ਨਾਨਕ ਦੁਨੀਆ ਕੈਸੀ ਹੋਈ
ਗੁਰੂ ਸਾਹਿਬ ਜਦ ਸੰਸਾਰ ਦੀ ਹਾਲਤ ਦੇਖਦੇ ਹਨ ਤਾਂ ਉਹ ਕਹਿ ਉਠੇ ਦੁਨੀਆ ਕਿਸ ਤਰਾਂ ਦੀ ਹੋ ਗਈ ਹੈ? ਕੋਈ ਸਾਕ-ਮਿੱਤਰ ਰਹਿ ਹੀ ਨਹੀਂ ਗਿਆ। ਭਰਾਵਾਂ, ਦੋਸਤਾਂ ਦਾ ਕੋਈ ਪਿਆਰ ਨਜ਼ਰ ਨਹੀਂ ਆ ਰਿਹਾ ਇੱਥੋਂ ਤੱਕ ਦੁਨੀਆਦਾਰੀ ਵਿੱਚ ਪੈ ਕੇ ਦੀਨ- ਧਰਮ ਵੀ ਗੁਆ ਲਿਆ ਹੈ। “ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥੫॥ {ਪੰਨਾ 1410}”ਜਦ ਕਿ ਪਰਮਾਤਮਾ ਨੇ ਇਹ ਸੰਸਾਰ ਖੇਡਣ ਲਈ ਬਣਾਇਆ ਹੈ ਕਿ ਇਨਸਾਨ ਇਸ ਅੰਦਰ ਆ ਕੇ ਬੋਰ ਨ ਹੋਵੇ ਅਤੇ ਰੱਬੀ ਰਜਾ ਅੰਦਰ ਰਹਿ ਕੇ ਜ਼ਿੰਦਗੀ ਦਾ ਲੁਤਫ਼ ਲੈ ਸਕੇ। “ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥ {ਪੰਨਾ 1403}” ਅੱਜ ਤਾਂ ਖੇਡ ਦੇ ਮੈਦਾਨ ਵੀ ਰਣ ਭੂਮੀ ਬਣ ਗਈ ਹੈ। ਖੇਡ ਖੇਡੀ ਜਾਂਦੀ ਹੈ ਆਨੰਦ ਮਾਣਨ ਲਈ ਅਤੇ ਉਸਦੇ ਬਾਕਾਇਦਾ ਨਿਯਮ ਮਿਥੇ ਜਾਂਦੇ ਹਨ ਅਤੇ ਜੰਗਾਂ ਜਿੱਤਣ ਲਈ ਲੜੀਆਂ ਜਾਂਦੀਆਂ ਹਨ ਤੇ ਉਸ ਦੇ ਕੋਈ ਨਿਯਮ ਨਹੀਂ ਹੁੰਦੇ। ਅੱਜ ਖੇਡਾਂ ਜਿੱਤਣ ਦੇ ਹਿਸਾਬ ਨਾਲ ਖੇਡੀਆਂ ਜਾਂਦੀਆਂ ਹਨ ਤਾਂ ਹੀ ਖਿਡਾਰੀ ਜਾਣ- ਬੁੱਝ ਕੇ ਵੀ ਗਲਤ ਖੇਡਦੇ ਹਨ। ਜੇ ਟੀਮ ਜਿੱਤ ਗਈ ਤਾਂ ਖ਼ੂਬ ਸੁਆਗਤ ਤੇ ਜੇ ਹਾਰ ਗਈ ਤਾਂ ਤੁਏ-ਤੁਏ। ਖੇਡਣ ਨਾਲ ਤਾਂ ਭਾਈਚਾਰਿਕ ਸਾਂਝ ਪੈਣੀ ਚਾਹੀਦੀ ਸੀ। ਇਹ ਸਭ ਕਿਉ ਹੋ ਰਿਹਾ ਹੈ?? ਆਉ ਸਮਝਣ ਦੀ ਕੋਸ਼ਿਸ਼ ਕਰੀਏ??ਇਹ ਧਰਤੀ ਪਰਮਾਤਮਾ ਨੇ ਬਣਾਈ ਹੈ ਕਿ ਇਨਸਾਨ ਰੱਬੀ ਨਿਯਮ ਵਿੱਚ ਰਹਿ ਕੇ ਮੌਜਾਂ ਮਾਣ ਸਕੇ ਪਰ ਇਸ ਉਤੇ ਤਸਕਰਾਂ ਨੇ ਕਬਜ਼ਾ ਕਰ ਲਿਆ। “ਸਲੋਕ ਮਹਲਾ ੫ ॥ ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ” ॥ {ਪੰਨਾ 965} ਜਦ ਤਸਕਰਾਂ ਦਾ ਕਬਜ਼ਾ ਹੋ ਗਿਆ ਤਾਂ ਝਗੜੇ ਹੋਣੇ ਮਾਮੂਲੀ ਗੱਲ ਹੈ। ਇਸ ਨੂੰ ਘਟਾਉਣ ਲਈ ਉਨ੍ਹਾਂ ਸਮਝੌਤੇ ਤਹਿਤ ਵੰਡੀਆਂ ਪਾ ਲਈਆਂ। ਧਰਤੀ ਨੂੰ ਮਹਾਂਦੀਪਾਂ, ਦੇਸ਼ਾਂ, ਪ੍ਰਾਂਤਾਂ, ਹਲਕਿਆਂ, ਪਿੰਡਾਂ/ ਸ਼ਹਿਰਾਂ, ਮੁਹੱਲਿਆਂ ਅਤੇ ਘਰਾਂ ਵਿੱਚ ਵੰਡ ਲਿਆ। ਇਥੇ ਹੀ ਬੱਸ ਨਹੀਂ ਘਰ ਚ ਰਹਿ ਰਹੇ ਜੀਆਂ ਨੇ ਕਮਰੇ ਵੰਡ ਲਏ। ਪਰਵਾਰਿਕ ਜੀਅ ਵੀ ਇੱਕ ਦੂਜੇ ਦੇ ਕਮਰੇ ਵਿੱਚ ਬਿਨਾ ਪੁੱਛੇ ਨਹੀਂ ਜਾ ਸਕਦਾ। ਇੱਥੇ ਵੀ ਬੱਸ ਨਹੀਂ ਹੁੰਦੀ ਸਗੋਂ ਮਨੁੱਖ ਦਾ ਮਨ ਵੀ ਵੰਡਿਆਂ ਪਿਆਂ ਹੈ। ਮਨ ਦੁਬਿਧਾ ਵਿੱਚ ਫਸਿਆ ਹੋਣ ਕਰਕੇ ਇਨਸਾਨ “ਸਲਾਮੁ ਜੁਬਾਬ ਦੋਵੇਂ ਕਰੈ”(ਪੰਨਾ-੪੭੪) ਦੀ ਨੀਤੀ ਅਪਣਾਉਂਦਾ ਹੋਇਆਂ ਗੁਰੂ ਨੂੰ ਮੱਥੇ ਵੀ ਟੇਕੀ ਜਾਂਦਾ ਹੈ ਅਤੇ ਸਭ ਕੁਝ ਜਾਣਨ ਦੇ ਬਾਵਜੂਦ ਗੁਨਾਹ ਵੀ ਕਰੀ ਜਾਂਦਾ ਹੈ।”ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥ {ਪੰਨਾ 1376)” ਇਸੇ ਦੇ ਫਲ ਸਰੂਪ ਹੀ ਉਦਾਸੀ(depression), blood pressure, ਅਤੇ ਸ਼ੱਕਰ ਰੋਗ ਆਦਿ ਦਾ ਮਰੀਜ਼ ਬਣ ਜਾਂਦਾ ਹੈ ਜੋ ਇਸ ਦੀ ਖ਼ੁਆਰੀ ਦੇ ਕਾਰਣ ਬਣਦੇ ਹਨ ਪਰ ਜਿਸਨੇ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦਿੱਤਾ ਭਾਵ ਗੁਰੂ ਦੀ ਮਤਿ ਅਪਣਾ ਲਈ ਉਸਦੀ ਦੁਬਿਧਾ ਗੁਰੂ ਨੇ ਦੂਰ ਕਰ ਦਿੱਤੀ।” ਗਉੜੀ ਮਹਲਾ ੫ ॥ ਜੋ ਇਸੁ ਮਾਰੇ ਸੋਈ ਸੂਰਾ ॥ ਜੋ ਇਸੁ ਮਾਰੇ ਸੋਈ ਪੂਰਾ ॥ ਜੋ ਇਸੁ ਮਾਰੇ ਤਿਸਹਿ ਵਡਿਆਈ ॥ ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥ ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥ ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥ ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥ ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥ ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ॥ ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥ ਜੋ ਇਸੁ ਮਾਰੇ ਸੋ ਧਨਵੰਤਾ ॥ ਜੋ ਇਸੁ ਮਾਰੇ ਸੋ ਪਤਿਵੰਤਾ ॥ ਜੋ ਇਸੁ ਮਾਰੇ ਸੋਈ ਜਤੀ ॥ ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥ ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥ ਜੋ ਇਸੁ ਮਾਰੇ ਸੁ ਨਿਹਚਲੁ ਧਨੀ ॥ ਜੋ ਇਸੁ ਮਾਰੇ ਸੋ ਵਡਭਾਗਾ ॥ ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥ ਜੋ ਇਸੁ ਮਾਰੇ ਸੁ ਜੀਵਨ ਮੁਕਤਾ ॥ ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥ ਜੋ ਇਸੁ ਮਾਰੇ ਸੋਈ ਸੁਗਿਆਨੀ ॥ ਜੋ ਇਸੁ ਮਾਰੇ ਸੁ ਸਹਜ ਧਿਆਨੀ ॥੫॥ ਇਸੁ ਮਾਰੀ ਬਿਨੁ ਥਾਇ ਨ ਪਰੈ ॥ ਕੋਟਿ ਕਰਮ ਜਾਪ ਤਪ ਕਰੈ ॥ ਇਸੁ ਮਾਰੀ ਬਿਨੁ ਜਨਮੁ ਨ ਮਿਟੈ ॥ ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥੬॥ ਇਸੁ ਮਾਰੀ ਬਿਨੁ ਗਿਆਨੁ ਨ ਹੋਈ ॥ ਇਸੁ ਮਾਰੀ ਬਿਨੁ ਜੂਠਿ ਨ ਧੋਈ ॥ ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ॥ ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥ ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ॥ ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥ ਗੁਰਿ ਦੁਬਿਧਾ ਜਾ ਕੀ ਹੈ ਮਾਰੀ ॥ ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥ {ਪੰਨਾ 238} ਜਦ ਦੁਬਿਧਾ ਦੂਰ ਹੋ ਗਈ ਫਿਰ ਇਹ ਮਿਹਨਤ ਕਰਕੇ ਖਾਂਦਾਂ ਹੈ ਅਤੇ ਦਸਵੰਧ ਕੱਢਕੇ ਲੋੜਵੰਦ ਦੀ ਮੱਦਦ ਕਰਦਾ ਹੈ। “ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ {ਪੰਨਾ 1245}” ਇਸ ਤਰਾਂ ਇਸ ਨੂੰ ਜ਼ਿੰਦਗੀ ਜਿਉਣ ਦੇ ਰਸਤੇ ਦਾ ਪਤਾ ਚੱਲ ਜਾਂਦਾ ਹੈ।
ਸੋ ਕਿਉ ਨਾਂ ਆਪਾ ਦੂਸਰੇ ਦੇ ਦੋਸ਼ ਲੱਭਣ ਦੀ ਬਜਾਏ ਆਪਾ ਖ਼ੁਦ ਗੁਰਮਤਿ ਅਨੁਸਾਰੀ ਹੋ ਕੇ ਜ਼ਿੰਦਗੀ ਨੂੰ ਰੱਬੀ ਖੇਡ ਸਮਝਦੇ ਹੋਏ ਬਿਤਾਈਏ। “ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥ “(ਪੰਨਾ-੨੮੮) ਜਦ ਆਪਾ ਗੁਰੂ ਦੀ ਮੱਤ ਅਪਣਾ ਲਈ ਫਿਰ ਦੁਬਿਧਾ ਮਰ ਗਈ ਤੇ ਮਨ ਹੁਣ ਕਬਜ਼ੇ ਵਿੱਚ ਹੋ ਗਿਆ ਭਾਵ ਜਿੱਤਿਆ ਗਿਆ। ਜੇ ਮਨ ਜਿੱਤ ਲਿਆ ਸਮਝੋ ਜੱਗ ਜਿੱਤ ਲਿਆ। “ਮਨਿ ਜੀਤੈ ਜਗੁ ਜੀਤੁ”(ਜਪੁ) ਫਿਰ ਇਹ ਸਮਝ ਆ ਜਾਵੇਗੀ ਕਿ ਮੈਂ ਕੀ ਲੈ ਕੇ ਜੰਮਿਆ ਸੀ ਤੇ ਕੀ ਲੈ ਕੇ ਜਾਣਾ ਹੈ। “ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥ {ਪੰਨਾ 1375}” ਦਾ ਸਿਧਾਂਤ ਸਮਝ ਆ ਗਿਆ ਫਿਰ ਸਭ ਝਗੜੇ, ਵੰਡੀਆਂ ਖਤਮ ਹੋ ਜਾਣ ਗੇ ਤੇ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” ॥(ਪੰਨਾ-੯੭) ਦਾ ਫੁਰਨਾ ਬਣ ਜਾਵੇਗਾ। ਫਿਰ ਜਿੱਤਣ ਲਈ ਨਹੀਂ ਬਲਕਿ ਆਵਣ- ਜਾਣ ਦੀ ਖੇਡ ਦਾ ਆਨੰਦ ਲੈਣ ਲਈ ਜ਼ਿੰਦਗੀ ਬਸ਼ਰ ਕਰਾਂਗੇ। ਫਿਰ ਭਰਾ ਦੁਸ਼ਮਣ ਨਹੀਂ ਸਗੋਂ ਦੁਸ਼ਮਣ ਵੀ ਮਿੱਤਰ ਨਜ਼ਰ ਆਉਣ ਗੇ। “ਸਭ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।”( ਪੰਨਾ-੬੭੧) ਅਤੇ “ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥”( ਪੰਨਾ-੧੨੯੯) ਵਾਲੀ ਸੋਚ ਦੇ ਮਾਲਕ ਬਣ ਗਏ ਤਾਂ ਫਿਰ ਜਿਸ ਬੇਗਮਪੁਰੇ ਦੀ ਗੱਲ ਭਗਤ ਰਵਿਦਾਸ ਜੀ ਗੁਰਬਾਣੀ ਅੰਦਰ ਕਰਦੇ ਹਨ ਉਸ ਦੇ ਵਾਸੀ ਬਣ ਜਾਵਾਂਗੇ ਜਿੱਥੇ ਕੋਈ ਦੁੱਖ, ਟੈਕਸ,ਚਿੰਤਾ, ਡਰ ਆਦਿ ਨਹੀਂ ਬਲਕਿ ਸ਼ਾਂਤੀ ਹੀ ਸ਼ਾਂਤੀ ਹੈ। “ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ (ਪੰਨਾ-੩੪੫) ਤਾਂਤੇ ਸਾਡੇ ਲੋਕ ਸੁੱਖੀਏ ਪਰਲੋਕ ਸੁਹੇਲੇ ਹੋ ਜਾਣਗੇ।
ਭੁੱਲ- ਚੁੱਕ ਲਈ ਮੁਆਫ਼ੀ।
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ, ਕਨੇਡਾ।