ਆਵਨ ਜਾਨੁ ਇਕੁ ਖੇਲੁ ਬਨਾਇਆ
ਇਹ ਇੱਕ ਸਚਾਈ ਹੈ ਕਿ ਖੇਲਨ ਨਾਲ ਸਰੀਰ ਤੰਦਰੁਸਤ ਤੇ ਰਿਸ਼ਟ ਪੁਸ਼ਟ ਰਹਿੰਦਾ ਹੈ। ਇਹ ਜਿੱਥੇ ਭਾਈਚਾਰਿਕ ਸਾਂਝ ਪੈਦਾ ਕਰਦੀ ਹੈ ਉੱਥੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਹੁਣ ਜੇ ਆਵਣ ਜਾਣ ਮਤਲਬ ਜੋ ਕੁਝ ਇਸ ਸੰਸਾਰ ਵਿੱਚ ਵਾਪਰ ਰਿਹਾ ਹੈ ਇਹ ਸਭ ਰੱਬੀ ਹੁਕਮ ਵਿੱਚ ਹੀ ਹੋ ਰਿਹਾ ਹੈ ਤਾਂ ਤੇ ਪਰਮਾਤਮਾ ਫਿਰ ਇਹ ਖੇਡ ਹੀ ਤਾਂ ਖੇਡ ਰਿਹਾ ਹੈ। ਮੈ ਗੱਲ ਕਰ ਰਿਹਾ ਹਾਂ ਜਦ ਸਭ ਕੁਝ ਰੱਬੀ ਖੇਡ ਹੈ ਤਾਂ ਫਿਰ ਸਫਰ-ਏ-ਸ਼ਹਾਦਤ ਵੀ ਤਾਂ ਇਕ ਰੱਬੀ ਖੇਡ ਹੀ ਸੀ। ਸੋ ਆਉ ਆਪਾ ਵਿਚਾਰ ਕਰੀਏ ਗੁਰੂ ਸਾਹਿਬ/ ਰੱਬ ਜੀ ਇਸ ਖੇਡ ਰਾਹੀਂ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। ਕਿਉਂਕਿ ਗੁਰਬਾਣੀ ਅਨੁਸਾਰ ਪਰਮੇਸ਼ਰ ਹੀ ਗੁਰੂ ਸਾਹਿਬ ਦਾ ਰੂਪ ਧਾਰ ਕੇ ਇਸ ਸੰਸਾਰ ਵਿੱਚ ਆਏ ਸਨ”ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥ {ਪੰਨਾ 1395}” ਸੋ ਜਦ ਗੁਰੂ ਸਾਹਿਬ ਆਪ ਹੀ ਨਰਾਇਣ ਹਨ ਤਾਂ ਉਨ੍ਹਾਂ ਲਈ ਜਾਲਮ ਸਰਕਾਰਾਂ ਨੂੰ ਨੱਥ ਪਾਉਣ ਲਈ ਇਤਨੇ ਸਿੰਘ, ਅਪਣੇ ਬੱਚੇ ਤੇ ਖ਼ੁਦ ਨੂੰ ਤਸੀਹਿਆਂ ਸਹਿਤ ਸ਼ਹੀਦ ਕਰਾਉਣ ਦੀ ਲੋੜ ਕਿਉ ਪਈ? ਜਦ ਕਿ ਰੱਬ ਤਾਂ ਇੱਕ ਪਲ ਵਿੱਚ ਹੀ ਸਭ ਕੁਝ ਕਰਨ ਦੇ ਸਮਰੱਥ ਹੈ।
ਅਸਲ ਵਿੱਚ ਗੁਰੂ ਸਾਹਿਬ ਨੇ ਸਾਨੂੰ ਇਨਸਾਨ ਵਾਂਗ ਰਹਿ ਕੇ ਸਿਖਾਇਆ ਕਿ ਇਨਸਾਨ ਨੇ ਸੱਚ ਦਾ ਪੱਲਾ ਕਿਸੇ ਹਾਲਤ ਵਿੱਚ ਨਹੀਂ ਛੱਡਣਾ। ਅੱਜ ਆਪਾ ਸਿਰਫ ਸਫਰ-ਏ-ਸ਼ਹਾਦਤ ਤੋਂ ਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਸਾਹਿਬ ਇਸ ਖੇਡ ਰਾਹੀਂ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। ਦੇਖੋ ਮੈ ਪਹਿਲਾ ਹੀ ਮੁਆਫ਼ੀ ਮੰਗਦਾ ਹੋਇਆਂ ਕਹਿ ਰਿਹਾ ਹਾਂ ਕਿ ਜੋ ਮੈਨੂੰ ਇਸ ਵਿੱਚੋਂ ਸਮਝ ਆਇਆ ਹੈ ਮੈ ਉਹ ਹੀ ਲਿਖ ਰਿਹਾ ਹਾਂ ਬਾਕੀ ਗੁਰੂ ਦੀਆ ਗੁਰੂ ਜਾਣੇ ਮੇਰਾ ਕੋਈ ਦਾਅਵਾ ਨਹੀਂ ਹੈ।
