ਅੰਮ੍ਰਿਤ ਨਾਮੁ ਨਿਧਾਨੁ ਹੈ
ਜਿਸ ਸ਼ਬਦ ਰਾਹੀਂ ਕਿਸੇ ਚੀਜ਼, ਵਸਤੂ, ਜਾਂ ਥਾਂ ਆਦਿ ਦਾ ਗਿਆਨ ਹੋਵੇ ਉਸ ਨੂੰ ਨਾਂਉ ਕਹਿ ਦਿੱਤਾ ਜਾਂਦਾ ਹੈ। ਜਿਸ ਨਾਲ ਇਹ ਸਭ ਵਸਤਾਂ ਬਣਦੀਆਂ /ਜ਼ਿੰਦਾ ਰਹਿੰਦੀਆਂ ਹਨ ਉਸ ਸ਼ਕਤੀ ਨੂੰ ਗੁਰੂ ਸਾਹਿਬ ਨੇ ਨਾਮ ਕਿਹਾ ਹੈ।”ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥ ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥” ( ਪੰਨਾ-੨੮੪) ਅਸਲ ਵਿੱਚ ਇਹ ਸ਼ਕਤੀ ਹੀ ਹੈ ਜਿਸ ਨੂੰ ਗੁਰੂ ਸਾਹਿਬ ਨੇ ਰੱਬ/ਸੱਚ ਕਿਹਾ ਅਤੇ ਰੱਬ/ ਸੱਚ ਉਦੋਂ ਵੀ ਸੀ ਜਦ ਸੰਸਾਰ ਅੰਦਰ ਕੁਝ ਵੀ ਨਹੀਂ ਸੀ ਅੱਜ ਵੀ ਹੈ ਅਤੇ ਜਦ ਸੰਸਾਰ ਖਤਮ ਹੋ ਜਾਵੇਗਾ ਉਦੋਂ ਵੀ ਰਹੇਗਾ। “ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧” ਸਾਇੰਸ ਦਾ ਫ਼ਾਰਮੂਲਾ “Energy can neither be created nor destroyed it can be transfer from one form to another “ ਸਹੀ ਹੀ ਤਾਂ ਰਹੇਗਾ ਜੇ ਰੱਬ ਹੈ ਨਹੀਂ ਤਾਂ ਇਹ ਫ਼ਾਰਮੂਲਾ ਮੁਢੋਂ ਹੀ ਖਤਮ ਹੋ ਜਾਵੇਗਾ। ਇਸੇ ਸ਼ਕਤੀ ਨੂੰ ਹੀ “ਅੰਮ੍ਰਿਤ ਨਾਮੁ ਨਿਧਾਨੁ” ਕਿਹਾ ਹੈ। ਇਸੇ ਨੂੰ ਦੇਵਤੇ, ਮਨੁੱਖ, ਮੁਨੀ ਅਤੇ ਸੇਵਕ ਲੋਚਦੇ ਰਹੇ ਹਨ “ ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥” ( ਪੰਨਾ-੭੨) ਤੇ ਇਹ ਗੁਰੂ ਸਾਹਿਬ ਨੇ ਮੈਨੂੰ ਸਿਰਫ ਬੁਝਾਇਆ ਹੀ ਨਹੀਂ ਬਲਕਿ ਬੁਝਾਰਤ ਨੂੰ ਖੋਲ ਕੇ ਸਮਝਾ ਵੀ ਦਿੱਤਾ ਕਿ ਭਾਈ ਥੋੜ੍ਹੀ ਹਿੰਮਤ ਕਰ ਅਤੇ ਹਿਰਦੇ ਅੰਦਰ ਝਾਤ ਮਾਰ ਇਹ ਕਿਸੇ ਕਰਮ ਕਾਂਢ ਨਾਲ ਬਾਹਰੋਂ ਨਹੀਂ ਲੱਭਣਾ ਬਲਕਿ ਗੁਰੂ ਸਾਹਿਬ ਨੇ ਹਿਰਦੇ ਅੰਦਰੋਂ ਹੀ ਦਿਖਾ ਦੇਣਾ ਹੈ। “ ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ ਭਾਲਾਇ ॥ ਉਪਾਇ ਕਿਤੈ ਨ ਲਭਈ ਗੁਰੁ ਹਿਰਦੈ ਹਰਿ ਦੇਖਾਇ ॥( ਪੰਨਾ-੨੩੪) ਗੁਰੂ ਸਾਹਿਬ ਨੇ ਹੋਰ ਵੀ ਖੁਲਾਸਾ ਕਰ ਦਿੱਤਾ ਕਿ ਤੇਰੇ ਅੰਦਰ ਅੰਮ੍ਰਿਤ ਦਾ ਖੂਹ ਭਰਿਆ ਪਿਆਂ ਹੈ ਤੂੰ ਗੁਰ ਸ਼ਬਦ ਦੀ ਜੁਗਤ ਨਾਲ ਕੱਢ ਕੇ ਆਨੰਦਤ ਹੋ ਜਾਂ। “ ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥” ਨਾਲ ਗੁਰੂ ਸਾਹਿਬ ਨੇ ਇਹ ਭਰਮ ਵੀ ਕੱਢ ਦਿੱਤਾ ਕਿ ਰਾਮ-ਰਾਮ, ਵਾਹਿਗੁਰੂ-ਵਾਹਿਗੁਰੂ, ਅੱਲਾ-ਅੱਲਾ ਤਾਂ ਸਾਰੀ ਦੁਨੀਆ ਕਰਦੀ ਫਿਰਦੀ ਹੈ ਇਸ ਤਰਾਂ ਰੱਬ ਜੀ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਤਾਂ ਗੁਰੂ ਦੀ ਬਖ਼ਸ਼ਸ਼ ਨਾਲ ਜੇ ਮਨ ਅੰਦਰ ਵੱਸ ਜਾਏ ਤਾਂ ਹੀ ਕਿਸੇ ਫਲ ਦੀ ਪ੍ਰਾਪਤੀ ਹੁੰਦੀ ਹੈ। “ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥ ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥( ਪੰਨਾ-੪੯੧) ਗੁਰੂ ਦੀ ਬਖ਼ਸ਼ਸ਼ ਤਾਂ ਹੀ ਹੋਵੇ ਗੀ ਜੇ ਜੀਵ ਗੁਰੂ ਅਨੁਸਾਰੀ ਹੋਵੇਗਾ। ਇਸ ਲਈ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਪਵੇਗੀ। ਜਦ ਗੁਰਬਾਣੀ ਨੂੰ ਸਮਝ ਕੇ ਉਸ ਅਨੁਸਾਰੀ ਹੋ ਗਏ ਤਾਂ ਫਿਰ ਬਾਣੀ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ। “ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥ {ਪੰਨਾ 462} ਗੁਰੂ ਸਾਹਿਬ ਨੇ ਜਿੱਥੇ ਇਹ ਸਮਝਾ ਦਿੱਤਾ ਕਿ ਸਾਡੇ ਅੰਦਰ ਅੰਮ੍ਰਿਤ ਭਰਿਆ ਪਿਆਂ ਹੈ ਉੱਥੇ ਗੁਰਬਾਣੀ ਨੂੰ ਵੀ ਅੰਮ੍ਰਿਤ ਭਰਪੂਰ ਕਿਹਾ ਹੈ। “ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ। “ ( ਪੰਨਾ-੯੮੨) ਰਹਿਤਨਾਮਿਆਂ ਵਿੱਚ ਵੀ ਆਉਂਦਾ ਹੈ “ ਪਾਂਚ ਸਿੰਘ ਅੰਮ੍ਰਿਤ ਜੋ ਦੇਵੈ ਤਾਂ ਕੋ ਸਿਰ ਧਰ ਛੱਕ ਫੁਨ ਲੇਵੈ” ਅਤੇ “ ਪੀਵਹੁ ਪਾਹੁਲ ਖੰਡੇਧਾਰ”। ਹੁਣ ਸਾਹਮਣੇ ਆਇਆ ਕਿ ਜਿੱਥੇ ਮਨੁੱਖ ਦੇ ਅੰਦਰ ਨਾਮ ਅੰਮ੍ਰਿਤ ਹੈ ਉੱਥੇ ਬਾਣੀ,ਅਤੇ ਖੰਡੇ ਦੀ ਪਾਹੁਲ ਚ ਵੀ ਅੰਮ੍ਰਿਤ ਹੈ ਪਰ ਗੁਰੂ ਸਾਹਿਬ ਕਹਿੰਦੇ ਹਨ “ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥” ਆਉ ਸਮਝਣ ਦੀ ਕੋਸ਼ਿਸ਼ ਕਰੀਏ ਇਨ੍ਹਾਂ ਦਾ ਕੀ ਪਰਸਪਰ ਸੰਬੰਧ ਹੈ।
੧. ਜਿਸ ਤਰਾਂ ਧਰਤੀ ਅੰਦਰ ਪਾਣੀ ਹੈ ਪਰ ਉਸ ਨੂੰ ਕੋਈ ਤਜਰਬੇਕਾਰ ਬੋਰ ਕਰਕੇ ਫਿਰ ਫ਼ਿਲਟਰ/ ਪਾਈਪ ਪਾ ਕੇ ਉਸ ਉਤੇ ਮਸ਼ੀਨ ਫਿੱਟ ਕਰਨ ਉਪਰੰਤ ਬਾਹਰੋਂ ਪਾਣੀ ਪਾ ਕੇ ਲਗਾਤਾਰ ਗੇੜਦਾ ਹੈ ਜਿਸ ਨਾਲ ਧਰਤੀ ਅੰਦਰੋਂ ਪਹਿਲਾਂ ਗੰਦਾ ਤੇ ਫਿਰ ਸਾਫ਼ ਪਾਣੀ ਨਿਕਲ ਆਉਂਦਾ ਹੈੇ। ਲੇਕਿਨ ਜੇ ਕਾਫ਼ੀ ਸਮੇਂ ਬਾਅਦ ਨਲਕੇ ਨੂੰ ਚਲਾਇਆ ਜਾਵੇ ਗਾ ਤਾਂ ਫਿਰ ਪਹਿਲਾ ਗੰਦਾ ਤੇ ਬਾਅਦ ਵਿੱਚ ਸਾਫ਼ ਪਾਣੀ ਆਵੇਗਾ। ਠੀਕ ਇਸੇ ਤਰ੍ਹਾਂ ਜਦੋਂ ਪੰਜ ਪਿਆਰਿਆਂ ਰਾਹੀਂ ਪੰਜ ਘੁੱਟਾਂ ਅੰਮ੍ਰਿਤ ਦੀਆ ਸਾਡੇ ਅੰਦਰ ਪ੍ਰਵੇਸ਼ ਕਰਦੀਆਂ ਹਨ ਤਾਂ ਸਾਡੇ ਅੰਦਰ ਅੰਮ੍ਰਿਤ ਪ੍ਰਗਟ ਹੋ ਜਾਂਦਾ ਹੈ ਲੇਕਿਨ ਜੇ ਅਸੀਂ ਨਾਮ ਬਾਣੀ ਦੇ ਪੰਪ ਨੂੰ ਬਾਅਦ ਵਿੱਚ ਨਹੀਂ ਚਲਾਉਂਦੇ ਤਾਂ ਉਸੇ ਤਰਾਂ ਹੀ ਸਾਡੇ ਅੰਦਰ ਗੰਦਗੀ ਭਰਨੀ ਸ਼ੁਰੂ ਹੋ ਜਾਂਦੀ ਹੈੇ। ਇਸੇ ਲਈ ਗੁਰੂ ਸਾਹਿਬ ਨੇ ਸਾਨੂੰ ਦਿਨ ਚ ਘੱਟੋ-ਘੱਟ ਤਿੰਨ ਸਮੇਂ ਨਿੱਤ-ਨੇਮ ਕਰਨ ਲਈ ਹੁਕਮ ਕਰ ਦਿੱਤਾ।
