ਸਰਬ ਰੋਗ ਕਾ ਅਉਖਦੁ ਨਾਮੁ
ਜਦ ਵੀ ਮਨੁੱਖ ਨਾਲ ਗੱਲ ਕਰਦੇ ਹਾਂ ਤਾਂ ਉਹ ਅੱਗੋਂ ਅਪਣੇ ਹੀ ਦੁਖੜੇ ਫੋਲਣੇ ਸ਼ੁਰੂ ਕਰ ਦਿੰਦਾ ਹੈ ਇਸ ਨੂੰ ਗੁਰੂ ਸਾਹਿਬ ਇਸ ਤਰ੍ਹਾਂ ਬਿਆਨ ਕਰਦੇ ਹਨ “ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥” ਇਸੇ ਬਾਰੇ ਬਾਬਾ ਫਰੀਦ ਜੀ ਫ਼ੁਰਮਾਉਂਦੇ ਹਨ ਕਿ ਜਦ ਮੈਂ ਅਪਣੀ ਸੁਰਤਿ ਨੂੰ ਉੱਚਾ ਚੁੱਕ ਕੇ ਦੇਖਿਆਂ ਤਾਂ ਇਹ ਦੁੱਖ ਘਰ ਘਰ ਹੀ ਨਜ਼ਰ ਆਇਆ। “ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ {ਪੰਨਾ 1382}”।ਗੁਰੂ ਨਾਨਕ ਜੀ ਨੇ ਤਾਂ ਜਿਹਨਾ ਨੂੰ ਮਹਾਂ ਪੁਰਖ ਦੱਸਿਆ ਜਾ ਰਿਹਾ ਸੀ ਦੇ ਨਾਮ ਗਿਣਨ ਤੋਂ ਬਾਅਦ ਆਖ ਦਿੱਤਾ “ਨਾਨਕ ਦੁਖੀਆ ਸਭੁ ਸੰਸਾਰੁ (- ਪੰਨਾ- ੯੫੩) ਸੋ ਹੁਣ ਸੁਆਲ ਪੈਦਾ ਹੋਣਾ ਕੁਦਰਤੀ ਗੱਲ ਹੈ ਕਿ ਜੇ ਸਾਰਾ ਸੰਸਾਰ ਹੀ ਦੁਖੀ ਹੈ ਤਾਂ ਕੀ ਇਸ ਦੁੱਖ ਦਾ ਕੋਈ ਇਲਾਜ ਹੈ ਜਾਂ ਨਹੀਂ ?? ਇਸ ਸੁਆਲ ਦਾ ਜੁਆਬ ਵੀ ਗੁਰੂ ਸਾਹਿਬ ਨੇ ਗੁਰਬਾਣੀ ਅੰਦਰ ਹੀ ਦਿੱਤਾ ਹੈ ”ਸਰਬ ਰੋਗ ਕਾ ਅਉਖਦੁ ਨਾਮੁ ॥(ਪੰਨਾ-੨੭੪)” ਸੋ ਆਉ ਇਸ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ ਕਿ ਸਭ ਰੋਗਾਂ ਦਾ ਦਾਰੂ ਇਕ ਕਿਵੇਂ ਹੋ ਸਕਦਾ ਹੈ।
ਗੁਰਬਾਣੀ ਅੰਦਰ ਆਉਂਦਾ ਹੈ “ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥ ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ (ਪੰਨਾ-੭੧੪)”ਸੋ ਸਭ ਤੋਂ ਪਹਿਲਾ ਇਹ ਸਮਝਣਾ ਹੋਵੇਗਾ ਕਿ ਤਿੰਨ ਤਾਪ ਕਿਹੜੇ ਹਨ?? ਇਹ ਹਨ ਆਧਿ, ਬਿਆਧ, ਉਪਾਧਿ। “ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ ॥ ਪਾਰਬ੍ਰਹਮ ਪੂਰਨ ਧਨੀ ਨਹ ਬੂਝੈ ਪਰਤਾਪ ॥ਪੰਨਾ- ੨੯੭”। ਇਨਸਾਨ ਦੀ ਢਹਿੰਦੀ ਕਲ੍ਹਾ ਦੀ ਸੋਚ ਤਨਾਅ ਪੈਦਾ ਕਰਦੀ ਹੈ ਜਿਸ ਨੂੰ ਮਾਨਸਿਕ ਰੋਗ (ਆਧਿ ) ਕਹਿੰਦੇ ਹਨ। ਇਸੇ ਤੋਂ ਹੀ ਅੱਗੇ ਦੂਜੇ ਪੜਾਅ ਚ ਸਰੀਰਕ ਰੋਗ ( ਬਿਆਧਿ) ਅਤੇ ਫਿਰ ਤੀਜੇ ਪੜਾਅ ਚ ਲੜਾਈ, ਝਗੜੇ, ਠੱਗੀ, ਫ਼ਰੇਬ ਆਦਿ (ਉਪਾਧਿ) ਸ਼ੁਰੂ ਹੋ ਜਾਂਦੇ ਹਨ।
