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥ ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥ ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥ ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥” ਰੱਬੀ ਚਾਉ ਵਿੱਚ ਆ ਵੱਸਦਾ ਹੈ।
*ਸ਼ਬਦ* – ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥ ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥
*ਪਦ ਅਰਥ*: ਪੰਚ = ਉਹ ਮਨੁੱਖ ਜਿਨ੍ਹਾਂ ਨਾਮ ਸੁਣਿਆ ਹੈ ਤੇ ਮੰਨਿਆ ਹੈ, ਉਹ ਮਨੁੱਖ ਜਿਨ੍ਹਾਂ ਦੀ ਸੁਰਤਿ ਨਾਮ ਵਿਚ ਜੁੜੀ ਹੈ ਤੇ ਜਿਨ੍ਹਾਂ ਦੇ ਅੰਦਰ ਪਰਤੀਤ ਆ ਗਈ ਹੈ।
*ਨੋਟ*: ਇਹ ਲਫ਼ਜ਼ ‘ਪੰਚ’ ਉਹਨਾਂ ਵਾਸਤੇ ਹੈ ਜਿਨ੍ਹਾਂ ਦਾ ਜ਼ਿਕਰ ਪਿਛਲੀਆਂ 8 ਪਉੜੀਆਂ ਵਿਚ ਆਇਆ ਹੈ।
ਪਰਵਾਣੁ = ਕਬੂਲ, ਸੁਰਖ਼ਰੂ। ਪਰਧਾਨੁ = ਆਗੂ, ਵੱਡੇ। ਪੰਚੇ = ਪੰਚ ਹੀ, ਸੰਤ ਜਨ ਹੀ। ਦਰਗਹ = ਅਕਾਲ ਪੁਰਖ ਦੇ ਦਰਬਾਰ ਵਿਚ। ਮਾਨੁ = ਆਦਰ; ਵਡਿਆਈ। ਸੋਹਹਿ = ਸੋਭਦੇ ਹਨ, ਸੋਹਣੇ ਲੱਗਦੇ ਹਨ। ਦਰਿ = ਦਰ ‘ਤੇ, ਦਰਬਾਰ ਵਿਚ। ਗੁਰੁ ਏਕੁ = ਕੇਵਲ ਗੁਰੂ ਹੀ। ਧਿਆਨੁ = ਸੁਰਤ ਦਾ ਨਿਸ਼ਾਨਾ।
*ਅਰਥ*: ਜਿਨ੍ਹਾਂ ਮਨੁੱਖਾਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ਤੇ ਜਿਨ੍ਹਾਂ ਦੇ ਅੰਦਰ ਪ੍ਰਭੂ ਵਾਸਤੇ ਲਗਨ ਬਣ ਜਾਂਦੀ ਹੈ ਉਹੀ ਮਨੁੱਖ (ਇੱਥੇ ਜਗਤ ਵਿਚ) ਮੰਨੇ-ਪ੍ਰਮੰਨੇ ਰਹਿੰਦੇ ਹਨ ਅਤੇ ਸਭ ਦੇ ਆਗੂ ਹੁੰਦੇ ਹਨ, ਅਕਾਲ ਪੁਰਖ ਦੀ ਦਰਗਾਹ ਵਿਚ ਭੀ ਉਹ ਪੰਚ ਜਨ ਹੀ ਆਦਰ ਪਾਂਦੇ ਹਨ। ਰਾਜਾਨ ਰਾਜ (ਪ੍ਰਭੂ) ਦੇ ਦਰਬਾਰ ਵਿਚ ਭੀ ਉਹ ਪਂਚ ਜਨ ਹੀ ਸੋਭਦੇ ਹਨ। ਇਹਨਾਂ ਪੰਚ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇਕ ਗੁਰੂ ਹੀ ਹੈ (ਭਾਵ, ਇਹਨਾਂ ਦੀ ਸੁਰਤਿ ਗੁਰ-ਸ਼ਬਦ ਵਿਚ ਹੀ ਰਹਿਂਦੀ ਹੈ, ਗੁਰ-ਸ਼ਬਦ ਵਿਚ ਜੁੜੇ ਰਹਿੰਦਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੈ) ।
*ਸ਼ਬਦ* – ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੈ ਕਰਣੈ ਨਾਹੀ ਸੁਮਾਰੁ ॥
*ਪਦ ਅਰਥ*: ਕਹੈ– ਬਿਆਨ ਕਰੇ, ਕਥਨ ਕਰੇ। ਵੀਚਾਰੁ = ਕੁਦਰਤ ਦੇ ਲੇਖੇ ਦੀ ਵੀਚਾਰ। ਕਰਤੇ ਕੈ ਕਰਣੈ = ਕਰਤਾਰ ਦੀ ਕੁਦਰਤ ਦਾ। ਸੁਮਾਰੁ = ਹਿਸਾਬ, ਲੇਖਾ।
*ਅਰਥ*: (ਪਰ ਗੁਰ-ਸ਼ਬਦ ਵਿਚ ਜੁੜੇ ਰਹਿਣ ਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਕੋਈ ਮਨੁੱਖ ਪ੍ਰਭੂ ਦੀ ਰਚੀ ਸਿਸ਼੍ਰਟੀ ਦਾ ਅੰਤ ਪਾ ਸਕੇ) ਅਕਾਲ-ਪੁਰਖ ਦੀ ਕੁਦਰਤਿ ਦਾ ਕੋਈ ਲੇਖਾ ਹੀ ਨਹੀਂ (ਭਾਵ, ਅੰਤ ਨਹੀਂ ਪੈ ਸਕਦਾ) , ਭਾਵੇਂ ਕੋਈ ਕਥਨ ਕਰ ਵੇਖੇ ਤੇ ਵਿਚਾਰ ਕਰ ਲਏ (ਪਰਮਾਤਮਾ ਤੇ ਉਸ ਦੀ ਕੁਦਰਤਿ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਹੋ ਹੀ ਨਹੀਂ ਸਕਦਾ) ।
*ਨੋਟ*: ਢੇਰ ਪੁਰਾਣੇ ਸਮੇਂ ਵਿਚ ਕਈ ਰਿਸ਼ੀ ਮੁਨੀ ਜੰਗਲ ਵਿਚ ਤਪ ਕਰਦੇ ਰਹੇ, ਜਿਨ੍ਹਾਂ ਨੇ ਉਪਨਿਸ਼ਦਾਂ ਲਿਖੀਆਂ। ਇਹ ਬਹੁਤ ਪੁਰਾਣੀਆਂ ਧਰਮ-ਪੁਸਤਕਾਂ ਹਨ। ਕਈਆਂ ਵਿਚ ਇਹ ਵਿਚਾਰ ਕੀਤੀ ਗਈ ਹੈ ਕਿ ਜਗਤ ਕਦੋਂ ਬਣਿਆ, ਕਿਉਂ ਬਣਿਆ, ਕਿਵੇਂ ਬਣਿਆ, ਕਿਤਨਾ ਕੁ ਵੱਡਾ ਹੈ, ਇਤਿ ਆਦਿਕ। ਭਗਤੀ ਕਰਨ ਗਏ ਰਿਸ਼ੀ ਭਗਤੀ ਦੇ ਥਾਂ ਇਕ ਅਜਿਹੇ ਉੱਦਮ ਵਿਚ ਲੱਗ ਪਏ ਜੋ ਮਨੁੱਖ ਦੀ ਸਮਝ ਤੋਂ ਬਹੁਤ ਪਰੇ ਹੈ। ਇੱਥੇ ਸਤਿਗੁਰੂ ਜੀ ਇਸ ਉਕਾਈ ਵਲ ਇਸ਼ਾਰਾ ਕਰਦੇ ਹਨ। ਅਜਿਹੇ ਕੋਝੇ ਜਤਨਾਂ ਦਾ ਹੀ ਇਹ ਨਤੀਜਾ ਸੀ ਕਿ ਆਮ ਲੋਕਾਂ ਨੇ ਇਹ ਮਿਥ ਲਿਆ ਕਿ ਅਸਾਡੀ ਧਰਤੀ ਨੂੰ ਇਕ ਬਲਦ ਨੇ ਚੁੱਕਿਆ ਹੋਇਆ ਹੈ। ਇਹ ਮਿਸਾਲ ਲੈ ਕੇ ਸਤਿਗੁਰੂ ਜੀ ਇਸ ਦੀ ਨਿਖੇਧੀ ਕਰ ਕੇ ਆਖਦੇ ਹਨ ਕਿ ਕੁਦਰਤਿ ਬੇਅੰਤ ਹੈ, ਤੇ ਇਸ ਦਾ ਰਚਨਹਾਰ ਭੀ ਬੇਅੰਤ ਹੈ।
*ਸ਼ਬਦ* – ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਜੇ ਕੋ ਬੁਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
*ਪਦ ਅਰਥ*: ਧੌਲੁ = ਬਲਦ। ਦਇਆ ਕਾ ਪੂਤੁ = ਦਇਆ ਦਾ ਪੁੱਤਰ, ਧਰਮ ਦਇਆ ਤੋਂ ਪੈਦਾ ਹੁੰਦਾ ਹੈ, ਭਾਵ, ਜਿਸ ਹਿਰਦੇ ਵਿਚ ਦਇਆ ਹੈ ਉੱਥੇ ਧਰਮ ਪਰਫੁਲਤ ਹੁੰਦਾ ਹੈ। ਸੰਤੋਖ = ਸੰਤੋਖ ਨੂੰ। ਥਾਪਿ ਰਖਿਆ = ਟਿਕਾ ਰੱਖਿਆ, ਹੋਂਦ ਵਿਚ ਲਿਆਂਦਾ ਹੈ, ਪੈਦਾ ਕੀਤਾ ਹੈ। ਜਿਨਿ = ਜਿਸ (ਧਰਮ) ਨੇ। ਧਰਮ = ਅਕਾਲ ਪੁਰਖ ਦਾ ਨਿਯਮ। ਸੂਤਿ = ਸੂਤਰ ਵਿਚ, ਮਰਯਾਦਾ ਵਿਚ। ਬੁਝੈ = ਸਮਝ ਲਏ। ਸਚਿਆਰੁ = ਸੱਚ ਦਾ ਪਰਕਾਸ਼ ਹੋਣ ਲਈ ਯੋਗ। ਕੇਤਾ ਭਾਰੁ = ਬੇਅੰਤ ਭਾਰ। ਧਰਤੀ ਹੋਰੁ = ਧਰਤੀ ਦੇ ਹੇਠਾਂ ਹੋਰ ਬਲਦ। ਪਰੈ = ਉਸ ਤੋਂ ਹੇਠਾਂ। ਤਿਸ ਤੇ = ਉਸ ਬਲਦ ਤੋਂ। ਤਲੈ = ਉਸ ਬਲਦ ਦੇ ਹੇਠਾਂ। ਕਵਣੁ ਜੋਰੁ = ਕਿਹੜਾ ਸਹਾਰਾ।
*ਅਰਥ*: (ਅਕਾਲ ਪੁਰਖ ਦਾ) ਧਰਮ-ਰੂਪੀ ਬੱਝਵਾਂ ਨੀਯਮ ਹੀ ਬਲਦ ਹੈ (ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ) । (ਇਹ ਧਰਮ) ਦਇਆ ਦਾ ਪੁੱਤਰ ਹੈ (ਭਾਵ, ਅਕਾਲ ਪੁਰਖ ਨੇ ਆਪਣੀ ਮਿਹਰ ਕਰ ਕੇ ਸ੍ਰਿਸ਼ਟੀ ਨੂੰ ਟਿਕਾ ਕੇ ਰੱਖਣ ਲਈ ‘ਧਰਮ’-ਰੂਪ ਨੀਯਮ ਬਣਾ ਦਿੱਤਾ ਹੈ) । ਇਸ ਧਰਮ ਨੇ ਆਪਣੀ ਮਰਯਾਦਾ ਅਨੁਸਾਰ ਸੰਤੋਖੁ ਨੂੰ ਜਨਮ ਦੇ ਦਿੱਤਾ ਹੈ। ਜੇ ਕੋਈ ਮਨੁੱਖ (ਇਸ ਉਪਰ-ਦੱਸੀ ਵਿਚਾਰ ਨੂੰ) ਸਮਝ ਲਏ, ਤਾਂ ਉਹ ਇਸ ਯੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ ਪੁਰਖ ਦਾ ਪਰਕਾਸ਼ ਹੋ ਜਾਏ। (ਨਹੀਂ ਤਾਂ, ਖ਼ਿਆਲ ਤਾਂ ਕਰੋ ਕਿ) ਬਲਦ ਉੱਤੇ ਧਰਤੀ ਦਾ ਕਿਤਨਾ ਕੁ ਬੇਅੰਤ ਭਾਰ ਹੈ (ਉਹ ਵਿਚਾਰਾ ਇਤਨੇ ਭਾਰ ਨੂੰ ਚੁੱਕ ਕਿਵੇਂ ਸਕਦਾ ਹੈ?) , (ਦੂਜੀ ਵਿਚਾਰ ਹੋਰ ਹੈ ਕਿ ਜੇ ਧਰਤੀ ਦੇ ਹੇਠ ਬਲਦ ਹੈ, ਉਸ ਬਲਦ ਨੂੰ ਸਹਾਰਾ ਦੇਣ ਲਈ ਹੇਠ ਹੋਰ ਧਰਤੀ ਹੋਈ, ਉਸ) ਧਰਤੀ ਦੇ ਹੋਰ ਬਲਦ, ਉਸ ਤੋਂ ਹੇਠਾਂ (ਧਰਤੀ ਦੇ ਹੇਠ) ਹੋਰ ਬਲਦ, ਫੇਰ ਹੋਰ ਬਲਦ, (ਇਸੇ ਤਰ੍ਹਾਂ ਅਖ਼ੀਰਲੇ) ਬਲਦ ਤੋਂ ਭਾਰ (ਸਹਾਰਨ ਲਈ ਉਸ ਦੇ) ਹੇਠ ਕਿਹੜਾ ਆਸਰਾ ਹੋਵੇਗਾ?
*ਸ਼ਬਦ* – ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥ ਏਹੁ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥ ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌਣੁ ਕੂਤੁ ॥ ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥
*ਪਦ ਅਰਥ*: ਜੀਅ = ਜੀਵ ਜੰਤ। ਕੇ ਨਾਵ = ਕਈ ਨਾਵਾਂ ਦੇ। ਵੁੜੀ = ਵਗਦੀ, ਚਲਦੀ। ਕਲਾਮ = ਕਲਮ। ਵੁੜੀ ਕਲਾਮ = ਚਲਦੀ ਕਲਮ ਨਾਲ, ਭਾਵ, ਕਲਮ ਨੂੰ ਰੋਕਣ ਤੋਂ ਬਿਨਾ ਹੀ ਇਕ-ਤਾਰ। ਲਿਖਿ ਜਾਣੈ = ਲਿਖਦਾ ਜਾਣਦਾ ਹੈ, ਲਿਖਣ ਦੀ ਸਮਝ ਹੈ। ਕੋਇ = ਕੋਈ ਵਿਰਲਾ। ਲੇਖਾ ਲਿਖਿਆ = ਲਿਖਿਆ ਹੋਇਆ ਲੇਖਾ, ਜੇ ਇਹ ਲੇਖਾ ਲਿਖਿਆ ਜਾਏ। ਕੇਤਾ ਹੋਇ = ਕੇਡਾ ਵੱਡਾ ਹੋ ਜਾਏ, ਬੇਅੰਤ ਹੋ ਜਾਏ। ਪਸਾਉ = ਪਸਾਰਾ, ਸੰਸਾਰ। ਕਵਾਉ = ਬਚਨ, ਹੁਕਮ। ਤਿਸ ਤੇ = ਉਸ ਹੁਕਮ ਤੋਂ। ਹੋਏ = ਬਣ ਗਏ। ਲਖ ਦਰੀਆਉ = ਲੱਖਾਂ ਦਰਿਆ। ਸੁਆਲਿਹੁ = ਸੁੰਦਰ। ਕੂਤੁ = ਮਾਪ, ਅੰਦਾਜ਼ਾ।
*ਅਰਥ*: (ਸ੍ਰਿਸ਼ਟੀ ਵਿਚ) ਕਈ ਜ਼ਾਤਾਂ ਦੇ, ਕਈ ਕਿਸਮਾਂ ਦੇ ਅਤੇ ਕਈ ਨਾਵਾਂ ਦੇ ਜੀਵ ਹਨ। ਇਹਨਾਂ ਸਭਨਾਂ ਨੇ ਇਕ-ਤਾਰ ਚਲਦੀ ਕਲਮ ਨਾਲ (ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਲਿਖਿਆ ਹੈ (ਪਰ) ਕੋਈ ਵਿਰਲਾ ਮਨੁੱਖ ਇਹ ਲੇਖਾ ਲਿਖਣਾ ਜਾਣਦਾ ਹੈ (ਭਾਵ, ਪਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਭੀ ਜੀਵ ਖਾ ਨਹੀਂ ਸਕਦਾ। (ਜੇ) ਲੇਖਾ ਲਿਖਿਆ (ਭੀ ਜਾਏ ਤਾਂ ਇਹ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਲੇਖਾ) ਕੇਡਾ ਵੱਡਾ ਹੋ ਜਾਏ। ਅਕਾਲ ਪੁਰਖ ਦਾ ਬੇਅੰਤ ਬਲ ਹੈ, ਬੇਅੰਤ ਸੁੰਦਰ ਰੂਪ ਹੈ, ਬੇਅੰਤ ਉਸ ਦੀ ਦਾਤ ਹੈ-ਇਸ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ? (ਅਕਾਲ ਪੁਰਖ ਨੇ) ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ, ਉਸ ਹੁਕਮ ਨਾਲ (ਹੀ ਜ਼ਿੰਦਗੀ ਦੇ) ਲੱਖਾਂ ਦਰੀਆ ਬਣ ਗਏ।
*ਨੋਟ* – ਇੱਥੇ ਨਾਵ ਨੂੰ ਨਾਂਵ ਬੋਲਣਾ ਹੈ।
ਜਿੱਥੇ ਨਾਵ ਦਾ ਅਰਥ ਬੇੜੀ ਹੋਵੇਗਾ ਉੱਥੇ ਨਾਵ ਹੀ ਬੋਲਣਾ ਹੈ।
ਲਖ- ਲੱਖਾਂ ਹੀ
ਲਖੁ – ਇੱਕ ਲੱਖ
ਲਖਿ – ਲੱਖਣਾ ( ਦੇਖਣਾ)
*ਸ਼ਬਦ* – ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੬॥
*ਪਦ ਅਰਥ*: ਕੁਦਰਤਿ = ਤਾਕਤ, ਸਮਰਥਾ। ਕਵਣ = ਕਿਹੜੀ, ਕੀਹ। ਕੁਦਰਤਿ ਕਵਣ = ਕੀਹ ਸਮਰੱਥਾ? (‘ਕੁਦਰਤਿ’ ਸ਼ਬਦ ਇਸਤ੍ਰੀ ਲਿੰਗ ਹੈ। ਸੋ ਇਹ ‘ਕੁਦਰਤਿ’ ਦਾ ਵਿਸ਼ਸ਼ੇਣ ਹੈ।) ਕਹਾ = ਮੈਂ-ਆਖਾਂ। ਕਹਾ ਵਿਚਾਰੁ = ਮੈਂ ਵਿਚਾਰ ਕਰ ਸਕਾਂ। ਵਾਰਿਆ ਨਾ ਜਾਵਾ = ਸਦਕੇ ਨਹੀਂ ਹੋ ਸਕਦਾ, (ਭਾਵ, ਮੇਰੀ ਕੀਹ ਪਾਂਇਆਂ ਹੈ?) ਸਾਈ ਕਾਰ = ਉਹੋ ਕਾਰ, ਉਹੋ ਕੰਮ। ਸਲਾਮਤਿ = ਥਿਰ, ਅਟੱਲ। ਨਿਰੰਕਾਰ = ਹੇ ਹਰੀ!
*ਅਰਥ*: (ਸੋ) ਮੇਰੀ ਕੀਹ ਤਾਕਤ ਹੈ ਕਿ (ਕਰਤਾਰ ਦੀ ਕੁਦਰਤਿ ਦੀ) ਵਿਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ) ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ। ਜੋ ਤੈਨੂੰ ਚੰਗਾ ਲੱਗਦਾ ਹੈ, ਉਹ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ) ।16।
*ਭਾਵ*: ਭਾਗਾਂ ਵਾਲੇ ਹਨ ਉਹ ਮਨੁੱਖ ਜਿਨ੍ਹਾਂ ਨੇ ਗੁਰੂ ਦੇ ਦੱਸੇ ਹੋਏ ਰਾਹ ਨੂੰ ਆਪਣੇ ਜੀਵਨ ਦਾ ਮਨੋਰਥ ਬਣਾਇਆ ਹੈ, ਜਿਨ੍ਹਾਂ ਨੇ ਨਾਮ ਵਿਚ ਸੁਰਤ ਜੋੜੀ ਹੈ ਤੇ ਜਿਨ੍ਹਾਂ ਨੇ ਪਰਮਾਤਮਾ ਨਾਲ ਪਿਆਰ ਦਾ ਰਿਸ਼ਤਾ ਗੰਢਿਆ ਹੈ। ਇਸ ਰਾਹ ‘ਤੇ ਤੁਰ ਕੇ ਪ੍ਰਭੂ ਦੀ ਰਜ਼ਾ ਵਿਚ ਰਹਿਣਾ ਹੀ ਉਹਨਾਂ ਨੂੰ ਭਾਉਂਦਾ ਹੈ। ਇਹ ਨਾਮ ਸਿਮਰਨ-ਰੂਪ ‘ਧਰਮ’ ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਬਣਦਾ ਹੈ, ਜਿਸ ਕਰਕੇ ਉਹ ਸੰਤੋਖ ਵਾਲਾ ਜੀਵਨ ਬਿਤਾਂਦੇ ਹਨ।
ਪਰ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਨ ਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਕੋਈ ਮਨੁੱਖ ਪ੍ਰਭੂ ਦੀ ਰਚੀ ਸ੍ਰਿਸ਼ਟੀ ਦਾ ਅੰਤ ਪਾ ਸਕੇ। ਇਧਰ ਤਾਂ ਜਿਉਂ ਜਿਉਂ ਵਧੀਕ ਡੂੰਘਾਈ ਵਿਚ ਜਾਉਗੇ, ਤਿਊਂ ਤਿਉਂ ਇਹ ਸ੍ਰਿਸ਼ਟੀ ਹੋਰ ਬੇਅੰਤ ਜਾਪੇਗੀ। ਅਸਲ ਵਿਚ ਅਜਿਹੇ ਕੋਝੇ ਜਤਨ ਦਾ ਹੀ ਨਤੀਜਾ ਸੀ ਕਿ ਆਮ ਲੋਕਾਂ ਨੇ ਇਹ ਮਿਥ ਲਿਆ ਕਿ ਅਸਾਡੀ ਧਰਤੀ ਨੂੰ ਇਕ ਬੌਲਦ ਨੇ ਚੁੱਕਿਆ ਹੋਇਆ ਹੈ। ਪਰਮਾਤਮਾ ਤੇ ਉਸ ਦੀ ਕੁਦਰਤਿ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਬਣ ਹੀ ਨਹੀਂ ਸਕਦਾ।16।
*ਸ਼ਬਦ* – ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥
ਅਸੰਖ ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ ਮਨਿ ਰਹਹਿ ਉਦਾਸ ॥ਅਸੰਖ ਭਗਤ ਗੁਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥ਅਸੰਖ ਸੂਰ ਮੁਹ ਭਖ ਸਾਰ ॥ ਅਸੰਖ ਮੋਨਿ ਲਿਵ ਲਾਇ ਤਾਰ ॥
*ਪਦ ਅਰਥ*: ਅਸੰਖ = ਅਨਗਿਣਤ, ਬੇਅੰਤ (ਜੀਵ) । ਭਾਉ = ਪਿਆਰ। ਤਪ-ਤਾਉ = ਤਪਾਂ ਦਾ ਤਪਣਾ।ਮੁਖਿ = ਮੂੰਹ ਨਾਲ। ਗਰੰਥ ਵੇਦ ਪਾਠ = ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ। ਜੋਗ = ਜੋਗ ਸਾਧਨ ਕਰਨ ਵਾਲੇ। ਮਨਿ = ਮਨ ਵਿਚ। ਉਦਾਸ ਰਹਹਿ = ਉਪਰਾਮ ਰਹਿੰਦੇ ਹਨ।ਗੁਣ ਵੀਚਾਰੁ-ਅਕਾਲ ਪੁਰਖ ਦੇ ਗੁਣਾਂ ਦਾ ਖ਼ਿਆਲ। ਗਿਆਨ ਵੀਚਾਰੁ-(ਅਕਾਲ ਪੁਰਖ ਦੇ) ਗਿਆਨ ਦਾ ਵਿਚਾਰ। ਸਤੀ-ਸਤ ਧਰਮ ਵਾਲੇ ਮਨੁੱਖ। ਦਾਤਾਰ-ਦਾਤਾਂ ਦੇਣ ਵਾਲੇ, ਬਖ਼ਸ਼ਸ ਕਰਨ ਵਾਲੇ।ਸੂਰ-ਸੂਰਮੇ, ਜੋਧੇ। ਮੁਹ-ਮੂੰਹਾਂ ਉੱਤੇ। ਭਖਸਾਰ-ਸਾਰ ਭਖਣ ਵਾਲੇ, ਲੋਹਾ ਖਾਣ ਵਾਲੇ, ਸ਼ਾਸਤ੍ਰਾਂ ਦੇ ਵਾਰ ਸਹਿਣ ਵਾਲੇ। ਮੋਨਿ-ਚੁੱਪ ਰਹਿਣ ਵਾਲੇ। ਲਿਵ ਲਾਇ ਤਾਰ-ਲਿਵ ਦੀ ਤਾਰ ਲਾ ਕੇ, ਇਕ-ਰਸ ਲਿਵ ਲਾ ਕੇ, ਇਕ-ਰਸ ਬ੍ਰਿਤੀ ਜੋੜ ਕੇ।
*ਅਰਥ*: (ਅਕਾਲ ਪੁਰਖ ਦੀ ਰਚਨਾ ਵਿਚ) ਅਨਗਿਣਤ ਜੀਵ ਜਪ ਕਰਦੇ ਹਨ, ਬੇਅੰਤ ਜੀਵ (ਹੋਰਨਾਂ ਨਾਲ) ਪਿਆਰ (ਦਾ ਵਰਤਾਉ) ਕਰ ਰਹੇ ਹਨ। ਕਈ ਜੀਵ ਪੂਜਾ ਕਰ ਰਹੇ ਹਨ। ਅਤੇ ਅਨਗਿਣਤ ਹੀ ਜੀਵ ਤਪ ਸਾਧ ਕਰ ਰਹੇ ਹਨ।ਬੇਅੰਤ ਜੀਵ ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂੰਹ ਨਾਲ ਕਰ ਰਹੇ ਹਨ। ਜੋਗ ਦੇ ਸਾਧਨ ਕਰਨ ਵਾਲੇ ਬੇਅੰਤ ਮਨੁੱਖ ਆਪਣੇ ਮਨ ਵਿਚ (ਮਾਇਆ ਵਲੋ) ਉਪਰਾਮ ਰਹਿੰਦੇ ਹਨ।
ਅਕਾਲ ਪੁਰਖ ਦੀ ਕੁਦਰਤਿ ਵਿਚ) ਅਣਗਿਣਤ ਭਗਤ ਹਨ, ਜੋ ਅਕਾਲ ਪੁਰਖ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ, ਅਨੇਕਾਂ ਹੀ ਦਾਨੀ ਤੇ ਦਾਤੇ ਹਨ।ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਉੱਤੇ (ਭਾਵ ਸਨਮੁਖ ਹੋ ਕੇ) ਸ਼ਾਸਤ੍ਰਾਂ ਦੇ ਵਾਰ ਸਹਿੰਦੇ ਹਨ, ਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ।
*ਸ਼ਬਦ* – ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੭॥
*ਅਰਥ*: ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ) ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ, ਜੋ ਤੈਨੂੰ ਚੰਗਾ ਲਗਦਾ ਹੈ ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ) ।17।
*ਭਾਵ*: ਪ੍ਰਭੂ ਦੀ ਸਾਰੀ ਕੁਦਰਤਿ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ, ਜਗਤ ਵਿਚ ਜੇ ਤੁਸੀਂ ਸਿਰਫ਼ ਉਹਨਾਂ ਬੰਦਿਆਂ ਦੀ ਹੀ ਗਿਣਤੀ ਕਰਨ ਲੱਗੇ ਜੋ ਜਪ, ਤਪ, ਪੂਜਾ, ਧਾਰਮਿਕ ਪੁਸਤਕਾਂ ਦਾ ਪਾਠ, ਜੋਗ, ਸਮਾਧੀ ਆਦਿਕ ਕੰਮ ਕਰਦੇ ਚਲੇ ਆ ਰਹੇ ਹਨ, ਤਾਂ ਇਹ ਲੇਖਾ ਮੁੱਕਣ ਜੋਗਾ ਹੀ ਨਹੀਂ ਹੈ।17।

*ਸ਼ਬਦ* – ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ ॥
*ਪਦ ਅਰਥ*: ਮੂਰਖ ਅੰਧ ਘੋਰ-ਪਰਲੇ ਦਰਜੇ ਦੇ ਮੂਰਖ, ਮਹਾਂ ਮੂਰਖ। ਹਰਾਮਖੋਰ-ਪਰਾਇਆ ਮਾਲ ਖਾਣ ਵਾਲੇ। ਅਮਰ-ਹੁਕਮ। ਜੋਰ-ਧੱਕੇ, ਵਧੀਕੀਆਂ। ਕਰਿ ਜਾਹਿ-ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ।
*ਅਰਥ*: (ਨਿਰੰਕਾਰ ਦੀ ਰਚੀ ਹੋਈ ਸ੍ਰਿਸ਼ਟੀ ਵਿਚ) ਅਨੇਕਾਂ ਹੀ ਮਹਾਂ ਮੂਰਖ ਹਨ, ਅਨੇਕਾਂ ਹੀ ਚੋਰ ਹਨ, ਜੋ ਪਰਾਇਆ ਮਾਲ (ਚੁਰਾ ਚੁਰਾ ਕੇ) ਵਰਤ ਰਹੇ ਹਨ ਅਤੇ ਅਨੇਕਾਂ ਹੀ ਇਹੋ ਜਿਹੇ ਮਨੁੱਖ ਹਨ, ਜੋ (ਦੂਜਿਆਂ ਉੱਤੇ) ਹੁਕਮ ਤੇ ਵਧੀਕੀਆਂ ਕਰ ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ।
*ਸ਼ਬਦ* – ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ ॥
*ਪਦ ਅਰਥ*: ਗਲਵਢ-ਗਲ ਵੱਢਣ ਵਾਲੇ, ਕਾਤਲ, ਖ਼ੂਨੀ ਮਨੁੱਖ। ਹਤਿਆ ਕਮਾਹਿ-ਦੂਜਿਆਂ ਦੇ ਗਲ ਵੱਢਦੇ ਹਨ। ਪਾਪੁ ਕਰਿ ਜਾਹਿ-ਪਾਪ ਕਮਾ ਕੇ ਅੰਤ ਨੂੰ ਤੁਰ ਜਾਂਦੇ ਹਨ।
*ਅਰਥ*: ਅਨੇਕਾਂ ਹੀ ਖ਼ੂਨੀ ਮਨੁੱਖ ਗਲਵੱਢ ਜਾਂ ਕਾਤਲ ਬਣ ਕੇ ਹੱਤਿਆ ਕਮਾ ਰਹੇ ਹਨ ਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ (ਆਖ਼ਰ) ਇਸ ਦੁਨੀਆ ਤੋਂ ਤੁਰ ਜਾਂਦੇ ਹਨ।
*ਸ਼ਬਦ* – ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲੁ ਭਖਿ ਖਾਹਿ ॥
*ਪਦ ਅਰਥ*: ਕੂੜਿਆਰ-ਉਹ ਮਨੁੱਖ ਜਿਨ੍ਹਾਂ ਦੇ ਹਿਰਦੇ ਕੂੜ ਦੇ ਟਿਕਾਣੇ ਬਣੇ ਪਏ ਹਨ, ਝੂਠ ਦੇ ਸੁਭਾਉ ਵਾਲੇ। ਕੂੜੇ-ਕੂੜ ਵਿਚ ਹੀ। ਫਿਰਾਹਿ-ਫਿਰਦੇ ਹਨ, ਪਰਵਿਰਤ ਹਨ, ਰੁੱਝੇ ਹੋਏ ਹਨ। ਮਲੇਛ-ਮਲੀਨ ਮਤ ਵਾਲੇ, ਖੋਟੀ ਬੁੱਧ ਵਾਲੇ ਮਨੁੱਖ। ਖਾਹਿ-ਖਾਂਦੇ ਹਨ। ਭਖਿ ਖਾਹਿ-ਹਾਬੜਿਆਂ ਵਾਂਗ ਖਾਈ ਜਾਂਦੇ ਹਨ। (‘ਭਖ’ ਅਤੇ ‘ਖਾਹਿ’ ਦੋਵੇਂ ਸੰਸਕ੍ਰਿਤ ਦੇ ਧਾਤੂ ਹਨ, ਦੋਹਾਂ ਦਾ ਅਰਥ ਹੈ ‘ਖਾਣਾ’। ਤੀਜੀ ਪਉੜੀ ਵਿਚ ਭੀ ਇਕ ਇਹੋ ਜਿਹੀ ‘ਖਾਹੀ ਖਾਹਿ’ ਸੰਯੁਕਤ ਕ੍ਰਿਆ ਆ ਚੁਕੀ ਹੈ) ।
*ਅਰਥ*: ਅਨੇਕਾਂ ਹੀ ਝੂਠ ਬੋਲਣ ਦੇ ਸੁਭਾਉ ਵਾਲੇ ਮਨੁੱਖ ਝੂਠ ਵਿਚ ਹੀ ਰੁੱਝੇ ਪਏ ਹਨ ਅਤੇ ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਮਲ (ਭਾਵ, ਅਖਾਜ) ਹੀ ਖਾਈ ਜਾ ਰਹੇ ਹਨ।
*ਨੋਟ – ਮੂਰਖ*
*ਸ਼ਬਦ* – ਨਾ ਕੋ *ਮੂਰਖੁ* ਨਾ ਕੋ ਸਿਆਣਾ ॥ ਵਰਤੈ ਸਭ ਕਿਛੁ ਤੇਰਾ ਭਾਣਾ ॥ ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ। ( ਪੰਨਾ -੯੮)
ਇੱਥੇ ਗੁਰੂ ਸਾਹਿਬ ਕਹਿ ਰਹੇ ਹਨ “ਨ ਕੋ ਮੂਰਖੁ ਨ ਕੋ ਸਿਆਣਾ” ਤੇ ਜਪੁ ਦੀ ਅਠਾਰਵੀ ਪਉੜੀ ਅੰਦਰ ਕਹਿੰਦੇ ਹਨ ਅਸੰਖਾ ਹੀ ਮੂਰਖ ਹਨ। ਸੋ ਲੋੜ ਇਸ ਨੂੰ ਸਮਝਣ ਦੀ। ਆਉ ਗੁਰਬਾਣੀ ਅਨੁਸਾਰ ਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਗੁਰੂ ਸਾਹਿਬ ਕਹਿੰਦੇ ਹਨ ਕਿ ਮੂਰਖ ਅਜਿਹਾ ਵਿਅਕਤੀ ਹੈ ਜਿਸ ਦੀਆ ਅੱਖਾਂ ਨੂੰ ਠੀਕ ਤੇ ਗਲਤ, ਪਾਪ ਤੇ ਪੁੰਨ, ਸੱਚ ਤੇ ਝੂਠ ਦੀ ਪਹਿਚਾਣ ਹੀ ਨਹੀਂ ਹੁੰਦੀ। ਉਹ ਕੇਵਲ ਜ਼ਬਾਨ ਦੀ ਮਿਠਾਸ ਤੋਂ ਹੀ ਵਿਰਵਾ ਨਹੀਂ ਹੁੰਦਾ ਬਲਕਿ ਉਹ ਸਿਆਣੇ ਸਤਿ ਪੁਰਖਾ ਦਾ ਕਹਿਣਾ ਵੀ ਨਹੀਂ ਮੰਨਦਾ। ਉਹ ਮਾਇਆ ਦੇ ਜ਼ਹਿਰ ਵਿੱਚ ਬਾਵਲਾ ਹੋਣ ਕਾਰਣ ਲੋਕਾਂ ਨਾਲ ਅਣਹੋਏ ਝਗੜੇ ਹੀ ਪਾਈ ਫਿਰਦਾ ਹੈ। “ ਮੂਰਖੁ ਹੋਇ ਨ ਆਖੀ ਸੂਝੈ ॥ ਜਿਹਵਾ ਰਸੁ ਨਹੀ ਕਹਿਆ ਬੂਝੈ ॥ ਬਿਖੁ ਕਾ ਮਾਤਾ ਜਗ ਸਿਉ ਲੂਝੈ। “(੪੧੩-੪੧੪)
ਗੁਰੂ ਸਾਹਿਬ ਨੇ ਹੋਰ ਲੱਛਣ ਸਪੱਸ਼ਟ ਕਰਕੇ ਲਿਖਆ ਹੈ ਕਿ ਜਦ ਵੀ ਉਹ ਬੋਲੇਗਾ ਤਾਂ ਉਹ ਅਪਣੇ ਤੇ ਹੋਰਨਾਂ ਦੇ ਆਤਮਕ ਜੀਵਨ ਨੂੰ ਵਲੂੰਧਰ ਕੇ ਰੱਖ ਦਏਗਾ। “ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥੧॥ {ਪੰਨਾ 143}”
ਹੋਰ ਗੁਰੂ ਸਾਹਿਬ ਫ਼ੁਰਮਾਉਂਦੇ ਹਨ ਕਿ ਮੂਰਖ ਤੇ ਸਿਆਣਾ ਭਾਵੇਂ ਮੂਲ ਰੂਪ ਵਿੱਚ ਇੱਕ ਹੀ ਹਨ ਤੇ ਦੋਹਾ ਦੇ ਸਰੀਰ ਅੰਦਰ ਰੱਬੀ ਜੋਤ ਵੀ ਇੱਕ ਹੀ ਹੈ, ਪਰ ਸੰਸਾਰ ਇਸ ਨੂੰ ਵੱਖ ਵੱਖ ਕਰਕੇ ਜਾਣਦਾ ਹੈ। ਸਤਿਗੁਰਾਂ ਦੇ ਵਿਚਾਰ ਅਨੁਸਾਰ ਜੋ ਮਨੁੱਖ ਰੱਬੀ ਹਸਤੀ ਨੂੰ ਨਹੀਂ ਮੰਨਦੇ ਉਹ ਸਭ ਤੋਂ ਵੱਡੇ ਮੂਰਖ ਹਨ। “ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ ॥ ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ।” (੧੦੧੫)
ਹੋਰ ਗੁਰੂ ਸਾਹਿਬ ਮੂਰਖ ਦਾ ਲੱਛਣ ਦੱਸਦੇ ਹਨ ਕਿ ਉਹ ਸਿਰੇ ਦਾ ਜਿੱਦੀ ਅੱੜੀਅਲ ਸੁਭਾਅ ਦਾਂ ਹੁੰਦਾ ਹੈ ਇਹ ਸ਼੍ਰੇਣੀ ਕਿਸੇ ਸਿਆਣੇ ਪੁਰਸ਼ ਦੀ ਗੱਲ ਸੁਣਨੀ ਵਾਧੂ ਖੇਚਲ ਸਮਝਦੀ ਹੈ। ਇਸ ਲਈ ਪਾਤਸ਼ਾਹ ਨੇ ਫ਼ੁਰਮਾਇਆ ਹੈ ਕਿ ਇਹ ਤਦ ਹੀ ਸੂਤ ਆਉਂਦੇ ਹਨ ਜਾਂ ਦੂਜੇ ਧਿਰ ਦੀ ਗੱਲ ਸੁਣਦੇ ਹਨ ਜਦ ਇਨ੍ਹਾਂ ਦੇ ਮੂੰਹ ਤੇ ਲੋਕਾਂ ਵੱਲੋਂ ਲਗਾਤਾਰ ਲਾਹਨਤਾਂ ਦੀ ਮਾਰ ਪੈਂਦੀ ਹੈ। “ ਮੂਰਖ ਗੰਢੁ ਪਵੈ ਮੁਹਿ ਮਾਰ।”੧੪੩)
ਮੂਰਖ ਸ਼੍ਰੇਣੀ ਅਪਣੇ ਹੰਕਾਰ ਵਿੱਚ ਹੀ ਸਭ ਕੁਝ ਗੁਆ ਬੈਠਦੀ ਹੈ। ਇਸੇ ਲਈ ਗੁਰੂ ਸਾਹਿਬ ਪ੍ਰਚੱਲਤ ਮਿਥਿਹਾਸ ਦੇ ਪਾਤਰ ਰਾਵਣ ਦਾ ਜ਼ਿਕਰ ਕਰ ਦਿੱਤਾ। “ਲੰਕਾ ਗਢੁ ਸੋਨੇ ਕਾ ਭਇਆ ॥ ਮੂਰਖੁ ਰਾਵਨੁ ਕਿਆ ਲੇ ਗਇਆ” (੧੦੫੮)
ਤੀਜੇ ਪਾਤਸ਼ਾਹ ਨੇ ਜਿੱਥੇ ਆਮ ਜਿਗਿਆਸੂ ਨੂੰ ਅਪਣੀ ਰਚਨਾ ਵਿੱਚ ਮੂਰਖ ਦੇ ਮੂਰਖਤਾ ਭਰੇ ਕਥਨਾਂ ਨਾਲ ਨਿਪਟਣ ਦੀ ਜਾਂਚ ਸਿਖਾਈ ਹੈ ਉੱਥੇ ਉਹਦੇ ਦੋਸ਼ਾਂ ਜਾਂ ਲੱਛਣਾਂ ਦਾ ਵੇਰਵਾ ਵੀ ਦਿੱਤਾ ਹੈ ਕਿ ਅਸਲ ਮੂਰਖ ਬੁਨਿਆਦੀ ਤੌਰ ਤੇ ਪੂਰਾ ਅੱੜੀਅਲ ਤੇ ਅਗਿਆਨੀ ਹੁੰਦਾ ਹੈ ਤੇ ਸਦਾ ਹੰਕਾਰ ਦੀ ਟੀਸੀ ਤੇ ਚੱੜਿਆ ਰਹਿੰਣ ਕਰਕੇ ਅਪਣੀ ਆਤਮਿਕ ਮੌਤ ਸਹੇੜੀ ਰੱਖਦਾ ਹੈ।ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ ॥ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥ ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ॥ ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ ॥ ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ ॥ ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ ॥ ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ ॥”(੯੫੩)
ਮਾਇਆ ਨਾਲ ਬਹੁਤਾ ਪਿਆਰ ਕਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੇ) ਖੂਹ ਵਿਚ ਡਿੱਗਾ ਰਹਿੰਦਾ ਹੈ। ਉਸ ਦੇ ਬਚਾਉ ਦਾ ਕੇਹੜਾ ਉੱਦਮ ਕੀਤਾ ਜਾ ਸਕਦਾ ਹੈ? ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਇਸ ਤੇ ਵਿਚਾਰ ਕਰਦਾ ਹੈ ਤੇ (ਇਸ ਮਾਇਆ ਦੇ ਮੋਹ-ਰੂਪ ਖੂਹ ਤੋਂ) ਵੱਖਰਾ ਰਹਿੰਦਾ ਹੈ; ਉਹ ਪ੍ਰਭੂ ਦਾ ਨਾਮ ਜਪਦਾ ਹੈ, (ਨਾਮ ਦੀ ਬਰਕਤਿ ਨਾਲ) ਉਹ ਆਪ ਬਚਦਾ ਹੈ ਤੇ ਉਸ ਦੇ ਪੂਰਨਿਆਂ ਤੇ ਤੁਰ ਕੇ ਡੁੱਬਦਾ ਸਾਥੀ ਭੀ ਬਚ ਨਿਕਲਦਾ ਹੈ।
*ਸ਼ਬਦ* – ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ ਨਾਨਕੁ ਨੀਚੁ ਕਹੈ ਵੀਚਾਰੁ ॥
