ਜਪੁ ਬਾਣੀ ਦਾ ਮੰਗਲਾ ਚਰਣ
੧ – ਇੱਕ ਅੱਖਰ ਗੁਰਬਾਣੀ ਅੰਦਰ ਤਿੰਨ ਤਰ੍ਹਾਂ ਆਇਆ ਹੈ ਜਿਸ ਦੇ ਅਰਥ ਵੱਖ ਵੱਖ ਹਨ-
ਇਕ – ਇਸਤਰੀ ਲਿੰਗ ਇਕ ਵਚਨ ਲਈ
ਇਕੁ- ਪੁਲਿੰਗ ਇੱਕ ਵਚਨ ਲਈ
ਇਕਿ- ਕਈ (ਇਕਿ ਦਾਤੇ ਇਕਿ ਭਿਖਾਰੀ ਜੀ )
ਸੋ ਗੁਰੂ ਸਾਹਿਬ ਨੇ ਇਸੇ ਲਈ ਇੱਕ ਗਣਿਤ ਦਾ ਵਰਤਿਆਂ ਹੈ ਕਿ ਕਿਸੇ ਨੂੰ ਭੁਲੇਖਾ ਹੀ ਨਾ ਰਹੇ। ਵਰਨਾ ਕੋਈ ਕਹਿ ਸਕਦਾ ਸੀ ਓਅੰਕਾਰ ( ਰੱਬ) ਤਾਂ ਮਾਤਾ ਦੇਵੀ ਹੈ। ਇਸ ਲਈ ਔਕੜ ਨਹੀਂ ਆਇਆ, ਕੋਈ ਕਹਿ ਸਕਦਾ ਸੀ ਰੱਬ ਕਈ ਹਨ ਕ ਦੀ ਸਿਹਾਰੀ ਕਲੈਰੀਕਲ ਗਲਤੀ ਹੈ ਆਦਿ।
*ਓ*- ਇਸ ਦਾ ਉਚਾਰਨ ਹੈ ਓਅੰਕਾਰ ਜੋ ਗੁਰੂ ਸਾਹਿਬ ਨੇ ਦੱਖਣੀ ਓਅੰਕਾਰ ਬਾਣੀ ਅੰਦਰ ਸਪੱਸ਼ਟ ਕੀਤਾ ਹੈ ਨਾਲ ਹੀ ਅਰਥ ਵੀ ਕਰ ਦਿੱਤੇ ਹਨ ਕਿ ਓਅੰਕਾਰ ਹੈ ਕੋਣ। “ ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥ ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ* ॥ ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰਮੁਖਿ ਤਰੇ॥ ਪੰਡਿਤ ਲੋਕ ਜਨਤਾ ਨੂੰ ਦੱਸਦੇ ਸਨ ਕਿ ਜੀਵਾਂ ਨੂੰ ਬ੍ਰਹਮਾ ਨੇ ਪੈਦਾ ਕੀਤਾ ਹੈ ਤੇ ਉਹ ਬ੍ਰਹਮਾ ਦੀ ਮੂਰਤੀ ਬਣਾ ਕਿ ਉਸੇ ਨੂੰ ਹੀ ਓਅੰਕਾਰ ਦੱਸੀ ਜਾਂਦੇ ਸਨ ਪਰ ਸਾਹਿਬ ਨੇ ਕਿਹਾ ਇਹ ਮੂਰਤੀ ਓਅੰਕਾਰ ਨਹੀਂ ਹੋ ਸਕਦੀ ਬਲਕਿ ਜਿਸ ਨੇ ਬ੍ਰਹਮਾ ਤੇ ਵੇਦ ਆਦਿ ਸਭ ਕੁਝ ਨੂੰ ਪੈਦਾ ਕੀਤਾ ਹੈ ਉਹ ਪ੍ਰਭੂ ਹੀ ਓਅੰਕਾਰ ਹੈ। ਤੇ ਉਹ ਸਾਰੀ ਸ੍ਰਸ਼ਿਟੀ ਦਾ ਪੈਦਾ ਕਰਨ ਵਾਲਾ ਤੇ ਪਾਲਣ ਵਾਲਾ ਵੀ ਹੈ।
ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਜਦੋਂ ਸੰਗਲਾਦੀਪ ਤੋਂ ਮੁੜ ਕੇ ਸੋਮਨਾਥ ਦੁਆਰਕਾ ਹੁੰਦੇ ਹੋਏ ਦਰਿਆ ਨਰਬਦਾ ਦੇ ਕੰਢੇ ਕੰਢੇ ਉਸ ਥਾਂ ਅੱਪੜੇ ਜਿਥੇ ਓਅੰਕਾਰ ਦਾ ਮੰਦਰ ਹੈ ਉੱਥੇ ਜੋ ਪਾਂਡਿਆਂ ਨਾਲ ਵਿਚਾਰ ਚਰਚਾ ਹੋਈ ਉਸ ਨੂੰ ਗੁਰੂ ਸਾਹਿਬ ਨੇ ਬਾਣੀ ਓਅੰਕਾਰ ਦੇ ਸਿਰਲੇਖ ਹੇਠ ਲਿਖ ਦਿੱਤਾ।