੧. *ਅਨੰਦ ਪੁਰ ਦੇ ਕਿਲੇ ਨੂੰ ਘੇਰਾ* – ਇਤਿਹਾਸ ਮੁਤਾਬਿਕ ਤਕਰੀਬਨ ਅੱਠ ਮਹੀਨੇ ਰਹਿੰਦਾ ਹੈ, ਗੁਰੂ ਸਾਹਿਬ ਇਤਨੇ ਸਮੇਂ ਬਾਅਦ ਖਾਲ਼ੀ ਕਰਦੇ ਹਨ। ਇਸ ਤੋਂ ਦੋ ਗੱਲਾਂ ਸਾਡੇ ਸਮਝਣ ਲਈ ਸਾਹਮਣੇ ਆਉਂਦੀਆਂ ਹਨ।
ੳ) ਜਾਲਮ/ ਝੂਠ/ਫ਼ਰੇਬ ਜਦ ਸਾਨੂੰ ਸਭ ਪਾਸਿਓਂ ਘੇਰ ਲਏ ਤਾਂ ਵੀ ਡਰਨਾ ਨਹੀਂ ਬਲਕਿ ਜਿਤਨਾ ਵੱਧ ਤੋਂ ਵੱਧ ਸਮਾ ਮਿਲੇ ਉਸ ਦਾ ਉਸਾਰੂ ਹੱਲ ਲੱਭਣਾ ਹੈ। “ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥ ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥ ਕਿਛੁ ਲਾਹੇ ਉਪਰਿ ਘਾਲੀਐ ॥੨੧॥ {ਪੰਨਾ 474}”
ਅ) ਧਰਮੀ ਕਦੀ ਧਰਮ ਦੀ ਕਸਮ ਨਹੀਂ ਖਾਂਧਾ ਤੇ ਝੂਠੇ/ਫ਼ਰੇਬੀ ਦਾ ਕੋਈ ਧਰਮ ਨਹੀਂ ਹੁੰਦਾ ਸੋ ਕਸਮ ਤੇ ਕਦੇ ਵਿਸ਼ਵਾਸ ਨਹੀਂ ਕਰਨਾ। “ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥੧॥ {ਪੰਨਾ 470}”
੨.**ਕਿਲ੍ਹੇ ਦਾ ਛੱਡਣਾ** – ਕਿਲ੍ਹਾ ਖਾਲ਼ੀ ਕਰਨ ਤੋਂ ਮਤਲਬ ਗੁਰੂ ਸਾਹਿਬ ਸਾਨੂੰ ਸਖਾਉਣਾ ਚਾਹੁੰਦੇ ਹਨ ਕਿ ਜ਼ੁਲਮ ਨਾਲ ਟੱਕਰ ਲੈਣੀ ਹੈ ਤਾਂ ਕਿਲ੍ਹੇ/ਜਾਇਦਾਦ ਆਦਿ ਨਾਲ ਕੋਈ ਮੋਹ ਨਹੀਂ ਰੱਖਣਾ ਬਲਕਿ ਅਪਣੀ ਮੰਜ਼ਲ ਵੱਲ ਵੱਧਣਾ ਹੈ। “ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥ ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥੫੭॥ {ਪੰਨਾ 1380}”
