ਚਾਲੇ ਥੇ ਹਰਿ ਮਿਲਨ ਕਉ
ਤਕਰੀਬਨ ਸਾਰੇ ਧਰਮ ਗ੍ਰੰਥ ਕਹਿੰਦੇ ਹਨ ਕਿ ਰੱਬ ਇੱਕ ਹੈ ਤੇ ਉਹ ਐਸੀ ਮਹਾਨ ਸ਼ਕਤੀ ਹੈ ਕਿ ਉਹ ਅਪਣੀ ਬਣਾਈ ਸਾਰੀ ਸਸ਼੍ਰਿਟੀ ਅੰਦਰ ਸਮਾਇਆ ਹੋਣ ਦੇ ਬਾਵਜੂਦ ਵੀ ਅਪਣੀ ਸ਼ਕਤੀ ਦੀ ਹੋਂਦ ਖਤਮ ਨਹੀਂ ਹੋਣ ਦਿੰਦਾ। ਫਿਰ ਸਵਾਲ ਪੈਦਾ ਹੋ ਜਾਂਦਾ ਹੈ ਕਿ ਸਭ ਰੱਬ ਪ੍ਰਸਤ ਜੋ ਉਸ ਪ੍ਰਭੂ ਦੀ ਭਾਲ ਅੰਦਰ ਹਨ ਉਹ ਆਪਸ ਵਿੱਚ ਕਿਉ ਲੜਦੇ-ਝਗੜਦੇ ਹਨ? ਜਦੋਂ ਕਿ ਇੱਕ ਨੂੰ ਮਿਲਣ ਲਈ ਇੱਕ ਵਿੱਚ ਸਮਾਉਣਾ ਪੈਣਾ ਹੈ ਤੇ ਕਿਸੇ ਵਿੱਚ ਵੀ ਸਮਾਉਣ ਲਈ ਅਪਣੀ ਹੋਂਦ ਮਿਟਾਉਣੀ ਪੈਦੀ ਹੈ। “ ਕਹਣੈ ਵਾਲੇ ਤੇਰੇ ਰਹੇ ਸਮਾਇ।” ( ਪੰਨਾ-੯) ਗੁਰਬਾਣੀ ਅਨੁਸਾਰ ਰੱਬ ਜੀ ਦੇ ਦੋ ਸਰੂਪ ਦੱਸੇ ਗਏ ਹਨ “ ਸਰਗੁਨ ਨਿਰਗੁਨ ਨਿਰੰਕਾਰ” ਸੋ ਸਰਗੁਣ ਤਾਂ ਸਭ ਅੰਦਰ ਵੱਸਿਆ ਹੋਇਆ ਹੋ ਗਿਆ “ ਘਟਿ ਘਟਿ ਮਹਿ ਹਰਿ ਜੀ ਬੈ ਸੰਤਨ ਕਹਿਓ ਪੁਕਾਰਿ” ਤੇ ਨਿਰਗੁਣ ਇੱਕ ਸ਼ਕਤੀ ਹੈ ਜਿਸ ਤੋਂ ਸਾਰੀ ਕਾਇਨਾਤ ਬਣੀ ਹੈ “ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ।।” ( ਪੰਨਾ -੧੯) ਉਸ ਸਾਚੇ (ਪ੍ਰਭੂ) ਨੇ ਸਭ ਤੋਂ ਪਹਿਲਾ ਹਵਾ ਬਣਾਈ ਫਿਰ ਹਵਾ ਤੋਂ ਪਾਣੀ ਤੇ ਫਿਰ ਪਾਣੀ ਤੋਂ ਤਿੰਨੇ ਭਵਨ ਸਾਜ ਕਿ ਆਪ ਹਰੇਕ ਜੀਵ ਵਿੱਚ ਸਮਾਅ ਗਿਆ। ਸਾਇਸਦਾਨ ਵੀ ਤਾਂ ਕਹਿੰਦੇ ਹਨ “ Energy can neither be created nor destroyed, it can be transferred from one form to another”। ਸੋ ਉਸ ਨਿਰਗੁਣ ਸਰੂਪ ਸ਼ਕਤੀ ਨੂੰ ਆਪਾ ਦੇਖ ਨਹੀਂ ਸਕਦੇ ਤੇ ਜੇ ਦੇਖ ਨਹੀਂ ਸਕਦੇ ਤਾਂ ਉਸ ਨਾਲ ਮਿਲਣ ਲਈ ਉਸ ਦੇ ਰੱਬੀ ਗੁਣਾ ਨੂੰ ਸਮਝਣਾ ਪੈਣਾ ਹੈ ਸੋ ਜਦ ਆਪਾ ਉਸ ਦੇ ਗੁਣਾ ਨੂੰ ਸਮਝ ਕੇ ਅਪਣਾ ਲਵਾਂਗੇ ਤਾਂ ਹੀ ਸਰਗੁਣ ਸਰੂਪ ਵਿੱਚ ਉਸ ਨੂੰ ਦੇਖ ਸਕਦੇ ਹਾਂ। ਜਦ ਉਸਦੀ ਕਾਇਨਾਤ ਨੂੰ ਪਿਆਰ ਕਰਨ ਲੱਗ ਜਾਵਾਂਗੇ ਤਾਂ ਰੱਬ ਦੀ ਪ੍ਰਾਪਤੀ ਅਵੱਛ ਹੋਵੇਗੀ ਕਿਉਕਿ ਗੁਰੂ ਸਾਹਿਬ ਖ਼ੁਦ ਫੁਰਮਾਉਦੇ ਹਨ “ ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।”
ਮੁਆਫ ਕਰਨਾ ਅੱਜ ਜੇ ਆਪਾ ਇਤਿਹਾਸ ਵੱਲ ਝਾਤ ਮਾਰਦੇ ਹਾਂ ਤਾਂ ਜਿਤਨਾ ਖ਼ੂਨ ਖ਼ਰਾਬਾ ਧਰਮ ਦੇ ਨਾਂ ਤੇ ਰੱਬ ਪ੍ਰਸੰਤਾ ਨੇ ਕੀਤਾ ਜਾਂ ਕਰਾਇਆ ਹੈ ਉਹ ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇ। ਜਿਥੇ ਵੱਖ ਵੱਖ ਧਰਮ ਦੇ ਬੰਦੇ ਆਪਸ ਵਿੱਚ ਲੜ ਰਹੇ ਹਨ ਉਥੇ ਤਕਰੀਬਨ ਹਰੇਕ ਧਰਮ ਦੇ ਅੰਦਰ ਵੀ ਜਥੇਬੰਦੀਆਂ ਦੇ ਰੂਪ ਵਿੱਚ ਇੱਕ ਦੂਜੇ ਤੋਂ ਅੱਗੇ ਲੰਘਣ ਲਈ ਜਾਂ ਅਪਣੀ ਅਪਣੀ ਜਥੇਬੰਦੀ ਨੂੰ ਮਹਾਨ ਦੱਸਣ ਲਈ ਲੜਾਈਆ ਚੱਲ ਰਹੀਆਂ ਹਨ। ਜੇ ਗੱਲ ਕਰਾਂ ਸਿੱਖ ਧਰਮ ਦੀ ਜੋ ਸਭ ਤੋਂ ਨਵੀਨ ਧਰਮ ਹੈ ਜੋ ਕਾਦਰ ਦੀ ਕੁਦਰਤ ਦੇ ਨਿਯਮਾਂ ਨੂੰ ਕਿਤੇ ਕੱਟਦਾ ਨਜ਼ਰ ਨਹੀਂ ਆਉਦਾ, ਸ਼ਾਇਦ ਇਸੇ ਕਰਕੇ ਗ਼ੈਰ ਧਰਮਾਂ ਦੇ ਪੜ੍ਹੇ ਲਿਖੇ ਵਿਦਵਾਨ ਵੀ ਕਹਿੰਦੇ ਹਨ ਕਿ ਇਹ ਧਰਮ ਸਾਰੀ ਮਨੁਖਤਾ ਲਈ ਸਾਂਝਾ ਧਰਮ ਹੈ ਜੋ ਮਾਨਵਤਾ ਦਾ ਸੁਨੇਹਾ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਹੀ ਇੱਕ ਐਸਾ ਗ੍ਰੰਥ ਹੈ ਜਿਸ ਵਿੱਚ ਜਿੱਥੇ ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ ਹੋਰ ਧਰਮ ਦੇ ਭਗਤਾਂ ਤੇ ਸਿੱਖਾਂ ਦੀ ਬਾਣੀ ਵੀ ਮੌਜੂਦ ਹੈ ਉਥੇ ਇਸ ਗ੍ਰੰਥ ਨੂੰ ਗੁਰੂ ਦਾ ਸਥਾਨ ਵੀ ਪ੍ਰਾਪਤ ਹੈ। ਜਿਥੇ ਸਿੱਖ ਧਰਮ ਸਿੱਧਾ ਤੇ ਸੌਖਾ ਹੈ ਉਥੇ ਸਪੱਸ਼ਟ ਵੀ ਹੈ। ਪਰ ਅਫ਼ਸੋਸ ਫਿਰ ਵੀ ਇਸ ਅੰਦਰ ਪੂਰੀ ਖਿਚੋਤਾਣ ਹੀ ਨਹੀਂ ਬਲਕਿ ਸਿੱਖ ਸਿੱਖ ਦਾ ਕਾਤਲ ਬਣ ਚੁੱਕਾ ਹੈ। ਜਦੋਂ ਸਿੱਖ ਧਰਮ ਦੇ ਨੌਵੇ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ੁਲਮ ਦੇ ਵਿਰੁੱਧ ਆਵਾਜ ਉਠਾਉਦੇ ਹੋਏ ਉਸ ਹਿੰਦੂ ਧਰਮ ਦੇ ਹੱਕ ਵਿੱਚ ਅਪਣੀ ਸ਼ਹਾਦਤ ਦਿੱਤੀ ਜਿਸ ਦੇ ਧਾਰਮਿਕ ਕਰਮ ਕਾਂਢਾ ਦੀ ਗੁਰੂ ਨਾਨਕ ਸਾਹਿਬ ਨੇ ਵਿਰੋਧਤਾ ਕੀਤੀ। ਇਥੇ ਹੀ ਬੱਸ ਨਹੀਂ ਗੁਰੂ ਦਸਮ ਪਾਤਸ਼ਾਹ ਨੇ ਤਾਂ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ “ ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ” (ਪੰਨਾ-੧੨੯੯) ਦੀ ਵਿਆਖਿਆ ਪ੍ਰਯੋਗਿਕ ਢੰਗ ਨਾਲ ਕਰ ਵਿਖਾਈ। ਜਦ ਭਾਈ ਘਨੀਆ ਜੀ ਜੰਗ ਦੇ ਮੈਦਾਨ ਅੰਦਰ ਦੁਸ਼ਮਣਾਂ ਸਮੇਤ ਸਭ ਨੂੰ ਪਾਣੀ ਪਿਲਾ ਰਹੇ ਸਨ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਰੋਕਣ ਦੀ ਬਜਾਏ ਮਲ੍ਹਮ ਪੱਟੀ ਵੀ ਫੜਾ ਦਿੱਤੀ। ਫਿਰ ਅੱਜ ਸਾਨੂੰ ਕਿਉਂ ਸਮਝ ਨਹੀਂ ਆ ਰਹੀ? ਕਿਉ ਆਪਾ ਆਪਸ ਵਿੱਚ ਝਗੜ ਰਹੇ ਹਾਂ? ਕੀ ਇਹ ਸਭ ਵੇਖ ਕਿ ਇਸ ਤਰ੍ਹਾ ਨਹੀਂ ਮਹਿਸੂਸ ਹੁੰਦਾ ਜਿਵੇਂ ਕਬੀਰ ਸਾਹਿਬ ਦੇ ਬੋਲ” “ ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ ॥ ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ ॥੯੬॥ {ਪੰਨਾ 1369}“ ਸਾਡੇ ਤੇ ਢੁੱਕ ਰਹੇ ਹਨ? ਕਬੀਰ ਸਾਹਿਬ ਫੁਰਮਾਉਦੇ ਹਨ ਕਿ ਚੱਲੇ ਤਾਂ ਇਹ ਸਭ ਰੱਬ ਜੀ ਮਿਲਣ ਸਨ ਪਰ ਜਦ ਲੋਕ ਇਨ੍ਹਾਂ ਨੂੰ ਰੱਬ ਪ੍ਰਸਤ ਸਮਝਦੇ ਹੋਏ ਸਤਿਕਾਰ ਕਰਨ ਲੱਗੇ ਤਾਂ ਇਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਅਪਣੇ ਸਿੱਖ ਬਣਾ ਕੇ ਅਪਣੀ ਅਪਣੀ ਪੂਜਾ ਕਰਵਾਉਣ ਲੱਗੇ ਤੇ ਇਥੇ ਹੀ ਅਪਣਾ ਚਿੱਤ ਟਿਕਾ ਲਿਆ ਜਿਸ ਕਰਕੇ ਅਸਲ ਮੰਤਵ ਰੱਬ ਜੀ ਨੂੰ ਮਿੱਤਰ ਬਣਾਉਣ ਵਾਲਾ ਭੁੱਲ ਗਏ ਤੇ ਅਪਣੇ ਅਪਣੇ ਸਿੱਖਾਂ ਦੀ ਗਿਣਤੀ ਵਧਾਉਣ ਦੇ ਚੱਕਰ ਵਿੱਚ ਇਕ ਦੂਜੇ ਤੇ ਗੋਲ਼ੀਆਂ ਤੱਕ ਚਲਾਉਣ ਲੱਗ ਪਏ। ਜਾਂ ਫਿਰ ਕਹਿ ਲਉ ਕਿ ਭਾਈ ਗੁਰਦਾਸ ਜੀ ਦੇ ਬੋਲ “ ਸੁਭਿ ਅਮਲਾ ਬਾਝਹੁ ਦੋਨੋ ਰੋਈ” ਵਾਲਾ ਵਰਤਾਰਾ ਵਰਤ ਰਿਹਾ ਹੈ। ਡੇਰੇਦਾਰ ਆਪਸ ਵਿੱਚ ਲੜੀ ਜਾਂਦੇ ਹਨ ਤੇ ਜਾਗਰੂਕ ਆਪਸ ਵਿੱਚ ਲੜੀ ਜਾ ਰਹੇ ਹਨ। ਪੰਥਕ ਧਿਰਾਂ ਉਹ ਇਕੱਠੀਆ ਹੋਣ ਲਈ ਤਿਆਰ ਨਹੀਂ ਆਕਾਲੀ ਦਲ ਉਹ ਲੀਰੋ ਲੀਰ ਹੋਇਆ ਪਿਆ ਹੈ। ਸੋ ਮੈਨੂੰ ਇੰਜ ਲੱਗਦਾ ਹੈ ਜਿਵੇ ਕਿਸੇ ਦਾ ਗੁਰੂ ਸਾਹਿਬ ਜਾਂ ਰੱਬ ਨਾਲ ਕੋਈ ਲੈਣ ਦੇਣ ਨਹੀਂ ਸਭ ਅਪਣੀ ਅਪਣੀ ਡੱਫਲੀ ਵਜਾ ਰਹੇ ਹਨ। ਗੁਰੂ ਸਾਹਿਬ ਦਾ ਫੁਰਮਾਨ ਯਾਦ ਆਇਆ “ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥ {ਪੰਨਾ 