ਉਦਾਹਰਣ ਦੇ ਤੌਰ ਤੇ ਕਿਸੇ ਸੱਜਣ, ਮਿੱਤਰ, ਭੈਣ, ਭਰਾ ਜਾਂ ਰਿਸ਼ਤੇਦਾਰ ਨੇ ਵੱਡਾ ਘਰ ਜਾਂ ਵੱਡੀ ਗੱਡੀ ਲੈ ਲਈ। ਹੁਣ ਦੇਖ/ ਸੁਣ ਕੇ ਤਨਾਅ ਪੈਦਾ ਹੋ ਗਿਆ ( ਆਧਿ ਸ਼ੁਰੂ) ਮੈਂ ਕਿਸ ਤਰ੍ਹਾ ਇਸਦੇ ਬਰਾਬਰ ਜਾਂ ਇਸਤੋ ਅੱਗੇ ਲੰਘਣਾ ਹੈ। ਗੱਡੀ ਚਲਾਉਂਦੇ ਸਮੇਂ ਇਸੀ ਸੋਚ ਵਿੱਚ ਡੁੱਬਿਆ ਹੋਣ ਕਰਕੇ ਹਾਦਸਾ ਵਾਪਰ ਜਾਂਦਾ ਹੈ। ਲੱਤ/ ਬਾਂਹ ਟੁੱਟ ਗਈ ਮੰਜੇ ਤੇ ਪੈ ਗਿਆ (ਬਿਆਧਿ ਸ਼ੁਰੂ) ਆਮਦਨ ਬੰਦ ਹੋ ਗਈ ਤੇ ਖ਼ਰਚੇ ਵੱਧ ਗਏ। ਹੁਣ ਆਧਿ, ਬਿਆਧ ਨਾਲ ਤੀਜਾ ਉਪਾਧਿ ਆ ਰਲਿਆ। ਘਰ ਵਿੱਚ ਲੜਾਈ, ਝਗੜੇ, ਠੱਗੀ ਆਦਿ ਸ਼ੁਰੂ ਹੋ ਗਏ।
ਜਿਸ ਹਿਰਦੇ ਅੰਦਰ ਤੀਨੇ ਤਾਪ ਨਿਵਾਰਨ ਹਾਰਾ ”ਨਾਮ” ਵੱਸਦਾ ਹੈ ਉਹ ਹੁਕਮ ਰਜਾਈ ਹੋਣ ਕਰਕੇ ਕਦੀ ਵੀ ਕਿਸੇ ਨਾਲ jealously ਨਹੀ ਕਰਦਾ ਇਸ ਕਰਕੇ ਉਹ ਕਿਸੇ ਤਰ੍ਹਾ ਦੇ ਤਨਾਅ ( ਆਧਿ) ਨੂੰ ਪੈਦਾ ਹੀ ਨਹੀਂ ਹੋਣ ਦਿੰਦਾ। ਬਲਕਿ ਉਹ “ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ (ਪੰਨਾ-੧੨੪੫)” ਅਨੁਸਾਰ ਚੱਲਦਾ ਹੈ ਅਤੇ “ ਜੇ ਕੋਊ ਅਪੁਨੀ ਓਟ ਸਮਾਰੈ ॥ ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥(ਪੰਨਾ- ੬੭੯)” ਦੇ ਸਿਧਾਂਤ ਨੂੰ ਜ਼ਿੰਦਗੀ ਚੋ ਬਾਹਰ ਨਹੀਂ ਜਾਣ ਦਿੰਦਾ। ਸੋ ਉਹ ਸ਼ਖਸ ਪਹਿਲੇ ਰੋਗ ਨੂੰ ਹੀ ਨਹੀਂ ਜੰਮਣ ਦਿੰਦਾ ਬਾਕੀ ਦੋ ਕਿੱਥੋਂ ਆ ਸਕਣ ਗੇ।
ਕੁਝ ਰੋਗ ਖਾਣ, ਪੀਣ, ਪਹਿਨਣ ਅਤੇ ਦਲਿੱਦਰ ਆਦਿ ਤੋਂ ਪੈਦਾ ਹੁੰਦੇ ਹਨ। ਬਿਬੇਕੀ ਜਨ ਤਾਂ ਹਮੇਸ਼ਾ ਗੁਰਬਾਣੀ ਦਾ ਆਸਰਾ ਲੈਂਦੇ ਹਨ ਸੋ ਉਹ ਕਿਸ ਤਰ੍ਹਾਂ ਭੁੱਲ ਸਕਦੇ ਹਨ “ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੨॥ ——-ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥॥੩॥ ————-ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥ ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥ ———-ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥ ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥ {ਪੰਨਾ 16-17} ”। ਸੋ ਜੋ ਰੂਹਾਂ ਗੁਰਬਾਣੀ ਨੂੰ ਆਧਾਰ ਬਣਾ ਲੈਂਦੀਆਂ ਹਨ ਉਹ ਤਾਂ ਬਿਮਾਰੀ ਨੂੰ ਜੰਮਣ ਹੀ ਨਹੀਂ ਦਿੰਦੀਆਂ ਬਲਕਿ ਜੋ ਗੁਰਬਾਣੀ ਤੋਂ ਦੂਰੀ ਬਣਾਈ ਬੈਠੇ ਹੋਣ ਕਰਕੇ ਇਹ ਰੋਗਾਂ ਦੇ ਸ਼ਿਕਾਰੀ ਹੋ ਜਾਂਦੇ ਹਨ ਤਾਂ ਸਮਝ ਆਉਣ ਤੇ ਉਹ ਜਦ ਗੁਰਬਾਣੀ ਅਨੁਸਾਰ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦੇ ਹਨ ਤਾਂ ਗੁਰੂ ਸਾਹਿਬ ਉਨ੍ਹਾ ਤੇ ਵੀ ਕ੍ਰਿਪਾ ਕਰਦੇ ਹਨ। ਗੱਲ ਅਮਲ ਤੇ ਨਿਬੜਨੀ ਹੈ। ਭਾਈ ਗੁਰਦਾਸ ਜੀ ਨੇ ਕਿਆ ਖ਼ੂਬ ਲਿਖਿਆਂ ਹੈ “ ਪੂਛਤ ਪਥਿਕ ਤਹਿ ਮਾਰਗ ਨ ਧਾਰੇ ਪਗਿ ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਐ। ਪੂਛਤ ਹੈ ਬੈਦ ਖਾਤ ਅਉਖਧ ਨ ਸੰਜਮ ਸੈ ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ। ਪੂਛਤ ਸੁਹਾਗਨ ਕਰਮ ਹੈ ਦੁਹਾਗਨਿ ਕੈ ਰਿਦੈ ਬਿਬਿਚਾਰ ਕੱਤ ਸਿਹਜਾ ਬੁਲਾਈਐ। ਗਾਏ ਸੁਨੇ ਆਂਖੇ ਮੀਚੈ ਪਾਈਐ ਨ ਪਰਮਪਦੁ ਗੁਰ ਉਪਦੇਸੁ ਗਹਿ ਜਉ ਲਉ ਨ ਕਮਾਈਐ। “
ਗੁਰਬਾਣੀ ਰੋਗ ਨੂੰ ਤਾਂ ਜੰਮਣ ਹੀ ਨਹੀਂ ਦਿੰਦੀ ਫਿਰ ਵੀ ਜੇ ਆਪਾ ਅਣਗਹਿਲੀ ਕਰ ਲੈਂਦੇ ਹਾਂ ਤਾਂ ਗੁਰੂ ਫਿਰ ਬਖ਼ਸ਼ਣ ਲਈ ਤਿਆਰ ਹਨ ਪਰ ਸ਼ਰਤ ਹੈ ਅੱਗੋਂ ਨ ਕਰੀਏ। “ਪਿਛਲੇ ਅਉਗੁਣ ਬਖ਼ਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ (ਪੰਨਾ-੬੨੪) ਸੋ ਆਉ ਗੁਰੂ ਦਾ ਪੱਲਾ ਫੜ ਲਈਏ ਫਿਰ ਸਾਡੇ ਜਿੱਥੇ ਲੋਕ ਸੰਵਰ ਜਾਣ ਗੇ ਉੱਥੇ ਗੁਰੂ ਸਾਹਿਬ ਪਰਲੋਕ ਵੀ ਸੰਵਾਰ ਦਿੰਦੇ ਹਨ।
ਭੁੱਲ ਚੁੱਕ ਦੀ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕੈਨੇਡਾ।