ਵਰਤੈ ਸਭ ਕਿਛੁ ਤੇਰਾ ਭਾਣਾ
ਆਮ ਤੌਰ ਤੇ ਆਪਾ ਕਹਿੰਦੇ ਜਾਂ ਸੁਣਦੇ ਹਾਂ ਕਿ ਸਭ ਕੁਝ ਰੱਬੀ ਹੁਕਮ ਅੰਦਰ ਹੀ ਹੋ ਰਿਹਾ ਹੈ ਅਤੇ ਗੁਰਬਾਣੀ ਵੀ ਇਸ ਗੱਲ ਦੀ ਹਮਾਇਤ ਕਰਦੀ ਹੈ ਤੇ ਇਸ ਤੋਂ ਮਨੁਕਰ ਵੀ ਨਹੀਂ ਹੋਇਆ ਜਾਂਦਾ। ਹੁਣ ਇੱਥੇ ਸੁਆਲ ਪੈਦਾ ਹੋ ਜਾਂਦਾ ਹੈ ਕਿ ਜਦ ਸਭ ਕੁਝ ਕਰਨ ਵਾਲਾ ਪ੍ਰਮਾਤਮਾ ਹੀ ਹੈ ਤਾਂ ਫਿਰ ਪ੍ਰਮਾਤਮਾ ਗਲਤ ਬੰਦਿਆਂ ਨੂੰ ਸਹੀ ਰਸਤੇ ਤੇ ਕਿਉ ਨਹੀਂ ਚਲਾਉਂਦਾ ? ਪ੍ਰਮਾਤਮਾ ਜ਼ੁਲਮ ਖਤਮ ਕਿਉਂ ਨਹੀਂ ਕਰ ਦਿੰਦਾ ਤਾਂ ਕਿ ਹਰ ਕੋਈ ਵਧੀਆਂ ਜ਼ਿੰਦਗੀ ਬਸ਼ਰ ਕਰ ਸਕੇ ? ਜੇ ਆਪਾ ਗੁਰੂ ਸਾਹਿਬ ਤੋਂ ਇਸ ਦਾ ਉਤਰ ਪੁੱਛਦੇ ਹਾਂ ਤਾਂ ਗੁਰੂ ਸਾਹਿਬ ਭੱਟਾਂ ਦੇ ਸਵਈਆਂ ਚ ਜੁਆਬ ਦਿੰਦੇ ਹਨ “ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ “ (ਪੰਨਾ-੧੪੦੩) ਪ੍ਰੰਤੂ ਜਾਂ ਤਾਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਜਾਂ ਫਿਰ ਆਪਾ ਸਮਝਣਾ ਹੀ ਨਹੀਂ ਚਾਹੁੰਦੇ ਜਿਸ ਕਰਕੇ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦੇ ਹਾਂ। ਇੱਥੇ ਭੱਟ ਜੀ ਨੇ ਦੋ ਗੱਲਾਂ ਦਾ ਜ਼ਿਕਰ ਕੀਤਾ ਹੈ ਇੱਕ ਖੇਲ ਤੇ ਦੂਜਾ ਤਮਾਸ਼ਾ। ਸੋ ਆਪਾ ਇਸੇ ਤੇ ਹੀ ਵਾਰੀ-ਵਾਰੀ ਵਿਚਾਰ ਕਰਾਂਗੇ।
ਗੁਰੂ ਸਾਹਿਬ ਫ਼ੁਰਮਾਉਂਦੇ ਹਨ “ ਅਵਾਨ ਜਾਨੁ ਇਕੁ ਖੇਲੁ ਬਨਾਇਆ” (ਪੰਨਾ-੨੯੪) ਜਿਸ ਤਰ੍ਹਾਂ ਕੋਚ ਅਪਣੇ ਹੀ ਸਿਖਿਆਰਥੀਆਂ ਨੂੰ ਦੋ ਗਰੁਪਾਂ ਵਿੱਚ ਵੰਡਦਾ ਹੈ ਤੇ ਆਪ ਖ਼ੁਦ ਖਿਡਾਰੀ ਨੂੰ ਉਸ ਦੀ ਲਿਆਕਤ ਅਨੁਸਾਰ ਦੱਸਦਾ ਹੈ ਉਸ ਨੇ ਕਿੱਥੇ ਖੇਡਣਾ ਹੈ। ਇਨ੍ਹਾ ਆਪਣੀਆਂ ਹੀ ਦੋਨੋ ਟੀਮਾਂ ਚੋ ਇਕ ਟੀਮ ਤਿਆਰ ਕਰਦਾ ਹੈ ਜਿਸ ਨੇ ਦੂਸਰੀ ਬਾਹਰੀ ਟੀਮ ਨਾਲ ਖੇਡਣਾ ਹੁੰਦਾ ਹੈ। ਚੰਗਾ ਖੇਡ ਦਾ ਢੰਗ ਤੇ ਸਾਰੇ ਨਿਯਮ ਪ੍ਰਯੋਗਿਕ ਤੌਰ ਤੇ ਸਮਝਾਉਂਦਾ ਹੋਇਆਂ ਦੱਸਦਾ ਹੈ ਕਿ ਤੁਸੀਂ ਇੱਕ ਦੂਜੇ ਨਾਲ ਰਲ ਕਿ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਪਣੀ ਮਿਹਨਤ ਅਤੇ ਲਿਆਕਤ ਦੇ ਆਧਾਰ ਤੇ ਖੇਡ ਨੂੰ ਖੇਡਣ ਦੇ ਹਿਸਾਬ ਨਾਲ ਜਿੱਤਣਾ ਹੈ। ਪਰ ਅੱਜ ਕੱਲ ਤਾਂ ਬਹੁਤਾਤ ਚ ਖਿਡਾਰੀ ਮੈਚ ਖੇਡਣ ਲਈ ਨਹੀਂ ਬਲਕਿ ਜਿੱਤਣ ਲਈ ਖੇਡਦੇ ਹਨ। ਜਿਸ ਕਰਕੇ ਉਹ ਨਿਯਮਾਂ ਦੀ ਉਲੰਘਣਾ ਵੀ ਕਰਦੇ ਹਨ ਅਤੇ ਜਖਮੀ ਵੀ ਹੁੰਦੇ/ ਕਰਦੇ ਹਨ। ਜਿਸ ਕਰਕੇ ਉਹ ਖੇਡ ਦਾ ਨਜ਼ਾਰਾ ਨਹੀਂ ਲੈ ਸਕਦੇ ਬਲਕਿ ਦੁਖੀ ਹੁੰਦੇ ਹਨ। ਬੱਸ ਇਹੀ ਹਾਲ ਅੱਜ ਦੇ ਮਨੁੱਖ ਦਾ ਬਣਿਆਂ ਹੋਇਆਂ ਹੈ। ਉਹ ਜ਼ਿੰਦਗੀ ਦਾ ਆਨੰਦ ਮਾਣਨ ਦੀ ਬਜਾਏ ਜਿੱਤਣ ਵਿੱਚ ਪਿਆਂ ਹੋਇਆਂ ਹੈ ਜਿਸ ਕਰਕੇ ਜ਼ੁਲਮ ਵੀ ਕਰੀ/ ਕਰਾਈ ਜਾਂਦਾ ਹੈ ਤੇ ਦੁਖੀ ਵੀ ਹੋਈ ਜਾਂਦਾ ਹੈ। ਜਿਸ ਤਰ੍ਹਾਂ ਖੇਡਾਂ ਕਰਾਉਣ ਲਈ ਪ੍ਰਬੰਧਕਾਂ ਨੇ ਕਿਤਨੇ ਤਜੱਰਬੇਕਾਰ ਵਲੰਟੀਅਰ ਜਾਂ ਤਨਖ਼ਾਹਦਾਰ ਬੰਦਿਆ ਦਾ ਇੰਤਜਾਮ ਕੀਤਾ ਹੁੰਦਾ ਹੈ ਜਿਵੇਂ -ਰੈਫ਼ਰੀ, ਡਾਕਟਰ,ਨੰਬਰ ਲਾਉਣ ਵਾਲੇ, ਐਬੂਲੈਂਸ ਤੇ ਡਰਾਈਵਰ, ਪਾਣੀ ਪਿਲਾਉਣ ਵਾਲੇ ਆਦਿ ਆਦਿ। ਠੀਕ ਇਸੇ ਤਰਾਂ ਪਰਮਾਤਮਾ ਨੇ ਵੀ ਸਾਰੀ ਸ੍ਰਿਸ਼ਟੀ ਚਲਾਉਣ ਲਈ ਹਰ ਤਰ੍ਹਾਂ ਦੇ ਇਨਸਾਨ ਉਨ੍ਹਾਂ ਦੀ ਲਿਆਕਤ ਦੇ ਆਧਾਰ ਤੇ ਪੈਦਾ ਕੀਤੇ ਹੋਏ ਹਨ।