੩. *ਸਰਸਾ ਨਦੀ ਦਾ ਕਿਨਾਰਾ ਤੇ ਪਰਵਾਰ ਵਿਛੋੜਾ* – ਅੱਗਲੇ ਪਾਸੇ ਨਦੀ ਛਾਲਾਂ ਮਾਰਦੀ ਹੈ ਪਿੱਛੋਂ ਮੁਗਲ ਫੌਜ ਆ ਰਹੀ ਹੈ ਤੇ ਉੱਪਰੋਂ ਮੀਂਹ ਪੈ ਰਿਹਾ ਪਰ ਗੁਰੂ ਸਾਹਿਬ ਵਲੋ ਪ੍ਰਵਾਹ ਕੀਤੇ ਬਗੈਰ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਕਰਾਉਣਾ ਇਹੀ ਸੰਦੇਸ਼ ਦਿੰਦਾ ਹੈ ਕਿ ਹਾਲਾਤ ਕੁਝ ਵੀ ਹੋਣ ਸਿੱਖ ਨੇ ਨਿਤਨੇਮ ਨੂੰ ਹਮੇਸ਼ਾ ਪਹਿਲ ਹੀ ਦੇਣੀ ਹੈ। “ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ {ਪੰਨਾ 305}”
੪. *ਚਮਕੌਰ ਦੀ ਗੜੀ*- ਚਾਲੀ ਸਿੰਘਾਂ ਨੂੰ ਲੱਖਾਂ ਦੇ ਸਾਹਮਣੇ ਬੁਲੰਦ ਹੌਸਲੇ ਨਾਲ ਲੜਾ ਦੇਣਾ ਭਾਵ ਝੂਠਿਆਂ/ਜਾਲਮਾ ਦਾ ਕਾਫ਼ਲਾ ਕਿਤਨਾ ਵੀ ਵੱਡਾ ਕਿਉ ਨ ਹੋਵੇ ਉਸਦਾ ਡਟ ਕੇ ਮੁਕਾਬਲਾ ਕਰਨਾ ਹੈ।ਕਿਉਕ ਸੱਚ ਕਦੀ ਵੀ ਬਹੁਮੱਤ ਵਿੱਚ ਨਹੀਂ ਮਿਲੇਗਾ ਪਰ ਗੁਰੂ ਸਾਹਿਬ ਦਾ ਥਾਪੜਾਂ ਹਮੇਸ਼ਾ ਸੱਚ ਨੂੰ ਹੀ ਮਿਲਦਾ ਹੈ ਤੇ ਜਿੱਤ ਵੀ ਅਖੀਰ ਸੱਚ ਦੀ ਹੀ ਹੁੰਦੀ ਹੈ। “ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥ ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥ ਮਨਮੁਖ ਮਾਰੇ ਪਛਾੜਿ ਮੂਰਖ ਕਚਿਆ ॥ ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ ॥ ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ “(੧੨੮੦)
੫. *ਮਾਛੀਵਾੜੇ* ਦਾ ਆਰਾਮ ਦੱਸਦਾ ਹੈ ਕਿ ਸੱਚ ਦੇ ਰਾਹ ਤੇ ਚੱਲਣ ਵਾਲਿਆ ਦਾ ਮਾਨਸਿਕ ਤਣਾਅ ਕੁਝ ਨਹੀਂ ਵਿਗਾੜ ਸਕਦਾ। ਬਲਕਿ ਉਨਾਂ ਦੇ ਸਾਰੇ ਰੋਗ ਹੀ ਕੱਟੇ ਜਾਂਦੇ ਹਨ “ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥ ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥”(੭੧੪)
੬. ਉਚ ਦਾ ਪੀਰ ਬਣਨਾ ਦੱਸਦਾ ਕਿ ਲੋੜ ਪੈਣ ਤੇ ਤਉਸਾਰੂ ਰਾਜਨੀਤੀ ਅਪਨਾਉਣ ਵਿੱਚ ਕੋਈ ਹਰਜ ਨਹੀਂ।”ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥” (84)
੭. ਛੋਟੇ ਸਾਹਿਬਜ਼ਾਦੇ* – ਖਾਲਸਾ ਕਦੀ ਵੀ ਬੱਚਾ ਜਾਂ ਬੁੱਢਾ ਨਹੀਂ ਹੁੰਦਾ। ਉਹ ਹਮੇਸ਼ਾ ਜ਼ੁਲਮ ਅੱਗੇ ਅੜਦਾ ਹੈ।”ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥ ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥’ (68)
੮. ਨਵਾਬ ਮਲੇਰ ਕੋਟਲਾ*- ਜਾਗਦੀ ਜ਼ਮੀਰ ਵਾਲੇ ਧਰਮ ਨੂੰ ਨਾਲ ਲੈ ਕੇ ਚੱਲਦੇ ਹਨ ਭਾਵੇਂ ਰੁਤਬਾ ਕੋਈ ਵੀ ਕਿਉ ਨਾ ਹੋਵੇ। ਉਹ ਰੁਤਬਿਆਂ ਦੀ ਪ੍ਰਵਾਹ ਨਹੀਂ ਕਰਦੇ।”ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥ ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥ ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥੫॥ {ਪੰਨਾ 84}”
੯. ਸੁੱਚਾ ਨੰਦ *- ਮਰੀ ਜ਼ਮੀਰ ਵਾਲੇ ਗੁਲਾਮੀ/ ਚਮਚਾਗਿਰੀ ਨਹੀਂ ਛੱਡ ਸਕਦੇ। ਸੋ ਐਸੇ ਲੋਕਾਂ ਤੋਂ ਸਾਵਧਾਨ ਰਹਿਣਾ ਹੈ।’ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ ॥ ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥ ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ ॥ ਮੁਹ ਕਾਲੇ ਤਿਨ੍ਹ੍ਹ ਲੋਭੀਆਂ ਜਾਸਨਿ ਜਨਮੁ ਗਵਾਇ ॥” (1417)
੧੦. ਕੁਮਾ ਮਾਸ਼ਕੀ, ਮੋਤੀ ਮਹਿਰਾ*- ਇਨ੍ਹਾਂ ਤੋਂ ਸਿੱਖਿਆ ਮਿਲਦੀ ਹੈ ਕਿ ਸੇਵਾ ਕਰਨ ਲਈ ਭਾਵਨਾ ਦੀ ਲੋੜ ਹੈ। ਧੰਨ ਜਾਂ ਅਹੁਦਿਆਂ ਦੀ ਨਹੀਂ। “ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ। “(੩੧੪)
ਸੋ ਅੱਜ ਸਾਨੂੰ ਸਵੈ ਪੜਚੋਲ ਕਰਨ ਦੀ ਲੋੜ ਹੈ ਕਿ ਜੇ ਆਪਾ ਗੁਰੂ ਸਾਹਿਬ ਦੇ follower ਕਹਾਉਂਦੇ ਹਾਂ ਤਾਂ ਕੀ ਆਪਾ ਉਨ੍ਹਾਂ ਦੇ ਪਾਏ ਪੂਰਨਿਆਂ ਨੂੰ follow ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਜਾ ???
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ ਕਨੇਡਾ।