ਅੰਮ੍ਰਿਤ ਵੇਲਾ
ਅੰਮ੍ਰਿਤ ਵੇਲਾ ਉਹ ਸਮਾਂ ਕਿਹਾ ਜਾ ਸਕਦਾ ਹੈ ਜਿਸ ਸਮੇਂ ਇਨਸਾਨ ਦੇ ਅੰਦਰ ਪ੍ਰਭੂ ਵਡਿਆਈ ਦੀ ਵਿਚਾਰ ਚਰਚਾ ਚੱਲ ਰਹੀ ਹੋਵੇ ਜਾ ਕਹਿ ਲਉ ਅੰਮ੍ਰਿਤ ਦੀ ਵਰਖਾ ਹੋ ਰਹੀ ਹੋਵੋ ਜਾਂ ਹੋ ਸਕਦੀ ਹੈ। ਆਮ ਤੌਰ ਤੇ ਸਵੇਰ ਦੇ ਸਮੇਂ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਕਿਉਂਕਿ ਉਸ ਸਮੇਂ ਰੱਬ ਪ੍ਰਸਤ ਰੱਬੀ ਯਾਦ ਵਿੱਚ ਜੁੜਨ ਦੀ ਕੋਸ਼ਿਸ਼ ਕਰਦੇ ਹਨ। ਅਸਲ ਵਿੱਚ ਅੰਮ੍ਰਿਤ ਵੇਲੇ ਨੂੰ ਕਿਸੇ ਸਮੇਂ ਦੇ ਪੈਮਾਨੇ ਨਾਲ ਬੰਨਿਆ ਜਾਂ ਨਾਪਿਆ ਨਹੀਂ ਜਾ ਸਕਦਾ ਹਾਂ ਸਵੇਰੇ ਜਲਦੀ ਉਠਣਾ ਬਿਲਕੁਲ ਸਹੀ ਗੱਲ ਹੈ ਗੁਰੂ ਸਾਹਿਬ ਵੀ ਫ਼ੁਰਮਾਉਂਦੇ ਹਨ “ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥ ਕਾਰ੍ਹਾ
ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥”(੨੫੫) ਅਤੇ ਇੱਕ ਅੰਗਰੇਜ਼ੀ ਦਾ ਵੀ ਮੁਹਾਵਰਾ ਹੈ “early to bed & early to rise makes a man healthy wealthy wise”. ਸੋ ਸਵੇਰੇ ਜਲਦੀ ਉਠਣਾ ਜਿੱਥੇ ਬਹੁਤ ਵਧੀਆਂ ਗੱਲ ਹੈ ਉੱਥੇ ਉਠਣਾ ਵੀ ਜ਼ਰੂਰ ਚਾਹੀਦਾ ਹੈ ਪਰ ਕਈ ਵਾਰ ਆਪਾ ੨-੫, ੩-੫,ਜਾਂ ੫-੬ ਆਦਿ ਸਮੇਂ ਵਿੱਚ ਅੰਮ੍ਰਿਤ ਵੇਲੇ ਨੂੰ ਬੰਨਣ ਦੀ ਗੱਲ ਕਰਦੇ ਹਾਂ ਜੋ ਗੁਰਬਾਣੀ ਦੀ ਕਸੌਟੀ ਤੇ ਪੂਰਾ ਉਤਰਦਾ ਨਜ਼ਰ ਨਹੀਂ ਆਉਂਦਾ। ਗੁਰਬਾਣੀ ਨੂੰ ਘੋਖਿਆ ਇੰਜ ਲੱਗਦਾ ਹੈ ਕਿ ਇਹ ਮਨੁੱਖਾਂ ਜਨਮ ਹੀ ਅੰਮ੍ਰਿਤ ਵੇਲਾ ਹੈ ਤੇ ਇਸੇ ਨੂੰ ਹੀ ਗੁਰੂ ਪਿਆਰਿਆਂ ਨੇ ਸੰਭਾਲ਼ਨਾ ਹੈ।”ਅਠੇ ਪਹਰ ਇਕਤੈ ਲਿਵੈ ਮੰਨੇਨਿ ਹੁਕਮੁ ਅਪਾਰੁ ॥”(੯੫੯)”
ਜਦ ਆਪਾ ਕਨੇਡਾ ਤੋਂ ਭਾਰਤ ਜਾਣਾ ਹੋਵੇ ਜਾਂ ਆਉਣਾ ਹੋਵੇ ਤਾਂ ਰਸਤੇ ਵਿੱਚ ਘੱਟੋ ਘੱਟ ੧੩-੧੪ ਘੰਟੇ ਲੱਗਦੇ ਹਨ ਤੇ ਇਤਨੇ ਸਮੇਂ ਵਿੱਚ ਹੀ ੧੦.੩੦ ਘੰਟਿਆਂ ਦਾ ਫਰਕ ਆਉਂਦਾ ਹੈ ਸੋ ਕਿਸ ਸਮੇਂ ਨਾਲ ਬੱਨ੍ਹਾਂਗੇ ਅੰਮ੍ਰਿਤ ਵੇਲੇ ਨੂੰ। ਇਸ ਤਰ੍ਹਾ ਦੀਆ ਹੋਰ ਵੀ ਕਈ ਉਦਾਹਰਣਾਂ ਹੋ ਸਕਦੀਆਂ ਹਨ।ਇਸੇ ਲਈ ਗੁਰੂ ਸਾਹਿਬ ਫ਼ੁਰਮਾਉਂਦੇ ਹਨ “ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥ ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥ ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥ ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥”(੩੫) ਗੁਰੂ ਸਾਹਿਬ ਕਹਿੰਦੇ ਹਨ ਸਮੇਂ ਨਾਲ ਬੰਦਗੀ ਨੂੰ ਨਾ ਜੋੜੋ ਬਲਕਿ ਜਦ ਯਾਦ ਆਈ ਉਸੇ ਸਮੇਂ ਰੰਬੀ ਬੰਦਗੀ ਵਿੱਚ ਜੁੱਟ ਜਾਣਾ ਬਣਦਾ ਹੈ “ ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ। “(੧੪੫) ਭਾਵ ਹਰ ਦਮ ਪ੍ਰਭੂ ਨੂੰ ਯਾਦ ਰੱਖਣਾ ਹੈ “ ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥”(੫੫੬) ਕਿਉਂਕਿ “ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥”(੬੬੦) ਇਸੇ ਲਈ ਤਾਂ ਗੁਰੂ ਸਾਹਿਬ ਨੇ ਸਮਝਾਇਆ ਹੈ “ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥ ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥ ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥”(੯੭)
ਗੁਰੂ ਸਾਹਿਬ ਸਾਨੂੰ ਸਮਾਉਂਦੇ ਹਨ ਭਾਈ ਇਹ ਮਨੁੱਖਾਂ ਸਰੀਰ ਰੱਬੀ ਕ੍ਰਿਪਾ ਸਦਕਾ ਪ੍ਰਾਪਤ ਹੋਇਆਂ ਹੈ ਤੇ ਇਹੀ ਸਮਾ ਹੈ ਗੋਬਿੰਦ ਨੂੰ ਮਿਲਣ ਦਾ ਇਸ ਕਰਕੇ ਹੁਣ ਹੀ ਵੱਤਰ ਹੈ “ ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥”(੧੨) ਇਸ ਦੀ ਸੰਭਾਲ਼ ਕਰ ਲੈ। “ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥”(੧੨) ਗੁਰੂ ਸਾਹਿਬ ਹੋਰ ਫ਼ੁਰਮਾਉਂਦੇ ਹਨ “ ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ। “(੭੩੪) ਸੋ ਇਸ ਜ਼ਿੰਦਗੀ ਰੂਪੀ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਹੈ। ਇਸੇ ਲਈ ਗੁਰੂ ਦਸਮ ਪਿਤਾ ਜੀ ਫ਼ੁਰਮਾਉਂਦੇ ਹਨ “ ਅਲਪ ਅਹਾਰ ਸੁਲਪ ਸੀ ਨਿਦ੍ਰਾ” ਭਾਵ ਥੋੜਾ ਖਾਣਾ ਤੇ ਥੋੜਾ ਸੌਣਾਂ ਗੁਰੂ ਪੰਚਮ ਪਾਤਸ਼ਾਹ ਤੇ ਅੱਠੇ ਪਹਿਰ ਹੀ ਉਸ ਨਾਲ ਲਿਵ ਜੋੜਨ ਦੀ ਗੱਲ ਕਰਦੇ ਹਨ “ ਅਠੇ ਪਹਰ ਇਕਤੈ ਲਿਵੈ ਮੰਨੇਨਿ ਹੁਕਮੁ ਅਪਾਰੁ ॥”(੯੫੯) ਸੋ ਪਿਆਰਿਓ ਜਿੱਥੇ ਸਵੇਰੇ ਉਠ ਕਿ ਰੱਬੀ ਯਾਦ ਵਿੱਚ ਜੁੜਨਾ ਹੈ ਉੱਥੇ ਹਰ ਦਮ ਉਸ ਪ੍ਰਭੂ ਨੂੰ ਕਿਰਤ ਕਰਦਿਆਂ ਵੀ ਯਾਦ ਰੱਖਣਾ ਹੈ ਤਾਂ ਹੀ ਅੰਮ੍ਰਿਤ ਵੇਲੇ ਦੀ ਸੰਭਾਲ ਹੈ।ਨਹੀਂ ਤਾਂ ਕਈ ਸਵੇਰੇ ਇੱਕ ਜਾਂ ਦੋ ਵਜੇ ਉਠ ਤਾਂ ਪੈਦੇ ਹਨ ਪਰ ਉਠ ਕੇ ਚੋਰੀ ਜਾਂ ਜਾਰੀ ਵਿੱਚ ਰੁਝ ਜਾਂਦੇ ਹਨ ਤਾਂ ਫਿਰ ਉਨ੍ਹਾਂ ਲਈ ਉਹ ਸਮਾ ਅੰਮ੍ਰਿਤ ਵੇਲਾ ਕਿਵੇਂ ਕਿਹਾ ਜਾ ਸਕਦਾ ਹੈ? ਸੋ ਸਵੇਰੇ ਉਠ ਕੇ ਜਿੱਥੇ ਰੱਬੀ ਇਬਾਬਤ ਵਿੱਚ ਜੁੜਨਾ ਹੈ ਉੱਥੇ ਬਾਕੀ ਸਾਰਾ ਦਿਨ ਵੀ ਕਿਰਤ ਕਰਦਿਆਂ ਉਸ ਦਾਤਾਰ ਦੀ ਯਾਦ ਵਿੱਚ ਗੁਜ਼ਾਰਨੀ ਹੈ। ਗੁਰ ਫੁਰਮਾਨ ਹੈ “ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ {ਪੰਨਾ 305}“ਸੋ ਇਹ ਕੀਮਤੀ ਜ਼ਿੰਦਗੀ ਹੀ ਅੰਮ੍ਰਿਤ ਵੇਲਾ ਹੈ ਜਿਸ ਨੂੰ ਸਾਸ ਗੁਰਦਾਸ ਸੰਭਾਲ਼ਨਾ ਹੈ ਤੇ ਜਿਸ ਨੇ ਸੰਭਾਲ ਲਿਆ ਉਸਦਾ ਸੰਸਾਰ ਤੇ ਆਉਣ ਸਫਲ ਹੀ ਨਹੀਂ ਹੋਇਆਂ ਬਲਕਿ ਗੁਰੂ ਸਾਹਿਬ ਤਾਂ ਐਸੇ ਗੁਰਸਿੱਖਾਂ ਦੀ ਚਰਨ ਧੂੜ ਮੰਗਦੇ ਹਨ। “ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ {ਪੰਨਾ 306}
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