*ਪਦ ਅਰਥ*: ਸਿਰਿ-ਆਪਣੇ ਸਿਰ ਉੱਤੇ। ਸਿਰਿ ਕਰਹਿ ਭਾਰੁ-ਆਪਣੇ ਸਿਰ ਉੱਤੇ ਭਾਰ ਚੁਕਦੇ ਹਨ।
ਨਾਨਕੁ ਨੀਚੁ-ਇਸ ਤੁਕ ਵਿਚ ਸ਼ਬਦ ‘ਨਾਨਕੁ’ ਕਰਤਾ ਕਾਰਕ ਹੈ ਅਤੇ ਪੁਲਿੰਗ ਹੈ। ਸ਼ਬਦ ‘ਨੀਚੁ’ ਵਿਸ਼ਸ਼ੇਣ ਹੈ ਅਤੇ ਪੁਲਿੰਗ ਹੈ। ਉਂਝ ਭੀ ਸ਼ਬਦ ‘ਨਾਨਕੁ’ ਦੇ ਨਾਲ ਹੀ ਵਰਤਿਆ ਗਿਆ ਹੈ। ਸੋ ‘ਨੀਚੁ’ ਸ਼ਬਦ ‘ਨਾਨਕੁ’ ਦਾ ਵਿਸ਼ਸ਼ੇਣ ਹੈ। ਸਤਿਗੁਰੂ ਜੀ ਆਪਣੇ ਆਪ ਨੂੰ ‘ਨੀਚੁ’ ਆਖਦੇ ਹਨ, ਇਹ ਗਰੀਬੀ ਭਾਵ ਹੋਰ ਭੀ ਕਈ ਥਾਈਂ ਆਉਂਦਾ ਹੈ, ਜਿਵੇਂ:
(1) ਮੈ ਕੀਤਾ ਨ ਜਾਤਾ ਹਰਾਮਖੋਰ। ਹਉ ਕਿਆ ਮੁਹੁ ਦੇਸਾ ਦੁਸਟੁ ਚੋਰ।
ਨਾਨਕੁ ਨੀਚੁ ਕਹੈ ਬੀਚਾਰੁ। ਧਾਣਕ ਰੂਪਿ ਰਹਾ ਕਰਤਾਰ।4। 29। (ਸਿਰੀ ਰਾਗ ਮਹਲਾ 1
(2) ਜੁਗੁ ਜੁਗੁ ਸਾਚਾ ਹੈ ਭੀ ਹੋਸੀ। ਕਉਣੁ ਨ ਮੂਆ ਕਉਣੁ ਨ ਮਰਸੀ।
ਨਾਨਕੁ ਨੀਚੁ ਕਹੈ ਬੇਨੰਤੀ, ਦਰਿ ਦੇਖਹੁ ਲਿਵ ਲਾਈ ਹੇ।16।2। (ਮਾਰੂ ਮਹਲਾ 1, ਸੋਹਲੇ
(3) ਕਥਨੀ ਕਰਉ ਨ ਆਵੈ ਓਰੁ। ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ।
ਦੁਖੁ ਸੁਖੁ ਭਾਣੈ ਤਿਸੈ ਰਜਾਇ। ਨਾਨਾਕੁ ਨੀਚੁ ਕਹੈ ਲਿਵ ਲਾਇ।8।4। (ਗਉੜੀ ਮਹਲਾ 1
ਨਾਨਕੁ ਨੀਚੁ-ਨੀਚ ਨਾਨਕ, ਨਾਨਕ ਵਿਚਾਰਾ, ਗਰੀਬ ਨਾਨਕ।
*ਅਰਥ*: ਅਨੇਕਾਂ ਹੀ ਨਿਦੰਕ (ਨਿੰਦਾ ਕਰ ਕੇ) ਆਪਣੇ ਸਿਰ ਉੱਤੇ (ਨਿੰਦਿਆ ਦਾ) ਭਾਰ ਚੁੱਕ ਰਹੇ ਹਨ। (ਹੇ ਨਿਰੰਕਾਰ! ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿਚ ਫਸੇ ਹੋਣਗੇ, ਮੇਰੀ ਕੀਹ ਤਾਕਤ ਹੈ ਕਿ ਤੇਰੀ ਕੁਦਰਤਿ ਦੀ ਪੂਰਨ ਵਿਚਾਰ ਕਰ ਸਕਾਂ? ਨਾਨਕ ਵਿਚਾਰਾ (ਤਾਂ) ਇਹ (ਉਪਰਲੀ ਤੁੱਛ ਜਿਹੀ) ਵਿਚਾਰ ਪੇਸ਼ ਕਰਦਾ ਹੈ।
*ਸ਼ਬਦ* – ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੮॥
*ਅਰਥ*: (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੇਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੈਂ ਤੇਰੀ ਬੇਅੰਤ ਕੁਦਰਤਿ ਦੀ ਪੂਰਨ ਵਿਚਾਰ ਕਰਨ ਜੋਗਾ ਨਹੀਂ ਹਾਂ) । ਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ। ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਹੀ ਰਹਿਣਾ ਠੀਕ ਹੈ; ਤੇਰੀ ਸਿਫ਼ਤਿ-ਸਾਲਾਹ ਕਰ ਕੇ ਅਸਾਂ ਜੀਵਾਂ ਲਈ ਇਹੀ ਭਲੀ ਗੱਲ ਹੈ ਕਿ ਤੇਰੀ ਰਜ਼ਾ ਵਿਚ ਰਹੀਏ) ।
*ਭਾਵ*: ਪਰਮਾਤਮਾ ਦੀ ਸਾਰੀ ਕੁਦਰਤਿ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ, ਜੇ ਤੁਸੀ ਜਗਤ ਦੇ ਸਿਰਫ਼ ਚੋਰ ਧਾੜਵੀ ਠੱਗ ਨਿੰਦਕ ਆਦਿਕ ਬੰਦਿਆਂ ਦਾ ਹੀ ਹਿਸਾਬ ਲਾਣ ਲੱਗੋ ਤਾਂ ਇਹਨਾਂ ਦਾ ਭੀ ਕੋਈ ਅੰਤ ਨਹੀਂ। ਜਦ ਤੋਂ ਜਗਤ ਬਣਿਆ ਹੈ, ਬੇਅੰਤ ਜੀਵ ਵਿਕਾਰਾਂ ਵਿਚ ਹੀ ਗ੍ਰਸੇ ਚਲੇ ਆ ਰਹੇ ਹਨ।18।
*ਸ਼ਬਦ* – ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰਖ ਲੋਅ ॥ ਅਸੰਖ ਕਹਹਿ ਸਿਰਿ ਭਾਰੁ ਹੋਇ ॥
*ਪਦ ਅਰਥ*: ਨਾਵ-(ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਨਾਮ। ਅਗੰਮ-ਜਿਸ ਤਾਈਂ (ਕਿਸੇ ਦੀ) ਪਹੁੰਚ ਨ ਹੋ ਸਕੇ। ਲੋਅ-ਲੋਕ, ਭਵਣ। ਅਸੰਖ ਲੋਅ-ਅਨੇਕਾਂ ਹੀ ਭਵਣ। ਕਹਹਿ-ਕਹਿੰਦੇ ਹਨ, ਆਖਦੇ ਹਨ (ਜੋ ਮਨੁੱਖ) । ਸਿਰਿ-ਉਹਨਾਂ ਦੇ ਸਿਰ ਉੱਤੇ। ਹੋਇ-ਹੁੰਦਾ ਹੈ।
*ਅਰਥ*: (ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਅਸੰਖਾਂ ਹੀ ਨਾਮ ਹਨ ਤੇ ਅਸੰਖਾਂ ਹੀ (ਉਹਨਾਂ ਦੇ) ਥਾਂ ਟਿਕਾਣੇ ਹਨ। (ਕੁਦਰਤਿ ਵਿਚ) ਅਸੰਖਾਂ ਹੀ ਭਵਣ ਹਨ ਜਿਨ੍ਹਾਂ ਤਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ। (ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ) ‘ਅਸੰਖ’ (ਭੀ) ਆਖਦੇ ਹਨ, (ਉਹਨਾਂ ਦੇ) ਸਿਰ ਉੱਤੇ ਭੀ ਭਾਰ ਹੁੰਦਾ ਹੈ (ਭਾਵ, ਉਹ ਭੀ ਭੁੱਲ ਕਰਦੇ ਹਨ, ‘ਅਸੰਖ’ ਸ਼ਬਦ ਭੀ ਕਾਫੀ ਨਹੀਂ ਹੈ) ।
*ਸ਼ਬਦ* – ਅਖਰੀ ਨਾਮੁ ਅਖਰੀ ਸਾਲਾਹ ॥ ਅਖਰੀ ਗਿਆਨੁ ਗੀਤ ਗੁਣ ਗਾਹ ॥ ਅਖਰੀ ਲਿਖਣੁ ਬੋਲਣੁ ਬਾਣਿ ॥ ਅਖਰਾ ਸਿਰਿ ਸੰਜੋਗੁ ਵਖਾਣਿ ॥ ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ ਜਿਵ ਫੁਰਮਾਏ ਤਿਵ ਤਿਵ ਪਾਹਿ ॥
*ਪਦ ਅਰਥ*: ਅਖਰੀ-ਅੱਖਰਾਂ ਦੀ ਰਾਹੀਂ ਹੀ। ਸਾਲਾਹ-ਸਿਫ਼ਤਿ। ਗੁਣ ਗਾਹ-ਗੁਣਾਂ ਦੇ ਗਾਹੁਣ ਵਾਲੇ, ਗੁਣਾਂ ਦੇ ਵਾਕਫ਼। ਬਾਣਿ ਲਿਖਣੁ-ਬਾਣੀ ਦਾ ਲਿਖਣਾ। ਬਾਣਿ-ਬਾਣੀ, ਬੋਲੀ। ਬਾਣਿ ਬੋਲਣੁ-ਬਾਣੀ (ਬੋਲੀ) ਦਾ ਬੋਲਣਾ। ਅਖਰਾ ਸਿਰਿ-ਅੱਖਰਾਂ ਦੀ ਰਾਹੀਂ ਹੀ। ਸੰਜੋਗੁ-ਭਾਗਾਂ ਦਾ ਲੇਖ। ਵਖਾਣਿ-ਵਖਾਣਿਆ ਜਾ ਸਕਦਾ ਹੈ, ਦੱਸਿਆ ਜਾ ਸਕਦਾ ਹੈ। ਜਿਨਿ-ਜਿਸ ਅਕਾਲ ਪੁਰਖ ਨੇ। ਏਹਿ-ਸੰਜੋਗ ਦੇ ਇਹ ਅੱਖਰ। ਤਿਸੁ ਸਿਰਿ-ਉਸ ਅਕਾਲ ਪੁਰਖ ਦੇ ਮੱਥੇ ਉੱਤੇ। ਨਾਹਿ-(ਕੋਈ ਲੇਖ) ਨਹੀਂ ਹੈ। ਜਿਵ-ਜਿਸ ਤਰ੍ਹਾਂ। ਫੁਰਮਾਏ-ਅਕਾਲ ਪੁਰਖ ਹੁਕਮ ਕਰਦਾ ਹੈ। ਤਿਵ ਤਿਵ-ਉਸੇ ਤਰ੍ਹਾਂ। ਪਾਹਿ-(ਜੀਵ) ਪਾ ਲੈਂਦੇ ਹਨ, ਭੋਗਦੇ ਹਨ।
*ਅਰਥ*: (ਭਾਵੇਂ ਅਕਾਲ ਪੁਰਖ ਦੀ ਕੁਦਰਤਿ ਦਾ ਲੇਖਾ ਲਫ਼ਜ਼ ‘ਅਸੰਖ’ ਤਾਂ ਕਿਤੇ ਰਿਹਾ, ਕੋਈ ਭੀ ਸ਼ਬਦ ਕਾਫ਼ੀ ਨਹੀਂ ਹੈ, ਪਰ) ਅਕਾਲ ਪੁਰਖ ਦਾ ਨਾਮ ਭੀ ਅੱਖਰਾਂ ਦੀ ਰਾਹੀਂ ਹੀ (ਲਿਆ ਜਾ ਸਕਦਾ ਹੈ) , ਉਸ ਦੀ ਸਿਫ਼ਿਤ-ਸਾਲਾਹ ਭੀ ਅੱਖਰਾਂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ। ਅਕਾਲ ਪੁਰਖ ਦਾ ਗਿਆਨ ਭੀ ਅੱਖਰਾਂ ਦੀ ਰਾਹੀਂ ਹੀ (ਵਿਚਾਰਿਆ ਜਾ ਸਕਦਾ ਹੈ) । ਅੱਖਰਾਂ ਦੀ ਰਾਹੀਂ ਹੀ ਉਸਦੇ ਗੀਤ ਅਤੇ ਗੁਣਾਂ ਦਾ ਵਾਕਫ਼ ਹੋ ਸਕੀਦਾ ਹੈ। ਬੋਲੀ ਦਾ ਲਿਖਣਾ ਤੇ ਬੋਣਾ ਭੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ। (ਇਸ ਕਰਕੇ ਸ਼ਬਦ ‘ਅਸੰਖ’ ਵਰਤਿਆ ਗਿਆ ਹੈ, ਉਂਝ) ਜਿਸ ਅਕਾਲ ਪੁਰਖ ਨੇ (ਜੀਵਾਂ ਦੇ ਸੰਜੋਗ ਦੇ) ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਕਹੀਂ ਹੈ (ਭਾਵ, ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ) । ਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ ਉਸੇ ਤਰ੍ਹਾਂ (ਜੀਵ ਆਪਣੇ ਸੰਜੋਗ) ਭੋਗਦੇ ਹਨ।
*ਸ਼ਬਦ* – ਜੇਤਾ ਕੀਤਾ ਤੇਤਾ ਨਾਉ ॥ ਵਿਣੁ ਨਾਵੈ ਨਾਹੀ ਕੋ ਥਾਉ ॥
*ਪਦ ਅਰਥ*: ਜੇਤਾ-ਜਿਤਨਾ। ਕੀਤਾ-ਪੈਦਾ ਕੀਤਾ ਹੋਇਆ ਸੰਸਾਰ। ਜੇਤਾ ਕੀਤਾ-ਇਹ ਸਾਰਾ ਸੰਸਾਰ ਜੋ ਅਕਾਲ ਪੁਰਖ ਨੇ ਪੈਦਾ ਕੀਤਾ ਹੈ। ਤੇਤਾ-ਉਹ ਸਾਰਾ, ਉਤਨਾ ਹੀ। ਨਾਉ-ਨਾਮ, ਰੂਪ, ਸਰੂਪ।
ਵਿਣੁ ਨਾਵੈ-‘ਨਾਮ’ ਤੋਂ ਬਿਨਾ, ਨਾਮ ਤੋਂ ਖ਼ਾਲੀ।
*ਅਰਥ*: ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ (‘ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ’) । ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ) ।
*ਨੋਟ*-ਇਸ ਪਉੜੀ ਵਿਚ ਮੁੱਢ ਤੇ ਜ਼ਿਕਰ ਹੈ ਕਿ ਕਾਦਰ ਦੀ ਇਸ ਕੁਦਰਤਿ ਵਿਚ ਅਨੇਕਾਂ ਹੀ ਜੀਵ-ਜੰਤ, ਅਨੇਕਾਂ ਹੀ ਜ਼ਾਤਾਂ ਦੇ, ਰੰਗਾਂ ਦੇ ਅਤੇ ਅਨੇਕਾਂ ਹੀ ਨਾਮਾਂ ਵਾਲੇ ਹਨ। ਇਤਨੇ ਹਨ ਕਿ ਇਹਨਾਂ ਦੀ ਗਿਣਤੀ ਲਈ ਸ਼ਬਦ ‘ਅਸੰਖ’ ਵਰਤਣਾ ਭੀ ਭੁੱਲ ਹੈ। ਪਰ ਜਿਤਨੀ ਭੀ ਇਹ ਰਚਨਾ ਹੈ, ਇਹ ਸਾਰੀ ਅਕਾਲ ਪੁਰਖ ਦਾ ਸਰੂਪ ਹੈ, ਕੋਈ ਥਾਂ ਅਜਿਹੀ ਨਹੀਂ ਜੋ ਅਕਾਲ ਪੁਰਖ ਦਾ ਸਰੂਪ ਨਹੀਂ। ਜਿਸ ਚੀਜ਼ ਵਲ ਤੱਕੀਏ, ਅਕਾਲ ਪੁਰਖ ਦੀ ਹੋਂਦ ਹੀ ਅੱਖਾਂ ਅੱਗੇ ਲਿਆਉਂਦੀ ਹੈ।
ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੯॥
ਕੁਦਰਤਿ ਕਵਣ-ਸ਼ਬਦ ‘ਵੀਚਾਰੁ’ ਪੁਲਿੰਗ ਹੈ। ਜੇ ਲਫ਼ਜ਼ ‘ਕਵਣ’ ਇਸ ਦਾ ਵਿਸ਼ੇਸ਼ਣ ਹੁੰਦਾ, ਤਾਂ ਇਹ ਭੀ ਪੁਲਿੰਗ ਹੁੰਦਾ ਅਤੇ ਇਸ ਦਾ ਰੂਪ ‘ਕਵਣੁ’ ਹੋ ਜਾਂਦਾ। ‘ਕੁਦਰਤਿ’ ਇਸਤ੍ਰੀ-ਲਿੰਗ ਹੈ। ਸੋ ਸ਼ਬਦ ‘ਕਵਣ’ ‘ਕੁਦਰਤਿ’ ਦਾ ਵਿਸ਼ੇਸ਼ਣ ਹੈ। ਇਸ ਸ਼ਬਦ ‘ਕਵਣ’ ਦੇ ਪੁਲਿੰਗ ਅਤੇ ਇਸਤ੍ਰੀ ਲਿੰਗ ਰੂਪ ਨੂੰ ਸਮਝਣ ਲਈ ਵੇਖੋ ਪਉੜੀ ਨੰ: 21:
ਕਵਣ ਸੁ ਵੇਲਾ, ਵਖਤੁ ਕਵਣੁ, ਕਵਣ ਥਿਤਿ, ਕਵਣੁ ਵਾਰੁ।
ਕਵਣਿ ਸਿ ਰੁਤੀ, ਮਾਹੁ ਕਵਣੁ, ਜਿਤੁ ਜੋਆ ਆਕਾਰੁ। 21।
ਪਉੜੀ ਨੰ: 16,17 ਅਤੇ 19 ਵਿਚ ‘ਕੁਦਰਤਿ ਕਵਣ ਕਹਾ ਵੀਚਾਰੁ’ ਤੁਕ ਆਈ ਹੈ, ਪਰ ਪਉੜੀ ਨੰ: 18 ਵਿਚ ਇਸ ਤੁਕ ਦੇ ਥਾਂ ਤੁਕ ‘ਨਾਨਕੁ ਨੀਚੁ ਕਹੈ ਵੀਚਾਰੁ’ ਵਰਤੀ ਗਈ ਹੈ। ਇਨ੍ਹਾਂ ਦੋਹਾਂ ਨੂੰ ਆਮ੍ਹੋ-ਸਾਹਮਣੇ ਰੱਖ ਕੇ ਵਿਚਾਰੀਏ, ਤਾਂ ਭੀ ਇਹੀ ਅਰਥ ਨਿਕਲਦਾ ਹੈ ਕਿ ‘ਮੇਰੀ ਕੀਹ ਤਾਕਤ ਹੈ? ਮੈਂ ਵਿਚਾਰਾ ਨਾਨਕ ਕੀਹ ਵਿਚਾਰ ਕਰ ਸਕਦਾ ਹਾਂ’?
ਲਫ਼ਜ਼ ‘ਕੁਦਰਤਿ’ ‘ਸਮਰਥਾ’ ਦੇ ਅਰਥ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਥਾਈਂ ਭੀ ਆਇਆ ਹੈ, ਜਿਵੇਂ:
(1) ਜੇ ਤੂ ਮੀਰ ਮਹਾਪਤਿ ਸਾਹਿਬੁ, ਕੁਦਰਤਿ ਕਉਣ ਹਮਾਰੀ।
ਚਾਰੇ ਕੁੰਟ ਸਲਾਮੁ ਕਰਹਿਗੇ, ਘਰਿ ਘਰਿ ਸਿਫਤਿ ਤੁਮਾਰੀ।7।1।8। (ਬਸੰਤ ਹਿੰਡੋਲੁ ਮਹਲਾ 1
(2) ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤਿ ਕਵਨ ਹਮਾਰੀ।
ਸਾਧ ਸੰਗਿ ਨਾਨਕ ਜਸੁ ਗਾਇਉ, ਜੋ ਪ੍ਰਭੂ ਕੀ ਅਤਿ ਪਿਆਰੀ।8।1।8। (ਗੂਜਰੀ ਮਹਲਾ 5
*ਅਰਥ*: ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵੀਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ) । ਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਅਸਾਂ ਜੀਵਾਂ ਲਈ ਭਲੀ ਗੱਲ ਹੈ) ।19।
*ਭਾਵ*: ਭਲਾ, ਕਿਤਨੀਆਂ ਧਰਤੀਆਂ ਤੇ ਕਿਤਨੇ ਕੁ ਜੀਵ ਪ੍ਰਭੂ ਨੇ ਰਚੇ ਹਨ? ਮਨੁੱਖਾਂ ਦੀ ਕਿਸੇ ਬੋਲੀ ਵਿਚ ਕੋਈ ਐਸਾ ਲਫ਼ਜ਼ ਹੀ ਨਹੀਂ ਜੋ ਇਹ ਲੇਖਾ ਦੱਸ ਸਕੇ।
ਬੋਲੀ ਭੀ ਰੱਬ ਵਲੋਂ ਇਕ ਦਾਤ ਮਿਲੀ ਹੈ, ਪਰ ਇਹ ਮਿਲੀ ਹੈ ਸਿਫ਼ਤਿ-ਸਾਲਾਹ ਕਰਨ ਲਈ। ਇਹ ਨਹੀਂ ਹੋ ਸਕਦਾ ਕਿ ਇਸ ਦੀ ਰਾਹੀਂ ਮਨੁੱਖ ਪ੍ਰਭੂ ਦਾ ਅੰਤ ਪਾ ਸਕੇ। ਵੇਖੋ! ਬੇਅੰਤ ਹੈ ਉਸ ਦੀ ਕੁਦਰਤਿ ਤੇ ਇਸ ਵਿਚ ਜਿਧਰ ਤੱਕੋ ਉਹ ਆਪ ਹੀ ਆਪ ਮੋਜੂਦ ਹੈ। ਕੌਣ ਅੰਦਾਜ਼ਾ ਲਾ ਸਕਦਾ ਹੈ ਕਿ ਉਹ ਕੇਡਾ ਵੱਡਾ ਹੈ ਤੇ ਉਸ ਦੀ ਰਚਨਾ ਕਿਤਨੀ ਕੁ ਹੈ।19।
*ਸ਼ਬਦ* – ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥
*ਪਦ ਅਰਥ*: ਭਰੀਐ-ਜੇ ਭਰ ਜਾਏ, ਜੇ ਗੰਦਾ ਹੋ ਜਾਏ, ਜੇ ਮੈਲਾ ਹੋ ਜਾਏ। ਤਨੁ-ਸਰੀਰ। ਦੇਹ-ਸਰੀਰ। ਪਾਣੀ ਧੋਤੈ-ਪਾਣੀ ਨਾਲ ਧੋਤਿਆਂ। ਉਤਰਸੁ-ਉਤਰ ਜਾਂਦੀ ਹੈ। ਖੇਹ-ਮਿੱਟੀ, ਧੂੜ, ਮੈਲ।
*ਅਰਥ*: ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ, ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।
*ਸ਼ਬਦ* – ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥
*ਪਦ ਅਰਥ*: ਪਲੀਤੀ-ਪਲੀਤ, ਗੰਦਾ। ਮੂਤ ਪਲੀਤੀ-ਮੂਤਰ ਨਾਲ ਪਲੀਤ। ਕਪੜੁ-ਕੱਪੜਾ। ਦੇ ਸਾਬੂਣੁ-ਸਾਬਣ ਲਾ ਕੇ। ਲਈਐ-ਲਈਦਾ ਹੈ। ਓਹੁ-ਉਹ ਪਲੀਤ ਹੋਇਆ ਕੱਪੜਾ। ਲਈਐ ਧੋਇ-ਧੋ ਲਈਦਾ ਹੈ।
*ਅਰਥ*: ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ, ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।
*ਸ਼ਬਦ* – ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥
*ਪਦ ਅਰਥ*: ਭਰੀਐ-ਜੇ ਭਰ ਜਾਏ, ਜੇ ਮਲੀਨ ਹੋ ਜਾਏ। ਮਤਿ-ਬੁੱਧ। ਪਾਪਾ ਕੈ ਸੰਗਿ-ਪਾਪਾਂ ਦੇ ਨਾਲ। ਓਹੁ-ਉਹ ਪਾਪ। ਧੋਪੈ-ਧੁਪਦਾ ਹੈ, ਧੁਪ ਸਕਦਾ ਹੈ, ਧੋਇਆ ਜਾ ਸਕਦਾ ਹੈ। ਰੰਗਿ-ਪਿਆਰ ਨਾਲ। ਨਾਵੈ ਕੈ ਰੰਗਿ-ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ।
*ਅਰਥ*: (ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।
*ਸ਼ਬਦ* – ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥੨੦॥
*ਨੋਟ*-ਸ਼ਬਦ ‘ਆਖਣੁ’ ਨੂੰ ਧਿਆਨ ਨਾਲ ਵਿਚਾਰਨਾ ਜ਼ਰੂਰੀ ਹੈ। ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ:
(1) ਪੁੰਨੀ ਪਾਪੀ ਆਖਣੁ ਨਾਹਿ। (ਪਉੜੀ 20
(2) ਨਾਨਕ ਆਖਣਿ ਸਭੁ ਕੋ ਆਖੈ, ਇਕ ਦੂ ਇਕੁ ਸਿਆਣਾ (ਪਉੜੀ 21
(3) ਜੇ ਕੋ ਖਾਇਕੁ ਆਖਣਿ ਪਾਇ। (ਪਉੜੀ 25
(4) ਕੇਤੇ ਆਖਹਿ ਆਖਣਿ ਪਾਹਿ। (ਪਉੜੀ 26
(5) ਆਖਣਿ ਜੋਰੁ ਚੁਪੈ ਨਹਿ ਜੋਰੁ। (ਪਉੜੀ 33
ਇਸ ਲਫ਼ਜ਼ ‘ਆਖਣੁ’ ਦੇ ਅਰਥ ਨੂੰ ਸਪੱਸ਼ਟ ਕਰਨ ਲਈ ਕੁਝ ਹੋਰ ਪ੍ਰਮਾਣ ਹੇਠਾਂ ਲਿਖੇ ਜਾਂਦੇ ਹਨ:
(6) ਆਖਣੁ ਆਖਿ ਨਾ ਰਜਿਆ, ਸੁਨਣਿ ਨ ਰਜੇ ਕੰਨ।2।19। (ਮਾਝ ਕੀ ਵਾਰ
(7) ਆਖਣਿ ਆਖਹਿ ਕੇਤੜੇ, ਗੁਰ ਬਿਨੁ ਬੂਝ ਨ ਹੋਇ।3।13। (ਮਾਝ ਕੀ ਵਾਰ
ਉਪਰਲੇ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ ‘ਆਖਣੁ’ ਨਾਵ ਹੈ ਤੇ ‘ਆਖਣਿ’ ਕ੍ਰਿਆ ਹੈ। ਨਾਵ ‘ਆਖਣੁ’ ਦਾ ਅਰਥ ਹੈ ‘ਨਾਮ, ਕਹਿਣਾ, ਮੂੰਹ’ ਜਿਵੇਂ ਪ੍ਰਮਾਣ ਨੰ: 1 ਅਤੇ 6 ਵਿਚ ਹੈ। ਪ੍ਰਮਾਣ ਨੰ:2, 3, 4, 5, ਅਤੇ 7 ਵਿਚ ‘ਆਖਣਿ’ ਕ੍ਰਿਆ ਹੈ।
*ਪਦ ਅਰਥ*: ਆਖਣੁ-ਨਾਮੁ, ਬਚਨ। ਨਾਹਿ-ਨਹੀਂ ਹੈ। ਕਰਿ ਕਰਿ ਕਰਣਾ-ਜੋ ਕਰਣਾ ਹੈ ਕਰ ਲੈ ਲਿਖਿ-ਲਿਖ ਕੇ,(ਤਿਹੋ ਜਿਹਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰਾਂ ਦਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰ ਅਪਣੇ ਮਨ ਵਿਚ) ਉੱਕਰ ਕੇ। ਲੈ ਜਾਹੁ-ਤੂੰ ਲੈ ਜਾਹਿਂਗਾ, (ਆਪਣੇ ਨਾਲ) ਲੈ ਜਾਹਿਂਗਾ, (ਆਪਣੇ ਮਨ ਵਿਚ) ਪ੍ਰੋ ਲਵੇਂਗਾ। ਆਪੇ-ਆਪ ਹੀ। ਬੀਜਿ-ਬੀਜ ਕੇ। ਹੁਕਮੀ-ਅਕਾਲ ਪੁਰਖ ਦੇ ਹੁਕਮ ਵਿਚ। ਆਵਹੁ ਜਾਹੁ-ਆਵਹਿਂਗਾ ਤੇ ਜਾਹਿਂਗਾ, ਜੰਮੇਂਗਾ ਤੇ ਮਰਹਿਂਗਾ, ਜਨਮ ਮਰਨ ਵਿਚ ਪਿਆ ਰਹੇਂਗਾ।
*ਅਰਥ*: ਹੇ ਨਾਨਕ! ‘ਪੰਨ’ ਜਾਂ ‘ਪਾਪ’ ਸਿਰਫ ਕਹਿਣ ਮਾਤਰ ਨਿਰਾ ਨਾਮ ਹੀ ਨਹੀਂ ਹਨ। ( ਜੋ ਤੂੰ ) ਕਰਣ ਲਈ ( ਸੋਚ ਰਿਹਾ ਹੈ) ਕਰਲੈ, ਕਰਲੈ, (ਸੱਚ-ਮੁੱਚ ਹੀ) ਤੂੰ ਉਹੀ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ। ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ। (ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ। 20।
*ਨੋਟ*-ਪਹਿਲੀ ਪਉੜੀ ਵਿਚ ਤੁਕ ਆਈ ਹੈ, ‘ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ’। ਦੂਜੀ ਪਉੜੀ ਵਿਚ ਜ਼ਿਕਰ ਆਇਆ ਹੈ, ‘ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖੁ ਸੁਖੁ ਪਾਈਅਹਿ’। ਹੁਣ ਇਸ ਪਉੜੀ ਵਿਚ ਉਪਰਲੀਆਂ ਤੁਕਾਂ ਵਾਲਾ ਖ਼ਿਆਲ ਬਿਲਕੁਲ ਸਾਫ਼ ਕੀਤਾ ਗਿਆ ਹੈ। ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਖ਼ਾਸ ਨੀਯਮਾਂ ਵਿਚ ਚੱਲ ਰਹੀ ਹੈ। ਇਹਨਾਂ ਨੀਯਮਾਂ ਦਾ ਨਾਮ ਸਤਿਗੁਰੂ ਜੀ ਨੇ ‘ਹੁਕਮ’ ਰੱਖਿਆ ਹੈ। ਉਹ ਨੀਯਮ ਇਹ ਹਨ ਕਿ ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ, ਤਿਹੋ ਜਿਹਾ ਫਲ ਪਾਂਦਾ ਹੈ। ਉਸ ਦੇ ਆਪਣੇ ਧੁਰ ਅੰਦਰ ਉਹੋ ਜਿਹੇ ਹੀ ਚੰਗੇ-ਮੰਦੇ ਸੰਸਕਾਰ ਬਣ ਜਾਂਦੇ ਹਨ ਅਤੇ ਉਹਨਾਂ ਦੇ ਅਨੁਸਾਰ ਹੀ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਜਾਂ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰ ਕੇ ਆਪਣਾ ਜਨਮ ਸਫਲ ਕਰ ਲੈਂਦਾ ਹੈ।
*ਭਾਵ*: ਮਾਇਆ ਦੇ ਪਰਭਾਵ ਦੇ ਕਾਰਨ ਮਨੁੱਖ ਵਿਕਾਰਾਂ ਵਿਚ ਪੈ ਜਾਂਦਾ ਹੈ, ਤੇ ਇਸ ਦੀ ਮਤ ਮੈਲੀ ਹੋ ਜਾਂਦੀ ਹੈ। ਇਹ ਮੈਲ ਇਸ ਨੂੰ ਸੁੱਧ-ਸਰੂਪ ਪਰਮਾਤਮਾ ਤੋਂ ਵਿਛੋੜ ਰੱਖਦੀ ਹੈ, ਤੇ ਜੀਵ ਦੁਖੀ ਰਹਿੰਦਾ ਹੈ। ਨਾਮ-ਸਿਮਰਨ ਹੀ ਇਕੋ-ਇਕ ਵਸੀਲਾ ਹੈ ਜਿਸ ਨਾਲ ਮਨ ਦੀ ਇਹ ਮੈਲ ਧੁਪ ਸਕਦੀ ਹੈ। (ਸੋ, ਸਿਮਰਨ ਤਾਂ ਵਿਕਾਰਾਂ ਦੀ ਮੈਲ ਧੋ ਕੇ ਮਨ ਨੂੰ ਪ੍ਰਭੂ ਨਾਲ ਮੇਲਣ ਵਾਸਤੇ ਹੈ, ਪ੍ਰ​ਭ ਤੇ ਉਸ ਦੀ ਰਚਨਾ ਦਾ ਅੰਤ ਪਾਣ ਲਈ ਜੀਵ ਨੂੰ ਸਮਰਥ ਨਹੀਂ ਬਣਾ ਸਕਦਾ) । 20।
*ਸ਼ਬਦ* – ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥
*ਪਦ ਅਰਥ*: ਜੇ ਕੋ ਪਾਵੈ-ਜੇ ਕੋਈ ਮਨੁੱਖ ਪ੍ਰਾਪਤ ਕਰੇ, ਜੇ ਕਿਸੇ ਮਨੁੱਖ ਨੂੰ ਮਿਲ ਭੀ ਜਾਏ, ਤਾਂ। ਤਿਲ ਕਾ-ਤਿਲ ਮਾਤਰ, ਰਤਾ-ਮਾਤਰ। ਮਾਨੁ-ਆਦਰ, ਵਡਿਆਈ। ਦਤੁ-ਦਿੱਤਾ ਹੋਇਆ।
*ਅਰਥ*: ਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ-(ਇਹਨਾਂ ਕਰਮਾਂ ਦੇ ਵੱਟੇ) ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ।
*ਸ਼ਬਦ* – ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥
*ਪਦ ਅਰਥ*: ਸੁਣਿਆ-(ਜਿਸ ਮਨੁੱਖ ਨੇ) ਅਕਾਲ ਪੁਰਖ ਦਾ ਨਾਮ ਸੁਣ ਲਿਆ ਹੈ।। ਮੰਨਿਆ-(ਜਿਸ ਦਾ ਮਨ ਉਸ ਨਾਮ ਨੂੰ ਸੁਣ ਕੇ) ਮੰਨ ਗਿਆ ਹੈ, ਪਤੀਜ ਗਿਆ ਹੈ। ਮਨਿ-ਮਨ ਵਿਚ। ਭਾਉ ਕੀਤਾ-(ਜਿਸ ਨੇ) ਪ੍ਰੇਮ ਕੀਤਾ ਹੈ। ਅੰਤਰਗਤਿ-ਅੰਦਰਲਾ। ਤੀਰਥਿ-ਤੀਰਥ ਉੱਤੇ। ਅੰਤਰਗਤਿ ਤੀਰਥਿ-ਅੰਦਰਲੇ ਤੀਰਥ ਉੱਤੇ। ਮਲਿ-ਮਲ ਮਲ ਕੇ, ਚੰਗੀ ਤਰ੍ਹਾਂ। ਨਾਉ-ਇਸ਼ਨਾਨ (ਕੀਤਾ ਹੈ) ।
*ਅਰਥ*: (ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ) ਸੁਰਤ ਜੋੜੀ ਹੈ, (ਜਿਸ ਦਾ ਮਨ ਨਾਮ ਵਿਚ) ਪਤੀਜ ਗਿਆ ਹੈ. (ਅਤੇ ਜਿਸ ਨੇ ਆਪਣੇ ਮਨ) ਵਿਚ (ਅਕਾਲ ਪੁਰਖ ਦਾ) ਪਿਆਰ ਜਮਾਇਆ ਹੈ, ਉਸ ਮਨੁੱਖ ਨੇ (ਮਾਨੋ) ਆਪਣੇ ਅੰਦਰਲੇ ਤੀਰਥ ਵਿਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ (ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖ ਵਿਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ) ।
*ਸ਼ਬਦ* – ਸਭਿ ਗੁਣ ਤੇਰੇ ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ ਭਗਤਿ ਨ ਹੋਇ ॥ ਸੁਅਸਤਿ ਆਥਿ ਬਾਣੀ ਬਰਮਾਉ ॥ ਸਤਿ ਸੁਹਾਣੁ ਸਦਾ ਮਨਿ ਚਾਉ ॥
*ਪਦ ਅਰਥ*: ਸਭਿ ਗੁਣ -ਸਾਰੇ ਰੱਬੀ ਗੁਣ। ਮੈ ਨਾਹੀ ਕੋਇ-ਮੇਰੇ ਵਿੱਚ ਅਪਣਾ ਕੋਈ ਵੀ ਗੁਣ ਨਹੀਂ ਹੈ। ਵਿਣੁ ਗੁਣ -ਰੱਬੀ ਗੁਣ ਪੈਦਾ ਕਰਨ ਤੋਂ ਬਿਨ੍ਹਾ। ਨ ਹੋਇ-ਨਹੀਂ ਹੋ ਸਕਦੀ।ਸੁਅਸਤਿ-ਨਮਸਕਾਰ। ਆਥਿ-ਹੈ। ਬਾਣੀ ਬਰਮਾਉ-ਪ੍ਰਮੇਸ਼ਰ ਰੱਦੀ ਸਿਫ਼ਤ- ਸਲਾਹੁਤਾ ਦੀ ਬਾਣੀ ਨੂੰ। ਸਤਿ-ਸਦਾ-ਥਿਰ। ਸੁਹਾਣੁ-ਸੁਬਹਾਨ, ਸੋਹਣਾ। ਮਨਿ ਚਾਉ-ਮਨ ਵਿਚ ਖਿੜਾਉ।
*ਅਰਥ*: (ਹੇ ਅਕਾਲ ਪੁਰਖ!) ਜੇ ਤੂੰ (ਆਪ ਆਪਣੇ) ਗੁਣ (ਮੇਰੇ ਵਿਚ) ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ। ਮੇਰੀ ਕੋਈ ਪਾਂਇਆਂ ਨਹੀਂ (ਕਿ ਮੈਂ ਤੇਰੇ ਗੁਣ ਗਾ ਸਕਾਂ) , ਇਹ ਸਭ ਤੇਰੀਆਂ ਹੀ ਵਡਿਆਈਆਂ ਹਨ। ਉਸ ਪ੍ਰਭੂ ਦੀ ਸਿਫ਼ਤ-ਸਲਾਹੁਤਾ ਵਾਲੀ ਬਾਣੀ ਨੂੰ ਮੇਰੀ ਸਦਾ ਨਮਸਕਾਰ ਹੈ ਜੋ ਸਦਾ ਕਾਇਮ ਰਹਿਣ(ਸਤਿ) , ਸੁਬਹਾਨ(ਅਸਚਰਜਤਾ ਦਾ ਸਰੂਪ) ਹੈ ਅਤੇ ਜਿਸ ਦੇ ਮਨ ਵਿੱਚ ਸਦੀਵ ਕਾਇਮ ਰਹਿਣ ਵਾਲਾ ਖੇੜਾ ਅਤੇ ਉਤਸ਼ਾਹ ਹੈ। ( ਸੋ ਜੀਵ ਲਈ ਕੇਵਲ ਇਹੋ ਯੋਗ ਹੈ ਕਿ ਉਹ ਅਜਿਹੇ ਸਤਿ, ਸੁਬਹਾਨ ਅਤੇ ਸਦੀਵ ਚਾਉ ਜਾਂ ਉਮਾਹ ਦੇ ਸਰੂਪ ਪ੍ਰਭੂ ਨੂੰ ਅਪਣੇ ਮਨ ਵਿੱਚ ਵਸਾਏ)
*ਸ਼ਬਦ* – ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥
*ਪਦ ਅਰਥ*: ਵੇਲਾ-ਸਮਾ। ਵਖਤੁ-ਸਮਾ, ਵਕਤ।
ਵਾਰ-ਸ਼ਬਦ’ਵਾਰ’ ਦੋ ਰੂਪਾਂ ਵਿਚ ਵਰਤਿਆ ਗਿਆ ਹੈ, ‘ਵਾਰ’ ਅਤੇ ‘ਵਾਰੁ’। ‘ਵਾਰ’ ਇਸ੍ਰਤੀ-ਲਿੰਗ ਹੈ, ਜਿਸ ਦਾ ਅਰਥ ਹੈ ‘ਵਾਰੀ’। ‘ਵਾਰੁ’ ਪੁਲਿੰਗ ਹੈ, ਇਸ ਦਾ ਅਰਥ ਹੈ ‘ਦਿਨ’।
ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ:
(1) ਸੋਚੈ ਸੋਚਿ ਨ ਹੋਵਈ, ਜੇ ਸੋਚੀ ਲਖ ਵਾਰ।1।
(2) ਵਾਰਿਆ ਨ ਜਾਵਾ ਏਕ ਵਾਰ।16।
(3) ਜੋ ਕਿਛੁ ਪਾਇਆ ਸੁ ਏਕਾ ਵਾਰ। 31।
(4) ਕਵਣੁ ਸੁ ਵੇਲਾ, ਵਖਤੁ ਕਵਣੁ ਥਿਤਿ, ਕਵਣੁ ਵਾਰੁ। 21।
(5) ਰਾਤੀ ਰੁਤੀ ਥਿਤੀ ਵਾਰ। 34।
ਪ੍ਰਮਾਣ ਨੰ: 1, 2 ਅਤੇ 3 ਵਿਚ ‘ਵਾਰ’ ਇਸਤ੍ਰੀ-ਲਿੰਗ ਹੈ। ਨੰ: 4 ਵਿਚ ‘ਵਾਰੁ’ ਪੁਲਿੰਗ ਇਕ ਵਚਨ ਹੈ ਅਤੇ ਨੰ: 5 ਵਿਚ ‘ਵਾਰ’ ਪੁਲਿੰਗ ਬਹੁ-ਵਚਨ ਹੈ।
ਜਦੋਂ ਇਹ ਲਫ਼ਜ਼ (ਿ) ਨਾਲ ਆਉਂਦਾ ਹੈ, ਤਦੋਂ ‘ਕ੍ਰਿਆ’ ਹੁੰਦਾ ਹੈ ਜਿਵੇਂ: (1) ਵਾਰਿ ਵਾਰਉ ਅਨਿਕ ਡਾਰਿਉ, ਸੁਖ ਪ੍ਰਿਅ ਸੁਹਾਗ ਪਲਕ ਰਾਤਿ।1। ਰਹਾਉ।3। 42। (ਕਾਨੜਾ ਮ: 5
ਇੱਥੇ ‘ਵਾਰਿ’ ਦਾ ਅਰਥ ਹੈ ‘ਸਦਕੇ ਕਰਨਾ’।
ਥਿਤਿ ਵਾਰੁ-ਚੰਦ੍ਰਮਾ ਦੀ ਚਾਲ ਤੋਂ ਥਿਤਾਂ ਗਿਣੀਆਂ ਜਾਂਦੀਆਂ ਹਨ, ਜਿਵੇਂ-ਏਕਮ, ਦੂਜ, ਤੀਜ ਆਦਿਕ ਅਤੇ ਸੂਰਜ ਤੋਂ ਦਿਨ ਰਾਤ ਤੇ ਵਾਰ, ਸੋਮ, ਮੰਗਲ ਆਦਿਕ। ਕਵਣਿ ਸਿ ਰੁਤੀ-ਕਿਹੜੀਆਂ ਉਹ ਰੁਤਾਂ ਸਨ। ਮਾਹੁ-ਮਹੀਨਾ। ਕਵਣੁ-ਕਿਹੜਾ। ਜਿਤੁ-ਜਿਸ ਵਿਚ, ਜਿਸ ਵੇਲੇ। ਹੋਆ-ਹੋਂਦ ਵਿਚ ਆਇਆ, ਪੈਦਾ ਹੋਇਆ, ਬਣਿਆ। ਆਕਾਰੁ-ਇਹ ਦਿੱਸਣ ਵਾਲਾ ਸੰਸਾਰ।
*ਅਰਥ*: ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ, ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ?
