ਬੈਕੁੰਠ ਹੈ ਕਹਾ
ਬੈਕੁੰਠ ਹੈ ਕਹਾ
ਜਦ ਵੀ ਕਦੀ ਸਵਰਗ/ਨਰਕ, ਬਹਿਸ਼ਤ/ਦੋਜਕ, heaven/hell ਦੀ ਚਰਚਾ ਛਿੜ ਪਏ ਤਾਂ ਹਰ ਇਨਸਾਨ ਇਕ ਦਮ ਕੰਨ ਖੜੇ ਕਰ ਲੈਦਾਂ ਹੈ ਅਤੇ ਚਰਚਾ ਚ ਸਰਗਰਮ ਹੋ ਜਾਂਦਾ ਹੈ ਹਿੰਦੂ,ਮੁਸਲਿਮ,ਇਸਾਈ ਸਭ ਆਪਣੇ ਆਪਣੇ ਢੰਗ ਨਾਲ ਆਪਣੇ ਚੇਲਿਆਂ ਨੂੰ ਮਰਨ ਤੋਂ ਬਾਅਦ ਵਾਲੇ ਨਰਕ/ਸੁਰਗ, ਦੋਜਕ/ਬਹਿਸ਼ਤ, heaven/hell ਦੇ ਚੱਕਰ ਵਿੱਚ ਫਸਾ ਕੇ ਰੱਖਦੇ ਹਨ ਅਤੇ ਕਾਮਰੇਡ ਭਾਈ ਤਾਂ ਰੱਬ ਦੀ ਹੋਂਦ ਤੋਂ ਹੀ ਮਨੁਕਰ ਹਨ ਉਨਾਂ ਲਈ ਨਰਕ/ਸੁਰਗ ਵਗੈਰਾ ਤਾਂ ਚੀਜ਼ ਹੀ ਕੀ ਹਨ। ਪਰ ਜੇ ਇੰਨਾਂ ਦੀ ਮਨ ਲਈ ਜਾਏ ਤਾਂ ਸਾਇੰਸ ਦਾ ਮੁਢਲਾ ਨਿਯਮ “energy can neither be created nor destroyed it can be transferred from one form to another form “ ਹੀ ਰੱਦ ਹੋ ਜਾਵੇਗਾ।ਕਿਉਂਕਿ ਕੁਦਰਤੀ ਸ਼ਕਤੀਆਂ ਹਵਾ, ਪਾਣੀ, ਅੱਗ ਆਦਿ ਵੀ ਤਾਂ ਕਿਸੇ ਸ਼ਕਤੀ ਤੋਂ ਪੈਦਾ ਹੋਈਆਂ ਹਨ। ਅਸਲ ਵਿੱਚ ਉਸ ਸ਼ਕਤੀ ਦਾ ਨਾਮ ਹੀ ਰੱਬ ਹੈ। ਮਰਨ ਤੋਂ ਬਾਅਦ ਵਾਲੇ ਬੈਕੁੰਠ ਬਾਰੇ ਕਬੀਰ ਸਾਹਿਬ ਕਹਿੰਦੇ ਹਨ ਸਭ ਗੱਲੀ ਬਾਤੀਂ ਹੀ ਬੈਕੁੰਠ ਦਾ ਵਿਖਿਆਨ ਕਰਦੇ ਹਨ। ਅਸਲ ਵਿੱਚ ਅੱਜ ਤੱਕ ਨਾਂ ਕਿਸੇ ਨੇ ਰੱਬ ਦਾ ਭੇਦ ਪਾਇਆ ਹੈ ਅਤੇ ਨ ਹੀ ਕਿਸੇ ਤੋਂ ਪਾਇਆ ਜਾਣਾ ਹੈ” ਤੇਰਾ ਅੰਤੁ ਨ ਜਾਈ ਲਖਿਆ ॥( ਪੰਨਾ-੪੬੯) ਰੱਬੀ ਸ੍ਰਿਸ਼ਟੀ ਦੀ ਜਦ ਵਿਗਿਆਨੀ ਖੋਜ ਕਰਦੇ ਹਨ ਤਾਂ ਉਂਨਾਂ ਨੂੰ ਹੋਰ ਅਗਾਂਹ ਕੁਝ ਖੋਜਣ ਲਈ ਮਿਲ ਜਾਂਦਾ ਹੈ। ਇਸ ਬਾਰੇ ਗੁਰੂ ਸਾਹਿਬ ਨੇ ਤਾਂ ਪਹਿਲਾ ਲਿਖ ਦਿੱਤਾ ਹੈ ਕਿ ਕਈ ਧਰਤੀਆਂ ਹਨ “ਧਰਤੀ ਹੋਰੁ ਪਰੈ ਹੋਰੁ ਹੋਰੁ ॥”(ਪੰਨਾ-੩) ਅਤੇ “ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥”(ਪੰਨਾ-੫) ਨਾਲ ਹੀ ਇਹ ਵੀ ਕਹਿ ਦਿੱਤਾ ਕਿ ਸਭ ਸੁਣ ਸੁਣ ਕੇ ਕਹੀ ਜਾਂਦੇ ਹਨ ਕਿ ਉਹ ਬਹੁਤ ਵੱਡਾ ਹੈ। ਕੀ ਕਿਸੇ ਨੇ ਵੇਖਿਆਂ ਕਿ ਉਹ ਕਿਤਨਾ ਵੱਡ ਹੈ? “ਸੁਣਿ ਵਡਾ ਆਖੈ ਸਭੁ ਕੋਇ ॥ ਕੇਵਡੁ ਵਡਾ ਡੀਠਾ ਹੋਇ” ॥(ਪੰਨਾ-੯) ਇਸੇ ਲਈ ਸ਼ਾਇਦ ਕਬੀਰ ਸਾਹਿਬ ਨੇ ਵੀ ਕਹਿ ਦਿੱਤਾ ਮੈਂ ਨਹੀਂ ਜਾਣਦਾ ਕਿ ਬੈਕੁੰਠ ਹੈ ਕਿੱਥੇ? ਨਾ ਜਾਨਾ ਬੈਕੁੰਠ ਕਹਾ ਹੀ ॥(ਪੰਨਾ-੩੨੫) ਅਤੇ ਉਨ੍ਹਾ ਨੇ ਹੀ ਅੱਗੇ ਭੈਰਉ ਰਾਗ ਵਿੱਚ ਵੀ ਇਹ ਦੁਹਰਾ ਦਿੱਤਾ।”ਨਾ ਜਾਨਉ ਬੈਕੁੰਠੁ ਹੈ ਕਹਾਂ ॥”(ਪੰਨਾ-੧੧੬੧) ਤੇ ਨਾਲ ਹੀ ਆਪਣਾ ਅਨੁਭਵ ਵੀ ਦੱਸ ਦਿੱਤਾ ਕਿ ਅਗਰ ਕਿਸੇ ਨੇ ਬੈਕੁੰਠ ਦਾ ਵਾਸੀ ਬਣਨਾ ਹੈ ਤਾਂ ਉਹ ਸੰਗਤ ਵਿੱਚ ਆ ਕੇ ਸੁਰਤਿ ਨੂੰ ਸ਼ਬਦ ਨਾਲ ਜੋੜਨਾ ਕਰ। “ਸਾਧਸੰਗਤਿ ਬੈਕੁੰਠੈ ਆਹਿ ॥” (ਪੰਨਾ-੧੧੬੧)
ਬਾਕੀ ਕਿਸੇ ਦਾ ਤਾਂ ਮੈਨੂੰ ਪਤਾ ਨਹੀਂ ਪਰ ਜੋ ਗੁਰਬਾਣੀ ਵਿੱਚੋਂ ਮੈਨੂੰ ਸਮਝ ਆਇਆ ਹੈ ਕਿ ਨਰਕ/ ਦੋਜਕ/ hell ਦਾ ਸੰਬੰਧ ਭੂਤਾਂ/ ਜਿਨ੍ਹਾਂ ਨਾਲ ਹੈ ਅਤੇ ਇਹ ਇਨਸਾਨ ਨੂੰ ਨਰਕ/ ਦੋਜਕ/ hell ਵਿੱਚ ਸਜ਼ਾ/ ਤੰਗ ਕਰਦੇ ਹਨ ਅਤੇ ਗੁਰਬਾਣੀ ਇਸ ਨੂੰ ਬਾਕਾਇਦਾ ਮਾਨਤਾ ਦਿੰਦੀ ਹੈ। ਜਦ ਗੁਰੂ ਸਾਹਿਬ ਗੁਰਬਾਣੀ ਅੰਦਰ ਇਸ ਲੋਕ ਦੀ ਗੱਲ ਕਰਦੇ ਹਨ ਤਾਂ ਕਹਿੰਦੇ ਹਨ ਜਿਸ ਘਰ ਵਿੱਚ ਗੁਰੂ ਦੀ ਸੇਵਾ ਤੇ ਪ੍ਰਭੂ ਦੀ ਪੂਜਾ ਨਹੀਂ ਉਹ ਘਰ ਮਸਾਨ ਹਨ ਅਤੇ ਉੱਥੇ ਬੰਦੇ ਨਹੀਂ ਭੂਤ ਵੱਸਦੇ ਹਨ।” ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥ ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥”(ਪੰਨਾ-੧੩੭੪) ਅਤੇ ਗੁਰੂ ਸਾਹਿਬ ਇਹ ਵੀ ਬਚਨ ਕਰਦੇ ਹਨ ਕਿ ਭਾਈ ਜਿਸ ਘਰ ਅੰਦਰ ਨਾਮ ਬਾਣੀ ਦਾ ਪਹਿਰਾ ਹੈ ਉਹੀ ਘਰ ਸੁਹਾਵਣੇ ਹਨ।”ਘਰ ਮੰਦਰ ਹਟਨਾਲੇ ਸੋਹੇ ਜਿਸੁ ਵਿਚਿ ਨਾਮੁ ਨਿਵਾਸੀ ਰਾਮ ॥”( ਪੰਨਾ-੭੮੩) ਅਤੇ ਗੁਰੂ ਸਾਹਿਬ ਇਹ ਵੀ ਫ਼ੁਰਮਾਉਂਦੇ ਹਨ ਕਿ ਕਲਯੁਗ ਅੰਦਰ ਜਿੰਨਾਂ ਦਾ ਪਹਿਰਾ ਵੀ ਚੱਲ ਰਿਹਾ ਹੈ। ਜੋ ਪੁੱਤ, ਧੀ, ਪਤੀ, ਪਤਨੀ ਨਾਮ ਤੋਂ ਸੱਖਣੇ ਹਨ ਅਤੇ ਇੱਕ ਦੂਜੇ ਨੂੰ ਤੰਗ ਕਰ ਰਹੇ ਹਨ। ਉਹ ਜਿੰਨ ਹੀ ਤਾਂ ਹਨ।” ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥ ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥”(ਪੰਨਾ-੫੫੬) ਪਰ ਜੇ ਇਹੀ ਪਰਵਾਰਿਕ ਮੈਂਬਰ ਜੇ ਗੁਰੂ ਰਾਹੀਂ ਰੱਬੀ ਭੈ ਵਿੱਚ ਹਨ ਤਾਂ ਗੁਰੂ ਇਨ੍ਹਾ ਨੂੰ ਜਿੰਨ ਤੋਂ ਮਨੁੱਖ ਹੀ ਨਹੀਂ ਬਲਕਿ ਦੇਵਤੇ ਬਣਾ ਦਿੰਦਾ ਹੈ। “ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥ {ਪੰਨਾ 462} ਉਹ ਤੇ ਫਿਰ ਆਪਣਾ ਹੀ ਨਹੀਂ ਬਲਕਿ ਪਿੱਤਰਾਂ ਦਾ ਵੀ ਉਧਾਰ ਕਰਾ ਦਿੰਦੇ ਹਨ।”ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ।”(ਪੰਨਾ-੪੯੬)
