ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ
ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ
“ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥”(ਪੰਨਾ- ੬੫੫) ਜਿੱਥੇ ਇਹ ਸ਼ਬਦ ਸਪਸ਼ਟ ਕਰਦਾ ਕਿ ਖਾਲਸਾ ੧੬੯੯ ਦੀ ਵਿਸਾਖੀ ਤੋਂ ਪਹਿਲਾ ਹੀ ਮੌਜੂਦ ਸੀ ਉੱਥੇ ਖਾਲਸੇ ਦੀ ਪ੍ਰੀਭਾਸ਼ਾ ਨੂੰ ਵੀ ਬਿਆਨ ਕਰਦਾ ਹੈ ਕਿ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ ਉਹ ਹੀ ਖਾਲਸੇ ਹਨ। ਇਸ ਤੋਂ ਸਿੱਧ ਹੋਇਆ ਕਿ ਦਸਮ ਪਾਤਸ਼ਾਹ ਨੇ ਨਾ ਕੇਵਲ ਖਾਲਸਾ ਪ੍ਰਗਟ ਕੀਤਾ ਬਲਕਿ ਇਸ ਨੂੰ ਪੰਜ ਕਕਾਰੀ ਵਰਦੀ ਨਾਲ ਸਜਾਉਣ ਤੋਂ ਪਹਿਲਾਂ ਉਪਰੋਕਤ ਪੰਕਤੀ ਦੇ ਆਧਾਰ ਤੇ ਨੰਗੀ ਸ੍ਰੀ ਸਾਹਿਬ ਕੱਢ ਕੇ ਇੱਕ ਇੱਕ ਕਰਕੇ ਪੰਜ ਸੀਸਾਂ ਦੀ ਮੰਗ ਕਰਕੇ ਪਰਖਿਆ ਕਿ ਖਾਲਸਾ ਪ੍ਰੇਮ ਭਗਤੀ ਨੂੰ ਜਾਣਦੇ ਹੋਏ ਪਹਿਲਾ ਮਰਣ ਕਬੂਲਦਾ ਵੀ ਹੈ ਕਿ ਨਹੀਂ ? ਜਿਸ ਤੇ ਖਾਲਸਾ ਪੂਰਾ ਉਤਰਿਆ। ਹੁਣ ਗੁਰੂ ਸਾਹਿਬ ਨੇ ਸਰਬ ਲੋਹ ਦੇ ਬਾਟੇ ਵਿੱਚ ਸਵੱਛ ਜਲ ਅਤੇ ਪਤਾਸੇ ਪਾ ਕੇ ਪੰਜ ਬਾਣੀਆਂ( ਜਪੁ, ਜਾਪ, ਸਵੱਯੇ, ਚੌਪਈ ਤੇ ਆਨੰਦ ਸਾਹਿਬ) ਦਾ ਪਾਠ ਕਰਦੇ ਹੋਏ ਦੋ ਧਾਰਾ ਸਰਬ ਲੋਹ ਦਾ ਖੰਡਾ ਘੁਮਾ ਕੇ ਅੰਮ੍ਰਿਤ ਤਿਆਰ ਕਰ ਕੇ ਪੰਜ ਪਿਆਰਿਆਂ ਨੂੰ ਛਕਾਉਣ ਉਪਰੰਤ ਨਾਲ ਹੀ ਪੰਚਾਇਤੀ ਸਿਸਟਮ ਵੀ ਸ਼ੁਰੂ ਕਰ ਦਿੱਤਾ।ਸਭ ਤੋਂ ਪਹਿਲਾ ਖ਼ੁਦ ਪੰਚਾਂ ਅੱਗੇ ਗੋਡਾ ਟੇਕਦੇ ਹੋਇ ਅੰਮ੍ਰਿਤ ਦੀ ਦਾਤ ਮੰਗੀ। ਸੋ ਇਸ ਦਿਨ ਨੂੰ ਖਾਲਸੇ ਦਾ ਜਨਮ ਦਿਨ ਨਹੀਂ ਬਲਕਿ ਪ੍ਰਗਟ ਦਿਹਾੜਾ ਕਹਿਣਾ ਬਣਦਾ ਹੈ।
ਕਈ ਸੱਜਣ ਕਹਿ ਦਿੰਦੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਤੱਕ ਚਰਨ ਪਹੁਲ ਦਿੱਤੀ ਜਾਂਦੀ ਸੀ। ਉਹ ਕਹਿਦੇ ਹਨ ਗੁਰੂ ਜੀ ਪੈਰ ਜਾਂ ਪੈਰ ਦਾ ਅੰਗੂਠਾ ਪਾਣੀ ਚ ਪਾ ਕੇ ਪਿਲਾਉਦੇ ਸਨ ਅਤੇ ਉਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਹੁਲ ਚ ਬਦਲਿਆ ਹੈ। ਨਹੀਂ ਪਿਆਰਿਓ ਗੁਰੂ ਸਾਹਿਬ ਸਾਰੇ ਇਕ ਜੋਤ ਸਨ ਤੇ ਉਨ੍ਹਾਂ ਬਾਕਾਇਦਾ “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥”(ਪੰਨਾ-੯੬੬) ਦੇ ਸਿਧਾਂਤ ਨੂੰ ਕਾਇਮ ਰੱਖਿਆਂ ਹੈ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ੨੩ਵੀ ਪਉੜੀ ਇਸ ਦੀ ਪ੍ਰੋੜ੍ਹਤਾ ਕਰਦੀ ਹੈ।” ਚਰਨ ਧੋਇ ਰਹਿਰਾਸਿ ਕਰਿ ਚਰਨਾਮ੍ਰਿਤ ਸਿਖਾਂ ਪਿਲਾਇਆ” ਇੱਥੇ ਚਰਨ ਦਾ ਮਤਲਬ ਗੁਰੂ ਦਾ ਸ਼ਬਦ ਹੈ। “ ਗੁਰ ਕੇ ਚਰਣ ਹਿਰਦੈ ਵਸਾਇ ॥ ਦੁਖ ਦੁਸਮਨ ਤੇਰੀ ਹਤੈ ਬਲਾਇ “( ਪੰਨਾ-੧੯੦) ਅਤੇ “ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥”( ਪੰਨਾ-੬੮੦) ਅਰਦਾਸ ਦਾ ਮਤਲਬ ਬੇਨਤੀ ਹੈ। ਚਰਨਾਮ੍ਰਿਤ ਭਾਵ ਗੁਰੂ ਨੇ ਸ਼ਬਦ ਦਾ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ। ਇਸੇ ਪਉੜੀ ਦੀ ਆਖਰੀ ਪੰਕਤੀ ਬਿਲਕੁਲ ਸਪਸ਼ਟ ਕਰ ਦਿੰਦੀ ਹੈ। “ ਕਲਿਜੁਗੁ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ “ ਭਾਵ ਗੁਰੂ ਸਾਹਿਬ ਨੇ ਜਿਸ ਸਤਿਨਾਮ ਸ਼ਬਦ ਰਾਹੀਂ ਕਲਿਜੁਗ ਨੂੰ ਤਾਰ ਦਿੱਤਾ। ਉਹੀ ਗੁਰਬਾਣੀ/ ਸ਼ਬਦ ਗੁਰੂ ਦਸਮ ਪਾਤਸ਼ਾਹ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਲਈ ਪੜ੍ਹਿਆ ਹੈ। ਦਸਮ ਪਾਤਸ਼ਾਹ ਨੇ ਤਾਂ ਗੁਰੂ ਨਾਨਕ ਸਾਹਿਬ ਦੀ ਬਾਣੀ “ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ” ( ਪੰਨਾ-੧੪੧੨) ਨੂੰ ਪ੍ਰਯੋਗਿਕ ਢੰਗ ਰਾਹੀਂ ਸਿੱਧ ਕੀਤਾ ਹੈ ਨਾ ਕਿ ਕੋਈ ਵੱਖਰੀ ਮਰਿਆਦਾ ਘੜੀ ਹੈ।