*ਸ਼ਬਦ* – ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥
*ਪਦ ਅਰਥ*: ਵੇਲ-ਸਮਾ, ਵੇਲਾ। ਪਾਇਆ-ਪਾਈ, ਲੱਭੀ। ਵੇਲ ਨ ਪਾਈਆ-ਸਮਾ ਨਾਹ ਲੱਭਾ। (**ਨੋਟ**-‘ਵੇਲਾ’ ਪੁਲਿੰਗ ਹੈ ਤੇ ‘ਵੇਲ’ ਇਸਤ੍ਰੀ-ਲਿੰਗ ਹੈ) । ਪੰਡਤੀ-ਪੰਡਤਾਂ ਨੇ। ਜਿ-ਨਹੀਂ ਤਾਂ। ਹੋਵੈ-ਹੁੰਦਾ, ਬਣਿਆ ਹੁੰਦਾ। ਲੇਖੁ-ਮਜ਼ਮੂਨ। ਲੇਖੁ ਪੁਰਾਣੁ-ਪੁਰਾਣ-ਰੂਪ ਲੇਖ, ਇਸ ਲੇਖ ਵਾਲਾ ਪੁਰਾਣ (ਭਾਵ, ਜਿਵੇਂ ਹੋਰ ਕਈ ਪੁਰਾਣ ਬਣੇ ਹਨ, ਇਸ ਮਜ਼ਮੂਨ ਦਾ ਭੀ ਇਕ ਪੁਰਾਣ ਬਣਿਆ ਹੁੰਦਾ) । ਵਖਤੁ-ਸਮਾ, ਜਦੋਂ ਜਗਤ ਬਣਿਆ। ਨ ਪਾਇਓ-ਨਾਹ ਲੱਭਾ। ਕਾਦੀਆ-ਕਾਜ਼ੀਆਂ ਨੇ। ਅਰਬੀ ਦੇ ਅਖੱਰ ਜ਼ੁਆਦ, ਜ਼ੁਇ ਅਤੇ ਜ਼ੇ ਦਾ ਉੱਚਾਰਨ ਅੱਖਰ ‘ਦ’ ਨਾਲ ਹੁੰਦਾ ਹੈ। ਲਫ਼ਜ਼ ‘ਕਾਗਜ਼’ ਦਾ ‘ਕਾਗਦ’, ‘ਨਜ਼ਰ’ ਦਾ ‘ਨਦਰਿ’ ‘ਹਜ਼ੂਰ’ ਦਾ ‘ਹਦੂਰਿ’ ਉਚਾਰਨ ਹੈ। ਇਸ ਤਰ੍ਹਾਂ ‘ਕਾਜ਼ੀ’ ਦਾ ‘ਕਾਦੀ’ ਉਚਾਰਨ ਭੀ ਹੈ। ਜਿ-ਨਹੀ ਤਾਂ। ਲਿਖਨਿ-(ਕਾਜ਼ੀ) ਲਿਖ ਦੇਂਦੇ। ਲੇਖੁ ਕੁਰਾਣੁ-ਕੁਰਾਨ ਵਰਗਾ ਲੇਖ (ਭਾਵ, ਜਿਵੇਂ ਕਾਜ਼ੀਆਂ ਨੇ ਮੁਹੰਮਦ ਸਾਹਿਬ ਦੀਆਂ ਉਚਾਰੀਆਂ ਆਇਤਾਂ ਇਕੱਠੀਆਂ ਕਰ ਕੇ ਕੁਰਾਨ ਲਿਖ ਦਿੱਤਾ ਸੀ, ਤਿਵੇਂ ਉਹ ਜਗਤ ਦੇ ਬਣਨ ਦੇ ਸਮੇ ਦਾ ਮਜ਼ਮੂਨ ਭੀ ਲਿਖ ਦੇਂਦੇ) ।
*ਨੋਟ*-ਇਸ ਪਉੜੀ ਵਿਚ ਵਰਤੇ ਲਫ਼ਜ਼ ‘ਵਖਤੁ’, ‘ਪਾਇਓ’ ਅਤੇ ‘ਕਾਦੀਆ’ ਦੇ ਅਰਥਾਂ ਨੂੰ ਮੋੜ-ਤੋੜ ਕੇ ਕਾਦੀਆਨੀ ਮੁਸਲਮਾਨਾਂ ਵਲੋਂ ਅੰਵਾਣ ਸਿੱਖਾਂ ਨੂੰ ਟਪਲੇ ਲਾਏ ਜਾ ਰਹੇ ਹਨ ਕਿ ਇੱਥੇ ਗੁਰੂ ਨਾਨਕ ਦੇਵ ਜੀ ਨੇ ਪੇਸ਼ੀਨ-ਗੋਈ ਕਰ ਕੇ ਸਿੱਖਾਂ ਨੂੰ ਹਿਦਾਇਤ ਕੀਤੀ ਹੋਈ ਹੈ ਕਿ ਨਗਰ ਕਾਦੀਆਂ ਵਿਚ ਪਰਗਟ ਹੋਣ ਵਾਲੇ ਪੈਗ਼ੰਬਰ ਨੂੰ ਤੁਸਾਂ ਵਖਤ (ਮੁਸੀਬਤ) ਨਾਹ ਪਾਣਾ।
ਅਸਾਂ ਇੱਥੇ ਕਿਸੇ ਬਹਿਸ ਵਿਚ ਨਹੀਂ ਪੈਣਾ ਤੇ ਕਿਸੇ ਨੂੰ ਟਪਲੇ ਭੀ ਨਹੀਂ ਲਾਣੇ। ਲਫ਼ਜਾਂ ਦੀ ਬਨਾਵਟ ਤੇ ਅਰਥਾਂ ਵਲ ਹੀ ਧਿਆਨ ਦਿਵਾਣਾ ਹੈ। ਲਫ਼ਜ਼ ‘ਕਾਦੀਆਂ’ ਪਦ-ਅਰਥ ਵਿਚ ਸਮਝਾਇਆ ਜਾ ਚੁੱਕਾ ਹੈ। ਲਫ਼ਜ਼ ‘ਵਖਤੁ’ ਅਰਬੀ ਦਾ ਲਫ਼ਜ਼ ‘ਵਕਤ’ ਹੈ। ਹਿੰਦੂਆਂ ਦਾ ਜ਼ਿਕਰ ਕਰਦਿਆਂ ਹੇਂਦਕਾ ਲਫ਼ਜ਼ ‘ਵੇਲਾ’ ਵਰਤਿਆ ਹੈ। ਮੁਸਲਮਾਨਾਂ ਦੇ ਜ਼ਿਕਰ ਵਿਚ ਮੁਸਲਮਾਣੀ ਲਫ਼ਜ਼ ‘ਵਕਤ’ ਦਾ ਪੰਜਾਬੀ ‘ਵਖਤੁ’ ਵਰਤਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਕਿਤੇ ਭੀ ਇਹ ਲਫ਼ਜ ਆਇਆ ਹੈ, ਇਸ ਦਾ ਅਰਥ ਸਦਾ ‘ਸਮਾ’ ਹੀ ਹੈ। ਜਿਵੇਂ:
‘ਜੇ ਵੇਲਾ ਵਖਤੁ ਵੀਚਾਰੀਐ, ਤਾਂ ਕਿਤੁ ਵੇਲੈ ਭਗਤਿ ਹੋਇ। ‘
‘ਇਕਨਾ ਵਖਤ ਖੁਆਈਅਹਿ, ਇਕਨਾ ਪੂਜਾ ਜਾਇ। ‘
ਲਫ਼ਜ਼ ‘ਪਾਇਓ ਹੁਕਮੀ ਭਵਿਖਤ ਕਾਲ ਨਹੀਂ ਹੈ, ਜਿਵੇਂ ਕਿ ਕਾਦੀਆਨੀ ਆਖਦੇ ਹਨ। ਇਹ ਲਫ਼ਜ਼ ਭੂਤ ਕਾਲ ਵਿਚ ਹੈ। ਇਸ ਕਿਸਮ ਦਾ ਭੂਤ-ਕਾਲ ਗੁਰਬਾਣੀ ਵਿਚ ਅਨੇਕਾਂ ਵਾਰੀ ਆਇਆ ਹੈ, ਜਿਵੇਂ:
ਆਪੀਨੈ ਆਪੁ ‘ਸਾਜਿਓ’, ‘ਆਪੀਨੈ, ‘ਰਚਿਓ’ ‘ਨਾਉਂ’।
ਬਿਨੁ ਸਤਿਗੁਰ ਕਿਨੈ ਨ ‘ਪਾਇਓ’
ਬਿਨ ਸਤਿਗੁਰ ਕੀਨੈ ਨ ਪਾਇਆ।
ਹੁਕਮੀ ਭਵਿਖਤ ਦਾ ਰੂਪ ਹੈ ‘ਸਦਿਅਹੁ’ ‘ਕਰਿਅਹੁ’ (ਰਾਮਕਲੀ ‘ਸਦੂ’) ।ਸੋ ਲਫ਼ਜ਼ਾ ਦੇ ਜੋੜਾਂ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ। ‘ਪਾਇਓ’ ਭੂਤ-ਕਾਲ ਹੈ, ਇਸ ਤੋਂ ਹੁਕਮੀ ਭਵਿਖਤ ‘ਪਾਇਅਹੁ’ ਹੋ ਸਕਦਾ ਹੈ।
*ਅਰਥ*: (ਕਦੋਂ ਇਹ ਸੰਸਾਰ ਬਣਿਆ?) ਉਸ ਸਮੇਂ ਦਾ ਪੰਡਤਾਂ ਨੂੰ ਭੀ ਪਤਾ ਨਾਹ ਲੱਗਾ, ਨਹੀਂ ਤਾਂ (ਇਸ ਮਜ਼ਮੂਨ ਉੱਤੇ ਭੀ) ਇਕ ਪੁਰਾਣ ਲਿਖਿਆ ਹੁੰਦਾ। ਉਸ ਸਮੇਂ ਦੇ ਕਾਜ਼ੀਆਂ ਨੂੰ ਖ਼ਬਰ ਨਾਹ ਲੱਗ ਸਕੀ, ਨਹੀਂ ਤਾਂ ਉਹ ਲੇਖ ਲਿਖ ਦੇਂਦੇ ਜਿਵੇਂ ਉਹਨਾਂ (ਆਇਤਾਂ ਇਕੱਠੀਆਂ ਕਰ ਕੇ) ਕੁਰਾਨ (ਲਿਖਿਆ ਸੀ) ।
*ਸ਼ਬਦ* – ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
*ਪਦ ਅਰਥ*: ਜਾ ਕਰਤਾ-ਜਿਹੜਾ ਕਰਤਾਰ। ਸਿਰਠੀ ਕਉ-ਜਗਤ ਨੂੰ। ਸਾਜੇ-ਪੈਦਾ ਕਰਦਾ ਹੈ, ਬਣਾਉਂਦਾ ਹੈ। ਆਪੇ ਸੋਈ-ਉਹ ਆਪ ਹੀ।
*ਅਰਥ*: (ਜਦੋਂ ਜਗਤ ਬਣਿਆ ਸੀ ਤਦੋਂ) ਕਿਹੜੀ ਥਿੱਤ ਸੀ, (ਕਿਹੜਾ) ਵਾਰ ਸੀ, ਇਹ ਗੱਲ ਕੋਈ ਜੋਗੀ ਭੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ (ਦੱਸ ਨਹੀਂ ਸਕਦਾ) ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ। ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ ਕਦੋਂ ਰਚਿਆ) ।
*ਸ਼ਬਦ* -ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥
*ਪਦ ਅਰਥ*: ਕਿਵ ਕਰਿ = ਕਿਉਂ ਕਰਿ, ਕਿਸ ਤਰ੍ਹਾਂ। ਆਖਾ = ਮੈਂ ਆਖਾਂ, ਮੈਂ ਬਿਆਨ ਕਰਾਂ, ਮੈ ਕਹਿ ਸਕਾਂ। ਸਾਲਾਹੀ = ਮੈਂ ਸਾਲਾਹਾਂ, ਮੈਂ ਅਕਾਲ ਪੁਰਖ ਦੀ ਵਡਿਆਈ ਕਰਾਂ। ਕਿਉ = ਕਿਉਂ ਕਰਿ, ਕਿਸ ਤਰ੍ਹਾਂ। ਵਰਨੀ = ਮੈਂ ਵਰਣਨ ਕਰਾਂ, ਸਭੁ ਕੋ = ਹਰੇਕ ਜੀਵ। ਆਖਣਿ ਆਖੈ = ਆਖਣ ਨੂੰ ਤਾਂ ਆਖਦਾ ਹੈ, ਆਖਣ ਦਾ ਜਤਨ ਕਰਦਾ ਹੈ। ਇਕ ਦੂ ਇਕੁ ਸਿਆਣਾ = ਇਕ ਦੂਜੇ ਤੋਂ ਸਿਆਣਾ ਬਣ ਬਣ ਕੇ, ਇਕ ਜਣਾ ਆਪਣੇ ਆਪ ਨੂੰ ਦੂਜੇ ਤੋਂ ਸਿਆਣਾ ਸਮਝ ਕੇ। ਦੂ = ਤੋਂ।
*ਅਰਥ*: ਮੈਂ ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਾਂ, ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ? ਹੇ ਨਾਨਕ! ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ (ਅਕਾਲ ਪੁਰਖ ਦੀ ਵਡਿਆਈ) ਦੱਸਣ ਦਾ ਜਤਨ ਕਰਦਾ ਹੈ, (ਪਰ ਦੱਸ ਨਹੀਂ ਸਕਦਾ) ।
*ਸ਼ਬਦ* – ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥
*ਪਦ ਅਰਥ*: ਸਾਹਿਬੁ = ਮਾਲਕ, ਅਕਾਲ ਪੁਰਖ। ਨਾਈ = ਵਡਿਆਈ। ਜਾ ਕਾ = ਜਿਸ (ਅਕਾਲ ਪੁਰਖ) ਦਾ। ਕੀਤਾ ਜਾ ਕਾ ਹੋਵੈ = ਜਿਸ ਹਰੀ ਦਾ ਸਭ ਕੁਝ ਕੀਤਾ ਹੁੰਦਾ ਹੈ। ਜੇ ਕੋ = ਜੇ ਕੋਈ ਮਨੁੱਖ। ਆਪੌ = ਆਪਹੁ, ਆਪਣੇ ਆਪ ਤੋਂ, ਆਪਣੀ ਅਕਲ ਦੇ ਬਲ ਤੋਂ। ਨ ਸੋਹੈ– ਸੋਭਦਾ ਨਹੀਂ, ਆਦਰ ਨਹੀਂ ਪਾਂਦਾ। ਅਗੈ ਗਇਆ = ਅਕਾਲ ਪੁਰਖ ਦੇ ਦਰ ‘ਤੇ ਜਾ ਕੇ।
*ਅਰਥ*: ਅਕਾਲ ਪੁਰਖ (ਸਭ ਤੋਂ) ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ। ਹੇ ਨਾਨਕ! ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ (ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦਾ) ਜਤਨ ਕਰੇ, ਉਹ ਅਕਾਲ ਪੁਰਖ ਦੇ ਦਰ ‘ਤੇ ਜਾ ਕੇ ਆਦਰ ਨਹੀਂ ਪਾਂਦਾ। 21।
*ਭਾਵ*: ਜਿਸ ਮਨੁੱਖ ਨੇ ‘ਨਾਮ’ ਵਿਚ ਚਿੱਤ ਜੋੜਿਆ ਹੈ, ਜਿਸ ਨੂੰ ਸਿਮਰਨ ਦੀ ਲਗਨ ਲੱਗ ਗਈ ਹੈ, ਜਿਸ ਦੇ ਮਨ ਵਿਚ ਪ੍ਰਭੂ ਦਾ ਪਿਆਰ ਉਪਜਿਆ ਹੈ, ਉਸ ਦਾ ਆਤਮਾ ਸੁੱਧ ਪਵਿੱਤਰ ਹੋ ਜਾਂਦੀ ਹੈ। ਪਰ ਇਹ ਭਗਤੀ ਉਸ ਦੀ ਮਿਹਰ ਨਾਲ ਹੀ ਮਿਲਦੀ ਹੈ।
ਬੰਦਗੀ ਦਾ ਇਹ ਸਿੱਟਾ ਨਹੀਂ ਹੋ ਸਕਦਾ ਕਿ ਮਨੁੱਖ ਇਹ ਦੱਸ ਸਕੇ ਕਿ ਜਗਤ ਕਦੋਂ ਬਣਿਆ। ਨਾਹ ਪੰਡਤ, ਨਾਹ ਕਾਜ਼ੀ, ਨਾਹ ਜੋਗੀ, ਕੋਈ ਭੀ ਇਹ ਭੇਤ ਨਹੀਂ ਪਾ ਸਕੇ। ਪਰਮਾਤਮਾ ਬੇਅੰਤ ਵੱਡਾ ਹੈ। ਉਸ ਦੀ ਵਡਿਆਈ ਭੀ ਬੇਅੰਤ ਹੈ, ਉਸ ਦੀ ਰਚਨਾ ਭੀ ਬੇਅੰਤ ਹੈ। 21।
*ਸ਼ਬਦ* – ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
*ਪਦ ਅਰਥ*: ਪਾਤਾਲਾ ਪਾਤਾਲ = ਪਾਤਾਲਾਂ ਦੇ ਹੇਠ ਹੋਰ ਪਾਤਾਲ ਹਨ। ਆਗਾਸਾ ਆਗਾਸ = ਆਕਾਸ਼ਾਂ ਦੇ ਉੱਤੇ ਹੋਰ ਆਕਾਸ਼ ਹਨ। ਓੜਕ = ਅਖ਼ੀਰ, ਅੰਤ, ਅਖ਼ੀਰਲੇ ਬੰਨੇ। ਭਾਲਿ ਥਕੇ = ਭਾਲ ਭਾਲ ਕੇ ਥੱਕ ਗਏ ਹਨ। ਕਹਨਿ = ਆਖਦੇ ਹਨ। ਇਕ ਵਾਤ = ਇਕ ਗੱਲ, ਇਕ-ਜ਼ਬਾਨ ਹੋ ਕੇ।
*ਅਰਥ*: (ਸਾਰੇ) ਵੇਦ ਇੱਕ = ਜ਼ਬਾਨ ਹੋ ਕੇ ਆਖਦੇ ਹਨ, “ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ, (ਬੇਅੰਤ ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ) “।
*ਸ਼ਬਦ* – ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
*ਪਦ ਅਰਥ*: ਸਹਸ ਅਠਾਰਹ = ਅਠਾਰਾਂ ਹਜ਼ਾਰ (ਆਲਮ) । ਕਹਨਿ ਕਤੇਬਾ = ਕਤੇਬਾਂ ਆਖਦੀਆਂ ਹਨ। ਕਤੇਬਾ = ਈਸਾਈ ਮਤ ਤੇ ਇਸਲਾਮ ਆਦਿਕ ਦੀਆਂ ਚਾਰ ਕਿਤਾਬਾਂ: ਕੁਰਾਨ, ਅੰਜੀਲ, ਤੌਰੇਤ ਤੇ ਜ਼ੰਬੂਰ। ਅਸੁਲੂ = ਮੁੱਢ। ਨੋਟ: ਇਹ ਅਰਬੀ ਬੋਲੀ ਦਾ ਲਫ਼ਜ਼ ਹੈ। ਅੱਖਰ ‘ਸ’ ਦਾ ਹੇਠਲਾ (ੁ) ਅਰਬੀ ਦਾ ਅੱਖ਼ਰ ‘ਸੁਆਦ’ ਦੱਸਣ ਵਾਸਤੇ ਹੈ। ਇਕ ਧਾਤੁ = ਇੱਕ ਅਕਾਲ ਪੁਰਖ, ਇਕ ਪੈਦਾ ਕਰਨ ਵਾਲਾ। ਲੇਖਾ ਹੋਇ = ਜੇ ਲੇਖਾ ਹੋ ਸਕੇ। ਲਿਖੀਐ = ਲਿਖ ਸਕੀਦਾ ਹੈ। ਲੇਖੈ ਵਿਣਾਸੁ = ਲੇਖੇ ਦਾ ਖ਼ਾਤਮਾ, ਲੇਖੇ ਦਾ ਅੰਤ।
*ਅਰਥ*: (ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, “ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ”। (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) ‘ਹਜ਼ਾਰਾਂ’ ਤੇ ‘ਲੱਖਾਂ’ ਭੀ ਕੁਦਰਤ ਦੀ ਗਿਣਤੀ ਵਿਚ ਵਰਤੇ ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ ਸਕੇ, (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ) ।
*ਸ਼ਬਦ* – ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
*ਪਦ ਅਰਥ*: ਆਖੀਐ = ਆਖੀਦਾ ਹੈ (ਜਿਸ ਅਕਾਲ ਪੁਰਖ ਨੂੰ) । ਆਪੇ = ਉਹ ਅਕਾਲ ਪੁਰਖ ਆਪ ਹੀ। ਜਾਣੈ = ਜਾਣਦਾ ਹੈ। ਆਪੁ = ਆਪਣੇ ਆਪ ਨੂੰ।
*ਅਰਥ*: ਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿਚ) ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ (ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ। 22।
*ਭਾਵ*: ਪ੍ਰਭੂ ਦੀ ਕੁਦਰਤ ਦਾ ਬਿਆਨ ਕਰਨ ਲਗਿਆਂ ‘ਹਜ਼ਾਰਾਂ’ ਜਾਂ ‘ਲੱਖਾਂ’ ਦੇ ਹਿੰਦਸੇ ਵੀ ਵਰਤੇ ਨਹੀਂ ਜਾ ਸਕਦੇ। ਇਤਨੀ ਬੇਅੰਤ ਕੁਦਰਤ ਹੈ ਕਿ ਇਸ ਦਾ ਲੇਖਾ ਕਰਨ ਲਗਿਆਂ ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ। 22।
*ਨੋਟ* –
ਲਖੁ – ਇਕ ਲੱਖ
ਲਖ – ਕਈ ਲੱਖ
ਲਖਿ – ਦੇਖਣਾ
*ਧਾਤ ਦੇ ਭਾਈ ਕਾਹਨ ਸਿੰਘ ਜੀ ਨਾਭਾ ਨੇ ਤਕਰੀਬਨ ਵੀਹ ਅਰਥ ਕੀਤੇ ਹਨ*। – ਦੇਖੋ, ਧਾ ਧਾਤੁ). ਸੰ. ਸੰਗ੍ਯਾ- ਕਰਤਾਰ, ਜੋ ਸਭ ਨੂੰ ਧਾਰਣ ਕਰਦਾ ਹੈ. “ਅਸੁਲੂ ਇਕੁਧਾਤੁ.” (ਜਪੁ) ੨. ਵੈਦ੍ਯਕ ਅਨੁਸਾਰ ਸ਼ਰੀਰ ਨੂੰ ਧਾਰਣ ਵਾਲੇ ਸੱਤ ਪਦਾਰਥ- ਰਸ, ਰਕ੍ਤ, ਮਾਂਸ, ਮੇਦ, ਅਸ੍‌ਥਿ, ਮੱਜਾ ਅਤੇ ਵੀਰਯ। ੩. ਵਾਤ, ਪਿੱਤ ਅਤੇ ਕਫ ਦੇਹ ਦੇ ਆਧਾਰ ਰੂਪ ਖ਼ਿਲਤ। ੪. ਖਾਨਿ ਤੋਂ ਨਿਕਲਿਆਂ ਪਦਾਰਥ- ਸੋਨਾ (ਸੁਵਰਣ), ਚਾਂਦੀ, ਤਾਂਬਾ, ਲੋਹਾ ਆਦਿ. ਦੇਖੋ, ਉਪਧਾਤੁ ਅਤੇ ਅਸਟਧਾਤੁ. “ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿਜਾਈ.” (ਮਾਰੂ ਅਃ ਮਃ ੧) ੫. ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹ ਪੰਜ ਵਿਸੇ. “ਹਰਿ ਆਪੇ ਪੰਚਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ.” (ਬੈਰਾ ਮਃ ੪) “ਇੰਦ੍ਰੀਧਾਤੁ ਸਬਲ ਕਹੀਅਤ ਹੈ.” (ਮਾਰੂ ਮਃ ੩) ਦੇਖੋ, ਗੁਣਧਾਤੁ। ੬. ਇੰਦ੍ਰੀਆਂ, ਜੋ ਵਿਸਿਆਂ ਨੂੰ ਧਾਰਣ ਕਰਦੀਆਂ ਹਨ. “ਮਨੁ ਮਾਰੇ ਧਾਤੁ ਮਰਿਜਾਇ.” (ਗਉ ਮਃ ੩) ੭. ਪੰਜ ਤੱਤ, ਜੋ ਦੇਹ ਨੂੰ ਧਾਰਣ ਕਰਦੇ ਹਨ. “ਜਬ ਚੂਕੈ ਪੰਚਧਾਤੁ ਕੀ ਰਚਨਾ.” (ਮਾਰੂ ਕਬੀਰ) ੮. ਮਾਇਆ. “ਲਿਵ ਧਾਤੁ ਦੁਇ ਰਾਹ ਹੈ.” (ਵਾਰ ਸ੍ਰੀ ਮਃ ੩) ਕਰਤਾਰ ਦੀ ਪ੍ਰੀਤਿ ਅਤੇ ਮਾਇਆ ਦੋ ਮਾਰਗ ਹਨ. “ਨਾਨਕ ਧਾਤੁ ਲਿਵੈ ਜੋੜ ਨ ਆਵਈ.” (ਵਾਰ ਗਉ ੧. ਮਃ ੪) ੯. ਅਵਿਦ੍ਯਾ. “ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ.” (ਗੂਜ ਮਃ ੩) ੧੦. ਜੀਵਾਤਮਾ. “ਧਾਤੁ ਮਿਲੈ ਫੁਨ ਧਾਤੁ ਕਉ ਸਿਫਤੀ ਸਿਫਤਿ ਸਮਾਇ.” (ਸ੍ਰੀ ਮਃ ੧) ੧੧. ਗੁਣ. ਸਿਫਤ. “ਜੇਹੀ ਧਾਤੁ ਤੇਹਾ ਤਿਨ ਨਾਉ.” (ਸ੍ਰੀ ਮਃ ੧) ੧੨. ਵਸਤੂ. ਦ੍ਰਵ੍ਯ. ਪਦਾਰਥ. “ਤ੍ਰੈ ਗੁਣ ਸਭਾ ਧਾਤੁ ਹੈ.” (ਸ੍ਰੀ ਮਃ ੩) ੧੩. ਸੁਭਾਉ. ਪ੍ਰਕ੍ਰਿਤਿ. ਵਾਦੀ. “ਕੁਤੇ ਚੰਦਨ ਲਾਈਐ ਭੀ ਸੋ ਕੁਤੀ ਧਾਤੁ.” (ਵਾਰ ਮਾਝ ਮਃ ੧) ੧੪. ਵਾਸਨਾ. ਰੁਚਿ. “ਪੰਜਵੈ ਖਾਣ ਪੀਅਣ ਕੀ ਧਾਤੁ.” (ਮਾਰ ਮਾਝ ਮਃ ੧) ੧੫. ਵੀਰਯ. ਮਣੀ। ੧੬. ਵ੍ਯਾਕਰਣ ਅਨੁਸਾਰ ਸ਼ਬਦ ਦਾ ਮੂਲ, ਜਿਸ ਤੋਂ ਕ੍ਰਿਯਾ ਬਣਦੀਆਂ ਹਨ. ਮਸਦਰ, Verbalroot. ਸੰਸਕ੍ਰਿਤ ਭਾਸਾ ਦੇ ੧੭੦੮ ਧਾਤੁ ਹਨ। ੧੭. ਦੁੱਧ ਦੇਣ ਵਾਲੀ ਗਊ। ੧੮. ਭਾਵ- ਚਾਰ ਵਰਣ ਅਤੇ ਚਾਰ ਮਜਹਬ. “ਅਸਟ ਧਾਤੁ ਇਕ ਧਾਤੁ ਕਰਾਇਆ.” (ਭਾਗੁ) ਇੱਕ ਧਾਤੁ ਦਾ ਅਰਥ ਸਿੱਖ ਧਰਮ ਹੈ। ੧੯. ਸੰਗੀਤ ਅਨੁਸਾਰ ਲੈ ਤਾਰ ਵਿਚ ਬੰਨ੍ਹਿਆ ਹੋਇਆ ਗਾਉਣ ਯੋਗ੍ਯ ਪਦ। ੨੦. ਸੰ. धावितृ- ਧਾਵਿਤ੍ਰਿ. ਵਿ- ਦੋੜਨ ਵਾਲਾ. ਚਲਾਇਮਾਨ. “ਹੋਰੁ ਬਿਰਹਾ ਸਭ ਧਾਤੁ ਹੈ, ਜਬਲਗੁ ਸਾਹਿਬੁ ਪ੍ਰੀਤਿ ਨ ਹੋਇ.” (ਵਾਰ ਸ਼੍ਰੀ ਮਃ ੩)
*ਸ਼ਬਦ* – ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥
*ਪਦ ਅਰਥ*: ਸਾਲਾਹੀ = ਸਲਾਹੁਣ-ਜੋਗ ਪਰਮਾਤਮਾ। ਸਾਲਾਹਿ = ਸਿਫ਼ਤਿ-ਸਾਲਾਹ ਕਰ ਕੇ। ਏਤੀ ਸੁਰਤਿ = ਇਤਨੀ ਸਮਝ (ਕਿ ਅਕਾਲ ਪੁਰਖ ਕੇਡਾ ਵੱਡਾ ਹੈ) । ਨ ਪਾਈਆ = ਕਿਸੇ ਨੇ ਨਹੀਂ ਪਾਈ। ਅਤੈ = ਅਤੇ, ਤੇ। ਵਾਹ = ਵਹਿਣ, ਨਾਲੇ। ਪਵਹਿ = ਪੈਂਦੇ ਹਨ। ਸਮੁੰਦਿ = ਸਮੁੰਦਰ ਵਿਚ। ਨ ਜਾਣੀਅਹਿ = ਨਹੀਂ ਜਾਣੇ ਜਾਂਦੇ, ਉਹ ਨਦੀਆਂ ਤੇ ਨਾਲੇ (ਫਿਰ ਵੱਖਰੇ) ਪਛਾਣੇ ਨਹੀਂ ਜਾ ਸਕਦੇ, (ਵਿਚੇ ਵਿਚ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ) ।
*ਅਰਥ*: ਸਲਾਹੁਣ = ਜੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕੇਡਾ ਵੱਡਾ ਹੈ, (ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ ਉਸ ਅਕਾਲ ਪੁਰਖ ਦੇ ਵਿਚੇ ਹੀ ਲੀਨ ਹੋ ਜਾਂਦੇ ਹਨ) । ਨਦੀਆਂ ਤੇ ਨਾਲੇ ਸਮੁੰਦਰ ਵਿਚ ਪੈਂਦੇ ਹਨ, (ਪਰ ਫਿਰ ਵੱਖਰੇ) ਉਹ ਪਛਾਣੇ ਨਹੀਂ ਜਾ ਸਕਦੇ (ਵਿਚੇ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ) ।
ਸ਼ਬਦ – ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥
*ਪਦ ਅਰਥ*: ਸਮੁੰਦ ਸਾਹ ਸੁਲਤਾਨ = ਸਮੁੰਦਰਾਂ ਦੇ ਪਾਤਿਸ਼ਾਹ ਤੇ ਸੁਲਤਾਨ। ਗਿਰਹਾ ਸੇਤੀ = ਪਹਾੜਾਂ ਜੇਡੇ। ਤੁਲਿ = ਬਰਾਬਰ। ਨ ਹੋਵਨੀ = ਨਹੀਂ ਹੁੰਦੇ। ਤਿਸੁ ਮਨਹੁ = ਉਹ ਕੀੜੀ ਦੇ ਮਨ ਵਿਚੋਂ। ਜੇ ਨ ਵੀਸਰਹਿ = ਜੇ ਤੂੰ ਨਾਹ ਵਿਸਰ ਜਾਏਂ, (ਹੇ ਹਰੀ!) ।
*ਅਰਥ*: ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ (ਜਿਨ੍ਹਾਂ ਦੇ ਖ਼ਜ਼ਾਨਿਆਂ ਵਿੱਚ) ਪਹਾੜ ਜੇਡੇ ਧਨ ਪਦਾਰਥਾਂ (ਦੇ ਢੇਰ ਹੋਣ) (ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਦੀਆਂ ਨਜ਼ਰਾਂ ਵਿਚ) ਇਕ ਕੀੜੀ ਦੇ ਭੀ ਬਰਾਬਰ ਨਹੀਂ ਹੁੰਦੇ, ਜੇ (ਹੇ ਅਕਾਲ ਪੁਰਖ!) ਉਸ ਕੀੜੀ ਦੇ ਮਨ ਵਿਚੋਂ ਤੂੰ ਨਾਹ ਵਿਸਰ ਜਾਏਂ। 23।
*ਭਾਵ*: ਸੋ, ਬੰਦਗੀ ਕਰਨ ਨਾਲ ਪ੍ਰਭੂ ਦਾ ਅੰਤ ਨਹੀਂ ਪੈ ਸਕਦਾ। ਪਰ ਇਸ ਦਾ ਇਹ ਭਾਵ ਨਹੀਂ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦਾ ਕੋਈ ਲਾਭ ਨਹੀਂ ਹੈ। ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਮਨੁੱਖ ਸ਼ਾਹਾਂ ਪਾਤਿਸ਼ਾਹਾਂ ਦੀ ਭੀ ਪਰਵਾਹ ਨਹੀਂ ਕਰਦਾ, ਪ੍ਰਭੂ ਦੇ ਨਾਮ ਸਾਹਮਣੇ ਬੇਅੰਤ ਧਨ ਭੀ ਉਸ ਨੂੰ ਤੁੱਛ ਜਾਪਦਾ ਹੈ। 23।
*ਸ਼ਬਦ* – ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥
*ਪਦ ਅਰਥ*: ਸਿਫਤੀ = ਸਿਫ਼ਤਾਂ ਰਾਹੀਂ। ਕਹਣਿ = ਕਹਿਣ ਨਾਲ, ਦੱਸਣ ਨਾਲ। ਕਰਣੈ = ਬਣਾਈ ਹੋਈ ਕੁਦਰਤ ਦਾ। ਦੇਣਿ = ਦੇਣ ਵਿਚ, ਦਾਤਾਂ ਦੇਣ ਨਾਲ। ਵੇਖਣਿ, ਸੁਣਣਿ = ਵੇਖਣ ਤੇ ਸੁਣਨ ਨਾਲ। ਨ ਜਾਪੈ = ਨਹੀਂ ਜਾਪਦਾ, ਨਹੀਂ ਦਿੱਸਦਾ। ਮਨਿ = (ਅਕਾਲ ਪੁਰਖ ਦੇ) ਮਨ ਵਿਚ। ਮੰਤੁ =ਵਿਚਾਰ।
*ਅਰਥ*: (ਅਕਾਲ ਪੁਰਖ ਦਾ)ਕੋਈ ਹੱਦ-ਬੰਨਾ ਨਹੀਂ ਹੈ, ਸੋ ਸਿਫ਼ਤਾਂ ਕਰਨ ਜਾ ੳੁਸ ਨੂੰ ਕਹਿਣ ਨਾਲ ੳੁਸਦਾ ਅੰਤ ਨਹੀਂ ਪੈ ਸਕਦਾ। ਅਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ। ਵੇਖਣ ਤੇ ਸੁਣਨ ਨਾਲ ਭੀ ਉਸ ਦਾ ਪਾਰ ਨਹੀਂ ਪਾ ਸਕੀਦਾ। ਉਸ ਅਕਾਲ ਪੁਰਖ ਦੇ ਮਨ ਵਿਚ ਕੀ ਚੱਲ ਰਿਹਾ ਹੈ-ਇਸ ਗੱਲ ਦਾ ਭੀ ਅੰਤ ਨਹੀਂ ਪਾਇਆ ਜਾ ਸਕਦਾ।
*ਸ਼ਬਦ* – ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥
*ਪਦ ਅਰਥ*: ਕੀਤਾ = ਬਣਾਇਆ ਹੋਇਆ। ਆਕਾਰੁ = ਇਹ ਜਗਤ ਜੋ ਦਿੱਸ ਰਿਹਾ ਹੈ। ਪਾਰਾਵਾਰੁ = ਪਾਰਲਾ ਤੇ ਉਰਲਾ ਬੰਨਾ।
*ਅਰਥ*: ਅਕਾਲ ਪੁਰਖ ਨੇ ਇਹ ਜਗਤ (ਜੋ ਦਿੱਸ ਰਿਹਾ ਹੈ) ਬਣਾਇਆ ਹੈ, ਪਰ ਇਸ ਦਾ ਅਖ਼ੀਰ, ਇਸ ਦਾ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿੱਸਦਾ।
*ਸ਼ਬਦ* – ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥
*ਪਦ ਅਰਥ*: ਅੰਤ ਕਾਰਣਿ = ਹੱਦ-ਬੰਨਾ ਲੱਭਣ ਲਈ। ਕੇਤੇ = ਕਈ ਮਨੁੱਖ। ਬਿਲਲਾਹਿ = ਵਿਲਕਦੇ ਹਨ, ਤਰਲੇ ਲੈਂਦੇ ਹਨ। ਤਾ ਕੇ ਅੰਤ = ਉਸ ਅਕਾਲ ਪੁਰਖ ਦੇ ਹੱਦ-ਬੰਨੇ। ਨ ਪਾਏ ਜਾਹਿ = ਲੱਭੇ ਨਹੀਂ ਜਾ ਸਕਦੇ।
*ਅਰਥ*: ਕਈ ਮਨੁੱਖ ਅਕਾਲ ਪੁਰਖ ਦਾ ਹੱਦ-ਬੰਨਾ ਲੱਭਣ ਲਈ ਤਰਲੈ ਲੈ ਰਹੇ ਸਨ, ਪਰ ਉਸ ਦੇ ਹੱਦ-ਬੰਨੇ ਲੱਭੇ ਨਹੀਂ ਜਾ ਸਕਦੇ।
*ਸ਼ਬਦ* – ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥
*ਪਦ ਅਰਥ*: ਏਹੁ ਅੰਤ = ਇਹ ਹੱਦ-ਬੰਨਾ (ਜਿਸ ਦੀ ਭਾਲ ਬੇਅੰਤ ਜੀਵ ਕਰਦੇ ਹਨ) । ਬਹੁਤਾ ਕਹੀਐ = ਜਿਉਂ ਜਿਉਂ ਅਕਾਲ ਪੁਰਖ ਨੂੰ ਵੱਡਾ ਆਖੀ ਜਾਵੀਏ, ਜਿਉਂ ਜਿਉਂ ਉਸ ਦੇ ਗੁਣ ਕਥਨ ਕਰੀ ਜਾਵੀਏ। ਬਹੁਤ ਹੋਇ = ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ।
*ਅਰਥ*: (ਅਕਾਲ ਪੁਰਖ ਦੇ ਗੁਣਾਂ ਦਾ) ਇਹ ਹੱਦ-ਬੰਨਾ (ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ) ਕੋਈ ਮਨੁੱਖ ਨਹੀਂ ਪਾ ਸਕਦਾ। ਜਿਉਂ ਜਿਉਂ ਇਹ ਗੱਲ ਆਖੀ ਜਾਵੀਏ ਕਿ ਉਹ ਵੱਡਾ ਹੈ, ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ।
