ਪੰਚਾਇਣੁ ਆਪੇ ਹੋਆ
ਗੁਰੂ ਸਾਹਿਬ ਨੇ ਦਸਵੇਂ ਜਾਮੇ ਅੰਦਰ ੧੬੯੯ ਦੀ ਵਿਸਾਖੀ ਵਾਲੇ ਦਿਨ ਸਿੱਖ ਸੰਗਤਾਂ ਦਾ ਇਕੱਠ ਕਰਨ ਲਈ ਸੁਨੇਹੇ ਪੱਤਰ ਭੇਜ ਕੇ ਆਨੰਦ ਪੁਰ ਦੀ ਧਰਤੀ ਤੇ ਬੁਲਾਅ ਲਿਆ ਪਰ ਗੁਰੂ ਸਾਹਿਬ ਅਤੇ ਰੱਬ ਤੋਂ ਬਗੈਰ ਕੋਈ ਤੀਜਾ ਨਹੀਂ ਜਾਣਦਾ ਸੀ ਕਿ ਗੁਰੂ ਸਾਹਿਬ ਦਾ ਮਕਸਦ ਕੀ ਹੈ। ਅਸਲ ਵਿੱਚ ਗੁਰੂ ਸਾਹਿਬ ਜਿੱਥੇ ਅੱਜ ਖਾਲਸੇ ਦੀ ਸਾਜਨਾਂ ਕਰਨ ਜਾ ਰਹੇ ਹਨ ਉੱਥੇ ਉਹ ਪੰਚਾਇਤੀ ਰਾਜ ਵੀ ਕਾਇਮ ਕਰ ਰਹੇ ਹਨ। ਅਸਲ ਵਿੱਚ ਗੁਰੂ ਸਾਹਿਬ ਜਪੁ ਬਾਣੀ ਅੰਦਰ ਆਏ ਸ਼ਬਦ ” ਪੰਚ ਪਰਵਾਣ ਪੰਚ ਪਰਧਾਨ।।” ਦੇ ਪ੍ਰਯੋਗਿਕ ਅਰਥ ਕਰ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਕਿਸ ਤਰ੍ਹਾ ਦੇ ਪੰਚਾ ਦੀ ਗੱਲ ਕੀਤੀ ਹੈ ਜੋ ਰੱਬੀ ਦਰਗਾਹ ਵਿੱਚ ਪਰਵਾਨ ਹੁੰਦੇ ਹਨ ਸੋ ਗੁਰੂ ਦਸਮ ਪਾਤਸ਼ਾਹ ਨੇ ਸਿਰਫ ਪੰਚਾਇਤੀ ਰਾਜ ਕਾਇਮ ਹੀ ਨਹੀਂ ਕੀਤਾ ਬਲਕਿ ਉਨ੍ਹਾਂ ਤਾਂ ਵਿਧੀ ਵੀ ਦੱਸ ਦਿੱਤੀ ਕਿ ਪੰਚਾਇਤ ਦੀ ਨਿਯੁਕਤੀ ਕਰਨ ਸਮੇਂ ਕਿਸ ਗੁਣ ਨੂੰ ਮੁੱਖ ਰੱਖਣਾ ਹੈ।
ਪਹਿਲਾਂ ਸੱਤ ਪਾਤਸ਼ਾਹੀਆਂ ਤੱਕ ਗੁਰੂ ਸਾਹਿਬ ਖ਼ੁਦ ਅਗਲੇ ਗੁਰੂ ਨੂੰ ਗੁਰਿਆਈ ਬਖ਼ਸ਼ਿਸ਼ ਕਰਨ ਤੋਂ ਪਹਿਲਾ ਕੁਝ ਗੁਣ ਵੇਖਦੇ ਸਨ ਜੋ ਪਾਸ ਹੋ ਜਾਂਦਾ ਉਸ ਨੂੰ ਗੁਰੂ ਸਾਹਿਬ ਲਿੱਖੀ ਜਾ ਇਕੱਤਰ ਕੀਤੀ ਬਾਣੀ ਸੰਗਤ ਦੇ ਸਾਹਮਣੇ ਅਗਲੇ ਗੁਰੂ ਦੇ ਹਵਾਲੇ ਕਰਦੇ ਅਤੇ ਮੱਥਾ ਟੇਕ ਦਿੰਦੇ ਸਨ। ਅੱਠਵੇ ਗੁਰੂ ਸਾਹਿਬ ਨੇ ਜਦ ਲੋੜੀਦੇ ਗੁਣ ਗੁਰੂ ਤੇਗ ਬਹਾਦਰ ਵਿੱਚ ਤੱਕ ਲਏ ਤਾਂ ਉਨ੍ਹਾਂ ਇੱਕ ਅਨੋਖਾ ਢੰਗ ਅਪਣਾਉਂਦੇ ਹੋਇਆਂ “ਬਾਬਾ ਬਕਾਲੇ” ਕਹਿ ਕੇ ਅਗਲੇ ਗੁਰੂ ਦਾ ਸੰਕੇਤ ਦਿੱਤਾ ਕਿ ਗੁਰੂ ਬਕਾਲੇ ਹੈ। ਕਿਉਂਕਿ ਗੁਰੂ ਸਾਹਿਬ ਇਹ ਦੇਖਣਾ ਚਾਹੁੰਦੇ ਸਨ ਕਿ ਸਿੱਖ ਦੀ ਸੁਰਤ ਇਤਨੀ ਉੱਪਰ ਉਠ ਚੁੱਕੀ ਹੈ ਕਿ ਨਹੀਂ ਜੋ ਉਹ ਖ਼ੁਦ ਗੁਰੂ ਲੱਭ ਸਕਣ। ਸੋ ਜਦ ਸਿੱਖ ਇਸ ਇਮਿਤਿਹਾਨ ਵਿੱਚੋਂ ਪਾਸ ਹੋ ਗਏ ਤਾਂ ਹੁਣ ਦਸਵੇਂ ਅਵਤਾਰ ਨੇ ਅੱਗੋਂ ਇੱਕ ਦੀ ਬਜਾਏ ਪੰਚਾਇਤ ਵਿੱਚ ਸਰਗੁਣ ਸਰੂਪ ਪ੍ਰਵੇਸ਼ ਕਰਨਾ ਸੀ ਇਸ ਲਈ ਸੰਗਤ ਨੇ ਪੰਚਾਂ ਦੀ ਚੋਣ ਕਿਵੇਂ ਕਰਨੀ ਹੈ ਉਹ ਗੁਰੂ ਸਾਹਿਬ ਨੇ ਆਪ ਖ਼ੁਦ ਕਰ ਕੇ ਦਿਖਾ ਦਿੱਤਾ । ਇਥੇ ਹੀ ਬੱਸ ਨਹੀ ਉਨ੍ਹਾਂ ਇਹ ਵੀ ਸੰਕੇਤ ਕਰ ਦਿੱਤਾ ਕਿ ਪੰਚਾਂ ਵਿੱਚ ਕੀ ਗੁਣ ਹੋਣੇ ਚਾਹੀਦੇ ਹਨ। ਇਸੇ ਲਈ ਗੁਰੂ ਸਾਹਿਬ ਜੀ ਦੇ ਪਹਿਲੇ ਆਵਾਜ਼ੇ ਦਇਆ, ਦੂਜੇ ਧਰਮ, ਤੀਜੇ ਹਿੰਮਤ, ਚੌਥੇ ਮੋਹਕਮ ਤੇ ਪੰਜਵੇਂ ਨੰਬਰ ਤੇ ਸਾਹਿਬ ਉਠਦੇ ਹਨ। ਇਹ ਅਸਲ ਵਿੱਚ ਇਕ ਸਿਧਾਂਤ ਹੈ ਜੋ ਗੁਰੂ ਸਾਹਿਬ ਨੇ ਸਿੱਖ ਸੰਗਤ ਨੂੰ ਦਿੱਤਾ ਹੈ ।ਕਿਉਂਕਿ ਗੁਰੂ ਸਾਹਿਬ ਨੇ ਨਿਯੁਕਤੀ ਦਾ ਅਧਿਕਾਰ ਸੰਗਤ ਨੂੰ ਦਿੱਤਾ ਹੈ ਸੋ ਸੰਗਤ ਨੇ ਜਦ ਵੀ ਪੰਚਾਂ ਦੀ ਚੋਣ ਕਰਨੀ ਹੈ ਤਾਂ ਪੰਚਾਂ ਵਿੱਚ ਇਹ ਪੰਜ ਗੁਣ ਦੇਖਣੇ ਹਨ। ਨਿਯੁਕਤੀ ਭਾਵੇਂ ਪੰਜ ਪਿਆਰਿਆਂ ਦੀ, ਗੁਰਦੁਆਰਾ ਪ੍ਰਬੰਧਕ ਕਮੇਟੀ , ਪਿੰਡ ਦੀ ਪੰਚਾਇਤ ਜਾ ਕਿਸੇ ਵੀ ਅਦਾਰੇ ਦੀ ਕਿਉ ਨ ਹੋਵੇ। ਭਾਵ ਜਿਸ ਨੂੰ ਨਿਯੁਕਤ ਕਰਨਾ ਹੈ ਉਸ ਵਿੱਚ ਦਇਆ, ਧਰਮ (ਜ਼ੁਮੇਵਾਰੀ ਦਾ ਅਹਿਸਾਸ),ਹਿੰਮਤ , ਮੋਹਕਮ ( ਦ੍ਰਿੜਤਾ ), ਸਾਹਿਬ (ਚੰਗੇ ਪ੍ਰਬੰਧਕੀ ਗੁਣ) ਹੋਣੇ ਚਾਹੀਦੇ ਹਨ। ਤਾਂ ਹੀ “ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥” {ਪੰਨਾ 345} ਵਾਲਾ ਖਾਲਸਾ ਹਲੇਮੀ ਰਾਜ ਹੋ ਸਕਦਾ ਹੈ ਕਿਉਂਕਿ ਐਸੀ ਪੰਚਾਇਤ ਵਿੱਚ ਗੁਰੂ/ ਪਰਮਾਤਮਾ ਆਪ ਹਾਜ਼ਰ ਨਾਜ਼ਰ ਹੁੰਦਾ ਹੈ। ਇਸ ਕਰਕੇ ਹੀ ਜਦ ਗੁਰੂ ਸਾਹਿਬ ਪੰਚਾਂ ਤੋਂ ਖੰਡੇ ਦੀ ਪਹੁਲ਼ ਮੰਗਦੇ ਹਨ ਤਾਂ ਅੱਗੋਂ ਪੰਚ ਕੋਈ ਲਿਹਾਜ਼ ਨਹੀਂ ਕਰਦੇ ਕਿ ਇਹ ਸਾਡਾ ਗੁਰੂ ਹੈ ਬਲਕਿ ਉਹੀ ਸੀਸ ਭੇਟ ਕਰਨ ਵਾਲੀ ਸ਼ਰਤ ਮਨਾਉਣ ਉਪਰੰਤ ਹੀ ਅੰਮ੍ਰਿਤ ਦੀ ਦਾਤ ਦੇ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਉਂਦੇ ਹਨ। ਭਾਵ ਸਿਧਾਂਤ ਸਭ ਲਈ ਇੱਕ ਹੈ ਭਾਵੇਂ ਕੋਈ ਕਿਤਨਾ ਵੀ ਮਹਾਨ ਕਿਉ ਨਾ ਹੋਵੇ। ਅੱਜ ਆਪਾ ਨਿਯੁਕਤੀ ਕਰਨ ਸਮੇਂ ਇਹ ਸਿਧਾਂਤ ਭੁੱਲ ਚੁੱਕੇ ਹਾਂ ਅਤੇ ਅਸੀਂ ਨਿਯੁਕਤੀ ਸਮੇਂ ਯਾਰੀ-ਦੋਸਤੀ ਜਾਂ ਦਸ਼ਮਣੀ,ਜਾਤ-ਬਰਾਦਰੀ ਜਾਂ ਸੁਆਰਥ ਆਦਿ ਦੇਖਣਾ ਸ਼ੁਰੂ ਕਰ ਦਿੱਤਾ ਹੈ ਇਸੇ ਕਰਕੇ ਸਾਡਾ ਇਹ ਹਾਲ ਹੈ। ਸੋ ਆਉ ਗੁਰੂ ਕੇ ਪਿਆਰਿਓ ਗੁਰੂ ਸਿਧਾਂਤ ਦੀ ਪਕੜ ਕਰੀਏ ਤਾਂ ਹੀ ਗੁਰੂ ਸਾਹਿਬ ਪੰਚਾਇਣ ਵਿੱਚ ਵਰਤਣਗੇ।
ਹੁਣ ਸਵਾਲ ਪੈਦਾ ਹੋ ਜਾਂਦਾ ਹੈ ਐਸੇ ਕਿਰਦਾਰ ਵਾਲੇ ਸ਼ਖਸ਼ ਕਿੱਥੋਂ ਮਿਲਣਗੇ? ਗੁਰੂ ਸਾਹਿਬ ਇਹ ਦੱਸਦੇ ਹਨ ਕਿ ਭਾਈ ਇਹ ਖ਼ੁਦ ਤੋਂ ਸ਼ੁਰੂ ਹੋਣਾ ਪੈਣਾ ਹੈ। ਇਹ ਗੁਣ ਗੁਰੂ ਕੋਲੋਂ ਪਹਿਲਾ ਆਪ ਗ੍ਰਹਿਣ ਕਰਨੇ ਹਨ ਫਿਰ ਸਭਨਾਂ ਕੀ ਰੇਣਕਾ ਬਣਨਾ ਪਏਗਾ ਤਾਂ ਫਿਰ ਗੁਰੂ ਸਾਹਿਬ ਆਪ ਬਹੁੜੀ ਕਰਨਗੇ। ਸੋ ਆਉ ਆਪਾ ਗੁਰੂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵੱਲ ਕਦਮ ਵਧਾਈਏ ਤਾਂ ਸਾਡੇ ਲੋਕ ਸੁੱਖੀਏ ਪਰਲੋਕ ਸੁਹੇਲੇ ਹੋ ਸਕਣ ਗੇ।
ਭੁੱਲ ਚੁੱਕ ਲਈ ਮੁਆਫ਼ੀ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ ।