ਏਕਸ ਕੇ ਹਮ ਬਾਰਿਕ
*ਏਕਸ ਕੇ ਹਮ ਬਾਰਿਕ*
ਜੇ ਅੱਜ ਆਪਾਂ ਪਰਵਾਰਾਂ ਅੰਦਰ ਝਾਤ ਮਾਰਦੇ ਹਾਂ ਤਾਂ ਇਕ ਹੀ ਮਾਂ-ਬਾਪ ਦੀ ਔਲਾਦ ਅੰਦਰ ਕਿਤੇ ਆਪਸੀ ਪਿਆਰ ਬਹੁਤ ਘੱਟ ਨਜ਼ਰੀਂ ਆਉਂਦਾ ਹੈ। ਸਭ ਮੈਂ-ਮੇਰੀ ਵਿੱਚ ਗ਼ਲਤਾਨ ਹੋਏ ਪਏ ਹਨ। ਜਦ ਕਿ ਅਸਲ ਵਿੱਚ ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਹੈ ਸੋ ਮੇਰਾ ਖਿਆਲ ਹੈ ਇਸ ਤਰ੍ਹਾਂ ਅਸੀ ਸਭ ਇੱਕ ਪਿਤਾ ਦੇ ਬੱਚੇ ਹੋਣ ਕਰਕੇ ਇੱਕ ਪਰਵਾਰ ਹੀ ਤਾਂ ਹਾਂ। ਗੁਰੂ ਸਾਹਿਬ ਤਾਂ ਸਪੱਸ਼ਟ ਲਫ਼ਜ਼ਾਂ ਵਿੱਚ ਫ਼ੁਰਮਾਉਂਦੇ ਹਨ “ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥(ਪੰਨਾ-੯੭) ਅਸੀ ਸਿਧਾਂਤ ਨੂੰ ਸਮਝ ਨਹੀਂ ਸਕੇ ਇਸੇ ਕਰਕੇ ਸਾਡੇ ਅੰਦਰ ਮੇਰ-ਤੇਰ ਨੇ ਘਰ ਕਰ ਲਿਆ ਹੈ। ਜਿਸਦੇ ਫਲ ਸਰੂਪ ਹਊਮੈ ਨੇ ਸਾਨੂੰ ਬੁਰੀ ਤਰਾਂ ਘੇਰ ਲਿਆ ਹੈ ਤੇ ਭਰਾ-ਭਰਾ ਦਾ ਦੁਸ਼ਮਣ ਬਣੀ ਬੈਠਾ ਹੈ। ਹਊਮੈ ਨਾਮ ਨੂੰ ਅੰਦਰ ਟਿਕਣ ਨਹੀਂ ਦਿੰਦੀ ਕਿਉਂਕਿ “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ” (ਪੰਨਾ-੫੬੦)
*ਦੁਬਿਧਾ* – ਅੱਜ ਦਾ ਹਰ ਇਨਸਾਨ ਸਭ ਤੋਂ ਅਮੀਰ ਹੋਣਾ ਚਾਹੁੰਦਾ ਹੈ ਇਸ ਲਈ ਉਹ ਪੈਸੇ ਨਾਲ ਹਰ ਸੁੱਖ/ਖ਼ੁਸ਼ੀ ਅਤੇ ਇੱਜਤ ਖਰੀਦਣਾ ਚਾਹੁੰਦਾ ਹੈ ਪਰ ਇਹ ਹੋ ਨਹੀਂ ਰਿਹਾ ਤੇ ਨਾ ਹੀ ਹੋ ਸਕਦਾ ਹੈ। ਇਸੇ ਦੁਬਿਧਾ ਵਿੱਚ ਮਨੁੱਖ ਦੁਖੀ ਹੋ ਰਿਹਾ ਹੈ। ਗੁਰ ਫੁਰਮਾਨ ਹੈ “ ਸੁਖੁ ਨਾਹੀ ਬਹੁਤੈ ਧਨਿ ਖਾਟੇ ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥ ਸੁਖੁ ਨਾਹੀ ਬਹੁ ਦੇਸ ਕਮਾਏ ।”