*ਸ਼ਬਦ* – ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥
*ਪਦ ਅਰਥ*: ਥਾਉ = ਅਕਾਲ ਪੁਰਖ ਦੇ ਨਿਵਾਸ ਦਾ ਟਿਕਾਣਾ। ਉਚੇ ਉਪਰਿ ਊਚਾ = ਉੱਚੇ ਤੋਂ ਉੱਚਾ, ਬਹੁਤ ਉੱਚਾ। ਨਾਉ = ਨਾਮਣਾ, ਵਡਿਆਈ। ਏਵਡੁ = ਇਤਨਾ ਵੱਡਾ। ਹੋਵੈ ਕੋਇ = ਜੇ ਕੋਈ ਮਨੁੱਖ ਹੋਵੇ। ਤਿਸੁ ਊਚੇ ਕਉ = ਉਸ ਉੱਚੇ ਅਕਾਲ ਪੁਰਖ ਨੂੰ। ਸੋਇ = ਉਹ ਮਨੁੱਖ ਹੀ।
*ਅਰਥ*: ਅਕਾਲ ਪੁਰੱਖ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ। ਉਸ ਦਾ ਨਾਮਣਾ ਭੀ ਉੱਚਾ ਹੈ। ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ, ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕੇਡਾ ਵੱਡਾ ਹੈ) ।
*ਸ਼ਬਦ* – ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥੨੪॥
*ਪਦ ਅਰਥ*: ਜੇਵਡੁ = ਜੇਡਾ ਵੱਡਾ। ਜਾਣੈ = ਜਾਣਦਾ ਹੈ। ਆਪਿ ਆਪਿ = ਕੇਵਲ ਆਪ ਹੀ (ਉਸ ਤੋਂ ਬਿਨਾਂ ਕੋਈ ਹੋਰ ਨਹੀਂ ਜਾਣਦਾ) । ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਹਰੀ। ਕਰਮੀ = ਕਰਮ ਨਾਲ, ਬਖ਼ਸ਼ਸ਼ ਨਾਲ। ਦਾਤਿ = ਬਖ਼ਸ਼ਸ਼।
*ਅਰਥ*: ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕੇਡਾ ਵੱਡਾ ਹੈ। ਹੇ ਨਾਨਕ! (ਹਰੇਕ) ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਮਿਲਦੀ ਹੈ। 24।
*ਭਾਵ*: ਪ੍ਰਭੂ ਬੇਅੰਤ ਹੈ, ਉਸ ਦੀ ਪੈਦਾ ਕੀਤੀ ਰਚਨਾ ਭੀ ਬੇਅੰਤ ਹੈ। ਜਿਉਂ ਜਿਉਂ ਉਸ ਵਲ ਧਿਆਨ ਮਾਰੀਏ, ਉਹ ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ। ਜਗਤ ਵਿਚ ਨਾਹ ਕੋਈ ਉਸ ਪ੍ਰਭੂ ਜੇਡਾ ਵੱਡਾ ਹੈ ਹੀ, ਤੇ ਇਸ ਵਾਸਤੇ ਨਾਹ ਕੋਈ ਇਹ ਦੱਸ ਸਕਦਾ ਹੈ ਕਿ ਪ੍ਰਭੂ ਕਿਤਨਾ ਵੱਡਾ ਹੈ। 24।
*ਸ਼ਬਦ* – ਬਹੁਤਾ ਕਰਮੁ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲੁ ਨ ਤਮਾਇ ॥
*ਪਦ ਅਰਥ*: ਕਰਮੁ = ਬਖ਼ਸ਼ਸ਼। ਤਿਲੁ = ਤਿਲ ਜਿਤਨੀ ਭੀ। ਤਮਾਇ = ਲਾਲਚ, ਤ੍ਰਿਸ਼ਨਾ। ਦਾਤਾ = ਦਾਤਾਂ ਦੇਣ ਵਾਲਾ।
*ਅਰਥ*: ਅਕਾਲ ਪੁਰਖ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਰਤਾ ਭੀ ਲਾਲਚ ਨਹੀਂ। ਉਸ ਦੀ ਬਖ਼ਸ਼ਸ਼ ਏਡੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ।
*ਸ਼ਬਦ* – ਕੇਤੇ ਮੰਗਹਿ ਜੋਧ ਅਪਾਰ ॥ ਕੇਤਿਆ ਗਣਤ ਨਹੀ ਵੀਚਾਰੁ ॥ ਕੇਤੇ ਖਪਿ ਤੁਟਹਿ ਵੇਕਾਰ ॥
*ਪਦ ਅਰਥ*: ਕੇਤੇ = ਕਈ। ਜੋਧ ਅਪਾਰ = ਅਪਾਰ ਜੋਧੇ, ਅਨਗਿਣਤ ਸੂਰਮੇ। ਮੰਗਹਿ = ਮੰਗਦੇ ਹਨ। ਗਣਤ = ਗਿਣਤੀ। ਕੇਤਿਆ = ਕਈਆਂ ਦੀ। ਵੇਕਾਰ = ਵਿਕਾਰਾਂ ਵਿਚ। ਖਪਿ ਤੁਟਹਿ = ਖਪ ਖਪ ਕੇ ਨਾਸ ਹੁੰਦੇ ਹਨ।
*ਅਰਥ*: ਬੇਅੰਤ ਸੂਰਮੇ ਅਤੇ ਕਈ ਹੋਰ ਅਜਿਹੇ, ਜਿਨ੍ਹਾਂ ਦੀ ਗਿਣਤੀ ‘ਤੇ ਵਿਚਾਰ ਨਹੀਂ ਹੋ ਸਕਦੀ, (ਅਕਾਲ ਪੁਰਖ ਦੇ ਦਰ ‘ਤੇ) ਮੰਗ ਰਹੇ ਹਨ, ਕਈ ਜੀਵ (ਉਸ ਦੀਆਂ ਦਾਤਾਂ ਵਰਤ ਕੇ) ਵਿਕਾਰਾਂ ਵਿਚ (ਹੀ) ਖਪ ਖਪ ਕੇ ਨਾਸ ਹੁੰਦੇ ਹਨ।
*ਸ਼ਬਦ* – ਕੇਤੇ ਲੈ ਲੈ ਮੁਕਰੁ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥
*ਪਦ ਅਰਥ*: ਕੇਤੇ = ਬੇਅੰਤ ਜੀਵ। ਮੁਕਰੁ ਪਾਹਿ = ਮੁਕਰ ਪੈਂਦੇ ਹਨ। ਖਾਹਿ ਖਾਹਿ = ਖਾਂਦੇ ਹਨ, ਖਾਹੀ ਜਾਂਦੇ ਹਨ।
*ਨੋਟ*: ‘ਤੂੰ ਦੇਖਹਿ ਹਉ ਮੁਕਰਿ ਪਾਉ।
‘ਸਭੁ ਕਿਛੁ ਸੁਣਦਾ ਵੇਖਦਾ, ਕਿਉ ਮੁਕਰਿ ਪਇਆ ਜਾਇ। ‘
ਇਹਨਾਂ ਦੋਹਾਂ ਤੁਕਾਂ ਵਿਚ ਲਫ਼ਜ਼ ‘**ਮੁਕਰਿ**’ ਹੈ, ਪਰ ਉਪਰਲੀ ਤੁਕ ਵਿਚ ‘**ਮੁਕਰੁ**’ ਹੈ। ਦੋਹਾਂ ਦਾ ਅਰਥ ਇਕੋ ਹੀ ਹੈ। ‘**ਮੁਕਰਿ**’ ਵਿਆਕਰਨ ਅਨੁਸਾਰ ਠੀਕ ਢੁਕਦਾ ਹੈ। ਇਸ ਲਫ਼ਜ਼ ਸੰਬੰਧੀ ਅਜੇ ਹੋਰ ਵਧੀਕ ਖੋਜ ਦੀ ਲੋੜ ਹੈ।
*ਅਰਥ*: ਬੇਅੰਤ ਜੀਵ (ਅਕਾਲ ਪੁਰਖ ਦੇ ਦਰ ਤੋਂ ਪਦਾਰਥ) ਪਰਾਪਤ ਕਰ ਕੇ ਮੁਕਰ ਪੈਂਦੇ ਹਨ (ਭਾਵ, ਕਦੇ ਸ਼ੁਕਰ ਵਿਚ ਆ ਕੇ ਇਹ ਨਹੀ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ) । ਅਨੇਕਾਂ ਮੂਰਖ (ਪਦਾਰਥ ਲੈ ਕੇ) ਖਾਹੀ ਹੀ ਜਾਂਦੇ ਹਨ (ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ) ।
*ਸ਼ਬਦ* – ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥
*ਪਦ ਅਰਥ*: ਕੇਤਿਆ = ਕਈ ਜੀਵਾਂ ਨੂੰ। ਦੂਖ = ਕਈ ਦੁੱਖ ਕਲੇਸ਼। ਭੂਖ = ਭੂੱਖ(ਭਾਵ, ਖਾਣ ਨੂੰ ਭੀ ਨਹੀਂ ਮਿਲਦਾ) । ਸਦ = ਸਦਾ। ਦਾਤਿ = ਬਖ਼ਸ਼ਸ਼। ਦਾਤਾਰ = ਹੇ ਦੇਣਹਾਰ ਅਕਾਲ ਪੁਰਖ!
*ਅਰਥ*: ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਅਤੇ ਭੁਖ (ਹੀ ਭਾਗਾਂ ਵਿਚ ਲਿਖੇ ਹਨ) । (ਪਰ) ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖ਼ਸ਼ਸ਼ ਹੀ ਹੈ (ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ) ।
*ਸ਼ਬਦ* – ਬੰਦਿ ਖਲਾਸੀ ਭਾਣੈ ਹੋਇ ॥ ਹੋਰੁ ਆਖਿ ਨ ਸਕੈ ਕੋਇ ॥
*ਪਦ ਅਰਥ*: ਬੰਦਿ = ਬੰਦੀ ਤੋਂ, ਮਾਇਆ ਦੇ ਮੋਹ ਤੋਂ। ਖਲਾਸੀ = ਮੁਕਤੀ, ਛੁਟਕਾਰਾ। ਭਾਣੈ = ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ। ਹੋਇ = ਹੁੰਦਾ ਹੈ। ਹੋਰੁ = ਭਾਣੇ ਦੇ ਉਲਟ ਕੋਈ ਹੋਰ ਤਰੀਕਾ। ਕੋਇ = ਕੋਈ ਮਨੁੱਖ।
*ਅਰਥ*: ਤੇ (ਮਾਇਆ ਦੇ ਮੋਹ ਰੂਪ) ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ ਹੀ ਹੁੰਦਾ ਹੈ। ਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ (ਭਾਵ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਭੀ ਹੋ ਸਕਦਾ ਹੈ) ।
*ਸ਼ਬਦ* – ਜੇ ਕੋ ਖਾਇਕੁ ਆਖਣਿ ਪਾਇ ॥ ਓਹੁ ਜਾਣੈ ਜੇਤੀਆ ਮੁਹਿ ਖਾਇ ॥
*ਪਦ ਅਰਥ*: ਖਾਇਕੁ = ਕੱਚਾ ਮਨੁੱਖ, ਮੂਰਖ। ਆਖਣਿ ਪਾਇ = ਆਖਣ ਦਾ ਜਤਨ ਕਰੇ, (ਭਾਵ, ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ। ਓਹੁ = ਉਹ ਮੂਰਖ ਹੀ। ਜੇਤੀਆ = ਜਿਤਨੀਆਂ (ਚੋਟਾਂ) । ਮੁਹਿ = ਮੂੰਹ ਉੱਤੇ। ਖਾਇ = ਖਾਂਦਾ ਹੈ।
*ਅਰਥ*: (ਪਰ) ਜੇ ਕੋਈ ਮੂਰਖ (ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ ਤਾਂ ਉਹੀ ਜਾਣਦਾ ਹੈ ਜਿਤਨੀਆਂ ਚੋਟਾਂ ਉਹ (ਇਸ ਮੂਰਖਤਾ ਦੇ ਕਾਰਨ) ਆਪਣੇ ਮੂੰਹ ਉੱਤੇ ਖਾਂਦਾ ਹੈ (ਭਾਵ, ‘ਕੂੜ’ ਤੋਂ ਬਚਣ ਲਈ ਇਕੋ ਹੀ ਤਰੀਕਾ ਹੈ ਕਿ ਮਨੁੱਖ ਰਜ਼ਾ ਵਿਚ ਤੁਰੇ। ਪਰ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ ‘ਕੂੜ’ ਤੋਂ ਬਚਣ ਦੇ ਥਾਂ ਸਗੋਂ ਵਧੀਕ ਦੁਖੀ ਹੁੰਦਾ ਹੈ) ।
*ਸ਼ਬਦ* – ਆਪੇ ਜਾਣੈ ਆਪੇ ਦੇਇ ॥ ਆਖਹਿ ਸਿ ਭਿ ਕੇਈ ਕੇਇ ॥
*ਪਦ ਅਰਥ*: ਦੇਇ = ਦੇਂਦਾ ਹੈ। ਆਖਹਿ = ਆਖਦੇ ਹਨ। ਸਿ ਭਿ = ਇਹ ਗੱਲ ਭੀ। ਕੇਈ ਕੇਇ = ਕਈ ਮਨੁੱਖ।
*ਅਰਥ*: (ਸਾਰੇ ਨ-ਸ਼ੁਕਰੇ ਹੀ ਨਹੀਂ ਹਨ) ਅਨੇਕਾਂ ਮਨੁੱਖ ਇਹ ਗੱਲ ਭੀ ਆਖਦੇ ਹਨ ਕਿ ਅਕਾਲ ਪੁਰਖ ਆਪ ਹੀ (ਜੀਵਾਂ ਦੀਆਂ ਲੋੜਾਂ) ਜਾਣਦਾ ਹੈ ਤੇ ਆਪ ਹੀ (ਦਾਤਾਂ) ਦੇਂਦਾ ਹੈ।
ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥
*ਪਦ ਅਰਥ*: ਜਿਸ ਨੋ = ਜਿਸ ਮਨੁੱਖ ਨੂੰ। ਨਾਨਕ = ਹੇ ਨਾਨਕ! ਪਾਤਿਸਾਹੀ ਪਾਤਿਸਾਹੁ = ਪਾਤਿਸ਼ਾਹਾਂ ਦੇ ਪਾਤਿਸ਼ਾਹ।
*ਅਰਥ*: ਹੇ ਨਾਨਕ! ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫ਼ਤਿ-ਸਾਲਾਹ ਬਖਸ਼ਦਾ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ (ਬਣ ਜਾਂਦਾ) ਹੈ (ਸਿਫ਼ਤਿ-ਸਾਲਾਹ ਹੀ ਸਭ ਤੋਂ ਉੱਚੀ ਦਾਤਿ ਹੈ) । 25।
*ਭਾਵ*: ਪ੍ਰਭੂ ਕੇਡਾ ਵੱਡਾ ਹੈ-ਇਹ ਗੱਲ ਦੱਸਣੀ ਤਾਂ ਕਿਤੇ ਰਹੀ, ਉਸ ਦੀ ਬਖ਼ਸ਼ਸ਼ ਹੀ ਇਤਨੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ। ਜਗਤ ਵਿਚ ਜੋ ਵੱਡੇ ਵੱਡੇ ਦਿੱਸਦੇ ਹਨ, ਇਹ ਸਭ ਉਸ ਪ੍ਰਭੂ ਦੇ ਦਰ ‘ਤੇ ਹੀ ਮੰਗਦੇ ਹਨ। ਉਹ ਤਾਂ ਸਗੋਂ ਇਤਨਾ ਵੱਡਾ ਹੈ ਕਿ ਜੀਵਾਂ ਦੇ ਮੰਗਣ ਤੋ ਬਿਨਾਂ ਇਹਨਾਂ ਦੀਆਂ ਲੋੜਾਂ ਜਾਣ ਕੇ ਆਪਣੇ ਆਪ ਹੀ ਦਾਤਾਂ ਦੇਈ ਜਾਂਦਾ ਹੈ।
ਪਰ ਜੀਵ ਦੀ ਮੂਰਖਤਾ ਵੇਖੋ! ਦਾਤਾਂ ਵਰਤਦਾ ਵਰਤਦਾ ਦਾਤਾਰ ਨੂੰ ਵਿਸਾਰ ਕੇ ਵਿਕਾਰਾਂ ਵਿਚ ਪੈ ਜਾਂਦਾ ਹੈ ਤੇ ਕਈ ਦੁੱਖ-ਕਲੇਸ਼ ਸਹੇੜ ਲੈਂਦਾ ਹੈ। ਇਹ ਦੁੱਖ-ਕਲੇਸ਼ ਭੀ ਪ੍ਰਭੂ ਦੀ ਦਾਤ ਹੈ, ਕਿਉਂਕਿ ਇਹਨਾਂ ਦੁੱਖਾਂ-ਕਲੇਸ਼ਾਂ ਦੇ ਕਾਰਣ ਹੀ ਮਨੁੱਖ ਨੂੰ ਮੁੜ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ ਤੇ ਇਹ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ। ਇਹ ਸਿਫ਼ਤਿ-ਸਾਲਾਹ ਸਭ ਤੋਂ ਉੱਚੀ ਦਾਤ ਹੈ। 25।
*ਸ਼ਬਦ* – ਅਮੁਲ ਗੁਣ ਅਮੁਲ ਵਾਪਾਰ ॥ ਅਮੁਲ ਵਾਪਾਰੀਏ ਅਮੁਲ ਭੰਡਾਰ ॥ ਅਮੁਲ ਆਵਹਿ ਅਮੁਲ ਲੈ ਜਾਹਿ ॥ ਅਮੁਲ ਭਾਇ ਅਮੁਲਾ ਸਮਾਹਿ ॥
*ਪਦ ਅਰਥ*: ਅਮੁਲ = ਅਮੋਲਕ, ਜਿਸ ਦਾ ਮੁੱਲ ਨਾਹ ਪੈ ਸਕੇ। ਗੁਣ = ਅਕਾਲ ਪੁਰਖ ਦੇ ਗੁਣ। ਵਾਪਾਰੀਏ = ਅਕਾਲ ਪੁਰਖ ਦੇ ਗੁਣਾਂ ਦਾ ਵਪਾਰ ਕਰਨ ਵਾਲੇ। ਭੰਡਾਰ = ਖ਼ਜ਼ਾਨੇ। ਆਵਹਿ = ਜੋ ਮਨੁੱਖ (ਇਸ ਵਪਾਰ ਲਈ) ਆਉਂਦੇ ਹਨ। ਲੈ ਜਾਹਿ = (ਇਹ ਸੌਦਾ ਖ਼ਰੀਦ ਕੇ) ਲੈ ਜਾਂਦੇ ਹਨ। ਭਾਇ = ਭਾਉ ਵਿਚ, ਪ੍ਰੇਮ ਵਿਚ। ਸਮਾਹਿ = (ਅਕਾਲ ਪੁਰਖ ਵਿਚ) ਲੀਨ ਹਨ।
*ਅਰਥ*: (ਅਕਾਲ ਪੁਰਖ ਦੇ) ਗੁਣ ਅਮੋਲਕ ਹਨ (ਭਾਵ, ਗੁਣਾਂ ਦਾ ਮੁੱਲ ਨਹੀਂ ਪੈ ਸਕਦਾ) , (ਇਹਨਾਂ ਗੁਣਾਂ ਦੇ) ਵਪਾਰ ਕਰਨੇ ਭੀ ਅਮੋਲਕ ਹਨ। ਉਹਨਾਂ ਮਨੁੱਖਾਂ ਦਾ (ਭੀ) ਮੁੱਲ ਨਹੀਂ ਪੈ ਸਕਦਾ, ਜੋ (ਅਕਾਲ ਪੁਰਖ ਦੇ ਗੁਣਾਂ ਦੇ) ਵਪਾਰ ਕਰਦੇ ਹਨ, (ਗੁਣਾਂ ਦੇ) ਖ਼ਜ਼ਾਨੇ (ਭੀ) ਅਮੋਲਕ ਹਨ। ਉਹਨਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ, ਜੋ (ਇਸ ਵਪਾਰ ਲਈ ਜਗਤ ਵਿਚ) ਆਉਂਦੇ ਹਨ। ਉਹ ਭੀ ਵੱਡੇ ਭਾਗਾਂ ਵਾਲੇ ਹਨ, ਜੋ (ਇਹ ਸੌਦਾ ਖ਼ਰੀਦ ਕੇ) ਲੈ ਜਾਂਦੇ ਹਨ। ਜੋ ਮਨੁੱਖ ਅਕਾਲ ਪੁਰਖ ਦੇ ਪ੍ਰੇਮ ਵਿਚ ਹਨ ਅਤੇ ਜੋ ਮਨੁੱਖ ਉਸ ਅਕਾਲ ਪੁਰਖ ਵਿਚ ਲੀਨ ਹੋਏ ਹੋਏ ਹਨ, ਉਹ ਭੀ ਅਮੋਲਕ ਹਨ।
*ਸ਼ਬਦ* – ਅਮੁਲੁ ਧਰਮੁ ਅਮੁਲੁ ਦੀਬਾਣੁ ॥ ਅਮੁਲੁ ਤੁਲੁ ਅਮੁਲੁ ਪਰਵਾਣੁ ॥ ਅਮੁਲੁ ਬਖਸੀਸ ਅਮੁਲੁ ਨੀਸਾਣੁ ॥ ਅਮੁਲੁ ਕਰਮੁ ਅਮੁਲੁ ਫੁਰਮਾਣੁ ॥
*ਪਦ ਅਰਥ*: ਧਰਮੁ = ਨੀਯਮ, ਕਾਨੂੰਨ। ਦੀਬਾਣੁ = ਕਚਹਿਰੀ, ਰਾਜ = ਦਰਬਾਰ। ਤੁਲੁ = ਤੋਲ, ਤੱਕੜ। ਪਰਵਾਣੁ = ਪ੍ਰਮਾਣ, ਤੋਲਣ ਵਾਲਾ ਵੱਟਾ। ਬਖਸੀਸ = ਰਹਿਮਤ, ਦਇਆ। ਨੀਸਾਣੁ = ਅਕਾਲ ਪੁਰਖ ਦੀ ਬਖਸ਼ਸ਼ ਦਾ ਨਿਸ਼ਾਨ। ਕਰਮੁ = ਬਖ਼ਸ਼ਸ਼, ਰਹਿਮਤ। ਫੁਰਮਾਣੁ = ਹੁਕਮ। ਅਮੁਲੁ = ਅੰਦਾਜ਼ਿਆਂ ਤੋਂ ਪਰੇ।
*ਅਰਥ*: ਅਕਾਲ ਪੁਰਖ ਦੇ ਕਨੂੰਨ ਤੇ ਰਾਜ-ਦਰਬਾਰ ਅਮੋਲਕ ਹਨ। ਉਹ ਤੱਕੜ ਅਮੋਲਕ ਹਨ ਤੇ ਉਹ ਵੱਟਾ ਅਮੋਲਕ ਹੈ (ਜਿਸ ਨਾਲ ਜੀਵਾਂ ਦੇ ਚੰਗੇ-ਮੰਦੇ ਕੰਮਾਂ ਨੂੰ ਤੋਲਦਾ ਹੈ) । ਉਸ ਦੀ ਬਖ਼ਸ਼ਸ਼ ਤੇ ਬਖ਼ਸ਼ਸ਼ ਦੇ ਨਿਸ਼ਾਨ ਭੀ ਅਮੋਲਕ ਹਨ। ਅਕਾਲ ਪੁਰਖ ਦੀ ਬਖਸ਼ਸ਼ ਤੇ ਹੁਕਮ ਭੀ ਮੁੱਲ ਤੋਂ ਪਰੇ ਹਨ (ਕਿਸੇ ਦਾ ਭੀ ਅੰਦਾਜ਼ਾ ਨਹੀਂ ਲੱਗ ਸਕਦਾ) ।
*ਸ਼ਬਦ* – ਅਮੁਲੋ ਅਮੁਲੁ ਆਖਿਆ ਨ ਜਾਇ ॥ ਆਖਿ ਆਖਿ ਰਹੇ ਲਿਵ ਲਾਇ ॥
*ਪਦ ਅਰਥ*: ਅਮੁਲੋ ਅਮੁਲੁ = ਅਮੋਲਕ ਹੀ ਅਮੋਲਕ, ਅੰਦਾਜ਼ਿਆਂ ਤੋਂ ਪਰੇ। ਆਖਿ ਆਖਿ = ਅੰਦਾਜ਼ਾ ਲਾ ਲਾ ਕੇ। ਰਹੇ = ਰਹਿ ਗਏ ਹਨ, ਥੱਕ ਗਏ ਹਨ। ਲਿਵ ਲਾਇ = ਲਿਵ ਲਾ ਕੇ, ਧਿਆਨ ਜੋੜ ਕੇ।
*ਅਰਥ*: ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ, ਉਸ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ। ਜੋ ਮਨੁੱਖ ਧਿਆਨ ਜੋੜ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ, ਉਹ (ਅੰਤ ਨੂੰ) ਰਹਿ ਜਾਂਦੇ ਹਨ।
*ਸ਼ਬਦ* -ਆਖਹਿ ਵੇਦ ਪਾਠ ਪੁਰਾਣ ॥ ਆਖਹਿ ਪੜੇ ਕਰਹਿ ਵਖਿਆਣ ॥ ਆਖਹਿ ਬਰਮੇ ਆਖਹਿ ਇੰਦ ॥ ਆਖਹਿ ਗੋਪੀ ਤੈ ਗੋਵਿੰਦ ॥
*ਪਦ ਅਰਥ*: ਆਖਹਿ = ਆਖ ਰਹੇ ਹਨ, ਵਰਣਨ ਕਰਦੇ ਹਨ। ਵੇਦ ਪਾਠ = ਵੇਦਾਂ ਦੇ ਪਾਠ, ਵੇਦਾਂ ਦੇ ਮੰਤਰ। ਪੜੇ = ਪੜ੍ਹੇ ਹੋਏ ਮਨੁੱਖ, ਵਿਦਵਾਨ। ਕਰਹਿ ਵਖਿਆਣ = ਵਖਿਆਣ ਕਰਦੇ ਹਨ, ਉਪਦੇਸ਼ ਕਰਦੇ ਹਨ, ਹੋਰਨਾਂ ਨੂੰ ਸੁਣਾਉਂਦੇ ਹਨ। ਬਰਮੇ = ਕਈ ਬ੍ਰਹਮਾ। ਇੰਦ = ਇੰਦਰ ਦੇਵਤੇ। ਤੈ = ਅਤੇ, ਤੇ। ਗੋਵਿੰਦ = ਕਈ ਕਾਨ੍ਹ।
*ਅਰਥ*: ਵੇਦਾਂ ਦੇ ਮੰਤਰ ਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ। ਵਿਦਵਾਨ ਮਨੁੱਖ ਭੀ, ਜੋ (ਹੋਰਨਾਂ ਨੂੰ) ਉਪਦੇਸ਼ ਕਰਦੇ ਹਨ, (ਅਕਾਲ ਪੁਰਖ ਦਾ) ਬਿਆਨ ਕਰਦੇ ਹਨ। ਕਈ ਬ੍ਰਹਮਾ, ਕਈ ਇੰਦਰ, ਗੋਪੀਆਂ ਤੇ ਕਈ ਕਾਨ੍ਹ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।
*ਸ਼ਬਦ* – ਆਖਹਿ ਈਸਰ ਆਖਹਿ ਸਿਧ ॥ ਆਖਹਿ ਕੇਤੇ ਕੀਤੇ ਬੁਧ ॥ ਆਖਹਿ ਦਾਨਵ ਆਖਹਿ ਦੇਵ ॥ ਆਖਹਿ ਸੁਰਿ ਨਰ ਮੁਨਿ ਜਨ ਸੇਵ ॥
*ਪਦ ਅਰਥ*: ਈਸਰ = ਸ਼ਿਵ। ਕੇਤੇ = ਬੇਅੰਤ, ਕਈ। ਕੀਤੇ = ਅਕਾਲ ਪੁਰਖ ਦੇ ਪੈਦਾ ਕੀਤੇ ਹੋਏ। ਬੁਧ = ਮਹਾਤਮਾ ਬੁੱਧ। ਦਾਨਣ = ਰਾਖਸ਼, ਦੈਂਤ। ਦੇਵ = ਦੇਵਤੇ। ਸੁਰਿ ਨਰ = ਸੁਰਾਂ ਦੇ ਸੁਭਾਉ ਵਾਲੇ ਮਨੁੱਖ। ਮੁਨਿ ਜਨ = ਮੁਨੀ ਲੋਕ। ਸੇਵ = ਸੇਵਕ।
*ਅਰਥ*: ਕਈ ਸ਼ਿਵ ਤੇ ਸਿੱਧ, ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਬੇਅੰਤ ਬੁੱਧ, ਰਾਖਸ਼ ਤੇ ਦੇਵਤੇ, ਦੇਵਤਾ-ਸੁਭਾਉ ਮਨੁੱਖ, ਮੁਨੀ ਲੋਕ ਤੇ ਸੇਵਕ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।
*ਸ਼ਬਦ* – ਕੇਤੇ ਆਖਹਿ ਆਖਣਿ ਪਾਹਿ ॥ ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥ ਏਤੇ ਕੀਤੇ ਹੋਰਿ ਕਰੇਹਿ ॥ ਤਾ ਆਖਿ ਨ ਸਕਹਿ ਕੇਈ ਕੇਇ ॥
*ਪਦ ਅਰਥ*: ਕੇਤੇ = ਕਈ ਜੀਵ। ਆਖਣਿ ਪਾਹਿ = ਆਖਣ ਦਾ ਜਤਨ ਕਰਦੇ ਹਨ। ਕਹਿ ਕਹਿ = ਆਖ ਆਖ ਕੇ, ਅਕਾਲ ਪੁਰਖ ਦਾ ਮੁੱਲ ਪਾ ਪਾ ਕੇ, ਅਕਾਲ ਪੁਰਖ ਦਾ ਅੰਦਾਜ਼ਾ ਲਾ ਲਾ ਕੇ। ਉਠਿ ਉਠਿ ਜਾਹਿ = ਜਹਾਨ ਤੋਂ ਚਲੇ ਜਾ ਰਹੇ ਹਨ। ਏਤੇ ਕੀਤੇ = ਇਤਨੇ ਜੀਵ ਪੈਦਾ ਕੀਤੇ ਹੋਏ ਹਨ। ਹੋਰਿ = ਹੋਰ ਬੇਅੰਤ ਜੀਵ। ਕਰੇਹਿ = ਜੇ ਤੂੰ ਪੈਦਾ ਕਰ ਦੇਵੇਂ (ਹੇ ਹਰੀ!) । ਤਾ = ਤਾਂ ਵੀ। ਨ ਕੇਈ ਕੇਇ = ਕੋਈ ਭੀ ਮਨੁੱਖ ਨਹੀਂ। ਆਖਿ ਸਕਹਿ = ਆਖ ਸਕਦੇ ਹਨ।
*ਅਰਥ*: ਬੇਅੰਤ ਜੀਵ ਅਕਾਲ ਪੁਰਖ ਦਾ ਅੰਦਾਜ਼ਾ ਲਾ ਰਹੇ ਹਨ, ਅਤੇ ਬੇਅੰਤ ਹੀ ਲਾਉਣ ਦਾ ਜਤਨ ਕਰ ਰਹੇ ਹਨ, ਬੇਅੰਤ ਜੀਵ ਅੰਦਾਜ਼ਾ ਲਾ ਲਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ। ਜਗਤ ਵਿਚ ਇਤਨੇ (ਬੇਅੰਤ) ਜੀਵ ਪੈਦਾ ਕੀਤੇ ਹੋਏ ਹਨ (ਜੋ ਬਿਆਨ ਕਰ ਰਹੇ ਹਨ) , (ਪਰ ਹੇ ਹਰੀ!) ਜੇ ਤੂੰ ਹੋਰ ਭੀ (ਬੇਅੰਤ ਜੀਵ) ਪੈਦਾ ਕਰ ਦੇਵੇਂ ਤਾਂ ਭੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦੇ।
*ਸ਼ਬਦ* – ਜੇਵਡੁ ਭਾਵੈ ਤੇਵਡੁ ਹੋਇ ॥ ਨਾਨਕ ਜਾਣੈ ਸਾਚਾ ਸੋਇ ॥ ਜੇ ਕੋ ਆਖੈ ਬੋਲੁਵਿਗਾੜੁ ॥ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥੨੬॥
*ਪਦ ਅਰਥ*: ਜੇਵਡੁ = ਜੇਡਾ ਵੱਡਾ। ਭਾਵੈ = ਚਾਹੁੰਦਾ ਹੈ। ਤੇਵਡੁ = ਓਡਾ ਵੱਡਾ। ਸਾਚਾ ਸੋਇ = ਉਹ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖ। ਬੋਲੁ ਵਿਗਾੜੁ = ਬੋਲੀ-ਬਾਜ਼, ਬੜਬੋਲਾ। ਲਿਖੀਐ = (ਉਹ ਬੜਬੋਲਾ) ਲਿਖਿਆ ਜ਼ਾਂਦਾ ਹੈ। ਸਿਰਿ ਗਾਵਾਰਾ ਗਾਵਾਰੁ = ਗਾਵਾਰਾਂ ਦੇ ਸਿਰ ਤੇ ਗਾਵਾਰ, ਮੂਰਖਾਂ ਸਿਰ ਮੂਰਖ, ਮਹਾਂ ਮੂਰਖ।
*ਅਰਥ*: ਹੇ ਨਾਨਕ! ਪਰਮਾਤਮਾ ਜਿਤਨਾ ਚਾਹੁੰਦਾ ਹੈ ਉਤਨਾ ਹੀ ਵੱਡਾ ਹੋ ਜਾਂਦਾ ਹੈ (ਆਪਣੀ ਕੁਦਰਤ ਵਧਾ ਲੈਂਦਾ ਹੈ) । ਉਹ ਸਦਾ-ਥਿਰ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ (ਕਿ ਉਹ ਕੇਡਾ ਵੱਡਾ ਹੈ) । ਜੇ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ (ਕਿ ਅਕਾਲ ਪੁਰਖ ਕਿਤਨਾ ਵੱਡਾ ਹੈ) ਤਾਂ ਉਹ ਮਨੁੱਖ ਮੂਰਖਾਂ-ਸਿਰ-ਮੂਰਖ ਗਿਣਿਆ ਜਾਂਦਾ ਹੈ। 26।
*ਭਾਵ*: ਜਗਤ ਵਿਚ ਬੇਅੰਤ ਵਿਦਵਾਨ ਹੋ ਚੁੱਕੇ ਹਨ ਤੇ ਪੈਦਾ ਹੁੰਦੇ ਰਹਿਣਗੇ। ਪਰ, ਨਾ ਅਜੇ ਤੱਕ ਕੋਈ ਮਨੁੱਖ ਲੇਖਾ ਕਰ ਸਕਿਆ ਹੈ ਤੇ ਨਾ ਹੀ ਅਗਾਂਹ ਨੂੰ ਕੋਈ ਕਰ ਸਕੇਗਾ ਕਿ ਪ੍ਰਭੂ ਵਿਚ ਕਿਤਨੀਆਂ ਵਡਿਆਈਆਂ ਹਨ, ਤੇ ਉਹ ਕਿਤਨੀਆਂ ਬਖ਼ਸ਼ਸ਼ਾਂ ਜੀਵਾਂ ਉੱਤੇ ਕਰ ਰਿਹਾ ਹੈ। ਬੇਅੰਤ ਹਨ ਉਸਦੇ ਗੁਣ ਤੇ ਬੇਅੰਤ ਹਨ ਉਸ ਦੀਆਂ ਦਾਤਾਂ। ਇਸ ਭੇਤ ਨੂੰ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ ਜਾਣਦਾ। ਇਹ ਕੰਮ ਮਨੁੱਖ ਦੀ ਤਾਕਤ ਤੋਂ ਬਹੁਤ ਪਰੇ ਦਾ ਹੈ। ਉਸ ਮਨੁੱਖ ਨੂੰ ਹੋਛਾ ਜਾਣੋ, ਜੋ ਪ੍ਰਭੂ ਦੇ ਗੁਣਾਂ ਤੇ ਦਾਤਾਂ ਦਾ ਹੱਦ-ਬੰਨਾ ਲੱਭ ਸਕਣ ਦਾ ਦਾਹਵਾ ਕਰਦਾ ਹੈ। 26।
*ਸ਼ਬਦ* – ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥ ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥
*ਪਦ ਅਰਥ*: ਕੇਹਾ = ਕਿਹੋ ਜਿਹਾ, ਬੜਾ ਅਸਚਰਜ। ਦਰੁ = ਦਰਵਾਜ਼ਾ। ਜਿਤੁ = ਜਿੱਥੇ। ਬਹਿ = ਬੈਠ ਕੇ। ਸਰਬ = ਸਾਰੇ ਜੀਵਾਂ ਨੂੰ। ਸਮਾਲੇ = ਤੂੰ ਸੰਭਾਲ ਕੀਤੀ ਹੈ। ਨਾਦ = ਆਵਾਜ਼, ਸ਼ਬਦ, ਰਾਗ। ਵਾਵਣਹਾਰੇ = ਵਜਾਉਣ ਵਾਲੇ। ਪਰੀ = ਰਾਗਣੀ। ਸਿਉ = ਸਮੇਤ, ਸਣੇ। ਪਰੀ ਸਿਉ = ਰਾਗਣੀਆਂ ਸਮੇਤ। ਕਹੀਅਨਿ = ਕਹੀਦੇ ਹਨ, ਆਖੇ ਜਾਂਦੇ ਹਨ।
*ਅਰਥ*: ਉਹ ਦਰ = ਘਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ, (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ। (ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ, ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ (ਇਹਨਾਂ ਰਾਗਾਂ ਦੇ) ਗਾਉਣ ਵਾਲੇ ਹਨ (ਜੋ ਤੈਨੂੰ ਗਾ ਰਹੇ ਹਨ) !
*ਸ਼ਬਦ* – ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥
*ਪਦ ਅਰਥ*: ਤੁਹਨੋ = ਤੈਨੂੰ (ਹੇ ਅਕਾਲ ਪੁਰਖ!) । ਰਾਜਾ ਧਰਮੁ = ਧਰਮ-ਰਾਜ। ਦੁਆਰੇ = ਤੇਰੇ ਦਰ ‘ਤੇ (ਹੇ ਨਿਰੰਕਾਰ!) ਚਿਤੁ ਗੁਪਤੁ = ਉਹ ਵਿਅਕਤੀਆਂ ਜੋ ਜਮ-ਲੋਕ ਵਿਚ ਰਹਿ ਕੇ ਸੰਸਾਰ ਦੇ ਜੀਵਾਂ ਦੇ ਚੰਗੇ-ਮੰਦੇ ਕਰਮਾਂ ਦਾ ਲੇਖਾ ਲਿਖਦੇ ਹਨ। ਪੁਰਾਤਨ ਹਿੰਦੂ ਮਤ ਦੇ ਧਰਮ-ਪੁਸਤਕਾਂ ਵਿਚ ਇਹ ਖ਼ਿਆਲ ਤੁਰਿਆ ਆਉਂਦਾ ਹੈ। ਧਰਮੁ = ਧਰਮ-ਰਾਜ। ਲਿਖਿ ਲਿਖਿ = ਲਿਖ ਲਿਖ ਕੇ, ਭਾਵ, ਜੋ ਕੁਝ ਉਹ ਚਿੱਤਰਗੁਪਤ ਲਿਖਦੇ ਹਨ। ਬੈਸੰਤਰੁ = ਅੱਗ।
*ਅਰਥ*: (ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ ‘ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ। ਉਹ ਚਿੱਤਰ-ਗੁਪਤ ਭੀ ਜੋ (ਜੀਵਾਂ ਦੇ ਚੰਗੇ-ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ, ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ-ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।
*ਸ਼ਬਦ* – ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
*ਪਦ ਅਰਥ*: ਈਸਰੁ = ਸ਼ਿਵ। ਬਰਮਾ = ਬ੍ਰਹਮਾ। ਦੇਵੀ = ਦੇਵੀਆਂ। ਸੋਹਨਿ = ਸੋਭਦੇ ਹਨ, ਸੋਹਣੇ ਲੱਗਦੇ ਹਨ। ਸਵਾਰੇ = ਤੇਰੇ ਸਵਾਰੇ ਹੋਏ। ਇੰਦ = ਇੰਦਰ ਦੇਵਤੇ। ਇਦਾਸਣਿ = (ਇਦ-ਆਸਣਿ) , ਇੰਦਰ ਦੇ ਆਸਣ ਉੱਤੇ। ਦਰਿ = ਤੇਰੇ ਦਰਵਾਜ਼ੇ ਉੱਤੇ। ਦੇਵਤਿਆਂ ਨਾਲੇ = ਦੇਵਤਿਆਂ ਸਮੇਤ।
*ਅਰਥ*: (ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ, ਜੋ ਤੇਰੇ ਸਵਾਰੇ ਹੋਏ ਹਨ, ਤੈਨੂੰ ਗਾ ਰਹੇ ਹਨ। ਕਈ ਇੰਦਰ ਆਪਣੇ ਤਖ਼ਤ ‘ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ‘ਤੇ ਤੈਨੂੰ ਸਲਾਹ ਰਹੇ ਹਨ।
*ਸ਼ਬਦ* – ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥ ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥
*ਪਦ ਅਰਥ*: ਸਮਾਧੀ ਅੰਦਰਿ = ਸਮਾਧੀ ਵਿਚ ਜੁੜ ਕੇ, ਸਮਾਧੀ ਲਾ ਕੇ। ਸਿਧ = ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ ਸਿੱਧ ਉਹ ਵਿਅਕਤੀ ਮੰਨੇ ਗਏ ਹਨ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਉਤਾਂਹ ਸਨ ਤੇ ਦੇਵਤਿਆਂ ਤੋਂ ਹੇਠ! ਇਹ ਸਿੱਧ ਪਵਿੱਤਰਤਾ ਦਾ ਪੂੰਜ ਸਨ ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਸਨ। ਵਿਚਾਰੇ = ਨਿਮਾਣੇ। ਸਤੀ = ਦਾਨੀ, ਦਾਨ ਕਰਨ ਵਾਲੇ। ਵੀਰ ਕਰਾਰੇ = ਤਕੜੇ ਸੂਰਮੇ।
*ਅਰਥ*: ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਇਹ ਨਿਮਾਣੇ ਸਾਧ ਵੀ ਤੈਨੂੰ ਸਲਾਹ ਰਹੇ ਹਨ। ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।
*ਸ਼ਬਦ* – ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥ ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥
*ਪਦ ਅਰਥ*: ਪੜਨਿ = ਪੜ੍ਹਦੇ ਹਨ। ਰਖੀਸਰ = (ਰਿਖੀ ਈਸਰ) , ਵੱਡੇ ਵੱਡੇ ਰਿਖੀ, ਮਹਾਂ ਰਿਖੀ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ। ਵੇਦਾ ਨਾਲੇ = ਵੇਦਾਂ ਸਣੇ। ਮੋਹਣੀਆ = ਸੁੰਦਰ ਇਸਤ੍ਰੀਆਂ। ਮਛ = ਮਾਤ ਲੋਕ ਵਿਚ। ਪਇਆਲੇ = ਪਤਾਲ ਵਿਚ।
*ਅਰਥ*: (ਹੇ ਅਕਾਲ ਪੁਰਖ!) ਪੰਡਿਤ ਤੇ ਮਹਾਂਰਿਖੀ ਜੋ (ਵੇਦਾਂ ਨੂੰ) ਪੜ੍ਹਦੇ ਹਨ। ਵੇਦਾਂ ਸਣੇ ਤੈਨੂੰ ਗਾ ਰਹੇ ਹਨ। ਸੁੰਦਰ ਇਸਤ੍ਰੀਆਂ, ਜੋ ਸੁਰਗ, ਮਾਤ-ਲੋਕ ਤੇ ਪਾਤਾਲ ਵਿਚ (ਭਾਵ, ਹਰ ਥਾਂ) ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾ ਰਹੀਆਂ ਹਨ।
*ਨੋਟ* – ਸ਼ਬਦ ਵੀਚਾਰੇ ਤੇ ਵਿਚਾਰੇ ਗੁਰਬਾਣੀ ਅੰਦਰ ਬਹੁਤ ਵਾਰੀ ਦਿਨਾਂ ਰੂਪਾਂ ਵਿੱਚ ਆਇਆ ਹੈ।
ਜਿੱਥੇ ਵ ਨੂੰ ਬਿਹਾਰੀ ਨਾਲ *ਵੀਚਾਰੇ* ਆਇਆ ਹੈ ਉਸਦਾ ਮਤਲਬ ਵੀਚਾਰਨ ਨਾਲ ਹੈ ਤੇ ਜਿੱਥੇ ਵ ਸਿਹਾਰੀ ਨਾਲ *ਵਿਚਾਰੇ* ਆਇਆ ਹੈ ਉਸਦਾ ਮਤਲਬ ਹੈ ਨਿਮਾਣਾ ( ਵਿਚਾਰਾ)
*ਸ਼ਬਦ* – ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥ ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥
*ਪਦ ਅਰਥ*: ਉਪਾਏ ਤੇਰੇ = ਤੇਰੇ ਪੈਦਾ ਕੀਤੇ ਹੋਏ। ਅਠ ਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ। ਜੋਧ = ਜੋਧੇ। ਮਹਾ ਬਲ = ਵੱਡੇ ਬਲ ਵਾਲੇ। ਸੂਰਾ = ਸੂਰਮੇ। ਖਾਣੀ ਚਾਰੇ = ਚਾਰੇ ਖਾਣੀਆਂ, ਅੰਡਜ, ਜੇਰਜ, ਸ੍ਵੇਤਜ, ਉਤਭੁਜ। ਖਾਣੀ = ਖਾਣ, ਜਿਸ ਨੂੰ ਪੁਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ। ਇਹ ਸੰਸਕ੍ਰਿਤ ਦਾ ਸ਼ਬਦ ਹੈ। ਧਾਤੂ ‘ਖਨ’ ਹੈ, ਜਿਸ ਦਾ ਅਰਥ ਹੈ ‘ਪੁਟਣਾ’। ਖਾਣੀ ਚਾਰੇ ਪੁਰਾਤਨ ਸਮੇਂ ਤੋਂ ਇਹ ਖ਼ਿਆਲ ਹਿੰਦੂ ਧਰਮ ਪੁਸਤਕਾਂ ਵਿਚ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੜ੍ਹ-ਚੇਤਨ ਪਦਾਰਥ ਦੇ ਬਣਨ ਦੀਆਂ ਚਾਰ ਖਾਣਾਂ ਹਨ। ਅੰਡਾ, ਜਿਓਰ, ਮੁੜਕਾ ਅਤੇ ਆਪਣੇ ਆਪ ਉੱਗ ਪੈਣਾ। ‘ਚਾਰੇ ਖਾਣੀ’ ਦਾ ਇੱਥੇ ਭਾਵ ਹੈ ਚੌਹਾਂ ਹੀ ਖਾਣਾਂ ਦੇ ਜੀਵ ਜੰਤ, ਸਾਰੀ ਰਚਨਾ। ਖੰਡ = ਟੋਟਾ, ਬ੍ਰਹਿਮੰਡ ਦਾ ਟੋਟਾ, (ਭਾਵ) ਹਰੇਕ ਧਰਤੀ। ਮੰਡਲ = ਚੱਕਰ, ਬ੍ਰਹਿਮੰਡ ਦਾ ਇਕ ਚੱਕਰ, ਜਿਸ ਵਿਚ ਇਕ ਸੂਰਜ ਇਕ ਚੰਦ੍ਰਮਾ ਤੇ ਧਰਤੀ ਆਦਿਕ ਗਿਣੇ ਜਾਂਦੇ ਹਨ। ਵਰਭੰਡਾ = ਸਾਰੀ ਸ੍ਰਿਸ਼ਟੀ। ਕਰਿ ਕਰਿ = ਬਣਾ ਕੇ, ਰਚ ਕੇ। ਧਾਰੇ = ਟਿਕਾਏ ਹੋਏ।
*ਅਰਥ*: (ਹੇ ਨਿਰੰਕਾਰ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ। ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ। ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ, ਜੋ ਤੂੰ ਪੈਦਾ ਕਰ ਕੇ ਟਿਕਾ ਰਖੇ ਹਨ, ਤੈਨੂੰ ਗਾਉਂਦੇ ਹਨ।
*ਸ਼ਬਦ* – ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥
*ਪਦ ਅਰਥ*: ਸੇਈ = ਉਹੀ ਜੀਵ। ਤੁਧੁ ਭਾਵਨਿ = ਤੈਨੂੰ ਚੰਗੇ ਲੱਗਦੇ ਹਨ। ਰਤੇ = ਰੰਗੇ ਹੋਏ, ਪ੍ਰੇਮ ਵਿਚ ਮੱਤੇ ਹੋਏ। ਰਸਾਲੇ = (ਰਸ ਆਲਯ) ਰਸ ਦੇ ਘਰ, ਰਸੀਏ। ਹੋਰਿ ਕੇਤੇ = ਅਨੇਕਾਂ ਹੋਰ ਜੀਵ। ਮੈ ਚਿਤਿ = ਮੇਰੇ ਚਿੱਤ ਵਿਚ। ਮੈ ਚਿਤਿ ਨ ਆਵਨਿ = ਮੇਰੇ ਚਿੱਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ। ਕਿਆ ਵੀਚਾਰੇ = ਕੀਹ ਵਿਚਾਰ ਕਰੇ?
*ਅਰਥ*: (ਹੇ ਅਕਾਲ ਪੁਰਖ!) (ਅਸਲ ਵਿਚ ਤਾਂ) ਉਹੋ ਤੇਰੇ ਪ੍ਰੇਮ ਵਿਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ (ਭਾਵ, ਉਹਨਾਂ ਦਾ ਹੀ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲੱਗਦੇ ਹਨ। ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜਿਹੜੇ ਮੈਥੋਂ ਗਿਣੇ ਭੀ ਨਹੀਂ ਜਾ ਸਕਦੇ। (ਭਲਾ) ਨਾਨਕ (ਵਿਚਾਰਾ) ਕੀਹ ਵਿਚਾਰ ਕਰ ਸਕਦਾ ਹੈ?
*ਸ਼ਬਦ* – ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
*ਪਦ ਅਰਥ*: ਸਚੁ = ਥਿਰ ਰਹਿਣ ਵਾਲਾ, ਅਟੱਲ। ਨਾਈ = ਵਡਿਆਈ। ਹੋਸੀ = ਹੋਵੇਗਾ, ਥਿਰ ਰਹੇਗਾ। ਜਾਇ ਨ = ਜੰਮਦਾ ਨਹੀਂ। ਨ ਜਾਸੀ = ਨਾਹ ਹੀ ਮਰੇਗਾ। ਜਿਨਿ = ਜਿਸ ਅਕਾਲ ਪੁਰਖ ਨੇ। ਰਚਾਈ = ਪੈਦਾ ਕੀਤੀ ਹੈ।
*ਅਰਥ*: ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ, ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਮਰੇਗਾ। ਉਹ ਅਕਾਲ ਪੁਰਖ ਸਦਾ-ਥਿਰ ਹੈ, ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ।
*ਸ਼ਬਦ* – ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥
*ਪਦ ਅਰਥ*: ਰੰਗੀ ਰੰਗੀ = ਰੰਗਾਂ ਰੰਗਾਂ ਦੀ, ਕਈ ਰੰਗਾਂ ਦੀ। ਭਾਤੀ = ਕਈ ਕਿਸਮਾਂ ਦੀ। ਕਰਿ ਕਰਿ = ਪੈਦਾ ਕਰ ਕੇ। ਜਿਨਸੀ = ਕਈ ਜਿਨਸਾਂ ਦੀ। ਜਿਨਿ = ਜਿਸ ਅਕਾਲ ਪੁਰਖ ਨੇ। ਵੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਹੋਇਆ ਜਗਤ। ਜਿਵ = ਜਿਵੇਂ। ਵਡਿਆਈ = ਰਜ਼ਾ।
*ਅਰਥ*: ਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ, ਉਹ ਜਿਵੇਂ ਉਸ ਦੀ ਰਜ਼ਾ ਹੈ, (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।
*ਸ਼ਬਦ* – ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥੨੭॥
*ਪਦ ਅਰਥ*: ਕਰਸੀ = ਕਰੇਗਾ। ਨ ਕਰਣਾ ਜਾਇ = ਨਹੀਂ ਕੀਤਾ ਜਾ ਸਕਦਾ। ਸਾਹਾ ਪਾਤਿ ਸਾਹਿਬੁ = ਸ਼ਾਹਾਂ ਦਾ ਪਾਤਿਸ਼ਾਹ। ਰਹਣੁ = ਰਹਿਣਾ (ਹੋ ਸਕਦਾ ਹੈ) , ਰਹਿਣਾ ਫਬਦਾ ਹੈ। ਰਜਾਈ = ਅਕਾਲ ਪੁਰਖ ਦੀ ਰਜ਼ਾ ਵਿਚ।
*ਅਰਥ*: ਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ (ਉਸ ਨੂੰ ਇਹ ਨਹੀਂ ਆਖ ਸਕਦੇ-‘ਇਉਂ ਨ ਕਰੀਂ, ਇਉਂ ਕਰ’) । ਅਕਾਲ ਪੁਰਖ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ (ਹੀ ਫਬਦਾ ਹੈ) । 27।
*ਨੋਟ*: ਪਉਣ, ਪਾਣੀ ਬੈਸੰਤਰ, ਆਦਿਕ ਅਚੇਤਨ ਪਦਾਰਥ ਕਿਵੇਂ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰ ਰਹੇ ਹਨ? ਇਸ ਦਾ ਭਾਵ ਇਹ ਹੈ ਕਿ ਉਸ ਦੇ ਪੈਦਾ ਕੀਤੇ ਸਾਰੇ ਤੱਤ ਭੀ ਉਸ ਦੀ ਰਜ਼ਾ ਵਿਚ ਤੁਰ ਰਹੇ ਹਨ। ਰਜ਼ਾ ਵਿਚ ਤੁਰਨਾ ਉਸ ਦੀ ਸਿਫ਼ਤਿ-ਸਾਲਾਹ ਕਰਨੀ ਹੈ।
*ਭਾਵ*: ਕਈ ਰੰਗਾਂ ਦੀ, ਕਈ ਕਿਸਮਾਂ ਦੀ, ਕਈ ਜਿਨਸਾਂ ਦੀ, ਬੇਅੰਤ ਰਚਨਾ ਕਰਤਾਰ ਨੇ ਰਚੀ ਹੈ। ਇਸ ਬੇਅੰਤ ਸ੍ਰਿਸ਼ਟੀ ਦੀ ਸੰਭਾਲ ਭੀ ਉਹ ਆਪ ਹੀ ਕਰ ਰਿਹਾ ਹੈ, ਕਿਉਂਕਿ ਉਹ ਆਪ ਹੀ ਇਕ ਐਸਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ। ਜਗਤ ਵਿਚ ਐਸਾ ਕੌਣ ਹੈ ਜੋ ਇਹ ਦਮ ਮਾਰ ਸਕੇ ਕਿ ਕਿਹੋ ਜਿਹੇ ਅਸਥਾਨ ‘ਤੇ ਬੈਠ ਕੇ ਉਹ ਸਿਰਜਨਹਾਰ ਇਸ ਬੇਅੰਤ ਰਚਨਾ ਦੀ ਸੰਭਾਲ ਕਰਦਾ ਹੈ? ਕਿਸੇ ਮਨੁੱਖ ਦੀ ਐਸੀ ਪਾਂਇਆਂ ਹੀ ਨਹੀਂ। ਮਨੁੱਖ ਨੂੰ, ਬੱਸ! ਇਕੋ ਗੱਲ ਫਬਦੀ ਹੈ ਕਿ ਪ੍ਰਭੂ ਦੀ ਰਜ਼ਾ ਵਿਚ ਰਹੇ। ਇਹੀ ਹੈ ਵਸੀਲਾ ਪ੍ਰਭੂ ਨਾਲੋਂ ਵਿੱਥ ਮਿਟਾਣ ਦਾ, ਤੇ ਇਹੀ ਹੈ ਇਸ ਦੇ ਜੀਵਨ ਦਾ ਮਨੋਰਥ। ਵੇਖੋ! ਹਵਾ, ਪਾਣੀ ਆਦਿਕ ਤੱਤਾਂ ਤੋਂ ਲੈ ਕੇ ਉੱਚੇ ਜੀਵਨ ਵਾਲੇ ਮਹਾਂ ਪੁਰਖਾਂ ਤਕ ਸਭ ਆਪੋ ਆਪਣੀ ਹੋਂਦ ਦੇ ਮਨੋਰਥ ਨੂੰ ਸਫਲ ਕਰ ਰਹੇ ਹਨ, ਭਾਵ, ਉਸ ਦੇ ਹੁਕਮ ਵਿਚ ਮਿਲੀ ਕਾਰ ਕਰੀ ਜਾ ਰਹੇ ਹਨ। 27।
*ਨੋਟ*: ਇਸ ਤੋਂ ਅਗਾਂਹ ਨੰ: 28 ਤੋਂ 31 ਤਕ ਚਾਰ ਪਉੜੀਆਂ ਦਾ ਸਮੁੱਚਾ ਭਾਵ ਇਹ ਹੈ ਕਿ ਸਾਰੇ ਸੰਸਾਰ ਦੇ ਪੈਦਾ ਕਰਨ ਵਾਲੇ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਹੀ ਰਜ਼ਾ ਵਿਚ ਟਿਕਾ ਕੇ ਪ੍ਰਭੂ ਨਾਲੋਂ ਜੀਵ ਦੀ ਵਿੱਥ ਮੇਟ ਸਕਦਾ ਹੈ।
*ਸ਼ਬਦ* – ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
*ਪਦ ਅਰਥ*: ਮੁੰਦਾ = ਮੁੰਦਰਾਂ। ਸਰਮੁ = ਉੱਦਮ, ਮਿਹਨਤ। ਪਤੁ = ਪਾਤ੍ਰ ਖੱਪਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਸ਼ਬਦ ਤਿੰਨਾਂ ਰੂਪਾਂ ਵਿਚ ਆਉਂਦਾ ਹੈ, ‘ਪਤਿ’ ‘ਪਤ’ ‘ਪਤੁ’। ਪੰਜਾਬੀ ਵਿਚ ਭਾਵੇਂ ਇਹ ਇਕੋ ਸ਼ਬਦ ਹੀ ਪਰਤੀਤ ਹੁੰਦਾ ਹੋਵੇ, ਪਰ ਇਹ ਵਖੋ-ਵਖਰੇ ਤ੍ਰੈਵੇ ਹੀ ਸੰਸਕ੍ਰਿਤ ਵਿਚੋਂ ਆਏ ਹਨ। ਸ਼ਬਦ ‘ਪਤਿ’ ਦਾ ਸੰਸਕ੍ਰਿਤ ਵਿਚ ਅਰਥ ਹੈ ‘ਖਸਮ, ਮਾਲਕ’। ਪੰਜਾਬੀ ਵਿਚ ਇਸ ਦਾ ਇਕ ਹੋਰ ਅਰਥ ਭੀ ਵਰਤਿਆ ਜਾਂਦਾ ਹੈ ‘ਇਜ਼ਤ, ਅਬਰੋਇ’।
ਸ਼ਬਦ ‘ਪਤੁ’ ਇਕ-ਵਚਨ ਹੈ। ਸੰਸਕ੍ਰਿਤ ਵਿਚ ‘ਪਾਤ੍ਰ’ ਹੈ ਜਿਸ ਦਾ ਅਰਥ ਹੈ ‘ਭਾਂਡਾ, ਪਿਆਲਾ, ਖੱਪਰ’। ਇਸ ਦਾ ਬਹੁ-ਵਚਨ ‘ਪਤ’ ਹੈ, ਪਰ ਇਸ ਉਪਰ ਲਿਖੇ ਅਰਥ ਵਿਚ ਇਹ ਸ਼ਬਦ ‘ਪਤ’ ਸ੍ਰੀ ਗੁਰੂ ਗ੍ਰਥ ਸਾਹਿਬ ਜੀ ਵਿਚ ਨਹੀਂ ਆਇਆ। ਸੋ ਸ਼ਬਦ ‘ਪਤ’ ਵਾਸਤੇ ਸੰਸਕ੍ਰਿਤ ਵਿਚ ਇਕ ਹੋਰ ਸ਼ਬਦ ਹੈ ‘ਪਤ੍ਰ’, ਜਿਸ ਦਾ ਅਰਥ ਹੈ ‘ਰੁੱਖਾਂ ਦੇ ਪੱਤਰ’।
ਕਰਹਿ = ਜੇ ਤੂੰ ਬਣਾਏਂ। ਬਿਭੂਤਿ = ਗੋਹਿਆਂ ਦੀ ਸੁਆਹ। ਖਿੰਥਾ = ਗੋਦੜੀ। ਕਾਲੁ = ਮੌਤ। ਕੁਆਰੀ ਕਾਇਆ = ਕੁਆਰਾ ਸਰੀਰ, ਵਿਸ਼ੇ = ਵਿਕਾਰਾਂ ਤੋਂ ਬਚਿਆ ਹੋਇਆ ਸਰੀਰ, ਵਿਕਾਰਾਂ ਤੋਂ ਅਛੋਹ ਕਾਇਆਂ। ਜੁਗਤਿ = ਜੋਗ ਮੱਤ ਦੀ ਰਹਿਤ। ਪਰਤੀਤ = ਸ਼ਰਧਾ, ਯਕੀਨ।
*ਅਰਥ*: (ਹੇ ਜੋਗੀ!) ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇ, ਮਿਹਨਤ ਨੂੰ ਖੱਪਰ ਤੇ ਝੋਲੀ, ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ (ਪਿੰਡੇ ਤੇ ਮਲੇਂ) , ਮੌਤ (ਦਾ ਭਉ) ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ (ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ) ।
*ਸ਼ਬਦ* – ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥
*ਪਦ ਅਰਥ*: ਆਈ ਪੰਥੁ = ਜੋਗੀਆਂ ਦੇ 12 ਫ਼ਿਰਕੇ ਹਨ, ਉਹਨਾਂ ਵਿਚੋਂ ਸਬ ਤੋਂ ਉੱਚਾ ‘ਆਈ ਪੰਥ’ ਗਿਣਿਆ ਜਾਂਦਾ ਹੈ। ਪੰਥੀ = ਆਈ ਪੰਥ ਵਾਲਾ, ਆਈ ਪੰਥ ਨਾਲ ਸੰਬੰਧ ਰੱਖਣ ਵਾਲਾ। ਸਗਲ = ਸਾਰੇ ਜੀਵ। ਜਮਾਤੀ = ਇਕੋ ਹੀ ਪਾਠਸ਼ਾਲਾ ਵਿਚ, ਇਕੋ ਹੀ ਸ਼੍ਰੇਣੀ ਵਿਚ ਪੜ੍ਹਨ ਵਾਲੇ, ਇੱਕ ਥਾਂ ਮਿਲ ਬੈਠਣ ਵਾਲੇ ਮਿੱਤਰ ਸੱਜਣ। ਮਨਿ ਜੀਤੈ = ਮਨ ਨੂੰ ਜਿੱਤਿਆਂ, ਜੇ ਮਨ ਜਿੱਤਿਆ ਜਾਏ। ਇਹੋ ਜਿਹੇ ਵਾਕੰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਆਉਂਦੇ ਹਨ, ਜਿਵੇਂ:
ਨਾਇ ਵਿਸਾਰਿਐ = ਜੇ ਨਾਮ ਵਿਸਾਰ ਜਾਏ।
ਨਾਇ ਮੰਨਿਐ = ਜੇ ਨਾਮ ਮੰਨ ਲਈਏ।
ਆਦੇਸੁ = ਪਰਣਾਮ। ਤਿਸੈ = ਉਸੇ ਹੀ ਅਕਾਲ ਪੁਰਖ ਨੂੰ। ਆਦਿ = ਮੁੱਢ ਤੋਂ। ਅਨੀਲੁ ਕਲੰਕ ਰਹਿਤ, ਪਵਿੱਤਰ, ਸੁੱਧ ਸਰੂਪ। ਅਨਾਦਿ = ਜਿਸ ਦਾ ਕੋਈ ਮੁੱਢ ਨਹੀਂ ਹੈ। ਅਨਾਹਤਿ = (ਅਨ-ਆਹਤਿ) , ਆਹਤਿ-ਨਾਸ, ਖੈ, (ਇਸ ਸ਼ਬਦ ਦਾ ਸੰਸਕ੍ਰਿਤ ਧਾਤੂ ‘ਹਨ’ ਹੈ, ਜਿਸ ਦਾ ਅਰਥ ਹੈ ‘ਮਾਰਨਾ, ਨਾਸ ਕਰਨਾ’) ਅਨਾਹਤਿ = ਨਾਸ ਰਹਿਤ, ਇਕ-ਰਸ। ਜੁਗੁ ਜੁਗੁ-ਹਰੇਕ ਜੁਗ ਵਿਚ, ਸਦਾ। ਵੇਸੁ = ਰੂਪ।
*ਅਰਥ*: ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ (ਅਸਲ ਵਿਚ) ਉਹੀ ਆਈ ਪੰਥ ਵਾਲਾ ਹੈ। ਜੇ ਆਪਣਾ ਮਨ ਜਿੱਤਿਆ ਜਾਏ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ (ਭਾਵ, ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ) । (ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ) , ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। 28।
*ਭਾਵ*: ਜੋਗ-ਮਤ ਦੇ ਖਿੰਥਾ, ਮੁੰਦਰਾ, ਝੋਲੀ ਆਦਿਕ ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਜੋਗੇ ਨਹੀਂ ਹਨ। ਜਿਉਂ ਜਿਉਂ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਜੁੜੋਗੇ, ਸੰਤੋਖ ਵਾਲਾ ਜੀਵਨ ਬਣੇਗਾ, ਤੇ ਸਾਰੀ ਖ਼ਲਕਤ ਵਿਚ ਉਹ ਪ੍ਰਭੂ ਵੱਸਦਾ ਦਿੱਸੇਗਾ। 28।
*ਸ਼ਬਦ* – ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥ ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥
*ਪਦ ਅਰਥ*: ਭੁਗਤਿ = ਚੂਰਮਾ। ਭੰਡਾਰਣਿ = ਭੰਡਾਰਾ ਵਰਤਾਣ ਵਾਲੀ। ਘਟਿ ਘਟਿ = ਹਰੇਕ ਸਰੀਰ ਵਿਚ। ਵਾਜਹਿ = ਵੱਜ ਰਹੇ ਹਨ। ਨਾਦ = ਸ਼ਬਦ। (ਜੋਗੀ ਭੰਡਾਰਾ ਖਾਣ ਵੇਲੇ ਇਕ ਨਾਦੀ ਵਜਾਂਦੇ ਹਨ, ਜੋ ਉਹਨਾਂ ਆਪਣੇ ਗਲ ਵਿਚ ਲਟਕਾਈ ਹੁੰਦੀ ਹੈ) । ਆਪਿ = ਅਕਾਲ ਪੁਰਖ ਆਪ। ਨਾਥੀ = ਨੱਥੀ ਹੋਈ, ਵੱਸ ਵਿਚ। ਸਭ = ਸਾਰੀ ਸ੍ਰਿਸ਼ਟੀ। ਰਿਧਿ = ਪਰਤਾਪ, ਵਡਿਆਈ। ਸਿਧਿ = ਜੋਗੀਆਂ ਵਿਚ ਅੱਠ ਵੱਡੀਆਂ ਸਿੱਧੀਆਂ ਮੰਨੀਆਂ ਗਈਆਂ ਹਨ। ‘ਸਿਧਿ ਦੇ ਅਖਰੀ ਅਰਥ ਹਨ ‘ਸਫ਼ਲਤਾ’ ਕਰਾਮਾਤ। (ਅੱਠ ਸਿੱਧੀਆਂ ਇਹ ਹਨ: ‘ਅਣਿਮਾ, ਲਘਿਮਾ, ਪ੍ਰਾਪਤੀ, ਪ੍ਰਾਕਾਮਯ, ਮਹਿਮਾ, ਈਸ਼ਿੱਤ੍ਰ, ਵਸ਼ਿਤ੍ਰ, ਕਾਮਾਵਸਾਇਤਾ। ਅਣਿਮਾ = ਇਕ ਅਣੂ (ਕਿਣਕੇ) ਜਿਤਨਾ ਛੋਟਾ ਬਣ ਜਾਣਾ। ਲਘਿਮਾ = ਬਹੁਤ ਹੀ ਹੌਲੇ ਭਾਰ ਦਾ ਹੋ ਜਾਣਾ। ਪ੍ਰਾਪਤੀ = ਹਰੇਕ ਪਦਾਰਥ ਪ੍ਰਾਪਤ ਕਰਨ ਦੀ ਸਮਰਥਾ। ਪ੍ਰਾਕਾਮਯ = ਸੁਤੰਤਰ ਮਰਜ਼ੀ, ਜਿਸ ਦੀ ਕੋਈ ਵਿਰੋਧਤਾ ਨਾਹ ਕਰ ਸਕੇ। ਮਹਿਮਾ = ਆਪਣੇ ਆਪ ਨੂੰ ਜਿਤਨਾ ਚਾਹੇ ਉਤਨਾ ਵੱਡਾ ਬਣਾਉਣ ਦੀ ਤਾਕਤ। ਈਸ਼ਿੱਤ੍ਰ = ਪ੍ਰਭਤਾ। ਵਸ਼ਿਤ੍ਰ = ਦੂਜੇ ਨੂੰ ਆਪਣੇ ਵੱਸ ਵਿਚ ਕਰ ਲੈਣਾ। ਕਾਮਾਵਾਸਾਇਤਾ = ਕਾਮ ਆਦਿਕ ਵਿਕਾਰਾਂ ਨੂੰ ਕਾਬੂ ਵਿਚ ਰੱਖਣ ਦਾ ਬਲ।) ਅਵਰਾ = ਹੋਰ, ਅਕਾਲ ਪੁਰਖ ਤੋਂ ਲਾਂਭ ਵਲ ਲੈ ਜਾਣ ਵਾਲੇ। ਸਾਦ = ਸੁਆਦ, ਚਸਕੇ। ਸੰਜੋਗੁ = ਮੇਲ, ਅਕਾਲ ਪੁਰਖ ਦੀ ਰਜ਼ਾ ਦਾ ਉਹ ਅੰਸ਼ ਜਿਸ ਨਾਲ ਜੀਵ ਮਿਲਦੇ ਹਨ, ਜਾਂ ਸੰਸਾਰ ਦੇ ਹੋਰ ਕਾਰਜ ਹੁੰਦੇ ਹਨ। ਵਿਜੋਗੁ = ਵਿਛੋੜਾ, ਅਕਾਲ ਪੁਰਖ ਦੀ ਰਜ਼ਾ ਦਾ ਉਹ ਅੰਸ਼ ਜਿਸ ਦੀ ਰਾਹੀਂ ਜੀਵ ਵਿਛੜਦੇ ਹਨ, ਜਾਂ ਕੋਈ ਹੋਂਦ ਵਾਲੇ ਪਦਾਰਥ ਨਾਸ ਹੋ ਜਾਂਦੇ ਹਨ। ਦੁਇ = ਦੋਵੇਂ। ਕਾਰ = ਸੰਸਾਰ ਦੀ ਕਾਰ। ਚਲਾਵਹਿ = ਚਲਾ ਰਹੇ ਹਨ। (ਜੋਗੀਆਂ ਵਿਚ ਭੰਡਾਰੇ ਵਾਸਤੇ ਇਕ ਮਨੁੱਖ ਰਸਦ ਲਿਆਉਣ ਵਾਲਾ ਹੁੰਦਾ ਹੈ; ਇਹ ਅਕਾਲ ਪੁਰਖ ਦੀ ‘ਸੰਜੋਗੁ’-ਰੂਪ ਸੱਤਾ ਸਮਝ ਲਵੋ। ਦੂਜਾ ਵਰਤਾਣ ਵਾਲਾ ਹੁੰਦਾ ਹੈ, ਜੋ ‘ਵਿਜੋਗੁ’ ਸਤਾ ਹੈ) । ਲੇਖੇ = ਕੀਤੇ ਕਰਮਾਂ ਦੇ ਲੇਖੇ ਅਨੁਸਾਰ। ਆਵਹਿ-ਆਉਂਦੇ ਹਨ, ਮਿਲਦੇ ਹਨ। ਭਾਗ-ਆਪੋ ਆਪਣੇ ਹਿੱਸੇ, ਆਪਣੇ ਆਪਣੇ ਛਾਂਦੇ। (ਜੋਗੀ ਭੰਡਾਰਾ ਵਰਤਾਣ ਵੇਲੇ ਹਰੇਕ ਨੂੰ ਦਰਜਾ-ਬ-ਦਰਜਾ ਛਾਂਦਾ ਦੇਈ ਜਾਂਦੇ ਹਨ, ਅਕਾਲ ਪੁਰਖ ਦੀਆਂ ‘ਸੰਜੋਗੁ’ ‘ਵਿਜੋਗੁ’ ਸੱਤਾ ਸਭ ਜੀਵਾਂ ਨੂੰ ਉਹਨਾਂ ਦੇ ਕੀਤੇ ਕਰਮਾਂ ਦੇ ਲੇਖ ਅਨੁਸਾਰ ਸੁਖ ਦੁਖ ਦੇ ਛਾਂਦੇ ਵਰਤਾ ਰਹੀਆਂ ਹਨ) ।
*ਅਰਥ*: (ਹੇ ਜੋਗੀ! ਜੇ) ਅਕਾਲ ਪੁਰਖ ਦੀ ਸਰਬ-ਵਿਆਪਕਤਾ ਦਾ ਗਿਆਨ ਤੇਰੇ ਲਈ ਭੰਡਾਰਾ (ਚੂਰਮਾ) ਹੋਵੇ, ਦਇਆ ਇਸ (ਗਿਆਨ-ਰੂਪ) ਭੰਡਾਰੇ ਦੀ ਵਰਤਾਈ ਹੋਵੇ, ਹਰੇਕ ਜੀਵ ਦੇ ਅੰਦਰ ਜਿਹੜੀ (ਜ਼ਿੰਦਗੀ ਦੀ ਰੌ ਚੱਲ ਰਹੀ ਹੈ, (ਭੰਡਾਰਾ ਛਕਣ ਵੇਲੇ ਜੇ ਤੇਰੇ ਅੰਦਰ) ਇਹ ਨਾਦੀ ਵੱਜ ਰਹੀ ਹੋਵੇ, ਤੇਰਾ ਨਾਥ ਆਪ ਅਕਾਲ ਪੁਰਖ ਹੋਵੇ, ਜਿਸ ਦੇ ਵੱਸ ਵਿਚ ਸਾਰੀ ਸ੍ਰਿਸ਼ਟੀ ਹੈ, (ਤਾਂ ਕੂੜ ਦੀ ਕੰਧ ਤੇਰੇ ਅੰਦਰੋਂ ਟੁੱਟ ਕੇ ਪਰਮਾਤਮਾ ਨਾਲੋਂ ਤੇਰੀ ਵਿੱਥ ਮਿਟ ਸਕਦੀ ਹੈ। ਜੋਗ ਸਾਧਨਾਂ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਵਿਅਰਥ ਹਨ, ਇਹ) ਰਿੱਧੀਆਂ ਤੇ ਸਿੱਧੀਆਂ (ਤਾਂ) ਕਿਸੇ ਹੋਰ ਪਾਸੇ ਖੜਨ ਵਾਲੇ ਸੁਆਦ ਹਨ। ਅਕਾਲ ਪੁਰਖ ਦੀ “ਸੰਜੋਗ” ਸੱਤਾ ਤੇ “ਵਿਜੋਗ” ਸੱਤਾ ਦੋਵੇਂ (ਮਿਲ ਕੇ ਇਸ ਸੰਸਾਰ ਦੀ) ਕਾਰ ਨੂੰ ਚਲਾ ਰਹੀਆਂ ਹਨ (ਭਾਵ, ਪਿਛਲੇ ਸੰਜੋਗਾਂ ਕਰ ਕੇ ਟੱਬਰ ਆਦਿਕਾਂ ਦੇ ਜੀਵ ਇੱਥੇ ਆ ਇਕੱਠੇ ਹੁੰਦੇ ਹਨ। ਰਜ਼ਾ ਵਿਚ ਫਿਰ ਵਿਛੜ ਵਿਛੜ ਕੇ ਆਪੋ-ਆਪਣੀ ਵਾਰੀ ਇੱਥੋਂ ਤੁਰ ਜਾਂਦੇ ਹਨ) ਅਤੇ (ਸਭ ਜੀਵਾਂ ਦੇ ਕੀਤੇ ਕਰਮਾਂ ਦੇ) ਲੇਖ ਅਨੁਸਾਰ (ਦਰਜਾ-ਬ-ਦਰਜਾ ਸੁਖ ਦੁਖ ਦੇ) ਛਾਂਦੇ ਮਿਲ ਰਹੇ ਹਨ (ਜੇ ਇਹ ਯਕੀਨ ਬਣ ਜਾਏ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਜਾਂਦੀ ਹੈ।)
*ਸ਼ਬਦ* – ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥
*ਅਰਥ*: (ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ) , ਜੋ ਨਾਸ ਰਹਿਤ ਹੈ ਅਤੇ ਜੋ ਸਦਾ ਇਕੋ ਜਿਹਾ ਰਹਿੰਦਾ ਹੈ। 29।
*ਭਾਵ*: ਸਿਮਰਨ ਦੀ ਬਰਕਤਿ ਨਾਲ ਇਹ ਗਿਆਨ ਪੈਦਾ ਹੋਵੇਗਾ ਕਿ ਪ੍ਰਭੂ ਸਭ ਥਾਂ ਭਰਪੂਰ ਹੈ ਤੇ ਸਭ ਦਾ ਸਾਈਂ ਹੈ, ਉਸ ਦੀ ਰਜ਼ਾ ਵਿਚ ਜੀਵ ਇੱਥੇ ਆ ਇਕੱਠੇ ਹੁੰਦੇ ਹਨ ਤੇ ਰਜ਼ਾ ਵਿਚ ਹੀ ਇਥੋਂ ਤੁਰ ਪੈਂਦੇ ਹਨ। ਇਹ ਗਿਆਨ ਪੈਦਾ ਹੋਇਆ ਖਲਕਤ ਨਾਲ ਪਿਆਰ ਕਰਨ ਦੀ ਜਾਚ ਆਵੇਗੀ। ਜੋਗ-ਅਭਿਆਸ ਦੀ ਰਾਹੀਂ ਪ੍ਰਾਪਤ ਹੋਈਆਂ ਰਿੱਧੀਆਂ ਸਿੱਧੀਆਂ ਨੂੰ ਉੱਚਾ ਜੀਵਨ ਸਮਝ ਲੈਣਾ ਭੁੱਲ ਹੈ। ਇਹ ਤਾਂ ਸਗੋਂ ਕੁਰਾਹੇ ਲੈ ਜਾਂਦੀਆਂ ਹਨ। (ਇਹਨਾਂ ਦੀ ਸਹਾਇਤਾ ਨਾਲ ਜੋਗੀ ਲੋਕ ਆਮ ਜਨਤਾ ਉੱਤੇ ਦਬਾਉ ਪਾ ਕੇ ਉਹਨਾਂ ਨੂੰ ਇਨਸਾਨੀਅਤ ਤੋਂ ਡੇਗਦੇ ਹਨ) । 29।
ਇਸ ਪਉੜੀ ਦੇ ਅਰਥ ਕਰਨ ਤੋਂ ਪਹਿਲਾ ਜੇ ਆਪਾ ਆਸਾ ਕੀ ਵਾਰ ਦੀ ਪਹਿਲੀ ਪਉੜੀ “ਆਪੀਨੈ ਆਪੁ ਸਾਜਿਓ ਅਪੀਨੈ ਰਚਿਓ ਨਾਉਂ “ ਤੇ ਭਗਤ ਨਾਮ ਦੇਵ ਜੀ ਦੇ ਸ਼ਬਦ “ ਪਹਿਲ ਪੁਰਸਾਬਰਾ । ਅਥੋਨ ਪੁਰਸਾਦਮਰਾ” ਨੂੰ ਧਿਆਨ ਵਿੱਚ ਰੱਖਾਂ ਗੇ ਤਾਂ ਅਰਥ ਸਮਝ ਆ ਜਾਣਗੇ।
*ਸ਼ਬਦ* – ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
*ਪਦ ਅਰਥ*: ਏਕਾ = ੧ਓ ( ਪਰਮਾਤਮਾ)। ਮਾਈ = ਮਾਇਆ। ਜੁਗਤਿ = ਜੁਗਤੀ ਨਾਲ, ਤਰੀਕੇ ਨਾਲ। ਵਿਆਈ = ਬੀਜੀ ਗਈ, ਰਚਨਾ ਕੀਤੀ,ਪ੍ਰਸੂਤ ਹੋਈ। ਤਿਨਿ = ਇਸ ਲਫ਼ਜ਼ ਦੇ ਤਿੰਨ ਸਰੂਪ ਹਨ: ‘ਤਿਨ’, ਤਿਨਿ ਅਤੇ ‘ਤੀਨਿ’। ‘ਤੀਨਿ’ ਦਾ ਅਰਥ ਹੈ ਤ੍ਰੈ। ‘ਤਿਨਿ’ ਦਾ ਅਰਥ ਭੀ ‘ਤ੍ਰੈ’ ਹੈ, ਪਰ ਇਸ ਦਾ ਅਰਥ ਹੋਰ ਭੀ ਹੈ।
‘ਤਿਨ’ ਪੜਨਾਂਵ ਬਹੁ-ਵਚਨ ਹੈ ਅਤੇ ‘ਤਿਨਿ’ ਪੜਨਾਂਵ ਇਕ-ਵਚਨ ਹੈ।
ਇਹਨਾਂ ਦੇ ਟਾਕਰੇ ‘ਤੇ ‘ਜਿਨ’ ਬਹੁ-ਵਚਨ ਤੇ ‘ਜਿਨਿ’ ਇਕ-ਵਚਨ।
(1) ਤਿਨਿ = ਉਸ ਮਨੁੱਖ ਨੇ (ਇਕ-ਵਚਨ)
‘ਜਿਨਿ ਸੇਵਿਆ ਤਿਨਿ ਪਾਇਆ ਮਾਨੁ’। (ਪਉੜੀ 5
(2) ਤਿਨ = ਉਹਨਾਂ ਮਨੁੱਖਾਂ ਨੇ (ਬਹੁ-ਵਚਨ) ।
ਜਿਨ ਹਰਿ ਜਪਿਆ ਤਿਨ ਫਲੁ ਪਾਇਆ,
ਸਭਿ ਤੂਟੇ ਮਾਇਆ ਫੰਦੇ।3।
ਪਰਵਾਣੁ-ਸ਼ਬਦ ‘ਪਰਵਾਣੁ’ ਵਲ ਭੀ ਰਤਾ ਗਹੁ ਕਰਨ ਦੀ ਲੋੜ ਹੈ। ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ:
(1) ਪੰਚ ਪਰਵਾਣ, ਪੰਚ ਪਰਧਾਨੁ। (ਪਉੜੀ 16)
(2) ਅਮੁਲੁ ਤੁਲੁ, ਅਮੁਲੁ ਪਰਵਾਣੁ। (ਪਉੜੀ 26)
(3) ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।
(4) ਤਿਥੈ ਸੋਹਨਿ ਪੰਚ ਪਰਵਾਣੁ। (ਪਉੜੀ 34)
ਸੰਸਕ੍ਰਿਤ ਵਿਚ ਇਹ ਸ਼ਬਦ ‘ਪ੍ਰਮਾਣ’ ਹੈ, ਜਿਸ ਦੇ ਕਈ ਅਰਥ ਹਨ, ਜਿਵੇਂ:
(ੳ) ਵੱਟਾ
(ਅ) ਵਿੱਤ
(ੲ) ਸਬੂਤ, ਗਵਾਹੀ।
(ਸ) ਇਖ਼ਤਿਆਰ ਵਾਲਾ ਮੰਨਿਆ-ਪ੍ਰਮੰਨਿਆ। ਇਸ ਅਰਥ ਵਿਚ ਇਹ ਸ਼ਬਦ ਦੋ ਤਰ੍ਹਾਂ ਵਰਤਿਆ ਜਾਂਦਾ ਹੈ। ਜਿਵੇਂ, ‘ਵਿਆਕਰਣੇ ਪਾਣਿਨਿ ਪ੍ਰਮਾਣੰ’ ਅਤੇ ‘ਵੇਦਾਹ ਪ੍ਰਮਾਣਾਹ’, ਭਾਵ, ਇਕ-ਵਚਨ ਵਿਚ ਭੀ ਤੇ ਬਹੁ-ਵਚਨ ਵਿਚ ਭੀ।
ਸੋ, ਤੁਕ ਨੰ: 1 ਵਿਚ ‘ਪਰਵਾਣ’ (ਬਹੁ-ਵਚਨ) ਦਾ ਅਰਥ ਹੈ ‘ਮੰਨੇ-ਪ੍ਰਮੰਨੇ ਹੋਏ’। ਤੁਕ ਨੰ: 2 ਵਿਚ ‘ਪਰਵਾਣੁ’ (ਇਕ-ਵਚਨ) ਦਾ ਅਰਥ ਹੈ ‘ਵੱਟਾ’। ਤੁਕ ਨੰ: 3, 4 ਵਿਚ ‘ਪਰਵਾਣੁ’ (ਇਕ-ਵਚਨ) ਦਾ ਅਰਥ ਹੈ ‘ਮੰਨੇ-ਪ੍ਰਮੰਨੇ ਤੌਰ ‘ਤੇ, ਪਰਤੱਖ ਤੌਰ ‘ਤੇ’।
ਪਰਵਾਣੁ = ਪਰਤੱਖ। ਸੰਸਾਰੀ = ਘਰਬਾਰੀ। ਭੰਡਾਰੀ = ਭੰਡਾਰੇ ਦਾ ਮਾਲਕ, ਰਿਜ਼ਕ ਦੇਣ ਵਾਲਾ। ਲਾਏ = ਲਾਉਂਦਾ ਹੈ। ਦੀਬਾਣੁ = ਦਰਬਾਰ, ਕਚਹਿਰੀ।
*ਅਰਥ*: ਇੱਕ ਪਰਮਾਤਮਾ, ( ਅਪਣੇ ਆਪ ਤੋਂ ਪੈਦਾ ਹੋਇਆਂ ) (ਫਿਰ ਉਸਨੇ) ਮਾਇਆ (ਪੈਦਾ ਕੀਤੀ ਮਾਇਆ (ਤੋਂ ਕਿਸੇ) ਜੁਗਤੀ ਨਾਲ (ਸੰਸਾਰ ਦੀ ਰਚਨਾ ਕੀਤੀ) (ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ ਇਸ ਰਚਨਾ ਤੋ ) ਪਰਤੱਖ ਤੌਰ ‘ਤੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ) , ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ) , ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ) ।
*ਸ਼ਬਦ* – ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥
*ਪਦ ਅਰਥ*: ਜਿਵ = ਜਿਵੇਂ, ਜਿਸ ਤਰ੍ਹਾਂ। ਤਿਸੁ = ਉਸ ਅਕਾਲ ਪੁਰਖ ਨੂੰ। ਚਲਾਵੈ-(ਸੰਸਾਰ ਦੀ ਕਾਰ) ਤੋਰਦਾ ਹੈ। ਫੁਰਮਾਣੁ = ਹੁਕਮ। ਓਹੁ = ਅਕਾਲ ਪੁਰਖ। ਓਨਾ = ਜੀਵਾਂ ਨੂੰ। ਨਦਰਿ ਨ ਆਵੈ = ਦਿਸਦਾ ਨਹੀਂ। ਵਿਡਾਣੁ = ਅਸਚਰਜ ਕੌਤਕ।
*ਅਰਥ*: (ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ)। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਨੂੰ ਵੇਖ ਰਿਹਾ ਹੈ ਪਰ ੲਿਨ੍ਹਾ ( ਨੂੰ ਅਕਾਲ ਪੁਰਖ ਨਹੀਂ ਦਿੱਸਦਾ।
*ਸ਼ਬਦ* – ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥
*ਅਰਥ*: (ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ) , ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ) । 30।
*ਭਾਵ*: ਜਿਉਂ ਜਿਉਂ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ, ਤਿਉਂ ਤਿਉਂ ਉਸ ਨੂੰ ਇਹ ਖ਼ਿਆਲ ਕੱਚੇ ਜਾਪਦੇ ਹਨ ਕਿ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਕੋਈ ਵੱਖਰੀਆਂ ਹਸਤੀਆਂ ਜਗਤ ਦਾ ਪਰਬੰਧ ਚਲਾ ਰਹੀਆਂ ਹਨ। ਸਿਮਰਨ ਵਾਲੇ ਨੂੰ ਯਕੀਨ ਹੈ ਕਿ ਪ੍ਰਭੂ ਆਪ ਆਪਣੀ ਰਜ਼ਾ ਵਿਚ ਆਪਣੇ ਹੁਕਮ ਅਨੁਸਾਰ ਜਗਤ ਦੀ ਕਾਰ ਚਲਾ ਰਿਹਾ ਹੈ, ਭਾਵੇਂ ਜੀਵਾਂ ਨੂੰ ਇਹਨਾਂ ਅੱਖਾਂ ਨਾਲ ਉਹ ਦਿੱਸਦਾ ਨਹੀਂ। 30।
*ਸ਼ਬਦ* – ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ ਸੁ ਏਕਾ ਵਾਰ ॥ ਕਰਿ ਕਰਿ ਵੇਖੈ ਸਿਰਜਣਹਾਰੁ ॥ ਨਾਨਕ ਸਚੇ ਕੀ ਸਾਚੀ ਕਾਰ ॥
*ਪਦ ਅਰਥ*: ਆਸਣੁ = ਟਿਕਾਣਾ। ਲੋਇ = ਲੋਕ ਵਿਚ। ਲੋਇ ਲੋਇ = ਹਰੇਕ ਭਵਨ ਵਿਚ। ਆਸਣੁ ਭੰਡਾਰ = ਭੰਡਾਰਿਆਂ ਦਾ ਟਿਕਾਣਾ। ਪਾਇਆ = ਤਉ ਅਕਾਲ ਪੁਰਖ ਨੇ ਪਾ ਦਿੱਤਾ ਹੈ। ਕਰਿ ਕਰਿ = (ਜੀਵਾਂ ਨੂੰ) ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਸਿਰਜਣਹਾਰੁ = ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ। ਸਾਚੀ = ਸਦਾ ਅਟੱਲ ਰਹਿਣ ਵਾਲੀ, ਉਕਾਈ ਤੋਂ ਖ਼ਾਲੀ।
*ਅਰਥ*: ਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿਚ ਹੈ (ਭਾਵ, ਹਰੇਕ ਭਵਨ ਵਿਚ ਅਕਾਲ ਪੁਰਖ ਦੇ ਭੰਡਾਰੇ ਚੱਲ ਰਹੇ ਹਨ) । ਜੋ ਕੁਝ (ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਵਿਚ) ਪਾਇਆ ਹੈ ਇਕੋ ਵਾਰੀ ਪਾ ਦਿੱਤਾ ਹੈ, (ਭਾਵ, ਉਸ ਦੇ ਭੰਡਾਰੇ ਸਦਾ ਅਖੁੱਟ ਹਨ) । ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰ ਰਿਹਾ ਹੈ। ਹੇ ਨਾਨਕ! ਸਦਾ-ਥਿਰ ਰਹਿਣ ਵਾਲੇ (ਅਕਾਲ ਪੁਰਖ) ਦੀ (ਸ੍ਰਿਸ਼ਟੀ ਦੀ ਸੰਭਾਂਲ ਵਾਲੀ) ਇਹ ਕਾਰ ਸਦਾ ਅਟੱਲ ਹੈ (ਉਕਾਈ ਤੋਂ ਖ਼ਾਲੀ ਹੈ) ।
*ਸ਼ਬਦ* – ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥
*ਅਰਥ*: (ਸੋ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸਭ ਦਾ) ਮੁੱਢ ਹੈ, ਜੋ ਸੁੱਧ-ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ) , ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ (ਇਹੀ ਹੈ ਤਰੀਕਾ, ਜਿਸ ਨਾਲ ਉਸ ਪ੍ਰਭੂ ਨਾਲੋਂ ਵਿੱਥ ਮਿਟ ਸਕਦੀ ਹੈ) । 31।
*ਭਾਵ*: ਬੰਦਗੀ ਦੀ ਬਰਕਤਿ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਭਾਵੇਂ ਕਰਤਾਰ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਬੇਅੰਤ ਹੈ, ਫਿਰ ਭੀ ਇਸ ਦੀ ਪਾਲਣਾ ਕਰਨ ਲਈ ਉਸ ਦੇ ਭੰਡਾਰੇ ਭੀ ਬੇਅੰਤ ਹਨ, ਕਦੀ ਮੁੱਕ ਨਹੀਂ ਸਕਦੇ। ਪਰਮਾਤਮਾ ਦੇ ਇਸ ਪਰਬੰਧ ਦੇ ਰਾਹ ਵਿਚ ਕੋਈ ਰੋਕ ਨਹੀਂ ਪੈ ਸਕਦੀ। 31।
*ਸ਼ਬਦ* – ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
*ਪਦ ਅਰਥ*: ਇਕੁ ਦੂ = ਇੱਕ ਤੋਂ। ਇਕ ਦੂ ਜੀਭੌ = ਇਕ ਜੀਭ ਤੋਂ। ਹੋਹਿ = ਹੋ ਜਾਣ। ਲਖ = ਲੱਖ (ਜੀਭਾਂ) । ਲਖ ਹੋਵਹਿ = ਲੱਖ ਜੀਭਾਂ ਤੋਂ ਹੋ ਜਾਣ। ਲਖ ਵੀਸ = ਵੀਹ ਲੱਖ। ਗੇੜਾ = ਫੇਰੇ, ਚੱਕਰ। ਆਖੀਅਹਿ = ਆਖੇ ਜਾਣ। ਏਕੁ ਨਾਮੁ ਜਗਦੀਸ = ਜਗਦੀਸ ਦਾ ਇਕ ਨਾਮ। ਜਗਦੀਸ = ਜਗਤ ਦਾ ਈਸ਼, ਜਗਤ ਦਾ ਮਾਲਕ, ਅਕਾਲ ਪੁਰਖ।
*ਅਰਥ*: ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ, (ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ) ।
*ਨੋਟ* –
ਲਖ – ਲੱਖਾਂ ਹੀ
ਲਖੁ – ਇੱਕ ਲੱਖ
ਲਖਿ – ਲਖ ਕੇ ( ਦੇਖ ਕੇ)
*ਸ਼ਬਦ* – ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥
*ਪਦ ਅਰਥ*: ਏਤੁ ਰਾਹਿ = ਇਸ ਰਸਤੇ ਵਿਚ, ਅਕਾਲ ਪੁਰਖ ਨੂੰ ਮਿਲਣ ਵਾਲੇ ਰਸਤੇ ਵਿਚ। ਪਤਿ ਪਵੜੀਆ = ਪਤੀ ਦੀਆਂ ਪਉੜੀਆਂ, ਪਤੀ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ। ਚੜੀਐ = ਚੜ੍ਹੀਦਾ ਹੈ, ਚੜ੍ਹ ਸਕੀਦਾ ਹੈ। ਹੋਇ ਇਕੀਸ = ਇਕ ਰੂਪ ਹੋ ਕੇ, ਆਪਾ-ਭਾਵ ਗਵਾ ਕੇ। ਸੁਣਿ = ਸੁਣਿ ਕੇ। ਕੀਟਾ = ਕੀੜਿਆਂ ਨੂੰ।
*ਅਰਥ*: ਇਸ ਰਸਤੇ ਵਿਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ। (ਲੱਖਾਂ ਜੀਭਾਂ ਨਾਲ ਭੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ। ਆਪਾ-ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਉਂ ਹੈ, ਮਾਨੋ,) ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਇਹ ਰੀਸ ਆ ਗਈ ਹੈ (ਕਿ ਅਸੀਂ ਭੀ ਆਕਾਸ਼ ਤੇ ਅੱਪੜ ਜਾਈਏ) ।
*ਸ਼ਬਦ* – ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥
*ਪਦ ਅਰਥ*: ਨਦਰੀ = ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਨਾਲ। ਪਾਈਐ = ਪਾਈਦਾ ਹੈ, ਅਕਾਲ ਪੁਰਖ ਨੂੰ ਪ੍ਰਾਪਤ ਕਰੀਦਾ ਹੈ। ਕੂੜੈ = ਕੂੜੇ ਮਨੁੱਖ ਦੀ। ਕੂੜੀ ਠਸਿ = ਝੂਠੀ ਗੱਪ, ਆਪਣੇ ਆਪ ਦੀ ਝੂਠੀ ਵਡਿਆਈ।
*ਅਰਥ*: ਹੇ ਨਾਨਕ! ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲੀਦਾ ਹੈ, (ਨਹੀਂ ਤਾਂ) ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ (ਕਿ ਮੈਂ ਸਿਮਰਨ ਕਰ ਰਿਹਾ ਹਾਂ) । 32।
*ਭਾਵ*: “ਕੂੜ ਦੀ ਪਾਲਿ” ਵਿਚ ਘਿਰਿਆ ਜੀਵ ਦੁਨੀਆ ਦੇ ਚਿੰਤਾ-ਫ਼ਿਕਰਾਂ ਦੁੱਖ-ਕਲੇਸ਼ਾਂ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ, ਤੇ ਪ੍ਰਭੂ ਦਾ ਨਿਵਾਸ-ਅਸਥਾਨ, ਮਾਨੋ, ਇਕ ਐਸਾ ਉੱਚਾ ਟਿਕਾਣਾ ਹੈ ਜਿਥੇ ਠੰਢ ਹੀ ਠੰਢ, ਸ਼ਾਂਤੀ ਹੀ ਸ਼ਾਂਤੀ ਹੈ। ਇਸ ਨੀਵੇਂ ਥਾਂ ਤੋਂ ਉਸ ਉੱਚੀ ਅਰਸ਼ੀ ਅਵਸਥਾ ‘ਤੇ ਮਨੁੱਖ ਤਦੋਂ ਹੀ ਅੱਪੜ ਸਕਦਾ ਹੈ ਜੇ ਸਿਮਰਨ ਦੀ ਪਉੜੀ ਦਾ ਆਸਰਾ ਲਏ, ‘ਤੂੰ ਤੂੰ’ ਕਰਦਾ ‘ਤੂੰ’ ਵਿਚ ਆਪਾ ਲੀਨ ਕਰ ਦੇਵੇ। ਇਸ ‘ਆਪਾ’ ਵਾਰਨ ਤੋਂ ਬਿਨਾ ਇਹ ਸਿਮਰਨ ਵਾਲਾ ਉੱਦਮ ਇਉਂ ਹੀ ਹੈ ਜਿਵੇਂ ਅਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਭੀ ਉੱਥੇ ਅੱਪੜਨ ਦਾ ਸ਼ੋਕ ਪੈਦਾ ਹੋ ਜਾਏ,ਪਰ ਤੁਰਨ ਆਪਣੀ ਕੀੜੀ ਵਾਲੀ ਰਫ਼ਤਾਰ ਨਾਲ ਹੀ। ਇਹ ਭੀ ਠੀਕ ਹੈ ਕਿ ਪ੍ਰਭੂ ਦੀ ਮਰਜ਼ੀ ਵਿਚ ਆਪਣੀ ਮਰਜ਼ੀ ਨੂੰ ਉਹੀ ਮਨੁੱਖ ਮਿਟਾਂਦੇ ਹਨ ਜਿਨ੍ਹਾਂ ਉਪਰ ਪ੍ਰਭੂ ਦੀ ਮਿਹਰ ਹੋਵੇ। 32।
*ਸ਼ਬਦ* – ਆਖਣਿ ਜੋਰੁ ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ ਦੇਣਿ ਨ ਜੋਰੁ ॥ ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥
*ਪਦ ਅਰਥ*: ਆਖਣਿ = ਆਖਣ ਵਿਚ; ਬੋਲਣ ਵਿਚ। ਚੁਪੈ = ਚੁਪ (ਰਹਿਣ) ਵਿਚ। ਜੋਰੁ = ਸਮਰਥਾ, ਇਖ਼ਤਿਆਰ, ਆਪਣੇ ਮਨ ਦੀ ਮਰਜ਼ੀ। ਮੰਗਣਿ = ਮੰਗਣ ਵਿਚ। ਦੇਣਿ = ਦੇਣ ਵਿਚ। ਜੀਵਣਿ = ਜੀਵਣ ਵਿਚ। ਮਰਣਿ = ਮਰਨ ਵਿਚ। ਰਾਜਿ ਮਾਲਿ = ਰਾਜ ਮਾਲ ਵਿਚ, ਰਾਜ ਮਾਲ ਦੇ ਪ੍ਰਾਪਤ ਕਰਨ ਵਿਚ। ਸੋਰੁ = ਰੌਲਾ, ਫੂੰ-ਫਾਂ।
*ਅਰਥ*: ਬੋਲਣ ਵਿਚ ਤੇ ਚੁੱਪ ਰਹਿਣ ਵਿਚ ਭੀ ਸਾਡਾ ਕੋਈ ਆਪਣਾ ਇਖ਼ਤਿਆਰ ਨਹੀਂ ਹੈ। ਨਾ ਹੀ ਮੰਗਣ ਵਿਚ ਸਾਡੀ ਮਨ-ਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿਚ। ਜੀਵਨ ਵਿਚ ਤੇ ਮਰਨ ਵਿਚ ਭੀ ਸਾਡੀ ਕੋਈ ਸਮਰਥਾ (ਕੰਮ ਨਹੀਂ ਦੇਂਦੀ) । ਇਸ ਰਾਜ ਤੇ ਮਾਲ ਦੇ ਪ੍ਰਾਪਤ ਕਰਨ ਵਿਚ ਭੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ (ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ) ਮਨ ਵਿਚ ਫੂੰ-ਫਾਂ ਹੁੰਦੀ ਹੈ।
*ਸ਼ਬਦ* – ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ ਛੁਟੈ ਸੰਸਾਰੁ ॥ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ ਉਤਮੁ ਨੀਚੁ ਨ ਕੋਇ ॥੩੩॥
*ਪਦ ਅਰਥ*: ਸੁਰਤੀ = ਸੁਰਤ ਵਿਚ, ਆਤਮਕ ਜਾਗ ਵਿਚ। ਗਿਆਨਿ = ਗਿਆਨ (ਪ੍ਰਾਪਤ ਕਰਨ) ਵਿਚ। ਵੀਚਾਰਿ = ਵੀਚਾਰ (ਕਰਨ) ਵਿਚ। ਜੁਗਤੀ = ਜੁਗਤ ਵਿਚ, ਰਹਿਤ ਵਿਚ। ਛੁਟੈ = ਮੁਕਤ ਹੁੰਦਾ ਹੈ, ਮੁੱਕ ਜਾਂਦਾ ਹੈ।
‘ਜਿਸੁ ਹਥਿ …..ਸੋਇ’ ਇਸ ਤੁਕ ਨੂੰ ਸਮਝਣ ਲਈ ਸ਼ਬਦ ‘ਸੋਇ’ ਅਤੇ ‘ਕਰਿ ਵੇਖੈ’ ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ।
ਜਪੁਜੀ ਸਾਹਿਬ ਵਿਚ ਸ਼ਬਦ ‘ਸੋਇ’ ਹੇਠ-ਲਿਖੀਆਂ ਤੁਕਾਂ ਵਿਚ ਆਉਂਦਾ ਹੈ:
(1) ਆਪੇ ਆਪਿ ਨਿਰੰਜਨੁ ਸੋਇ। (ਪਉੜੀ 5
(2) ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਇ। (ਪਉੜੀ 21
(3) ਤਿਸੁ ਊਚੇ ਕਉ ਜਾਣੈ ਸੋਇ। (ਪਉੜੀ 24
(4) ਨਾਨਕ ਜਾਣੈ ਸਾਚਾ ਸੋਇ। (ਪਉੜੀ 26
(5) ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ, ਸਾਚੀ ਨਾਈ। (ਪਉੜੀ 27
(6) ਕਰਹਿ ਅਨੰਦੁ ਸਚਾ ਮਨਿ ਸੋਇ। (ਪਉੜੀ 37
ਇਹਨਾਂ ਉਪਰਲੀਆਂ ਤੁਕਾਂ ਵਿਚੋਂ ਕੇਵਲ ਪਉੜੀ 24 ਵਾਲੀ ਤੁਕ ਵਿਚ ‘ਸੋਇ’ ਪਹਿਲੀ ਤੁਕ ਵਾਲੇ ‘ਕੋਇ’ ਮਨੁੱਖ ਲਈ ਆਖਿਆ ਹੈ, ਬਾਕੀ ਸਭ ਥਾਈਂ ‘ਅਕਾਲ ਪੁਰਖ’ ਵਾਸਤੇ ਆਇਆ ਹੈ। ਇਸੇ ਹੀ ਅਰਥ ਨੂੰ ‘ਕਰਿ ਵੇਖੈ’ ਹੋਰ ਪੱਕਾ ਕਰਦਾ ਹੈ। ਵੇਖੈ-ਸੰਭਾਲ ਕਰਦਾ ਹੈ, ਜਿਵੇਂ:
(1) ਗਾਵੈ ਕੋ ਵੇਖੈ ਹਾਦਰਾ ਹਦੂਰਿ। (ਪਉੜੀ 3
(2) ਕਰਿ ਕਰਿ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। (ਪਉੜੀ 27
(3) ਕਰਿ ਕਰਿ ਵੇਖੈ ਸਿਰਜਣਹਾਰੁ (ਪਉੜੀ 31
(4) ਓਹੁ ਵੇਖੈ ਓਨਾ ਨਦਰਿ ਨ ਆਵੈ, ਬਹੁਤਾ ਏਹੁ ਵਿਡਾਣੁ। (ਪਉੜੀ 27
(5) ਕਰਿ ਕਰਿ ਵੇਖੈ ਨਦਰਿ ਨਿਹਾਲ। (ਪਉੜੀ 37
(6) ਵੇਖੈ ਵਿਗਸੈ ਕਰਿ ਵੀਚਾਰੁ (ਪਉੜੀ 37
ਜਿਸੁ ਹਥਿ = ਜਿਸ ਅਕਾਲ ਪੁਰਖ ਦੇ ਹੱਥ ਵਿਚ। ਕਰਿ ਵੇਖੈ = (ਸ੍ਰਿਸ਼ਟੀ ਨੂੰ) ਰਚ ਕੇ ਸੰਭਾਲ ਕਰ ਰਿਹਾ ਹੈ। ਸੋਇ = ਉਹੀ ਅਕਾਲ ਪੁਰਖ। ਸੰਸਾਰੁ = ਜਨਮ ਮਰਨ।
*ਅਰਥ*: ਆਤਮਾਕ ਜਾਗ ਵਿਚ,ਗਿਆਨ ਵਿਚ ਅਤੇ ਵਿਚਾਰ ਵਿਚ ਰਹਿਣ ਦੀ ਭੀ ਸਾਡੀ ਸਮਰਥਾ ਨਹੀਂ ਹੈ। ਉਸ ਜੁਗਤੀ ਵਿਚ ਰਹਿਣ ਲਈ ਭੀ ਸਾਡਾ ਇਖ਼ਤਿਆਰ ਨਹੀਂ ਹੈ, ਜਿਸ ਕਰ ਕੇ ਜਨਮ ਮਰਨ ਮੁੱਕ ਜਾਂਦਾ ਹੈ। ਉਹੀ ਅਕਾਲ = ਪੁਰਖ ਰਚਨਾ ਰਚ ਕੇ (ਉਸ ਦੀ ਹਰ ਪਰਕਾਰ) ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿਚ ਸਮਰੱਥਾ ਹੈ। ਹੇ ਨਾਨਕ! ਆਪਣੇ ਆਪ ਵਿਚ ਨਾਹ ਕੋਈ ਮਨੁੱਖ ਉੱਤਮ ਹੈ ਅਤੇ ਨਾਹ ਹੀ ਨੀਚ (ਭਾਵ, ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਣ ਵਾਲਾ ਉਹ ਪ੍ਰਭੂ ਆਪ ਹੀ ਹੈ) (ਜੇ ਸਿਮਰਨ ਦੀ ਬਰਕਤਿ ਨਾਲ ਇਹ ਨਿਸਚਾ ਬਣ ਜਾਏ ਤਾਂ ਹੀ ਪਰਮਾਤਮਾਂ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ) । 33।
*ਭਾਵ*: ਭਲੇ ਪਾਸੇ ਤੁਰਨਾ ਜਾਂ ਕੁਰਾਹੇ ਪੈ ਜਾਣਾ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ, ਜਿਸ ਪ੍ਰਭੂ ਨੇ ਪੈਦਾ ਕੀਤੇ ਹਨ ਉਹੀ ਇਹਨਾਂ ਪੁਤਲੀਆਂ ਨੂੰ ਖਿਡਾ ਰਿਹਾ ਹੈ। ਸੋ, ਜੇ ਕੋਈ ਜੀਵ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਰਿਹਾ ਹੈ ਤਾਂ ਇਹ ਪ੍ਰਭੂ ਦੀ ਆਪਣੀ ਮਿਹਰ ਹੈ; ਜੇ ਕੋਈ ਇਸ ਪਾਸੇ ਵਲੋਂ ਖੁੰਝਾ ਪਿਆ ਹੈ ਤਾਂ ਭੀ ਇਹ ਮਾਲਕ ਦੀ ਰਜ਼ਾ ਹੈ। ਜੇ ਅਸੀਂ ਉਸ ਦੇ ਦਰ ਤੋਂ ਦਾਤਾਂ ਮੰਗਦੇ ਹਾਂ ਤਾਂ ਇਹ ਪ੍ਰੇਰਨਾ ਭੀ ਉਹ ਆਪ ਹੀ ਕਰਨ ਵਾਲਾ ਹੈ, ਤੇ ਫਿਰ, ਦਾਤਾਂ ਦੇਂਦਾ ਭੀ ਆਪ ਹੀ ਹੈ। ਜੇ ਕੋਈ ਜੀਵ ਰਾਜ ਤੇ ਧਨ ਦੇ ਮਦ ਵਿਚ ਮੱਤਾ ਪਿਆ ਹੈ,ਇਹ ਭੀ ਰਜ਼ਾ ਪ੍ਰਭੂ ਦੀ ਹੀ ਹੈ; ਜੇ ਕਿਸੇ ਦੀ ਸੁਰਤ ਪ੍ਰਭੂ-ਚਰਨਾਂ ਵਿਚ ਹੈ ਤੇ ਜੀਵਨ-ਜੁਗਤਿ ਸੁਥਰੀ ਹੈ ਤਾਂ ਇਹ ਮਿਹਰ ਭੀ ਪ੍ਰਭੂ ਦੀ ਹੀ ਹੈ। 33।
*ਨੋਟ* –
ਇਥੇ ਆਲਸ ਜਾਂ ਦਲਿੱਦਰ ਦਾ ਮਤਲਬ ਨਹੀਂ ਹੈ। ਬਲਕਿ ਮਿਹਨਤ ਕਰਨ ਤੋਂ ਬਾਅਦ ਅਗਰ ਕਾਮਯਾਬੀ ਨਹੀਂ ਮਿਲਦੀ ਤਾਂ ਢਹਿੰਦੀ ਕਲ੍ਹਾ ਵੱਲ ਜਾਣ ਤੋਂ ਵਰਜਿਆ ਹੈ।