145} ਇਥੇ ਹੋਰ ਵਿਚਾਰਨ ਯੋਗ ਗੱਲ ਹੈ ਕਿ ਡੇਰੇਦਾਰ ਤਾਂ ਆਪਣੀ ਗੋਲਕ ਤੇ ਪ੍ਰਭਤਾ ਖਤਰਾ ਲੜ ਰਹੇ ਹਨ। ਸਿਆਸੀ ਆਕਾਲੀ ਅਪਣੀ ਕੁਰਸੀ ਖ਼ਾਤਰ ਝਗੜਦੇ ਹਨ ਪਰ ਸਮਝ ਨਹੀਂ ਆ ਰਹੀ ਜੋ ਆਪਣੇ ਆਪ ਨੂੰ ਜਾਗਰੂਕ ਅਖਵਾ ਰਹੇ ਹਨ ਉਹ ਕਿਉ ਇੱਕ ਦੂਜੇ ਦੀ ਹਵਾ ਨੂੰ ਤਲਵਾਰਾਂ ਮਾਰ ਰਹੇ ਹਨ। ਜੇ ਇਸ ਤਰ੍ਹਾਂ ਹੀ ਕਰਨਾ ਹੈ ਫਿਰ ਜਾਗਰੂਕ ਕਾਹਦੇ ਹੋਏ। ਫਿਰ ਤਾ ਇਨ੍ਹਾਂ ਉਪਰ ਗੁਰੂ ਸਾਹਿਬ ਦਾ ਸ਼ਬਦ ਖ਼ੂਬ ਢੁੱਕਦਾ ਹੈ “ ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥ {ਪੰਨਾ 1376} ਅਸੀ ਤਾਂ ਰੱਬ ਨੂੰ ਮਿਲਣ ਲਈ ਤੁਰੇ ਸੀ ਤੇ ਕਿਧਰ ਨੂੰ ਜਾ ਰਹੇ ਹਾਂ ਇਹ ਇੱਕ ਬਹੁਤ ਵਿਚਾਰਨ ਵਾਲਾ ਵਿਸ਼ਾ ਹੈ ਵਰਨਾ ਪੁਜਾਰੀ ਤਾਂ ਬ੍ਰਾਹਮਣਵਾਦ ਫੈਲਾਉਣ ਚ ਕਾਮਯਾਬ ਹੋ ਰਿਹਾ ਹੈ।
ਜੇ ਆਪਾ ਸੱਚ ਮੁਚ ਹੀ ਰੱਬ ਨੂੰ ਮਿਲਣ ਚਲੇ ਹਾਂ ਤਾਂ ਕੁਝ ਖ਼ਾਸ ਕਰਨ ਦੀ ਲੋੜ ਨਹੀਂ ਸਿਰਫ ਜ਼ਰੂਰਤ ਹੈ ਗੁਰੂ ਗ੍ਰੰਥ ਸਾਹਿਬ ਅੱਗੇ ਸਮਰਪਿਤ ਹੋਣ ਦੀ। ਜੇ ਕਰ ਸਾਡਾ ਕੋਈ ਦੁਸ਼ਮਣ ਹੈ ਹੀ ਨਹੀਂ ਤਾਂ ਫਿਰ ਸਿਰਫ ਵਿਚਾਰਕ ਮੱਤ ਭੇਦਾਂ ਖਾਤਰ ਹੀ ਇੱਕ ਦੂਜੇ ਨੂੰ ਮਾਰਨਾ ਜਾਂ ਮਾਰਨ ਤੱਕ ਜਾਣਾ ਕਿਧਰ ਦੀ ਸਿਆਣਪ ਹੈ ਤੇ ਇਹ ਕਿਸ ਗੁਰੂ ਸਾਹਿਬ ਨੇ ਸਿਖਾਇਆ ਹੈ? ਵਿਚਾਰਕ ਮਤ-ਭੇਦ ਦਾ ਹੋਣਾ ਕੋਈ ਵੱਡੀ ਗੱਲ ਨਹੀਂ ਉਹ ਤਾਂ ਬਿੰਦੀ ਪ੍ਰਵਾਰ ਵਿੱਚ ਵੀ ਚੱਲਦੇ ਫਿਰ ਜੇ ਵਿਚਾਰਕ ਮੱਦ-ਭੇਦ ਨਾਦੀ ਪ੍ਰਵਾਰ(ਸਿੱਖ ਜਗਤ) ਅੰਦਰ ਆ ਗਏ ਤਾਂ ਕਿਹੜੀ ਵੱਡੀ ਗੱਲ ਹੈ। ਬੈਠ ਕੇ ਹੱਲ ਲੱਭਿਆ ਜਾਂ ਸਕਦਾ ਹੈ ਇਹ ਤਾਂ ਗੁਰੂ ਸਾਹਿਬ ਵੀ ਕਹਿੰਦੇ ਹਨ “ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥” ਸੋ ਜਦੋਂ ਆਪਾ ਅਪਣੀ ਮੱਤ ਪਿੱਛੇ ਛੱਡ ਕੇ ਗੁਰੂ ਦੀ ਮੱਤ ਭਾਵ ਗੁਰਬਾਣੀ ਦੀ ਕਸੌਟੀ ਵਰਤਾਂਗੇ ਤਾਂ ਗੁਰੂ ਸਾਹਿਬ ਜ਼ਰੂਰ ਕੋਈ ਨਾਂ ਕੋਈ ਹੱਲ ਦਸ ਦੇਣਗੇ। ਜਦੋਂ ਇਹ ਗੱਲ ਤਕਰੀਬਨ ਸਾਰੇ ਹੀ ਕਹਿ ਰਹੇ ਹਨ ਕਿ ਗ੍ਰੰਥਾਂ ਅੰਦਰ ਕੁਝ ਮਿਲਵਟਾਂ ਹਨ ਤਾਂ ਫਿਰ ਵਿਦਵਾਨ ਬੈਠ ਕੇ ਇਨ੍ਹਾਂ ਨੂੰ ਗੁਰਬਾਣੀ ਦੀ ਕਸੌਟੀ ਤੇ ਵਿਚਾਰ ਕਿਉ ਨਹੀਂ ਲੈਂਦੇ? ਕਿਉ ਭੋਲੇ ਭਾਲੇ ਸਿੱਖਾਂ ਨੂੰ ਦੁਬਿਧਾ ਵਿੱਚ ਪਾਇਆ ਹੋਇਆ ਹੈ? ਜੋ ਵਿਚਾਰਾਂ ਵਿਦਵਾਨਾਂ ਦੇ ਬੈਠ ਕੇ ਕਰਨ ਵਾਲ਼ੀਆਂ ਹਨ ਉਹ ਆਮ ਸੰਗਤ ਨਾਲ ਸਟੇਜਾਂ ਤੇ ਕਿਉ ਉਭਾਰੀਆ ਜਾ ਰਹੀਆਂ ਹਨ? ਇਸ ਲਈ ਜਥੇਦਾਰ ਆਕਾਲ ਤਖਤ ਸਾਹਿਬ ਵਿਦਵਾਨਾਂ ਦੀ ਇਕੱਤਤਰਤਾ ਕਰਕੇ ਕੋਈ ਹੱਲ ਕਰ ਸਕਦੇ ਹਨ। ਜੇ ਸਿੱਖ ਰਹਿਤ ਮਰਿਆਦਾ ਵਿਦਵਾਨ ਘੜ ਸਕਦੇ ਹਨ ਤਾਂ ਫਿਰ ਇਨ੍ਹਾ ਗ੍ਰੰਥਾਂ ਦੇ ਵਿਵਾਦਤ ਮੁੱਦੇ ਕਿਉਂ ਨਹੀਂ ਵਿਚਾਰ ਸਕਦੇ?
ਸੋ ਗੁਰੂ ਕੇ ਪਿਆਰ ਵਾਲਿਓ ਸੰਗਤ ਤੇ ਤਰਸ ਕਰਦੇ ਹੋਇ ਗੁਰੂ ਸਾਹਿਬ ਦੀ ਇਹ ਬਾਣੀ “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ ਇਨ੍ਹ੍ਹ ਬਿਧਿ ਪਾਸਾ ਢਾਲਹੁ ਬੀਰ ॥ ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥੧॥ ਰਹਾਉ ॥”