ਜਿੱਥੋਂ ਸੁੱਖ ਮਿਲਣਾ ਹੈ ਉਹ ਭੁੱਲ ਗਿਆ “ਸਰਬ ਸੁਖਾ ਹਰਿ ਹਰਿ ਗੁਣ ਗਾਏ ॥” (ਪੰਨਾ-੧੧੪੭) ਬੱਸ ਇਸੇ ਦੁਬਿਧਾ ਵਿੱਚ ਮਨੁੱਖ ਅਪਣੀ ਕੀਮਤੀ ਜ਼ਿੰਦਗੀ ਗਿਆ ਕੇ ਚਲਾ ਜਾਂਦਾ ਹੈ ਜਦ ਕਿ ਗੁਰੂ ਸਾਹਿਬ ਨੇ ਸਾਨੂੰ ਕਿਆ ਖ਼ੂਬ ਢੰਗ ਨਾਲ ਦੁਬਿਧਾ ਤੋਂ ਬਚਣ ਲਈ ਗੁਰਬਾਣੀ ਅੰਦਰ ਸਮਝਾਇਆ ਹੈ। “ ਜੋ ਇਸੁ ਮਾਰੇ ਸੋਈ ਸੂਰਾ ॥ ਜੋ ਇਸੁ ਮਾਰੇ ਸੋਈ ਪੂਰਾ ॥ ਜੋ ਇਸੁ ਮਾਰੇ ਤਿਸਹਿ ਵਡਿਆਈ ॥ ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥ ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥ ਇਸਹਿ ਮਾਰਿ ਰਾਜ ਜੋਗੁ ਕਮਾਵੈ ॥- – – – – – – – – – – – – – – – – – – – ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ॥ ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥ ਗੁਰਿ ਦੁਬਿਧਾ ਜਾ ਕੀ ਹੈ ਮਾਰੀ ॥ ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥ {ਪੰਨਾ 238}
*ਵੰਡੀਆਂ* – ਦੁਬਿਧਾ ਵਿੱਚ ਹੋਣ ਕਰਕੇ ਮਨੁੱਖ ਮੇਰ-ਤੇਰ ਦੇ ਚੱਕਰ ਵਿੱਚ ਫਸਦਾ ਹੀ ਗਿਆ ਅਤੇ ਇੱਕ ਦੂਜੇ ਦਾ ਦੁਸ਼ਮਣ ਬਣ ਗਿਆ ਫਿਰ ਸ਼ਾਂਤੀ/ਸੁੱਖ ਕਿੱਥੋਂ ਨਸੀਬ ਹੋਣਾ ਸੀ। ਸੋ ਇਸ ਝਗੜੇ ਨੂੰ ਅਪਣੀ ਹੀ ਸੋਚ ਅਨੁਸਾਰ ਖਤਮ ਕਰਨ ਲਈ ਅਪਣੇ ਪਰਵਾਰ ਨੂੰ ਕਈ ਢੰਗਾਂ ਨਾਲ ਵੰਡ ਲਿਆ। ਜਿਵੇਂ-
1. ਭੰਗੋਲਿਕ ਵੰਡ- ਪਹਿਲਾਂ ਪਹਿਲ ਮਨੁੱਖ ਕਬੀਲਿਆਂ ਚ ਵੰਡਿਆਂ ਗਿਆ ਇਸ ਤੋਂ ਰਜਵਾੜੇ ਪੈਦਾ ਹੋਏ। ਫਿਰ ਅਪਣੀ ਅਕਲ ਅਨੁਸਾਰ ਝਗੜੇ ਘਟਾਉਣ ਲਈ ਦੇਸ਼ਾਂ, ਪ੍ਰਾਂਤਾਂ, ਜਿਲਿਆਂ, ਹਲਕਿਆਂ, ਪਿੰਡਾਂ/ ਸ਼ਹਿਰਾਂ, ਮੁਹੱਲਿਆ ਤੋਂ ਘਰਾਂ ਤੱਕ ਵੰਡ ਲਿਆ। ਹੱਦ ਤਾਂ ਉਸ ਸਮੇਂ ਹੋ ਗਈ ਜਦ ਘਰ ਦੇ ਮੈਂਬਰਾਂ ਨੇ ਅਪਣੇ ਅਪਣੇ ਕਮਰੇ ਭੀ ਵੰਡ ਲਏ। ਇੱਕ ਹੀ ਘਰ ਦੇ ਮੈਂਬਰ ਦੂਸਰੇ ਭੈਣ-ਭਰਾ ਦੇ ਕਮਰੇ ਵਿੱਚ ਬਿਨਾਂ ਇਜਾਜ਼ਤ ਦਾਖਲ ਨਹੀਂ ਹੋ ਸਕਦੇ।
*2. ਧਰਮ ਵੰਡ* – ਗੁਰੂਆਂ, ਪੈਗ਼ੰਬਰਾਂ, ਪੀਰਾਂ, ਰਿਸ਼ੀਆਂ-ਮੁਨੀਆਂ ਨੇ ਲੋਕਾਈ ਨੂੰ ਇਨਸਾਨੀਅਤ ਨਾਲ ਜੋੜਨ ਲਈ ਲੋਕਾਂ ਨੂੰ ਪਿਆਰ ਦਾ ਰਸਤਾ ਦਿਖਾਇਆ ਪਰ ਚੌਧਰ ਦੇ ਭੁੱਖੇ ਲੋਕਾਂ ਨੇ ਇਸ ਤੇ ਕਾਬਜ਼ ਹੋ ਕੇ ਪਹਿਲਾਂ ਧਰਮ ਦੇ ਨਾਂ ਹੇਠ ਲੋਕਾਂ ਨੂੰ ਵੰਡਿਆਂ ਤੇ ਫਿਰ ਇਸ ਤੋਂ ਅੱਗੇ ਜੱਥੇ- ਬੰਦੀਆਂ ਵਿੱਚ ਵੰਡ ਲਿਆ। ਜਦੋਂ ਕਿ ਹਰੇਕ ਧਾਰਮਿਕ ਗ੍ਰੰਥ ਆਪਸੀ ਭਾਈਚਾਰਿਕ ਸਾਂਝ ਅਤੇ ਪਿਆਰ ਦਾ ਰਸਤਾ ਦੱਸਦਾ ਹੈ। ਗੁਰੂ ਦਸਮ ਪਾਤਸ਼ਾਹ ਤਾਂ ਇੱਥੋਂ ਤੱਕ ਫ਼ੁਰਮਾਉਂਦੇ ਹਨ “ ਸਾਚੁ ਕਹੌਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।”
*3. ਜਾਤੀ ਵੰਡ* :- ਭਾਰਤ ਵਿੱਚ ਮੰਨੂੰ ਨੇ ਮਨੁੱਖ ਨੂੰ ਚਾਰ ਜਾਤਾਂ ( ਖੱਤਰੀ, ਬ੍ਰਾਹਮਣ, ਸੂਦ ਤੇ ਵੈਸ਼) ਵਿੱਚ ਇਸ ਤਰ੍ਹਾ ਵੰਡਿਆਂ ਕਿ ਉੱਚ ਜਾਤੀਏ ਨੀਵੀਂ ਜਾਤ ਵਾਲਿਆਂ ਨਾਲ ਪਸ਼ੂਆਂ ਤੋਂ ਵੀ ਮਾੜਾ ਵਿਵਹਾਰ ਕਰਨ ਲੱਗ ਪਏ ਜੋ ਅਜੇ ਤੱਕ ਵੀ ਦੇਖਿਆ ਜਾ ਸਕਦਾ ਹੈ। ਭਾਵੇਂ ਕਿ ਕਬੀਰ ਸਾਹਿਬ ਨੇ ਗੁਰਬਾਣੀ ਅੰਦਰ ਖ਼ੂਬ ਸਮਝਾਇਆ ਹੈ “ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥ {ਪੰਨਾ 324}” ਗੁਰ ਸਾਹਿਬ ਨੇ ਕਿਹਾ “ ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ (ਪੰਨਾ- ੧੧੨੭)”ਅਤੇ ਕਿਹਾ “ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ। (ਪੰਨਾ-੩੪੯)”