੧ਓ- ਪਰਮਾਤਮਾ ਇੱਕ ਹੈ।
੧ , ਓ, ਸਤਿ, ਤੇ ਨਾਮੁ
ਇਹ ਚਾਰ ਪਦ ਸੁਤੰਤਰ ਹਨ ਇਨ੍ਹਾਂ ਦੇ ਅਰਥ ਵਖੋ ਵੱਖ ਹਨ ਇਸ ਲਈ ਇਹ ਇੱਕ ਦੂਜੇ ਨਾਲ ਜੋੜ ਕੇ ਨਹੀਂ ਪੜ੍ਹੇ ਜਾ ਸਕਦੇ।
ਪਰਮਾਤਮਾ ਦੇ ਦੋ ਸਰੂਪ ਗੁਰਬਾਣੀ ਨੇ ਮੰਨੇ ਹਨ।
ਨਿਰਗੁਣ ਤੇ ਸਰਗੁਣ।
ਸਤਿ – ਸਤ ਲਫ਼ਜ਼ ਗੁਰਬਾਣੀ ਅੰਦਰ ਤਿੰਨ ਤਰ੍ਹਾਂ ਆਇਆ ਹੈ ਤੇ ਤਿੰਨਾਂ ਦੇ ਅਰਥ ਵੱਖੋ ਵੱਖ ਹਨ।
ਸਤ- ੭ ( ਗਿਣਤੀ ਵਾਲਾ ਸੱਤ ਅਤੇ ਜਿੱਥੇ ਸੰਗਤ ਨਾਲ ਸਤ ਆਇਆ ਹੈ ਉੱਥੇ ਵੀ ਸਤ ਦਾ ਤ ਮੁਕਤਾ ਹੀ ਆਉਂਦਾ ਹੈ)
ਸਤੁ – ਨਾਮ ਦਾ ਲਖਾਇਕ ਹੈ। ( ਸਤੁ ਸੰਤੋਖ ਦਇਆ , ਜਤੁ ਸਤੁ ਸੰਜਮ, ਜਤੁ ਸਤੁ ਤਪੁ ਪਵਿਤੁ ਸਰੀਰਾ ਆਦਿ। )
ਸਤਿ – ਸੱਚ ਅੰਦਰ, ਸੱਚ ਰਾਹੀਂ, ਸੱਚ ਵਿੱਚ ਆਦਿ।
ਸੋ ਇੱਥੇ ਸਤਿ ਦਾ ਅਰਥ ਹੋਵੇ ਗਾ ਸੱਚ ਅੰਦਰ ( ਇਹ ਪ੍ਰਭੂ ਦਾ ਨਿਰਗੁਣ ਸਰੂਪ ਹੈ। ਜਦ ਦੁਨੀਆ ਨਹੀਂ ਸੀ ਸੱਚ ਉਦੋਂ ਵੀ ਸੀ ਅੱਜ ਵੀ ਹੈ ਤੇ ਜਦ ਦੁਨੀਆ ਨਹੀਂ ਰਹੇਗੀ ਸਤ ਉਦੋਂ ਵੀ ਰਹੇ ਗਾ। ਇਸ ਸੱਚ ਤੋਂ ਹੀ ਸਾਰੀ ਉਤਪਤੀ ਹੋਈ ਹੈ “ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲੁ ਹੋਇ”। ਅਸਲ ਵਿੱਚ ਸਤਿ ਦੀ ਮਹਾਨ ਹਸਤੀ ਦੇਸ਼ ਕਾਲ ਅਤੇ ਵਾਤਾਵਰਣ ਆਦਿਕਾਂ ਤੋਂ ਪਰੇ ਹੈ।
੧ ਅਤੇ ਸਤਿ ਪਰਮੇਸ਼ਰ ਦੇ ਨਿਰਗੁਣ ਸਰੂਪ ਹਨ।
ਨਾਮੁ – ਨਾਮ ਦਾ ਮ ਹਮੇਸ਼ਾ ਔਕੜ ਨਾਲ ਆਵੇ ਗਾ ਪਰ ਜਦ ਇਸ ਨਾਲ ਕੋਈ ਸਬੰਧਕੀ ਪਦ ਲੱਗ ਜਾਵੇ ਤਾਂ ਮ ਦਾ ਔਕੜ ਹੱਟ ਜਾਂਦਾ ਹੈ।
ਨਾਮੁ- ਹੈਸੀਅਤ
“ ਨਾਮ ਕੇ ਧਾਰੇ ਸਗਲੇ ਜੰਤ।
ਨਾਮ ਕੇ ਧਾਰੇ ਖੰਡ ਬ੍ਰਹਮੰਡ”
ਜਦ ਪ੍ਰਭੂ ਸਰਗੁਣ ਸਰੂਪ ਵਿੱਚ ਆਇਆ ਤਾਂ ਉਸ ਨੇ ਸਭ ਤੋਂ ਪਹਿਲਾਂ ਅਪਣੇ ਆਪ ਨੂੰ ਸਾਜਿਆ ਤੇ ਫਿਰ ਕੁਦਰਤਿ ਸਾਜੀ ਤੇ ਜੋ ਬਣਾਇਆ ਉਸ ਦੇ ਅੰਦਰ ਹੀ ਖ਼ੁਦ ਸਮਾਅ ਗਿਆ “ ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾੳ। ਦੁਯੀ ਕੁਦਰਤਿ ਸਾਜੀਐ ਕਰਿ ਆਸਣ ਡਿਠੋ ਚਾਉ।”