੨. ਜਿਸ ਤਰਾਂ ਸਾਰੀ ਬਨਸਪਤੀ ਵਿੱਚ ਅੱਗ ਤੇ ਸਾਰੇ ਦੁੱਧ ਅੰਦਰ ਘਿਉ ਹੈ ਉਸੇ ਤਰਾਂ ਸਾਡੇ ਅੰਦਰ ਅੰਮ੍ਰਿਤ ਹੈ। “ ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ ਜਿਵੇਂ ਬਨਸਪਤੀ ਚੋਂ ਅੱਗ ਤੇ ਦੁੱਧ ਚੋਂ ਘਿਉ ਨੂੰ ਪ੍ਰਗਟ ਕਰਨ ਲਈ ਬਾਹਰੋਂ ਅੱਗ ਤੇ ਜਾਗ ਲਾਉਣਾ ਪੈਦਾ ਹੈ ਇਸੇ ਤਰ੍ਹਾ ਅੰਦਰੋਂ ਅੰਮ੍ਰਿਤ ਪ੍ਰਗਟ ਕਰਨ ਲਈ ਬਾਹਰੋਂ ਅੰਮ੍ਰਿਤ ਛੱਕਣਾ ਪਵੇਗਾ। ਜਿਵੇਂ ਦੁੱਧ ਚੋ ਘਿਉ ਕੱਢਣ ਲਈ ਪੂਰੀ ਵਿਧੀ ਅਖਤਿਆਰ ਕਰਨੀ ਪੈਂਦੀ ਹੈ ਠੀਕ ਉਸੇ ਤਰਾਂ ਹੀ ਅੰਦਰੋਂ ਅੰਮ੍ਰਿਤ ਪ੍ਰਗਟ ਕਰਨ ਲਈ ਪੂਰੀ ਮਰਿਆਦਾ ਜਾ ਵਿਧੀ ਕਹਿ ਲਉ ਅਪਨਾਉਣੀ ਪੈਂਦੀ ਹੈ। ਜਿਸ ਤਰਾਂ ਜੋ ਮੱਖਣ ਅੱਗ ਤੇੇ ਚੱੜ ਕੇ ਸਾਰੀ ਲੱਸੀ ਸੜਨ ਉਪਰੰਤ ਸ਼ੁਧ ਘਿਉ ਬਣ ਜਾਂਦਾ ਹੈ ਉਹ ਫਿਰ ਕਦੀ ਖ਼ਰਾਬ ਨਹੀਂ ਹੁੰਦਾ।ਠੀਕ ਉਸੇ ਤਰ੍ਹਾਂ ਜਿਸ ਸਿੱਖ ਦੇ ਸਭ ਵਿਕਾਰ ਮਰ ਜਾਂਦੇ ਹਨ ਉਹ ਫਿਰ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਆਦਿ ਸਿੰਘਾਂ ਵਾਂਗ ਅਮਰ ਹੋ ਜਾਂਦਾ ਹੈੇ।
੩. ਇਹ ਤੀਜੀ ਉਦਾਹਰਣ ਮੈਂ ਆਪਣੀ ਤੁੱਛ ਬੁੱਧੀ ਅਨੁਸਾਰ ਲਿਖ ਰਿਹਾ ਹਾਂ ਮੈਨੂੰ ਇਹ ਜੱਚੀ ਹੈ ਪਰ ਮੇਰਾ ਦਾਅਵਾ ਨਹੀਂ ਕਿ ਜ਼ਰੂਰੀ ਸਹੀ ਹੋਵੇ। ਟੈਲੀਵੀਜ਼ਨ ਤੇ ਮੂਰਤਾਂ ਵੇਖਣ ਲਈ ਪਾਵਰ/ ਸ਼ਕਤੀ, ਦੂਰ-ਦਰਸ਼ਨ ਕੇਂਦਰ ਤੇ ਪਰਦਾ ਆਦਿ ਦੀ ਜ਼ਰੂਰਤ ਹੈ ਅਤੇ ਇਸ ਸਭ ਨੂੰ ਚਾਲੂ ਕਰਨ/ ਸਮਝਾਉਣ ਲਈ ਇਜਿਨੀਅਰ ਦੀ ਜ਼ਰੂਰਤ ਹੈ। ਹੁਣ ਜੇ ਆਪਾ ਰੱਬ ਨੂੰ ਸ਼ਕਤੀ, ਗੁਰਬਾਣੀ ਨੂੰ ਦੂਰਦਰਸ਼ਨ ਕੇਂਦਰ, ਟੈਲੀਵੀਜ਼ਨ ਖ਼ੁਦ ਨੂੰ ਅਤੇ ਪੰਜ ਪਿਆਰਿਆਂ ਨੂੰ ਇੰਜੀਨੀਅਰ ਮਨ ਲਈਏ ਤਾਂ ਮੇਰਾ ਖਿਆਲ ਹੈ ਸਾਰੀ ਖੇਡ ਸਮਝ ਪੈ ਜਾਂਦੀ ਹੈ। ਜੇ ਇੰਨਾਂ ਚੋ ਕਿਤੇ ਵੀ ਅਜੋੜ ਹੋ ਗਿਆ ਤਾਂ ਪਰਦੇ ਤੇ ਕੁਝ ਨਹੀਂ ਦਿਸਣਾ ਭਾਵ ਅੰਦਰ ਜੋ ਅੰਮ੍ਰਿਤ ਦਾ ਖੂਹ ਹੈ ਉਸ ਨੂੰ ਪੰਜਾ ਨੇ ਲੁੱਟ ਲੈਣਾ ਹੈ ਅਤੇ ਲੁੱਟੀ ਜਾਂਦੇ ਹਨ। “ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥ ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥ ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ ॥੨॥ (ਪੰਨਾ-੬੦੦) ਤੇ ਸਾਨੂੰ ਪਤਾ ਹੀ ਨਹੀਂ ਚੱਲ ਰਿਹਾ ਕਿਉਂਕਿ ਜੋ booklet ( ਗੁਰੂ ਗ੍ਰੰਥ ਸਾਹਿਬ) ਜੋ ਪਿਊ ਦਾਦੇ ਦਾ ਖ਼ਜ਼ਾਨਾ ਹੈ ਉਹ ਆਪਾ ਖੋਲ ਹੀ ਨਹੀਂ ਰਹੇ। ਇਸੇ ਕਰਕੇ ਭੱਟਕਣਾਂ, ਡਿਪਰੈਸ਼ਨ, ਟੈਨਸ਼ਨ, ਬਲੱਡ ਪ੍ਰੈਸ਼ਰ ਆਦਿ ਦੇ ਮਰੀਜ਼ ਬਣੀ ਜਾ ਰਹੇ ਹਾਂ।
ਸੋ ਆਉੁ ਗੁਰੂ ਅੱਗੇ ਨਿਮਾਣੇ ਹੋ ਕੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੀ “ਅੰਮ੍ਰਿਤੁ ਕਉਰਾ ਬਿਖਿਆ ਮੀਠੀ ॥”(ਪੰਨਾ-੮੯੨) ਵਾਲੀ ਸੋਚ ਨੂੰ ਉਲਟਾ ਕਰਕੇ ਸਾਨੂੰ ਅੰਮ੍ਰਿਤ ਦੇ ਵਪਾਰੀ ਬਣਾ ਦਿਉ। ਜਦ ਗੁਰੂ ਨੇ ਸਾਡੀ ਬਾਂਹ ਫੜ ਲਈ ਫਿਰ ਆਪਾ ਉਸ ਪ੍ਰਭੂ ਦੇ ਰਸਕ- ਰਸਕ ਗੁਣ ਗਾਉਣ ਲੱਗ ਪਵਾਂ ਗੇ ਤਾਂ ਫਿਰ ਸਾਡੇ ਲੋਕ ਸੁੱਖੀਏ ਪਰਲੋਕ ਸੁਹੇਲੇ ਹੋ ਜਾਣਗੇ।
ਭੁੱਲ- ਚੁੱਕ ਲਈ ਮੁਆਫ਼ੀ
ਬਲਵਿੰਦਰ ਸਿੰਘ ਮੁਲਤਾਨੀ
ਬਰੈਂਪਟਨ , ਕਨੇਡਾ।