ਸੋ ਅਗਰ ਇਸ ਲੋਕ ਵਿੱਚ ਜਿੰਨਾਂ/ ਭੂਤਾਂ ਤੋਂ ਛੁਟਕਾਰਾ ਨਾਂ ਪਾ ਸਕੇ ਤਾਂ ਅੱਗੇ ਕਿਸ ਤਰਾਂ ਛੁੱਟ ਸਕਾਂ ਗੇ। ਉਹ ਭਾਵੇਂ ਲੋਕ ਹੋਵੇ ਜਾਂ ਪਰਲੋਕ। ਛੁਟਕਾਰਾ ਪਾਉਣ ਲਈ ਗੁਰੂ ਸਾਹਿਬ ਨੇ ਤਾਂ ਰਸਤਾ ਦੱਸ ਦਿੱਤਾ ਹੈ ਕਿ ਭਾਈ ਇਹੀ ਸਮਾਂ ਹੈ ਗੋਬਿੰਦ ਨੂੰ ਮਿਲਣ ਦਾ ਤੇ ਗੋਬਿੰਦ ਮਿਲ ਗਿਆ ਫਿਰ ਜਿੰਨ/ ਭੂਤ ਕੀ ਵਿਗਾੜ ਲੈਣਗੇ।”ਪਰਤਾਪੁ ਤੁਮ੍ਹਾਰਾ ਦੇਖ ਕੈ ਜਮਦੂਤ ਛਡਿ ਜਾਹਿ ॥”(ਪੰਨਾ-੮੧੧) ਅਸਲ ਵਿੱਚ ਮਨੁੱਖ ਨੂੰ ਇਹ ਜਨਮ ਮਿਲਿਆਂ ਹੀ ਗੋਬਿੰਦ ਨੂੰ ਮਿਲਣ ਲਈ ਹੈ।”ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।( ਪੰਨਾ-੧੨) ਗੁਰਸਿੱਖ ਦਾ ਟੀਚਾ ਹੀ ਇਹ ਹੈ ਜਿਸ ਤੋਂ ਵਿੱਛੜ ਕੇ ਆਇਆ ਹੈ ਉਸਦਾ ਰੂਪ ਹੋਣਾ।”ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥”(ਪੰਨਾ-੧੧੯੩) ਜੇ ਮਨ ਚ ਬੈਕੁੰਠ ਦੀ ਆਸ ਲੈ ਕੇ ਬੈਠੇ ਰਹੇ ਤਾਂ ਗੁਰੂ ਦੇ ਚਰਨਾਂ ਚ ਨਿਵਾਸ ਹੋ ਹੀ ਨਹੀਂ ਸਕਦਾ।”ਜਬ ਲਗੁ ਮਨ ਬੈਕੁੰਠ ਕੀ ਆਸ ॥ ਤਬ ਲਗੁ ਨਾਹੀ ਚਰਨ ਨਿਵਾਸ ॥”(ਪੰਨਾ-੧੧੬੧) ਜੇ ਗੁਰੂ ਚਰਨਾ ਨਾਲ ਨਹੀਂ ਜੁੜੇ ਤਾਂ ਨਿੱਜ ਘਰ ਕਿਵੇਂ ਪਹੁੰਚਣਾ ਹੈ? ਰੱਬ ਤਾਂ ਜੀਵ ਦੇ ਅੰਦਰ ਹੈ।”ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ {ਪੰਨਾ 1378} ਸੋ ਜਿਸ ਵਣਜ ਲਈ ਮਨੁੱਖਾ ਜਨਮ ਮਿਲਿਆ ਹੈ ਉਹ ਵਣਜ ਕਰਨਾ ਤਾਂ ਬਣਦਾ ਹੀ ਹੈ ਨਾਂ? ਜਿਸ ਨੂ ਇਹ ਸਮਝ ਆ ਗਈ ਉਸ ਨੇ ਹੀ ਗੁਰੂ ਨੂੰ ਸਮਰਪਣ ਕਰਨਾ ਹੈ ਅਤੇ ਉਸੇ ਦੇ ਅੰਦਰੋ ਹੀ ਪਰਮਾਤਮਾ ਦੇ ਦਰਸ਼ਨ ਹੋਣ ਸਦਕਾ ਜਨਮ ਮਰਨ ਦਾ ਭਉ ਮਿਟਣਾ ਹੈ ।”ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥”(ਪੰਨਾ-੧੩) ਜਦ ਰੱਬੀ ਮਿਲਾਪ ਹੋ ਗਿਆ ਤਾਂ “ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ।( ਪੰਨਾ-੧੪੨੭) ਵਾਲਾ ਸਫਰ ਤਹਿ ਹੋ ਗਿਆ।
ਗੁਰੂ ਸਾਹਿਬ ਨੇ ਨਿੱਜ ਘਰ ਪਹੁੰਚਣ ਦਾ ਬੜਾ ਹੀ ਸਿੱਧਾ ਰੱਸਤਾ ਦੱਸਿਆ ਹੈ ਜਿਸ ਰਸਤੇ ਵਿੱਚ ਕੋਈ ਨਰਕ ਸੁਰਗ ਆਉਂਦਾ ਹੀ ਨਹੀਂ। ਤਾਹੀ ਗੁਰੂ ਸਾਹਿਬ ਫ਼ੁਰਮਾਉਂਦੇ ਹਨ ਜਿਸ ਨੂੰ ਪ੍ਰੀਤਮ ਦੇ ਦਰਸ਼ਨਾਂ ਦੀ ਭੁੱਖ ਲੱਗ ਗਈ ਉਹ ਮੁਕਤੀ ਅਤੇ ਬੈਕੁੰਠ ਨੂੰ ਕੀ ਸਮਝਦਾ ਹੈ।”ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥”(ਪੰਨਾ-੩੬੦) ਬਲਕਿ ਜੋ ਇੱਥੇ ਨਰਕਾਂ ਦੀ ਜ਼ਿੰਦਗੀ ਜੀਉ ਰਹੇ ਹਨ ਅਗਰ ਉਨ੍ਹਾਂ ਅੰਦਰ ਪ੍ਰਭੂ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਵੇ ਤਾਂ ਗੁਰੂ ਉਸਨੂੰ ਵੀ ਨਰਕ ਚੋ ਧੂਹ ਕੇ ਬਾਹਰ ਕੱਢ ਲੈਂਦੇ ਹਨ।”ਦਰਸ ਪਿਆਸ ਮੇਰਾ ਮਨੁ ਮੋਹਿਓ ਕਾਢੀ ਨਰਕ ਤੇ ਧੂਹ ॥”(ਪੰਨਾ-੧੨੨੭) ਤਾਹੀਂ ਕਬੀਰ ਸਾਹਿਬ ਫ਼ੁਰਮਾਉਂਦੇ ਹਨ ਕਿ ਮੈਂ ਸਦਾ ਸਤਿਗੁਰਾਂ ਦੇ ਸੋਹਣੇ ਚਰਨਾਂ ਦੀ ਯਾਦ ਵਿੱਚ ਰਹਿਣ ਕਰਕੇ ਆਪਣੇ ਗੁਰੂ ਦੀ ਕਿਰਪਾ ਸਦਕਾ ਸੁਰਗ ਦੀ ਲਾਲਸਾ ਅਤੇ ਨਰਕ ਦੇ ਡਰ ਤੋਂ ਬਚ ਗਿਆ ਹਾਂ।”ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥ ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥”(ਪੰਨਾ-੧੩੭੦)
