ਜਨ ਭਏ ਖਾਲਸੇ
ਿਅੱਜ ਆਪਾ ਆਮ ਹੀ ਕਹਿ ਦਿੰਦੇ ਹਾਂ ਅੱਜ ਖਾਲਸੇ ਦਾ ਜਨਮ ਦਿਨ ਹੈ ਜਾਂ ਖਾਲਸੇ ਦੇ ਜਨਮ ਦਿਨ ਦੀਆ ਵਧਾਈਆਂ। ਮੈਂ ਕਈ ਵਾਰ ਸੋਚਦਾ ! ਕੀ ਖਾਲਸਾ ੧੬੯੯ ਦੀ ਵਿਸਾਖੀ ਤੇ ਹੀ ਪੈਦਾ ਹੋਇਆਂ ਹੈ ?? ਕੀ ਇਸ ਤੋਂ ਪਹਿਲਾ ਖਾਲਸਾ ਹੈ ਹੀ ਨਹੀਂ ਸੀ?? ਜਦ ਗੁਰੂ ਸਾਹਿਬ ਤੋਂ ਪੁਛਿਆ ਤਾਂ ਕਬੀਰ ਸਾਹਿਬ ਨੇ ਤਾਂ ਖਾਲਸੇ ਦੀ ਪਰਿਭਾਸ਼ਾ ਹੀ ਦੱਸ ਦਿੱਤੀ “ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ “। ਸੋ ਇਸ ਤੋਂ ਸਪੱਸ਼ਟ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾਂ ਕੀਤੀ ਹੈ। ਭਾਵ ਖਾਲਸਾ ਤਾਂ ਪਹਿਲਾਂ ਵੀ ਮੌਜੂਦ ਸੀ।ਭਾਈ ਕਾਹਨ ਸਿੰਘ ਜੀ ਨਾਭਾ ਨੇ ਖਾਲਸਾ ਦੇ ਅਰਥ ਕੀਤੇ ਹਨ – (੧) ਸ਼ੁਧ (੨) ਬਿਨਾ ਮਿਲਾਵਟ. ਨਿਰੋਲ (੩) ਉਹ ਜ਼ਮੀਨ ਜਾਂ ਮੁਲਕ, ਜੋ ਬਾਦਸ਼ਾਹ ਦਾ ਹੈ, ਜਿਸ ਪੁਰ ਕਿਸੇ ਜਾਗੀਰਦਾਰ ਅਥਵਾ ਜ਼ਿਮੀਂਦਾਰ ਦਾ ਸ੍ਵਤ੍ਵ ਨਹੀਂ। ਜਾਂ ਕਹਿ ਲੱਸੇ ਸਿੱਖ ਤੇ ਗੁਰੂ ਵਿੱਚ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ, ਜਿਸਨੇ ਪ੍ਰਭੂ ਦੀ ਪ੍ਰੇਮਾ ਭਗਤੀ ਨੂੰ ਸਮਝ ਲਿਆ ਉਸ ਦਾ ਹੀ ਸੰਬੰਧ ਸਿੱਧਾ ਰੱਬ ਜੀ ਨਾਲ ਹੋ ਸਕਦਾ ਹੈ ਤੇ ਉਹ ਹੈ ਖਾਲਸਾ।
ਗੁਰੂ ਸਾਹਿਬ ਨੇ ਤਾਂ ੧੬੯੯ ਦੀ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾਂ ਕਰਨ ਲਈ ਸਿੱਖ-ਸੰਗਤ ਨੂੰ ਸੁਨੇਹੇ ਪੱਤਰ ਭੇਜ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਮਹਾਨ ਇਕੱਠ ਕੀਤਾ। ਤੇ ਇਸ ਦਿਨ ਖਾਲਸੇ ਨੂੰ ਪੰਜ ਕਕਾਰ (ਕੱਛ, ਕੜਾ, ਕ੍ਰਿਪਾਨ, ਕੰਘਾ ਤੇ ਕੇਸਕੀ) ਸਜਾ ਕੇ ਇਹ ਹੁਕਮ ਕਰ ਦਿੱਤਾ ਕਿ ਇਨ੍ਹਾਂ ਦਾ ਵਿਸਾਹ ਬਿਲਕੁਲ ਨਹੀਂ ਕਰਨਾ । ਵੈਸੇ ਇਹ ਕਕਾਰ ਸਿੱਖ ਪਹਿਲਾ ਹੀ ਪਹਿਨਦੇ ਸਨ। ਪਹਿਲੇ ਗੁਰੂ ਸਾਹਿਬਾਨ ਨੇ ਹੀ ਸਿੱਖਾਂ ਨੂੰ ਸ਼ਸਤਰ ਤੇ ਸ਼ਾਸਤਰ ਦੇ ਧਨੀ ਸੰਤ ਸਿਪਾਹੀ ਬਣਾ ਦਿੱਤਾ ਸੀ। ਕਿਉਂਕਿ ਸਿੱਖ ਇਤਿਹਾਸ ਦੱਸਦਾ ਹੈ ਕੇ ਉਸ ਦਿਨ ੨੦੦੦੦-੨੫੦੦੦ ਸਿੱਖਾਂ ਨੇ ਖੰਡੇ ਦੀ ਪਾਹੁਲ ਲਈ ਸੀ। ਜਿਸ ਤੋਂ ਸਾਬਤ ਹੁੰਦਾ ਹੈ ਕਿ ਸਿੱਖ ਇਹ ਪੰਜੇ ਕਕਾਰਾ ਦੇ ਪਹਿਲਾਂ ਹੀ ਧਾਰਨੀ ਸਨ ਵਰਨਾ ਅਚਾਨਕ ਇਤਨੀ ਗਿਣਤੀ ਵਿੱਚ ਉਸ ਸਮੇਂ ਇਤਨੇ ਕਕਾਰ ਇਕੱਠੇ ਕਰਨੇ ਮੁਸ਼ਕਲ ਸਨ। ਸੋ ਗੁਰੂ ਸਾਹਿਬ ਨੇ ਇਨ੍ਹਾਂ ਪੰਜ ਕੱਕਿਆਂ ਦੀ ਮਹਾਨਤਾ ਹੋਰ ਵਧਾ ਦਿੱਤੀ।ਨਾਲੇ ਗੁਰੂ ਸਾਹਿਬ ਨੇ ਆਉਣ ਵਾਲੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਕਿ ਸਿੱਖ ਆਉਣ ਵਾਲੇ ਸਮੇਂ ਵਿੱਚ ਇਹ ਵਿਸਾਰ ਨ ਦੇਣ। ਫਿਰ ਵੀ ਅੱਜ ਮੇਰੇ ਕਈ ਵੀਰ ਭੈਣਾਂ ਕਹਿੰਦੇ ਸੁਣੇ ਜਾਂਦੇ ਹਨ ਕਿ ਉਸ ਸਮੇਂ ਇਨ੍ਹਾਂ ਦੀ ਲੋੜ ਸੀ ਅੱਜ ਨਹੀਂ। ਖ਼ੈਰ ਮੈਂ ਉਸ ਪਾਸੇ ਨਾ ਜਾਵਾ।
ਗੁਰੂ ਜੀ ਨੇ ਜਿੱਥੇ ਪੰਜ ਪਿਆਰਿਆਂ ਦੀ ਨਿਯੁਕਤੀ ਕੀਤੀ ਉੱਥੇ ਪੰਜ ਕਕਾਰਾਂ ਦੀ ਬਖ਼ਸ਼ਿਸ਼ ਕਰਦੇ ਹੋਏ ਅੰਮ੍ਰਿਤ ਦੇ ਪੰਜ ਘੁੱਟ ਮੂੰਹ ਵਿੱਚ ਪਾਏ, ਪੰਜ ਚੁਲ਼ੇ ਸੀਸ ਵਿੱਚ ਤੇ ਪੰੰਜ ਨੇਤਰਾਂ ਵਿੱਚ ਪਾਕੇ ਤਿਆਰ ਬਰ ਤਿਆਰ ਖਾਲਸਾ ਸਜ਼ਾ ਕੇ ਨਾਲ ਹੀ ਚਾਰ ਬੱਜਰ ਕੁਰਹਿਤਾਂ ( ਕੇਸ ਕੱਟਣਾ,ਕੁੱਠਾ ਖਾਣਾ,ਪਰ ਨਾਰੀ-ਪਰ ਮਰਦ ਦਾ ਸੰਗ ਕਰਨਾ, ਨਸ਼ਾ ਕਰਨਾ ) ਤੋਂ ਵਰਜ ਦਿੱਤਾ। ਬਾਅਦ ਵਿੱਚ ਆਪ ਪੰਜਾ ਪਿਆਰਿਆਂ ਅੱਗੇ ਬੀਰ ਆਸਣ ਹੋ ਕੇ ਪੰਚਾਂ ਤੋਂ ਅੰਮ੍ਰਿਤ ਦੀ ਦਾਤ ਮੰਗੀ ਤੇ “ਆਪੇ ਗੁਰ ਚੇਲਾ” ਦਾ ਇੱਕ ਨਵਾ ਇਤਿਹਾਸ ਸਿਰਜਿਆ।
ਕਈ ਸੱਜਣ ਕਹਿ ਦਿੰਦੇ ਹਨ ਕਿ ਆਪਾ ਨਿੱਤ-ਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਬਾਣੀ ਹੀ ਅੰਮ੍ਰਿਤ ਹੈ ਖੰਡੇ ਦੀ ਪਾਹੁਲ ਛੱਕਣ ਦੀ ਕੀ ਲੋੜ ਹੈ ?? ਜਿਵੇਂ ਮੈਂ ਉੱਪਰ ਕਹਿ ਆਇਆ ਹਾਂ। ਜੇ ਇਹੀ ਗੱਲ ਹੈ ਤਾਂ ਕੀ ਇੱਥੇ ਸੁਆਲ ਨਹੀਂ ਖੜ ਜਾਂਦਾ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਪਹਿਲਾ ਨਿਤਨੇਮ ਨਹੀਂ ਸਨ ਕਰਦੇ ਜਾਂ ਗੁਰਬਾਣੀ ਨਹੀਂ ਸਨ ਪੜ੍ਹਦੇ ?? ਸੋ ਹੁਣ ਕੀ ਇਹ ਸੋਚ ਆਪਾ ਨੂੰ ਮਜਬੂਰ ਨਹੀਂ ਕਰ ਰਹੀ ਕਿ ਜੇ ਗੁਰੂ ਲਈ ਖੰਡੇ ਦੀ ਪਾਹੁਲ ਛੱਕਣੀ ਜ਼ਰੂਰੀ ਸੀ ਤਾਂ ਉਸ ਦੇ ਸਿੱਖ ਅਖਵਾਉਣ ਵਾਲ਼ਿਆਂ ਲਈ ਕਿਉ ਜ਼ਰੂਰੀ ਨਹੀਂ??? ਸੋ ਆਉ ਗੁਰੂ ਕੇ ਪਿਆਰਿਓ ਅਪਣੀ ਮੱਤ ਛੱਡਦੇ ਹੋਏ ਗੁਰੂ ਦਾ ਹੁਕਮ ਮੰਨ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਸਿੰਘ ਸਜ ਕੇ ਕਬੀਰ ਸਾਹਿਬ ਦੀ ਦੱਸੀ ਪਰਿਭਾਸ਼ਾ ਅਨੁਸਾਰੀ ਬਣ ਕੇ ਗੁਰੂ ਦੀਆ ਖੁਸ਼ੀਆਂ ਪ੍ਰਾਪਤ ਕਰੀਏ।
ਭੁੱਲ ਚੁੱਕ ਲਈ ਮੁਆਫ਼ੀ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।