ਸੋ ਨਾਮੁ ਪ੍ਰਭੂ ਦਾ ਸਰਗੁਣ ਸਰੂਪ ਹੈ। ਜੋ ਸਭ ਅੰਦਰ ਵੱਸ ਰਿਹਾ ਹੈ।
“ ਜੇਤਾ ਕੀਤਾ ਤੇਤਾ ਨਾਉਂ। ਵਿਣੁ ਨਾਵੈ ਨਾਹੀ ਕੋ ਥਾਓ।
ਦੁਨੀਆ ਦਾ ਮੁਹਾਵਰਾ ਵੀ ਹੈ ਜਦ ਕਿਸੇ ਚੱਲਦੇ ਫਿਰਦੇ ਮਸ਼ਹੂਰ ਵਿਅਕਤੀ ਪ੍ਰਤੀ ਗੱਲ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਉਸ ਦਾ ਨਾਮ ਲੈਣਾ ਹੀ ਕਾਫ਼ੀ ਹੈ।
*ਕਰਤਾ* – ਸਾਰੀ ਸ੍ਰਿਸ਼ਟੀ ਦੇ ਪੈਦਾ ਕਰਨ ਵਾਲਾ। (ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥ {ਪੰਨਾ 276}”
ਜਿਸ ਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਸੁਭਾਵਿਕ ਤੌਰ ਤੇ ਉਹ ਕਿਸੇ ਦੀ ਮੁਥਾਜੀ ਕਿਉ ਕਬੂਲੇਗਾ।)
*ਪੁਰਖੁ* – ਇਸ ਦੇ ਸ਼ਬਦ ਕੋਸ਼ਾਂ ਵਿੱਚ ਕਈ ਤਰ੍ਹਾਂ ਅਰਥ ਆਏ ਹਨ ਜਿਵੇਂ- ਪਤੀ, ਮਰਦ, ਜੀਵ-ਆਤਮਾ ,ਪੁਰਸ਼ਾਰਥ , ਸਰੀਰਾਂ ਵਿੱਚ ਪਸਰੀ ਜੋਤ ਅਤੇ ਸਰਵ ਵਿਆਪਕ ਪ੍ਰਭੂ ਆਦਿ। ਪਰ ਇੱਥੇ ਇੱਕ ਰਸ ਤੌਰ ਤੇ ਕਣ ਕਣ ਵਿੱਚ ਵਿਆਪ ਰਹੇ “ਓਅੰਕਾਰ” ਜਾਂ “ਸਤਿ” ਦੇ ਸਰਗੁਣ ਸਰੂਪ ਨੂੰ ਹੀ ਪੁਰਖੁ ਕਿਹਾ ਗਿਆ ਹੈ। “ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥”
ਜੋ ਪ੍ਰਭੂ ਨੇ ਬਣਾਇਆਂ ਜਾਂ ਪੈਦਾ ਕੀਤਾ ਉਸੇ ਦੇ ਅੰਦਰ ਸਮਾਅ ਗਿਆ। “ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥”
ਜਿਸ ਨੂੰ ਇਸ ਗੱਲ ਦਾ ਭਰੋਸਾ ਬਣ ਗਿਆ ਉਹ ਕਿਸੇ ਦਾ ਬੁਰਾ/ ਗਲਤ ਕਿਉਂ ਕਰੇਗਾ।
*ਨਿਰਭਉ* – ਪ੍ਰਭੂ ਨੂੰ ਕਿਸੇ ਦਾ ਡਰ ਜਾਂ ਭਉ ਨਹੀਂ ਹੈ। ਜਦ ਉਸ ਦੇ ਬਰਾਬਰ ਜਾਂ ਉਸ ਤੋਂ ਵੱਡਾ ਕੋਈ ਹੈ ਹੀ ਨਹੀਂ ਅਤੇ ਨਾ ਉਸ ਨੇ ਕਿਸੇ ਨੂੰ ਲੇਖਾ ਦੇਣਾ ਹੈ ਤਾਂ ਡਰ ਕਿਸ ਦਾ ਹੋ ਸਕਦਾ ਹੈ।