ਹਾਂ, ਗੁਰੂ ਸਾਹਿਬ ਨੇ ਜਿੱਥੇ ਪੰਚਾਂ ਨੂੰ ਸ੍ਰੇਸ਼ਟ ਬਣਾਇਆਂ ਉੱਥੇ ਉਨ੍ਹਾਂ ਦਾ ਅਧਿਕਾਰ ਖੇਤਰ ਵੀ ਤਹਿ ਕਰ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਬਿਲਕੁਲ ਬਾਹਰ ਨਹੀਂ ਜਾਣਾ। ਤਾਂ ਕਿ ਆੳਣ ਵਾਲੇ ਸਮੇਂ ਚ ਪੰਜ ਪਿਆਰੇ ਆਪਣੀ-ਆਪਣੀ ਮਰਿਆਦਾ ਨਾ ਚਲਾ ਲੈਣ। ਪਰ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਖਾਲਸਾ ਪੰਥ ਚ ਇਹ ਵਾਪਰ ਰਿਹਾ ਹੈ। ਗੁਰੂ ਸਾਹਿਬ ਨੇ ਤਾਂ ਪੰਚਾਂ ਦੀ ਚੋਣ (selection) ਸੰਗਤ ਚੋਂ ਕੀਤੀ ਸੀ ਜਦ ਕਿ ਅੱਜ ਤਕਰੀਬਨ ਹਰ ਜਥੇ ਬੰਦੀ/ ਸੰਪਰਦਾ ਇੱਥੋਂ ਤੱਕ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪੱਕੇ ਹੀ ਪੰਜ ਪਿਆਰੇ ਰੱਖੇ ਹੋਏ ਹਨ।ਸ਼ਾਇਦ ਇਸੇ ਕਰਕੇ ਇਹ ਸਭ ਕੁਝ ਵਾਪਰ ਰਿਹਾ ਹੈ। ਕਮਾਲ ਤਾਂ ਉਦੋਂ ਹੋ ਜਾਂਦੀ ਹੈ ਜਦ ਇੱਕ ਪੰਜ ਪਿਆਰਿਆ ਦਾ ਗਰੁੱਪ ਦੂਜੇ ਪੰਜ ਪਿਆਰਿਆਂ ਨੂੰ ਤਲਬ ਕਰ ਲੈਂਦੇ ਹਨ। ਸੋ ਅੱਜ ਸਮੇਂ ਦੀ ਲੋੜ ਹੈ ਪੰਚਾਂ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਲਈ ਸੰਪਰਦਾਇਕਤਾ ਤੋਂ ਉੱਪਰ ਉਠ ਕੇ ਗੁਰੂ ਦੇ ਸਿਧਾਂਤ ਨੂੰ ਸਮਝ ਕੇ ਉਸ ਉੱਪਰ ਚੱਲੀਏ ਤਾਂ ਹੀ ਅਕਾਲ ਪੁਰਖ ਕੀ ਫੌਜ ਤਿਆਰ ਹੋਵੇਗੀ ਨਹੀਂ ਤਾਂ ਜਥੇਬੰਦੀਆਂ/ ਸੰਪਰਦਾਵਾਂ ਦੀਆ ਫੌਜਾਂ ਹੀ ਤਿਆਰ ਹੋ ਰਹੀਆਂ ਹਨ ਜੋ ਆਪਸ ਵਿੱਚ ਝਗੜ ਹੀ ਨਹੀਂ ਬਲਕਿ ਇੱਕ ਦੂਜੇ ਦੇ ਖ਼ੂਨ ਕਰਨ ਤੱਕ ਪਹੁੰਚ ਗਈਆਂ ਹਨ। ਸੋ ਆਉ ਪਿਆਰਿਓ “ ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ “(ਪੰਨਾ-੧੧੫) ਦੀ ਨੀਤੀ ਤਿਆਗ ਕੇ “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ ਇਨ੍ਹ੍ਹ ਬਿਧਿ ਪਾਸਾ ਢਾਲਹੁ ਬੀਰ ॥ ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥” ਵੱਲ ਤੁਰੀਏ ਤਾਂ ਕਿ ਜੋ ਭੋਲੀ ਭਾਲੀ ਸੰਗਤ ਭੰਬਲਭੂਸੇ ਚ ਫਸੀ ਪਈ ਹੈ ਉਹ ਬਾਹਰ ਆ ਸਕੇ। ਗੁਰੂ ਸਾਹਿਬ ਮਿਹਰ ਕਰਨਗੇ।
ਭੁੱਲ ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ ਕਨੇਡਾ