Gurmat vichaar

ਮਾਨਸ ਜਾਤਿ

ਮਾਣਸ ਜਾਤਿ
ਪਰਮਾਤਮਾ ਨੇ ਸੰਸਾਰ ਅੰਦਰ ਲੱਖਾਂ ਹੀ ਜੂਨਾਂ ਪੈਦਾ ਕੀਤੀਆਂ ਹਨ ਉਨ੍ਹਾਂ ਵਿੱਚੋਂ ਹੀ ਇੱਕ ਮਨੁਖਾ ਜੂਨ ਵੀ ਹੈ ਜਿਸ ਨੂੰ ਉਸ ਨੇ ਵਡਿਆਈ ਦੀ ਬਖ਼ਸ਼ਿਸ਼ ਕੀਤੀ ਹੈ। “ ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥” (ਪੰਨਾ-੧੦੭੫) ਉਸ ਪ੍ਰਭੂ ਨੇ ਸਿਰਫ ਵਡਿਆਈ ਹੀ ਨਹੀਂ ਬਖ਼ਸ਼ੀ ਬਲਕਿ ਬਾਕੀ ਜੂਨਾਂ ਨੂੰ ਇਸਦਾ ਪਾਣੀਹਾਰ ਬਣਾਉਦੇ ਹੋਏ ਇਸ ਨੂੰ ਧਰਤੀ ਦੀ ਸਰਦਾਰੀ ਵੀ ਬਖ਼ਸ਼ ਦਿੱਤੀ। “ ਅਵਰ ਜੋਨਿ ਤੇਰੀ ਪਨਿਹਾਰੀ ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ।।” ( ਪੰਨਾ-੩੭੪) ਪਰ ਸੁਆਲ ਖੜ ਜਾਂਦਾ ਹੈ ਕਿ ਇਤਨੀਆਂ ਬਖਸ਼ਿਸ਼ਾਂ ਦੇ ਬਾਵਜੂਦ ਅੱਜ ਦਾ ਇਨਸਾਨ ਇਤਨਾ ਦੁਖੀ ਕਿਉਂ ਨਜ਼ਰ ਆ ਰਿਹਾ ਹੈ? ਇਹ ਇਤਨਾ ਦੁਖੀ ਹੋ ਗਿਆ ਕਿ ਖ਼ੁਦ ਕਸ਼ੀਆਂ ਕਰਨ ਤੱਕ ਪਹੁੰਚ ਗਿਆ ਹੈ ਜਦ ਕੇ ਕੋਈ ਵੀ ਜੀਵ ਖੁਦਕਸ਼ੀ ਕਰਨ ਨੂੰ ਤਿਆਰ ਨਹੀਂ ਦਿਸਦਾ ਭਾਵੇਂ ਉਹ ਕਿਸੇ ਵੀ ਜੂਨ ਵਿੱਚ ਕਿਉ ਨਾਂ ਹੋਵੇ। ਆਉ ਇਸਨੂ ਗੁਰਬਾਣੀ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਮਾਣਸ ਨੂੰ ਹੀ ਸਭ ਤੋਂ ਵੱਧ ਵਡਿਆਈ ਕਿਉ ?
ਕਿਉਕਿ ਪ੍ਰਮਾਤਮਾ ਨੇ ਮਨੁੱਖ ਨੂੰ ਸਿਰਫ ਦਿਮਾਗ ਹੀ ਨਹੀਂ ਦਿੱਤਾ ਬਲਕਿ ਇਸ ਨੂੰ ਧਰਤੀ ਤੇ ਭੇਜਣ ਤੋਂ ਪਹਿਲਾ ਇਹ ਸਮਝਾਇਆ ਕਿ ਭਾਈ ਜੋ ਤੂੰ ਕਰੇਗਾ ਉਹ ਸਭ ਕੁਝ ਮੈਂ ਤੇਰੇ ਅੰਦਰ ਬੈਠ ਕੇ ਵਾਚਣਾ ਹੈ ਕਿ ਤੂੰ ਅੱਗੇ ਜਾ ਕੇ ਕੀ ਕਰਨਾ ਹੈ “ ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ।।”(ਪੰਨਾ-੪੬੪) ਸੋ ਇਸ ਕਰਕੇ ਤੂੰ ਫਾਇਦੇ ਵਾਲਾ ਕੰਮ ਕਰਨਾ ਪਰ ਇਹ ਸਭ ਕੁਝ ਭੁੱਲ ਗਿਆ ਤੇ ਰੱਬੀ ਸਿਸਟਮ ਦੇ ਉਲਟ ਅਪਣੀ ਮਤ ਅਨੁਸਾਰ ਚੱਲਣ ਲੱਗ ਪਿਆ। “ ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ।।” (ਪੰਨਾ-੪੩) ਜਿਉਂ ਜਿਉਂ ਇਨਸਾਨ ਰੱਬ ਤੇ ਰੱਬੀ ਨਸੀਅਤ ਨੂੰ ਭੁਲਦਾ ਗਿਆ ਤਿਉ ਤਿਉ ਦੁਖੀ ਹੁੰਦਾ ਚਲਾ ਗਿਆ। ਤੇ ਇਹ ਫਾਇਦੇ ਦੀ ਬਜਾਏ ਘਾਟੇ ਵੱਲ ਚੱਲ ਪਿਆ।। “ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਬੇਗਿ ਧਾਇਆ ॥ ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇ ਨਾਇਆ ॥”(ਪੰਨਾ-੪੦੨) ਇਹ ਰੱਬੀ ਸਿਸਟਮ ਨੂੰ ਭੁੱਲਣ ਕਰਕੇ ਹੀ ਆਪਣੀ ਔਕਾਤ ਹੀ ਭੁੱਲ ਗਿਆ ਤੇ ਦੇਖਾਂ ਦੇਖੀ ਜਾਂ ਝੂਠੀ ਸ਼ੁਹਰਤ ਖ਼ਾਤਰ ਮਿਹਨਤ ਤਾਂ ਘਟਾ ਦਿੱਤੀ ਤੇ ਖ਼ਰਚੇ ਵਧਾ ਲਏ। ਵਿਆਹ-ਸ਼ਾਦੀਆਂ , ਜੰਮਣੇ, ਮਰਣੇ ਆਦਿ ਤੇ ਵੇਖੋ ਵੇਖੀ ਇਨ੍ਹੇ ਕੁ ਖ਼ਰਚੇ ਕਰ ਲਏ ਜੋ ਉਤਾਰਨੇ ਔਖੇ ਹੋ ਗਏ ਤੇ ਫਿਰ ਖ਼ੁਦ ਕਸ਼ੀਆਂ ਦੇ ਰਾਹ ਫੜ ਲਏ। ਜੇ ਗੁਰੂ ਸਾਹਿਬ ਦੀ ਬਾਣੀ ਪੜ੍ਹ, ਵਿਚਾਰ ਕੇ ਅਪਣਾਈ ਹੁੰਦੀ ਤਾਂ ਨਾ ਇਤਨੇ ਖ਼ਰਚੇ ਕਰਦਾ ਤੇ ਨਾਂ ਹੀ ਖ਼ੁਦਕੁਸ਼ੀ? ਕਿਉਕਿ ਗੁਰੂ ਸਾਹਿਬ ਤਾਂ ਦੱਸਦੇ ਹਨ ਕਿ ਭਾਈ ਅਪਣੀ ਹਿੰਮਤ ਨਹੀਂ ਹਾਰਣੀ ਪਰ ਰਹਿਣਾ ਵਿੱਤ ਅੰਦਰ ਹੈ। “ ਜੇ ਕੋਊ ਅਪੁਨੀ ਓਟ ਸਮਾਰੈ ॥ ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ।।” (ਪੰਨਾ-੬੭੯) ਪਰ ਆਮ ਇਨਸਾਨ ਇਥੋ ਤੱਕ ਨਿੱਗਰ ਗਿਆ ਕਿ ਇਹ ਸਿਰਫ ਕਹਿਣ ਨੂੰ ਹੀ ਇਨਸਾਨ ਰਹਿ ਗਿਆ ਕੰਮ ਕਾਜ ਸਭ ਪਸ਼ੂਆ ਵਾਲੇ ਕਰ ਰਿਹਾ ਹੈ। ਲੋਕ ਪਰਚਾਉਣ ਖ਼ਾਤਰ ਧਰਮ ਦਾ ਪਹਿਰਾਵਾ ਤੇ ਧਰਮ ਦੇ ਨਾਂ ਤੇ ਧਾਰਮਿਕ ਕਰਮ ਕਾਂਡ ਕਰ ਰਿਹਾ ਹੈ ਅੰਦਰ ਸਭ ਮਾਇਆ ਵਰਤ ਰਹੀ ਹੈ, ਵਿਕਾਰਾਂ ਦੀ ਅੱਗ ਵਰ ਰਹੀ ਹੈ ਸੋ ਇਸ ਬਾਰੇ ਗੁਰੂ ਸਾਹਿਬ ਕਹਿਦੇ ਹਨ ਕਿ ਵਿਕਾਰਾਂ ਦੇ ਪੱਥਰ ਗੱਲ ਨਾਲ ਬੰਨ ਕੇ ਨਹੀਂ ਤਰਿਆ ਜਾਣਾ ਕਿਉਕਿ ਰੱਬ ਤੇਰੇ ਅੰਦਰ ਬੈਠ ਕੇ ਤੈਨੂੰ ਵਾਚ ਰਿਹਾ ਹੈ। “ ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥ ਬਾਹਰਿ ਭੇਖ ਅੰਤਰਿ ਮਲੁ ਮਾਇਆ ॥ ਛਪਸਿ ਨਾਹਿ ਕਛੁ ਕਰੈ ਛਪਾਇਆ ॥ ਬਾਹਰਿ ਗਿਆਨ ਧਿਆਨ ਇਸਨਾਨ ॥ ਅੰਤਰਿ ਬਿਆਪੈ ਲੋਭੁ ਸੁਆਨੁ ॥ ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥ ਗਲਿ ਪਾਥਰ ਕੈਸੇ ਤਰੈ ਅਥਾਹ।।” (ਪੰਨਾ-੨੬੭)
ਗੁਰੂ ਸਾਹਿਬ ਬੜੇ ਪਿਆਰ ਨਾਲ ਸਮਝਾਉਦੇ ਹਨ ਕਿ ਅਸਲ ਵਿੱਚ ਉਹੀ ਬੰਦੇ ਹਨ ਜੋ ਪ੍ਰਭੂ ਦੇ ਦਿਦਾਰ ਦੇਖਣ ਲਈ ਉਸਦੀ ਬੰਦਗੀ ਵਿੱਚ ਪੈਦੇਂ ਹਨ। ਭਾਵ ਜੋ ਪ੍ਰਭੂ ਨੂੰ ਹਰ ਸਮੇਂ ਯਾਦ ਰੱਖਦੇ ਹੋਏ ਰੱਬੀ ਹੁਕਮ ਵਿੱਚ ਜੀਵਨ ਬਤੀਤ ਕਰਦੇ ਹਨ। “ ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ।।” (ਪੰਨਾ-੪੬੫) ਗੁਰੂ ਸਾਹਿਬ ਫੁਰਮਾਉਦੇ ਹਨ ਜੋ ਲੋਕ ਅਪਣੇ ਆਪ ਨੂੰ ਗੁਰੂ/ਪੀਰ ਵੀ ਸਦਵਾਉਦੇ ਹਨ ਤੇ ਆਪਣੇ ਹੱਥੀ ਕਿਰਤ ਨਾਂ ਕਰਕੇ ਅਪਣੇ ਚੇਲਿਆਂ ਦੇ ਘਰੋਂ ਹੀ ਮੰਗਣ ਜਾਂਦੇ ਹਨ। ਐਸੇ ਲੋਕਾਂ ਤੋਂ ਗੁਰੂ ਸਾਹਿਬ ਦੂਰ ਹੀ ਰਹਿਣ ਦੀ ਹਦਾਇਤ ਕਰਦੇ ਹਨ। “ ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥” (ਪੰਨਾ-੧੨੪੫) ਹੁਣ ਦੇਖਣਾ ਤਾਂ ਆਪਾ ਖ਼ੁਦ ਹੈ ਕੀ ਆਪਾ ਗੁਰੂ ਦੀ ਗੱਲ ਮੰਨਦੇ ਹਾਂ? ਜੋ ਆਪ ਹੱਥੀ ਮਿਹਨਤ ਕਰਕੇ ਉਸ ਵਿੱਚੋਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਨ ਅਸਲ ਵਿੱਚ ਉਹ ਹੀ ਰੱਬ ਜੀ ਦਾ ਅਸਲ ਰਸਤਾ ਪਛਾਣਦੇ ਹਨ ਤੇ ਇਹ ਰਸਤਾ ਉਹੀ ਪਛਾਣ ਸਕਦਾ ਹੈ ਜੋ ਅਪਣੇ ਆਪ ਨੂੰ ਪਛਾਣ ਲੈਦਾ ਹੈ ਤੇ ਜਿਸ ਨੂੰ ਅਪਣੇ ਆਪ ਦੀ ਪਹਿਚਾਣ ਨਹੀਂ ਆਈ ਉਸ ਨੂੰ ਕਬੀਰ ਸਾਹਿਬ ਬਉਰਾ ਹੀ ਕਹਿੰਦੇ ਹਨ। “ ਸੋ ਬਉਰਾ ਜੋ ਆਪੁ ਨ ਪਛਾਨੈ ॥ ਆਪੁ ਪਛਾਨੈ ਤ ਏਕੈ ਜਾਨੈ।।” (ਪੰਨਾ- ੮੫੫)
ਸੋ ਇਸ ਸਭ ਵਿਚਾਰ ਤੋਂ ਜੋ ਸਾਰ ਸਾਹਮਣੇ ਆਉਦਾ ਹੈ ਕਿ ਜਿਸ ਮਨੁੱਖ ਅੰਦਰਲੀ ਇਨਸਾਨੀਅਤ ਮਰ ਗਈ ਉਹ ਦੂਸਰਿਆਂ ਦੇ ਕੰਮ ਆਉਣ ਦੀ ਬਜਾਏ ਉਨ੍ਹਾਂ ਨੂੰ ਲੁੱਟੇਗਾ, ਕੁਟੇਗਾ, ਉਨ੍ਹਾਂ ਦਾ ਹੱਕ ਮਾਰੇਗਾ, ਜ਼ੁਲਮ ਕਰੇਗਾ ਕਿਉਕਿ ਉਹ ਕਹਿਣ ਨੂੰ ਮਾਨਸ ਹੈ ਪਰ ਉਸ ਦੀ ਹਰੇਕ ਕਰਤੂਤ ਪਸ਼ੂ ਵਾਲੀ ਹੋ ਚੁੱਕੀ ਹੈ ਪਰ ਇਸ ਦੇ ਉਲਟ ਜੇ ਮਨੁੱਖ ਦੀ ਪਸ਼ੂ ਬਿਰਤੀ ਖਤਮ ਹੋ ਗਈ ਤਾਂ ਫਿਰ ਉਸੇ ਮਨੁੱਖ ਅੰਦਰ ਇਨਸਾਨੀਅਤ ਆ ਜਾਂਦੀ ਹੈ ਤੇ ਉਹ ਸੇਵਾ ਭਾਵਨੀ ਤਹਿਤ ਕਈਆ ਦੇ ਕਾਜ ਸਵਾਰਦਾ ਹੈ। ਇਥੇ ਭਾਈ ਸੱਜਣ ਜੀ ਦੀ ਸਾਖੀ ਯਾਦ ਆ ਗਈ ਜਦ ਉਸਦੀ ਇਨਸਾਨੀਅਤ ਮਰ ਚੁੱਕੀ ਸੀ ਤੇ ਉਸ ਸਮੇਂ ਉਹ ਸਭ ਕਰਤੂਤਾਂ ਪਸ਼ੂਆ ਵਾਲੀਆ ਕਰਦਾ ਸੀ ਇਸੇ ਲਈ ਗੁਰੂ ਸਾਹਿਬ ਨੂੰ ਮਾਰਨ ਲਈ ਤਿਆਰ ਹੋ ਜਾਂਦਾ ਹੈ ਤੇ ਜਦ ਗੁਰੂ ਸਾਹਿਬ ਤੋਂ ਰੱਬੀ ਬਾਣੀ ਦਾ ਸ਼ਬਦ ਸੁਣਦਾ ਹੈ ਤਾਂ ਸ਼ਬਦ ਰੂਪੀ ਤੀਰ ਉਸ ਅੰਦਰਲੇ ਪਸ਼ੂ ਨੂੰ ਜਦ ਮਾਰ ਮੁਕਾਉਦਾ ਹੈ ਤਾਂ ਉਹੀ ਪਹਿਲਾ ਵਾਲਾ ਸੱਜਣ ਠੱਗ ਹੁਣ ਸੱਜਣ ਭਾਈ ਬਣ ਕੇ ਕਈਆ ਦੇ ਕਾਰਜ ਤੇ ਕਈਆਂ ਦੀਆਂ ਜਿੰਦਗੀਆਂ ਸੰਵਾਰਦਾ ਹੈ। ਕਬੀਰ ਸਾਹਿਬ ਨੇ ਕਿਆ ਖੂਬ ਸਾਨੂੰ ਗੁਰਬਾਣੀ ਅੰਦਰ ਸਮਝਾਇਆ ਹੈ ਕਿ ਹੇ ਭਾਈ ਜੇ “ਮਨੁੱਖ ਦੀ ਇਨਸਾਨੀਅਤ ਮਰ ਜਾਏ ਤਾਂ ਇਹ ਕਿਸੇ ਕੰਮ ਨਹੀਂ ਆਉਦਾ ਪਰ ਜੇ ਇਸ ਦੀ ਪਸ਼ੂ ਬਿਰਤੀ ਮਰ ਜਾਏ ਤਾਂ ਦਸਾਂ ਦੇ ਕਾਜ ਸੰਵਾਰਦਾ ਹੈ।” “ ਨਰੂ ਮਰੈ ਨਰੁ ਕਾਮਿ ਨ ਆਵੈ।। ਪਸੂ ਮਰੈ ਦਸ ਕਾਜ ਸਵਾਰੈ।।” ਇਸੇ ਸ਼ਬਦ ਦੀ ਰਹਾਉ ਦੀ ਪੰਕਤੀ ਅੰਦਰ ਕਬੀਰ ਸਾਹਿਬ ਕਿਤਨੀ ਨਿਮਰਤਾ ਦਰਸਾਉਦੇ ਹੋਇ ਅਪਣੇ ਆਪ ਨੂੰ ਕਹਿੰਦੇ ਹਨ ਕੇ “ ਹੇ ਬਾਬਾ ਮੈਂ ਅਪਣੇ ਕਰਮ ਦੀ ਗਤੀ ਭਾਵ ਬਾਰੇ ਕੀ ਜਾਣਦਾ ਹਾਂ ਭਾਵ ਅਪਣੇ ਨਿੱਤ ਦੇ ਕਰਮਾ ਬਾਰੇ ਮੈਨੂੰ ਸਮਝ ਹੀ ਨਹੀਂ ਕਿ ਮੈਂ ਕੀ ਕਰਨ ਆਇਆ ਹਾਂ ਤੇ ਕੀ ਕਰ ਰਿਹਾ ਹਾਂ” “ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ।। ਮੈ ਕਿਆ ਜਾਨਉ ਬਾਬਾ ਰੇ।।