“ਨਿਰਭਉ ਸੋ ਸਿਰਿ ਨਾਹੀ ਲੇਖਾ”(੧੦੪੨)
ਬਲਕਿ ਨਿਰਭਉ ਨੂੰ ਸਿਮਰਨ ਵਾਲਾ ਵੀ ਨਿਰਭਉ ਹੋ ਜਾਂਦਾ ਹੈ। “ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ। “( ੧੧) ਅਤੇ “ਨਿਰਭਉ ਜਪੈ ਸਗਲ ਭਉ ਮਿਟੈ। “(੨੯੩) ਜੇ ਆਪਾ ਸਮਝ ਲਈਏ ਕਿ ਇੱਥੇ “ਨਿਰਭਉ” ਤੇ “ਨਿਰਵੈਰ” ਆਮ ਅਰਥਾਂ ਵਿੱਚ ਨਹੀਂ ਖ਼ਾਸ ਲਫ਼ਜ਼ਾਂ ਵਿੱਚ ਆਇਆ ਹੈ ਤਾਂ ਸਮਝਣਾ ਸੋਖਾ ਹੋ ਜਾਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਭ ਜੀਵ ਕਿਸੇ ਨਾ ਕਿਸੇ ਦੇ ਡਰ ਹੇਠ ਦੱਸੇ ਜਾਂਦੇ ਹਨ ਪਰ ਪਰਮਾਤਮਾ ਕਿਸੇ ਵੀ ਡਰ ਜਾ ਦਬਾਅ ਹੇਠ ਨਹੀਂ ਹੈ। “ ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥”
ਪਰ ‘ਨਿਰਭਉ ‘ ਲਫ਼ਜ਼ ਆਮ ਕਿਸਮ ਦਾ ਲਫ਼ਜ਼ ਨਹੀਂ। ਰੱਬ ਦੀ ਕੁਦਰਤ ਦੇ ਕਈ ਅੰਗ ਜਿਵੇਂ ਸੂਰਜ, ਹਵਾ, ਪਾਣੀ, ਧਰਤੀ, ਅੱਗ ਆਦਿ ਉਸ ਰੱਬੀ ਨਿਯਮ(system)ਵਿੱਚ ਚੱਲ ਰਹੇ ਹਨ ਜਿਸ ਨੂੰ ਗੁਰਬਾਣੀ ਅੰਦਰ ਭੈ ਜਾਂ ਭਉ ਕਿਹਾ ਹੈ ਜਿਸ ਨੂੰ ਗੁਰਬਾਣੀ ਅੰਦਰ “ਹੁਕਮ “ਵੀ ਕਿਹਾ ਹੈ।
ਰੱਬ ਦਾ ਇਹ ਹੁਕਮ ਹਰ ਤਰ੍ਹਾਂ ਆਜ਼ਾਦ ਹੈ। ਗੁਰੂ ਸਾਹਿਬ ਫ਼ੁਰਮਾਉਂਦੇ ਹਨ “ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥ ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥”(੫੩੭)ਇਸੇ ਲਈ ਪਾਤਸ਼ਾਹ ਨੇ ਇਸ ਹੁਕਮ ਜਾਂ ਭਉ ਲਈ ਫ਼ੁਰਮਾਇਆ ਹੈ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।”
ਭਾਵ ਇੱਕ ਰੱਬ ਹੀ ਹੈ ਜੋ ਕਿਸੇ ਦੇ ਡਰ ਜਾਂ ਹੁਕਮ ਵਿੱਚ ਨਹੀਂ ਬਾਕੀ ਸਭ ਉਸ ਰੱਬੀ ਹੁਕਮ ਵਿੱਚ ਚੱਲ ਰਹੇ ਹਨ। ਜੋ ਰੱਬੀ ਹੁਕਮ ਮੰਨ ਲੈਂਦਾ ਹੈ ਉਹ ਸੁੱਖੀ ਹੈ ਜੋ ਅਪਣੀ ਅਕਲ/ ਮੱਤ ਅਨੁਸਾਰ ਚੱਲਦਾ ਹੈ ਉੱਹੀ ਦੁੱਖੀ ਹੈ।
*ਨਿਰਵੈਰ* – ਜਦ ਸਾਰੀ ਸ੍ਰਸ਼ਿਟੀ ਪ੍ਰਭੂ ਨੇ ਆਪ ਹੀ ਰਚੀ ਹੈ ਫਿਰ ਉਸ ਨੂੰ ਭਲਾ ਕਿਸੇ ਨਾਲ ਵੈਰ ਕਿਵੇਂ ਹੋ ਸਕਦਾ ਹੈ?
“ਨਿਰਭਉ “ ਦੀ ਤਰ੍ਹਾਂ “ਨਿਰਵੈਰ” ਵੀ ਆਮ ਲਫ਼ਜ਼ ਨਹੀਂ ਕਿਹਾ ਜਾ ਸਕਦਾ। ਜੇ ਜੀਵ ਦੇ ਕਿਸੇ ਰੱਬੀ ਹੁਕਮ ਦੇ ਉਲਟ ਕੀਤੇ ਕਰਮ ਦਾ ਪ੍ਰਭੂ ਸਿੱਧੇ ਜਾਂ ਅਸਿੱਧੇ ਢੰਗ ਨਾਲ ਫੱਲ ਭੁਗਤਾ ਰਿਹਾ ਹੈ ਤਾਂ ਉਸ ਵਿੱਚ ਵੀ ਉਸ ਦੀ ਮਿਹਰ ਹੀ ਛੁਪੀ ਹੁੰਦੀ ਹੈ ਸੋ ਉਸ ਨੂੰ ਰੱਬੀ ਬਖ਼ਸ਼ਿਸ਼ ਸਮਝਣ ਲਈ ਹੀ ਗੁਰੂ ਸਾਹਿਬ ਨੇ ਫ਼ੁਰਮਾਇਆ ਹੈ। “ ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥” ਗੁਰੂ ਸਾਹਿਬ ਬੜੇ ਸੁਚੱਜੇ ਢੰਗ ਨਾਲ ਸਮਝਾਉਂਦੇ ਹਨ ਕਿ ਬਿਮਾਰੀ ਦੇ ਦੁੱਖ ਸਦਕਾ ਵੀ ਕਈ ਵਾਰੀ ਜੀਵ ਰੱਬ ਵਾਲੇ ਪਾਸੇ ਪਰਤ ਕੇ ਰੱਬੀ ਦਾਤਾਂ ਦਾ ਲਾਭ ਲੈਣ ਦੇ ਯੋਗ ਹੋ ਜਾਂਦਾ ਹੈ। “ਰੋਗ ਗਿਰਸਤ ਚਿਤਾਰੇ ਨਾਉ ॥ ਬਿਖੁ ਮਾਤੇ ਕਾ ਠਉਰ ਨ ਠਾਉ। “(੧੯੬)
*ਅਕਾਲ ਮੂਰਤਿ* – ਮੂਰਤ ਤੋਂ ਭਾਵ ਉਹ ਹਸਤੀ ਜਿਸ ਨੂੰ ਗੁਰੂ ਸਾਹਿਬ ਨੇ ਇਸ ਮੰਗਲਾ-ਚਰਨ ਵਿੱਚ ਅਕਾਲ ਲਿਖਿਆ ਹੈ। ‘ਅਕਾਲ’ ਮਤਲਬ ਦੇਸ਼, ਕਾਲ, ਸਮੇਂ, ਵਾਤਾਵਰਣ ਅਤੇ ਵਸਤੂ ਆਦਿ ਦੇ ਪ੍ਰਭਾਵ ਤੋਂ ਰਹਿਤ। ਸੰਸਾਰੀ ਜੀਵਾਂ ਬਾਰੇ ਤਾਂ ਇਹ ਗੁਣ ਸੋਚਿਆ ਵੀ ਨਹੀਂ ਜਾ ਸਕਦਾ ਪਰ ਪ੍ਰਭੂ ਜੋ ਕਣ ਕਣ ਵਿੱਚ ਸਮਾਇਆ ਪਿਆ ਹੈ। ਉਸ “ ਅਕਾਲ ਮੂਰਤਿ” ਦੀ ਹਸਤੀ ਕਾਲ ਦੇ ਪ੍ਰਭਾਵ ਵਿੱਚ ਆ ਹੀ ਨਹੀਂ ਸਕਦੀ। “ ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥”(੧੦੩੮)
ਗੁਰੂ ਸਾਹਿਬ ਨੇ ਬਾਣੀ ਅੰਦਰ ਅੰਕਿਤ ਕਰ ਦਿੱਤਾ ਹੈ ਕਿ ਇਹ ਵਰਤਮਾਨ ਚ ਹੀ ਨਹੀਂ ਬਲਕਿ ਆਉਣ ਵਾਲੇ ਸਮੇਂ ਵਿੱਚ ਵੀ ਕਾਇਮ ਰਹੇਗਾ। “ ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ। “(੬੦੯)
*ਅਜੂਨੀ* – ਜੋ ਕਿਸੇ ਜੂਨ ਵਿੱਚ ਨਹੀਂ ਆਉਂਦਾ। ਪ੍ਰਭੂ ਜਨਮ ਮਰਨ ਤੋਂ ਰਹਿਤ ਹੈ। ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਅੰਦਰ ਸਿਰਫ ਇਹ ਹੀ ਸਪੱਸ਼ਟ ਨਹੀ ਕੀਤਾ ਕਿ ਪ੍ਰਭੂ ਦੀ ਕੋਈ ਮਾਂ, ਬਾਪ, ਪੁੱਤਰ ਜਾਂ ਰਿਸ਼ਤੇਦਾਰ ਨਹੀਂ ਹੈ ਬਲਕਿ ਇਹ ਵੀ ਕਹਿ ਦਿੱਤਾ ਕਿ ਉਸ ਅੰਦਰ ਕੋਈ ਕਾਮ ਦਾ ਜਜ਼ਬਾ ਨਾ ਹੋਣ ਕਰ ਕੇ ਉਸਦੀ ਕੋਈ ਪਤਨੀ ਵੀ ਨਹੀਂ ਹੈ। “ ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥”(੫੯੭)
ਪੰਚਮ ਪਾਤਸ਼ਾਹ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੋ ਪ੍ਰਭੂ ਦੀਆ ਮੂਰਤੀਆਂ ਬਣਾ ਕਿ ਲੋਰੀਆਂ ਦਿੰਦੇ ਹਨ ਉਹ ਵੱਡੇ ਅਪਰਾਧੀ ਹਨ। ਉਸਦੀ ਜ਼ੁਬਾਨ ਹੀ ਕਿਉ ਨ ਸੜ ਜਾਏ ਜੋ ਰੱਬ ਨੂੰ ਕਿਸੇ ਜੂਨੀਆਂ ਵਿੱਚ ਪਾਉਣ ਦੀ ਗੱਲ ਵੀ ਕਰਦਾ ਹੈ। “ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥੧॥ {ਪੰਨਾ 1136}
ਕਬੀਰ ਸਾਹਿਬ ਵੀ ਅਪਣੀ ਬਾਣੀ ਅੰਦਰ ਫ਼ੁਰਮਾਉਂਦੇ ਹਨ “ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥ ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥੨॥੧੯॥੭੦॥ {ਪੰਨਾ 338-339}
*ਸੈਭੰ* – ਇਹ ਸ਼ਬਦ ਸੰਸਕ੍ਰਿਤ ਮੂਲ ਵਾਲੇ ਸ਼ਬਦ “ ਸ੍ਵਯੰ +ਭੂ” ਤੋਂ ਬਣਿਆਂ ਹੈ। ਜਿਸ ਦਾ ਅਰਥ ਹੈ ਅਪਣੇ ਆਪ ਤੋਂ ਪੈਦਾ ਹੋਈ ਜਾਂ ਸੁੱਤੇ ਸਿੱਧ ਪ੍ਰਕਾਸ਼ ਹੋਈ ਹਸਤੀ।
ਗੁਰੂ ਨਾਨਕ ਸਾਹਿਬ ਨੇ ਬਾਣੀ ਜਪੁ ਅੰਦਰ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਪ੍ਰਭੂ ਨੂੰ ਕੋਈ ਵੀ ਅਸਥਾਪਿਤ ਨਹੀਂ ਕਰ ਸਕਦਾ ਅਤੇ ਨਾ ਹੀ ਕੋਈ ਪੈਦਾ ਕਰ ਸਕਦਾ ਹੈ। “ ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥”( ੨)
ਆਸਾ ਕੀ ਵਾਰ ਦੀ ਪਹਿਲੀ ਪਉੜੀ ਅੰਦਰ ਹੀ ਗੁਰੂ ਸਾਹਿਬ ਸਪੱਸ਼ਟ ਕਰਦੇ ਹਨ ਕਿ ਪਹਿਲਾ ਪ੍ਰਭੂ ਨੇ ਖ਼ੁਦ ਨੂੰ ਸਾਜਿਆ ਤੇ ਪਿੱਛੋਂ ਕੁਦਰਤ ਸਾਜ ਕਿ ਉਸ ਅੰਦਰ ਅਪਣਾ ਨਿਵਾਸ ਕਰ ਲਿਆ। “ ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥”(੪੬੩)
ਗੁਰੂ ਸਾਹਿਬ ਨੇ ਅਪਣੀ ਬਾਣੀ ਅੰਦਰ ਕਿਆ ਤਰਤੀਬ ਬਣਾਈ ਹੈ ਨਿਰਵੈਰ ਤੋਂ ਬਾਅਦ ਅਕਾਲ ਮੂਰਤਿ ਤੇ ਅਜੂਨੀ ਤੋਂ ਬਾਅਦ ਸੰਭਉ। “ ਨਿਰਵੈਰੁ ਅਕਾਲ ਮੂਰਤਿ ॥ ਆਜੂਨੀ ਸੰਭਉ ॥ ਮੇਰੇ ਮਨ ਅਨਦਿਨੋੁ ਧਿਆਇ ਨਿਰੰਕਾਰੁ ਨਿਰਾਹਾਰੀ ॥”
ਇਕ ਸਾਇੰਸ ਦਾ ਫ਼ਾਰਮੂਲਾ ਹੈ ( Energy can neither be created nor destroyed it can be transformed from one form to another form)
ਸੋ ਜੋ ਸ਼ਕਤੀਆਂ ਹਵਾ, ਪਾਣੀ, ਅੱਗ ਆਦਿ ਆਪਾ ਮਹਿਸੂਸ ਕਰਦੇ ਜਾਂ ਵਰਤਦੇ ਹਾਂ ਉਹ ਜਿਸ ਸ਼ਕਤੀ ਤੋਂ ਉਤਪੰਨ ਹੋਇਆਂ ਹਨ ਉਸ ਨੂੰ ਪ੍ਰਭੂ ਦਾ ਨਿਰਗੁਣ ਸਰੂਪ ਕਹਿੰਦੇ ਹਨ ਤੇ ਜਦ ਇਹ ਨਿਰਗੁਣ ਸਰੂਪ ਸਰਗੁਣ ਵੀ ਬਣ ਗਿਆ ਤਾਂ ਉਹ ਕਣ ਕਣ ਅੰਦਰ ਸਮਾਅ ਗਿਆ।
*ਗੁਰਪ੍ਰਸਾਦਿ* – ਗੁਰੂ ਦੀ ਕ੍ਰਿਪਾ ਦੁਆਰਾ। ਉਪਰੋਕਤ ਦੱਸੇ ਗਏ ਗੁਣਾ ਵਾਲਾ ਪ੍ਰਭੂ ਗੁਰੂ ਦੀ ਕ੍ਰਿਪਾ ਦੁਆਰਾ ਹੀ ਮਿਲ ਸਕਦਾ ਹੈ।
ਪ੍ਰਸਾਦ ਗੁਰਬਾਣੀ ਅੰਦਰ ਦੋ ਤਰ੍ਹਾ ਆਇਆ ਹੈ। “ਪ੍ਰਸਾਦੁ” ਅਤੇ “ਪ੍ਰਸਾਦਿ”।
“ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥ ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥੧॥ {ਪੰਨਾ 269}”ਇੱਥੇ ਪ੍ਰਸਾਦੁ ਦਾ ਮਤਲਬ ਕ੍ਰਿਪਾ ਹੈ ਤੇ ਬਾਕੀ ਸਾਰੀ ਅਸ਼ਟਪਦੀ ਵਿੱਚ ਜੋ ਪ੍ਰਸਾਦਿ ਆਇਆ ਹੈ ਉਸ ਦਾ ਮਤਲਬ ਹੈ ‘ਕ੍ਰਿਪਾ ਨਾਲ’ । “ ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥ ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥ ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥ ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ॥ ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥ ਤਿਸਹਿ ਧਿਆਇ ਸਦਾ ਮਨ ਅੰਦਰਿ ॥ ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥ ਆਠ ਪਹਰ ਸਿਮਰਹੁ ਤਿਸੁ ਰਸਨਾ ॥ ਜਿਹ ਪ੍ਰਸਾਦਿ ਰੰਗ ਰਸ ਭੋਗ ॥ ਨਾਨਕ ਸਦਾ ਧਿਆਈਐ ਧਿਆਵਨ ਜੋਗ ॥੧॥ {ਪੰਨਾ 269}” ਸੋ ਇੱਥੇ ਪ੍ਰਸ਼ਾਦ ਜਾਂ ਪਰਸ਼ਾਦ ਉਚਾਰਨ ਕਰਨਾ ਗਲਤ ਹੈ।
ਗੁਰਬਾਣੀ ਅੰਦਰ ਪ੍ਰਭੂ ਦੀ ਪ੍ਰਾਪਤੀ ਜਾਂ ਸੋਝੀ ਲਈ ਗੁਰੂ ਉਪਦੇਸ਼ ਦੀ ਜ਼ਰੂਰਤ ਬਹੁਤ ਦੱਸੀ ਗਈ ਹੈ। “ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥ ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥ ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥”(੨੨)
“ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥”(੪੬੬)
“ ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥ ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥ {ਪੰਨਾ 1237}” (ਗੁਰੂ ਰੂਪੀ ਚਾਬੀ ਤੋਂ ਬਿਨ੍ਹਾ ਮਨ ਰੂਪੀ ਕੋਠੇ ਦੇ ਦਰਵਾਜ਼ੇ ਉਤੇ ਲਗਾ ਹੋਇਆਂ ਮਾਇਆ ਰੂਪੀ ਤਾਲਾ ਨਹੀਂ ਖੁੱਲ ਸਕਦਾ। )
“ ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ। “(੧੨੪)
“ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥ ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ। “(੫੨੮) {ਬੇਰਕਟੀ- ਕੋਹੜੀ}
ਅਤੇ “ ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥ ਜੀਵਨ ਮਰਨੁ ਦੋਊ ਮਿਟਵਾਇਆ। “(੮੭੧) {ਡਗਰੋ- ਅਸਲ ਜੀਵਨ}