ਰੱਬੀ ਖੇਡ ਪ੍ਰਬੰਧ ਚਲਾਉਣ ਲਈ ਵੀ ਪਰਮਾਤਮਾ ਨੇ ਸਰਕਾਰਾਂ ਰਾਹੀ ਥਾਣੇ, ਪੁਲਿਸ, ਅਦਾਲਤਾਂ, ਵਕੀਲ ਜੱਜ ਆਦਿ ਨਿਯੁਕਤ ਕੀਤੇ ਹੋਏ ਹਨ। ਸੋ ਜੋ ਮਨੁੱਖ ਰੱਬੀ ਨਿਯਮਾਂ ਵਿੱਚ ਰਹਿ ਕੇ ਖੇਡ ਖੇਡਦਾ ਹੈ ਉਹ ਜ਼ਿੰਦਗੀ ਦਾ ਆਨੰਦ ਮਾਣਦਾ ਹੋਇਆਂ ਬਾਜ਼ੀ ਜਿੱਤ ਕੇ ਚਲਾ ਜਾਂਦਾ ਹੈ। ਬਾਕੀਆਂ ਦਾ ਹਾਲ ਸਾਡੇ ਸਾਹਮਣੇ ਹੈ।
ਦੂਜੀ ਗੱਲ ਭੱਟ ਜੀ ਨੇ ਤਮਾਸ਼ੇ ਦੀ ਕੀਤੀ ਹੈ। ਜੋ ਵੀ ਡਰਾਮੇ ਜਾਂ movie ਦਾ ਡਾਇਰੈਕਟਰ ਹੁੰਦਾ ਹੈ ਉਹ ਆਪ ਅਦਾਕਾਰ ਦੀ ਅਦਾਕਾਰੀ ਅਨੁਸਾਰ ਹੀ ਰੋਲ ਦਿੰਦਾ ਹੈ। ਹੁਣ ਜੇਕਰ ਹਰੇਕ ਅਦਾਕਾਰ ਅਪਣਾ ਰੋਲ ਡਾਇਰੈਕਟਰ ਦੀਆ instructions ਮੁਤਾਬਿਕ ਨਿਭਾਉਣ ਤਾਂ ਉਹ ਇੱਕ ਵਧੀਆ movie ਬਣ ਜਾਂਦੀ ਹੈ। ਜੇ ਹੀਰੋ ਕਹੇ ਵਿਲੀਅਨ ਨੂੰ ਵੀ ਤਾਂ ਡਾਇਰੈਕਟਰ ਨੇ ਹੀ ਰੋਲ ਦਿੱਤਾ ਹੈ ਮੈਂ ਕਿਉ ਜੋਖਮ ਵਿੱਚ ਪਵਾਂ ਤਾਂ ਉਹ ਹੀਰੋ ਨੂੰ ਡਾਇਰੈਕਟਰ ਬਾਹਰ ਦਾ ਰਸਤਾ ਵੀ ਦਿਖਾ ਸਕਦਾ ਹੈ ਜਿਸ ਨਾਲ ਉਸਦਾ ਨੁਕਸਾਨ ਹੋ ਜਾਂਦਾ ਹੈ। ਹੁਣ ਸਮਝਣ ਲਈ ਜੇ ਰੱਬ ਜੀ ਨੂੰ ਡਾਇਰੈਕਟਰ ਸਮਝ ਲਈਏ ਤੇ ਉਸਦੇ ਬਣਾਏ ਅਸੂਲਾਂ ਅਨੁਸਾਰ ਅਪਣਾ ਫਰਜ ਸਮਝਦੇ ਹੋਏ ਹਰ ਕੰਮ ਕਰੀਏ ਤਾਂ ਆਨੰਦ ਮਾਣਾਂਗੇ ਨਹੀਂ ਤਾਂ ਕੁਝ ਕਹਿਣ ਦੀ ਜ਼ਰੂਰਤ ਨਹੀਂ ਸਭ ਕੁਝ ਸਾਹਮਣੇ ਹੀ ਹੈ। ਇੱਥੇ ਸਾਡੇ ਤੇ ਡਰਾਮੇ ਵਾਲੇ ਕਲਾਕਾਰਾਂ ਦਾ ਇਤਨਾ ਫਰਕ ਹੈ ਕਿ ਉਨ੍ਹਾਂ ਨੂੰ ਤਾਂ ਸਮਝ ਹੈ ਕਿ ੳਹ ਸਿਰਫ movie ਜਾਂ ਡਰਾਮੇ ਵਿੱਚ ਹੀ ਰਾਜੇ, ਅਮੀਰ ਜਾਂ ਗਰੀਬ ਹਨ ਅਸਲ ਵਿੱਚ ਨਹੀਂ।