ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ
ਜਦੋਂ ਤੋਂ ਦੁਨੀਆਂ ਹੋਂਦ ਵਿੱਚ ਆਈ ਉਦੋਂ ਤੋਂ ਹੀ ਚਾਤਰ ਲੋਕਾਂ ਨੇ ਭੋਲੀ ਭਾਲੀ ਜਨਤਾ ਨੂੰ ਭੰਬਲ ਭੂਸੇ ਵਿੱਚ ਪਾਕੇ ਰੱਖਿਆਂ। ਜਿਸ ਤੋਂ ਕੁਝ ਮਿਲਦਾ ਜਾਂ ਕੋਈ ਨੁਕਸਾਨ ਹੋਣ ਦਾ ਡਰ ਹੁੰਦਾ ਉਸ ਨੂੰ ਹੀ ਮੰਨਣ/ ਪੂਜਣ ਵੱਲ ਲਗਾ ਦਿੱਤਾ। ਜਿਵੇਂ ਦਰੱਖਤ, ਅੱਗ, ਸੱਪ, ਦਰਿਆ/ ਨਦੀਆਂ ਆਦਿ। ਇਸੇ ਤਰਾਂ ਸੂਰਜ, ਚੰਦ, ਬੱਦਲ਼ ਆਦਿ ਨੂੰ ਵੀ ਦੇਵਤਿਆਂ ਦੇ ਨਾਮ ਦੇ ਦਿੱਤੇ। ਇੱਥੋਂ ਤੱਕ ਕਿ ਜਾਨਵਰਾਂ ਨੂੰ ਪੂਜਣ ਹੀ ਨਹੀਂ ਲਾਇਆ ਬਲਕਿ ਪਸ਼ੂਅਾ ਦੇ ਟੱਟੀ ਪਿਸ਼ਾਬ ਨੂੰ ਵੀ ਪਵਿਤਰ ਕਰਾਰ ਦੇ ਦਿੱਤਾ। ਇਸ ਤਰਾਂ ਜਨਤਾ ਦੀ ਸੁਰਤ ਨੂੰ ਸ਼ਬਦ ਤੋਂ ਤੋੜ ਕੇ ਉਂਨਾਂ ਦੀ ਮਤ ਮਨ ਬੁੱਧ ਨੂ ਅਪਣੇ ਅਨੁਸਾਰ ਚਲਾ ਕੇ ਉਨ੍ਹਾਂ ਨੂੰ ਦੋਨੋ ਹੱਥੀਂ ਲੁੱਟਦੇ ਰਹੇ ਅਤੇ ਅੱਜ ਵੀ ਲੁੱਟ ਰਹੇ ਹਨ।
ਭਗਤੀ ਲਹਿਰ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਜਨਤਾ ਨੂੰ ਜਾਗਰੂਕ ਕੀਤਾ ਅਤੇ ਜਿੱਥੇ ਜੀਵਨ ਨੂੰ ਸੌਖਾ ਬਸ਼ਰ ਕਰਨ ਦਾ ਢੰਗ ਦੱਸਿਆ ਉੱਥੇ ਧਰਮ ਦੇ ਨਾ ਤੇ ਹੋ ਰਹੀ ਲੁੱਟ ਘਸੁੱਟ ਅਤੇ ਹੁਕਮਰਾਨ ਦੇ ਜ਼ੁਲਮ ਦੇ ਵਿਰੁੱਧ ਖੜੇ ਕਰ ਦਿੱਤਾ। ਗੁਰੂ ਸਾਹਿਬ ਨੇ ਬੜਾ ਹੀ ਸੌਖਾ ਅਤੇ ਸਰਲ ਢੰਗ ਆਪ ਅਪਣਾਇਆ ਅਤੇ ਉਹੀ ਅਪਣੇ ਸਿੱਖਾਂ ਨੂੰ ਅਪਨਾਉਣ ਲਈ ਉਪਦੇਸ਼ ਦਿੱਤਾ।” ਸਬਦੁ ਗੁਰੂ ਸੁਰਤਿ ਧੁਨਿ ਚੇਲਾ”। ਭਾਵ ਸਾਡਾ ਗੁਰੂ ਸ਼ਬਦ ਹੈ ਜੋ ਸੁਰਤਿ ਸ਼ਬਦ ਵਿੱਚ ਜੁੜਦੀ ਹੈ ਉਸ ਦੀ ਘਾੜਤ ਬੜੀ ਅਨੂਪ ਘੜੀ ਜਾਂਦੀ ਹੈ। ਫਿਰ ਸੁਰਤਿ ਮਤਿ ਨੂੰ , ਮਤਿ ਮਨ ਨੂੰ ਘੜਦੀ ਹੈ। ਤਾਂ ਹੀ ਤਾਂ ਅਰਦਾਸ ਵਿੱਚ ਕਹਿੰਦੇ ਹਾਂ ਮਨ ਨੀਵਾਂ ਮੱਤ ਉੱਚੀ । ਹੁਣ ਮਨ ਗੁਰੂ ਦੀ ਮੱਤ ਲੈ ਕੇ ਬੁਧ ਨੂੰ ਸੇਧ ਦਿੰਦਾ ਹੈ। ਫਿਰ ਬੁੱਧ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਅਪਣੇ ਕੰਟਰੋਲ ਵਿੱਚ ਚਲਾਉਂਦੀ ਹੈ।ਗੁਰੂ ਨਾਨਕ ਸਾਹਿਬ ਨੇ ਇਸ ਨੂੰ ਕਿੰਨੇ ਸੋਹਣੇ ਪ੍ਰਯੋਗਿਕ ਤਰੀਕੇ ਨਾਲ ਸਮਝਾਇਆ। ਜਦ ਭਾਈ ਭੂਮੀਆਂ ਸਿੱਖ ਬਣਨ ਲਈ ਬੇਨਤੀ ਕਰਦਾ ਹੈ ਤਾਂ ਗੁਰੂ ਸਾਹਿਬ ਉਸ ਨੂੰ ਚੋਰੀ ਛੱਡਣ ਲਈ ਕਹਿੰਦੇ ਹਨ ਪਰੰਤੂ ਉਹ ਆਖਦਾ ਹੈ ਇਹ ਮੈਂ ਨਹੀਂ ਛੱਡ ਸਕਦਾ ਕਿਉਂਕਿ ਇਹ ਮੇਰਾ ਧੰਦਾ ਹੈ। ਤਾਂ ਗੁਰੂ ਜੀ ਉਸ ਨੂੰ ਤਿੰਨ ਕੰਮ ਗਰੀਬ ਮਾਰ, ਝੁਠ ਬੋਲਣ ਅਤੇ ਨਮਕ ਹਰਾਮ ਨਾ ਕਰਨ ਦਾ ਬਚਨ ਲੈਂਦੇ ਹਨ ਜਿਸ ਨੂੰ ਉਹ ਸੁਰਤਿ ਵਿੱਚ ਟਿਕਾ ਲੈਂਦਾ ਹੈ। ਜਦੋਂ ਉਹ ਚੋਰੀ ਕਰਨ ਦੀ ਯੋਜਨਾ ਬਣਾਉਦਾ ਹੈ ਤਾਂ ਉਸ ਦੀ ਸੁਰਤ ਵਿੱਚ ਵੱਸਿਆ ਸ਼ਬਦ ਗਰੀਬ ਦੇ ਘਰ ਨਹੀਂ ਬਲਕਿ ਰਾਜੇ ਦੇ ਮਹੱਲ ਲੈ ਜਾਂਦਾ ਹੈ। ਉਹੀ ਸ਼ਬਦ ਫਿਰ ਉਸਨੂੰ ਪਹਿਰੇਦਾਰ ਅੱਗੇ ਸੱਚ ਬੋਲਣ ਲਈ ਮਜਬੂਰ ਕਰਦੇ ਹਨ। ਹੁਣ ਜਦ ਭੁੱਖ ਲੱਗਣ ਕਰਕੇ ਨਮਕੀਨ ਖਾ ਲਿਆ ਤਾਂ ਸੁਰਤਿ ਵਿੱਚ ਵੱਸੇ ਸ਼ਬਦ ਨੇ ਬੱਝਾ ਬਝਾਇਆ ਸਮਾਨ ਨਹੀਂ ਚੁੱਕਣ ਦਿੱਤਾ। ਅਗਲੇ ਦਿਨ ਜਦ ਰਾਜਾ ਚੋਰ ਦੀ ਸ਼ਨਾਖ਼ਤ ਕਰਨ ਲਈ ਸ਼ੱਕੀ ਬੱਦਿਆ ਤੇ ਤਸ਼ੱਦਦ ਕਰਦਾ ਹੈ ਤਾਂ ਫਿਰ ਸੁਰਤ ਵਿੱਚ ਟਿਕਿਆ ਸ਼ਬਦ ਭੂਮੀਏ ਨੂੰ ਰਾਜੇ ਕੋਲ ਪਹੁੰਚਾ ਦਿੰਦਾ ਹੈ ਅਤੇ ਨਿਰਦੋਸ਼ ਵਿਅਕਤੀ ਛੁੱਟ ਜਾਂਦੇ ਹਨ। ਜਦ ਸਭ ਕੁਝ ਰਾਜਾ ਸੁਣਦਾ ਦੇਖਦਾ ਹੈ ਤਾਂ ਉਹ ਭੂਮੀਏ ਨੂੰ ਅੱਛੀ ਨੌਕਰੀ ਹੀ ਨਹੀਂ ਦਿੰਦਾ ਬਲਕਿ ਆਪ ਗੁਰੂ ਜੀ ਦਾ ਸਿੱਖ ਬਣ ਜਾਂਦਾ ਹੈ। “ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਦਿ ਜਪੈ ਅਵਰਹ ਨਾਮੁ ਜਪਾਵੈ”। ਦੋਖੋ ਗੁਰੂ ਸਾਹਿਬ ਨੇ ਰੱਬ ਨੂੰ ਪਾਉਣ ਦਾ ਕਿੰਨਾ ਸਿੱਧਾ ਤੇ ਸਰਲ ਰਸਤਾ ਦੱਸਿਆ ਹੈ ਜੋ ਸਾਨੂੰ ਅਜੇ ਸਮਝ ਨਹੀਂ ਆਇਆ ਤਾਂ ਹੀ ਤਾਂ ਡੇਰੇਦਾਰਾਂ ਮਗਰ ਭੱਟਕਦੇ ਫਿਰਦੇ ਹਾਂ।
ਸੋ ਆਉ ਗੁਰੂ ਸਾਹਿਬ ਦੇ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋਏ ਸਬਦੁ ਗੁਰੂ ਦੇ ਸਿਧਾਂਤ ਨੂੰ ਅਪਣਾਈਏ ।”ਗੁਰ ਕੀ ਮਤਿ ਤੂੰ ਲੇ ਇਆਣੇ ।। ਭਗਤਿ ਬਿਨਾ ਬਹੁ ਡੂਬੇ ਸਿਆਨੇ”। ਜੋ ਵੀ ਮਨੁੱਖ ਗੁਰੂ ਦੇ ਸ਼ਬਦ ਨੂੰ ਸੁਰਤ ਵਸਾ ਕੇ ਗੁਰੂ ਦੀ ਮਤਿ ਅਨੁਸਾਰੀ ਹੋ ਜਾਂਦਾ ਹੈ ਉਸਦੀ ਭਰਮ ਦੀ ਕੰਧ ਗਿਰ ਜਾਂਦੀ ਹੈ ਤੇ ਉਹ ਸਚਿਆਰ ਹੋ ਜਾਂਦਾ ਹੈ। ਆਓ ਆਪਾ ਵੀ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਮਰਪਿਤ ਹੋਈਏ ਫਿਰ ਗੁਰੂ ਸਾਹਿਬ ਸਾਡੇ ਲੋਕ ਪਰਲੋਕ ਸੰਵਾਰ ਦੇਣਗੇ।
ਭੁੱਲ ਚੁੱਕ ਦੀ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਪਟਨ, ਕਨੇਡਾ