ਗੁਰੂ ਸਾਹਿਬ pick & choose ਨਹੀਂ ਕਰਦੇ ਬਲਕਿ ਸਾਡੇ ਭੂਤ ਕਾਲ ਵਿੱਚ ਕੀਤੇ ਕਰਮਾ ਅਨੁਸਾਰ ਹੀ ਵਰਤਮਾਨ ਤੇ ਭਵਿਖਤ ਸਿਰਜਦੇ ਹਨ।
*ਸ਼ਬਦ* – ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥
*ਪਦ ਅਰਥ*: ਰਾਤੀ = ਰਾਤਾਂ। ਰੁਤੀ = ਰੁੱਤਾਂ। ਥਿਤੀ = ਥਿੱਤਾਂ। ਵਾਰ = ਦਿਹਾੜੇ, ਦਿਨ। ਪਵਣ = ਸਭ ਪ੍ਰਕਾਰ ਦੀ ਹਵਾ। ਪਾਤਾਲ = ਸਾਰੇ ਪਾਤਾਲ। ਤਿਸੁ ਵਿਚਿ = ( ਇਥੇ ਤਿਸੁ ਧਰਤੀ ਦਾ ਪੜਨਾਂਵ ਹੈ) ਇਸ ( ਧਰਤੀ) ਉਤੇ। ਪਹਿਲੀ ਤੁਕ ਦੇ ਸਾਰੇ ਸ਼ਬਦ ਬਹੁ-ਵਚਨ ਵਿਚ ਹਨ। ‘ਤਿਸੁ’ ਇਕ-ਵਚਨ ਹੈ, ਥਾਪਿ ਰਖੀ = ਥਾਪ ਕੇ ਰੱਖ ਦਿੱਤੀ ਹੈ, ਰਖ ਕੇ ਟਿਕਾ ਦਿੱਤਾ ਹੈ। ਧਰਮਸਾਲ = ਧਰਮ ਕਮਾਣ ਦਾ ਅਸਥਾਨ। ਤਿਸੁ ਵਿਚਿ = ਉਸ ਧਰਤੀ ਉੱਤੇ। ਜੀਅ = ਜੀਵ ਜੰਤ। ਜੀਅ ਜੁਗਤਿ = ਜੀਵਾਂ ਦੀ ਜੁਗਤੀ, ਜੀਵਾਂ ਦੇ ਰਹਿਣ ਦੀ ਜੁਗਤੀ (ਬਣਾ ਦਿੱਤੀ) ਹੈ।
ਕੇ ਰੰਗ-ਇਸ ‘ਕੇ ਰੰਗ’ ਨੂੰ ਸਮਝਣ ਲਈ ਹੇਠ-ਲਿਖੀਆਂ ਤੁਕਾਂ ਨੂੰ ਗਹੁ ਨਾਲ ਵਿਚਾਰਨਾ ਜ਼ਰੂਰੀ ਹੈ:
(1) ਜੀਅ ਜਾਤਿ ਰੰਗਾ ਕੇ ਨਾਵ। ਸਭਨਾ ਲਿਖਿਆ ਵੁੜੀ ਕਲਾਮ। (ਪਉੜੀ 16
(2) ਤਿਥੈ ਭਗਤ ਵਸਹਿ ਕੇ ਲੋਅ। (ਪਉੜੀ 37
(3) ਜੇ ਤਿਸੁ ਨਦਰਿ ਨ ਆਵਈ, ਤ ਵਾਤ ਨ ਪੁਛੈ ਕੇ। (ਪਉੜੀ 7
(4) ਆਪੇ ਜਾਣੈ ਆਪੇ ਦੇਇ। ਆਖਹਿ ਸਿ ਭਿ ਕੇਈ ਕੇਇ। (ਪਉੜੀ 25
(5) ਏਤੇ ਕੀਤੇ ਹੋਰਿ ਕਰੇਹਿ। ਤਾ ਆਖਿ ਨ ਸਕਹਿ ਕੇਈ ਕੇਇ। (ਪਉੜੀ 26
(6) ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।
ਇਹਨਾਂ ਸਾਰੀਆਂ ਤੁਕਾਂ ਵਿਚ ‘ਕੇ’ ਦਾ ਅਰਥ ਹੈ ‘ਕਈ’; ‘ਨ ਕੇ’ ਅਰਥ ਹੈ ‘ਕੋਈ ਭੀ ਨਹੀਂ’। ਪਉੜੀ ਨੰ: 21 ਵਿਚ ‘ਕੇਈ ਕੇਇ’ ਵਰਤਿਆ ਗਿਆ ਹੈ, ਅੱਜ ਕੱਲ ਦੀ ਪੰਜਾਬੀ ਵਿਚ ਭੀ ਅਸੀਂ ‘ਕਈ ਕਈ’ ਆਖਦੇ ਹਾਂ।
ਜਿਵੇਂ ‘ਕੇ ਰੰਗ’ ਦਾ ਅਰਥ ਹੈ ‘ਕਈ ਰੰਗਾਂ ਦੇ’, ਤਿਵੇਂ ‘ਕੇ ਨਾਵ’ ਦਾ ਅਰਥ ਹੈ ‘ਕਈ ਨਾਵਾਂ ਵਾਲੇ’, ‘ਕੇ ਲੋਅ’ ਦਾ ਅਰਥ ‘ਕਈ ਲੋਕਾਂ ਦੇ, ਕਈ ਭਾਵਨਾਂ ਦੇ’।
ਕੇ ਰੰਗ = ਕਈ ਰੰਗਾਂ ਦੇ। ਤਿਨ ਕੇ = ਉਹਨਾਂ ਜੀਵਾਂ ਦੇ। ਅਨੰਤ = ਬੇਅੰਤ।
*ਅਰਥ*: (ਅਕਾਲ ਪੁਰਖ ਨੇ) ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ (ਅਤੇ) ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ, ਹਵਾ, ਪਾਣੀ, ਅੱਗ ਅਤੇ ਪਾਤਾਲ, ( ਮਨੁੱਖੀ ਸਹੂਲਤਾਂ ਲਈ ) ਇਸ ਉਤੇ ਰੱਖ ਦਿੱਤੇ। ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ (ਵੱਸਦੇ ਹਨ) , ਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਹੀ ਨਾਮ ਹਨ।
*ਸ਼ਬਦ* – ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥ ਤਿਥੈ ਸੋਹਨਿ ਪੰਚ ਪਰਵਾਣੁ ॥ ਨਦਰੀ ਕਰਮਿ ਪਵੈ ਨੀਸਾਣੁ ॥
*ਪਦ ਅਰਥ*: ਕਰਮੀ ਕਰਮੀ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ। ਤਿਥੈ = ਅਕਾਲ ਪੁਰਖ ਦੇ ਦਰਬਾਰ ਵਿਚ। ਸੋਹਨਿ = ਸੋਭਦੇ ਹਨ। ਪਰਵਾਣੁ = ਪਰਤੱਖ ਤੌਰ ‘ਤੇ। ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਅਕਾਲ ਪੁਰਖ। ਕਰਮਿ = ਕਰਮ ਦੁਆਰਾ, ਬਖ਼ਸ਼ਸ਼ ਨਾਲ। ਨਦਰੀ ਕਰਮਿ = ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ। ਪਵੈ ਨੀਸਾਣੁ = ਨਿਸ਼ਾਨ ਪੈ ਜਾਂਦਾ ਹੈ, ਨਿਸ਼ਾਨ ਲੱਗ ਜਾਂਦਾ ਹੈ, ਵਡਿਆਈ ਦਾ ਚਿਹਨ (ਮੱਥੇ ‘ਤੇ) ਚਮਕ ਪੈਂਦਾ ਹੈ।
*ਅਰਥ*: (ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ) ਆਪੋ-ਆਪਣੇ ਕੀਤੇ ਹੋਏ ਕਰਮਾਂ ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈ (ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ) ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਭੀ ਸੱਚਾ ਹੈ। ਉਸ ਦਰਬਾਰ ਵਿਚ ਸੰਤ ਜਨ ਪਰਤੱਖ ਤੌਰ ‘ਤੇ ਸੋਭਦੇ ਹਨ, ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਸ਼ ਨਾਲ (ਉਹਨਾਂ ਸੰਤ ਜਨਾਂ ਦੇ ਮੱਥੇ ਉਤੇ) ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ।
*ਸ਼ਬਦ* – ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥੩੪॥
*ਪਦ ਅਰਥ*: ਕਚ = ਕਚਿਆਈ। ਪਕਾਈ = ਪਕਿਆਈ। ਓਥੈ = ਅਕਾਲ ਪੁਰਖ ਦੀ ਦਰਗਾਹ ਵਿਚ। ਪਾਇ = ਪਾਈ ਜਾਂਦੀ ਹੇ, ਪਤਾ ਲਗਦੀ ਹੈ। ਗਇਆ = ਜਾ ਕੇ ਹੀ, ਅੱਪੜ ਕੇ ਹੀ। ਜਾਪੈ ਜਾਇ = ਜਾਣਿਆ ਜਾਂਦਾ ਹੈ, ਵੇਖਿਆ ਜਾਂਦਾ ਹੈ, ਖ਼ਬਰ ਪੈਂਦੀ ਹੈ।
*ਅਰਥ*: (ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੈ ਅਰਥ ਨਹੀਂ, ਇਹਨਾਂ ਦੀ) ਕਚਿਆਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ। ਹੇ ਨਾਨਕ! ਅਕਾਲ ਪੁਰਖ ਦੇ ਦਰ ‘ਤੇ ਗਿਆਂ ਹੀ ਸਮਝ ਅਉਂਦੀ ਹੈ (ਕਿ ਅਸਲ ਵਿਚ ਕੌਣ ਪੱਕਾ ਹੈ ਤੇ ਕੌਣ ਕੱਚਾ) ।
*ਭਾਵ*: ਜਿਸ ਮਨੁੱਖ ਉੱਤੇ ਪ੍ਰਭੂ ਦੀ ਬਖ਼ਸ਼ਸ਼ ਹੁੰਦੀ ਹੈ ਉਸ ਨੂੰ ਪਹਿਲਾਂ ਇਹ ਸਮਝ ਪੈਂਦੀ ਹੈ ਕਿ ਮਨੁੱਖ ਇਸ ਧਰਤੀ ‘ਤੇ ਕੋਈ ਖ਼ਾਸ ਫ਼ਰਜ਼ ਨਿਬਾਹੁਣ ਆਇਆ ਹੈ। ਇੱਥੇ ਜੋ ਅਨੇਕਾਂ ਜੀਵ ਪੈਦਾ ਹੁੰਦੇ ਹਨ ਇਹਨਾਂ ਸਭਨਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਇਹ ਨਿਬੇੜਾ ਹੁੰਦਾ ਹੈ ਕਿ ਕਿਸ ਕਿਸ ਨੇ ਮਨੁੱਖਾ-ਜਨਮ ਦੇ ਮਨੋਰਥ ਨੂੰ ਪੂਰਾ ਕੀਤਾ ਹੈ। ਜਿਨ੍ਹਾਂ ਦੀ ਮਿਹਨਤ ਕਬੂਲ ਪੈਂਦੀ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ। ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੇ ਅਰਥ ਨਹੀਂ।
*ਨੋਟ*: ਉੱਪਰ ਦੱਸੀ ਵਿਚਾਰ ਆਤਮਕ ਰਸਤੇ ਵਿਚ ਜੀਵ ਦੀ ਪਹਿਲੀ ਅਵਸਥਾ, ਜਿੱਥੇ ਇਹ ਆਪਣੇ ਫ਼ਰਜ਼ ਨੂੰ ਪਛਾਣਦਾ ਹੈ। ਇਸ ਆਤਮਕ ਅਵਸਥਾ ਦਾ ਨਾਮ ‘ਧਰਮ ਖੰਡ’ ਹੈ।
*ਸ਼ਬਦ* – ਧਰਮ ਖੰਡ ਕਾ ਏਹੋ ਧਰਮੁ ॥ ਗਿਆਨ ਖੰਡ ਕਾ ਆਖਹੁ ਕਰਮੁ ॥
*ਪਦ ਅਰਥ*: ਧਰਮੁ = ਮਨਤਵ, ਕਰਤੱਬ। ਆਖਹੁ = ਦੱਸੋ, ਵਰਣਨ ਕਰੋ, ਸਮਝ ਲਵੋ। ਕਰਮ = ਕੰਮ, ਕਰਤੱਬ। ਏਹੋ = ਇਹੀ ਜੋ ਉਪਰ ਦਸਿਆ ਗਿਆ ਹੈ।
*ਅਰਥ*: ਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ, (ਜੋ ਉੱਪਰ ਦੱਸਿਆ ਗਿਆ ਹੈ) । ਹੁਣ ਗਿਆਨ ਖੰਡ ਦਾ ਕਰਤੱਬ (ਭੀ) ਸਮਝ ਲਵੋ (ਜੋ ਅਗਲੀਆਂ ਤੁਕਾਂ ਵਿਚ ਹੈ) ।
*ਨੋਟ*: ਸਤਿਗੁਰੂ ਜੀ ਪਉੜੀ 34 ਤੋਂ 37 ਤਾਈਂ ਮਨੁੱਖ ਦੀ ਆਤਮਕ ਅਵਸਥਾ ਦੇ ਪੰਜ ਹਿੱਸੇ ਦੱਸਦੇ ਹਨ: ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸਚਖੰਡ।
ਇਹਨਾਂ ਚਾਰ ਪਉੜੀਆਂ ਵਿਚ ਜ਼ਿਕਰ ਹੈ ਕਿ ਪ੍ਰਭੂ ਦੀ ਮਿਹਰ ਨਾਲ ਮਨੁੱਖ ਸਾਧਾਰਨ ਹਾਲਤ ਤੋਂ ਉੱਚਾ ਹੋ ਹੋ ਕੇ ਕਿਵੇਂ ਪ੍ਰਭੂ ਨਾਲ ਇੱਕ-ਰੂਪ ਹੋ ਜਾਂਦਾ ਹੈ। ਪਹਿਲਾਂ ਮਨੁੱਖ ਦੁਨੀਆ ਦੇ ਵਿਸ਼ੇ-ਵਿਕਾਰਾਂ ਵਲੋਂ ਪਰਤ ਕੇ ‘ਆਤਮਾ’ ਵੱਲ ਝਾਤੀ ਮਾਰਦਾ ਹੈ, ਤੇ ਇਹ ਸੋਚਦਾ ਹੈ ਕਿ ਮੇਰੇ ਜੀਵਨ ਦਾ ਕੀਹ ਪ੍ਰਯੋਜਨ ਹੈ, ਮੈਂ ਸੰਸਾਰ ਵਿਚ ਕਿਉਂ ਆਇਆ ਹਾਂ, ਮੇਰਾ ਕੀਹ ਫ਼ਰਜ਼ ਹੈ। ਇਸ ਅਵਸਥਾ ਵਿਚ ਮਨੁੱਖ ਇਹ ਵਿਚਾਰਦਾ ਹੈ ਕਿ ਇਸ ਧਰਤੀ ਉੱਤੇ ਜੀਵ ਧਰਮ ਕਮਾਉਣ ਲਈ ਆਏ ਹਨ; ਅਕਾਲ ਪੁਰਖ ਦੇ ਦਰ ‘ਤੇ ਜੀਵਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਨਿਬੇੜਾ ਹੁੰਦਾ ਹੈ। ਜਿਨ੍ਹਾਂ ਗੁਰਮੁਖਾਂ ਉੱਤੇ ਅਕਾਲ ਪੁਰਖ ਦੀ ਬਖ਼ਸ਼ਸ਼ ਹੁੰਦੀ ਹੈ। ਉਹ ਉਸ ਦੀ ਹਜ਼ੂਰੀ ਵਿਚ ਸੋਭਦੇ ਹਨ। ਇੱਥੇ ਦੁਨੀਆ ਵਿਚ ਆਦਰ ਜਾਂ ਨਿਰਾਦਰੀ ਕੋਈ ਮੁੱਲ ਨਹੀਂ ਰੱਖਦੇ, ਉਹੀ ਆਦਰ ਵਾਲੇ ਹਨ ਜੋ ਅਕਾਲ ਪੁਰਖ ਦੇ ਦਰ ‘ਤੇ ਪ੍ਰਵਾਨ ਹਨ।
ਜਿਉਂ ਜਿਉਂ ਮਨੁੱਖ ਦੀ ਸੁਰਤਿ ਇਹੋ ਜਿਹੇ ਖ਼ਿਆਲਾਂ ਵਿਚ ਜੁੜਦੀ ਹੈ, ਤਿਉਂ ਤਿਉਂ ਉਸ ਅੰਦਰੋਂ ‘ਸੁਆਰਥ’ ਦੀ ਗੰਢ ਖੁਲ੍ਹਦੀ ਜਾਂਦੀ ਹੈ। ਮਨੁੱਖ ਪਹਿਲਾਂ ਮਾਇਆ ਵਿਚ ਮਸਤ ਰਹਿਣ ਕਰਕੇ ਆਪਣੇ ਆਪ ਨੂੰ ਜਾਂ ਆਪਣੇ ਪ੍ਰਵਾਰ ਨੂੰ ਹੀ ‘ਆਪਣਾ’ ਜਾਣਦਾ ਸੀ ਤੇ ਇਹਨਾਂ ਤੋਂ ਪਰੇ ਹੋਰ ਕਿਸੇ ਵਿਚਾਰ ਵਿਚ ਨਹੀਂ ਸੀ ਪੈਂਦਾ, ਹੁਣ ਆਪਣਾ ‘ਧਰਮ’ ਸਮਝਣ ਤੇ ਆਪਣੀ ਵਾਕਫ਼ੀਅਤ ਨੂੰ ਵਧਾਣ ਦਾ ਜਤਨ ਕਰਦਾ ਹੈ। ਵਿੱਦਿਆ ਤੇ ਵਿਚਾਰ ਦੇ ਬਲ ਨਾਲ ਅਕਾਲ ਪੁਰਖ ਦੀ ਬੇਅੰਤ ਕੁਦਰਤ ਦਾ ਨਕਸ਼ਾ ਅੱਖਾਂ ਅੱਗੇ ਲਿਆਉਣ ਲੱਗ ਪੈਂਦਾ ਹੈ। ਗਿਆਨ ਦੀ ਹਨੇਰੀ ਆ ਜਾਂਦੀ ਹੈ, ਜਿਸ ਦੇ ਅੱਗੇ ਸਭ ਭਰਮ ਵਹਿਮ ਉੱਡ ਜਾਂਦੇ ਹਨ। ਜਿਉਂ ਜਿਉਂ ਅੰਦਰ ਵਿੱਦਿਆ ਦੁਆਰਾ ਸਮਝ ਵਧਦੀ ਹੈ, ਤਿਉਂ ਤਿਉਂ ਉਹ ਆਨੰਦ ਮਿਲਦਾ ਹੈ, ਜੋ ਪਹਿਲਾਂ ਮਾਇਆ ਦੇ ਪਦਾਰਥਾਂ ਵਿਚ ਨਹੀਂ ਸੀ ਮਿਲਦਾ। ਆਤਮਕ ਪੈਂਡੇ ਵਿਚ ਇਸ ਅਵਸਥਾ ਦਾ ਨਾਮ ‘ਗਿਆਨ ਖੰਡ’ ਹੈ।
ਪਰ ਇਸ ਰਾਹੇ ਪੈ ਕੇ ਮਨੁੱਖ ਨਿਰਾ ਇਥੇ ਹੀ ਬੱਸ ਨਹੀਂ ਕਰ ਦੇਂਦਾ। ਬਾਣੀ ਦੀ ਵਿਚਾਰ ਉਸ ਨੂੰ ਉੱਦਮ ਵੱਲ ਪ੍ਰੇਰਦੀ ਹੈ। ਨਿਰਾ ਅਕਲ ਨਾਲ ਸਮਝ ਲੈਣਾ ਕਾਫੀ ਨਹੀਂ। ਮਨ ਦਾ ਪਹਿਲਾ ਸੁਭਾਉ, ਪਹਿਲੀਆਂ ਭੈੜੀਆਂ ਵਾਦੀਆਂ ਨਿਰੀ ‘ਸਮਝ’ ਨਾਲ ਨਹੀਂ ਹਟ ਸਕਦੀਆਂ। ਇਸ ਪਹਿਲੀ ਘਾੜਤ ਨੂੰ, ਇਹਨਾਂ ਪਹਿਲੇ ਸੰਸਕਾਰਾਂ ਨੂੰ ਤੋੜ ਕੇ, ਅੰਦਰ ਨਵੀਂ ਘਾੜਤ ਘੜਨੀ ਹੈ, ਅੰਦਰ ਉੱਚੀ ਸੁਰਤ ਵਾਲੇ ਸੰਸਕਾਰ ਜਮਾਣੇ ਹਨ। ਅੰਮ੍ਰਿਤ ਵੇਲੇ ਜਾਗਣ ਆਦਿਕ, ਇਹ ਮਿਹਨਤ ਕਰਨੀ ਹੈ। ਗਿਆਨ ਖੰਡ ਵਿਚ ਅੱਪੜਿਆ ਹੋਇਆ ਮਨੁੱਖ ਜਿਉਂ ਜਿਉਂ ਇਹ ਮਿਹਨਤ ਕਰਦਾ ਹੈ, ਜਿਉਂ ਜਿਉਂ ਗੁਰਮਤਿ ਵਾਲੀ ਨਵੀਂ ਘਾਲ ਘਾਲਦਾ ਹੈ, ਤਿਉਂ ਤਿਉਂ ਉਹਦੇ ਮਨ ਨੂੰ , ਮਾਨੋ, ਸੋਹਣਾ ਰੂਪ ਚੜ੍ਹਦਾ ਹੈ, ਕਾਇਆਂ ਕੰਚਨ ਵਰਗੀ ਹੋਣ ਲੱਗ ਪੈਂਦੀ ਹੈ, ਚਵੱਗਣ ਵੰਨ ਚੜ੍ਹਨ ਲੱਗ ਜਾਂਦਾ ਹੈ। ਉੱਚੀ ਸੁਰਤ ਤੇ ਉੱਚੀ ਅਕਲ ਹੋ ਜਾਂਦੀ ਹੈ, ਮਨ ਵਿਚ ਜਾਗ ਆ ਜਾਂਦੀ ਹੈ। ਮਨੁੱਖ ਨੂੰ ਦੇਵਤਿਆਂ ਤੇ ਸਿੱਧਾਂ ਵਾਲੀ ਸੋਝੀ ਪੈ ਜਾਂਦੀ ਹੈ। ਇਹ ‘ਸਰਮ ਖੰਡ’ ਹੈ।
ਬੱਸ, ਫੇਰ ਕੀਹ ਹੈ! ਮਾਲਕ ਦੀ ਮਿਹਰ ਹੋ ਜਾਂਦੀ ਹੈ। ਅੰਦਰ ਅਕਾਲ ਪੁਰਖ ਬਲ ਭਰ ਦੇਂਦਾ ਹੈ, ਆਤਮਾ ਵਿਕਾਰਾਂ ਵੰਨੀ ਡੋਲਦਾ ਨਹੀਂ। ਬਾਹਰ ਭੀ ਸਭ ਥਾਈਂ ਉਹੀ ਸਿਰਜਨਹਾਰ ਹੀ ਦਿੱਸਦਾ ਹੈ, ਮਨ ਸਦਾ ਨਿਰੰਕਾਰ ਦੀ ਯਾਦ ਵਿਚ ਪਰੋਤਾ ਰਹਿੰਦਾ ਹੈ। ਉਹਨਾਂ ਨੂੰ ਫੇਰ ਜੰਮਣ ਮਰਨ ਦਾ ਭਉ ਕਾਹਦਾ? ਉਹਨਾਂ ਦੇ ਮਨ ਵਿਚ ਸਦਾ ਖਿੜਾਉ ਹੀ ਖਿੜਾਉ ਰਹਿੰਦਾ ਹੈ। ਇਹ ‘ਕਰਮ ਖੰਡ’ਹੈ।
ਅਕਾਲ ਪੁਰਖ ਦੀ ਮਿਹਰ ਦੇ ਪਾਤਰ ਬਣ ਕੇ ਆਖ਼ਰ ਪੰਜਵੇਂ ਖੰਡ ਵਿਚ ਜਾ ਨਿਵਾਸ ਹੁੰਦਾ ਹੈ, ਭਾਵ ਅਕਾਲ ਪੁਰਖ ਨਾਲ ਇਕ-ਮਿਕ ਹੋ ਜਾਂਦੇ ਹਨ। ਧੁਰ ਉਸ ਜੋਤਿ ਦੀ ਹਜ਼ੂਰੀ ਵਿਚ ਅੱਪੜ ਜਾਂਦੇ ਹਨ, ਜੋ ਸਾਰੇਆਂ ਜੀਆਂ ਦੀ ਸੰਭਾਲ ਕਰ ਰਿਹਾ ਹੈ ਅਤੇ ਜਿਸ ਦਾ ਹੁਕਮ ਸਾਰੇ ਵਰਤ ਰਿਹਾ ਹੈ।

*ਸ਼ਬਦ* – ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥
*ਪਦ ਅਰਥ*: ਕੇਤੇ = ਕਈ, ਬੇਅੰਤ। ਵੈਸੰਤਰ = ਅਗਨੀਆਂ। ਮਹੇਸ = (ਕਈ) ਸ਼ਿਵ। ਬਰਮੇ = ਕਈ ਬ੍ਰਹਮਾ। ਘਾੜਤਿ ਘੜੀਅਹਿ = ਘਾੜਤ ਵਿਚ ਘੜੀਦੇ ਹਨ, ਪੈਦਾ ਕੀਤੇ ਜਾ ਰਹੇ ਹਨ। ਕੇ ਵੇਸ = ਕਈ ਵੇਸਾਂ ਦੇ (ਇਸ ‘ਕੇ’ ਦੇ ਅਰਥ ਲਈ ਵੇਖੋ ਪਿਛਲੀ ਪਉੜੀ ਨੰ:34) ।
*ਅਰਥ*: (ਅਕਾਲ ਪੁਰਖ ਦੀ ਰਚਨਾ ਵਿਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।
*ਸ਼ਬਦ* – ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥
*ਪਦ ਅਰਥ*: ਕੇਤੀਆ = ਕਈ, ਬੇਅੰਤ। ਕਰਮ ਭੂਮੀ = ਕੰਮ ਕਰਨ ਦੀਆਂ ਭੂਮੀਆਂ, ਧਰਤੀਆਂ। ਮੇਰ = ਮੇਰੁ ਪਰਬਤ। ਧੂ = ਧ੍ਰ ਭਗਤ। ਉਪਦੇਸ਼ = ਉਹਨਾਂ ਧੂ੍ਰ ਭਗਤਾਂ ਦੇ ਉਪਦੇਸ਼। ਇੰਦ = ਇੰਦਰ ਦੇਵਤੇ। ਚੰਦ = ਚੰਦਰਮਾ। ਸੂਰ = ਸੂਰਜ। ਮੰਡਲ ਦੇਸ = ਭਵਣ-ਚਕੱਰ। ਬੁਧ = ਬੁਧ ਅਵਤਾਰ। ਦੇਵੀ ਵੇਸ = ਦੇਵੀਆਂ ਦੇ ਪਹਿਰਾਵੇ। (ਨੋਟ: ‘ਕੇਤੇ’ ਪੁਲਿੰਗ ਹੈ ਜੋ ‘ਵੇਸ’ ਸ਼ਬਦ ਨਾਲ ਵਰਤਿਆ ਗਿਆ ਹੈ। ਇਸ ਵਾਸਤੇ ‘ਦੇਵੀ ਵੇਸ’ ਦਾ ਅਰਥ ਕਰਨਾ ਹੈ ‘ਦੇਵੀਆਂ ਦੇ ਪਹਿਰਾਵੇ’) ।
*ਅਰਥ*: (ਅਕਾਲ ਪੁਰਖ ਦੀ ਕੁਦਰਤਿ ਵਿਚ) ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧੂ੍ਰ ਭਗਤ ਤੇ ਉਹਨਾਂ ਦੇ ਉਪਦੇਸ਼ ਹਨ। ਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ। ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ।
*ਸ਼ਬਦ* – ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥
*ਪਦ ਅਰਥ*: ਦਾਨਵ = ਰਾਖਸ਼, ਦੈਂਤ। ਮੁਨਿ = ਮੋਨ-ਧਾਰੀ ਰਿਸ਼ੀ। ਰਤਨ ਸੁਮੰਦ = ਰਤਨ ਅਤੇ ਸਮੁੰਦਰ। ਪਾਤ = ਪਾਤਸ਼ਾਹ। ਨਰਿੰਦ = ਰਾਜੇ। ਸੁਰਤੀ = ਸੁਰਤਾਂ, ਲਿਵ। (ਨੋਟ: ਇਸ ਸਾਰੀ ਪਉੜੀ ਵਲ ਰਤਾ ਧਿਆਨ ਦਿੱਤਿਆਂ ਇਹ ਸਪੱਸ਼ਟ ਮਲੂਮ ਹੋ ਜਾਂਦਾ ਹੈ ਕਿ ‘ਕੇਤੇ’ ਪੁਲਿੰਗ ਸ਼ਬਦਾਂ ਨਾਲ ਵਰਤਿਆ ਗਿਆ ਹੈ ਅਤੇ ‘ਕੇਤੀਆ’ ਇਸਤ੍ਰੀ-ਲਿੰਗ ਸ਼ਬਦਾਂ ਨਾਲ। ਸੋ ‘ਸੁਰਤੀ’ ਇਸਤ੍ਰੀ-ਲਿੰਗ ਹੈ, ਤੇ ‘ਸੁਰਤਿ’ ਦਾ ਬਹੁ-ਵਚਨ ਹੈ) ।
*ਅਰਥ*: (ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ (ਰਤਨਾਂ ਦੇ) ਸਮੁੰਦਰ ਹਨ। (ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ, ਬੇਅੰਤ ਪਰਕਾਰ ਦੇ ਧਿਆਨ ਹਨ (ਜੋ ਜੀਵ ਮਨ ਦੁਆਰਾ ਲਾਂਦੇ ਹਨ) , ਬੇਅੰਤ ਸੇਵਕ ਹਨ। ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ। 35।
*ਭਾਵ*: ਮਨੁੱਖਾ ਜਨਮ ਦੇ ਫ਼ਰਜ਼ (‘ਧਰਮ’) ਦੀ ਸਮਝ ਪਿਆਂ ਮਨੁੱਖ ਦਾ ਮਨ ਬੜਾ ਵਿਸ਼ਾਲ ਹੋ ਜਾਂਦਾ ਹੈ। ਪਹਿਲਾਂ ਇਕ ਨਿੱਕੇ ਜਿਹੇ ਟੱਬਰ ਦੇ ਸੁਆਰਥ ਵਿਚ ਬੱਝਾ ਹੋਇਆ ਇਹ ਜਵਿ ਬਹੁਤ ਤੰਗ-ਦਿਲ ਸੀ। ਹੁਣ ਇਹ ਗਿਆਨ ਹੋ ਜਾਂਦਾ ਹੈ ਕਿ ਬੇਅੰਤ ਪ੍ਰਭੂ ਦਾ ਪੈਦਾ ਕੀਤਾ ਹੋਇਆ ਇਹ ਬੇਅੰਤ ਜਗਤ ਇੱਕ ਬੇਅੰਤ ਵੱਡਾ ਟੱਬਰ ਹੈ, ਜਿਸ ਵਿਚ ਬੇਅੰਤ ਕ੍ਰਿਸ਼ਨ, ਬੇਅੰਤ ਵਿਸ਼ਨੂੰ, ਬੇਅੰਤ ਬ੍ਰਹਮੇ, ਬੇਅੰਤ ਧਰਤੀਆਂ ਹਨ। ਇਸ ਗਿਆਨ ਦੀ ਬਰਕਤਿ ਨਾਲ ਤੰਗ-ਦਿਲੀ ਹਟ ਕੇ ਇਸਦੇ ਅੰਦਰ ਜਗਤ-ਪਿਆਰ ਦੀ ਲਹਿਰ ਚੱਲ ਕੇ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ। 35।
*ਸ਼ਬਦ* – ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ ॥
*ਪਦ ਅਰਥ*: ਮਹਿ = ਵਿਚ। ਪਰਚੰਡ = ਤੇਜ਼, ਪ੍ਰਬਲ, ਬਲਵਾਨ। ਤਿਥੈ = ਉਸ ਗਿਆਨ ਖੰਡ ਵਿਚ। ਨਾਦ = ਰਾਗ। ਬਿਨੋਦ = ਤਮਾਸ਼ੇ। ਕੋਡ = ਕੌਤਕ। ਅਨੰਦੁ = ਸੁਆਦ।
*ਅਰਥ*: ਗਿਆਨ ਖੰਡ ਵਿਚ (ਭਾਵ, ਮਨੁੱਖ ਦੀ ਗਿਆਨ ਅਵਸਥਾ ਵਿਚ) ਗਿਆਨ ਹੀ ਬਲਵਾਨ ਹੁੰਦਾ ਹੈ। ਇਸ ਅਵਸਥਾ ਵਿਚ (ਮਾਨੋ) ਸਭ ਰਾਗਾਂ, ਤਮਾਸ਼ਿਆਂ ਤੇ ਕੌਤਕਾਂ ਦਾ ਸੁਆਦ ਆ ਜਾਂਦਾ ਹੈ।
*ਸ਼ਬਦ* – ਸਰਮ ਖੰਡ ਕੀ ਬਾਣੀ ਰੂਪੁ ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥
*ਪਦ ਅਰਥ*: ਸਰਮ = ਉੱਦਮ, ਮਿਹਨਤ। ਸਰਮ ਖੰਡ ਕੀ = ਉੱਦਮ ਅਵਸਥਾ ਦੀ। ਬਾਣੀ = ਬਨਾਵਟ। ਰੂਪ = ਸੁੰਦਰਤਾ। ਤਿਥੈ = ਇਸ ਮਿਹਨਤ ਵਾਲੀ ਅਵਸਥਾ ਵਿਚ। ਘਾੜਤਿ ਘੜੀਐ = ਘਾੜਤ ਵਿਚ ਘੜਿਆ ਜਾਂਦਾ ਹੈ। ਬਹੁਤੁ ਅਨੂਪੁ = (ਮਨ) ਬਹੁਤ ਸੋਹਣਾ।
*ਅਰਥ*: (ਜਦ ਮਨੁੱਖ ਧਰਮ ਕਮਾਉਦਾ ਹੋਇਆ ਗਿਆਨ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਫਿਰ) ਸਰਮ ਖੰਡ ਵਿੱਚ ਪ੍ਰਵੇਸ਼ ਕਰਦਾ ਹੈ (ਕਿਉਕ ਉਸਨੂੰ ਸਿਰਫ ਬਿੰਦੀ ਪਰਵਾਰ ਹੀ ਨਜ਼ਰ ਨਹੀਂ ਆਉਦਾ ਬਲਕਿ ਸਾਰੀ ਕਾਇਨਾਤ ਨੂੰ ਉਹ ਅਪਣਾ ਪਰਵਾਰ ਸਮਝਦਾ ਹੈ ਜਿਸ ਕਰਕੇ ਉਸ ਦੀ) ਬੋਲ-ਬਾਣੀ ਸੁੰਦਰ ਬਣ ਜਾਂਦੀ ਹੈ। (ਭਾਵ, ਇਸ ਅਵਸਥਾ ਵਿਚ ਆ ਕੇ ਸੋਚ ਦਿਨੋ ਦਿਨ ਉਚੀ ਹੋਣੀ ਸ਼ੁਰੂ ਹੋ ਜਾਂਦੀ ਹੈ) । ਇਸ ਅਵਸਥਾ ਵਿਚ (ਨਵੀਂ) ਘਾੜਤ ਦੇ ਕਾਰਨ ਸਰਤਿ ਬਹੁਤ ਸੋਹਣੀ ਘੜੀ ਜਾਂਦਾ ਹੈ।
*ਸ਼ਬਦ* – ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛੁਤਾਇ ॥
*ਪਦ ਅਰਥ*: ਤਾ ਕੀਆ = ਉਸ ਅਵਸਥਾ ਦੀਆਂ। ਕਥੀਆ ਨ ਜਾਹਿ = ਕਹੀਂਆਂ ਨਹੀਂ ਜਾ ਸਕਦੀਆਂ। ਕੋ = ਕੋਈ ਮਨੁੱਖ। ਕਹੈ– ਆਖੈ ਬਿਆਨ ਕਰੇ। ਪਿਛੈ = ਦੱਸਣ ਤੋਂ ਪਿੱਛੋਂ ਪਛੁਤਾਇ = ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਤੋਂ ਅਸਮਰਥ ਰਹਿੰਦਾ ਹੈ) ।
*ਅਰਥ*: ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜੇ ਕੋਈ ਮਨੁੱਖ ਬਿਆਨ ਕਰਦਾ ਹੈ, ਤਾਂ ਪਿੱਛੋਂ ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਦੇ ਅਸਮਰਥ ਰਹਿੰਦਾ ਹੈ) ।
*ਸ਼ਬਦ* – ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥
*ਪਦ ਅਰਥ*: ਤਿਥੈ = ਉਸ ਸਰਮ ਖੰਡ ਵਿਚ। ਘੜੀਐ = ਘੜੀ ਜਾਂਦੀ ਹੈ। ਮਨਿ ਬੁਧਿ = ਮਨ ਵਿਚ ਜਾਗ੍ਰਤ। ਸੁਰਾ ਕੀ ਸੁਧਿ = ਦੇਵਤਿਆਂ ਦੀ ਸੂਝ। ਸਿਧਾ ਕੀ ਸੁਧਿ = ਸਿੱਧਾਂ ਵਾਲੀ ਅਕਲ।
*ਅਰਥ*: ਉਸ ਮਿਹਨਤ ਵਾਲੀ ਅਵਸਥਾ ਵਿਚ ਮਨੁੱਖ ਦੀ ਸੁਰਤਿ ਤੇ ਮਤ ਘੜੀ ਜਾਂਦੀ ਹੈ, (ਭਾਵ, ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ) ਅਤੇ ਮਨ ਵਿਚ ਜਾਗ੍ਰਤ ਪੈਦਾ ਹੋ ਜਾਂਦੀ ਹੈ। ਸਰਮ ਖੰਡ ਵਿਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ (ਮਨੁੱਖ ਦੇ ਅੰਦਰ) ਬਣ ਜਾਂਦੀ ਹੈ। 36।
*ਭਾਵ*: ਗਿਆਨ-ਅਵਸਥਾ ਦੀ ਬਰਕਤਿ ਨਾਲ ਜਿਉਂ ਜਿਉਂ ਸਾਰਾ ਜਗਤ ਇਕ ਸਾਂਝਾ ਟੱਬਰ ਦਿੱਸਦਾ ਹੈ, ਜੀਵ ਖ਼ਲਕਤਿ ਦੀ ਸੇਵਾ ਦੀ ਮਿਹਨਤ (= ‘ਸਰਮ’ ਸਿਰ ‘ਤੇ ਚੁੱਕਦਾ ਹੈ, ਮਨ ਦੀ ਪਹਿਲੀ ਤੰਗ-ਦਿਲੀ ਹਟ ਕੇ ਵਿਸ਼ਾਲਤਾ ਤੇ ਉਦਾਰਤਾ ਦੀ ਘਾੜਤ ਵਿਚ ਮਨ ਨਵੇਂ ਸਿਰੇ ਸੋਹਣਾ ਘੜਿਆ ਜਾਂਦਾ ਹੈ, ਮਨ ਵਿਚ ਇਕ ਨਵੀਂ ਜਾਗ੍ਰਤ ਆਉਂਦੀ ਹੈ, ਸੁਰਤਿ ਉੱਚੀ ਹੋਣ ਲੱਗ ਪੈਂਦੀ ਹੈ। 36।
*ਸ਼ਬਦ* – ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥ ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥
*ਪਦ ਅਰਥ*: ਕਰਮ = ਬਖਸ਼ਸ਼। ਬਾਣੀ = ਬਨਾਵਟ। ਜੋਰੁ = ਬਲ, ਤਾਕਤ। ਹੋਰੁ = ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ। ਹੋਰੁ ਨ ਕੋਈ ਹੋਰੁ = ਅਕਾਲ ਪੁਰਖ ਤੋਂ ਬਿਨਾ ਦੂਜਾ ਉੱਕਾ ਹੀ ਕੋਈ ਨਹੀਂ ਹੈ। ਜੋਧ = ਜੋਧੇ। ਮਹਾਬਲ = ਵੱਡੇ ਬਲ ਵਾਲੇ। ਸੂਰ = ਸੂਰਮੇ। ਤਿਨ ਮਹਿ = ਉਹਨਾਂ ਵਿਚ। ਰਾਮੁ = ਅਕਾਲ ਪੁਰਖ। ਰਹਿਆ ਭਰਭੂਰ = ਨਕਾ-ਨਕ ਭਰਿਆ ਹੋਇਆ ਹੈ, ਰੋਮ ਰੋਮ ਵਿਚ ਵੱਸ ਰਿਹਾ ਹੈ।
