ਬਾਬੇ ਦਾ ਗੁਰਪੁਰਬ
ਪ੍ਰਕਾਸ਼ ਪੁਰਬ ਅੱਜ, ਗੁਰੂ ਨਾਨਕ ਦਾ ਆਇਆ।
ਸਭ ਸੰਗਤ ਨੇ ਰਲ ਕੇ, ਹੈ ਖ਼ੂਬ ਮਨਾਇਆ।
ਸਭ ਸਿੱਖਾਂ ਵੱਲੋਂ ਹਨ ਆਈਆਂ, ਅੱਜ ਬਹੁਤ ਵਧਾਈਆਂ।
ਪਰ ਗੁਰੂ ਜੋ ਪੜਾਇਆ, ਉਹ ਪੜ੍ਹੀਆਂ ਨ ਪੜਾਈਆਂ।
ਪ੍ਰਭਾਤ ਫੇਰੀਆਂ ਵੀ ਸੰਗਤਾਂ ਨੇ, ਬਹੁਤ ਹਨ ਬੁਲਾਈਆਂ।
ਜਿਸ ਦੇ ਸੁਆਗਤ ਲਈ, ਪਟਾਕੇ-ਫੁੱਲਝੱੜੀਆਂ ਚਲਾਈਆਂ।
ਜਿਨ੍ਹਾਂ ਜਿਨ੍ਹਾਂ ਗੱਲਾਂ ਤੋਂ, ਗੁਰੂ ਨੇ, ਕਰੀਆਂ ਮਨਾਈਆਂ।
ਉਹੋ ਉਹੋ ਗੱਲਾਂ ਸਭ, ਆਪਾ ਨੇ, ਕਰਕੇ ਦਿਖਾਈਆਂ।
ਨਗਰ ਕੀਰਤਨ ਤੇ, ਖ਼ੂਬ ਮਿਠਿਆਈਆਂ ਨੇ ਛਕਾਈਆਂ।
ਬੈਂਡ ਵਾਜਿਆਂ ਤੋਂ, ਧੁਨਾ ਗਾਣਿਆਂ ਦੀਆਂ ਨੇ ਸੁਣਾਈਆਂ।
ਛੋਲੇ ਪੂਰੀਆਂ ਛਕਾਉਣ ਲਈ, ਹਲਵਾਈ ਤੋਂ ਬਣਵਾਈਆਂ।
ਜੋ ਸੰਗਤ ਨੂੰ ਪੰਗਤ ਚ ਬਿਠਾ ਕੇ, ਖ਼ੂਬ ਨੇ ਛਕਾਈਆਂ।
ਗੁਰੂ ਜੀ ਨੇ ਹੱਥੀ ਕਿਰਤ ਕਰਕੇ, ਇਹ ਸਾਨੂੰ ਹੈ ਸਿਖਾਈ।
ਨਾਮ ਜਪ ਕੇ ਵੰਡ-ਛੱਕਣ ਦੀ, ਗੁਰਾਂ ਪਿਰਤ ਕਿਆ ਹੈ ਪਾਈ।
ਭਾਈ ਲਾਲੋ ਨੂੰ ਗੁਰਾਂ ਨੇ ਸੀ, ਕਿਆ ਗਲੇ ਨਾਲ ਲਾਇਆ।
ਮਲਿਕ ਭਾਗੋ ਨੂੰ ਗੁਰਾਂ ਨੇ ਸੀ, ਕਿਆ ਖ਼ੂਬ ਸਮਝਾਇਆ।
ਮਲਿਕ ਭਾਗੋ ਨੇ ਉਹੀ ਪੜਿਆ, ਜੋ ਗੁਰਾਂ ਨੇ ਪੜਾਇਆ।
ਮੁਲਤਾਨੀ ਤੈਨੂੰ ਇਹ ਪਹਾੜਾ, ਸਮਝ ਕਿਉਂ ਨਹੀਂ ਆਇਆ।
ਪ੍ਰਕਾਸ਼ ਪੁਰਬ ਹੈ ਅੱਜ,ਗੁਰੂ ਨਾਨਕ ਦਾ ਆਇਆ।
ਜਿਹਨੂੰ ਸੰਗਤ ਨੇ ਰਲ ਕੇ, ਹੈ ਖ਼ੂਬ ਮਨਾਇਆ।
ਭੁੱਲ-ਚੁੱਕ ਲਈ ਮੁਆਫੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
One Comment
Mohinder Singh
Best poem par is poem te amal koi nahi karda ie kar sade parchark eho gallan loka tak pecha den te pher he sikh kom da bhala ho sakda hai vaheguru ji tahanu chardi kala vich rakhan ji