Gurmat vichaar

ਨ ਹਮ ਹਿੰਦੂ ਨ ਮੁਸਲਮਾਨ

 

ਜਦੋਂ ਗੁਰੂ ਨਾਨਕ ਦੇਵ ਜੀ ਵੇਈਂਂ ਨਦੀ ਤੋਂ ਬਾਹਰ ਆ ਕੇ ਤੀਜੇ ਦਿਨ ਸੰਗਤਾਂ ਨੂੰ ਦਰਸ਼ਨ ਦੇਂਦੇ ਹਨ ਤਾਂ ਉਸ ਸਮੇਂ ਉਨ੍ਹਾ ਇਕ ਨਾਹਰਾ ਦਿੱਤਾ ਸੀ “ਨ ਕੋ ਹਿੰਦੂ ਨ ਮੁਸਲਮਾਨ” ਭਾਵ ਜੋ ਗੁਣ ਇੱਕ ਸੱਚੇ ਹਿੰਦੂ ਜਾ ਮੁਸਲਮਾਨ ਵਿੱਚ ਹੋਣੇ ਚਾਹੀਦੇ ਹਨ ਉਹ ਖੰਭ ਲਾ ਕੇ ਉਡ ਗਏ ਹਨ। ਮੁਸਲਮਾਨ ਅੰਦਰੋਂ ਸੱਚ, ਇਮਾਨਦਾਰੀ, ਲੋੜਵੰਦ ਲਈ ਖ਼ੈਰ, ਸਾਫ਼ ਨੀਅਤ ਅਤੇ ਪਰਮਾਤਮਾ ਦੀ ਸਿਫ਼ਤ ਸਲਾਹ ਅਤੇ ਹਿੰਦੂ ਅੰਦਰੋਂ ਦਇਆ, ਸੰਤੋਖ, ਜਤ, ਸਤ ਗਾਇਬ ਹੋ ਚੁੱਕੇ ਹਨ। ਜੇ ਇਹੀ ਗੁਣ ਸਿੱਖ ਅੰਦਰੋਂ ਵੀ ਗਾਇਬ ਹੋ ਜਾਣ ਤਾਂ ਕੀ ਆਪਾ ਉਸ ਨੂੰ ਸਿੱਖ ਕਹਿ ਸਕਾਂਗੇ ??
ਇਹ ਅਸੂਲ ਦੀ ਗੱਲ ਹੈ ਕਿ ਕਿਸੇ ਬਾਰੇ ਇਹ ਪਤਾ ਲੱਗ ਜਾਵੇ ਕਿ ਇਹ ਅਮੋਲਕ ਹੈ ਤਾਂ ਹਰ ਕੋਈ ਉਸ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਤੇ ਵੀ ਹਰ ਕੋਈ ਕਬਜ਼ਾ ਹੀ ਤਾਂ ਕਰਨਾ ਚਾਹੁੰਦਾ ਹੈ ਇਸੇ ਲਈ ਹਿੰਦੂ ਮੁਸਲਿਮ ਸਿੱਖ ਸਾਰੇ ਕਹਿੰਦੇ ਹਨ ਗੁਰੂ ਨਾਨਕ ਸਾਡਾ ਹੈ ਪਰ ਗੁਰੂ ਨਾਨਕ ਤਾਂ ਇੱਕ ਸੋਚ ਹੈ ਜਿਸ ਨੂੰ ਕੋਈ ਵੀ ਅਪਨਾਉਣਾ ਨਹੀਂ ਚਾਹੁੰਦਾ। ਗੁਰੂ ਜੀ ਨੇ ਜਦ ਦੇਖਿਆ ਕਿ ਇਹ ਧਰਮ ਦੇ ਠੇਕੇਦਾਰ ਭੋਲੀ ਭਾਲੀ ਜਨਤਾ ਨੂੰ ਧਰਮ ਦੇ ਨਾਂ ਹੇਠ ਲੁੱਟ ਰਹੇ ਹਨ ਤਾਂ ਗੁਰੂ ਜੀ ਨੇ ਦੱਸਿਆ ” ਕਾਦੀ ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣ ਨਾਵੈ ਜੀਆ ਘਾਇ।। ਜੋਗੀ ਜੁਗਤਿ ਨ ਜਾਣੈ ਅੰਧੁ।। ਤੀਨੇ ਉਜਾੜੇ ਕਾ ਬੰਧੁ।।” ਇਸ ਤਰਾਂ ਗੁਰੂ ਜੀ ਨੇ ਇਨ੍ਹਾ ਦੇ ਧਾਰਮਿਕ ਕਰਮ ਕਾਂਡਾਂ ਨੂੰ ਜਨਤਾ ਵਿੱਚ ਨੰਗਾ ਕੀਤਾ। ਹੁਣ ਜਦ ਇਨ੍ਹਾ ਦੇ ਪੇਟ ਤੇ ਲੱਤ ਵੱਜੀ ਫਿਰ ਇਹ ਕਿਵੇਂ ਚੁੱਪ ਰਹਿ ਸਕਦੇ ਹਨ? ਸੋ ਇਨ੍ਹਾ ਵੀ ਅਪਣੀਆ ਵਿਉਤਾ ਗੁੰਦਣੀਆ ਸ਼ੁਰੂ ਕਰ ਦਿੱਤੀਆਂ ਜੋ ਅੱਜ ਵੀ ਜਾਰੀ ਹਨ ਤੇ ਅੱਗੋਂ ਵੀ ਜਾਰੀ ਰਹਿਣ ਗੀਆ। ਇਨ੍ਹਾ ਧਰਮ ਦੇ ਠੇਕੇਦਾਰਾਂ ਦਾ ਗੁਰੂ ਨਾਨਕ ਸਾਹਿਬ ਦੀ ਸੋਚ ਅੱਗੇ ਟਿਕਣਾ ਔਖਾ ਹੋ ਗਿਆ ਕਿਉਕਿ ਇਹ ਜਾਣ ਚੁੱਕੇ ਸਨ ਕਿ ਗੁਰੂ ਨਾਨਕ ਅਮੋਲਕ ਹਨ ਸੋ ਇਨ੍ਹਾ ਗੁਰੂ ਨਾਨਕ ਤੇ ਕਬਜ਼ਾ ਕਰਨ ਦੀਆ ਗੱਲਾਂ ਆਰੰਭ ਕਰ ਦਿੱਤੀਆ। ਹਿੰਦੂ ਅਤੇ ਮੁਸਲਮਾਨ ਦੋਨੋ ਕਹਿਣ ਲੱਗੇ ਅਤੇ ਕਹਿ ਰਹੇ ਹਨ ਗੁਰੂ ਨਾਨਕ ਜੀ ਸਾਡੇ ਹਨ। ਇਸੇ ਲਈ ਹਿੰਦੂ ਕਹਿੰਦੇ ਹਨ ਸਿੱਖ ਕੇਸਾਧਾਰੀ ਹਿੰਦੂ ਹਨ ਅਤੇ ਇਹ ਸਾਬਤ ਵੀ ਹੋ ਰਿਹਾ ਹੈ ਕਿਉਕਿ ਸਿੱਖ ਕੇਵਲ ਇੱਕ ਖ਼ਾਸ ਪਹਿਰਾਵੇ ਦਾ ਨਾਂ ਤਾਂ ਨਹੀਂ ਹੈ।
ਕਿੳਕਿ ਸਿੱਖ “ਸਬਦੁ ਗੁਰੂ ਸੁਰਤਿ ਧੁਨਿ ਚੇਲਾ” ਦੇ ਸਿਧਾਂਤ ਦਾ ਪੁਜਾਰੀ ਹੈ ਸੋ ਸਿੱਖ ਤਾਂ ਸੋਚ ਹੈ ਜੋ ਗੁਰੂ ਜੀ ਦੀ ਸੋਚ ਅਪਣਾਉਦਾ ਹੈ ਉਹੀ ਸਿੱਖ ਹੈ। “ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ।। ਆਪਣੇ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ।।” ਸੋ ਜੇ ਆਪਾ ਗੁਰੂ ਦਾ ਬਾਣਾ ਪਾਕੇ ਰਹਿਣੀ ਬਹਿਣੀ ਬਾਕੀਆ ਵਾਲੀ ਹੀ ਰੱਖੀ ਤਾਂ ਫਿਰ ਆਪਾ ਕੇਸਾਧਾਰੀ ਹਿੰਦੂ ਹੀ ਤਾਂ ਹਾਂ। ਰਹਿਤਨਾਮੇ ਵਿੱਚ ਆਉਦਾ ਹੈ ‘ ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ਼ ਦਿਊ ਮੈਂ ਸਾਰਾ । ਜਬ ਇਹ ਗਹੈ ਬਿਪਰਨ ਕੀ ਰੀਤ ਮੈਂ ਨ ਕਰੂੰ ਇਨ ਕੀ ਪ੍ਰਤੀਤ।’ ਜਦ ਗੁਰੂ ਨੇ ਸਾਡੀ ਪਰਤੀਤ ਹੀ ਨਾਂ ਕੀਤੀ ਫਿਰ ਆਪਾ ਸਿੱਖ ਕਿਸਦੇ ਹੋਏ। ਨਿਆਰੇ ਤੋਂ ਭਾਵ ਰਹਿਣ- ਬਹਿਣ, ਬੋਲ- ਚਾਲ, ਖਾਣ- ਪੀਣ, ਉਠਣ- ਬੈਠਣ, ਸੋਚ ਪਹਿਰਾਵਾ ਆਦਿ ਸਭ ਕੁਝ ਵਿਲੱਖਣ। ਜੇ ਆਪਾ ਵਿਆਹ, ਸ਼ਾਦੀਆ, ਜਨਮ, ਮਰਣ ਸਭ ਕਿਰਿਆਵਾ ਬ੍ਰਾਹਮਣ ਵਾਂਗ ਹੀ ਕਰ ਰਹੇ ਹਾਂ ਫਿਰ ਆਪਾ ਗੁਰੂ ਦੇ ਸਿੱਖ ਕਿਸ ਤਰਾਂ ਬਣ ਗਏ।
ਬ੍ਰਾਹਮਣ ਦੀ ਹਰ ਕੋਸ਼ਿਸ਼ ਰਹੀ ਹੈ ਕਿ ਸਿਖਾ ਵਿੱਚ ਮਿਲਗੋਭਾ ਕੀਤਾ ਜਾਵੇ ਅਤੇ ਇਸ ਨੂੰ ਸਮਝ ਵੀ ਨ ਲੱਗੇ। ਇਸੇ ਸਾਜਿਸ਼ ਅਧੀਨ ਸਾਨੂੰ ਸਕੂਲਾਂ ਵਿੱਚ ਪੜਾਇਆ ਗਿਆ ਕਿ ਗੁਰੂ ਨਾਨਕ ਸਾਹਿਬ ਸਮੇਤ ਸਰੀਰ ਸੱਚ-ਖੰਡ ਗਏ ਅਤੇ ਉਨਾਂ ਪਿੱਛੇ ਜੋ ਚਾਦਰ ਰਹਿ ਗਈ ਉਹ ਹਿੰਦੂ ਅਤੇ ਮੁਸਲਮਾਨਾ ਨੇ ਅੱਧੀ ਅੱਧੀ ਵੰਡ ਲਈ। ਹਿੰਦੂਆਂ ਨੇ ਸਾੜੀ ਅਤੇ ਮੁਸਲਮਾਨਾ ਨੇ ਦੱਬੀ। ਮੈਂ ਇਹ ਗੱਲ ਬਿਲਕੁਲ ਮੰਨਣ ਲਈ ਤਿਆਰ ਹਾਂ ਕਿ ਗੁਰੂ ਜੀ ਕੁਝ ਵੀ ਕਰ ਸਕਦੇ ਹਨ ਕਉਕਿ ਉਹ ” ਆਪ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਯਉ” ਦੇ ਫੁਰਮਾਨ ਮੁਤਾਬਿਕ ਰੱਬ ਸਨ ਅਤੇ ਰੱਬ ਕੁਝ ਵੀ ਕਰ ਸਕਦਾ ਹੈ ਪਰ ਸੋਚੋ ਕਿ ਗੁਰੂ ਸਾਹਿਬ ਸਣੇ ਸਰੀਰ ਕਿਵੇਂ ਜਾ ਸਕਦੇ ਹਨ ਜਦ ਕਿ ਉਹਨਾ ਆਪ ਹੀ ਫੁਰਮਾਇਆ ਹੈ ” ਸਚ ਖੰਡਿ ਵਸੈ ਨਿਰੰਕਾਰੁ” ਜੇ ਰੱਬ ਵੀ ਕਿਸੇ ਅਕਾਰ ਕਰਕੇ ਸੱਚ ਖੰਡ ਵਿੱਚ ਨਹੀਂ ਰਹਿ ਸਕਦਾ। ਉਥੇ ਕੇਵਲ ਨਿਰ- ਅਕਾਰ ਹੀ ਰਹਿ ਸਕਦਾ ਹੈ ਫਿਰ ਗੁਰੂ ਜੀ ਅਪਣੇ ਬਣਾਏ ਸਿਧਾਂਤ ਨੂੰ ਕਿਉ ਤੋੜਣਗੇ ?? ਦੂਜਾ ” ਪੰਚ ਤੰਤੁ ਕਰਿ ਪੁਤਰਾ ਕੀਨਾ” ਅਤੇ ” ਪਵਨੈ ਮਹਿ ਪਵਨੁ ਸਮਾਇਆ ।। ਜੋਤੀ ਮਹਿ ਜੋਤਿ ਰਲਿ ਜਾਇਆ।। ਮਾਟੀ ਮਾਟੀ ਹੋਈ ਏਕ।।” ਦੇ ਸਿਧਾਂਤ ਤੋ ਕਿਵੇਂ ਲਾਂਭੇ ਜਾ ਸਕਦੇ ਹਨ। ਇਹ ਸਰੀਰ ਜੋ ਪੰਜ ਤੱਤਾ ਤੋਂ ਬਣਿਆਂ ਹੈ ਅਤੇ ਸਾਰੇ ਤੱਤ ਫਿਰ ਅਪਣੇ ਮੂਲ ਤੱਤਾ ਵਿੱਚ ਸਮਾਅ ਜਾਂਦੇ ਹਨ ਫਿਰ ਬਾਕੀ ਕੀ ਰਹਿ ਜਾਂਦਾ ਹੈ। ਸੋ ਗੁਰੂ ਸਾਹਿਬ ਅਪਣੇ ਸਿਧਾਂਤ ਨੂੰ ਕਿਵੇਂ ਕੱਟ ਸਕਦੇ ਹਨ?? ਨਹੀਂ ਕੱਟਣਗੇ।
ਕੀ ਇਹ ਇਸ ਤਰਾਂ ਨਹੀਂ ਲੱਗਦਾ ਜਿਵੇਂ ਸਿੱਖ ਇੱਕ ਵੱਖਰੀ ਕੌਮ ਦਾ ਜੰਮਦਿਆਂ ਹੀ ਗਲਾ ਘੁਟਣ ਦੀ ਕੋਸ਼ਿ਼ਸ਼ ਕੀਤੀ ਗਈ ਹੋਵੇ। ਗੁਰੂ ਸਾਹਿਬ ਤਾਂ ਕਹਿ ਰਹੇ ਹਨ ‘ ਨਾ ਕੋ ਹਿੰਦੂ ਨਾ ਮੁਸਲਮਾਨ’ ਫਿਰ ਇਹ ਦੋਨੋ ਚਾਦਰ ਦੀ ਵੰਡ ਪਾਉਣ ਵਾਲੇ ਸ਼ਗਿਰਦ ਕਿੱਥੋਂ ਪੈਦਾ ਹੋ ਗਏ। ਬੜੀ ਸੋਚੀ ਸਮਝੀ ਸਾਜਿਸ਼ ਕਿ ਸਿੱਖ ਕੋਈ ਵੱਖਰੀ ਕੌਮ ਨਹੀਂ, ਸਾਹਮਣੇ ਆ ਗਈ। ਕੀ ਗੁਰੂ ਜੀ ਦੇ ਸ਼ਗਿਰਦ ਹਿੰਦੂ ਜਾ ਮੁਸਲਮਾਨ ਹੀ ਸਨ?? ਕੀ ਉਸ ਚਾਦਰ ਉਪਰ ਗੁਰੂ ਅੰਗਦ ਸਾਹਿਬ, ਸਿੱਖ ਬਾਬਾ ਬੁੱਢਾ ਜੀ ਵਰਗੇ ਜਾ ਗੁਰੂ ਪੁੱਤਰਾਂ ਦਾ ਕੋਈ ਹੱਕ ਨਹੀਂ ਸੀ?? ਸਿਰਫ ਹਿੰਦੂ ਅਤੇ ਮੁਸਲਮਾਨਾ ਦਾ ਹੀ ਹੱਕ ਕਿਉ?? ਖਾਲਸਾ ਜੀ ਬ੍ਰਾਹਮਣੀ ਚਾਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਗੁਰੂ ਅਰਜਨ ਦੇਵ ਜੀ ਨੇ ਭੈਰਉ ਰਾਗ ਅੰਦਰ ਕਿਤਨਾ ਸਪੱਸ਼ਟ ਕੀਤਾ ਹੈ ” ਨ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ।। ਹਜ ਕਾਬੈ ਜਾਉ ਨ ਤੀਰਥ ਪੂਜਾ।। ਏਕੋ ਸੇਵਾ ਅਵਰੁ ਨ ਦੂਜਾ।। ਪੂਜਾ ਕਰਉ ਨ ਨਿਵਾਜੁ ਗੁਜਾਰਉ।। ਏਕ ਨਿਰੰਕਾਰ ਲੇ ਰਿਦੈ ਨਮਸਕਾਰਉ।। ਵਰਤ ਨ ਰਹਉ ਨ ਮਹ ਮਰਦਾਨਾ।। ਤਿਸੁ ਸੇਵੀ ਜੋ ਰਖੈ ਨਿਦਾਨਾ।।ਏਕ ਗੁਸਾਈ ਅਲਹੁ ਮੇਰਾ।। ਹਿੰਦੂ ਤੁਰਕ ਦੁਹਾ ਨਬੇਰਾ।।” ਹੋਰ ਗੁਰਬਾਣੀ ਅੰਦਰ ਬੇਅੰਤ ਪ੍ਰਮਾਣ ਮਿਲ ਜਾਣਗੇ।” ਹਿੰਦੂ ਅੰਨਾਂ ਤੁਰਕੂ ਕਾਣਾ।। ਦੁਹਾ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਣੁ ਮਸੀਤਿ।। ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ।। ਸੋ ਲੇਖ ਨੂੰ ਇੱਥੇ ਹੀ ਸੰਕੋਚਦਾ ਹੋਇਆ ਬੰਦ ਕਰਦਾ ਹਾਂ । ਨ ਹਮ ਹਿੰਦੂ ਨ ਮੁਸਲਮਾਨ ਭਾਵ ਅਸੀਂ ਰੱਬ ਦੇ ਬੰਦੇ ਹਾਂ । ਸੋ ਰੱਬੀ ਗੁਣ ਅਖਤਿਆਰ ਕਰਨੇ ਹਨ। ਭੁੱਲ ਚੁੱਕ ਦੀ ਮੁਆਫੀ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ

ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕੈਨੇਡਾ

Leave a Reply

Your email address will not be published. Required fields are marked *