ਸੋ ਆਉ ਪਿਆਰਿਓ ਆਪਾਂ ਵੀ ਸੁਰਗ ਦੀ ਲਾਲਸਾ ਅਤੇ ਨਰਕ ਦੇ ਡਰ ਨੂੰ ਪਾਸੇ ਕਰਦੇ ਹੋਏ ਨਿਮਰਤਾ ਸਾਹਿਤ ਗੁਰੂ ਅੱਗੇ ਜੋਦੜੀ ਕਰੀਏ ਕਿ ਸੱਚੇ ਪਾਤਸ਼ਾਹ ਆਪਣੀ ਸੰਗਤ ਦੀ ਚਰਨ ਧੂੜ ਬਖ਼ਸ਼ਸ਼ ਕਰਨ ਦੀ ਕ੍ਰਿਪਾਲਤਾ ਕਰੋ ਜੀ। ਜਦ ਗੁਰੂ ਨੇ ਸਾਡੇ ਤੇ ਤਰਸ ਖਾ ਕੇ ਸਾਨੂੰ ਨਿੱਜ ਘਰ ਦਾ ਰਸਤਾ ਦੱਸ ਦਿੱਤਾ ਤਾਂ ਸਾਨੂੰ ਸਮਝ ਆ ਜਾਵੇਗੀ ਕਿ ਰੱਬ ਤਾਂ ਹਰੇਕ ਜੀਵ ਅੰਦਰ ਵੱਸਦਾ ਹੈ ਫਿਰ ਸਾਡੇ ਅੰਦਰ ਹਰੇਕ ਲਈ ਨਫ਼ਰਤ ਦੀ ਜਗ੍ਹਾ ਪਿਆਰ ਲੈ ਲਵੇਗਾ।”ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥ {ਪੰਨਾ 1427} ਤਾਂ ਤੇ ਆਪਾ ਬੇਗਮ ਪੁਰੇ ਦੇ ਵਾਸੀ ਹੋ ਜਾਵਾਂਗੇ ਤੇ ਗੁਰੂ ਦੇ ਦਿੱਤੇ ਨਾਮ ਸਦਕਾ ਤਪਦੇ ਹਿਰਦੇ ਸ਼ਾਤ ਹੋ ਜਾਣਗੇ।”ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥”(ਪੰਨਾ-੧੦੦੨) ਫਿਰ ਰੱਬ ਜੀ ਨੇ ਜੋ ਆਵਣ ਜਾਣ ਦੀ ਖੇਡ ਰਚੀ ਹੈ ਉਹ ਖੇਡਣੀ ਆ ਜਾਵੇ ਗੀ।”ਆਵਨ ਜਾਨੁ ਇਕੁ ਖੇਲੁ ਬਨਾਇਆ ॥ ਆਗਿਆਕਾਰੀ ਕੀਨੀ ਮਾਇਆ ॥”(ਪੰਨਾ-੨੯੪) ਜਿਸ ਸਦਕਾ ਇਸ ਲੋਕ ਵਿੱਚ ਹੀ ਗੁਰੂ ਤੋਂ ਅਨੰਦ ਦੀ ਪ੍ਰਾਪਤੀ ਹੋ ਜਾਵੇਗੀ। ਜਿਸ ਨੂੰ ਇਸ ਲੋਕ ਚ ਅਨੰਦ ਮਿਲ ਗਿਆ ਫਿਰ ਉਸਨੂੰ ਪਰਲੋਕ ਦੀ ਚਿੰਤਾ ਕਿਉਂ ਹੋਵੇਗੀ। ਜਿਸ ਗੁਰੂ ਨੇ ਲੋਕ ਸੰਵਾਰ ਿਦੱਤੇ ਉਹ ਪਰਲੋਕ ਵੀ ਜ਼ਰੂਰ ਸੰਵਾਰੇਗਾ।
ਭੁੱਲ ਚੁੱਕ ਲਈ ਮੁਆਫ਼ੀ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।
One Comment
jasbir singh mehta
Excellent post, Waheguru chardikal bakshde rehin ji