੧।। ਰਹਾਉ।।” ਅੱਗੇ ਸਮਝਾਉਦੇ ਹਨ ਕਿ ਭਾਈ ਤੈਨੂੰ ਭੇਜਣ ਸਮੇਂ ਜੋ ਸਮਝਾਇਆ ਹੈ ਤੂੰ ਉਹੀ ਕੰਮ ਕਰ ਵਰਣਾਂ ਤੇਰਾ ਸਭ ਕੁਝ ਧਰਿਆ ਧਰਾਇਆ ਰਹਿ ਜਾਣਾ ਹੈ ਕੁਝ ਨਹੀਂ ਨਾਲ ਜਾਣਾ “ ਤੇਰੇ ਹੱਡ ਲੱਕੜੀ ਦੇ ਢੇਰ ਵਾਂਗ ਤੇ ਕੇਸ ਘਾਹ ਦੀ ਪੰਡ ਵਾਂਗ ਸੜ ਜਾਣੇ ਹਨ।” “ ਹਾਡ ਜਲੇ ਜੈਸੇ ਲਕਰੀ ਕਾ ਤੂਲਾ।। ਕੇਸ ਜਲੇ ਜੈਸੇ ਘਾਸ ਕਾ ਪੂਲਾ।।” ਕਬੀਰ ਸਾਹਿਬ ਕਹਿੰਦੇ ਹਨ (ਕਿ ਹੁਣ ਤਾਂ ਤੂੰ ਸਮਝ ਨਹੀਂ ਰਿਹਾ ਕਿਉਕਿ ਤੂ ਵਿਕਾਰਾਂ ਦੀ ਦੁਨੀਆਂ ਅੰਦਰ ਗਲਤਾਨ ਹੈ ਪਰ ( ਜਦ ਜਮ ਦਾ ਡੰਡਾ ਤੇਰੇ ਸਿਰ ਤੇ ਵੱਜਣਾ ਹੈ ਫਿਰ ਹੀ ਤੈਨੂ ਸਮਝ ਪੈਣੀ ਹੈ।” “ ਕਹੁ ਕਬੀਰ ਤਬ ਹੀ ਨਰੁ ਜਾਗੈ ॥ ਜਮ ਕਾ ਡੰਡੁ ਮੂੰਡ ਮਹਿ ਲਾਗੈ ॥੩॥੨॥ {ਪੰਨਾ 870} ਸੋ ਗੁਰੂ ਸੰਵਾਰਿਓ ਜਿਥੇ ਆਪਾਂ ਅਪਣੇ ਫਰਜਾਂ ਨੂੰ ਗੁਰੂ ਤੋਂ ਸਮਝ ਕੇ ਅਪਣੀ ਜਿੰਦਗੀ ਸਫਲੀ ਕਰਨੀ ਹੈ ਉਥੇ ਚੰਗੇ ਸਮਾਜ ਦੀ ਸਿਰਜਨਾ ਵੀ ਹੋਵੇਗੀ। ਨਹੀ ਤੇ ਮਰਨ ਤੋ ਬਾਅਦ ਜੋ ਜਮਾਂ ਨੇ ਹਾਲ ਕਰਨਾ ਉਹ ਤਾਂ ਰੱਬ ਜਾਣਦਾ ਹੈ ਜਾਂ ਗੁਰੂ ਪਰ ਜਿਹੜੇ ਜਮ ਸਾਨੂੰ ਨਜ਼ਰ ਆਉਦੇ ਹਨ ਉਨ੍ਹਾਂ ਬਾਰੇ ਗੁਰੂ ਸਾਹਿਬ ਨੇ ਗੁਗਬਾਣੀ ਅੰਦਰ ਜੋ ਲਿਖਿਆ ਹੈ ਮੈ ਉਹ ਜਰੂਰ ਸਾਝੀ ਕਰਨਾ ਚਾਹੁੰਦਾ ਹਾਂ। “ਹੇ ਨਾਨਕ! ਕਲਜੁਗ ਵਿਚ (ਵਿਕਾਰੀ ਜੀਵਨ ਵਿਚ) ਰਹਿਣ ਵਾਲੇ (ਮਨੁੱਖ ਨੇ ਹੀ) ਭੂਤਨੇ ਜੰਮੇ ਹੋਏ ਹਨ, ਪੁਤ੍ਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ (ਸਾਰੇ) ਭੂਤਨਿਆਂ ਦੀ ਸਿਰਦਾਰ ਹੈ (ਭਾਵ; ਨਾਮ ਤੋਂ ਸੱਖਣੇ ਸਭ ਜੀਵ ਭੂਤਨੇ ਹਨ) ” “ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ।।(ਪੰਨਾ-੫੫੬) ਸੋ ਇਸੇ ਕਰਕੇ ਹੀ ਅੱਜ ਆਪਾ ਦੁਖੀ ਹਾਂ ਕਿਉਕਿ ਜਿੰਨ ਦਾ ਤਾਂ ਕੰਮ ਹੀ ਦੁਖੀ ਕਰਨਾ ਹੈ।। ਗੁਰੂ ਸਾਹਿਬ ਹੋਰ ਫੁਰਮਾਉਦੇ ਹਨ “ ਹੇ ਭਾਈ! ਕਲਜੁਗ ਵਿਚ ਪ੍ਰੇਤ (ਸਿਰਫ਼ ਉਹੀ) ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ ਵੱਸਦਾ) ਨਹੀਂ ਪਛਾਣਿਆ।” “ਕਲਿ ਮਹਿ ਪ੍ਰੇਤ ਜਿਨ੍ਹ੍ਹੀ ਰਾਮੁ ਨ ਪਛਾਤਾ।।” (ਪੰਨਾ- ੧੧੩੧) ਸੋ ਆਉ ਆਪਾਂ ਗੁਰਬਾਣੀ ਤੋਂ ਸੇਧ ਲੈ ਕੇ ਜੀਵਨ ਜਾਂਚ ਸਿਖਦੇ ਹੋਏ ਮਾਨਸ ਜਨਮ ਨੂੰ ਸਮਝਦੇ ਹੋਏ ਆਨੰਦਮਈ ਜ਼ਿੰਦਗੀ ਬਸ਼ਰ ਕਰੀਏ ਕਿਉਕਿ ਇਹ ਮਨੁਖਾ ਜਨਮ ਦੁਲੰਭ ਹੈ ਜੋ ਨਾਮ ਤੋਂ ਬਿਨ੍ਹਾ ਸਭ ਵਿਅਰਥ ਚਲਾ ਜਾਂਦਾ ਹੈ।“ ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ।।” ( ਪੰਨਾ-੪੫੦) ਫਰੀਦ ਸਾਹਿਬ ਤਾਂ ਕਹਿੰਦੇ ਹਨ ਹੇ ਭਾਈ ਜੇ ਤੂੰ ਆਪਣੇ ਆਪ ਨੂੰ ਸਵਾਰ ਲਏਂ, ਤਾਂ ਤੂੰ ਮੈਨੂੰ ਮਿਲ ਪਏਂਗਾ, ਤੇ ਮੇਰੇ ਵਿਚ ਜੁੜਿਆਂ ਹੀ ਤੈਨੂੰ ਸੁਖ ਪ੍ਰਾਪਤ ਹੋਵੇਗਾ “ ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ।।” (ਪੰਨਾ- ੧੩੮੨) ਸੋ ਆਉ ਆਪਾ ਰੱਬੀ ਸਿਸਟਮ ਨੂੰ ਗੁਰੂ ਸਾਹਿਬ ਤੋਂ ਸਿੱਖ ਕੇ ਅਪਣੀ ਜਿੰਦਗੀ ਗੁਜ਼ਾਰਨੀ ਸ਼ੁਰੂ ਕਰੀਏ ਫਿਰ ਸਾਡੇ ਲੋਕ ਸੁੱਖੀਏ ਪ੍ਰਲੋਕ ਸੁਹੇਲੇ ਹੋ ਜਾਣ ਗੇ।

ਭੁੱਲ ਚੁੱਕ ਮੁਆਫ
ਬਲਵਿੰਦਰ ਸਿੰਘ ਮੁਲਤਾਨੀ

Leave a Reply

Your email address will not be published. Required fields are marked *