ਆਪਾ ਵੀ ਜੇ ਸਮਝ ਲਈਏ ਕਿ ਸਾਨੂੰ ਵੀ ਪਰਮਾਤਮਾ ਨੇ ਇਹ ਜ਼ਿੰਦਗੀ ਇਸ ਸੰਸਾਰ ਦੇ ਵੱਡੇ ਡਰਾਮੇ ਵਿੱਚ ਰੋਲ ਨਿਭਾਉਣ ਲਈ ਦਿੱਤੀ ਹੈ ਤਾਂ ਸੁੱਖੀ ਹੋਵਾਂਗੇ ਪਰ ਆਪਾ ਤਾਂ ਇਸ ਨੂੰ ਇਉਂ ਸਮਝ ਲਿਆ ਜਿਵੇਂ ਇਸ ਸੰਸਾਰ ਤੋਂ ਕਦੀ ਜਾਣਾ ਹੀ ਨਹੀਂ। ਗੁਰੂ ਸਾਹਿਬ ਨੇ ਬਾਣੀ ਅੰਦਰ ਸਮਝਾਇਆ ਹੈ ਕਿ ਰੱਬ ਜੀ ਨੇ ਸੂਮ ਆਦਮੀ ਨੂੰ ਧੰਨ ਜੋੜਨ ਦਾ ਰੋਲ ਦਿੱਤਾ ਪਰ ਉਹ ਮੂਰਖ ਕਹਿੰਦਾ ਹੈ ਕਿ ਇਹ ਧੰਨ ਤਾਂ ਮੇਰਾ ਹੈ। ਸੋ ਜਿਸ ਦਿਨ ਆਪਾ ਇਸ ਜ਼ਿੰਦਗੀ ਰੂਪੀ ਫ਼ਿਲਮ ਵਿੱਚ ਰੱਬੀ ਨਿਯਮਾਂ ਅਨੁਸਾਰ ਕਿਰਦਾਰ ਨਿਭਾਉਣਾ ਸਿੱਖ ਗਏ ਤਾਂ ਅਸੀਂ ਜ਼ਿੰਦਗੀ ਦਾ ਅਸਲ ਆਨੰਦ ਮਾਣ ਸਕਾਂਗੇ।
ਅਸਲ ਵਿੱਚ ਇੱਕ ਰਚਨਾ ਤਾਂ ਰੱਬ ਜੀ ਨੇ ਕੀਤੀ ਹੈ, ਜੋ ਸੱਚ ਤੋਂ ਹੋਈ ਹੈ ਤੇ ਉਹ ਹੈ ਵੀ ਸੱਚ। ਤੇ ਦੂਜੀ ਆਪਾ ਸੰਸਾਰੀ ਜੀਵਾਂ ਨੇ ਕੀਤੀ ਹੈ ਜਿਸ ਬਾਰੇ ਗੁਰੂ ਸਾਹਿਬ ਤੋਂ ਸਿੱਧਾ ਨੇ ਸਿਧ ਗੋਸਿਟ ਬਾਣੀ ਅੰਦਰ ਪੁੱਛਿਆਂ ਹੈ “ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਬਿਧਿ ਦੁਖਿ ਬਿਨਸਿ ਜਾਈ” ਇਸ ਦਾ ਜੁਆਬ ਗੁਰੂ ਸਾਹਿਬ ਨੇ ਕਿਆ ਖ਼ੂਬ ਦਿੱਤਾ ਹੈ “ਹਊਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁੱਖ ਪਾਈ। “ ਸੋ ਗੁਰੂ ਸਾਹਿਬ ਨੇ ਇਸ ਖੇਡ ਤਮਾਸ਼ੇ ਦੇ ਸਾਰੇ ਨਿਯਮ ਸਾਨੂੰ ਗੁਰਬਾਣੀ ਅੰਦਰ ਸਮਝਾ ਦਿੱਤੇ ਹਨ ਅਤੇ ਜਿੱਥੇ ਇਹ ਕਿਹਾ ਹੈ “ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛੁ ਤੇਰਾ ਭਾਣਾ” ( ਪੰਨਾ- ੯੮) ਉੱਥੇ ਇਹ ਵੀ ਕਿਹਾ ਹੈ “ ਪਹਿਲਾ ਪੂਤੁ ਪਿਛੈਰੀ ਮਾਈ ॥ ਗੁਰੁ ਲਾਗੋ ਚੇਲੇ ਕੀ ਪਾਈ ॥੧॥ ਏਕੁ ਅਚੰਭਉ ਸੁਨਹੁ ਤੁਮ੍ਹ੍ਹ ਭਾਈ ॥ ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ ॥ ਜਲ ਕੀ ਮਛੁਲੀ ਤਰਵਰਿ ਬਿਆਈ ॥ ਦੇਖਤ ਕੁਤਰਾ ਲੈ ਗਈ ਬਿਲਾਈ ॥੨॥ ਤਲੈ ਰੇ ਬੈਸਾ ਊਪਰਿ ਸੂਲਾ ॥ ਤਿਸ ਕੈ ਪੇਡਿ ਲਗੇ ਫਲ ਫੂਲਾ ॥੩॥ ਘੋਰੈ ਚਰਿ ਭੈਸ ਚਰਾਵਨ ਜਾਈ ॥ ਬਾਹਰਿ ਬੈਲੁ ਗੋਨਿ ਘਰਿ ਆਈ ॥੪॥ ਕਹਤ ਕਬੀਰ ਜੁ ਇਸ ਪਦ ਬੂਝੈ ॥ ਰਾਮ ਰਮਤ ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥ {ਪੰਨਾ 481} ਪਦ ਅਰਥ – ਪੂਤੁ- ਪਵਿੱਤਰ ਸ਼ਬਦ। ਮਾਈ- ਮਾਇਆ। ਗੁਰ- ਸਰੀਰ ਨੂੰ ਚਲਾਉਣ ਵਾਲਾ ( ਮਨ)। ਚੇਲਾ- ਭਰਿਸ਼ਟ ਬੁੱਧੀ। ਸਿੰਘੁ – ਸ਼ੇਰ (ਮਨ)। ਗਾਈ- ਬੁੱਧੀ (ਭਰਿਸ਼ਟ)। ਚਰਾਵਾ-ਚਰਾ ਰਿਹਾ। ਜਲ ਕੀ ਮਛਲੀ- ਪਾਣੀ ਆਸਰੇ ਜਿਉਣ ਵਾਲੀ ਮੱਛੀ ( ਬਾਣੀ ਆਸਰੇ ਜਿਉਣ ਵਾਲਾ ਸਿੱਖ)। ਤਰਵਰਿ- ਰੁੱਖ ਉਤੇ। ਬਿਆਈ- ਸੂਅ ਪਈ , ਰੁੱਝ ਗਈ। ਕੁਤਰਾ- ਕਤੂਰਾ, ਬੱਚਾ, ਸੰਤੋਖ। ਬਿਲਾਈ- ਬਿੱਲੀ, ਤ੍ਰਿਸ਼ਨਾ। ਤਲੈ- ਹੇਠਲੇ ਪਾਸੇ। ਬੈਸਾ- ਰਹਿਣੀਆਂ, ਸ਼ਾਖਾਂ। ਸੂਲਾ- ਸੂਲ, ਮੁੱਢ , ਅਸਲੀ ਮੂਲ ਪ੍ਰਭੂ। ਸੂਤਰ- ਉਤਾਂਹ , ਬਾਹਰ ਕੱਢ ਦਿੱਤਾ। ਪੇਂਡੂ-ਤਨ ਉਤੇ। ਚਰਿ- ਚੜਕੇ। ਘੋਟੂ – ਘੋੜੇ ਉਤੇ। ਭੈਂਸ- ਮੱਝ ( ਵਸ਼ਨਾ)। ਬੈੱਲ- ਬਲਦ( ਧਰਮ, ਧੀਰਜ) ਗੋਨਿ- ਤ੍ਰਿਸ਼ਨਾ ਦੀ ਛੱਟ। ਘਰਿ ਹਿਰਦੇ ਵਿੱਚ। ਪਦ- ਅਵਸਥਾ। ਬੂਝੇ- ਸਮਝ ਲਏ।
ਸੋ ਲੋੜ ਸਿਰਫ ਗੁਰਬਾਣੀ ਨੂੰ ਸਮਝਣ ਦੀ ਹੈ। ਬਾਕੀ ਸਾਰੇ ਮਸਲੇ ਗੁਰਬਾਣੀ ਹੱਲ ਕਰ ਦਿੰਦੀ ਹੈ।
ਭੁੱਲ ਚੁੱਕ ਲਈ ਮੁਆਫ਼ੀ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।