(ਪੰਨਾ-੧੧੮੫) ਨੂੰ ਅਮਲੀ ਜਾਮਾ ਪਹਿਨਾਉਦੇ ਹੋਇ ਹਰਿ ਨਾਮੇ ਦੇ ਜੋੜੀ ਬਣ ਕੇ ਤੇ ਲਿਵ ਉਸ ਗੁਰੂ ਸਾਹਿਬ ਨਾਲ ਜੋੜ ਕਿ ਸਫ਼ਾ ਵਿਛਾ ਕੇ ਬੈਠ ਜਾਉ ਨਹੀ ਤਾਂ ਕੱਲ ਇਤਿਹਾਸ ਪੁਛੇਗਾ ਕਿ ਇਹ ਬਾਣੀ ਕਿਸ ਲਈ ਲਿਖੀ ਗਈ ਹੈ।ਜਿਸ ਦਾ ਸਾਡੇ ਕੋਲ ਕੋਈ ਜੁਆਬ ਨਹੀਂ ਹੋਣਾ। ਸੋ ਵੀਰੋ ਅਖੌਤੀ ਸਿਆਸੀ ਆਕਾਲੀਆਂ ਦੀ ਚਾਲ ਨੂੰ ਸਮਝ ਲਉ ਨਹੀਂ ਤੇ ਆਰ ਐਸ ਤਾਂ ਅਪਣੇ ਮਕਸਦ ਵੱਲ ਵੱਧਦਾ ਜਾ ਰਿਹਾ ਹੈ। ਹਾਲਾਂ ਕਿ ਗੁਰੂ ਸਾਹਿਬ ਤੇ ਭਰੋਸਾ ਹੈ ਕਿ ਉਸ ਨੇ ਸੱਚ ਨੂੰ ਕਾਇਮ ਰੱਖਣਾ ਹੈ ਪਰ ਜੋ ਅਸੀਂ ਅਪਣਾ ਤੇ ਕੌਮ ਦਾ ਨੁਕਸਾਨ ਕਰੀ ਜਾਂਦੇ ਹਾਂ ਉਸਦੇ ਦੇਣਦਾਰ ਵੀ ਅਸੀਂ ਹੀ ਹਾਂ ਤੇ ਆਉਣ ਵਾਲੇ ਇਤਿਹਾਸ ਨੇ ਸਾਨੂੰ ਬਿਲਕੁਲ ਮੁਆਫ ਨਹੀਂ ਜੇ ਕਰਨਾ। ਸੋ ਆਉ ਗੁਰੂ ਸਾਹਿਬ ਦੇ ਚਲਾਏ ਨਿਰਮਲ ਪੰਥ ਦੇ ਪਾਂਧੀ ਬਣੀਏ ਤੇ ਜੇ ਹਰਿ ਨੂੰ ਮਿਲਣ ਲਈ ਚੱਲੇ ਹਾਂ ਤਾਂ ਰਸਤੇ ਵਿੱਚ ਹੀ ਅਪਣਾ ਪੰਥ ਚਲਾ ਕੇ ਅਪਣਾ ਉਸ ਵਿੱਚ ਹੀ ਉਲਝ ਕੇ ਨਾ ਰਹਿ ਜਾਈਏ।ਸੋ ਆਉ ਗੁਰੂ ਸਿਧਾਂਤ “ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥ ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥”(ਪੰਨਾ-੯੧੮) ਨੂੰ ਜਦ ਆਪਾਂ ਸਮਝਦੇ ਹੋਏ ਸਭ ਕੁਝ ਗੁਰੂ ਨੂੰ ਅਰਪਣ ਕਰ ਕੇ ਉਸ ਦੇ ਹੁਕਮ ਅਨੁਸਾਰੀ ਹੋ ਕੇ ਉਸ ਪ੍ਰਭੂ ਦੀ ਸੱਚੀ ਬਾਣੀ ਨੂੰ ਗਾਵਾਂ ਤੇ ਅਪਣਾਵਾਂਗੇ ਫਿਰ ਸਾਡੇ ਲੋਕ ਸੁੱਖੀਏ ਤੇ ਪਰਲੋਕ ਸੁਹੇਲੇ ਗੁਰੂ ਸਾਹਿਬ ਨੇ ਕਰ ਦੇਣੇ ਹਨ।
ਭੁੱਲ ਚੁੱਕ ਮੁਆਫ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।