*ਅਰਥ*: ਬਖ਼ਸ਼ਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ, (ਭਾਵ, ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ-ਵਿਕਾਰ ਉਸ ਉੱੰਤੇ ਆਪਣਾ ਪਰਭਾਵ ਨਹੀਂ ਪਾ ਸਕਦੇ) , ਕਿਉਂਕਿ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰ) ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ। ਉਸ ਅਵਸਥਾ ਵਿਚ(ਜੋ ਮਨੁੱਖ ਹਨ ਉਹ) ਜੋਧੇ, ਮਹਾਂਬਲੀ ਤੇ ਸੂਰਮੇ ਹਨ, ਉਹਨਾਂ ਦੇ ਰੋਮ ਰੋਮ ਵਿਚ ਅਕਾਲ ਪੁਰਖ ਵੱਸ ਰਿਹਾ ਹੈ।
*ਸ਼ਬਦ* – ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥
*ਪਦ ਅਰਥ*: ਸੀਤੋ ਸੀਤਾ = ਪੂਰਨ ਤੌਰ ‘ਤੇ ਸੀਤਾ ਹੋਇਆ ਹੈ, ਪਰੋਤਾ ਹੋਇਆ ਹੈ। (ਨੋਟ: ਇਕੋ ਹੀ ਸ਼ਬਦ ‘ਸੀਤਾ’ ਦੂਜੀ ਵਾਰੀ ਵਰਤਿਆ ਗਿਆ ਹੈ। ਇਸੇ ਤਰ੍ਹਾਂ ਇਸ ਖ਼ਿਆਲ ‘ਤੇ ਖ਼ਾਸ ਵਧੀਕ ਜ਼ੋਰ ਦਿੱਤਾ ਹੈ। ਇਹੋ ਜਿਹੇ ਹੀ ਵਾਕੰਸ਼ ਹੋਰ ਭੀ ਹਨ, ਜਿਵੇਂ-
(1) ਨਾਨਕ ਅੰਤੁ ਨ ਅੰਤੁ। (ਪਉੜੀ 35
(2) ਤਿਥੈ ਹੋਰੁ ਨ ਕੋਈ ਹੋਰੁ। (ਪਉੜੀ 37
(3) ਜੇ ਕੋ ਕਥੈ ਤ ਅੰਤ ਨ ਅੰਤ। (ਪਉੜੀ 37
ਮਹਿਮਾ = (ਅਕਾਲ ਪੁਰਖ ਦੀ) ਸਿਫਤਿ-ਸਾਲਾਹ, ਵਡਿਾਆਈ। ਮਾਹਿ = ਵਿਚ। ਤਾ ਕੇ = ਉਹਨਾਂ ਮਨੁੱਖਾਂ ਦੇ। ਰੂਪ = ਸੁੰਦਰ ਸਰੂਪ। ਨ ਕਥਨੇ ਜਾਹਿ = ਕਥੇ ਨਹੀਂ ਜਾ ਸਕਦੇ। ਓਹਿ = ਉਹ ਬੰਦੇ। ਨਾ ਮਰਹਿ = ਆਤਮਕ ਮੌਤ ਮਰਦੇ ਨਹੀਂ ਹਨ। ਨ ਠਾਗੇ ਜਾਹਿ = ਠੱਗੇ ਨਹੀਂ ਜਾ ਸਕਦੇ (ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ।)
*ਅਰਥ*: ਉਸ (ਬਖ਼ਸ਼ਸ਼) ਅਵਸਥਾ ਵਿਚ ਅੱਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿਚ ਪਰੋਤਾ ਰਹਿੰਦਾ ਹੈ, (ਉਹਨਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਂਦੇ ਹਨ ਕਿ) ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ (ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿਸ਼ਕਦਾ ਹੈ) । (ਇਸ ਅਵਸਥਾ ਵਿਚ) ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ, ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ।
*ਸ਼ਬਦ* – ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥
*ਪਦ ਅਰਥ*: ਵਸਹਿ = ਵੱਸਦੇ ਹਨ। ਲੋਅ = ਲੋਕ, ਭਵਣ। ਕੇ ਲੋਅ = ਕਈ ਭਵਣਾਂ ਦੇ। (ਵੇਖੋ ਪਉੜੀ 34 ਵਿਚ ‘ਕੇ ਰੰਗ’) । ਕਰਹਿ ਅਨੰਦ = ਅਨੰਦ ਕਰਦੇ ਹਨ, ਸਦਾ ਖਿੜੇ ਰਹਿੰਦੇ ਹਨ। ਸਚਾ ਸੋਇ = ਉਹ ਸੱਚਾ ਹਰੀ। ਮਨਿ = (ਉਹਨਾਂ ਦੇ) ਮਨ ਵਿਚ ਹੈ।
*ਅਰਥ*: ਉਸ ਅਵਸਥਾ ਵਿਚ ਕਈ ਭਵਣਾਂ ਦੇ ਭਗਤ ਜਨ ਵੱਸਦੇ ਹਨ, ਜੋ ਸਦਾ ਖਿੜੇ ਰਹਿੰਦੇ ਹਨ, (ਕਿਉਂਕਿ) ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿਚ (ਮੌਜੂਦ) ਹੈ।
*ਸ਼ਬਦ* – ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥
*ਪਦ ਅਰਥ*: ਸਚਿ = ਸੱਚ ਵਿਚ। ਸਚਿ ਖੰਡਿ = ਸਚ ਖੰਡ ਵਿਚ। ਕਰਿ ਕਰਿ = ਸ੍ਹਿਸ਼ਟੀ ਰਚ ਕੇ। ਨਦਰਿ ਨਿਹਾਲ = ਨਿਹਾਲ ਕਰਨ ਵਾਲੀ ਨਜ਼ਰ ਨਾਲ। ਵੇਖੈ = ਵੇਖਦਾ ਹੈ ਸੰਭਾਲ ਕਰਦਾ ਹੈ।
*ਅਰਥ*: ਸੱਚ ਖੰਡ ਵਿਚ (ਭਾਵ,ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿਚ) ਦੀ ਅਵਸਥਾ ਵਿੱਚ ਜਦ ਮਨੁੱਖ ਪਹੁੰਚਦਾ ਹੈ ਤਾਂ ਉਹ ਉਸ ਅਕਾਲ ਪੁਰਖ ਦਾ ਰੂਪ ਹੀ ਹੋ ਜਾਂਦਾ ਹੈ, ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ।
*ਸ਼ਬਦ* – ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥੩੭॥ {ਪੰਨਾ 8}
*ਪਦ ਅਰਥ*: ਵਰਭੰਡ = ਬ੍ਰਹਿਮੰਡ। ਕੋ = ਕੋਈ ਮਨੁੱਖ। ਕਥੈ = ਦੱਸਣ ਲੱਗੇ, ਬਿਆਨ ਕਰੇ। ਤ ਅੰਤ ਨ ਅੰਤ = ਇਹਨਾਂ ਖੰਡਾਂ ਮੰਡਲਾਂ ਤੇ ਬ੍ਰਹਿਮੰਡਾਂ ਦੇ ਅੰਤ ਨਹੀਂ ਪੈ ਸਕਦੇ। ਲੋਅ ਲੋਅ = ਕਈ ਲੋਕ, ਕਈ ਭਵਨ। ਵਿਗਸੈ = ਵਿਗਸਦਾ ਹੈ, ਖ਼ੁਸ਼ ਹੁੰਦਾ ਹੈ। ਕਰਿ ਵੀਚਾਰੁ = ਵੀਚਾਰ ਕਰ ਕੇ। ਕਥਨਾ = ਕਥਨ ਕਰਨਾ, ਬਿਆਨ ਕਰਨਾ। ਸਾਰੁ: ਇਸ ਸ਼ਬਦ ਨੂੰ ਸਮਝਣ ਲਈ ਵੰਨਗੀ-ਮਾਤਰ ਹੇਠ-ਲਿਖੇ ਪ੍ਰਮਾਣ ਦਿੱਤੇ ਜਾਂਦੇ ਹਨ:
(1) ਪਹਿਰਾ ਅਗਨਿ ਹਿਵੈ ਘਰ ਬਾਧਾ ਭੋਜਨ ਸਾਰੁ ਕਰਾਈ।1। (ਪਉੜੀ 19, ਮਾਝ ਕੀ ਵਾਰ
(2) ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ। (ਸੂਹੀ ਛੰਤ ਮਹਲਾ 5
(3) ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਇਐ। (ਮਾਝ ਕੀ ਵਾਰ, ਪਉੜੀ 15
(4) ਧਨੁ ਵਡਭਾਗੀ ਨਾਨਕਾ, ਜਿਨ ਗੁਰਮੁਖਿ ਹਰਿ ਰਸੁ ਸਾਰਿ।1। (ਕਾਨੜੇ ਕੀ ਵਾਰ
ਇਹਨਾਂ ਉਪਰ-ਲਿਖੇ ਪ੍ਰਮਾਣਾਂ ਦਾ ਸਿੱਟਾ ਇਉਂ ਹੈ:
(1) ‘ਸਾਰ’ ‘ਨਾਂਵ’ ਹੈ, ਪੁਲਿੰਗ ਤੇ ਇਸਤ੍ਰੀ-ਲਿੰਗ।
‘ਸਾਰੁ’ ਪੁਲਿੰਗ ਦਾ ਅਰਥ ਹੈ ‘ਲੋਹਾ’ ਜਾਂ ‘ਤੱਤ’।
‘ਸਾਰ’ ਇਸਤ੍ਰੀ-ਲਿੰਗ ਦਾ ਅਰਥ ਹੈ ‘ਸੁਰਤਿ, ਖ਼ਬਰ’।
ਜਿਵੇਂ ਪ੍ਰਮਾਣ ਨੰ: (1) ਅਤੇ (2) ।
(2) ‘ਸਾਰ’ ਵਿਸ਼ੇਸ਼ਣ ਹੈ, ਜਿਵੇਂ ਪ੍ਰਮਾਣ ਨੰ: (3) ਵਿਚ ਹੈ। ਇਸ ਦਾ ਅਰਥ ਹੈ ‘ਸ੍ਰੇਸ਼ਟ’। (3) ‘ਸਾਰਿ’ ਕ੍ਰਿਆ ਹੈ ,ਜਿਸ ਦਾ ਅਰਥ ਹੈ ‘ਖ਼ਬਰ ਲੈਣੀ’, ‘ਚੇਤੇ ਕਰਨਾ’ ਜਿਵੇਂ ਪ੍ਰਮਾਣ (4) ।
ਸਾਰੁ = ਲੋਹਾ। ਕਰੜਾ ਸਾਰੁ = ਕਰੜਾ ਜਿਵੇਂ ਲੋਹਾ ਹੈ।
*ਅਰਥ*: ਉਸ ਅਵਸਥਾ ਵਿਚ (ਭਾਵ, ਅਕਾਲ ਪੁਰਖ ਨਾਲ ਇੱਕ-ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਨੂੰ ਬੇਅੰਤ ਖੰਡ, ਮੰਡਲ ਤੇ ਬੇਅੰਤ ਬ੍ਰਹਿਮੰਡ (ਦਿੱਸਦੇ ਹਨ, ਇਤਨੇ ਬੇਅੰਤ ਕਿ) ਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ, ਤਾਂ ਉਹਨਾਂ ਦੇ ਓੜਕ ਨਹੀਂ ਪੈ ਸਕਦੇ। ਉਸ ਅਵਸਥਾ ਵਿਚ ਬੇਅੰਤ ਭਵਣ ਤੇ ਅਕਾਰ ਦਿੱਸਦੇ ਹਨ (ਜਿਨ੍ਯ੍ਯਾਂ ਸਭਨਾਂ ਵਿਚ) ੇ ਉਸੇ ਤਰ੍ਯ੍ਯਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ (ਭਾਵ, ਇਸ ਅਵਸਥਾ ਵਿਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿੱਸਦੀ ਹੈ) । (ਉਸ ਨੂੰ ਪਰਤੱਖ ਦਿਸੱਦਾ ਹੈ ਕਿ) ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ। ਹੇ ਨਾਨਕ! ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ (ਭਾਵ, ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ) । 37।
*ਭਾਵ*: ਪਰਮਾਤਮਾ ਨਾਲ ਇੱਕ-ਰੂਪ ਹੋ ਚੁਕਣ ਵਾਲੀ ਆਤਮਕ ਅਵਸਥਾ ਵਿਚ ਅਪੜੇ ਜੀਵ ਉੱਤੇ ਪਰਮਾਤਮਾ ਦੀ ਬਖ਼ਸ਼ਸ਼ ਦਾ ਦਰਵਾਜ਼ਾ ਖੁਲ੍ਹਦਾ ਹੈ, ਉਸ ਨੂੰ ਸਭ ਆਪਣੇ ਹੀ ਆਪਣੇ ਦਿੱਸਦੇ ਹਨ, ਹਰ ਪਾਸੇ ਪ੍ਰਭੂ ਹੀ ਨਜ਼ਰੀਂ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਜੁੜੀ ਰਹਿਂਦੀ ਹੈ, ਹੁਣ ਮਾਇਆ ਇਸ ਨੂੰ ਠੱਗ ਨਹੀਂ ਸਕਦੀ, ਆਤਮਾ ਬਲਵਾਨ ਹੋ ਜਾਂਦੀ ਹੈ, ਪ੍ਰਭੂ ਨਾਲੋਂ ਵਿੱਥ ਨਹੀਂ ਪੈ ਸਕਦੀ। ਹੁਣ ਉਸ ਨੂੰ ਪਰਤੱਖ ਜਾਪਦਾ ਹੈ ਕਿ ਬੇਅੰਤ ਕੁਦਰਤ ਰਚ ਕੇ ਪ੍ਰਭੂ ਸਭ ਨੂੰ ਆਪਣੀ ਰਜ਼ਾ ਵਿਚ ਤੋਰ ਰਿਹਾ ਹੈ, ਤੇ ਸਭ ਉਤੇ ਮਿਹਰ ਦੀ ਨਜ਼ਰ ਕਰ ਰਿਹਾ ਹੈ। 37।
*ਸ਼ਬਦ* – ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥
*ਪਦ ਅਰਥ*: ਜਤੁ = ਆਪਣੇ ਸਰੀਰਕ ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕ ਰੱਖਣਾ। ਪਾਹਾਰਾ = ਸੁਨਿਆਰੇ ਦੀ ਦੁਕਾਨ। ਸੁਨਿਆਰੁ = ਸੁਨਿਆਰਾ। ਮਤਿ = ਅਕਲ। ਵੇਦ = ਗਿਆਨ। ਹਥੀਆਰੁ = ਹਥੌੜਾ।
ਨੋਟ: ਸ਼ਬਦ ‘ਵੇਦ’ ਹੇਠ-ਲਿਖੀਆਂ ਤੁਕਾਂ ਵਿਚ ਜਪੁਜੀ ਵਿਚ ਵਰਤਿਆ ਗਿਆ ਹੈ:
(1) ਗੁਰਮੁਖਿ ਨਾਦੰ, ਗੁਰਮੁਖਿ ਵੇਦੰ, ਗੁਰਮੁਖਿ ਰਹਿਆ ਸਮਾਈ। (ਪਉੜੀ 5
(2) ਸੁਣਿਐ ਸਾਸਤ ਸਿੰਮ੍ਰਿਤਿ ਵੇਦ। (ਪਉੜੀ 9
(3) ਅਸੰਖ ਗਰੰਥ ਮੁਖਿ ਵੇਦ ਪਾਠ। (ਪਉੜੀ 17
(4) ਓੜਕ ਓੜਕ ਭਾਲਿ ਥਕੇ, ਵੇਦ ਕਹਨਿ ਇਕ ਵਾਤ। (ਪਉੜੀ 22
(5) ਆਖਹਿ ਵੇਦ ਪਾਠ ਪੁਰਾਣ। (ਪਉੜੀ 26
(6) ਗਾਵਨਿ ਪੰਡਿਤ ਪੜਨਿ ਰਖੀਸਰ, ਜੁਗੁ ਜੁਗੁ ਵੇਦਾ ਨਾਲੇ। (ਪਉੜੀ 27
ਪਉੜੀ ਨੰਬਰ 5 ਵਾਲੀ ਤੁਕ ਤੋਂ ਬਿਨਾ ਬਾਕੀ ਸਭ ਪਉੜੀਆਂ ਵਿਚ ਸ਼ਬਦ ‘ਵੇਦ’ ਬਹੁ-ਵਚਨ ਵਿਚ ਹੈ ਅਤੇ ਹਿੰਦੂ ਮੱਤ ਦੇ ਧਰਮ ਪੁਸਤਕਾਂ ‘ਵੇਦਾਂ’ ਵੱਲ ਇਸ਼ਾਰਾ ਹੈ। ਪਰ ਪਉੜੀ ਨੰਬਰ 5 ਵਿਚ ‘ਵੇਦੰ’ ਇਕ-ਵਚਨ ਹੈ ਤੇ ਅਰਥ ਹੈ ‘ਗਿਆਨ’। ਇਸੇ ਤਰਾਂ ‘ਵੇਦ ਹਥੀਆਰ’ ਵਿਚ ‘ਵੇਦ’ ਇਕ-ਵਚਨ ਹੈ ਤੇ ਅਰਥ ਹੈ ‘ਗਿਆਨ’। ਪਰ ਇਹ ਜ਼ਰੂਰੀ ਨਹੀਂ ਹੈ ਕਿ ਜਿੱਥੇ ਜਿੱਥੇ ਲਫ਼ਜ਼ ‘ਵੇਦੁ’ ਇਕ-ਵਚਨ ਵਿਚ ਆਇਆ ਹੇ ਉੱਥੇ ਇਸ ਦਾ ਅਰਥ ‘ਗਿਆਨ’ ਹੀ ਹੈ। ਕਈ ਸ਼ਬਦ ਐਸੇ ਹਨ, ਜਿੱਥੇ ‘ਵੇਦੁ’ ਇਕ-ਵਚਨ ਹੁੰਦਿਆਂ ਭੀ ਹਿੰਦੂ ਮਤ ਦਾ ਧਰਮ ਪੁਸਤਕ ਵੇਦ ਹੈ। ਪਰ ਪ੍ਰਕਰਣ ਨੂੰ ਵਿਚਾਰਨਾ ਭੀ ਜ਼ਰੂਰੀ ਹੈ।
ਇਸ ਪਉੜੀ ਵਿਚ ‘ਜਤੁ’, ‘ਧੀਰਜ’, ‘ਮਤਿ’, ‘ਭਉ’, ‘ਤਪਤਾਉ’, ਅਤੇ ‘ਭਾਉ’ ਭਾਵ-ਵਾਚਕ ਸ਼ਬਦ ਆਏ ਹਨ, ਇਸ ਵਾਸਤੇ ਲਫ਼ਜ਼ ‘ਵੇਦੁ’ ਭੀ ਉਹਨਾਂ ਦੇ ਨਾਲ ਢੁਕਵਾਂ (‘ਗਿਆਨ’ ਅਰਥ) ਭਾਵ-ਵਾਚਕ ਹੀ ਹੋ ਸਕਦਾ ਹੈ।
*ਅਰਥ*: (ਜੇ) ਜਤ-ਰੂਪ ਦੁਕਾਨ (ਹੋਵੇ) , ਧੀਰਜ ਸੁਨਿਆਰਾ ਬਣੇ, ਮਨੁੱਖ ਦੀ ਆਪਣੀ ਮੱਤ ਅਹਿਰਣ ਹੋਵੇ, (ਉਸ ਮਤ-ਅਹਿਰਣ ਉੱਤੇ) ਗਿਆਨ ਹਥੌੜਾ (ਵੱਜੇ) ।
*ਸ਼ਬਦ* – ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ ਸਚੀ ਟਕਸਾਲ ॥
ਭਉ-
‘ਭਉ’ ਸ਼ਬਦ ਨੂੰ ਇੱਥੇ ਗਹੁ ਨਾਲ ਵਿਚਾਰਨ ਦੀ ਲੋੜ ਹੈ।
‘ਜਪੁਜੀ’ ਸਾਹਿਬ ਵਿਚ ਇਹ ਸ਼ਬਦ ਦੋ ਵਾਰੀ ਆਇਆ ਹੈ, ਮੂਲ-ਮੰਤਰ ਵਿਚ ‘ਨਿਰਭਉ’ ਅਤੇ ਪਉੜੀ ਨੰਬਰ 38 ਵਿਚ ‘ਭਉ’।
ਸੰਸਕ੍ਰਿਤ ਦਾ ਸ਼ਬਦ ‘ਭਯ’ ਹੈ, ਪਰ ਸਤਿਗੁਰ ਜੀ ਇਸ ਨੂੰ ‘ਭਉ’ ਲਿਖਦੇ ਹਨ। ਆਰੀਆ ਸਮਾਜ ਵਰਗੀ ਪੜ੍ਹੀ-ਲਿਖੀ ਸ਼੍ਰੇਣੀ ਦੇ ਮੋਢੀ ਸੁਆਮੀ ਦਇਆਨੰਦ ਇਸ ਭਉ ਸ਼ਬਦ ਨੂੰ ਸਾਹਮਣੇ ਰੱਖ ਕੇ, ਆਪਣੀ ਵਿਦਿਆ ਦੇ ਆਧਾਰ ‘ਤੇ, ਗੁਰੂ ਨਾਨਕ ਸਾਹਿਬ ਨੂੰ ਅਨਪੜ੍ਹ ਲਿਖ ਗਏ ਹਨ। ਸੰਸਕ੍ਰਿਤ ਵਿੱਦਿਆ ਦੀ ਵਾਕਫ਼ੀਅਤ ਦੇ ਆਧਾਰ ‘ਤੇ ਉਹ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਸੰਸਕ੍ਰਿਤ ਜਾਣਦੇ ਹੁੰਦੇ, ਤਾਂ ‘ਭਯ’ ਨੂੰ ‘ਭਉ’ ਨਾਹ ਲਿਖਦੇ।
ਇਸ ਪੁਸਤਕ ਦਾ ਇਸ ਮਜ਼ਮੂਨ ਨਾਲ ਕੋਈ ਸੰਬੰਧ ਨਹੀਂ ਕਿ ਗੁਰੂ ਨਾਨਕ ਸਾਹਿਬ ਦੀ ਸੰਸਕ੍ਰਿਤ ਵਿੱਦਿਆ ਦਾ ਸਬੂਤ ਦਿੱਤਾ ਜਾਵੇ, ਕਿਉਂਕਿ ਇਸ ਗੱਲ ਦੀ ਤਾਂ ਲੋੜ ਹੀ ਨਹੀਂ ਸੀ ਕਿ ਗੁਰੂ ਸਾਹਿਬ ਆਪਣੇ ਸਮੇਂ ਦੇ ਜੀਵਾਂ ਨੂੰ ਸੰਸਕ੍ਰਿਤ ਬੋਲੀ ਵਿਚ ਉਪਦੇਸ਼ ਦਿੰਦੇ ਜਾਂ ਸੰਸਕ੍ਰਿਤ ਦੇ ਧਾਰਮਕ ਪੁਸਤਕਾਂ ਦਾ ਉਪਦੇਸ਼ ਦ੍ਰਿੜ੍ਹ ਕਰਾਉਂਦੇ। ਅਕਾਲ ਪੁਰਖ ਪਾਸੋਂ ਉਹ ਜੋ ਸੁਨੇਹਾ ਲੈ ਕੇ ਆਏ ਸਨ, ਉਹ ਉਹਨਾਂ ਨੇ ਉਸ ਬੋਲੀ ਵਿਚ ਸੁਣਾਉਣਾ ਸੀ ਤੇ ਸੁਣਾਇਆ, ਜੋ ਇਸ ਵੇਲੇ ਇਸ ਦੇਸ਼ ਦੇ ਲੋਕਾਂ ਵਿਚ ਪਰਚੱਲਤ ਸੀ।
ਬੋਲੀ ਸਦਾ ਬਦਲਦੀ ਆਈ ਹੈ। ਵੇਦਾਂ ਦੀ ਸੰਸਕ੍ਰਿਤ ਬਦਲ ਕੇ ਹੋਰ ਹੋ ਗਈ। ਸੰਸਕ੍ਰਿਤ ਬਦਲ ਕੇ ਪ੍ਰਾਕ੍ਰਿਤ ਬਣ ਗਈ। ਪ੍ਰਾਕ੍ਰਿਤ ਤੋਂ ਪੰਜਾਬੀ ਬਣ ਗਈ। ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਪੰਜਾਬੀ ਭੀ ਹੁਣ ਨਹੀਂ ਰਹੀ, ਹੋਰ ਹੋ ਗਈ ਹੈ। ਇਸ ਵਾਸਤੇ ਸੁਆਮੀ ਦਇਆਨੰਦ ਗੁਰੂ ਨਾਨਕ ਸਾਹਿਬ ਦੀ ਸ਼ਾਨ ਵਿਚ ਦੁਖਦਾਈ ਲਫ਼ਜ਼ ਲਿਖਣ ਦੀ ਥਾਂ, ਜੇ ਇਹ ਵੇਖਦੇ ਕਿ ਦੇਸ ਦੀ ਬੋਲੀ ਉਸ ਸਮੇਂ ਕਿਹੜੀ ਸੀ ਤਾਂ ਇਹ ਭੁੱਲ ਨਾਹ ਕਰਦੇ।
ਸੰਸਕ੍ਰਿਤ, ਪ੍ਰਾਕ੍ਰਿਤ ਤੇ ਪੰਜਾਬੀ ਦੀ ਖੋਜ ਦੇ ਅਧਾਰ ‘ਤੇ ਬੇਅੰਤ ਸ਼ਬਦ ਪੇਸ਼ ਕੀਤੇ ਜਾ ਸਕਦੇ ਹਨ , ਜਿੱਥੇ ਇਹ ਪਰਤੱਖ ਸਾਬਤ ਹੋ ਜਾਂਦਾ ਹੈ ਕਿ ਕਿਵੇਂ ਸੰਸਕ੍ਰਿਤ ਸ਼ਬਦ ਬਦਲ ਬਦਲ ਕੇ ਪੰਜਾਬੀ ਵਿਚ ਨਵਾਂ ਰੂਪ ਧਾਰਦੇ ਗਏ।
*ਪਦ ਅਰਥ*: ਭਉ = ਅਕਾਲ ਪੁਰਖ ਦਾ ਡਰ। ਖਲਾ = ਖੱਲਾਂ; ਧੌਂਕਣੀ (ਜਿਸ ਨਾਲ ਸੁਨਿਆਰੇ ਫੂਕ ਮਾਰ ਕੇ ਅੱਗ ਭਖਾਂਦੇ ਹਨ) । ਤਪਤਾਉ = ਤਪਾਂ ਨਾਲ ਤਪਣਾ, ਘਾਲ ਘਾਲਣੀ, ਕਮਾਈ ਕਰਨੀ। ਭਾਂਡਾ = ਕੁਠਾਲੀ। ਭਾਉ = ਪ੍ਰੇਮ। ਅੰਮ੍ਰਿਤੁ = ਅਕਾਲ ਪੁਰਖ ਦਾ ਅਮਰ ਕਰਨ ਵਾਲਾ ਨਾਮ। ਤਿਤੁ = ਉਸ ਭਾਂਡੇ ਵਿਚ। ਘੜੀਐ = ਘੜੀਦਾ ਹੈ, ਘੜਿਆ ਜਾਂਦਾ ਹੈ। ਘੜੀਐ ਸਬਦੁ = ਸ਼ਬਦ ਘੜਿਆ ਜਾਂਦਾ ਹੈ। ਸੱਚੀ ਟਕਸਾਲ = ਇਸ ਉੱਪਰ-ਦੱਸੀ ਹੋਈ ਸੱਚੀ ਟਕਸਾਲ ਵਿਚ।
*ਨੋਟ*: ਜਤ, ਧੀਰਜ, ਮਤ, ਗਿਆਨ, ਭਉ, ਤਪਤਾਉ ਅਤੇ ਭਾਉ ਦੀ ਮਿਲਵੀਂ ਸੱਚੀ ਟਕਸਾਲ ਵਿਚ ਗੁਰ ਸ਼ਬਦ ਦੀ ਮੋਹਰ ਘੜੀ ਜਾਂਦੀ ਹੈ, (ਭਾਵ ਜਿਸ ਉੱਚੀ ਆਤਮਕ ਅਵਸਥਾ ਵਿਚ ਕੋਈ ਸ਼ਬਦ ਗੁਰੂ ਨੇ ਉਚਾਰਿਆ ਹੈ, ਸਿੱਖ ਨੂੰ ਭੀ ਉਹ ਸ਼ਬਦ ਉਸੇ ਅਵਸਥਾ ਵਿਚ ਲੈ ਅੱਪੜਦਾ ਹੈ, (ਕੂੜ ਦੀ ਪਾਲਿ ਤੋੜ ਦੇਂਦਾ ਹੈ) ਜੇ ਜਤ ਧੀਰਜ ਆਦਿਕ ਵਾਲਾ ਜੀਵਨ ਬਣ ਜਾਏ। ਟਕਸਾਲ = ਉਹ ਥਾਂ ਜਿੱਥੇ ਸਰਕਾਰੀ ਰੁਪਏ ਆਦਿਕ ਸਿੱਕੇ ਘੜੀਦੇ ਹਨ।
*ਅਰਥ*: (ਜੇ) ਅਕਾਲ ਪੁਰਖ ਦਾ ਡਰ ਧੌਂਕਣੀ (ਹੋਵੇ) , ਘਾਲ-ਕਮਾਈ ਅੱਗ (ਹੋਵੇ) , ਪ੍ਰੇਮ ਕੁਠਾਲੀ ਹੋਵੇ, ਤਾਂ (ਹੇ ਭਾਈ!) ਉਸ (ਕੁਠਾਲੀ) ਵਿਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਵੋ, (ਕਿਉਂਕਿ ਇਹੋ ਜਿਹੀ ਹੀ) ਸੱਚੀ ਟਕਸਾਲ ਵਿਚ (ਗੁਰੂ ਦਾ) ਸ਼ਬਦ ਘੜਿਆ ਜਾਂਦਾ ਹੈ।
*ਸ਼ਬਦ* – ਜਿਨ ਕਉ ਨਦਰਿ ਕਰਮੁ ਤਿਨ ਕਾਰ ॥ ਨਾਨਕ ਨਦਰੀ ਨਦਰਿ ਨਿਹਾਲ ॥੩੮॥ {ਪੰਨਾ 8}
*ਪਦ ਅਰਥ*: ਜਿਨ ਕਉ = ਜਿਨ੍ਹਾਂ ਮਨੁੱਖਾਂ ਉੱਤੇ। ਨਦਰਿ = ਮਿਹਰ ਦੀ ਨਜ਼ਰ। ਕਰਮੁ = ਬਖ਼ਸ਼ਸ਼। ਤਿਨ ਕਾਰ = ਉਹਨਾਂ ਮਨੁੱਖਾਂ ਦੀ ਹੀ ਇਹ ਕਾਰ ਹੈ, (ਭਾਵ, ਉਹ ਮਨੁੱਖ ਇਹ ਉੱਪਰ ਦੱਸੀ ਟਕਸਾਲ ਤਿਆਰ ਕਰਕੇ ਸ਼ਬਦ ਦੀ ਘਾੜਤ ਘੜਦੇ ਹਨ) । ਨਿਹਾਲ = ਪਰਸੰਨ, ਖ਼ੁਸ਼, ਅਨੰਦ। ਨਦਰੀ = ਮਿਹਰ ਦੀ ਨਜ਼ਰ ਵਾਲਾ ਪ੍ਰਭੂ।
*ਅਰਥ*: ਇਹ ਕਾਰ ਉਹਨਾਂ ਮਨੁੱਖਾਂ ਦੀ ਹੈ, ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ, ਜਿੰਨ੍ਹਾਂ ਉੱਤੇ ਬਖ਼ਸ਼ਸ਼ ਹੁੰਦੀ ਹੈ। ਹੇ ਨਾਨਕ! ਉਹ ਮਨੁੱਖ ਅਕਾਲ ਪੁਰਖ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ। 38।
*ਭਾਵ*: ਪਰ ਇਹ ਉੱਚੀ ਆਤਮਕ ਅਵਸਥਾ ਤਦੋਂ ਹੀ ਬਣ ਸਕਦੀ ਹੈ ਜੇ ਆਚਰਨ ਪਵਿੱਤਰ ਹੋਵੇ, ਦੂਜਿਆਂ ਦੀ ਵਧੀਕੀ ਸਹਾਰਨ ਦਾ ਹੌਂਸਲਾ ਹੋਵੇ , ਉੱਚੀ ਤੇ ਵਿਸ਼ਾਲ ਸਮਝ ਹੋਵੇ, ਪ੍ਰਭੂ ਦਾ ਡਰ ਹਿਰਦੇ ਵਿਚ ਟਿਕਿਆ ਰਹੇ , ਸੇਵਾ ਦੀ ਘਾਲ ਘਾਲੀ ਜਾਏ ਖ਼ਾਲਕ ਤੇ ਖ਼ਲਕ ਦਾ ਪਿਆਰ ਦਿਲ ਵਿਚ ਹੋਵੇ। ਇਹ ਜਤ, ਧੀਰਜ, ਮਤ, ਗਿਆਨ, ਭਉ, ਘਾਲ ਅਤੇ ਪ੍ਰੇਮ ਦੇ ਗੁਣ ਇਕ ਸੱਚੀ ਟਕਸਾਲ ਹੈ ਜਿਸ ਵਿਚ ਗੁਰ ਸ਼ਬਦ ਦੀ ਮੋਹਰ ਘੜੀ ਜਾਂਦੀ ਹੈ (ਭਾਵ, ਜਿਸ ਉੱਚੀ ਆਤਮਕ ਅਵਸਥਾ ਵਿਚ ਕੋਈ ਸ਼ਬਦ ਸਤਿਗੁਰੂ ਨੇ ਉਚਾਰਿਆ ਹੈ, ਉੱਪਰ-ਦੱਸੇ ਜੀਵਨ ਵਾਲੇ ਸਿੱਖ ਨੂੰ ਭੀ ਉਹ ਸ਼ਬਦ ਉਸੇ ਆਤਮਕ ਅਵਸਥਾ ਵਿਚ ਲੈ ਅੱਪੜਦਾ ਹੈ) । 38।
*ਨੋਟ*: ਬਾਣੀ ‘ਜਪੁ’ ਦੀਆਂ ਕੁਲ 38 ਪਉੜੀਆਂ ਹਨ, ਜੋ ਇੱਥੇ ਸਮਾਪਤ ਹੋਈਆਂ ਹਨ। ਪਹਿਲੇ ਸਲੋਕ ਵਿਚ ਮੰਗਲਾਚਰਨ ਵਜੋਂ ਸਤਿਗੁਰੂ ਜੀ ਨੇ ਆਪਣੇ ਇਸ਼ਟ ਪ੍ਰਭੂ ਦਾ ਸਰੂਪ ਬਿਆਨ ਕੀਤਾ ਸੀ। ਅਗਲੇ ਅਖ਼ੀਰਲੇ ਸਲੋਕ ਵਿਚ ਸਾਰੀ ਬਾਣੀ ‘ਜਪੁ’ ਦਾ ਸਿਧਾਂਤ ਦੱਸਿਆ ਹੈ।
*ਸਲੋਕੁ* ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
*ਪਦ ਅਰਥ*: ਪਵਣੁ = ਹਵਾ, ਸੁਆਸ, ਪ੍ਰਾਣ। ਮਹਤੁ = ਵੱਡੀ। ਦਿਵਸੁ = ਦਿਨ। ਦੁਇ = ਦੋਵੇਂ। ਦਿਵਸੁ ਦਾਇਆ = ਦਿਨ ਖਿਡਾਵਾ ਹੈ। ਰਾਤਿ ਦਾਈ = ਰਾਤ ਖਿਡਾਵੀ ਹੈ। ਸਗਲ = ਸਾਰਾ।
*ਅਰਥ*: ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ, ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿਚ ਅਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ) ।
*ਸ਼ਬਦ* – ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
*ਪਦ ਅਰਥ*: ਵਾਚੈ = ਪਰਖਦਾ ਹੈ, (ਲਿਖੇ ਹੋਏ) ਪੜ੍ਹਦਾ ਹੈ। ਹਦੂਰਿ = ਅਕਾਲ ਪੁਰਖ ਦੀ ਹਜ਼ੂਰੀ ਵਿਚ, ਅਕਾਲ ਪੁਰਖ ਦੇ ਦਰ ‘ਤੇ। ਕਰਮੀ = ਕਰਮਾਂ ਅਨੁਸਾਰ। ਕੇ = ਕਈ ਜੀਵ। ਨੇੜੈ = ਅਕਾਲ ਪੁਰਖ ਦੇ ਨਜ਼ਦੀਕ।
*ਅਰਥ*: ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ। ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਅਕਾਲ ਪੁਰਖ ਤੋਂ ਦੂਰਿ ਹੋ ਜਾਂਦੇ ਹਨ।
*ਸ਼ਬਦ* – ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
*ਪਦ ਅਰਥ*: ਜਿਨੀ = ਜਿਨ੍ਹਾਂ ਮਨੁੱਖਾਂ ਨੇ। ਤੇ = ਉਹ ਮਨੁੱਖ। ਧਿਆਇਆ = ਸਿਮਰਿਆ ਹੈ। ਮਸਕਤਿ = ਮਸ਼ੱਕਤਿ, ਮਿਹਨਤ, ਘਾਲ = ਕਮਾਈ। ਘਾਲਿ = ਘਾਲ ਕੇ, ਸਫਲੀ ਕਰ ਕੇ। ਮੁਖ ਉਜਲੇ = ਉੱਜਲ ਮੁਖ ਵਾਲੇ। ਕੇਤੀ = ਕਈ ਜੀਵ। ਛੁਟੀ = ਮੁਕਤ ਹੋ ਗਈ, ਮਾਇਆ ਦੇ ਬੰਦਨਾਂ ਤੋਂ ਰਹਿਤ ਹੋ ਗਈ। ਨਾਲਿ = ਉਹਨਾਂ (ਗੁਰਮੁਖਾਂ) ਦੀ ਸੰਗਤ ਵਿਚ।
*ਅਰਥ*: ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ, (ਅਕਾਲ ਪੁਰਖ ਦੇ ਦਰ ‘ਤੇ) ਉਹ ਉੱਜਲ ਮੁਖ ਵਾਲੇ ਹਨ ਅਤੇ (ਹੋਰ ਭੀ) ਕਈ ਜੀਵ ਉਹਨਾਂ ਦੀ ਸੰਗਤਿ ਵਿਚ (ਰਹਿ ਕੇ) (“ਕੂੜ ਦੀ ਪਾਲਿ” ਢਾਹ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਗਏ ਹਨ।1।
*ਭਾਵ*: ਇਹ ਜਗਤ ਇਕ ਰੰਗ-ਭੂਮੀ ਹੈ, ਜਿਸ ਵਿਚ ਜੀਵ ਖਿਲਾੜੀ ਆਪੋ ਆਪਣੀ ਖੇਡ ਖੇਡ ਰਹੇ ਹਨ। ਹਰੇਕ ਜੀਵ ਦੀ ਪੜਤਾਲ ਬੜੇ ਗਹੁ ਨਾਲ ਹੋ ਰਹੀ ਹੈ। ਜੋ ਨਿਰੀ ਮਾਇਆ ਦੀ ਖੇਡ ਹੀ ਖੇਡ ਗਏ, ਉਹ ਪ੍ਰਭੂ ਤੋਂ ਵਿੱਥ ਪਾਈ ਗਏ। ਪਰ ਜਿਨ੍ਹਾਂ ਨੇ ਸਿਮਰਨ ਦੀ ਖੇਡ ਖੇਡੀ, ਉਹ ਆਪਣੀ ਮਿਹਨਤ ਸਫਲੀ ਕਰ ਗਏ ਤੇ ਹੋਰ ਕਈ ਜੀਵਾਂ ਨੂੰ ਇਸ ਸੁਚੱਜੇ ਰਾਹ ‘ਤੇ ਪਾਂਦੇ ਹੋਏ ਆਪ ਭੀ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੋਏ।

ਭੁੱਲ ਚੁੱਕ ਲਈ ਮੁਆਫੀ
ਬਲਵਿੰਦਰ ਸਿੰਘ ਮੁਲਤਾਨੀ
ਫ਼ੋਨ 6477714932
ਬਰੈਂਪਟਨ ਕਨੇਡਾ

Leave a Reply

Your email address will not be published. Required fields are marked *