ਮਾਂ ਦੀ ਯਾਦ
ਮਾਂ ਤੂੰ ਜੰਮਿਆ ਤੇ ਪਾਲਿਆ ਪੜਾਇਆ ਸਾਨੂੰ ਏ।
ਖ਼ੂਨ ਅਪਣੇ ਦਾ ਦੁੱਧ ਤੂੰ ਪਿਲਾਇਆ ਸਾਨੂੰ ਏ।
ਕੁੱਛੜ ਚ ਚੁੱਕ ਕੇ ਤੇ ਮਾਂ ਤੂੰ ਖਡਾਇਆ ਸਾਨੂੰ ਏ।
ਮੂੰਹ ਆਪਣੇ ਚੋ ਕੱਡ ਕੇ ਖਿਲਾਇਆ ਸਾਨੂੰ ਏ।
ਆਪ ਗਿੱਲੀ ਜਗ੍ਹਾ ਸੌ ਸੁੱਕੇ ਪਾਇਆ ਸਾਨੂੰ ਏ।
ਸਦਾ ਰੋਂਦਿਆਂ ਨੂੰ ਚੁੱਪ ਤੂੰ ਕਰਾਇਆ ਸਾਨੂੰ ਏ।
ਮੈਨੂੰ ਯਾਦ ਹੈ ਤੂੰ ਲੜਦਿਆਂ ਹਟਾਇਆ ਸਾਨੂੰ ਏ।
ਕਦੀ ਝਿੜਕਦਾ ਸੀ ਬਾਪੂ ਤੂੰ ਬਚਾਇਆ ਸਾਨੂੰ ਏ।
ਆਪ ਅਨਪੜ੍ਹ ਹੁੰਦਿਆਂ ਪੜਾਇਆ ਸਾਨੂੰ ਏ।
ਦੇ ਕੇ ਹੱਲਾ ਛੇਰੀ ਮਾਂ ਚਮਕਾਇਆ ਸਾਨੂੰ ਏ।
ਸਾਰੇ ਪੁੱਤਰਾਂ ਦੇ ਦੁਖ ਤੂੰ ਹੀ ਜਰ ਲਏ ਨੇ,ਮਾਂ।
ਸਾਡੇ ਸਾਰਿਆ ਦੇ ਦੁੱਖ ਤੂੰ ਹੀ ਹਰ ਲਏ ਨੇ,ਮਾਂ।
ਧੀਆ ਤੇਰੀਆ ਵੀ ਹੱਝੂ ਰੱਜ ਕੇਰ ਲਏ ਨੇ,ਮਾਂ।
ਤੂੰ ਸੁਪਨਿਆਂ ਚ ਸਭ ਨੂੰ ਹੀ ਘੇਰ ਲਏ ਨੇ,ਮਾਂ।
ਤੇਰੇ ਕਿਸੇ ਅਹਿਸਾਨ ਨੂੰ ਭੁੱਲਾ ਨਹੀਂ ਸਕਦੇ।
ਤੇਰਾ ਕੋਈ ਵੀ ਅਹਿਸਾਨ ਚੁੱਕਾ ਨਹੀਂ ਸਕਦੇ।
ਤੇਰੇ ਗੁਣ ਵੀ ਅਸੀਂ ਪੂਰੇ ਗਾ ਨਹੀਂ ਸਕਦੇ।
ਤੇਰੇ ਪਾਏ ਹੋਏ ਪੂਰਨੇ ਮਿਟਾ ਨਹੀਂ ਸਕਦੇ।
ਤੇਰੇ ਫੁੱਲ ਕੀਰਤਪੁਰ ਲਿਜਾ ਨਹੀਂ ਸਕਦੇ।
ਰਹਿਤ ਮਰਿਆਦਾ ਨੂੰ ਅਸੀਂ ਭੁਲਾ ਨਹੀਂ ਸਕਦੇ।
ਅਰਦਾਸ ਗੁਰੂ ਦੇ ਅਸੀ ਕਰਦੇ ਹਾਂ ਮਾਂ।
ਤੈਨੂੰ ਜੋੜ ਲਏ ਤੇ ਸਾਨੂੰ ਵਿਛੋੜੇ ਨਾ ਮਾਂ।
ਸਿਖੀ ਮਾਂ ਦੀ ਨਿਭ ਗਈ ਸਾਡੀ ਨਿਭਾ ਦੇਵੀਂ।
ਅਪਣੇ ਚਰਨਾਂ ਵਿੱਚ ਮਾਤਾ ਟਿਕਾਅ ਦੇਵੀਂ।
ਸੁਮੱਤ ਦਾਤਾ ਸਾਡੀ ਝੋਲੀ ਵਿੱਚ ਪਾ ਦੇਵੀਂ।
ਭਾਣਾ ਮੰਨਣ ਦੀ ਤਾਕਤ ਵੀ ਬਣਾ ਦੇਵੀਂ।
ਮੁਲਤਾਨੀ ਭਰਾਵਾਂ ਦਾ ਪਿਆਰ ਵਧਾਅ ਦੇਵੀਂ।
ਸਿੱਖੀ ਕੇਸਾਂ ਸੁਆਸਾ ਦੇ ਨਾਲ ਨਿਭਾਅ ਦੇਵੀਂ।
ਭੁੱਲ-ਚੁੱਕ ਦੀ ਮੁਆਫ਼ੀ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ , ਕਨੇਡਾ।