*ਨੁਕਸਾਨ* – ਇਸ ਵੰਡ ਨੇ ਇਤਨਾ ਨੁਕਸਾਨ ਕਰ ਦਿੱਤਾ ਕਿ ਭਰਾ- ਭਰਾ ਦਾ ਵੈਰੀ, ਪੁੱਤ ਪਿਉ ਦਾ ਕਾਤਲ ਬਣ ਗਿਆ। ਭੈਣ ਭਰਾ ਦੇ ਰਿਸ਼ਤੇ ਤੱਕ ਖਤਮ ਹੋ ਰਹੇ ਹਨ। ਕਿਸੇ ਤੇ ਵੀ ਵਿਸ਼ਵਾਸ ਕਰਨਾ ਔਖਾ ਹੋਇਆਂ ਪਿਆ ਹੈ। ਇਸੇ ਲਈ ਗੁਰੂ ਸਾਹਿਬ ਨੇ ਸਾਵਧਾਨ ਕਰਦੇ ਹੋਏ ਕਿਹਾ ਹੈ “ ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥( ਪੰਨਾ-੧੪੧੦)”
*ਇਲਾਜ* – ਸਾਰੇ ਦੁੰਦ-ਕਲੇਸ਼ ਦੀ ਜੜ੍ਹ ਹਉਮੈ ਹੈ ਤਾਂ ਤੇ ਫਿਰ ਹਉਮੈ ਦਾ ਇਲਾਜ ਲੱਭਣ ਦੀ ਲੋੜ ਹੈ। ਗੁਰੂ ਸਾਹਿਬ ਨੇ ਬੜੇ ਹੀ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ “ ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥ ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ। “( ਪੰਨਾ- ੫੬੦)। ਜੇ ਨਾਮ ਮਨ ਵਿੱਚ ਵਸਾਉਣ ਨਾਲ ਹਉਮੈ ਬਾਹਰ ਹੁੰਦੀ ਹੈ ਤਾਂ ਫਿਰ ਸ਼ਬਦ ਨੂੰ ਸੁਰਤਿ ਨਾਲ ਜੋੜਨ ਦੀ ਲੋੜ ਹੈ। ਇਸ ਦੀ ਪੂਰਤੀ ਲਈ ਹੀ ਗੁਰੂ ਸਾਹਿਬ ਨੇ ਇਨਸਾਨੀਅਤ ਰੂਪੀ ਘਰ ਦੀ ਉਸਾਰੀ ਤਿੰਨ ਥੰਮ੍ਹਾਂ ਉੱਪਰ ਕੀਤੀ ਹੈ :-
*1. ਕਿਰਤ ਕਰਨਾ* – ਗੁਰੂ ਸਾਹਿਬ ਨੇ ਕਿਰਤ ਕਰਨ ਲਈ ਸਿਰਫ ਕਿਹਾ ਹੀ ਨਹੀਂ ਬਲਕਿ ਹੱਥੀਂ ਕਰਕੇ ਸਾਨੂੰ ਸਿਖਾਇਆ ਹੈ ਕਿਵੇਂ ਰੱਬੀ ਰਜ੍ਹਾ ਵਿੱਚ ਰਹਿੰਦੇ ਹੋਏ ਖੇਤੀ, ਵਿਉਪਾਰ ਜਾਂ ਨੌਕਰੀ ਕਰਨੀ ਹੈ। ਜਿੱਥੇ ਗੁਰੂ ਸਾਹਿਬ ਨੇ ਕਿਹਾ ਹੈ “ ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥” (ਪੰਨਾ-੧੦) ਉੱਥੇ ਇਹ ਵੀ ਕਹਿ ਦਿੱਤਾ “ ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥ {ਪੰਨਾ 522}”। ਇੰਨਾਂ ਦੋਨਾਂ ਪੰਗਤੀਆਂ ਵਿੱਚ ਚਿਤਵਨ ਤੇ ਕਮਾਵਨ ਨੂੰ ਗਹੁ ਨਾਲ ਸਮਝਣ ਦੀ ਜ਼ਰੂਰਤ ਹੈ। ਚਿਤਵਨਾ ਮਤਲਬ ਕਰਨਾ ਕੁਝ ਨਹੀਂ ਬੱਸ ਸੋਚ ਨਾਲ ਹੀ ਹਵਾਈ ਕਿਲ੍ਹੇ ਬਣਾਈ ਜਾਣੇ ਜਾਂ ਇੰਝ ਕਹਿ ਲਉ ਜੋ ਅੱਜ ਕੱਲ ਦੇ ਸਿਆਸਤਦਾਨ ਕਰਦੇ ਹਨ ਤੇ ਕਰੇਵਦਿਆ ਮਤਲਬ ਕੰਮ ਕਰਨ ਲਈ ਉੱਦਮ ਕਰਨਾ। ਭਾਵ ੳਦਮ ਕਰਨਾ ਹੈ ਚਿਤਵਨਾ ਨਹੀਂ। ਸਾਰੀਆਂ ਜੂਨਾਂ ਵਿੱਚੋਂ ਇੱਕ ਮਨੁੱਖ ਹੀ ਹੈ ਜੋ ਚਿਤਵਦਾ ਹੈ ਬਾਕੀ ਸੱਭ ਉੱਦਮ ਕਰਦੇ ਹੀ ਹਨ ਭਾਵੇਂ ਕਿ ਗੁਰੂ ਸਾਹਿਬ ਨੇ ਸਾਫ਼ ਲਿਖਿਆਂ ਹੈ “ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥” (ਪੰਨਾ-੧੪੧) ਫਿਰ ਵੀ ਅੱਜ ਦਾ ਇਨਸਾਨ ਪਰਾਇਆ ਹੱਕ ਛੱਕ ਕੇ ਖ਼ੁਸ਼ੀ ਮਾਣਨਾ ਚਾਹੁੰਦਾ ਹੈ ਜੋ ਮਿਲ ਨਹੀਂ ਸਕਦੀ ਖ਼ੁਸ਼ੀ ਤਾਂ ਅਮਨ ਅੰਦਰੋਂ ਮਿਲਣੀ ਹੈ ਸੋ ਜਿਤਨਾ ਮਨੁੱਖ ਕੰਮ-ਕਾਜ ਵਿੱਚ ਰੁੱਝਿਆ ਰਹੇਗਾ ਉਤਨਾ ਹੀ ਮਨ ਦਾ ਟਿਕਾਉ ਬਣਿਆਂ ਰਹੇਗਾ। ਸਿਆਣੇ ਤਾਂ ਹੀ ਕਹਿੰਦੇ ਸਨ ‘ *ਵਿਹਲਾ ਮਨ ਸ਼ੈਤਾਨ ਦਾ ਘਰ*’ ਇਸ ਤਰਾਂ ਕਿਸੇ ਦੇ ਹੱਕ ਤੇ ਛਾਪਾ ਮਾਰਨ ਦੀ ਸੋਚ ਹੀ ਪੈਦਾ ਨਹੀਂ ਹੁੰਦੀ। ਜਦੋ ਕਿਸੇ ਦਾ ਹੱਕ ਮਾਰਨ ਦੀ ਸੋਚ ਹੀ ਪੈਦਾ ਨਾ ਹੋਈ ਤਾਂ ਫਿਰ ਆਪਸੀ ਪਿਆਰ ਤਾਂ ਵਧੇਗਾ ਹੀ ਨਾਲ ਹੀ ਮੰਨ ਦੀ ਸ਼ਾਂਤੀ ਵੀ ਬਰਕਰਾਰ ਰਹੇਗੀ।
*2. ਵੰਡ ਛੱਕਣਾ* – ਗੁਰੂ ਸਾਹਿਬ ਨੇ ਸਿਰਫ ਕਿਰਤ ਕਰਨ ਲਈ ਹੀ ਨਹੀਂ ਬਲਕਿ ਵੰਡ ਛਕਣ ਦੀ ਵੀ ਹਿਦਾਇਤ ਕੀਤੀ ਹੈ “ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ {ਪੰਨਾ 1245}” ਇਸੇ ਸਿਧਾਂਤ ਵਿੱਚ ਕਿਤਨਾ ਰਾਜ ਛਿਪਇਆ ਪਿਆ ਹੈ। ਵੰਡ ਛਕਣ ਨਾਲ ਜਿੱਥੇ ਦਇਆ ਉਪਜਦੀ ਹੈ ਉੱਥੇ ਲਾਲਚ ਤੋਂ ਵੀ ਦੂਰੀ ਬਣਦੀ ਹੈ ਅਤੇ ਸਬਰ ਜਨਮ ਲੈਂਦਾ ਹੈ। ਜਦ ਸਬਰ ਵਿੱਚ ਰਹਿਣਾ ਆ ਗਿਆ ਤਾਂ ਫਿਰ ਹਉਮੈ ਤੋਂ ਵੀ ਦੂਰੀ ਬਣੇਗੀ ਫਿਰ ਜਿੱਥੇ ਕਿਸੇ ਭੈਣ ਭਰਾ ਦਾ ਹੱਕ ਮਾਰਨ ਦੀ ਜ਼ਰੂਰਤ ਨਹੀਂ ਰਹਿੰਦੀ ਉੱਥੇ ਭਰਾਤਰੀ ਭਾਈਚਾਰਾ ਵੀ ਵੱਧਦਾ ਹੈ।
*3. ਨਾਮ ਜੱਪਣਾ* – ਜਿੱਥੇ ਗੁਰੂ ਸਾਹਿਬ ਨੇ ਸਿੱਖ ਧਰਮ ਦੀ ਸ਼ੁਰੂਆਤ ਗਿਣਤ ਦੇ ਏਕੇ ਤੋਂ ਕੀਤੀ ਉੱਥੇ ਇਹ ਵੀ ਕਹਿ ਦਿੱਤਾ “ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥(ਪੰਨਾ-੧੨)” ਭਾਵ ਨਾਮ ਦੀ ਸਥਾਨਕ ਕੀਮਤ ਇਕ ਹੈ ਤੇ ਬਾਕੀ ਸਭ ਕੰਮਾਂ ਦੀ ਸਥਾਨਕ ਕੀਮਤ ਸਿਫ਼ਰ ਹੈ। ਸੋ ਜੇ ਨਾਮ ਦਾ ਏਕਾ ਨਹੀਂ ਲੱਗਿਆ ਤਾਂ ਬਾਕੀ ਸਭ ਚੰਗੇ ਮਾੜੇ ਕੰਮ ਸਿਫਰੇ ਹੀ ਹਨ ਜਿਤਨੇ ਮਰਜ਼ੀ ਇਕੱਠੇ ਕਰ ਲਈਏ। ਜੇ ਨਾਮ ਦਾ ਏਕਾ ਲੱਗ ਜਾਵੇ ਤਾਂ ਉਨ੍ਹਾਂ ਸਿਫਰਿਆ ਦੀ ਵੀ ਕੀਮਤ ਪੈ ਜਾਂਦੀ ਹੈ। ਕਿਉਂਕਿ ਜੇ ਨਾਮ ਨਹੀਂ ਤਾਂ ਹਉਮੈ ਨੇ ਪਹੁੰਚ ਜਾਣਾ ਹੈ ਜੋ ਸਭ ਗੁਣਾ ਨੂੰ ਖਾ ਜਾਂਦੀ ਹੈ। “ ਮਨ ਏਕੁ ਨ ਚੇਤਸਿ ਮੂੜ ਮਨਾ ॥ ਹਰਿ ਬਿਸਰਤ ਤੇਰੇ ਗੁਣ ਗਲਿਆ ॥(ਪੰਨਾ-੧੨)” ਸੋ ਜਿੱਥੇ ਕਿਰਤ ਕਰਕੇ ਵੰਡ ਛੱਕਣਾ ਹੈ ਉੱਥੇ ਨਾਮ ਜੱਪਣਾ ਵੀ ਜ਼ਰੂਰੀ ਹੈ। ਜਦ ਪਰਮਾਤਮਾ ਨੂੰ ਯਾਦ ਕਰਦੇ ਹੋਏ ਸੇਵਾ ਕੀਤੀ ਜਾਵੇ ਤਾਂ ਸੋਨੇ ਤੇ ਸੁਹਾਗੇ ਦਾ ਕੰਮ ਬਣਦਾ ਹੈ ਨਹੀ ਤਾਂ “ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥(ਪੰਨਾ-੫੬੦)” ਇੱਥੇ ਮੈ ਥੋੜਾ ਜਿਹਾ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿਉਂਕਿ ਲਈ ਮੇਰੇ ਵੀਰ-ਭੈਣ ਸੁਆਲ ਕਰਦੇ ਹਨ ਕਿ ਫਲਾਣਾ ਇਤਨੀ ਬਾਣੀ ਵੀ ਪੜਦਾ ਹੈ ਠੱਗੀਆਂ ਵੀ ਮਾਰੀ ਜਾਂਦਾ ਹੈ। ਜਾਂ ਸਾਡੇ ਜਥੇਦਾਰਾਂ ਦੀਆਂ ਉਦਾਹਰਨਾਂ ਦਿੰਦੇ ਹਨ। ਪਰ ਨਹੀਂ ਆਪਾ ਕਿਸੇ ਵੱਲ ਨਹੀਂ ਦੇਖਣਾ ਸਗੋਂ ਗੁਰੂ ਵੱਲ ਦੇਖਣਾ ਹੈ ਕਿ ਗੁਰੂ ਸਾਹਿਬ ਕੀ ਕਹਿੰਦੇ ਹਨ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਬਹੁਤ ਲੋਗ ਧਰਮ ਦੇ ਨਾਂ ਤੇ ਧੰਧਾ ਕਰ ਰਹੇ ਹਨ। “ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥”( ਪੰਨਾ-੪੯੫)ਅਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਹਨ “ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥”(ਪੰਨਾ-੬੫੦) ਸੋ ਨਾਮ ਜਪਣ ਤੋਂ ਭਾਵ ਹੈ ਪਰਮਾਤਮਾ ਦੀ ਯਾਦ ਨੂੰ ਸੁਰਤਿ ਵਿੱਚ ਟਿਕਾਉਣਾ।ਸੋ ਜੇ ਸਭ ਦਾ ਨਿਚੋੜ ਕੱਢਣਾ ਹੋਵੇ ਤਾਂ ਸਾਰੀਆਂ ਬਿਮਾਰੀਆਂ ਦੀ ਜੜ੍ਹ ਹਉਮੈ ਹੈ ਅਤੇ ਇਹ ਇੱਕ ਦੀਰਘ ਰੋਗ ਜ਼ਰੂਰ ਹੈ ਪਰ ਲਾ-ਇਲਾਜ ਨਹੀਂ। ਇਸ ਦਾ ਦਾਰੂ ਵੀ ਜ਼ਰੂਰ ਹੈ “ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥ {ਪੰਨਾ 466}” ਇਸ ਇਲਾਜ ਲਈ ਨਾਮ ਸੁਰਤਿ ਵਿੱਚ ਟਿਕਾਉਣਾ ਪਏਗਾ। “ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ {ਪੰਨਾ 1375-1376}” ਦਾ ਸਿਧਾਂਤ ਅਪਣਾਉਣਾ ਪਏਗਾ। ਜਦ ਸਾਡੇ ਅੰਦਰ ਮਨ ਦੀ ਸ਼ਾਂਤੀ ਬਣ ਗਈ ਫਿਰ ਪਰਵਾਰ ਦੀ ਸ਼ਾਂਤੀ ਬਣੇਗੀ। ਫਿਰ ਫੈਲਦੀ-ਫੈਲਦੀ ਸੰਸਾਰਿਕ ਪਰਵਾਰ ਵਿੱਚ ਫੈਲ ਜਾਵੇਗੀ।
ਭੁੱਲ ਚੁੱਕ ਲਈ ਮੁਆਫ਼ੀ।
ਬਲਵਿੰਦਰ ਸਿੰਘ ਮੁਲਤਾਨੀ।
ਬਰੈਂਪਟਨ ਕਨੇਡਾ।